ਨੇਸ਼ਨ ਸਟੇਟ ਅਤੇ ਖਾਲਿਸਤਾਨ ਦਾ ਸੁਆਲ

ਨੇਸ਼ਨ ਸਟੇਟ ਬਾਰੇ ਬਹਿਸ ਕੋਈ ਨਵੀਂ ਨਹੀਂ। ਹੁਣ ਤਕ ਇਹ ਵੱਖ-ਵੱਖ ਪੜਾਵਾਂ ਵਿਚੋਂ ਲੰਘ ਆਈ ਹੈ। ਸਿੱਖ ਰਾਜ ਜਾਂ ਕਹਿ ਲਓ ਖਾਲਿਸਤਾਨ ਦੇ ਮਾਮਲੇ ‘ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਉਤੇ ਵਾਹਵਾ ਚੁੰਝ-ਚਰਚਾ ਚੱਲ ਰਹੀ ਹੈ। ਦੋ ਧਿਰਾਂ ਆਹਮੋ-ਸਾਹਮਣੇ ਹਨ। ਇਸੇ ਪ੍ਰਸੰਗ ਵਿਚ ਪ੍ਰਭਸ਼ਰਨਬੀਰ ਸਿੰਘ ਨੇ ਇਹ ਲੇਖ ਭੇਜਿਆ ਹੈ, ਜਿਸ ਵਿਚ ਨੇਸ਼ਨ ਸਟੇਟ ਦੇ ਕੁਝ ਪੱਖਾਂ ਬਾਰੇ ਚਰਚਾ ਕੀਤੀ ਗਈ ਹੈ। ਨਿਜੀ ਤੌਰ ‘ਤੇ ਅਦਾਰਾ ‘ਪੰਜਾਬ ਟਾਈਮਜ਼’ ਦਾ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣ ਜਾਂ ਨਾ ਹੋਣਾ ਜਰੂਰੀ ਨਹੀਂ,

ਪਰ ਇਹ ਲੇਖ ਅਸੀਂ ਪਾਠਕਾਂ ਲਈ ਸਿਰਫ ਤੇ ਸਿਰਫ ਵਿਚਾਰ-ਚਰਚਾ ਦੇ ਮਕਸਦ ਨਾਲ ਛਾਪ ਰਹੇ ਹਾਂ। ਇਸ ਪ੍ਰਸੰਗ ਵਿਚ ਆAੁਂਦੇ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ

ਪ੍ਰਭਸ਼ਰਨਬੀਰ ਸਿੰਘ

ਜੂਨ 1984 ਨੂੰ ਵਾਪਰਿਆ ਘੱਲੂਘਾਰਾ ਹਰ ਸਿੱਖ ਲਈ ਨਾਭੁੱਲਣਯੋਗ ਅਤੇ ਨਾਬਖਸ਼ਣਯੋਗ ਇਤਿਹਾਸਕ ਘਟਨਾ ਹੈ, ਪਰ ਇਸ ਖੂਨੀ ਸਾਕੇ ਨੂੰ ‘ਅਣਚਿਤਵਿਆ’ ਨਹੀਂ ਕਿਹਾ ਜਾ ਸਕਦਾ, ਕਿਉਂਕਿ ਭਾਰਤ ਸਰਕਾਰ ਨੇ 1955 ਵਿਚ ਸ੍ਰੀ ਦਰਬਾਰ ਸਾਹਿਬ ਅੰਦਰ ਪੁਲਿਸ ਭੇਜ ਕੇ ਸਿੱਖਾਂ ਨੂੰ ਇਸ਼ਾਰਾ ਦੇ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿਚ ਅਜਿਹਾ ਕਹਿਰ ਫਿਰ ਵਾਪਰ ਸਕਦਾ ਹੈ। ਪੰਜਾਬੀ ਦੇ ਅਜ਼ੀਮ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਨੇ ਇਸ ਘੱਲੂਘਾਰੇ ਨੂੰ ਪੰਜ ਸਦੀਆਂ ਦੇ ਵੈਰ ਦਾ ਨਤੀਜਾ ਦੱਸਿਆ ਹੈ, ਭਾਵ ਇਹ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਪੰਜ ਸਦੀਆਂ ਤੋਂ ਡੱਕੀ ਪਈ ਨਫਰਤ ਦਾ ਬੇਰੋਕ ਪ੍ਰਗਟਾਵਾ ਸੀ। ਸਿੱਖ ਕਵੀਆਂ-ਹਰਿੰਦਰ ਸਿੰਘ ਮਹਿਬੂਬ ਅਤੇ ਕੁਲਵੰਤ ਸਿੰਘ ਗਰੇਵਾਲ ਨੇ ਵੀ ਇਸ ਸਾਕੇ ਦੀ ਅਗਾਊਂ ਪੇਸ਼ੀਨਗੋਈ ਕਰ ਦਿੱਤੀ ਸੀ।
ਇਹ ਘੱਲੂਘਾਰਾ ਸਿੱਖ ਪੰਥ ਦੇ ਚੇਤਿਆਂ ਵਿਚ ਸਰਬਕਾਲ ਤੱਕ ਟਿਕਿਆ ਰਹੇਗਾ। ਇਸ ਨੇ ਸਿੱਖਾਂ ਦੇ ਆਉਣ ਵਾਲੇ ਸਾਰੇ ਇਤਿਹਾਸ ਦਾ ਵਹਿਣ ਬਦਲ ਦਿੱਤਾ। ਇਸ ਸਾਕੇ ਪਿਛੋਂ ਖਾਲਸਾ ਪੰਥ ਦੀ ਰੂਹ ਦੇ ਨਾਲ-ਨਾਲ ਸਫਰ ਕਰ ਰਿਹਾ ਆਜ਼ਾਦ ਸਿੱਖ ਰਾਜ ਦਾ ਸੁਪਨਾ ਖਾਲਿਸਤਾਨ ਦੇ ਰੂਪ ਵਿਚ ਠੋਸ ਨਿਸ਼ਾਨੇ ਵਿਚ ਬਦਲ ਗਿਆ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਬਚਨ ਕੀਤੇ ਸਨ ਕਿ ਜੇ ਭਾਰਤੀ ਫੌਜ ਦੇ ਪੈਰ ਸ੍ਰੀ ਦਰਬਾਰ ਸਾਹਿਬ ਦੀ ਜੂਹ ਵਿਚ ਦਾਖਲ ਹੁੰਦੇ ਹਨ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੰਤਾਂ ਦੀ ਸ਼ਖਸੀਅਤ ਬਾਰੇ ਇਕ ਗੱਲ ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਹਨ ਕਿ ਉਹ ਹਮੇਸ਼ਾ ਸਾਫ, ਸਿੱਧੀ ਅਤੇ ਸਪਸ਼ਟ ਗੱਲ ਕਰਦੇ ਸਨ। ਉਨ੍ਹਾਂ ਦੀਆਂ ਗੱਲਾਂ ਵਿਚ ਕੋਈ ਵਿੰਗ-ਵਲ ਨਹੀਂ ਸੀ ਹੁੰਦਾ। ਉਹ ਸਿਆਸੀ ਲੋਕਾਂ ਵਾਂਗ ਗੱਲ ਨਹੀਂ ਸਨ ਕਰਦੇ। ਉਹ ਜਦੋਂ ਵੀ ਬੋਲਦੇ ਸਨ, ਗੁਰੂ ਨੂੰ ਸਨਮੁਖ ਜਾਣ ਕੇ ਬੋਲਦੇ ਸਨ, ਪਰ ਅਜਮੇਰ ਸਿੰਘ ਨੂੰ ਲਗਦਾ ਹੈ ਕਿ ਸੰਤਾਂ ਦਾ ਖਾਲਿਸਤਾਨ ਦੀ ਨੀਂਹ ਰੱਖੇ ਜਾਣ ਬਾਰੇ ਉਕਤ ਬਚਨ ੜਅਗੁe ੰਟਅਟeਮeਨਟ, ਭਾਵ ਧੁੰਦਲਾ ਕਥਨ ਹੈ। ਅਜਮੇਰ ਸਿੰਘ ਨੂੰ ਅਜਿਹਾ ਕਿਉਂ ਲੱਗਦਾ ਹੈ, ਇਹ ਤਾਂ ਉਹੀ ਦੱਸ ਸਕਦੇ ਹਨ, ਪਰ ਇਹ ਸਪਸ਼ਟ ਹੈ ਕਿ ਸੰਤਾਂ ਦੇ ਇਸ ਬਿਆਨ ਵਿਚ ਧੁੰਦਲੇਪਣ ਵਾਲੀ ਕੋਈ ਗੱਲ ਨਹੀਂ। ਅਜਮੇਰ ਸਿੰਘ ਦੇ ਹਮਾਇਤੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਗੱਲ ਉਤੇ ਵਿਚਾਰ ਕਰਨ ਕਿ ਅਜਮੇਰ ਸਿੰਘ ਨੇ ਸੰਤਾਂ ਦੇ ਇਸ ਬਚਨ ਨੂੰ ‘ਧੁੰਦਲਾ ਕਥਨ’ ਕਿਉਂ ਕਿਹਾ ਹੈ? ਇਸ ਨਾਲ ਉਨ੍ਹਾਂ ਨੂੰ ਆਪਣੇ ਕਈ ਸੁਆਲਾਂ ਦੇ ਜੁਆਬ ਮਿਲ ਜਾਣਗੇ।
ਖੈਰ, ਸੰਤਾਂ ਦੇ ਬਚਨਾਂ ਉਤੇ ਫੁੱਲ ਚੜ੍ਹਾਉਂਦਿਆਂ ਅਨੇਕਾਂ ਮਰਜੀਵੜੇ ਖਾਲਿਸਤਾਨ ਦੀ ਕਾਇਮੀ ਲਈ ਚੱਲੇ ਸੰਘਰਸ਼ ਵਿਚ ਕੁੱਦ ਪਏ ਅਤੇ ਆਪਣੀਆਂ ਜਾਨਾਂ ਪੰਥ ਉਤੋਂ ਨਿਛਾਵਰ ਕਰ ਗਏ। ਜੁਝਾਰੂ ਸਿੰਘ ਮੈਦਾਨ-ਏ-ਜੰਗ ਵਿਚ ਜੂਝਣ ਤੋਂ ਬਿਨਾ ਸਮੇਂ-ਸਮੇਂ ਉਤੇ ਆਪਣੇ ਵਿਚਾਰ ਅਤੇ ਪੰਥਕ ਨਿਸ਼ਾਨੇ ਪ੍ਰਤੀ ਆਪਣੀ ਸਮਝ ਕੁਝ ਦਸਤਾਵੇਜ਼ਾਂ ਰਾਹੀਂ ਸੰਗਤਾਂ ਨਾਲ ਸਾਂਝੀ ਕਰਦੇ ਰਹਿੰਦੇ ਸਨ। ਅਜਿਹੇ ਹੀ ਇੱਕ ਦਸਤਾਵੇਜ਼ ਬਾਰੇ ਅੱਜ ਥੋੜ੍ਹਾ ਵਿਸਥਾਰ ਵਿਚ ਜਾਣਨ ਦੀ ਲੋੜ ਹੈ।
4 ਅਗਸਤ 1987 ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਕਨਵੈਨਸ਼ਨ ਸੱਦੀ ਗਈ। ਇਸ ਕਨਵੈਨਸ਼ਨ ਵਿਚ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਜਨਰਲ ਗੁਰਜੰਟ ਸਿੰਘ ਬੁੱਧਸਿੰਘਵਾਲਾ ਨੇ ਇਤਿਹਾਸਕ ਦਸਤਾਵੇਜ਼ ਪੇਸ਼ ਕੀਤਾ। ਇਸ ਦਸਤਾਵੇਜ਼ ਦਾ ਨਾਂ ਸੀ, ‘ਇਹ ਜੰਗ ਸਾਡੀ ਜਿੱਤ ਨਾਲ ਹੀ ਮੁੱਕੇਗੀ।’ ਇਸ ਦਸਤਾਵੇਜ਼ ਦੀ ਪਹਿਲੀ ਸਤਰ ਹੈ, “ਸਿੱਖਾਂ ਦਾ ਉਦੇਸ਼ ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਅਤੇ ਖਾਲਸਾ ਪੰਥ ਦੀ ਤਵਾਰੀਖ ਵਿਚ ਓਤ ਪੋਤ ਹੈ, ਜਿਸ ਨੂੰ ਮੌਜੂਦਾ ਸੰਘਰਸ਼ ਦੌਰਾਨ ‘ਖਾਲਿਸਤਾਨ’ ਦਾ ਨਾਂ ਦਿੱਤਾ ਗਿਆ ਹੈ।”
ਇਸ ਇੱਕ ਸਤਰ ਨਾਲ ਹੀ ਜੁਝਾਰੂ ਸਿੰਘਾਂ ਦੀ ਸਿਧਾਂਤਕ ਸਪਸ਼ਟਤਾ ਸਾਹਮਣੇ ਆ ਜਾਂਦੀ ਹੈ। ਉਹ ਖਾਲਿਸਤਾਨ ਨੂੰ ਸਿੱਖਾਂ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖ ਇਤਿਹਾਸ ਤੋਂ ਵੱਖ ਕਰ ਕੇ ਨਹੀਂ ਸਨ ਦੇਖਦੇ। ਇਸ ਤੋਂ ਵੀ ਅੱਗੇ ਜਾਂਦਿਆਂ ਅਤੇ ਆਪਣੀ ਸਿਧਾਂਤਕ ਪ੍ਰੋੜ੍ਹਤਾ ਦਾ ਸਬੂਤ ਪੇਸ਼ ਕਰਦਿਆਂ ਉਹ ਲਿਖਦੇ ਹਨ, “ਸਭ ਮਾਈ ਭਾਈ ਨੂੰ ਸਪਸ਼ਟ ਹੋ ਜਾਏ ਕਿ ਖਾਲਿਸਤਾਨ ਦਾ ਸੰਕਲਪ ਸਿੱਖਾਂ ਨੂੰ ਅਚਾਨਕ ਹੋਈ ਅਕਾਸ਼ਵਾਣੀ (੍ਰeਵeਲਅਟਿਨ) ਨਹੀਂ ਹੈ। ਇਹ ਸੰਕਲਪ ਅਮੋੜ ਜਜ਼ਬਿਆਂ ਦੇ ਰੌਂਅ ਵਿਚ ਵਹਿ ਚੁਕੇ ਕੁਝ ਨੌਜਵਾਨਾਂ ਦਾ ਮਹਿਜ਼ ਰੁਮਾਂਚਿਕ ਸੁਪਨਾ ਵੀ ਨਹੀਂ ਅਤੇ ਨਾ ਹੀ ਇਹ ਗੁਮਰਾਹ ਹੋ ਚੁਕੇ ‘ਮੁੱਠੀ ਭਰ ਮਾਯੂਸ’ ਲੋਕਾਂ ਵਲੋਂ ਭਾਰਤ ਦੀ ਅਖੌਤੀ ਏਕਤਾ ਅਤੇ ਅਖੰਡਤਾ ਵਿਰੁੱਧ ਕੋਈ ਸਾਜ਼ਿਸ਼ ਹੈ।”
ਚੋਟੀ ਦੇ ਦੋ ਜੁਝਾਰੂ ਕਹਿ ਰਹੇ ਹਨ ਕਿ ਖਾਲਿਸਤਾਨ ਦਾ ਸੰਕਲਪ ਸਿਰਫ ਜਜ਼ਬਿਆਂ ਵਿਚੋਂ ਪੈਦਾ ਨਹੀਂ ਹੋਇਆ, ਪਰ ਅਜਮੇਰ ਸਿੰਘ ਕਹਿੰਦੇ ਹਨ ਕਿ ਜੁਝਾਰੂਆਂ ਕੋਲ ਸਿਰਫ ਜਜ਼ਬਾ ਸੀ, ਸਮਝ ਨਹੀਂ ਸੀ। ਹੁਣ ਦੱਸੋ, ਕਿਸ ਦੀ ਗੱਲ ਮੰਨੀ ਜਾਵੇ?
ਅੱਗੇ ਚੱਲ ਕੇ ਉਸੇ ਦਸਤਾਵੇਜ਼ ਵਿਚ ਖਾਲਿਸਤਾਨ ਦੇ ਸੰਕਲਪ ਨੂੰ ਹੋਰ ਨਿਖਾਰ ਕੇ ਪੇਸ਼ ਕਰਦਿਆਂ ਉਹ ਲਿਖਦੇ ਹਨ, “ਖਾਲਿਸਤਾਨ ਦਾ ਪਵਿੱਤਰ ਸੰਕਲਪ ਸਾਡੇ ਤੋਂ ਵੀ ਪਹਿਲਾਂ ‘ਰਾਜ ਕਰੇਗਾ ਖਾਲਸਾ’ ਅਤੇ ‘ਖਾਲਸਾ ਜੀ ਦੇ ਬੋਲ ਬਾਲੇ’ ਦੇ ਇਤਿਹਾਸਕ ਸ਼ਬਦਾਂ ਵਿਚ ਅੰਕਿਤ ਹੈ, ਜੋ ਵਿਅਕਤੀਗਤ ਅਤੇ ਸਮੂਹਿਕ ਰੂਪ ਵਿਚ ਖਾਲਸਾ ਜੀ ਦੀ ਅਰਦਾਸ ਦਾ ਅਟੁੱਟ ਅੰਗ ਬਣਿਆ ਰਿਹਾ ਹੈ ਅਤੇ ਬਣਿਆ ਰਹੇਗਾ।”
ਭਾਵ, ਖਾਲਿਸਤਾਨ ਦੀ ਜੜ੍ਹ ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾ ਵਿਚ ਐਨੀ ਡੂੰਘੀ ਲੱਗੀ ਹੋਈ ਹੈ ਕਿ ਇਸ ਨੂੰ ਕਦੇ ਵੀ ਉਖਾੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਉਹ ਲਿਖਦੇ ਹਨ, “ਅਰਦਾਸ ਦੇ ਇਸ ਮਹਾਨ ਆਦਰਸ਼ਕ ਪੱਖ” ਨੂੰ “ਵਿਸ਼ੇਸ਼ ਭੂਗੋਲਿਕ ਇਲਾਕੇ ਅਤੇ ਵਿਸ਼ੇਸ਼ ਮਾਹੌਲ ਵਿਚ ਸਾਕਾਰ ਕਰਨ ਦੀ ਰੀਝ ਵਿਚੋਂ ਹੀ ਖਾਲਿਸਤਾਨ ਦਾ ਸੰਕਲਪ ਹੋਂਦ ਵਿਚ ਆਇਆ ਹੈ।”
ਖਾਲਿਸਤਾਨ ਕੀ ਹੈ ਅਤੇ ਕਿਹੋ ਜਿਹਾ ਹੋਵੇਗਾ, ਇਸ ਬਾਰੇ ਉਹ ਲਿਖਦੇ ਹਨ,
“ਖਾਲਸਾ ਪੰਥ ਦਾ ਰਾਜਸੀ ਨਿਸ਼ਾਨਾ ਸੁਤੰਤਰ ਅਤੇ ਖੁਦਮੁਖਤਾਰ ਸਿੱਖ ਰਾਜ (ੀਨਦeਪeਨਦeਨਟ ਅਨਦ ੰੋਵeਰeਗਿਨ ੰਕਿਹ ੰਟਅਟe) ਕਾਇਮ ਕਰਨਾ ਹੈ, ਜਿਸ ਦਾ ਆਪਣਾ ਜਮਹੂਰੀ ਸੰਵਿਧਾਨ ਹੋਵੇਗਾ। ਖੁਦਮੁਖਤਾਰ ਸਿੱਖ ਰਾਜ ਦੀ ਲੀਡਰਸ਼ਿਪ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਸਿੱਖ ਧਰਮ ਦੇ ‘ਕਿਰਤ ਕਰੋ ਤੇ ਵੰਡ ਕੇ ਛਕੋ’ ਦੇ ਨਿਯਮ ਉਤੇ ਆਧਾਰਿਤ ਹੋਵੇਗੀ, ਪਰ ਇਸ ਵਿਚ ਪੰਜਾਬ ਦੇ ਸਭਿਆਚਾਰ ਲਈ ਮਰ ਮਿਟਣ ਵਾਲੇ ਗੈਰ-ਸਿੱਖਾਂ ਦਾ ਵੀ ਪੂਰਾ-ਪੂਰਾ ਤੇ ਬਰਾਬਰ ਦਾ ਯੋਗਦਾਨ ਹੋਵੇਗਾ।”
ਦੋਵੇਂ ਜੁਝਾਰੂ ਸਿੰਘ ਲਿਖਦੇ ਹਨ ਕਿ ਖਾਲਿਸਤਾਨ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਤੁਰੀਆਂ ਸਮੂਹ ਜਥੇਬੰਦੀਆਂ “ਸਭ ਇਨਸਾਫ ਪਸੰਦ ਮੁਲਕਾਂ, ਕੌਮਾਂ ਤੇ ਸੰਯੁਕਤ ਰਾਸ਼ਟਰ ਨੂੰ ਅਪੀਲ ਕਰਦੀਆਂ ਹਨ ਕਿ ਖਾਲਿਸਤਾਨ ਨੂੰ ਮਾਨਤਾ ਦਿੱਤੀ ਜਾਵੇ ਤਾਂ ਜੋ ਖਾਲਸਾ ਪੰਥ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਕੌਮਾਂਤਰੀ ਅਮਨ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ, ਇਕ ਦੂਜੇ ਮੁਲਕ ਨਾਲ ਚੰਗੇ ਗੁਆਂਢੀਆਂ ਵਾਂਗ ਅਮਨ ਅਤੇ ਸਹਿਣਸ਼ੀਲਤਾ ਵਾਲੇ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਸੰਸਾਰ ਦੇ ਇਤਿਹਾਸ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕੇ।”
ਉਨ੍ਹਾਂ ਦੀ ਸਮਝ ਐਨੀ ਕਮਾਲ ਦੀ ਸੀ ਕਿ ਉਪਰੋਕਤ ਸਤਰ ਦੇ ਨਾਲ ਹੀ ਉਹ ਲਿਖਦੇ ਹਨ, “ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਯੂ. ਐਨ. ਓ. ਦੀ ਸਥਾਪਨਾ ਤੋਂ ਵੀ ਸੈਂਕੜੇ ਸਾਲ ਪਹਿਲਾਂ ਸਾਡੇ ਗੁਰੂਆਂ ਨੇ ‘ਸਰਬੱਤ ਦੇ ਭਲੇ’ ਦੇ ਸੰਕਲਪ ਨੂੰ ਏਨੀ ਵੱਡੀ ਅਹਿਮੀਅਤ ਦਿੱਤੀ ਸੀ ਕਿ ਵਿਅਕਤੀਗਤ ਤੇ ਸਮੂਹਿਕ ਰੂਪ ਵਿਚ ਸਰਬੱਤ ਦੇ ਭਲੇ ਲਈ ਦੁਆ ਕਰਨਾ ਖਾਲਸੇ ਦੀ ਨਿਤਾਪ੍ਰਤੀ ਅਰਦਾਸ ਦਾ ਲਾਜ਼ਮੀ ਅੰਗ ਹੈ।”
ਕਮਾਲ ਦੀ ਗੱਲ ਇਹ ਹੈ ਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਭਾਵੇਂ ਖਾਲਿਸਤਾਨ ਸੰਯੁਕਤ ਰਾਸ਼ਟਰ ਦਾ ਵੀ ਹਿੱਸਾ ਹੋਵੇਗਾ, ਪਰ ਇਹ ਆਪਣੀ ਪ੍ਰੇਰਨਾ ਗੁਰੂ ਸਾਹਿਬਾਨ ਵੱਲੋਂ ਬਖਸ਼ੇ ‘ਸਰਬੱਤ ਦੇ ਭਲੇ’ ਦੇ ਆਸ਼ੇ ਤੋਂ ਪ੍ਰਾਪਤ ਕਰੇਗਾ।
ਇਸ ਇਤਿਹਾਸਕ ਦਸਤਾਵੇਜ਼ ਵਿਚ ਕੌਮੀ ਨਿਸ਼ਾਨੇ ਅਤੇ ਸੰਘਰਸ਼ ਦੀ ਰਣਨੀਤੀ ਬਾਰੇ ਬਹੁਤ ਹੀ ਅਹਿਮ ਗੱਲਾਂ ਦਰਜ ਹਨ, ਪਰ ਇਸ ਦਸਤਾਵੇਜ਼ ਦਾ ਆਖਰੀ ਪੈਰਾ ਬਹੁਤ ਟੁੰਬਵਾਂ ਹੈ। ਇਸ ਨੂੰ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਅਤੇ ਜੁਝਾਰੂਆਂ ਦੇ ਅਡੋਲ ਸਿਦਕ ਅਤੇ ਡੂੰਘੀ ਸਮਝ ਅੱਗੇ ਸਿਰ ਖੁਦ-ਬ-ਖੁਦ ਝੁਕ ਜਾਂਦਾ ਹੈ। ਇਹ ਪੈਰਾ ਕੁਝ ਇਸ ਤਰ੍ਹਾਂ ਹੈ,
“ਖਾਲਸਾ ਜੀ! ਜਦੋਂ ਅਸੀਂ ਖੁੱਲ੍ਹੇ ਅਕਾਸ਼ ਵਿਚ ਰਾਤਾਂ ਕੱਟਦੇ ਹਾਂ ਅਤੇ ਜਦੋਂ ਤਾਰੇ ਹੀ ਸਾਡੇ ਸਾਥੀ ਹੁੰਦੇ ਹਨ, ਉਦੋਂ ਵੀ ਅਸੀਂ ਤੁਹਾਨੂੰ ਹੀ ਯਾਦ ਕਰਦੇ ਹਾਂ। ਅਸੀਂ ਤੁਹਾਡੀ ਕਿਰਪਾ ਨਾਲ ਇਥੇ ਪੁੱਜੇ ਹਾਂ। ਅਸੀਂ ਮੈਦਾਨ-ਏ-ਜੰਗ ਵਿਚ ਜਦੋਂ ਜੂਝ ਰਹੇ ਹੁੰਦੇ ਹਾਂ, ਉਦੋਂ ਵੀ ਤੁਸੀਂ ਹੀ ਸਾਡੀ ਯਾਦ ਵਿਚ ਹੁੰਦੇ ਹੋ। ਅਸੀਂ ਜਿਸ ਪੜਾਅ ਉਤੇ ਲੜਾਈ ਲਿਆਂਦੀ ਹੈ, ਇਹ ਤੁਹਾਡੀ ਹੀ ਬਖਸ਼ਿਸ਼ ਹੈ। ਤੁਸੀਂ ਹੀ ਸਾਡੇ ਉਤੇ ਜਰਨੈਲੀਆਂ, ਕਰਨੈਲੀਆਂ ਅਤੇ ਸਰਦਾਰੀਆਂ ਦੇ ਤਾਜ ਰੱਖੇ ਹਨ। ‘ਰਿਬੇਰੋ ਮੰਨੂੰ’ ਸਾਨੂੰ ਰੋਜ਼ ਮਾਰਦਾ ਹੈ, ਦਰਜਨਾਂ ਨੂੰ ਫੜ ਕੇ ਜੇਲ੍ਹਾਂ ਵਿਚ ਸੁੱਟਦਾ ਹੈ, ਪਰ ਇਹ ਤੁਹਾਡੀ ਹੀ ਕਿਰਪਾ ਹੈ ਕਿ ਸਿੰਘ ਸੋਇਆਂ ਵਾਂਗ ਵਧ ਕੇ ਫਿਰ ਸਾਹਮਣੇ ਆ ਖਲੋਂਦੇ ਹਨ। ਇਹ ਸਭ ਤੁਹਾਡਾ ਹੀ ਅਸ਼ੀਰਵਾਦ ਹੈ। ਅਸੀਂ ਉਸ ਦਿਨ ਦੀ ਉਡੀਕ ਵਿਚ ਹਾਂ, ਜਦੋਂ ਖਾਲਿਸਤਾਨ ਲਈ ਹਰ ਸਿੱਖ ਜੂਝੇਗਾ। ਦੁਬਿਧਾ ਵਿਚ ਨਾ ਪਵੋ ਤੇ ਅੱਗੇ ਵਧੋ।
ਖਾਲਿਸਤਾਨ ਜ਼ਿੰਦਾਬਾਦ॥
ਨੀਲੇ ਘੋੜੇ ਦਾ ਸ਼ਾਹ ਸਵਾਰ ਸਾਡੇ ਤੇ ਤੁਹਾਡੇ ਅੰਗ ਸੰਗ ਹੈ।”
ਕਿਹੜੇ ਸਿੱਖ ਦਾ ਹਿਰਦਾ ਹੋਵੇਗਾ, ਜੋ ਇਨ੍ਹਾਂ ਸਤਰਾਂ ਨੂੰ ਪੜ੍ਹ ਕੇ, ਦੁਬਿਧਾ ਤਿਆਗ ਕੇ ਚੜ੍ਹਦੀ ਕਲਾ ਵਿਚ ਨਾ ਆ ਜਾਵੇ? ਜੁਝਾਰੂ ਸਿੰਘ ਸਪਸ਼ਟ ਬੇਨਤੀ ਕਰਦੇ ਹਨ ਕਿ ਦੁਬਿਧਾ ਛੱਡ ਕੇ ਅੱਗੇ ਵਧੋ, ਪਰ ਅੱਜ ਅਸੀਂ ਦੇਖਦੇ ਹਾਂ ਕਿ ਖਾਲਿਸਤਾਨ ਦੇ ਮੁੱਦੇ ਉਤੇ ਜਾਣ-ਬੁਝ ਕੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਇਹ ਦੁਬਿਧਾ ਸਿਰਫ ਅੱਜ ਨਹੀਂ, ਸਗੋਂ ਲਹਿਰ ਦੇ ਦਿਨਾਂ ਵਿਚ ਵੀ ਪੈਦਾ ਕੀਤੀ ਜਾ ਰਹੀ ਰਹੀ ਸੀ।
ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ 1992 ਦੇ ਸ਼ਹੀਦੀ ਜੋੜ ਮੇਲੇ ਉਤੇ ਫਤਿਹਗੜ੍ਹ ਸਾਹਿਬ ਵਿਖੇ ਜੁੜੀਆਂ ਸੰਗਤਾਂ ਦੇ ਨਾਂ ਸੁਨੇਹਾ ਭੇਜਿਆ ਸੀ। ਇਸ ਸੁਨੇਹੇ ਵਿਚ ਉਹ ਕਹਿੰਦੇ ਹਨ, “ਸਿੱਖਾਂ ਦੇ ਭੇਸ ਵਿਚ ਕੁਝ ਅਧਰਮੀ ਲੋਕਾਂ ਤੇ ਕੁਝ ਅਣਜਾਣ ਬੰਦਿਆਂ ਨੇ, ਖਾਲਸਈ ਰਾਜਨੀਤਿਕ ਨਿਸ਼ਾਨੇ ਬਾਰੇ ਭਰਮ-ਭੁਲੇਖੇ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦੀ ਗੰਦੀ ਸਿਆਸਤ ਦੀ ਸਾਡੇ ਪਵਿੱਤਰ ਨਿਸ਼ਾਨੇ ‘ਤੇ ਚੜ੍ਹੀ ਮੈਲ ਨੂੰ ਧੋਣ ਲਈ ਹਜ਼ਾਰਾਂ ਸਿੰਘਾਂ ਨੇ ਆਪਣੇ ਪਵਿੱਤਰ ਖੂਨ ਦੀ ਵਰਤੋਂ ਕੀਤੀ ਹੈ ਤੇ ਅੱਜ ਉਹ ਨਿਸ਼ਾਨਾ ਫਿਰ ਨਿੱਖਰ ਕੇ ਚਮਕਾਂ ਮਾਰ ਰਿਹਾ ਹੈ।” ਖਾਲਸਈ ਰਾਜਨੀਤਿਕ ਨਿਸ਼ਾਨੇ ਤੋਂ ਉਨ੍ਹਾਂ ਦਾ ਭਾਵ ਖਾਲਿਸਤਾਨ ਹੈ।
ਖਾਲਿਸਤਾਨ ਬਾਰੇ ਸੰਤਾਂ ਦੀ ਪਹੁੰਚ ਨੂੰ ਲੈ ਕੇ ਉਹ ਕਹਿੰਦੇ ਹਨ, “ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੇ ਖਾਲਿਸਤਾਨ ਦੇ ਮਸਲੇ ਬਾਰੇ ਆਪਣੇ ਵਲੋਂ ਕਿਸੇ ਐਲਾਨ ਕਰਨ ਨੂੰ ਮਹੱਤਤਾ ਦਿੰਦੇ ਹਨ ਤਾਂ ਉਸ ਦਾ ਇਹ ਅਰਥ ਨਹੀਂ ਸੀ ਕਿ ਉਹ ਇਸ ਬਾਰੇ ਜੱਕੋ-ਤੱਕੀ ਵਿਚ ਸਨ, ਸਗੋਂ ਉਹ ਇਸ ਸਵਾਲ ਨੂੰ ਹੀ ਫਜ਼ੂਲ ਸਮਝਦੇ ਸਨ, ਜਿਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਉਸ ‘ਤੇ ਪਹਿਰਾ ਦੇ ਰਹੇ ਸਿੰਘਾਂ ਦੇ ਬਾਣੇ ਵਿਚ ਆਪ ਮੁਹਾਰੇ ਦਿਖਾਈ ਦਿੰਦਾ ਹੈ, ਜੋ ਤਖਤਾਂ ਦੇ ਰੂਪ ਵਿਚ ਅੱਜ ਦੇ ਇਤਿਹਾਸ ਦੇ ਰੂਪ ਵਿਚ ਕੱਲ੍ਹ ਦਾ ਸੱਚ ਹੈ, ਉਸ ਬਾਰੇ ਬੋਲਣ ਨੂੰ ਮਹਾਪੁਰਖ ਜ਼ਰੂਰੀ ਨਹੀਂ ਸਨ ਸਮਝਦੇ। ਉਹ ਪ੍ਰਤੱਖ ਨੂੰ ਪ੍ਰਮਾਣ ਲੋੜੀਂਦਾ ਨਹੀਂ ਸਨ ਸਮਝਦੇ।”
ਅੱਗੇ ਚੱਲ ਕੇ ਉਹ ਲਿਖਦੇ ਹਨ, “ਮੈਂ ਇਹ ਸਪਸ਼ਟ ਸੰਕੇਤ ਦੇਣਾ ਚਾਹੁੰਦਾ ਹਾਂ ਕਿ ਅੱਜ ਤੋਂ ਸਿੱਖ ਕੌਮ ਦੀ ਸਿਰਫ ਇੱਕ ਹੀ ਰਾਜਨੀਤਿਕ ਧਿਰ ਦੁਨੀਆਂ ਨੂੰ ਨਜ਼ਰ ਆਉਣੀ ਚਾਹੀਦੀ ਹੈ ਤੇ ਉਹ ਧਿਰ ਹੈ, ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝ ਰਹੀ ਖਾੜਕੂ ਧਿਰ।”
ਉਪਰੋਕਤ ਹਵਾਲਿਆਂ ਤੋਂ ਸਿੱਧ ਹੁੰਦਾ ਹੈ ਕਿ ਜੁਝਾਰੂ ਧਿਰਾਂ ਦੀ ਖਾਲਿਸਤਾਨ ਬਾਰੇ ਪਹੁੰਚ ਸਿੱਧੀ ਅਤੇ ਸਪਸ਼ਟ ਸੀ। ਉਨ੍ਹਾਂ ਨੂੰ ਕੋਈ ਭਰਮ-ਭੁਲੇਖਾ ਨਹੀਂ ਸੀ। ਉਹ ਤਾਂ ਸਗੋਂ ਸੰਗਤਾਂ ਨੂੰ ਭਰਮ-ਭੁਲੇਖੇ ਪੈਦਾ ਕਰਨ ਵਾਲਿਆਂ ਤੋਂ ਸਾਵਧਾਨ ਕਰ ਰਹੇ ਸਨ। ਬਾਬਾ ਮਾਨੋਚਾਹਲ ਵੱਲੋਂ ਜਿਨ੍ਹਾਂ ਅਧਰਮੀ ਲੋਕਾਂ ਵੱਲ ਇਸ਼ਾਰਾ ਕੀਤਾ ਗਿਆ ਹੈ, ਉਸ ਤੋਂ ਇਹ ਭਲੀ-ਭਾਂਤ ਸਾਬਤ ਹੋ ਜਾਂਦਾ ਹੈ ਕਿ ਉਹ ਲੋਕ ਕੌਣ ਸਨ!
ਇਨ੍ਹਾਂ ਦਸਤਾਵੇਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਅੱਜ ਕਈ ਲੋਕ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਲੋਕ ਅਸਿੱਧੇ ਢੰਗ ਨਾਲ ਖਾਲਿਸਤਾਨ ਨੂੰ ਇਹ ਕਹਿ ਕੇ ਰੱਦ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਨੇਸ਼ਨ ਸਟੇਟ ਕਿਉਂਕਿ ਮਾੜੀ ਚੀਜ਼ ਹੈ, ਜਿਸ ਕਾਰਨ ਦੁਨੀਆਂ ਵਿਚ ਅਨੇਕਾਂ ਜੰਗਾਂ ਅਤੇ ਕਤਲੋਗਾਰਤਾਂ ਹੋਈਆਂ, ਇਸ ਕਰ ਕੇ ਸਿੱਖਾਂ ਨੂੰ ਵੀ ਖਾਲਿਸਤਾਨ ਦੇ ਰੂਪ ਵਿਚ ਆਪਣੀ ਨੇਸ਼ਨ ਸਟੇਟ ਨਹੀਂ ਬਣਾਉਣੀ ਚਾਹੀਦੀ, ਪਰ ਇਨ੍ਹਾਂ ਨੇ ਨਾ ਕਦੇ ਨੇਸ਼ਨ ਸਟੇਟ ਦੇ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਇਸ ਦੀ ਆਲੋਚਨਾ ਨੂੰ।
ਅਜਮੇਰ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਜਾਣ-ਬੁਝ ਕੇ ਪੈਦਾ ਕੀਤੀ ਜਾ ਰਹੀ ਇਸ ਦੁਬਿਧਾ ਦੀ ਜੜ੍ਹ ਨੇਸ਼ਨ ਸਟੇਟ ਦੇ ਮਸਲੇ ਬਾਰੇ ਅਧੂਰੀ ਸਮਝ, ਜਾਣ-ਬੁਝ ਕੇ ਫੈਲਾਈ ਗਈ ਗਲਤ ਜਾਣਕਾਰੀ ਅਤੇ ਕੁਝ ਹੱਦ ਤੱਕ ਕੁਝ ਖਾਸ ਲੋਕਾਂ ਦੇ ਬਦਲੇ ਹੋਏ ਸਿਆਸੀ ਗਣਿਤ ਵਿਚ ਪਈ ਹੈ। ਇਸ ਦੁਬਿਧਾ ਅਤੇ ਇਸ ਨਾਲ ਪੈਦਾ ਹੋਣ ਵਾਲੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਨੇਸ਼ਨ ਸਟੇਟ ਦੇ ਖਿਆਲ ਨੂੰ ਡੂੰਘਾਈ ਵਿਚ ਸਮਝਣ ਦੀ ਲੋੜ ਹੈ।
ਨੇਸ਼ਨ ਸਟੇਟ ਕੀ ਹੈ? ਅੱਜ ਕੱਲ੍ਹ ਹਰ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਮੁਲਕ ਨੂੰ ਨੇਸ਼ਨ ਸਟੇਟ ਹੀ ਕਿਹਾ ਜਾਂਦਾ ਹੈ। ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਮੁਲਕ ਬਣਨ ਲਈ ਪੰਜ ਚੀਜ਼ਾਂ ਦੀ ਲੋੜ ਪੈਂਦੀ ਹੈ:
1. ਨਿਸ਼ਾਨ
2. ਸੰਵਿਧਾਨ
3. ਖਾਸ ਭੂਗੋਲਿਕ ਇਲਾਕਾ
4. ਉਸ ਇਲਾਕੇ ਦੀ ਰੱਖਿਆ ਕਰਨ ਲਈ ਫੌਜ
5. ਯੂ. ਐਨ. ਦੀ ਮੈਂਬਰੀ
ਇਸ ਨੂੰ ਨੇਸ਼ਨ ਸਟੇਟ ਕਹੋ ਜਾਂ ਕੁਝ ਹੋਰ, ਫਰਕ ਨਹੀਂ ਪੈਂਦਾ, ਪਰ ਉਪਰੋਕਤ ਪਹਿਲੂਆਂ ਤੋਂ ਬਿਨਾ ਕੋਈ ਆਜ਼ਾਦ, ਪ੍ਰਭੂਸੱਤਾ ਸੰਪੰਨ ਮੁਲਕ ਹੋਂਦ ਵਿਚ ਨਹੀਂ ਆ ਸਕਦਾ। ਸਿੱਖ ਹਲਕਿਆਂ ਵਿਚ ਅਜਮੇਰ ਸਿੰਘ ਵਲੋਂ ਜੋ ਚਲਾਕੀ ਕੀਤੀ ਜਾ ਰਹੀ ਹੈ, ਉਸ ਦੀ ਜੜ੍ਹ ਨੇਸ਼ਨ ਸਟੇਟ ਦੀ ਅਧੂਰੀ ਸਮਝ ਵਿਚ ਪਈ ਹੈ।
ਬੈਨੇਡਿਕਟ ਐਂਡਰਸਨ ਆਪਣੀ ਪੁਸਤਕ ‘ਇਮੈਜਿਨਡ ਕਮਿਊਨਿਟੀਜ਼’ ਵਿਚ ਦੱਸਦਾ ਹੈ ਕਿ ਨੇਸ਼ਨ ਸਟੇਟ ਆਧੁਨਿਕ ਤਕਨਾਲੋਜੀ ਜਿਵੇਂ ਪ੍ਰਿੰਟਿੰਗ ਪ੍ਰੈਸ ਅਤੇ ਸੰਚਾਰ ਦੇ ਨਵੇਂ ਸਾਧਨਾਂ ਤੋਂ ਬਿਨਾ ਹੋਂਦ ਵਿਚ ਨਹੀਂ ਆ ਸਕਦੀ ਸੀ। ਪੱਛਮੀ ਮੁਲਕਾਂ ਨੇ ਸਾਰੀ ਦੁਨੀਆਂ ਉਤੇ ਆਪਣਾ ਬਸਤੀਵਾਦੀ ਰਾਜ ਵੀ ਆਧੁਨਿਕ ਤਕਨਾਲੋਜੀ ਦੇ ਸਹਾਰੇ ਹੀ ਸਥਾਪਤ ਕੀਤਾ ਸੀ। ਜਦੋਂ ਪੱਛਮੀ ਮੁਲਕਾਂ ਨੇ ਬਸਤੀਵਾਦ ਦੇ ਰੂਪ ਵਿਚ ਆਪਣਾ ਰਾਜ ਸਥਾਪਤ ਕਰਨਾ ਸ਼ੁਰੂ ਕੀਤਾ ਤਾਂ ਪੱਛਮੀ ਮੁਲਕਾਂ ਦੀਆਂ ਤਿੰਨ ਚੀਜਾਂ ਸਾਰੀ ਦੁਨੀਆਂ ਉਤੇ ਫੈਲ ਗਈਆਂ,
1. ਲੋਕਤੰਤਰੀ ਰਾਜ ਪ੍ਰਬੰਧ
2. ਪੂੰਜੀਵਾਦ
3. ਆਧੁਨਿਕ ਤਕਨਾਲੋਜੀ
ਇਨ੍ਹਾਂ ਤਿੰਨਾਂ ਨੂੰ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਇਹ ਤਿੰਨੇ ਇੱਕ ਦੂਜੇ ‘ਤੇ ਆਧਾਰਿਤ ਹਨ। ਤਕਨਾਲੋਜੀ ਤੋਂ ਬਿਨਾ ਪੂੰਜੀਵਾਦ ਪੈਦਾ ਨਹੀਂ ਹੋ ਸਕਦਾ ਸੀ; ਤੇ ਨਾ ਹੀ ਸੰਚਾਰ ਦੀਆਂ ਤਕਨੀਕਾਂ ਤੋਂ ਬਿਨਾ ਆਧੁਨਿਕ ਲੋਕਤੰਤਰੀ ਰਾਜ ਪ੍ਰਬੰਧ ਹੀ ਕੰਮ ਕਰ ਸਕਦਾ ਹੈ। ਆਧੁਨਿਕ ਤਕਨਾਲੋਜੀ ਅਜੋਕੇ ਲੋਕਤੰਤਰ ਅਤੇ ਪੂੰਜੀਵਾਦ-ਦੋਹਾਂ ਦਾ ਆਧਾਰ ਹੈ। ਇਸ ਤੋਂ ਬਿਨਾ ਦੋਵੇਂ ਹੋਂਦ ਵਿਚ ਨਹੀਂ ਆ ਸਕਦੇ। ਹੁਣ ਤੱਕ ਦੇ ਵਿਚਾਰਵਾਨਾਂ ਨੇ ਲੋਕਤੰਤਰ, ਨੇਸ਼ਨ ਸਟੇਟ ਅਤੇ ਪੂੰਜੀਵਾਦ ਬਾਰੇ ਤਾਂ ਬਹੁਤ ਕੰਮ ਕੀਤਾ ਹੈ, ਪਰ ਇਹ ਜਿਸ ਤਰ੍ਹਾਂ ਆਧੁਨਿਕ ਤਕਨਾਲੋਜੀ ਵਿਚ ਸਥਾਪਤ ਹਨ, ਉਹਦੇ ਬਾਰੇ ਕੋਈ ਖਾਸ ਚਰਚਾ ਨਹੀਂ ਹੋਈ।
ਖੈਰ, ਇਨ੍ਹਾਂ ਸਾਰੀਆਂ ਤਬਦੀਲੀਆਂ ਦਾ ਸਿੱਟਾ ਅਜੋਕਾ ਸੰਸਾਰ ਹੈ, ਜਿਸ ਵਿਚ ਹਰ ਚੀਜ਼ ਇੱਕ ਦੂਜੀ ਨਾਲ ਅੰਤਰ-ਸਬੰਧਤ ਹੈ। ਨੇਸ਼ਨ ਸਟੇਟ ਅੱਜ ਦੇ ਯੁੱਗ ਦੀ ਸੱਚਾਈ ਹੈ, ਪਰ ਇਹ ਸਦੀਵੀ ਨਹੀਂ ਹੈ। ਇਸ ਆਧਾਰ ਉਤੇ ਨੇਸ਼ਨ ਸਟੇਟ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਤਕਨਾਲੋਜੀ ਵੀ ਸਦੀਵੀ ਨਹੀਂ ਹੈ, ਪਰ ਅਸੀਂ ਇਸ ਨੂੰ ਛੱਡ ਕੇ ਨਹੀਂ ਜਿਉਂ ਸਕਦੇ। ਅਸੀਂ ਇੱਕ ਗੱਲ ਕਰ ਸਕਦੇ ਹਾਂ ਕਿ ਨੇਸ਼ਨ ਸਟੇਟ ਦਾ ਸਰੂਪ ਬਦਲ ਦੇਈਏ ਅਤੇ ਆਪਣਾ ਇਹਦੇ ਨਾਲ ਰਿਸ਼ਤਾ ਬਦਲ ਦੇਈਏ, ਜਿਵੇਂ ਸਾਡਾ ਤਕਨਾਲੋਜੀ ਨਾਲ ਰਿਸ਼ਤਾ ਹੈ। ਅਸੀਂ ਤਕਨਾਲੋਜੀ ਦੇ ਗੁਲਾਮ ਵੀ ਹੋ ਸਕਦੇ ਹਾਂ, ਜਿਵੇਂ ਅੱਜ ਕੱਲ੍ਹ ਦੁਨੀਆਂ ਦਾ ਵੱਡਾ ਹਿੱਸਾ ਹੋ ਚੁਕਾ ਹੈ, ਪਰ ਅਸੀਂ ਤਕਨਾਲੋਜੀ ਨੂੰ ਆਪਣੇ ਆਪ ਉਤੇ ਹਾਵੀ ਹੋਣ ਦਿੱਤੇ ਬਗੈਰ ਵਰਤ ਵੀ ਸਕਦੇ ਹਾਂ। ਇਹ ਔਖਾ ਜ਼ਰੂਰ ਹੈ, ਪਰ ਅਸੰਭਵ ਨਹੀਂ। ਇਵੇਂ ਹੀ ਨੇਸ਼ਨ ਸਟੇਟ ਹੈ।
ਅਜਮੇਰ ਸਿੰਘ ਨੇਸ਼ਨ ਸਟੇਟ ਨੂੰ ਨੈਸ਼ਨਲਿਜ਼ਮ ਨਾਲ ਰਲਗੱਡ ਕਰਦਾ ਹੈ। ਰਾਸ਼ਟਰਵਾਦ ਅਕਸਰ ਮਾੜਾ ਹੀ ਹੁੰਦਾ ਹੈ, ਪਰ ਨੇਸ਼ਨ ਸਟੇਟ ਮਾੜੀ ਵੀ ਹੋ ਸਕਦੀ ਹੈ ਤੇ ਚੰਗੀ ਵੀ। ਜਸਟਿਨ ਟਰੂਡੋ ਨੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅਖਬਾਰ ‘ਨਿਊ ਯਾਰਕ ਟਾਈਮਜ਼’ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਕੈਨੇਡਾ ਫੋਸਟ-ਂਅਟਿਨਅਲ ਂਅਟਿਨ ੰਟਅਟe ਹੈ। ਅੱਜ ਦੇ ਕੈਨੇਡਾ ਵਿਚ ਵੀ ਭਾਵੇਂ ਬਹੁਤ ਸਮੱਸਿਆਵਾਂ ਹਨ ਅਤੇ ਇਹ ਕਿਸੇ ਵੀ ਪਾਸਿਓਂ ਆਦਰਸ਼ਕ ਰਾਜ ਨਹੀਂ ਹੈ, ਪਰ ਰਾਸ਼ਟਰਵਾਦ ਉਤੇ ਘੱਟ ਜ਼ੋਰ ਦੇਣ ਦੇ ਸਿੱਟੇ ਵਜੋਂ ਇਹ ਬਾਕੀ ਪੱਛਮੀ ਮੁਲਕਾਂ, ਖਾਸ ਕਰਕੇ ਅਮਰੀਕਾ, ਨਾਲੋਂ ਕਿਤੇ ਬਿਹਤਰ ਹੈ। ਸੋ ਮਾੜਾ ਰਾਸ਼ਟਰਵਾਦ ਹੈ, ਨਾ ਕਿ ਨੇਸ਼ਨ ਸਟੇਟ। ਅੱਜ ਕੱਲ੍ਹ ਹਰ ਆਜ਼ਾਦ ਮੁਲਕ ਨੇਸ਼ਨ ਸਟੇਟ ਹੈ। ਇਹ ਤਾਂ ਕਿਸੇ ਨੇਸ਼ਨ ਸਟੇਟ ਦੇ ਆਗੂਆਂ ‘ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਉਸ ਮੁਲਕ ਦੇ ਰਾਜ-ਪ੍ਰਬੰਧ ਨੂੰ ਕਿਵੇਂ ਚਲਾਉਣਾ ਹੈ। ਨੇਸ਼ਨ ਸਟੇਟ ਆਦਰਸ਼ਕ ਰਾਜ-ਪ੍ਰਬੰਧ ਨਹੀਂ, ਪਰ ਜੇ ਕਿਸੇ ਨੇਸ਼ਨ ਸਟੇਟ ਨੂੰ ਗੁਰਬਾਣੀ ਦੀ ਵਿਸ਼ਵ-ਦ੍ਰਿਸ਼ਟੀ ਦੇ ਅਨੁਸਾਰ ਚਲਾਇਆ ਜਾਵੇ ਤਾਂ ਉਸ ਵਿਚੋਂ ਬਰਾਬਰੀ, ਇਨਸਾਫ ਅਤੇ ਸਾਂਝੀਵਾਲਤਾ ਦੀ ਝਲਕ ਮਿਲੇਗੀ।
ਵੱਖੋ-ਵੱਖਰੀਆਂ ਨੇਸ਼ਨ ਸਟੇਟਾਂ ਵੱਖੋ-ਵੱਖਰੇ ਸਿਧਾਂਤਾਂ ਉਤੇ ਆਧਾਰਿਤ ਹੋ ਸਕਦੀਆਂ ਹਨ। ਨੇਸ਼ਨ ਸਟੇਟ ਆਪਣੇ ਆਪ ਵਿਚ ਕੋਈ ਸਿਧਾਂਤ ਨਹੀਂ ਹੈ। ਜਿਵੇਂ ਸੋਵੀਅਤ ਸੰਘ ਵੀ ਨੇਸ਼ਨ ਸਟੇਟ ਸੀ ਅਤੇ ਅਮਰੀਕਾ ਵੀ ਨੇਸ਼ਨ ਸਟੇਟ ਸੀ ਅਤੇ ਹੈ, ਪਰ ਦੋਹਾਂ ਦੀ ਵਿਚਾਰਧਾਰਾ ਵੱਖ-ਵੱਖ ਸੀ। ਸੋਵੀਅਤ ਸੰਘ ਸਮਾਜਵਾਦੀ ਸੀ ਤੇ ਅਮਰੀਕਾ ਪੂੰਜੀਵਾਦੀ। ਨੇਸ਼ਨ ਸਟੇਟ ਲੋਕਾਂ ਨੂੰ ਮਾਰਨ ਦਾ ਸੰਦ ਵੀ ਬਣ ਸਕਦੀ ਹੈ ਅਤੇ ਨੇਸ਼ਨ ਸਟੇਟ ਨੂੰ ਲੋਕਾਂ ਦੀ ਭਲਾਈ ਲਈ ਵੀ ਵਰਤਿਆ ਜਾ ਸਕਦਾ ਹੈ। ਜੇ ਸਿੱਖਾਂ ਦੀ ਨੇਸ਼ਨ ਸਟੇਟ ਬਣਦੀ ਹੈ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ-ਦ੍ਰਿਸ਼ਟੀ ਉਤੇ ਆਧਾਰਿਤ ਹੋਵੇਗੀ, ਕਿਸੇ ਮੰਗਵੀਂ ਵਿਚਾਰਧਾਰਾ ਉਤੇ ਨਹੀਂ। ਇਸ ਗੱਲ ਬਾਰੇ ਜੁਝਾਰੂ ਧਿਰਾਂ ਨੂੰ ਕੋਈ ਭੁਲੇਖਾ ਨਹੀਂ ਸੀ।
ਬਸਤੀਵਾਦ ਤੋਂ ਪਹਿਲਾਂ ਦੇ ਬਹੁਤੇ ਰਾਜ ਇੱਕਪੁਰਖੀ ਸਨ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇੱਕਪੁਰਖੀ ਸੀ। ਬਹੁਤੇ ਇੱਕਪੁਰਖੀ ਰਾਜ ਨਾ ਤਾਂ ਮੁਕੰਮਲ ਬਰਾਬਰੀ ਉਤੇ ਆਧਾਰਿਤ ਸਨ ਅਤੇ ਨਾ ਹੀ ਉਨ੍ਹਾਂ ਵਿਚ ਪੂਰਾ ਇਨਸਾਫ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕਪੁਰਖੀ ਹੋਣ ਦੇ ਬਾਵਜੂਦ ਉਸ ਵੇਲੇ ਦੇ ਲਗਪਗ ਸਾਰੇ ਰਾਜਾਂ ਨਾਲੋਂ ਵੱਧ ਬਰਾਬਰੀ ਅਤੇ ਇਨਸਾਫ ਨੂੰ ਆਪਣੇ ਅਮਲ ਵਿਚ ਉਤਾਰਨ ਵਿਚ ਕਾਮਯਾਬ ਹੋਇਆ। ਜੇ ਉਹ ਰਾਜ ਇੱਕਪੁਰਖੀ ਨਾ ਹੁੰਦਾ ਜਿਵੇਂ ਸ਼ ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਚਾਹੁੰਦੇ ਸਨ ਤਾਂ ਉਹ ਰਾਜ ਹੋਰ ਵੀ ਬਿਹਤਰ ਹੋਣਾ ਸੀ, ਪਰ ਇੱਕਪੁਰਖੀ ਹੋਣ ਦੇ ਬਾਵਜੂਦ ਉਸ ਰਾਜ ਵਿਚ ਬਹੁਤ ਅਜਿਹੇ ਗੁਣ ਸਨ, ਜੋ ਬਹੁਤੇ ਰਾਜਾਂ ਵਿਚ ਅੱਜ ਵੀ ਨਹੀਂ ਮਿਲਦੇ।
ਸਿੱਖ ਪਰੰਪਰਾ ਦਾ ਵੱਡਾ ਗੁਣ ਇਹ ਹੈ ਕਿ ਸਿੱਖੀ ਵਿਚ ਅਧੂਰੀਆਂ ਚੀਜ਼ਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਦਾ ਅਸਲੀ ਸਰੂਪ ਬਹਾਲ ਕੀਤਾ ਜਾਂਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਇੱਕਪੁਰਖੀ ਰਾਜ ਨਾਲ ਕੀਤਾ। ਉਸ ਨੇ ਦੱਸ ਦਿੱਤਾ ਕਿ ਅਸਲੀ ਧਰਮੀ ਰਾਜਾ ਕਿਹੋ ਜਿਹਾ ਹੁੰਦਾ ਹੈ। ਉਸ ਨੇ ਇੱਕਪੁਰਖੀ ਰਾਜ ਦਾ ਸਭ ਤੋਂ ਵਧੀਆ ਰੂਪ ਅਮਲ ਵਿਚ ਲਿਆ ਕੇ ਦਿਖਾਇਆ। ਅਜਿਹਾ ਸਿੱਖੀ ਦੀ ਬਖਸ਼ਿਸ਼ ਕਰ ਕੇ ਹੀ ਸੰਭਵ ਹੋ ਸਕਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗੁਰਬਾਣੀ ਦੀ ਵਿਸ਼ਵ-ਦ੍ਰਿਸ਼ਟੀ ਵਿਚੋਂ ਆਪਣੀ ਪ੍ਰੇਰਨਾ ਪ੍ਰਾਪਤ ਕਰ ਰਿਹਾ ਸੀ। ਉਹ ਰਾਜ ਸਥਾਪਤ ਹੋਣ ਤੋਂ ਪਹਿਲਾਂ ਸਿੱਖਾਂ ਨੇ ਇਹ ਫਜ਼ੂਲ ਬਹਿਸ ਨਹੀਂ ਛੇੜੀ ਕਿ ਜੇ ਰਾਜ ਇੱਕਪੁਰਖੀ ਹੀ ਹੋਣਾ ਹੈ ਤਾਂ ਉਸ ਦਾ ਕੋਈ ਫਾਇਦਾ ਨਹੀਂ। ਰਾਜ ਦਾ ਇੱਕਪੁਰਖੀ ਸਰੂਪ ਭਾਵੇਂ ਗੁਰਬਾਣੀ ਦਾ ਅਨੁਸਾਰੀ ਨਹੀਂ ਸੀ, ਪਰ ਉਸ ਰਾਜ ਦੇ ਅਮਲ ਵਿਚ ਗੁਰਬਾਣੀ ਦਾ ਅਸਰ ਜ਼ਰੂਰ ਸੀ।
ਇਸੇ ਤਰ੍ਹਾਂ ਹੀ ਨੇਸ਼ਨ ਸਟੇਟ ਹੈ। ਜੇ ਸਿੱਖਾਂ ਨੂੰ ਖਾਲਿਸਤਾਨ ਦੇ ਰੂਪ ਵਿਚ ਵੱਖਰਾ ਮੁਲਕ ਮਿਲਦਾ ਹੈ ਤਾਂ ਸਿੱਖੀ ਦੀ ਬਖਸ਼ਿਸ਼ ਨਾਲ ਨੇਸ਼ਨ ਸਟੇਟ ਦਾ ਅਧੂਰਾ ਸੰਕਲਪ ਵੀ ਪੂਰਨਤਾ ਹਾਸਲ ਕਰਨ ਵੱਲ ਵਧੇਗਾ। ਇਸ ਨੂੰ ਰੱਦ ਕਰਨਾ ਸਿੱਖੀ ਦਾ ਰਾਹ ਨਹੀਂ। ਇਸ ਨੂੰ ਪੂਰਾ ਕਰਨਾ ਸਿੱਖੀ ਦਾ ਰਾਹ ਹੈ। ਅੱਜ ਦੁਨੀਆਂ ਨੂੰ ਲੋੜ ਨਵੀਂ ਕਿਸਮ ਦੇ ਰਾਜ-ਪ੍ਰਬੰਧ ਦੀ ਹੈ। ਗੁਰਬਾਣੀ ਵਿਚ ਇਸ ਦੀਆਂ ਅਨੰਤ ਸੰਭਾਵਨਾਵਾਂ ਮੌਜੂਦ ਹਨ। ਲੋੜ ਇਨ੍ਹਾਂ ਸੰਭਾਵਨਾਵਾਂ ਨੂੰ ਅਮਲ ਵਿਚ ਲਿਆਉਣ ਦੀ ਹੈ, ਜੋ ਆਜ਼ਾਦ ਮੁਲਕ ਤੋਂ ਬਿਨਾ ਸੰਭਵ ਨਹੀਂ।
ਨੇਸ਼ਨ ਸਟੇਟ ਦੇ ਵਿਚਾਰ ਦਾ ਵਿਰੋਧ ਆਮ ਕਰਕੇ ਮਾਰਕਸਵਾਦੀ ਵਿਦਵਾਨ ਕਰਦੇ ਹਨ, ਕਿਉਂਕਿ ਮਾਰਕਸ ਅਨੁਸਾਰ ਪੂਰਨ ਕ੍ਰਾਂਤੀ ਸਿਰਫ ਉਦੋਂ ਹੀ ਸੰਭਵ ਹੈ, ਜਦੋਂ ਸਾਰੀ ਦੁਨੀਆਂ ਉਤੇ ਇੱਕੋ ਸਮਾਜਵਾਦੀ ਰਾਜ ਸਥਾਪਤ ਹੋ ਗਿਆ। ਮਾਰਕਸਵਾਦ ਅਨੁਸਾਰ ਵੱਖੋ-ਵੱਖਰੇ ਮੁਲਕਾਂ ਦੀ ਹੋਂਦ ਸਦੀਵੀ ਨਹੀਂ ਅਤੇ ਅੰਤ ਨੂੰ ਸਾਰੇ ਇੱਕੋ ਪ੍ਰਬੰਧ ਦਾ ਹਿੱਸਾ ਬਣ ਜਾਣਗੇ, ਪਰ ਅਜਿਹਾ ਹੋ ਨਹੀਂ ਸਕਿਆ। ਦੂਜੀ ਸੰਸਾਰ ਜੰਗ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਹੋਂਦ ਵਿਚ ਆਉਣ ਨਾਲ ਵੱਖੋ-ਵੱਖਰੇ ਮੁਲਕਾਂ ਵਾਲਾ ਪ੍ਰਬੰਧ ਦੁਨੀਆਂ ਉਤੇ ਹਾਵੀ ਹੋ ਗਿਆ। ਇਸ ਪ੍ਰਬੰਧ ਦਾ ਦਾਰਸ਼ਨਿਕ ਆਧਾਰ ਸਭਿਆਚਾਰਕ ਵੰਨ-ਸਵੰਨਤਾ ਦੀ ਪ੍ਰਵਾਨਗੀ ਵਿਚ ਪਿਆ ਹੈ।
ਦੂਜੀ ਸੰਸਾਰ ਜੰਗ ਪਿਛੋਂ ਯੂਰਪੀ ਵਿਚਾਰਕਾਂ ਨੇ ਵੰਨ-ਸਵੰਨਤਾ ਵਿਰੋਧੀ ਹਰ ਵਿਚਾਰ ਨੂੰ ਭੰਨਿਆ। ਉਨ੍ਹਾਂ ਨੇ ਦੱਸਿਆ ਕਿ ਦੁਨੀਆਂ ਉਤੇ ਹੁੰਦੇ ਜ਼ੁਲਮ ਦੀ ਜੜ੍ਹ ਕਿਸੇ ਨਾ ਕਿਸੇ ਮਹਾਬਿਰਤਾਂਤ (ੰeਟਅਨਅਰਰਅਟਵਿe) ਵਿਚ ਲੱਗੀ ਹੁੰਦੀ ਹੈ। ਸਮਾਜਵਾਦ ਅਤੇ ਪੂੰਜੀਵਾਦ-ਦੋਵੇਂ ਮਹਾਬਿਰਤਾਂਤ ਹਨ, ਜੋ ਇੱਕਵਾਦੀ ਵਿਚਾਰਧਾਰਾ ਦੇ ਅਨੁਸਾਰ ਚੱਲਦੇ ਹਨ। ਇੱਕਵਾਦੀ ਵਿਚਾਰ ਉਹ ਹੁੰਦਾ ਹੈ, ਜਿਸ ਅਨੁਸਾਰ ਸਿਰਫ ਇੱਕੋ ਸਿਧਾਂਤ ਅਤੇ ਇੱਕੋ ਸਮਾਜਕ-ਰਾਜਨੀਤਿਕ ਸੰਗਠਨ ਹੀ ਸਹੀ ਹੋ ਸਕਦਾ ਹੈ। ਬਾਕੀ ਸਾਰੇ ਗਲਤ ਹੁੰਦੇ ਹਨ। ਡਾ. ਗੁਰਭਗਤ ਸਿੰਘ ਨੇ ਦੱਸਿਆ ਹੈ ਕਿ ਦੱਖਣੀ ਏਸ਼ੀਆ ਵਿਚ ਇਸਲਾਮ ਅਤੇ ਬ੍ਰਾਹਮਣਵਾਦ ਵੀ ਇੱਕਵਾਦੀ ਵਿਚਾਰਧਾਰਾਵਾਂ ਦੀਆਂ ਵੰਨਗੀਆਂ ਹਨ। ਇਨ੍ਹਾਂ ਦੇ ਉਲਟ ਸਿੱਖੀ ਵਿਚ ਵੰਨ-ਸਵੰਨਤਾ ਦੀ ਪ੍ਰਵਾਨਗੀ ਵੀ ਹੈ ਅਤੇ ਇਸ ਦੀ ਪ੍ਰਫੁੱਲਤਾ ਲਈ ਢੁੱਕਵੇਂ ਹਾਲਾਤ ਪੈਦਾ ਕਰਨ ਦੀ ਸਮਰੱਥਾ ਵੀ ਹੈ। ਸਿੱਖੀ ਵਿਚ ‘ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ’ ਦੀ ਬਿਰਤੀ ਪ੍ਰਧਾਨ ਹੈ, ਜਦਕਿ ਇੱਕਵਾਦੀ ਵਿਚਾਰਧਾਰਾਵਾਂ ਦੂਜੇ ਨੂੰ ਮਾਨਤਾ ਹੀ ਨਹੀਂ ਦਿੰਦੀਆਂ।
ਇਨ੍ਹਾਂ ਉਤਰ-ਆਧੁਨਿਕ ਵਿਚਾਰਾਂ ਨੂੰ ਰੱਦ ਕਰਨ ਦੇ ਮਨਸ਼ੇ ਨਾਲ ਸੰਨ 2000 ਵਿਚ ਦੋ ਮਾਰਕਸਵਾਦੀ ਵਿਦਵਾਨਾਂ-ਐਨਤੋਨੀਓ ਨੇਗਰੀ ਅਤੇ ਮਾਇਕਲ ਹਾਰਟ ਨੇ ‘ਐਮਪਾਇਰ’ ਨਾਂ ਦੀ ਪੁਸਤਕ ਲਿਖੀ। ਇਸ ਵਿਚ ਉਨ੍ਹਾਂ ਨੇ ਕਿਹਾ ਕਿ ਨਵਉਦਾਰਵਾਦੀ ਵਿਸ਼ਵੀਕਰਨ ਪਿਛੋਂ ਨੇਸ਼ਨ ਸਟੇਟ ਦਾ ਖਾਤਮਾ ਹੋ ਰਿਹਾ ਹੈ ਅਤੇ ਸੰਸਾਰ ਹੁਣ ਇੱਕੋ ਅੰਤਰਜਾਲ ਵਿਚ ਬੱਝ ਚੁਕਾ ਹੈ। ਇਸ ਕਿਤਾਬ ਨੇ ਭਰਵੀਂ ਬਹਿਸ ਛੇੜੀ, ਪਰ ਅੱਜ ਇਹ ਸਾਬਤ ਹੋ ਚੁਕਾ ਹੈ ਕਿ ਨੇਸ਼ਨ ਸਟੇਟ ਖਤਮ ਹੋਣ ਦੀ ਥਾਂ ਹੋਰ ਮਜ਼ਬੂਤ ਹੋ ਗਈ ਹੈ। ਇਸੇ ਕਿਤਾਬ ਦੇ ਪ੍ਰਭਾਵ ਅਧੀਨ ਸਿੱਖਾਂ ਬਾਰੇ ਲਿਖਣ ਵਾਲੇ ਕੁਝ ਵਿਦਵਾਨ, ਜਿਵੇਂ ਜਿਓਰਜੀਓ ਸ਼ਾਨੀ ਅਤੇ ਸਿੰਥੀਆ ਮਹਿਮੂਦ ਵੀ ਕਹਿਣ ਲੱਗ ਪਏ ਸਨ ਕਿ ਸਿੱਖਾਂ ਨੂੰ ਖਾਲਿਸਤਾਨ ਦੀ ਮੰਗ ਨਹੀਂ ਕਰਨੀ ਚਾਹੀਦੀ, ਕਿਉਂਕਿ ਹੁਣ ਨੇਸ਼ਨ ਸਟੇਟ ਦਾ ਵਿਚਾਰ ਵੇਲਾ ਵਿਹਾ ਚੁਕਾ ਹੈ, ਪਰ ਸਮੇਂ ਨੇ ਉਨ੍ਹਾਂ ਨੂੰ ਗਲਤ ਸਾਬਤ ਕੀਤਾ ਹੈ (2014 ਵਿਚ ਨਿਊ ਯਾਰਕ ਵਿਚ ਇੱਕ ਕਾਨਫਰੰਸ ਦੌਰਾਨ ਮੈਂ ਜਿਓਰਜੀਓ ਸ਼ਾਨੀ ਨਾਲ ਇਸ ਮੁੱਦੇ ‘ਤੇ ਗੱਲ ਕੀਤੀ ਸੀ, ਜਿਸ ਦੌਰਾਨ ਉਸ ਨੇ ਇਹ ਗਲਤੀ ਮੰਨੀ ਵੀ ਸੀ)।
ਅਜਮੇਰ ਸਿੰਘ ਵੀ ਨੇਸ਼ਨ ਸਟੇਟ ਦੇ ਵਿਚਾਰ ਦਾ ਵਿਰੋਧ ਆਪਣੇ ਮਾਰਕਸਵਾਦੀ ਝੁਕਾਅ ਵਿਚੋਂ ਕਰਦਾ ਹੈ। ਉਸ ਵਲੋਂ ਲੁਕਵੇਂ ਢੰਗ ਨਾਲ ਸਿੱਖਾਂ ਨੂੰ ਆਪਣੀ ਆਜ਼ਾਦੀ ਦੀ ਲੜਾਈ ਛੱਡ ਕੇ ਭਾਰਤ ਦੇ ਹੋਰਨਾਂ ਹਾਸ਼ੀਆਗਤ ਵਰਗਾਂ ਨਾਲ ਮਿਲ ਕੇ ਭਾਰਤ ਦੀ ਮੁੜ-ਉਸਾਰੀ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਪ੍ਰਾਜੈਕਟ ਅਸਲ ਵਿਚ ਸਿੱਖਾਂ ਨੂੰ ਭਾਰਤ ਦੀ ਲਿਬਰਲ-ਸੈਕੂਲਰ ਸਿਆਸਤ ਦਾ ਲਘੂ ਅੰਗ ਬਣਾ ਕੇ ਰੱਖ ਦੇਵੇਗਾ। ਕਸ਼ਮੀਰ ਅਤੇ ਹੋਰਨਾਂ ਹਿੱਸਿਆਂ ਵਿਚ ਆਪਣੀ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਅਜਿਹੇ ਦਬਾਅ ਹੇਠ ਨਹੀਂ ਆਉਂਦੀਆਂ। ਅਜਮੇਰ ਸਿੰਘ ਦੀ ਚਲਾਕੀ ਇਸ ਗੱਲ ਵਿਚ ਹੈ ਕਿ ਉਪਰੋਂ ਤਾਂ ਭਾਵੇਂ ਉਹ ਇਹ ਪ੍ਰਭਾਵ ਦਿੰਦਾ ਹੈ ਕਿ ਉਹ ਆਧੁਨਿਕ ਮਹਾਬਿਰਤਾਂਤਾਂ ਦੇ ਵਿਰੋਧ ਵਿਚ ਹੈ, ਪਰ ਅੰਦਰਖਾਤੇ ਸਿੱਖਾਂ ਦੀ ਸਿਆਸੀ ਸਰਗਰਮੀ ਨੂੰ ਉਸੇ ਦਿਸ਼ਾ ਵੱਲ ਧੱਕ ਰਿਹਾ ਹੈ।
ਉਪਰੋਕਤ ਖਿਆਲ ਦੇ ਪੱਖ ਵਿਚ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਖਾਲਸਾ ਹਮੇਸ਼ਾ ਮਜ਼ਲੂਮ ਨਾਲ ਖੜ੍ਹਦਾ ਹੈ, ਇਸ ਲਈ ਸਿੱਖਾਂ ਨੂੰ ਭਾਰਤ ਦੇ ਸਾਰੇ ਅਜਿਹੇ ਵਰਗਾਂ, ਜਿਨ੍ਹਾਂ ਨੂੰ ਹਾਸ਼ੀਏ ਉਤੇ ਧੱਕਿਆ ਗਿਆ ਹੈ, ਨਾਲ ਸਾਂਝਾ ਮੋਰਚਾ ਬਣਾ ਕੇ ਲੜਨਾ ਚਾਹੀਦਾ ਹੈ। ਇਹ ਠੀਕ ਹੈ ਕਿ ਖਾਲਸਾ ਮਜ਼ਲੂਮ ਦੀ ਰੱਖਿਆ ਕਰਦਾ ਹੈ, ਪਰ ਸਿਰਫ ਉਦੋਂ, ਜਦੋਂ ਮਜ਼ਲੂਮ ਉਸ ਦੀ ਸ਼ਰਨ ਵਿਚ ਆਵੇ। ਖਾਲਸੇ ਲਈ ਆਪਣੀ ਆਜ਼ਾਦੀ ਦੀ ਲੜਾਈ ਛੱਡ ਕੇ ਹੋਰਨਾਂ ਮਸਲਿਆਂ ਵਿਚ ਉਲਝਣਾ ਜ਼ਰੂਰੀ ਨਹੀਂ। ਖਾਲਸੇ ਦੀ ਆਪਣੀ ਆਜ਼ਾਦੀ ਦੀ ਲੜਾਈ ਵੀ ਹਰ ਮਜ਼ਲੂਮ ਦੀ ਲੜਾਈ ਨਾਲ ਮੁੱਢੋਂ ਸੁੱਢੋਂ ਜੁੜੀ ਹੋਈ ਹੈ, ਕਿਉਂਕਿ ਖਾਲਸੇ ਨੇ ਅਜਿਹਾ ਰਾਜ-ਪ੍ਰਬੰਧ ਸਿਰਜਣਾ ਹੈ, ਜਿਥੇ ਕਿਸੇ ਨਾਲ ਵੀ ਬੇਇਨਸਾਫੀ ਨਾ ਹੋਵੇ।
ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਗੁਲਾਮ ਕੌਮਾਂ ਤੋਂ ਇਹ ਮੰਗ ਕਰਨੀ ਜਾਇਜ਼ ਨਹੀਂ ਕਿ ਪਹਿਲਾਂ ਉਹ ਨੇਸ਼ਨ ਸਟੇਟ ਦੇ ਵਿਚਾਰ ਦਾ ਬਦਲ ਪੇਸ਼ ਕਰਨ, ਫਿਰ ਹੀ ਉਹ ਆਜ਼ਾਦੀ ਮੰਗਣ ਦੀਆਂ ਹੱਕਦਾਰ ਹੋਣਗੀਆਂ। ਇਸ ਤਰ੍ਹਾਂ ਤਾਂ ਕਸ਼ਮੀਰ ਅਤੇ ਫਲਸਤੀਨ ਦਾ ਸੰਘਰਸ਼ ਵੀ ਰੱਦ ਹੋ ਜਾਵੇਗਾ। ਹਰ ਗੁਲਾਮ ਕੌਮ ਲਈ ਆਜ਼ਾਦੀ ਪ੍ਰਾਪਤ ਕਰਨਾ ਹੀ ਪਹਿਲਾ ਕਾਰਜ ਹੁੰਦਾ ਹੈ। ਆਜ਼ਾਦੀ ਪ੍ਰਾਪਤੀ ਪਿਛੋਂ ਉਹ ਆਪਣੇ ਮੁਲਕ ਨੂੰ ਕਿਵੇਂ ਚਲਾਉਂਦੇ ਹਨ, ਉਤੇ ਸੁਆਲ ਖੜ੍ਹੇ ਕੀਤੇ ਜਾ ਸਕਦੇ ਹਨ, ਪਰ ‘ਨੇਸ਼ਨ ਸਟੇਟ ਸਦਾ ਹੀ ਮਾੜੀ ਹੁੰਦੀ ਹੈ’, ਵਰਗੇ ਆਧਾਰ ਉਤੇ ਕਿਸੇ ਦੀ ਆਜ਼ਾਦੀ ਦੀ ਮੰਗ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਨੇਸ਼ਨ ਸਟੇਟ ਕੋਈ ਵਿਚਾਰਧਾਰਾ ਨਹੀਂ, ਜੋ ਸਿੱਖੀ ਸਿਧਾਂਤਾਂ ਦੀ ਸ਼ਰੀਕ ਬਣ ਜਾਵੇ। ਨੇਸ਼ਨ ਸਟੇਟ ਤਾਂ ਆਪਣੀ ਰਾਜਨੀਤਕ ਆਜ਼ਾਦੀ ਨੂੰ ਅਮਲ ਵਿਚ ਲਿਆਉਣ ਦਾ ਚੌਖਟਾ ਮਾਤਰ ਹੈ, ਜਿਸ ਦੀਆਂ ਕੁਝ ਸੀਮਾਵਾਂ ਤਾਂ ਹਨ, ਪਰ ਜਿਹੜਾ ਕਿਸੇ ਵਿਸ਼ਵ-ਦ੍ਰਿਸ਼ਟੀ ਨੂੰ ਪੂਰੀ ਤਰ੍ਹਾਂ ਕੈਦ ਨਹੀਂ ਕਰ ਸਕਦਾ। ਜੇ ਸਿੱਖਾਂ ਨੂੰ ਆਪਣੀ ਨੇਸ਼ਨ ਸਟੇਟ ਮਿਲਦੀ ਹੈ ਤਾਂ ਉਨ੍ਹਾਂ ਨੂੰ ਗੁਰਬਾਣੀ ਵਿਚਲੀ ਵਿਸ਼ਵ-ਦ੍ਰਿਸ਼ਟੀ ਨੂੰ ਅਭਿਆਸ ਵਿਚ ਲਿਆਉਣ ਦਾ ਮੌਕਾ ਮਿਲੇਗਾ। ਇਸ ਇਤਿਹਾਸਕ ਹੋਣੀ ਦਾ ਵਿਰੋਧ ਕਰਨ ਵਾਲੇ ਅੱਜ ਭਾਵੇਂ ਜਿੰਨੇ ਮਰਜ਼ੀ ਭੁਲੇਖੇ ਪੈਦਾ ਕਰ ਲੈਣ, ਅੰਤ ਨੂੰ ਉਨ੍ਹਾਂ ਦਾ ਦੰਭ ਸਾਹਮਣੇ ਆ ਹੀ ਜਾਣਾ ਹੈ।
ਅੰਤ ਵਿਚ ਅਜਮੇਰ ਸਿੰਘ ਦੇ ਹਮਾਇਤੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਇਨ੍ਹਾਂ ਗੱਲਾਂ ਬਾਰੇ ਗੰਭੀਰਤਾ ਨਾਲ ਸੋਚਣ। ਵੈਸੇ ਤਾਂ ਅਜਮੇਰ ਸਿੰਘ ਨੇ ਆਪਣੇ ਵਿਚਾਰਾਂ ਨੂੰ ਕਿਤਾਬਾਂ ਅਤੇ ਭਾਸ਼ਣਾਂ ਦੇ ਜ਼ਰੀਏ ਜਨਤਕ ਕੀਤਾ ਹੈ, ਇਸ ਲਈ ਇਨ੍ਹਾਂ ਬਾਰੇ ਉਠਦੇ ਸੁਆਲਾਂ ਦੇ ਜੁਆਬ ਵੀ ਉਨ੍ਹਾਂ ਨੂੰ ਜਨਤਕ ਤੌਰ ਉਤੇ ਹੀ ਦੇਣੇ ਚਾਹੀਦੇ ਹਨ, ਪਰ ਜੇ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਹਉਮੈ ਨੂੰ ਸੱਟ ਵੱਜਦੀ ਹੈ ਤਾਂ ਮੇਰੀ ਬੇਨਤੀ ਹੈ ਕਿ ਉਨ੍ਹਾਂ ਦੇ ਸਮਰਥਕ ਇੱਕ ਵਾਰ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਮਿਲ ਕੇ ਜਾਂ ਫੋਨ ਕਰ ਕੇ ਇਹ ਜ਼ਰੂਰ ਪੁੱਛ ਲੈਣ ਕਿ ਉਹ ਜੁਝਾਰੂ ਸਿੰਘਾਂ ਵਲੋਂ ਮਿਥੇ ਨਿਸ਼ਾਨੇ, ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਰਾਜ ਖਾਲਿਸਤਾਨ, ਜੋ ਯੂ. ਐਨ. ਦਾ ਮੈਂਬਰ ਵੀ ਹੋਵੇ, ਨਾਲ ਸਹਿਮਤ ਹਨ ਜਾਂ ਨਹੀਂ? ਅਜਿਹਾ ਕਰਨ ਨਾਲ ਕਈ ਭਰਮ-ਭੁਲੇਖੇ ਦੂਰ ਹੋ ਸਕਦੇ ਹਨ ਅਤੇ ਸੋਸ਼ਲ ਮੀਡੀਆ ਉਤੇ ਚੱਲ ਰਹੇ ਵਿਵਾਦ ਦਾ ਅੰਤ ਹੋ ਸਕਦਾ ਹੈ।