ਐਸ਼ ਅਸ਼ੋਕ ਭੌਰਾ
ਇੱਦਾਂ ਦੀ ਕਲਪਨਾ ਹਾਲੇ ਨਹੀਂ ਕੀਤੀ ਜਾ ਸਕਦੀ ਕਿ ਕਦੇ ਕਾਂ ਵੀ ਗੌਣ ਲੱਗ ਪੈਣਗੇ, ਜਾਂ ਕੋਇਲਾਂ ਰੌਲਾ ਪਾਉਣ ਲੱਗ ਪੈਣਗੀਆਂ। ਜੇ ਅਜਿਹਾ ਹੋਇਆ ਤਾਂ ਸੂਰਜ ਤੇ ਚੰਦ ਵੀ ਗਲ ਲੱਗ ਕੇ ਮਿਲਣ ਨੂੰ ਬੁਰਾ ਨਹੀਂ ਮਨਾਉਣਗੇ। ਮਹਾਂਪੁਰਸ਼ ਵੀ ਆਖ ਰਹੇ ਨੇ ਤੇ ਸੰਤ ਫਕੀਰ ਵੀ ਇਹ ਦੱਸਦੇ ਆਏ ਨੇ ਕਿ ਪੂਰਬਲੇ ਚੰਗੇ ਕਰਮਾਂ ਤੇ ਜਨਮਾਂ ਦਾ ਫਲ ਹੈ ਕਿ ਚੁਰਾਸੀ ਲੱਖ ਜੂਨਾਂ ‘ਚੋਂ ਸਭ ਤੋਂ ਉਤਮ ਮਾਨਸ ਦਾ ਜਾਮਾ ਨਸੀਬ ਹੁੰਦਾ ਹੈ, ਪਰ ਜੇ ਇਹ ਸੱਚ ਹੈ ਤਾਂ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸੜਕ ‘ਤੇ ਰੋੜੀ ਕੁੱਟਣਾ, ਬੱਚੇ ਨੂੰ ਜਨਮ ਦੇਣਾ ਜਾਂ ਗਰੀਬ ਘਰ ‘ਚ ਪੈਦਾ ਹੋ ਕੇ ਗਰੀਬੀ ‘ਚ ਮਰ ਜਾਣਾ ਕੀ ਇਸ ਕਥਨ ‘ਤੇ ਪੂਰਾ ਉਤਰਦਾ ਹੈ, “ਮਾਨਸ ਜਨਮ ਅਮੋਲਕ ਹੀਰਾ ਹੈ।” ਜੇ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਹੀ ਅਜਿਹੀ ਕੁੱਤੀ ਜੂਨ ਨਸੀਬ ਹੋਣੀ ਹੈ ਤਾਂ ਇਹਦੇ ਖੁਣੋਂ ਕੀ ਖੜ੍ਹਾ ਸੀ? ਪਰ ਇਸ ਗੱਲ ‘ਤੇ ਯਕੀਨ ਕੀਤਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਦੇ ਘਰ ਵਿਚ ਜਨਮ ਲੈਣ ਵਾਲਾ ਪਿਛਲੇ ਜਨਮ ਵਿਚ ਜ਼ਰੂਰ ਕੋਈ ਦੇਵਤਾ ਹੋਵੇਗਾ। ਧਰਮ ਰਾਜ ਦੀ ਉਸ ਵੇਲੇ ਅੱਖ ਪਤਾ ਨਹੀਂ ਕਿੱਥੇ ਲੱਗੀ ਹੁੰਦੀ ਹੈ ਜਦੋਂ ਬੰਦੇ ਉਹਨੂੰ ਛੱਡ ਕੇ ਬੰਦੇ ਅੱਗੇ ਹੱਥ ਅੱਡ ਕੇ ਹੀ ਮੰਗਣ ਲੱਗੇ ਹੋਏ ਹਨ। ਉਨ੍ਹਾਂ ਲੋਕਾਂ ਦੇ ਮੁਕੱਦਰਾਂ ਦਾ ਕੀ ਲੇਖਾ-ਜੋਖਾ ਕਰੀਏ ਜਿਨ੍ਹਾਂ ਨੂੰ ਪਹਿਲਾਂ ਤਾਂ ਫਿਕਰਾਂ ਵਿਚ ਨੀਂਦ ਨਹੀਂ ਆਉਂਦੀ ਤੇ ਜਦੋਂ ਫਿਰ ਜਾਗ ਖੁੱਲ੍ਹਦੀ ਹੈ, ਤਾਂ ਗ਼ਮ ਤੇ ਉਦਾਸੀਆਂ ਚੂੰਢੀਆਂ ਵੱਢ ਰਹੀਆਂ ਹੁੰਦੀਆਂ ਹਨ। ਵਰਤਮਾਨ ਯੁੱਗ ਨੂੰ ਪੜ੍ਹਿਆਂ ਲਿਖਿਆਂ ਦਾ ਯੁੱਗ ਤਾਂ ਕਹੀ ਜਾਨੇ ਆਂ, ਪਰ ਪਾਖੰਡ ਤੇ ਪਾਖੰਡੀਆਂ ਦੀ ਜਿੰਨੀ ਚੜ੍ਹਾਈ ਇਸ ਯੁੱਗ ਵਿਚ ਹੋਈ ਹੈ, ਵੇਖ ਕੇ ਕਹਿ ਸਕਦੇ ਹਾਂ ਕਿ ਬੀਤਿਆ ਯੁੱਗ ਅਨਪੜ੍ਹਾਂ ਦਾ ਤਾਂ ਹੋ ਸਕਦੈ, ਪਰ ਸਿਆਣੇ ਲੋਕਾਂ ਦਾ ਵੀ ਸੀ। ਜਿਸ ਦੌਰ ਵਿਚ ਸੰਤ ਤੇ ਸਾਧ ਅਦਾਲਤਾਂ ਦੇ ਕਟਹਿਰੇ ‘ਚ ਖੜ੍ਹੇ ਹੋ ਕੇ ਵੀ ਸ਼ਰਮ ਮਹਿਸੂਸ ਨਾ ਕਰਨ, ਉਸ ਦੌਰ ਵਿਚ ਰੱਬ ਵੀ ਸ਼ਾਇਦ ਵੋਟਾਂ ਦੀ ਰਾਜਨੀਤੀ ਵਿਚ ਵਿਸ਼ਵਾਸ ਕਰਨ ਲੱਗ ਗਿਆ ਹੋਵੇ। ਬੋਹੜ ਤੇ ਪਿੱਪਲ ਚੱਤੋ-ਪਹਿਰ ਇਸ ਕਰ ਕੇ ਉਦਾਸ ਰਹਿਣ ਲੱਗ ਪਏ ਹਨ ਕਿ ਉਨ੍ਹਾਂ ਹੇਠ ਸਿਆਣੇ ਨਹੀਂ ਬਹਿੰਦੇ, ਮੂਰਖ ਨਸ਼ਈ ਝਗੜਨ ਆਉਂਦੇ ਹਨ। ਅਸਲ ਵਿਚ ਕਈ ਚਿੱਤਰ ਵੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਉਦਾਸ ਹਨ ਜਾਂ ਖੁਸ਼। ਪੁਲਿਸ ਵਿਚ ‘ਡਸਿਪਲਿਨ’ ਨਾ ਰਹਿਣ ਕਰ ਕੇ ਡਾਂਗਾਂ ਵਰਦੀ ਨਾਲੋਂ ਵੀ ਵੱਧ ਚਮਕਣ ਲੱਗ ਪਈਆਂ ਹਨ। ਅਸਲ ਵਿਚ ਹਦਵਾਣੇ ਅੰਦਰੋਂ ਕਰੇਲੇ ਦੇ ਬੀਜ ਨਿਕਲਣ ਦਾ ਡਰ ਪੈਦਾ ਹੋ ਗਿਆ ਹੈ। ਖ਼ੈਰ! ਫਿਰ ਵੀ ਇਨ੍ਹਾਂ ਵੰਗਾਂ ਤੋਂ ਛਣਕਾਟਾ ਪਾ ਕੇ ਵੇਖਦੇ ਹਾਂæææ।
“ਬਈ ਲੂਹ ਸੁੱਟੇ ਐਤਕੀਂ ਤਾਂ। ਨਾ ਸਾਲੀ ਦਿਨ ਨੂੰ ਚੈਨ, ਨਾ ਰਾਤ ਨੂੰ। ਅੱਗ ਵਰ੍ਹਦੀ ਐ। ਏਨਾ ਤਾਂ ਚੌਧਰੀਆਂ ਦਾ ਭੱਠਾ ਨ੍ਹੀਂ ਤਪਦਾ ਹੋਣਾ ਹਾੜ੍ਹ ਨੂੰ।” ਨਾਜਰ ਨੇ ਬੋਹੜ ਹੇਠ ਜੁੱਤੀ ਦਾ ਇਕ ਪੈਰ ਲਾਹ ਕੇ ਹੇਠਾਂ ਦਿੰਦਿਆਂ ਕਿਹਾ।
“ਐਸੀ ਤੈਸੀ ‘ਚ ਪਏ ਗਰਮੀ, ਤੇ ਵਿਚੇ ਚੌਧਰੀਆਂ ਦਾ ਭੱਠਾ। ਫਿਕਰ ਤਾਂ ਪਿਆ ਹੋਇਆ ਪਈ ਆਹ ਜਿਹੜਾ ਸਰਕਾਰ ਨੇ ਨਵਾਂ ਪੁਆੜਾ ਪਾ’ਤਾ।” ਸਾਫਾ ਵਿਛਾ ਕੇ ਬੈਠਣ ਲੱਗਾ ਜਾਗਰ ਵੀ ਭੁੜਕ ਪਿਆ।
“ਨਾ ਤੇਰੀ ਬੱਕਰੀ ਤੂ ਗਈ ਆ ਜਿਹੜਾ ਆਉਂਦਾ ਈ ਸਰਕਾਰ ‘ਤੇ ਚੜ੍ਹ ਗਿਐਂ?” ਮਾਸਟਰ ਰਾਮ ਆਸਰੇ ਨੇ ਵੀ ਆਉਂਦੇ ਨੇ ਝਾੜ’ਤੀ।
“ਚੜ੍ਹਨਾ ਈ ਪੈਣੈ। ਆਹ ਇਕ ਨਵਾਂ ਪੰਗਾ ਖੜ੍ਹਾ ਕਰ’ਤਾ ਸਰਕਾਰ ਨੇ।”
“ਉਦੋਂ ਤਾਂ ਜੀਭ ਨ੍ਹੀਂ ਤਾਲੂਏ ਤੋਂ ਲਾਹੁੰਦਾ ਸੀ ‘ਜ਼ਿੰਦਾਬਾਦ’ ਆਂਹਦਾ। ਹੁਣ ਅੜ੍ਹਾਟ ਕਢਾ’ਤੇ ਤਾਂ ਚੀਕਦੈ। ਲਾ ਦੋ ਦੋ ਵਾਰੀ ਮੋਹਰਾਂ। ਚੱਲ ਜਾਗਰਾ ਤੂੰ ਸਰਕਾਰ ਤੋਂ ਏਨਾ ਔਖਾ ਕਾਹਨੂੰ ਆਂ?”
“ਹੋਵਾਂ ਨਾ ਔਖਾ, ਅਸੀਂ ਚਾਰ ਜਣੇ ਰਲ ਕੇ ਤਾਸ਼ ਦੇ ਪੱਤਿਆਂ ਨਾਲ ਖੇਡ ਕੇ ਸੌ ਦੋ ਸੌ ਬਣਾ ਲਈਦਾ ਸੀ। ਹੁਣ ਆਂਹਦੇ ਇਨ੍ਹਾਂ ਨੇ ਸਭ ਕੁਝ ਐਨ-ਲੈਨ ਕਰ’ਤਾ।”
ਮਾਸਟਰ ਨੇ ਵਿਚੋਂ ਟੋਕਦਿਆਂ ਕਿਹਾ, “ਜਾਗਰਾ, ਐਨ-ਲੈਨ ਨਹੀਂ, ਆਨਲਾਈਨ।”
“ਤੂੰ ਤਾਂ ਰਾਮ ਆਸਰਿਆ ਐਂ ਗੱਲ ਕਰਦੈਂ ਜਿੱਦਾਂ ਮੈ ਸੋਲਾਂ ਪੜ੍ਹਿਆ ਹੁੰਨਾਂ। ਕੱਲ੍ਹ ਮੈਂ ਲੱਛੇ ਅਮਲੀ ਨੂੰ ਪੁੱਛਿਆ, ਪਈ ਇਹ ਕੋਈ ਬਿਜਲੀ ਦੀਆਂ ਨਵੀਆਂ ਤਾਰਾਂ ਪਾਉਣ ਲੱਗੇ ਆ। ਉਹ ਅੱਗਿਉਂ ਬਣਾ ਸੁਆਰ ਕੇ ਆਂਹਦਾ, ਇਕ ਡੱਬਾ ਜਿਹਾ ਲੈਣਾ ਪੈਣੈ।”
“ਫੇਰ?” ਰਾਮ ਆਸਰਾ ਫਿਰ ਬੋਲ ਪਿਆ।
“ਮੈਂ ਕਿਹਾ, ਭਲਾ ਕਿੰਨੇ ਕੁ ਦਾ ਆਊ। ਮੇਰੇ ਖੀਸੇ ਵਿਚ ਤਾਂ ਸੌ ਡੂਢ ਸੌ ਹੋਊ।”
ਮਾਸਟਰ ਖੜ੍ਹਾ ਹੋ ਗਿਆ ਉਠ ਕੇ। ਆਂਹਦਾ, “ਓ ਭੋਲਿਆ ਜਾਗਰਾ! ਇਹ ਜੀਹਨੂੰ ਤੂੰ ਡੱਬਾ ਕਹਿਨੈ, ਕੰਪਿਊਟਰ ਐ। ਤੀਹ ਚਾਲੀ ਹਜ਼ਾਰ ਦਾ ਆਊ।”
“ਢਕਿਆ ਰਹਿ ਬਹੁਤ ਸਿਆਣੇ ਆਂ ਇਹ ਪੇ-ਪੁੱਤ। ਹੈਨੇ ਪੈਸੇ ਤਾਂ ਅਸੀਂ ਸਾਰੀ ਜ਼ਿੰਦਗੀ ਨ੍ਹੀਂ ਦੇਖੇ। ਘਰੋਂ ਹਵੇਲੀ ਜਾਣ ਨੂੰ ਹੁਣ ਹਜਾਜ (ਜਹਾਜ) ਖਰੀਦੀਏ। ਬੱਲੇ ਓਏ ਥੋਡੇ।”
“ਸਾਰੇ ‘ਕੱਠੇ ਹੋ ਕੇ ਚੱਲੇ ਆ ਚੰਡੀਗੜ੍ਹ ਨੂੰ।”
“ਕੀ ਕਰਨ?”
“ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ, ਪਈ ਜੇ ਜੂਆ ਖਿਡਾ ਕੇ ਖ਼ਜ਼ਾਨਾ ਭਰਨੈ ਤਾਂ ਪਹਿਲਾਂ ਸਾਡੇ ਘਰੋ-ਘਰੀ ਕੰਪਿਊਟਰ ਭੇਜੋ।”
“ਸਦਕੇ ਤੇਰੇ ਪੜ੍ਹੇ ਲਿਖੇ ਦੇ! ਝੋਟੇ ਹੇਠੋਂ ਮਣ ਦੁੱਧ!! ਮੁਲਾਜ਼ਮ ਵਿਚਾਰੇ ਪਹਿਲਾਂ ਕਈ ਵਾਰ ਛਿੱਤਰ ਖਾ ਹਟੇ ਆ, ਹੁਣ ਇਹ ਖਾ ਲੈਣ। ਪਹਿਲੀਆਂ ਸਰਕਾਰਾਂ ਤਾਂ ਲਹੂ ਪੀਂਦੀਆਂ ਸੀ, ਇਹ ਤਾਂ ਪੂਰੇ ਦਾ ਪੂਰਾ ਨਿਗਲਣ ਨੂੰ ਫਿਰਦੇ ਐ।”
“ਜਾਗਰਾ ਕੀ ਝੇੜੇ ਕਰਦੈਂ?”
“ਲੈ ਆਹ ਵੀ ਆਹ ਗਿਆ ਕਲਬੂਤ ਵਰਗਾ ਮੂੰਹ ਵਲੈਤੋਂ ਗੋਰਾ ਕਰਾ ਕੇ। ਟਕੇ ਦਾ ਬੰਦਾ ਨ੍ਹੀਂ, ਤੇ ਨਾਂ ਐ ਲੱਖਾ ਸਿੰਹੁ।”
“ਬੱਲੇ ਓਏ ਤੇਰੇ ਜਾਗਰਾ! ਸਿਰ ‘ਚ ਇਕ ਨ੍ਹੀਂ ਚਿੱਟਾ, ਪਰ ਆਦਤਾਂ ਉਹੀ ਦੀਆਂ ਉਹੀ। ਭਲਾ ਘਰੇ ਪਈ ਆ ਤੋਲਾ-ਮਾਸਾ ਨਾਗਣੀ, ਸਰੀਰ ਭੱਜਿਆ ਪਿਐ?”
“ਕਦ ਆਇਆ ਵਲੈਤੋਂ?” ਨਾਜਰ ਨੇ ਟੇਡਾ ਜਿਹਾ ਹੋ ਕੇ ਮੂੰਹ ਵਲ ਕੇ ਲੱਖਾ ਸਿੰਹੁ ਨੂੰ ਪੁੱਛਿਆ।
“ਵੀਕ ਹੋ ਗਿਐ।”
“ਗੋਲੀ ਮਾਰ ਵੀਕ ਨੂੰ। ਸਿੱਧਾ ਕਹਿ, ਪਈ ਹਫ਼ਤਾ ਹੋ ਗਿਆ ਆਏ ਨੂੰ। ਆਦਤਾਂ ਨ੍ਹੀਂ ਗਈਆਂ ਪਰ ਲੱਖਿਆ ਤੇਰੀਆਂ?”
“ਜੁਆਕਾਂ ਵਾਲੀ ਗੱਲ ਕਰਦੈਂ ਤੂੰ ਵੀ ਨਾਜਰਾ। ਅਖੇ ਵਲੈਤੋਂ ਆਇਆਂ। ਕੁੱਤਾ ਕਿਤੇ ਦੁੱਧ ਪੀ ਕੇ ਗਾਉਣ ਆਲਾ ਬਣ ਜਾਂਦੈ?” ਜਾਗਰ ਦਾ ਟੋਟਕਾ ਸੁਣ ਕੇ ਸੱਥ ‘ਚ ਪੂਰਾ ਹਾਸਾ ਖਿਲਰ ਗਿਆ।
“ਲੈ ਮਾਹਟਰਾ ਇਕ ਹੋਰ ਆ ਗਿਆ ਲੰਬੜਦਾਰ ਬਚਨਾ।”
“ਏ ਕੀ ਹੋ ਗਿਆ, ਤੂੰ ਤਾਂ ਆਏਂ ਕਹਿੰਨਾਂ ਜਿੱਦਾਂ ਸਾਲਾ ਟੁੰਡੀਲਾਟ ਹੁੰਦਾ। ਜੂਠ ਨਿਰੀ, ਕੌਲੀ ਚੱਟ।”
“ਭਲਾ ਇਹ ਕੌਲੀ ਚੱਟ ਕੀਹਨੂੰ ਆਂਹਦੇ ਆ ਜਾਗਰਾਂ?”
“ਜੰਮ ਕੇ ਗੁਆਇਆ ਤੂੰ ਤਾਂ। ਬੁੱਢਾ ਹੋ ਗਿਐਂ, ਹਾਲੇ ਇਹ ਨ੍ਹੀਂ ਪਤਾ ਲੱਗਾ ਪਈ ਕੌਲੀ ਚੱਟ ਕੀਹਨੂੰ ਆਂਹਦੇ ਨੇ?”
“ਨਾ ਇਹ ਕਿਤੇ ਟੈਲੀਵਿਜ਼ਨ ‘ਤੇ ਮਸ਼ੂਹਰੀ ਆਉਂਦੀ ਐਂ। ਜੇ ਪਤਾ, ਤਾਂ ਇਹਦੇ ਆਉਣ ਤੋਂ ਪਹਿਲਾਂ ਦੱਸ ਦੇ।”
“ਹੁਣੇ ਪੇ-ਪੁੱਤ ਦੀ ਗੱਲ ਨ੍ਹੀਂ ਹੁੰਦੀ ਸੀ?”
“ਆਹੋ।”
“ਉਹ ਕਿਤੇ ਖਾਂਦੇ ਖਾਂਦੇ ਦੋ ਬੁਰਕੀਆਂ ਛੱਡ ਤਾਂ ਦੇਣ, ਚਮਚੇ ਲੜ ਲੜ ਮਰਦੇ ਆ, ‘ਮੈਨੂੰ ਦੇਹ ਮੈਨੂੰ ਦੇਹ’ ਹੁੰਦੀ ਐ। ਭਾਂਡਾ ਮੁੜ ਕੇ ਧੋਣ ਦੀ ਲੋੜ ਦੀ ਨ੍ਹੀਂ ਰਹਿੰਦੀ।”
“ਬਈ ਗੱਲ ਤੇਰੀ ਠੀਕ ਐ। ਅਸੀਂ ਇਕ ਚਲਦਾ ਫਿਰਦਾ ਟਰੜਾ ਜਿਹਾ ਕੁੱਤਾ ਬੰਨ੍ਹ ਲਿਆ ਘਰੇ। ਜੂਠੀ ਲੱਸੀ ਪਾਈਦੀ ਆ ਉਹਨੂੰ ਛਿੱਦੀ ਆਲੀ। ਕੰਜਰ ਦਾ ਕੌਲੀ ਦੂਜੇ ਪਾਸਿਉਂ ਵੀ ਮਾਂਜ ਸੁੱਟਦਾ।”
“ਯਾਰ ਗੱਲ ਬੰਦਿਆਂ ਦੀ ਕਰਦੇ ਸੀ, ਤੂੰ ਵਿਚ ਕੁੱਤੇ ਬਿੱਲੇ ਫਸਾ ਲਏ।”
“ਬੜਾ ਦੁੱਖ ਲੱਗਾ। ਉਹ ਗਰੀਬੜਾ ਜਿਹਾ ਹਰੀ ਨ੍ਹੀਂ, ਦੋ ਕੁੜੀਆਂ ਵਿਆਹ ਲਈਆਂ। ਤਿੰਨ ਸਾਲ ਹੋ ਗਏ ਦਫ਼ਤਰਾਂ ‘ਚ ਖੱਜਲ ਹੁੰਦੇ ਨੂੰæææਟਕਾ ਨ੍ਹੀਂ ਮਿਲਿਆ ਸ਼ਗਨ ਦਾ। ਉਹਨੂੰ ਪੁੱਛ ਕੇ ਵੇਖੀਂ, ਕੀ ਕੀ ਆਂਹਦਾ।”
“ਮਾਹਟਰਾ ਵੇਖ ਲੈ ਪੇ-ਪੁੱਤ ਫੇਰ ਬਾਜ਼ੀ ਮਾਰ ਗਏ। ਚਾਹੇ ਆ ਜਾਏ ਬਰਾੜ ਤੇ ਚਾਹੇ ਆ ਜਾਏ ਕੋਈ ਹੋਰ; ਧੋਬੀ ਪਟਕੇ ਆਂਙੂੰ ਵਗਾਹ ਵਗਾਹ ਮਾਰਦੇ ਆ। ਦਿੱਲੀ ਕਬਜ਼ੇ ‘ਚ ਲੈ ਲਈ, ਜ਼ਿਲ੍ਹੇ ਵੀ, ਪਿੰਡ ਵੀ ਨ੍ਹੀਂ ਛੱਡਣੇæææਹੜ੍ਹ ਦੇ ਪਾਣੀ ਵਾਂਗ ਗੱਲ ਹੋਈ ਪਈ ਐæææਭਲਾ ਕਿਤੇ ਪਊ ਅੜਿੱਕਾ ਕਿ ਨਹੀਂ?” ਜਾਗਰ ਨੇ ਗੱਲ ਬਦਲਦਿਆਂ ਮਾਸਟਰ ਰਾਮ ਆਸਰੇ ਨੂੰ ਸੁਆਲ ਕਰ’ਤਾ।
ਨਾਜਰ ਨੇ ਨਸਵਾਰ ਦੀ ਚੁਟਕੀ ਨਾਸੀਂ ਦਿੰਦਿਆਂ ਛੁਰਲੀ ਛੱਡ’ਤੀ, “ਬਈ ਦੇਖੋ, ਸਹੁਰੀ ਦੀ ਸੜੀ ਸਿਆਸਤ ਤਾਂ ਨ੍ਹੀਂ ਆਉਂਦੀ ਸਾਨੂੰ, ਪਰ ਮੇਰੀ ਗੱਲ ਧਿਆਨ ਨਾਲ ਸੁਣਿਓ! ਫਾਰੇ ਪਏ ਤੇ ਤਾਂ ਦਵਾ ਦਾਰੂ ਹੋ ਜਾਂਦੈ, ਬੰਨ੍ਹ ਪਏ ਦਾ ਛੇਤੀ ਨ੍ਹੀਂ ਹੁੰਦਾ।”
“ਤੂੰ ਛੱਡ ਧੂੜ ‘ਚ ਟੱਟੂ ਨਵਾਂ ਈ।”
“ਉਏ ਲੱਖਿਆ, ਫੀਮ ਦਿਆ ਲਾਲਚੀਆ। ਗੱਲ ਸੋਲਾਂ ਆਨੇ ਕਰੂੰ। ਜਮਾਤਾਂ ਈ ਨ੍ਹੀਂ ਦੋ ਪੜ੍ਹ ਸਕਿਆ। ਇੱਦਾਂ ਦੇ ਰਾਮ ਆਸਰੇ ਵਰਗੇ ਮਾਹਟਰ ਤਾਂ ਅਸੀਂ ਹੁਣ ਨ੍ਹੀਂ ਖੰਘਣ ਦਈ ਦੇ, ਫੇਰ ਕਿੱਥੇ ਅੰਗੂਰਾਂ ਦੀ ਵੇਲ ਕੰਧ ਟੱਪਣ ਦੇਣੀ ਸੀ।”
“ਤੂੰ ਰਾਮ ਆਸਰੇ ਦੀ ਗੱਲ ਛੱਡ, ਅੱਗੇ ਚੱਲ।”
“ਕੇਰਾਂ ਠੀਕਰੀ ਆਲਿਆਂ ਦਾ ਫੁੰਮਣæææ।”
“ਜਿਹੜਾ ਖਾ ਕੇ ਮਰ ਗਿਆ ਸੀ?”
“ਉਹ ਤਾਂ ਸਾਰਿਆਂ ਨੂੰ ਪਤੈ, ਪਰ ਸੁਣ ਤਾਂ ਸਹੀæææਅਸੀਂ ਗਏ ਦਸ੍ਹੈਰਾ ਦੇਖਣ। ਖਾਣ ਪੀਣ ਨੂੰ ਖੁੱਲ੍ਹਾ ਸੀ ਪਹਿਲਾਂ ਤੋਂ ਈ। ਮੁੰਡ੍ਹੀਰ ਨੇ ਛੇੜ’ਤਾ, ਪਈ ਜੇ ਦੋ ਕਿਲੋ ਜਲੇਬੀਆਂ ਖਾ ਲਏਂ ਤਾਂ ਪੈਸੇ ਸਾਡੇ।”
“ਖਾ ਗਿਆ ਫੇਰ?”
“ਬਿੰਦ ਨ੍ਹੀਂ ਲਾਇਆ। ਮੁੜ ਕੇ ਆਉਂਦਿਆਂ ਨੂੰ ਠੇਕੇ ‘ਤੇ ਬੋਤਲ ਖੋਲ੍ਹ ਕੇ ਬੈਠੇ ਅੰਬਰਸਰੀਏ ਹਰੀ ਹੋਰੀਂ ਪੁੱਛ ਬੈਠੇ-ਤਾਇਆ ਲਾਉਣੀ ਘੁੱਟ। ਫੁੰਮਣ ਆਂਹਦਾ, ਪਾਈਆ ਕੁ ਤਾਂ ਥੋਡੇ ਕੋਲ ਹੈਗੀ ਸਾਰੀ। ਘੱਟੋ-ਘੱਟ ਬੋਤਲ ਤਾਂ ਹੋਵੇ। ਥੋਨੂੰ ਪਤਾ ਹਰੀ ਪੂਰਾ ਹਰਾਮੀ। ਕਹਿਣ ਲੱਗਾ-ਜੇ ਤਾਇਆ ਬੋਤਲ ਪੀ ਲਵੇਂ ਤਾਂ ਪੰਜਾਹ ਰੁਪਏ ਇਨਾਮ।”
“ਉਹ ਵੀ ਪੀ ਲਈ?”
“ਮੂੰਹ ਬੰਦ ਰੱਖ ਦੋ ਮਿੰਟ। ਛੇ ਪੈਗ ਕੀਤੇ, ਜਿੱਤ ਗਿਆ ਪੰਜਾਹ। ਫਿਰ ਕਹਿੰਦਾ ਭੁੱਖ ਲੱਗੀ ਆ। ਹਰੀ ਨੇ ਹੋਰ ਲਾਲਚ ਦੇ’ਤਾ, ਪਈ ਆਹ ਪਈਆਂ ਆਂਡਿਆਂ ਦੀਆਂ ਦੋ ਟਰੇਆਂ। ਜੇ ਕੱਚੇ ਪੀ ਜਾਏਂ ਤਾਂ ਨਾਲ ਵੀਹ ਰੁਪਏ ਹੋਰ। ਉਹਨੇ ਸਾਹ ਨ੍ਹੀਂ ਲਿਆ, ਦੇਹ ਅੰਦਰ ਦੇਹ ਅੰਦਰ! ਅੱਗੇ ਆਏ ਹਰਨਾਮੇ ਕਿਆਂ ਦੇ ਪਿੰਡ ਵਿਆਹ। ਉਥੇ ਸ਼ਰਤ ਲਾ ਕੇ ਇੱਕੀ ਫੁਲਕੇ ਛਕ ਗਿਆ। ਘਰ ਆ ਕੇ ਚਾਰ ਗਲਾਸ ਲੱਸੀ ਦੇ ਪੀ ਲਏ।”
“ਯਾਰ ਉਹ ਬੰਦਾ ਸੀ ਕਿ ਉਖਲ?”
“ਸ਼ਰਤਾਂ ਤਾਂ ਸਾਰੀਆਂ ਜਿੱਤ ਗਿਆ, ਪਰ ਸਵੇਰੇ ਫਿਰ ਉਹ ਬੰਨ੍ਹ ਪਿਆ ਜਿਹੜਾ ਉਦੋਂ ਖੁੱਲ੍ਹਿਆ ਜਦੋਂ ਜਮਾਂ (ਯਮਾਂ) ਨੇ ਆ ਕੇ ਬੋਲੋ ਤਾ-ਰਾ-ਰਾ ਕਿਹਾ।”
“ਮਾਹਟਰਾ, ਵੇਖ ਲੈ ਲੋਕੀਂ ਆਂਹਦੇ ਨਾਜਰ ਅਮਲੀ ਅਨਪੜ੍ਹ ਐ, ਗੱਲ ਸਿਰੇ ਲਾ ਗਿਆ ਪੂਰੀ।”
“ਜਾਗਰਾ, ਕਿਤੇ ਹੋਰ ਇੱਦਾਂ ਲਾ ਕੇ ਸੁਣਾ’ਤੀ ਤਾਂ ਹੱਡ ਤੁੜਾ ਲਊ।”
“ਹਾਲੇ ਪੰਝੀ ਸਾਲ ਲੱਗਦੈ ਹੋਰ ਕਿਸੇ ਨੇ ਆਉਣਾ ਨ੍ਹੀਂ।”
“ਲੈ ਬਈ ਅੱਜ ਸੱਥ ਭਰ’ਗੀ। ਨੱਥੂ ਵੀ ਆ ਗਿਆ। ਇਹ ਵੀ ਕੋਈ ਪਾਕਿਸਤਾਨੀਆਂ ਆਂਙੂੰ ਨਵੀਂ ਦਾਗੂ। ਵੀਰਾ, ਜੀ ਆਇਆਂ ਨੂੰ! ਸਿਹਤ ਰਾਜੀ ਬਾਜੀ ਐ।”
“ਜਾਗਰਾ ਸਿਹਤ ਤਾਂ ਠੀਕ ਐ। ਤੈਂ ਹੋਰ ਨ੍ਹੀਂ ਗੱਲ ਸੁਣੀ?”
“ਕਿਹੜੀ?”
“ਬਾਂਕੇ ਦਾ ਬੁੱਢ-ਬਲੇਡ ਆਇਆ ਹੋਇਐ ‘ਮਰੀਕਾ ਤੋਂ।”
“ਆਹੋ, ਜਿਹਦਾ ਵਿਆਹ ਸੀਗਾ ਪਿੱਛੇ ਜਿਹੇ।”
“ਕੱਲ੍ਹ ਮੈਨੂੰ ਸ਼ਹਿਰ ਟੱਕਰ ਗਿਆ। ਮੈਂ ਕਿਹਾ, ਬਚਿੱਤਰਾ! ਬਹੂ ਤਾਂ ਤੇਰੀ ਜਮਾ ਲਗਰ ਜਿਹੀ ਆ, ਤੇ ਤੂੰ ਚਿੱਟਾ ਕੁੱਕੜ ਹੋਣ ਨੂੰ ਫਿਰਦੈਂ। ‘ਮਰੀਕਾ ਦਾ ਲਾਲਚ ਕਰ ਗਏ। ਉਹ ਮੂਹਰਿਉਂ ਹੱਸ ਕੇ ਕਹਿਣ ਲੱਗਾ, ਤਾਇਆ, ਐਵੇਂ ਵਹਿਮ ਐ। ਅਸੀਂ ਹੁਣੇ ਆਏ ਆਂ ਗੋਆ ਤੋਂ ਹਨੀਮੂਨ ਮਨਾ ਕੇ।”
“ਅੱਛਾ, ਅੱਛਾ! ਜਿੱਥੇ ਸਾਰੀ ਸਰਕਾਰ ਗਈ ਹੋਈ ਸੀ।”
“ਜਾਗਰਾ, ਤੂੰ ਗੱਲ ਨੂੰ ਮੋਛਾ ਨ੍ਹੀਂ ਪਾਉਣੋਂ ਹਟਦਾ। ਮੈਂ ਗੱਲ ਵਿਆਹ ਦੀ ਕਰਦੈਂ, ਤੇ ਤੂੰ ਵਿਚ ਸਰਕਾਰ ਫਸਾ ਲਈ, ਉਹੀ ਗੋਆæææਹੋਰ ਨ੍ਹੀਂ ਹੈਗਾ ਕੋਈ।’
“ਅੱਛਾ ਫਿਰ?”
“ਬਚਿੱਤਰ ਆਂਹਦਾ, ਅਸੀਂ ਬੀਚ ਦੇ ਕਿਨਾਰੇ ਬੈਠੇ ਸਾਂ ਦੋਵੇਂ।”
“ਇਹ ਬੀਚ ਕੀ ਬਲਾ ਐ?”
“ਜਾਗਰਾ, ਇਹ ਨਾਜਰ ਦੇ ਮੂੰਹ ਮੂਹਰੇ ਹੱਥ ਦੇਹ ਰਤਾ। ਅਨਪੜ੍ਹਾ-ਗੁਆਰਾ, ਬੀਚ ਹੁੰਦੀ ਐ ਸਮੁੰਦਰ ਦਾ ਕੰਢਾ। ਬਚਿੱਤਰ ਦੱਸ, ਪਈ ਜਦੋਂ ਠੰਢੇ ਪਾਣੀ ਦੀਆਂ ਛੱਲਾਂ ਪੈਰਾਂ ‘ਤੇ ਪੈਣ ਤਾਂ ਇਕ ਤਾਂ ‘ਮਰੀਕਾ ਜਾਣ ਦਾ ਚਾਅ, ਦੂਜਾ ਨਵਾਂ ਨਵਾਂ ਮੁਕਲਾਵਾ। ਉਹਦੀ ਬਹੂ ਪੁੱਛਣ ਲੱਗੀ-ਜੀ ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਓ। ਬਚਿੱਤਰ ਕਹੀ ਜਾਵੇ, ਮਣਾਂ ਮੂੰਹ। ਬਹੁਤ। ਉਹ ਕਹੀ ਜਾਵੇ, ਅੱਜ ਮਿਣ ਕੇ ਦੱਸੋ ਕਿੰਨਾ ਕੁ। ਜਦੋਂ ਨਾ ਹਟੀ ਤਾਂ ਬਚਿੱਤਰ ਕਹਿਣ ਲੱਗਾ-ਭਾਗਵਾਨੇ! ਮੈਂ ਉਨਾ ਪਿਆਰ ਕਰਦਾਂ ਜਿੱਦਾਂ ਮੋਬਾਇਲ ‘ਚ ਸਿੰਮ ਹੁੰਦੀ ਹੈ। ਕਹਿਣ ਦੀ ਦੇਰ ਸੀ ਕਿ ਵਿਚਾਰੀ ਉਹਦੇ ਗਲ ਨਾਲ ਚਿੰਬੜ ਗਈ, ਪਰ ਬਚਿੱਤਰ ਦੱਸੇ, ਪਈ ਇਸ ਭੋਲੀ ਨੂੰ ਕੀ ਪਤੈ ਅੱਜਕੱਲ੍ਹ ਇਕ ਮੋਬਾਇਲ ‘ਚ ਦੋ ਦੋ ਸਿੰਮਾਂ ਪੈਂਦੀਆਂ ਨੇ।”
“ਭਲਾ ਸਿੰਮਾਂ ਕੀ ਹੁੰਦੀਆਂ ਨੱਥੂ ਰਾਮਾ?”
“ਸਾਲਾ ਕੋਰਾ ਕੁੱਜਾ ਈ ਆ। ਕਾਰਡ ਹੁੰਦੇ ਆ ਜਿਹੜੇ ਹੱਥ ਆਲੇ ਫੋਨ ‘ਚ ਪੈਂਦੇ ਆ।”
“ਹੈਂ ਦੱਸ, ਸਾਨੂੰ ਸਾਲਾ ਦੋ ਕਾਰਡਾਂ ਦਾ ਈ ਪਤਾ। ਇਕ ਰਾਸ਼ਨ ਕਾਰਡ, ਇਕ ਵੋਟ ਕਾਰਡ।”
“ਮਾਸਟਰ ਜੀ, ਭਲਾ ਬਚਿੱਤਰ ਦੀਆਂ ਦੋ ਸਿੰਮਾਂ ਦਾ ਕੀ ਮਤਲਬ ਹੋਇਆ?”
“ਇਕ ਕੰਜਰ ਦੇ ਨੇ ‘ਮਰੀਕਾ ਰੱਖੀ ਹੋਈ ਐ ਜਾਗਰਾ, ਤੇ ਦੂਜੀ ਇੱਥੇ ਲਈ ਫਿਰਦੈ।”
“ਪਰ ਹਾਅ ਜਿਹੜਾ ਮਸਾਲੇ ਲਾ ਲਾ ਕੇ ਦੱਸਦੈ ਨੱਥੂ। ਇਹ ਲੁੱਚਾ ਛੜੇ ਦਾ ਛੜਾ। ਇਕ ਨ੍ਹੀਂ ਥਿਆਈ ਇਹਨੂੰ।”
“ਮੂੰਹ ਸੰਭਾਲ ਕੇ ਬੋਲੀਂ। ਤੈਂ ਮੈਨੂੰ ਲੁੱਚਾ ਕਿਉਂ ਕਿਹਾ।”
“ਢਕਿਆ ਰਹਿ, ਸਾਰੇ ਪਿੰਡ ਨੂੰ ਪਤੈ; ਪਈ ਨੰਦੋ ਤੇਰੇ ਨਾਲ ਰਹਿੰਦੀ ਸੀ। ਹਾਅ ਜਿਨ੍ਹਾਂ ਨੂੰ ਦੋ ਦੋ ਜੋੜ ਕੇ ਪਾਉਨੈਂ ਵੋਟਾਂ, ਇਨ੍ਹਾਂ ਬਚਾਈ ਰੱਖਿਐ।”
“ਹਟੋ ਸਿਆਣੇ ਬਿਆਣੇ ਹੋ ਕੇ ਇਕ ਦੂਜੇ ਦਾ ਝੱਗਾ ਖਿੱਚੀ ਜਾਨੇ ਆਂ।”
“ਇਹ ਹਟਦਾ ਨ੍ਹੀਂ ਸੁਆਦ ਖਰਾਬ ਕਰ ਦਿੰਦਾ ਹਰ ਥਾਂ। ਨੰਦੋ ਲਿਆ ਕੇ ਖੜ੍ਹੀ ਕਰ ਦਿੰਦਾ ਹਰ ਵਾਰੀ।”
“ਚੱਲ ਆਹ ਲੱਖਾ ਸਿਹੁੰ ਨੂੰ ਪੁੱਛਦੇ ਆਂ, ਪਈ ਤੂੰ ਵੀ ਕਿਤੇ ਗਿਆ ਘੁੰਮਣ-ਫਿਰਨ ਕਿ ਵਲੈਤੋਂ ਆ ਕੇ ਬਚਨੀ ਉਸੇ ਬਾਣ ਵਾਲੀ ਮੰਜੀ ‘ਤੇ ਪੈਂਦੀ ਆ।”
“ਮੁਕਲਾਵੇ ਆਲੇ ਦਿਨ ਮੀਂਹ ਲੱਗ ਪਿਆ। ਸਾਰੀ ਰਾਤ ਕੋਠਾ ਚੋਂਦਾ ਤੇ ਹੁਣ ਜਾਣਾ ਸੀ ਬਚਨੀ ਨੂੰ ਲੈ ਕੇ ਜਦੋਂ, ਮੂੰਹ ਬਿਨਾਂ ਦੰਦਾਂ ਤੋਂ ਖਾਲੀ ਪੀਪੇ ਵਰਗੈ।”
“ਜਾਗਰਾ ਚੱਲ ਤੂੰ ਸੁਣਾ ਕੋਈ ਹੱਡ-ਬੀਤੀ।”
“ਪਿਛਲੇ ਸਾਲ ਕਿਤੇ ਮੇਰੇ ਸਾਲੇ ਦਾ ਮੁੰਡਾ ਆਇਆ ਕੈਨੇਡਾ ਤੋਂ। ਆਂਹਦਾ ਫੁੱਫੜਾ, ਚੱਲ ਤੈਨੂੰ ਤਾਜ ਮਹਿਲ ਦਿਖਾ ਕੇ ਲਿਆਉਣੈ। ਮੈਂ ਤਾਂ ਮੰਨਾਂ ਨਾ, ਪਰ ਤੇਰੀ ਭਾਬੀ ਨ੍ਹੀਂ ਹਟੀ ਬਾਨੀ। ਅਖੇ ਚੱਲ ਪੈ, ਪੈਸਾ ਖਰਚ ਕਰਨਾ ਮੇਰੇ ਭਤੀਜੇ ਨੇ। ਤੈਨੂੰ ਮੁਫ਼ਤ ਦੇ ਬਦਾਮ ਨ੍ਹੀਂ ਪਚਦੇ।”
“ਗਿਆ ਫਿਰ?”
“ਹਟੀ ਨ੍ਹੀਂ ਮਗਰੋਂ ਭਾਨੀ। ਚਲੇ ਗਏ ਆਗਰੇ ਨੂੰ।”
“ਆਗਰਾ ਬੜਾ ਟਿਕਾ ਕੇ ਕਿਹੈ।”
“ਭਾਈਆ ਸਾਡਾ ਪੇਠੇ ਬੀਜਦਾ ਹੁੰਦਾ ਸੀ, ਪਈ ਆਗਰੇ ਪੇਠਾ ਬਣਦਾ ਇਨ੍ਹਾਂ ਦਾ, ਤਾਂ ਮੈਨੂੰ ਚੇਤੇ ਆ।”
“ਕਿੱਦਾਂ ਲੱਗਾ ਫੇਰ ਤਾਜ ਮਹੱਲ।”
“ਬਈ ਅਸ਼ਕੇ ਭਤੀਜ ਦੇ। ਨਹੀਂ ਤਾਂ ਹਮਾਤੜਾਂ ਨੇ ਕਿੱਥੇ ਵੇਖਣਾ ਸੀ। ਦੁੱਧ ਨਾਲੋਂ ਵੀ ਚਿੱਟਾ। ਭਤੀਜਾ ਤੇ ਭਤੀਜ ਨੂੰਹ ਤਾਂ ਚਲੇ ਗਏੇ ਕੁਝ ਖਰੀਦਣ। ਸਾਡੇ ਕੋਲ ਫੋਟੂਆਂ ਖਿੱਚਣ ਵਾਲਾ ਛੱਡ ਗਏ। ਪਤਾ ਨ੍ਹੀਂ ਕੀ ਹੋਇਆ ਉੱਦਣ ਭਾਨੀ ਨੂੰ, ਮੱਲੋ-ਮੱਲੀ ਕਲਾਵੇ ਭਰੀ ਜਾਵੇ ਮੇਰੇ। ਮੈਂ ਪੁੱਛ ਬੈਠਾ, ਪਈ ਭਾਨੀਏ ਕੀ ਹੋ ਗਿਆ ਅੱਜ ਤੈਨੂੰ?”
“ਕੀ ਕਹਿੰਦੀ ਫਿਰ ਭਾਨੀ?”
“ਆਂਹਦੀ, ਤੈਨੂੰ ਪਤੈ ਇਹ ਤਾਜ ਮਹੱਲ ਕਿੱਦਾਂ ਬਣਿਆ ਸੀ? ਮੈਂ ਕਿਹਾ-ਨਹੀਂ। ਦੱਸਣ ਲੱਗੀ, ਮੈਨੂੰ ਵੀ ਭਤੀਜ ਨੂੰਹ ਨੇ ਦੱਸਿਆ ਕਿ ਬਾਦਸ਼ਾਹ ਸ਼ਾਹਜਹਾਂ ਨੇ ਇਹ ਤਾਂ ਬਣਾਇਆ ਸੀ ਕਿ ਉਹਦੀ ਬੇਗ਼ਮ ਨੇ ਸੁਪਨੇ ਵਿਚ ਇੱਦਾਂ ਦਾ ਮਹਿਲ ਵੇਖਿਆ ਸੀ। ਖਹਿੜੇ ਪੈ ਗਈ, ਪਈ ਇੱਦਾਂ ਦਾ ਬਣਾ ਕੇ ਦੇਹ।”
“ਫਿਰ?”
“ਭਾਨੀ ਨੇ ਮੈਨੂੰ ਕਰ’ਤਾ ਸੁਆਲ, ਪਈ ਰੱਬ ਦਿਆ ਬੰਦਿਆ! ਤੂੰ ਮੈਨੂੰ ਦੋ ਬੰਦ ਨਾ ਬਣਾ ਕੇ ਦੇ ਸਕਿਆ! ਰਾਣੀਹਾਰ ਨਾ ਸਰਿਆ ਤੈਥੋਂ। ਸਾਰੀ ਇੱਦੇਂ ਈ ਲੰਘਾ’ਤੀ। ਹੁਣ ਇਥੇ ਆ ਕੇ ਤਾਂ ਕੋਈ ਵਾਅਦਾ ਕਰ ਕਿ ਬਣਾ ਕੇ ਦਏਂਗਾ ਹੁਣ?”
“ਕੀ ਜੁਆਬ ਦਿੱਤਾ ਤੂੰ?”
“ਮੈਂ ਕਿਹੜਾ ਘੱਟ ਸੀ। ਮੈਂ ਕਿਹਾ-ਭਾਨੀਏ ਪਸ਼ੂਆਂ ਆਲੀ ਚਾਰ ਮਰਲੇ ਥਾਂ ਖਾਲੀ ਪਈ ਆ। ਹੁਣ ਤੇਰੀ ਦੇਰੀ ਆ, ਤੂੰ ਮਰ ਤਾਂ ਸਹੀ; ਸੰਗਮਰਮਰ ਦੀ ਕਬਰ ਬਣਾਊਂ।”
ਤੇ ਸੱਥ ਵਿਚ ਹਾਸਾ ਦਾਣਿਆਂ ਵਾਂਗ ਖਿਲਰ ਗਿਆ।
ਐਸ ਅਸ਼ੋਕ ਭੋਰਾ
ਗੱਲ ਬਣੀ ਕਿ ਨਹੀਂæææ
ਗੋਪੀਆਂ ‘ਚ ਕਾਨ੍ਹ
ਬੇੜੀ ਡੁੱਬੂਗੀ ਵਿਚਾਲੇ ਜੇ ਮਲਾਹ ਬੇਈਮਾਨ।
ਜੰਗ ਜਿੱਤੀ ਨਹੀਂਉਂ ਜਾਂਦੀ ਢਿੱਲੀ ਛੱਡ ਕੇ ਕਮਾਨ।
ਕਿੰਨਾ ਹੋਵੇ ਵੀ ਸਿਆਣਾ ਕਿਹੜਾ ਲਊ ਉਹਦੀ ਮੱਤ,
ਜਿਹਦੀ ਕਾਬੂ ਹੇਠ ਹੁੰਦੀ ਨਹੀਂਉਂ ਆਪਣੀ ਜ਼ੁਬਾਨ।
ਸਾਰੀ ਉਮਰ ਗਰੀਬਾਂ ਦਾ ਜੋ ਪੀਂਦਾ ਰਿਹਾ ਖੂਨ,
ਗੀਤਾ ਕਿੰਨੀ ਵੀ ਸੁਣਾਇਓ ਔਖੀ ਨਿਕਲੇਗੀ ਜਾਨ।
ਹਾਲਾਤ ਲੀਡਰਾਂ ਦੇ ਅੱਜਕੱਲ੍ਹ ਇੱਦਾਂ ਹੋਈ ਜਾਂਦੇ,
ਜਿਵੇਂ ਭੂਤਰਿਆ ਗਊਆਂ ਵਿਚ ਫ਼ਿਰਦਾ ਕੋਈ ਸਾਨ੍ਹ।
ਖੁੰਡ ਆਪਣੇ ‘ਤੇ ਹੁੰਦੇ ਕਈ ਅੱਸੀਆਂ ਦੇ ਪੂਰੇ,
ਬਾਹਰ ਜਿਨ੍ਹਾਂ ਵੱਟੇ ਮਿਲਦੀ ਠਿਆਨੀ ਦੀ ਨ੍ਹੀਂ ਭਾਨ।
ਰੁੱਤਾਂ ਲੰਘ ਗਈਆਂ ਨਹੀਂਉਂ ਕੋਈ ਪੁੱਛਦਾ ਟਕੇ ਨੂੰ,
ਕਦੇ ਚੁੱਕਿਆ ਖਮੀਨੀ ਨੇ ਸੀ ਸਿਰ ‘ਤੇ ਇਰਾਨ।
ਕਈ ਵੇਖਣੇ ਨੂੰ ਬੀਬੇ ਬੰਦੇ ਲਗਦੇ ਸੀ ਬਹੁਤੇ,
ਪਿੱਛੇ ਤੀਵੀਆਂ ਦੇ ਫੂਕ ਦਿੱਤਾ ਦੀਨ ਤੇ ਇਮਾਨ।
ਗੁਆਚੇ ਫ਼ਿਰਦੇ ਨੇ ਇੱਥੇ ਆਪ ਸੰਤ ਤੇ ਫਕੀਰ,
ਦਾਅਵੇ ਕਰਦੇ ਨੇ ਸਾਡੇ ਗੋਡੇ ਹੇਠ ਭਗਵਾਨ।
ਗੁਣ ਆਪਣੇ ਦੀ ਸਦਾ ‘ਭੌਰੇ’ ਖਾਈਦੀ ਏ ਖੱਟੀ,
ਐਵੇਂ ਮੱਲੋ-ਮੱਲੀ ਬਣੀਂਦਾ ਨਹੀਂ ਗੋਪੀਆਂ ਵਿਚ ਕਾਨ੍ਹ।
Leave a Reply