ਲੋਕ ਧਾਰਾ ਦਾ ਠਾਠਾਂ ਮਾਰਦਾ ਸਮੁੰਦਰ

ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਬੜਾ ਅਹਿਮ ਨਾਂ ਹੈ। ਉਹਨੇ ਰਜਸਥਾਨੀ ਲੋਕ ਕਹਾਣੀ ਇਕੱਠੀਆਂ ਕੀਤੀਆਂ। ਇਸ ਤੋਂ ਇਲਾਵਾ ਮੌਲਿਕ ਕਹਾਣੀ ਦੀ ਰਚਨਾ ਵੀ ਕੀਤੀ। ‘ਪੰਜਾਬ ਟਾਈਮਜ਼’ ਦੇ ਖਾਸ ਸਨੇਹੀ ਡਾ. ਹਰਪਾਲ ਸਿੰਘ ਪੰਨੂ ਨੇ ਉਸ ਦੀਆਂ ਇਕੱਠੀਆਂ ਕੀਤੀਆਂ ਰਾਜਸਥਾਨੀ ਲੋਕ ਕਹਾਣੀਆਂ ਨੂੰ ਪੰਜਾਬੀ ਰੂਪ ਦਿੱਤਾ ਹੈ। ਅਗਲੇ ਅੰਕਾਂ ਵਿਚ ਅਸੀਂ ਇਹ ਲੋਕ ਕਹਾਣੀਆਂ ਆਪਣੇ ਪਾਠਕਾਂ ਦੇ ਰੂਬਰੂ ਕਰਾਂਗੇ।

-ਸੰਪਾਦਕ

ਡਾ. ਹਰਪਾਲ ਸਿੰਘ ਪੰਨੂ
ਫੋਨ: +91-94642-51454

ਵਿਜੇਦਾਨ ਦੇਥਾ ਰਾਜਸਥਾਨ ਦਾ ਕਹਾਣੀ ਲੇਖਕ ਸੀ ਜਿਸ ਨੇ 800 ਕਹਾਣੀਆਂ ਰਚੀਆਂ, 14 ਜਿਲਦਾਂ ਵਿਚ ਛਪੀਆਂ। ਉਸ ਨੇ ਰਾਜਸਥਾਨੀ ਲੋਕ ਕਹਾਣੀਆਂ ਇਕੱਠੀਆਂ ਕਰਨ ਦਾ ਅਹਿਮ ਕਾਰਜ ਸਿਰੇ ਚਾੜ੍ਹਿਆ। ਮੌਲਿਕ ਕਹਾਣੀਆਂ ਵੀ ਰਚੀਆਂ, ਪਰ ਲੋਕਧਾਰਾ ਦੀ ਜੋ ਖੁਸ਼ਬੂ ਹੱਥਾਂ ਨੂੰ ਛੂਹ ਗਈ, ਉਹ ਲੌਕਿਕ ਕਥਾਵਾਂ ਵਿਚੋਂ ਵੀ ਝਾਤੀ ਮਾਰਦੀ ਹੈ। ਭਾਰਤ ਦੇ ਸਾਰੇ ਵੱਡੇ ਇਨਾਮ ਮਿਲੇ ਅਤੇ ਨੋਬੇਲ ਇਨਾਮ ਲਈ ਸਿਫਾਰਸ਼ ਹੋਈ। ਸਾਰੀ ਉਮਰ ਪਿੰਡ ਵਿਚ ਰਿਹਾ, ਪਿੰਡ ਛੱਡਣਾ ਪੈ ਜਾਊ, ਨੌਕਰੀ ਨਹੀਂ ਕੀਤੀ। ਮਣਿਕੌਲ ਨੇ ਕਿਹਾ, “ਚੰਗਾ ਹੋਇਆ ਵਿਜੇਦਾਨ ਪਿੰਡ ਵਿਚ ਰਿਹਾ, ਭੁੱਖੇ ਸ਼ਹਿਰੀ ਜਾਨਵਰਾਂ ਨੇ ਉਸ ਦੀ ਬੋਟੀ-ਬੋਟੀ ਕਰ ਦੇਣੀ ਸੀ।”
ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ, ਜਿੱਥੇ ਅੱਜ ਕੱਲ੍ਹ ਮੈਂ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ, ਪਿਛਲੇ ਸਾਲ ਸਤੰਬਰ 2019 ਵਿਚ ਲਖਨਊ ਵਿਸ਼ਵ ਵਿਦਿਆਲੇ ਦੀਆਂ ਦੋ ਖੋਜਾਰਥਣਾਂ ਕਹਾਣੀ ਸੁਣਾਉਣ ਆਈਆਂ। ਵਿਚਕਾਰ ਪੰਦਰਾਂ ਮਿੰਟ ਦੀ ਬਰੇਕ ਸੀ, ਦੋ ਘੰਟੇ ਉਨ੍ਹਾਂ ਨੇ ਉਰਦੂ ਜ਼ਬਾਨ ਵਿਚ ‘ਚਉਬੋਲੀ’ ਕਹਾਣੀ ਸੁਣਾਈ। ਪੰਜ ਚਾਰ ਮਿੰਟ ਇੱਕ ਕੁੜੀ ਸੁਣਾਉਂਦੀ; ਜਿੱਥੇ ਛਡਦੀ, ਉਥੇ ਦੂਜੀ ਸ਼ੁਰੂ ਕਰ ਦਿੰਦੀ। ਪੂਰਨ ਖਾਮੋਸ਼ੀ। ਸਰੋਤੇ ਸਾਹ ਰੋਕ ਕੇ ਕਹਾਣੀ ਸੁਣਦੇ ਰਹੇ।
ਲੋਕ ਕਹਾਣੀਆਂ, ਜਿਨ੍ਹਾਂ ਵਿਚ ਪਰੀ ਕਹਾਣੀਆਂ, ਰਾਜਿਆਂ-ਰਾਣੀਆਂ ਦੀਆਂ ਕਹਾਣੀਆਂ, ਜਨੌਰ ਕਹਾਣੀਆਂ, ਜਿੰਨ ਪ੍ਰੇਤ ਕਹਾਣੀਆਂ ਹੁੰਦੀਆਂ, ਬੱਚੇ ਕਿਸੇ ਜ਼ਮਾਨੇ ਆਪਣੀ ਦਾਦੀ, ਨਾਨੀ, ਭੂਆ ਜਾਂ ਮਾਸੀ ਆਦਿਕ ਤੋਂ ਸੌਣ ਤੋਂ ਪਹਿਲਾਂ ਸੁਣਦੇ ਹੁੰਦੇ, ਸੁਣਦੇ-ਸੁਣਦੇ ਸੌਂ ਜਾਂਦੇ। ਵੱਡਿਆਂ ਦੀ ਹਦਾਇਤ ਹੁੰਦੀ, ‘ਦਿਨ ਵਿਚ ਬਾਤਾਂ ਵਿਚ ਨਹੀਂ ਪਾਈਦੀਆਂ, ਰਾਹੀ ਰਾਹ ਭੁੱਲ ਜਾਂਦੇ ਨੇ।’ ਪਰ ਦਿਨ ਦਿਹਾੜੇ ਯੂਨੀਵਰਸਿਟੀ ਦੇ ਮੰਚ ‘ਤੇ ਲੋਕ ਕਹਾਣੀ? ਨਵਾਂ ਅਨੁਭਵ।
ਇਨ੍ਹਾਂ ਕੁੜੀਆਂ ਨੇ ਲਖਨਊ ਸਮੇਤ ਹੋਰ ਬਹੁਤ ਸਾਰੀਆਂ ਥਾਂਵਾਂ ਦਾ ਜ਼ਿਕਰ ਕੀਤਾ, ਜਿੱਥੇ ਅੱਜ ਵੀ ਮੂੰਹ ਮੰਗੀ ਰਕਮ ਤਾਰ ਕੇ ਅਫਸਾਨਾਗੋ ਬੁਲਾਏ ਜਾਂਦੇ ਹਨ, ਸਰੋਤੇ ਸਜ ਧਜ ਕੇ ਸੁਣਨ ਆਉਂਦੇ ਹਨ। ਇਹ ਕਲਾ, ਜੋ ਦੋਹਾਂ ਪੰਜਾਬਾਂ ਵਿਚੋਂ ਹੁਣ ਖਤਮ ਹੋ ਚੁਕੀ ਹੈ, ਨੂੰ ਅਫਸਾਨਾਗੋਈ ਕਿਹਾ ਜਾਂਦਾ ਹੈ ਤੇ ਪ੍ਰੋਫੈਸ਼ਨਲ ਕਥਾਕਾਰ ਆਮ ਤੌਰ ‘ਤੇ ਦੋ ਹੁੰਦੇ ਹਨ, ਪਰ ਇਹ ਕੋਈ ਪੱਕਾ ਨਿਯਮ ਨਹੀਂ।
ਇੱਕ ਵਾਰ ਮੁਰਸ਼ਦ ਅਤੇ ਮੁਰੀਦ-ਦੋਵੇਂ ਕਹਾਣੀ ਸੁਣਾ ਰਹੇ ਸਨ। ਉਸਤਾਦ ਜੀ ਕੋਲ ਸੁਨੇਹਾ ਆਇਆ, ਜਿਸ ਸਦਕਾ ਉਨ੍ਹਾਂ ਨੂੰ ਅੱਧੇ ਘੰਟੇ ਲਈ ਵਿਚਕਾਰੋਂ ਉਠ ਕੇ ਬਾਹਰ ਜਾਣਾ ਪਿਆ। ਜਾਣ ਲੱਗਿਆਂ ਉਸਤਾਦ ਜੀ ਨੇ ਮੁਰੀਦ ਨੂੰ ਕਿਹਾ, “ਜਿੰਨਾ ਚਿਰ ਮੈਂ ਬਾਹਰ ਰਹਾਂ, ਤੂੰ ਕਹਾਣੀ ਸੁਣਾਉਣੀ ਜਾਰੀ ਰੱਖ, ਪਰ ਖਿਆਲ ਰੱਖਣਾ, ਕਹਾਣੀ ਅੱਗੇ ਨਹੀਂ ਤੁਰਨੀ ਚਾਹੀਦੀ। ਕਹਾਣੀ ਮੈਂ ਸੁਣਾਵਾਂਗਾ, ਤੂੰ ਮੇਰੇ ਪਿੱਛੋਂ ਵਿਘਨ ਨ੍ਹੀਂ ਪੈਣ ਦੇਣਾ, ਸੁਣਾਈ ਚੱਲ।” ਇਹ ਕਹਿ ਕੇ ਉਹ ਚਲੇ ਗਏ।
ਜਿੱਥੇ ਛੱਡ ਕੇ ਗਏ, ਰਾਜਕੁਮਾਰ ਬਰਾਤ ਸਮੇਤ ਰਾਜਕੁਮਾਰੀ ਨੂੰ ਵਿਆਹੁਣ ਲਈ ਮਹਿਲ ਦੇ ਦਰਵਾਜੇ ‘ਤੇ ਪੁੱਜਿਆ ਹੋਇਆ ਸੀ। ਮੁਰੀਦ ਨੇ ਕਹਾਣੀ ਵਿਚ ਵਰਣਨ ਕਰਨਾ ਸ਼ੁਰੂ ਕੀਤਾ, ਲਾੜੇ ਅਤੇ ਬਰਾਤੀਆਂ ਦੇ ਕਿਹੋ ਜਿਹੇ ਲਿਬਾਸ ਪਹਿਨੇ ਹੋਏ ਸਨ, ਕਿਨ੍ਹਾਂ-ਕਿਨ੍ਹਾਂ ਸਵਾਰੀਆਂ ‘ਤੇ ਸਵਾਰ ਸਨ-ਘੋੜੇ, ਊਠ, ਬਲਦ, ਰੱਥ, ਗੱਡੇ ਕਿਵੇਂ-ਕਿਵੇਂ ਸ਼ਿੰਗਾਰੇ ਹੋਏ ਸਨ। ਦੂਜੇ ਪਾਸੇ ਰਾਜੁਕਮਾਰੀ ਦੇ, ਉਸ ਦੀਆਂ ਸਹੇਲੀਆਂ ਤੇ ਬਾਕੀਆਂ ਦੇ ਲਿਬਾਸ, ਗਹਿਣੇ, ਕਿਹੜੇ-ਕਿਹੜੇ ਸਨ, ਕਿਹੋ ਜਿਹੇ ਸਨ, ਵਰਣਨ ਕਰਨੇ ਸ਼ੁਰੂ ਕੀਤੇ। ਇਤਰ ਫੁਲੇਲਾਂ ਤੋਂ ਲੈ ਕੇ ਖਾਣੇ, ਜਿਨ੍ਹਾਂ ਥਾਲਾਂ ਪ੍ਰਾਂਤਾਂ ਵਿਚ ਖਾਣੇ ਪਰੋਸੇ ਗਏ, ਉਨ੍ਹਾਂ ਦਾ ਵਰਣਨ। ਸਾਜ਼, ਸੰਗੀਤ ਕਿਸ-ਕਿਸ ਤਰ੍ਹਾਂ ਦੇ ਸਨ, ਰਾਜਕੁਮਾਰੀ ਦੀਆਂ ਸਹੇਲੀਆਂ ਸਿੱਠਣੀਆਂ ਕਿਵੇਂ ਦੇ ਰਹੀਆਂ ਸਨ, ਮੁੰਡੇ ਦੇ ਮਾਮੇ, ਚਾਚੇ, ਪਿਤਾ ਕਿਵੇਂ ਪੈਸੇ ਵਾਰ ਰਹੇ ਸਨ, ਦੇ ਵੇਰਵੇ। ਅੱਧਾ ਘੰਟਾ ਕਹਾਣੀ ਸੁਣਾਈ ਜਾਂਦੀ ਰਹੀ, ਪਰ ਅੱਗੇ ਨਹੀਂ ਤੁਰੀ। ਉਸਤਾਦ ਜੀ ਪਰਤੇ, ਕਹਾਣੀ ਮੁੜ ਆਈ ਤੇ ਅੱਗੇ ਚੱਲੀ।

ਰਬਿੰਦਰਨਾਥ ਟੈਗੋਰ ਲਿਖਦਾ ਹੈ, ਅਸੀਂ ਦਾਦੀ ਤੋਂ ਕਹਾਣੀ ਸੁਣਨ ਵਾਸਤੇ ਆਲੇ-ਦੁਆਲੇ ਬੈਠ ਜਾਂਦੇ। ਦਾਦੀ ਸ਼ੁਰੂ ਕਰਦੀ, “ਸੁਣੋ ਬੱਚਿਓ, ਇੱਕ ਸੀ ਰਾਜਾ, ਇੱਕ ਸੀ ਰਾਣੀ।” ਮੈਂ ਖੁਸ਼ ਹੋ ਕੇ ਤਾੜੀਆਂ ਮਾਰਦਾ, “ਠੀਕ ਹੈ ਦਾਦੀ, ਬਿਲਕੁਲ ਠੀਕ। ਇੱਕ ਰਾਜਾ ਤੇ ਇੱਕ ਰਾਣੀ, ਇਹੋ ਕਹਾਣੀ ਸੁਣਾਇਆ ਕਰ, ਜਦੋਂ ਤੂੰ ਇੱਕ ਸੀ ਰਾਜਾ ਤੇ ਦੋ ਸਨ ਉਸ ਦੀਆਂ ਰਾਣੀਆਂ ਕਹਾਣੀ ਸੁਣਾਉਂਦੀ ਹੈਂ, ਉਨ੍ਹਾਂ ਵਿਚ ਇੱਕ ਰਾਣੀ ਦੁਖੀ ਹੁੰਦੀ ਰਹਿੰਦੀ ਹੈ, ਜਿਸ ਨਾਲ ਤੂੰ ਵੀ ਅਤੇ ਅਸੀਂ ਵੀ ਦੁਖੀ ਹੋਈ ਜਾਨੇ ਆਂ। ਇੱਕ ਰਾਜੇ ਤੇ ਇੱਕ ਰਾਣੀ ਵਾਲੀ ਕਹਾਣੀ ਠੀਕ ਹੈ, ਇਹੋ ਸੁਣਾਇਆ ਕਰ।”

ਟੈਗੋਰ ਦਾ ਬਚਪਨ ਰੰਗ ਦੀ ਕਲਪਨਾ ਨਾਲ ਇਸ ਕਦਰ ਭਰਪੂਰ ਸੀ ਕਿ ਉਸ ਨੂੰ ਸੱਚੀ ਗੱਲ ਚੰਗੀ ਨਾ ਲੱਗਦੀ। ਅਬਦੁਲ ਮਲਾਹ ਕਦੀ ਕਦਾਈਂ ਮੱਛੀਆਂ ਲੈ ਕੇ ਆਉਂਦਾ ਸੀ। ਉਸ ਨੇ ਬਾਲਕ ਰਵੀ ਨੂੰ ਇੱਕ ਘਟਨਾ ਸੁਣਾਈ ਕਿ ਇੱਕ ਵਾਰ ਚੇਤ ਦੇ ਮਹੀਨੇ ਉਹ ਮੱਛੀਆਂ ਫੜਨ ਲਈ ਗਿਆ ਤਾਂ ਨ੍ਹੇਰੀ ਆ ਗਈ। ਬੇੜੀ ਪਰ੍ਹੇ ਹੀ ਪਰ੍ਹੇ ਜਾ ਰਹੀ ਸੀ। ਉਸ ਨੇ ਬੇੜੀ ਦਾ ਰੱਸਾ ਫੜਿਆ ਤੇ ਪਾਣੀ ਵਿਚ ਕੁੱਦ ਪਿਆ। ਬੜੀ ਮੁਸ਼ਕਿਲ ਨਾਲ ਘੜੀਸ ਕੇ ਕੰਢੇ ਉਪਰ ਪੁੱਜਾ।
ਟੈਗੋਰ ਨੇ ਲਿਖਿਆ, “ਇਹ ਕਹਾਣੀ ਮੇਰੇ ਸੁਭਾਅ ਦੇ ਉਲਟ ਛੇਤੀ ਖਤਮ ਹੋ ਗਈ। ਬੇੜੀ ਬਚ ਗਈ, ਮਲਾਹ ਵੀ ਸਲਾਮਤ ਰਿਹਾ। ਇਹ ਕੀ ਕਹਾਣੀ ਹੋਈ? ਮੈਂ ਵਾਰ-ਵਾਰ ਪੁੱਛਦਾ, ਫਿਰ ਕੀ ਹੋਇਆ? ਅੱਗੇ ਦੱਸ ਕੀ ਹੋਇਆ ਚਾਚਾ?” ਅਬਦੁਲ ਕੀ ਦੱਸਦਾ, ਜਦੋਂ ਕੁਝ ਹੋਇਆ ਹੀ ਨਹੀਂ ਸੀ, ਪਰ ਮੈਂ ਹਟਿਆ ਨਾ ਤਾਂ ਉਹ ਬੋਲਿਆ, “ਅੱਗੇ ਬੜਾ ਕੁਝ ਹੋਇਆ ਪੁੱਤਰ। ਮੈਂ ਦੇਖਿਆ, ਤੂਫਾਨ ਆਉਣ ਵੇਲੇ ਇਕ ਚੀਤਾ ਦਰਖਤ ‘ਤੇ ਚੜ੍ਹ ਗਿਆ, ਪਰ ਜਦੋਂ ਤੇਜ਼ ਨ੍ਹੇਰੀ ਨਾਲ ਦਰਖਤ ਗੰਗਾ ਵਿਚ ਡਿੱਗ ਗਿਆ ਤਾਂ ਚੀਤਾ ਲੱਗਾ ਨਦੀ ਵਿਚ ਗੋਤੇ ਖਾਣ। ਡੁੱਬਦਾ ਤਰਦਾ ਕਿਨਾਰੇ ਆ ਲੱਗਾ। ਉਸ ਨੂੰ ਬੜੀ ਭੁੱਖ ਲੱਗੀ ਹੋਈ ਸੀ ਤੇ ਮੈਨੂੰ ਦੇਖਣ ਸਾਰ ਉਸ ਦੀਆਂ ਅੱਖਾਂ ਚਮਕ ਪਈਆਂ ਤੇ ਮੂੰਹ ਵਿਚੋਂ ਰਾਲਾਂ ਵਗਣ ਲੱਗੀਆਂ। ਉਸ ਦੀ ਖੋਟੀ ਨੀਅਤ ਤਾੜਨ ਸਾਰ ਮੈਂ ਰੱਸੇ ਨੂੰ ਵੱਡੀ ਸਾਰੀ ਸਰਕਵੀਂ ਗੰਢ ਮਾਰ ਲਈ ਯਾਨਿ ਫਾਂਸੀ ਦਾ ਫੰਧਾ ਜਿਹਾ ਬਣਾ ਲਿਆ। ਜਦੋਂ ਅਗਲੇ ਪੰਜੇ ਚੁੱਕ ਕੇ ਉਹ ਮੇਰੇ ਵੱਲ ਭੱਜਿਆ, ਮੈਂ ਫਟਾ ਫਟ ਫੰਧਾ ਉਸ ਵੱਲ ਸੁੱਟ ਦਿੱਤਾ ਤੇ ਗਲ ਵਿਚ ਪੈਣ ਸਾਰ ਰੱਸੀ ਖਿਚ ਦਿੱਤੀ। ਜਿਉਂ-ਜਿਉਂ ਉਹ ਫੰਧੇ ਵਿਚੋਂ ਨਿਕਲਣ ਦਾ ਯਤਨ ਕਰਦਾ, ਫੰਧਾ ਹੋਰ ਕਸਿਆ ਜਾਂਦਾ। ਆਖਰ ਉਹਦੀ ਜੀਭ ਬਾਹਰ ਆ ਗਈ।”
“ਉਹ ਮਰਿਆ ਨਹੀਂ?” ਮੈਨੂੰ ਬੜਾ ਜੋਸ਼ ਆ ਗਿਆ ਤਾਂ ਮੈਂ ਪੁੱਛਿਆ।
“ਉਏ ਹੜ੍ਹ ਪਾਰ ਕਰ ਕੇ ਮੈਂ ਵੀ ਤਾਂ ਬਹਾਦਰਗੰਜ ਵਾਪਸ ਪੁੱਜਣਾ ਸੀ, ਮੈਂ ਕਿਉਂ ਮਰਨ ਦਿੰਦਾ? ਮੈਂ ਉਹਨੂੰ ਆਪਣੀ ਬੇੜੀ ਅੱਗੇ ਜੋੜ ਲਿਆ। ਚਾਲੀ ਮੀਲ ਉਸ ਤੋਂ ਆਪਣੀ ਬੇੜੀ ਖਿਚਵਾਈ। ਜਦੋਂ ਉਹ ਚੀਕਣ ਲੱਗਦਾ, ਮੈਂ ਚੱਪੂ ਨਾਲ ਉਹਦੀ ਭੁਗਤ ਸੁਆਰਦਾ। ਪੰਦਰਾਂ ਘੰਟਿਆਂ ਦਾ ਸਫਰ ਉਸ ਨੇ ਡੇਢ ਘੰਟੇ ਵਿਚ ਮੁਕਾ ਦਿੱਤਾ। ਬਸ ਬਰਖੁਰਦਾਰਾ, ਅੱਗੇ ਹੋਰ ਸਵਾਲ ਨਾ ਪੁੱਛੀਂ ਮੇਰੇ ਕੋਲੋਂ। ਹੋਰ ਮੇਰੇ ਕੋਲ ਕੋਈ ਜਵਾਬ ਨਹੀਂ।”
“ਅੱਛਾ!” ਮੈਂ ਕਿਹਾ, “ਚਲੋ ਇਹ ਤਾਂ ਚੀਤੇ ਦੀ ਗੱਲ ਹੋਈ। ਹੁਣ ਮਗਰਮੱਛ ਦੀ ਕੋਈ ਗੱਲ ਵੀ ਸੁਣਾ।”
ਅਬਦੁਲ ਆਖਦਾ, “ਮੈਂ ਉਹਦੇ ਨੱਕ ਦੀ ਕਰੂੰਬਲ ਪਾਣੀ ਵਿਚੋਂ ਨਿਕਲੀ ਕਈ ਵਾਰ ਦੇਖੀ ਹੈ। ਬਰੇਤੇ ਵਿਚ ਧੁੱਪੇ ਲੇਟ ਕੇ ਉਹ ਬੜਾ ਮੁਸਕਰਾਉਂਦਾ ਹੈ। ਜੇ ਬੰਦੂਕ ਹੋਵੇ, ਮੈਂ ਉਹਨੂੰ ਦੱਸ ਹੀ ਦਿਆਂ ਕਿ ਮੈਂ ਕੌਣ ਹੁੰਨਾਂ, ਪਰ ਮੇਰਾ ਲਸੰਸ ਖਤਮ ਹੋਇਆ ਪਿਐ ਨਾ। ਫੇਰ ਵੀ ਇੱਕ ਦਿਨ ਦੀ ਗੱਲ ਸੁਣਾਨਾਂ। ਇੱਕ ਆਜੜੀ ਔਰਤ ਨਦੀ ਕਿਨਾਰੇ ਦਾਤੀ ਨਾਲ ਬਾਂਸ ਛਿੱਲ ਰਹੀ ਸੀ ਤੇ ਉਹਦੀ ਬੱਕਰੀ ਨੇੜੇ ਘਾਹ ਚਰ ਰਹੀ ਸੀ। ਮਗਰਮੱਛ ਆਇਆ ਤੇ ਧੂਹ ਕੇ ਬੱਕਰੀ ਨੂੰ ਦਰਿਆ ਵਿਚ ਲੈ ਵੜਿਆ। ਜ਼ਨਾਨੀ ਨੇ ਅੱਗਾ ਦੇਖਿਆ ਨਾ ਪਿੱਛਾ, ਝਟ ਦਰਿਆ ਵਿਚ ਛਾਲ ਮਾਰ ਕੇ ਮਗਰਮੱਛ ਦੀ ਪਿੱਠ ‘ਤੇ ਬੈਠ ਗਈ ਤੇ ਦਾਤੀ ਨਾਲ ਉਸ ਵੱਡੇ ਸਾਰੇ ਕਿਰਲੇ ਦਾ ਗਲਾ ਚੀਰਨ ਲੱਗੀ। ਮਗਰਮੱਛ ਨੇ ਬੱਕਰੀ ਛੱਡ ਦਿੱਤੀ ਤੇ ਆਪ ਪਾਣੀ ਵਿਚ ਡੁਬਕੀ ਲਾ ਗਿਆ।”
“ਫੇਰ? ਅੱਗੇ?” ਮੈਂ ਹੈਰਾਨੀ ਨਾਲ ਪੁੱਛਦਾ।
“ਓ ਯਾਰ ਮਗਰਮੱਛ ਡੁੱਬ ਗਿਆ ਤਾਂ ਕਹਾਣੀ ਨਾਲ ਹੀ ਡੁੱਬ ਗਈ। ਜਦੋਂ ਮਗਰਮੱਛ ਨਿਕਲ ਆਇਆ ਤਾਂ ਕਹਾਣੀ ਵੀ ਨਿਕਲ ਆਏਗੀ, ਪਰ ਮਗਰਮੱਛ ਨੂੰ ਕੱਢਣ ਵਾਸਤੇ ਸਮਾਂ ਲੱਗੇਗਾ। ਅਗਲੀ ਵਾਰੀ ਕਿਸੇ ਨੂੰ ਭੇਜੂੰਗਾ ਪਤਾ ਕਰਨ ਕਿ ਅੱਗੇ ਕੀ ਹੋਇਆ, ਫੇਰ ਤੈਨੂੰ ਦਸੂੰਗਾ।”
“ਅਬਦੁਲਾ ਮੁੜ ਕੇ ਅੱਜ ਤੱਕ ਨਹੀਂ ਆਇਆ। ਮਗਰਮੱਛ ਨੂੰ ਲੱਭਦਾ ਫਿਰਦਾ ਹੋਣਾ।”

ਜਿਸ ਪ੍ਰੋਫੈਸਰ ਵਿਕਾਸ ਰਾਠੀ ਨੇ ਲਖਨਵੀ ਕੁੜੀਆਂ ਸੱਦੀਆਂ, ਮੈਂ ਉਸ ਨੂੰ ਮਿਲਿਆ ਤੇ ਕਿਹਾ, “ਤੁਹਾਨੂੰ ਚਾਹੀਦਾ ਸੀ ਇਹ ਕਹਾਣੀ ਰਿਕਾਰਡ ਕਰਦੇ, ਮੈਂ ਪੰਜਾਬੀ ਵਿਚ ਉਲਥਾ ਕਰ ਕੇ ਛਪਵਾਉਂਦਾ। ਮੈਂ ਵੀ ਰਿਕਾਰਡ ਨਹੀਂ ਕੀਤੀ। ਸਾਥੋਂ ਵੱਡੀ ਭੁੱਲ ਹੋਈ। ਹੁਣ ਕੀ ਬਣੇ?” ਰਾਠੀ ਸਾਹਿਬ ਕਹਿੰਦੇ, “ਰਿਕਾਰਡ ਕਰਨ ਦੀ ਕੀ ਲੋੜ? ਇਹ ਤਾਂ ਵਿਜੇਦਾਨ ਦੇਥਾ ਦੀ ਕਹਾਣੀ ਹੈ, ਰਾਜਸਥਾਨੀ ਕਹਾਣੀ, ਜੋ ਇਨ੍ਹਾਂ ਨੇ ਉਰਦੂ ਵਿਚ ਸੁਣਾ ਦਿੱਤੀ।”
ਇਹ ਨਾਮ, ਵਿਜੇਦਾਨ ਦੇਥਾ, ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਸੁਣਿਆ। ਲਾਇਬਰੇਰੀ ਵਿਚ ਜਾ ਕੇ ਕਿਤਾਬਾਂ ਲੱਭੀਆਂ, ਤਿੰਨ ਮਿਲ ਗਈਆਂ। ਬਹੁਤ ਖੂਬ। ਵਿਜੇਦਾਨ ਨਹੀਂ, ਮੈਨੂੰ ਮੇਰਾ ਬਚਪਨ ਮਿਲ ਗਿਆ।
ਮੈਂ ਦੇਖਿਆ, ਜਿਨ੍ਹਾਂ ਨੂੰ ਰਾਜਸਥਾਨੀ ਲੋਕ ਕਹਾਣੀਆਂ ਦਾ ਨਾਮ ਦਿੱਤਾ ਗਿਆ ਹੈ, ਪੰਜਾਬ ਦੀਆਂ ਲੋਕ ਕਹਾਣੀਆਂ ਵੀ ਉਹੀ ਹਨ। ਕੇਵਲ ਵਰਣਨ ਦਾ ਫਰਕ ਹੈ। ਲੋਕ ਕਹਾਣੀ ਦਾ ਪਿੰਜਰ ਇੱਕੋ ਜਿਹਾ ਹੁੰਦਾ ਹੈ, ਵੱਖ-ਵੱਖ ਕਥਾਕਾਰ ਆਪੋ-ਆਪਣੀ ਸ਼ੈਲੀ ਵਿਚ ਆਪੋ-ਆਪਣੇ ਖਿੱਤੇ ਵਿਚ ਇਸ ਪਿੰਜਰ ‘ਤੇ ਨਵਾਂ ਮਾਸ, ਨਵਾਂ ਰੰਗ ਅਤੇ ਨਵੇਂ ਨੈਣ ਨਕਸ਼ ਉਕਰਦੇ ਹਨ। ਮਾੜੇ ਮੋਟੇ ਸਥਾਨਕ ਫਰਕ ਸੁਭਾਵਕ ਹੋਣਗੇ ਹੀ ਹੋਣਗੇ, ਇੱਕੋ ਕਥਾ ਰਸ, ਇੱਕੋ ਮਹਾਤਮ। ਇੱਕੋ ਗੀਤ ਵੱਖ-ਵੱਖ ਕਲਾਕਾਰ ਵੱਖੋ-ਵੱਖ ਸੁਰਾਂ ਵਿਚ ਸੁਣਾਉਣਗੇ, ਗੀਤ ਦੀ ਆਭਾ ਵਧਦੀ ਰਹੇਗੀ, ਸਰੋਤਿਆਂ ਨੂੰ ਵਧਾਉਂਦੀ ਰਹੇਗੀ।
ਟੈਗੋਰ ਦਾ ਕਥਨ ਹੈ, “ਮਹਾਨ ਮਨੁੱਖ ਸਾਰੀ ਉਮਰ ਬੱਚਾ ਹੋ ਕੇ ਰਹਿੰਦਾ ਹੈ। ਜਦੋਂ ਉਹ ਵਿਦਾ ਹੁੰਦਾ ਹੈ, ਦੁਨੀਆਂ ਨੂੰ ਵੱਡਾ ਸਾਰਾ ਬਚਪਨ ਮਿਲਦਾ ਹੈ।” ਉਮਰ ਦੇ ਅਖੀਰ ਵਿਚ ਸੱਤਰ ਸਾਲ ਦੀ ਉਮਰੇ ਉਸ ਨੇ ਬਾਲਗੀਤ (ਦਿ ਕਰੈਸੈਂਟ ਮੂਨ) ਲਿਖੇ, ਇਹ ਬਾਲਗੀਤ ਬੰਗਲਾ ਜ਼ਬਾਨ ਦੀਆਂ ਲੋਰੀਆਂ ਹੋ ਗਈਆਂ। ਇੱਕ ਦੋ ਨਮੂਨੇ ਮਾਤਰ:
ਨਿੱਕਾ ਬੱਦਲ ਹੌਲੀ ਹੌਲੀ ਉਡਦਾ ਜਾਂਦਾ ਦਿਸਿਆ।
ਕਿਤੇ ਕਿਤੇ ਕੋਈ ਕੋਈ ਬੂੰਦ ਵੀ ਡਿੱਗੀ।
ਝਿੜਕਾਂ ਖਾ ਕੇ ਬੱਚਾ ਜਿਵੇਂ
ਨੀਵੀਂ ਪਾਈ ਤੁਰਿਆ ਜਾਂਦਾ ਹੋਵੇ।

ਸੂਲਾਂ ਨਾਲ ਸਿਉਂਕੇ ਪੱਤਿਆਂ ਦੀ ਕਿਸ਼ਤੀ
ਮੈਂ ਨਦੀ ਵਿਚ ਠੇਲ੍ਹ ਦਿੰਦਾ।
ਅਸਮਾਨ ਵਿਚ ਬੈਠਾ ਮੇਰਾ ਦੋਸਤ ਉਸ ਦੇ
ਮੁਕਾਬਲੇ ਹਵਾ ਵਿਚ ਬੱਦਲ ਠੇਲ੍ਹ ਦਿੰਦਾ।
ਹਮੇਸ਼ ਇਵੇਂ ਹੋਇਆ…ਮੇਰੀ ਕਿਸ਼ਤੀ
ਉਸ ਦੇ ਬੱਦਲ ਤੋਂ ਅੱਗੇ ਲੰਘੀ।

ਬੰਗਲਾ ਗੀਤ ਪੜ੍ਹੇ ਤਾਂ ਮੈਂ ਸੋਚਣ ਲੱਗਾ, ਇਹ ਲੋਰੀਆਂ ਸੁਣਦੇ-ਸੁਣਦੇ ਬੰਗਾਲੀ ਬੱਚੇ ਵੱਡੇ ਹੋਣਗੇ, ਨਿੱਕੇ ਹੁੰਦੇ ਜਾਣ ਜਾਣਗੇ ਕਿ ਉਹ ਸੂਰਜ ਦੇ ਸਕੇ ਭਰਾ ਹਨ।
ਲਾਤੀਨੀ ਅਮਰੀਕਨ ਵਾਰਤਾਕਾਰ ਜਾਰਜ ਲੂਈ ਬੋਰਖੇਜ਼ ਲਿਖਦਾ ਹੈ, “ਬੱਚਾ ਉਹ ਗੀਤ, ਉਹ ਕਹਾਣੀਆਂ ਸੁਣਨੀਆਂ ਚਾਹੁੰਦੈ, ਜੋ ਕਦੇ ਨਹੀਂ ਸੁਣੀਆਂ; ਉਹ ਦੇਸ ਦੇਖਣੇ ਚਾਹੁੰਦੈ, ਜੋ ਕਦੇ ਨਹੀਂ ਦੇਖੇ। ਬੁੱਢਾ ਉਥੇ ਜਾਏਗਾ ਜਿੱਥੇ ਪਹਿਲਾਂ ਜਾਇਆ ਕਰਦਾ ਸੀ; ਉਹੀ ਗੀਤ ਸੁਣੇਗਾ, ਜੋ ਪਹਿਲਾਂ ਸੁਣੇ ਸਨ। ਇਸ ਕਰਕੇ ਬੱਚੇ ਅਤੇ ਬੁਢੇ ਦੀ ਦੋਸਤੀ ਕਾਇਮ ਰਹੇਗੀ। ਬਾਕੀ ਜੀਵਨ ਖੱਪਖਾਨਾ ਹੈ।”
ਸੱਤਰ ਸਾਲ ਦੀ ਉਮਰ ਵਿਚ ਮੈਨੂੰ ਬਾਲ-ਕਥਾਵਾਂ, ਲੋਕ-ਕਥਾਵਾਂ ਵਧੀਕ ਚੰਗੀਆਂ ਲੱਗਣ ਲੱਗੀਆਂ ਤਾਂ ਇਹ ਅਨੁਵਾਦ ਅਰੰਭਿਆ ਕਿ ਕੁਝ ਬੱਚੇ ਮੇਰੇ ਦੁਆਲੇ ਕਹਾਣੀਆਂ ਸੁਣਨ ਆ ਬੈਠਣ।
ਇਸ ਕਿਤਾਬ ਦੇ ਮੁੱਢ ਵਿਚ ਉਹ ਕਹਾਣੀਆਂ ਦਰਜ ਕੀਤੀਆਂ, ਜੋ ਪੰਜ-ਸੱਤ ਸਾਲ ਦੇ ਬੱਚਿਆਂ ਵਾਸਤੇ ਹਨ। ਇਹ ਕਹਾਣੀਆਂ ਲੋਕਰਾਗ ਦੀਆਂ ਅਰੰਭਿਕ ਸਰਗਮ ਹਨ। ਬਹੁਤੇ ਅਜੋਕੇ ਪੰਜਾਬੀ ਪਾਠਕਾਂ ਨੇ ਇਹ ਕਹਾਣੀਆਂ ਨਹੀਂ ਸੁਣੀਆਂ, ਪੜ੍ਹੀਆਂ। ਇਨ੍ਹਾਂ ਦਾ ਪਾਠ ਕਰ ਕੇ ਉਹ ਸਿੱਖ ਜਾਣਗੇ, ਲੋਕ ਕਥਾ ਕਿਵੇਂ ਸਮਝਣੀ, ਕਿਵੇਂ ਮਾਣਨੀ ਹੁੰਦੀ ਹੈ, ਹੁੰਗਾਰਾ ਕਿਵੇਂ ਭਰੀਦਾ ਹੁੰਦਾ। ਅਖੀਰ ਵਿਚ ਦਰਜ ਕਹਾਣੀਆਂ ਸਿਆਣਪ ਦਾ ਸਿਖਰਲਾ ਫਲ ਹਨ। ਜਿਸ ਨੂੰ ਪਹਿਲੀ ਕਹਾਣੀ ਚੰਗੀ ਨਾ ਲੱਗੇ, ਉਸ ਨੂੰ ਆਖਰੀ ਕਹਾਣੀ ਵੀ ਸ਼ਾਇਦ ਚੰਗੀ ਨਹੀਂ ਲੱਗੇਗੀ। ਕੁਝ ਪਾਠਕ ਬੇਚੈਨ ਹੋਣਗੇ ਕਿ ਸਾਰੇ ਕਿਤੇ ਗੱਪਾਂ ਦਾ ਬੋਲ ਬਾਲਾ ਹੈ। ਜਿਸ ਨੂੰ ਗੱਪ ਚੰਗੇ ਨਾ ਲੱਗਣ, ਉਸ ਨੂੰ ਅਜੇ ਖਬਰ ਨਹੀਂ ਕਿ ਜੀਵਨ ਗਹਿਰ ਗੰਭੀਰ ਮਿੱਥ ਹੈ, ਗੈਬੀ ਮਾਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜੀਵਨ ਦਾ ਨਾਮ ਹੀ ਬਚਿਤ੍ਰ ਨਾਟਕ ਰੱਖ ਦਿੱਤਾ। ਮੈਥੋਂ ਕੋਈ ਪੁੱਛੇ, ਇਸ ਕਿਤਾਬ ਵਿਚ ਸਭ ਤੋਂ ਵਧੀਆ ਕਹਾਣੀ ਕਿਹੜੀ ਹੈ? ਮੇਰਾ ਉਤਰ ਹੈ, ‘ਦੋ ਭੈਣਾਂ।’ ਕਿਵੇਂ ਰਹਿਣਾ ਹੈ, ਕਿਵੇਂ ਵਰਤਣਾ ਹੈ, ਬੱਚਿਆਂ ਅਤੇ ਵੱਡਿਆਂ ਲਈ ਅੰਮ੍ਰਿਤ-ਧਾਰਾ। ਇਸ ਕਹਾਣੀ ਵਿਚਲੀ ਤਾਕਤ ਅਸੀਮ ਹੈ।
ਵਿਲੀਅਮ ਬਲੇਕ (28 ਨਵੰਬਰ 1757 ਤੋਂ 12 ਅਗਸਤ 1827) ਦੀ ਸ਼ਾਇਰੀ ਦੀਆਂ ਟੂਕਾਂ ਅਨੇਕ ਜ਼ਬਾਨਾਂ ਵਿਚ ਬਿਰਾਜਮਾਨ ਹਨ, ਤਾਂ ਵੀ ਮਾਸੂਮੀਅਤ ਦੇ ਗੀਤ, ਅਨੁਭਵ ਦੇ ਗੀਤਾਂ ਤੋਂ ਕਿਤੇ ਵਧੀਕ ਮਕਬੂਲ ਹੋਏ। ਵਿਜੇਦਾਨ ਦੀ ਮਨੁੱਖਤਾ ਨੂੰ ਇਹੋ ਦੇਣ ਹੈ ਕਿ ਉਸ ਨੇ ਗੁੰਮਸ਼ੁਦਾ ਬਚਪਨ ਲੱਭ ਕੇ ਸੌਗਾਤ ਵਜੋਂ ਦੁਨੀਆਂ ਨੂੰ ਦੇ ਦਿੱਤਾ। ਵਿਜੇਦਾਨ ਦੀ ਗੋਦ ਵਿਚ ਗਲੋਬ ਬੈਠਾ ਹੈ ਤੇ ਕਹਾਣੀ ਸੁਣਨ ਲਈ ਬਜ਼ਿਦ ਹੈ; ਨਵੀਂ ਨਹੀਂ, ਉਹੋ ਕਹਾਣੀ, ਜੋ ਆਦਮ ਨੇ ਆਪਣੇ ਬੱਚੇ ਨੂੰ ਆਦਿ ਕਾਲ ਵਿਚ ਸੁਣਾਈ ਸੀ।
ਡਾ. ਹਿਮਾਦਰੀ ਬੈਨਰਜੀ ਪੰਜਾਬੀ ਯੂਨੀਵਰਸਿਟੀ ਵਿਚ ਪਟਿਆਲੇ ਆਏ। ਕੰਮ ਕਾਜ ਨਿਬੇੜੇ, ਦੁਪਹਿਰ ਦਾ ਖਾਣਾ ਖਾ ਕੇ ਉਨ੍ਹਾਂ ਨੂੰ ਗੱਡੀ ਚੜ੍ਹਾਉਣ ਲਈ ਰੇਲਵੇ ਸਟੇਸ਼ਨ ਲੈ ਗਿਆ। ਗੱਡੀ ਆਉਣ ਵਿਚ ਦੇਰ ਸੀ। ਮੈਨੂੰ ਕਹਿੰਦੇ, “ਆਪਕੋ ਬਾਤੇਂ ਸੁਨਾਨੀ ਆਤੀ ਹੈ ਪੰਨੂ ਭਾਈ। ਕੁਛ ਹੋ ਜਾਏ!”
ਮੈਂ ਉਨ੍ਹਾਂ ਨੂੰ ਸ਼ਿਵ ਨਾਰਦ ਦਾ ਸੰਵਾਦ ਸੁਣਾ ਦਿੱਤਾ:
ਨਾਰਦ ਨੇ ਸ਼ਿਵ ਜੀ ਨੂੰ ਪੁੱਛਿਆ, “ਅਸੀਂ ਕਿੱਥੋਂ ਆਏ ਹਾਂ ਮਹਾਰਾਜ? ਕੀ ਕਰਨ ਆਏ? ਇਸ ਤੋਂ ਬਾਅਦ ਕਿੱਥੇ ਜਾਵਾਂਗੇ?”
ਸ਼ਿਵ ਨੇ ਕਿਹਾ, “ਤੁਸੀਂ ਅਤੇ ਅਸੀਂ ਇਸ ਧਰਤੀ ‘ਤੇ ਹਜ਼ਾਰ ਵਾਰ ਪਹਿਲਾਂ ਆ ਚੁਕੇ ਹਾਂ। ਹਜ਼ਾਰ ਵਾਰ ਤੁਸੀਂ ਇਹੋ ਸਵਾਲ ਪੁੱਛਿਆ। ਉਹ ਜਵਾਬ, ਜੋ ਹਜ਼ਾਰ ਵਾਰ ਦੇ ਚੁਕੇ ਹਾਂ, ਉਹੋ ਫਿਰ ਦੇਣ ਲੱਗੇ ਹਾਂ, ਧਿਆਨ ਨਾਲ ਸੁਣਨਾ, ਯਾਦ ਰੱਖਣਾ, ਹੁਣ ਭੁੱਲਣਾ ਨਹੀਂ ਹੇ ਨਾਰਦ!”
ਗਰਮੀ ਦੀ ਰੁੱਤ ਵਿਚ ਪਹਿਨੇ ਸੈਂਡਲ ਉਤਾਰ ਕੇ ਨੰਗੇ ਪੈਰੀਂ ਮੇਰੇ ਅੱਗੇ ਹਿਮਾਦਰੀ ਜੀ ਹੱਥ ਜੋੜ ਕੇ ਖਲੋ ਗਏ। ਕਿਹਾ, “ਆਦਮੀ ਹੂੰ, ਫਿਰ ਭੂਲੂੰਗਾ। ਆਪ ਭਗਵਾਨ ਹੋ, ਆਪ ਕੋ ਫਿਰ ਯਾਦ ਦਿਲਾਨਾ ਪੜੇਗਾ ਮਹਾਰਾਜ! ਆਦਮੀ ਬਾਰ ਬਾਰ ਭੂਲੇਗਾ। ਭਗਵਾਨ ਬਾਰ ਬਾਰ ਯਾਦ ਦਿਲਾਏਂਗੇ। ਆਦਮੀ ਔਰ ਭਗਵਾਨ ਮੇਂ ਯਹੀ ਤੋ ਫਰਕ ਹੈ।”
ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹਨ, “ਗੁਰੂ ਗ੍ਰੰਥ ਨੂੰ ਜਿੱਥੋਂ ਮਰਜ਼ੀ ਛੁਹੋ, ਪ੍ਰਭੂ ਦੀ ਉਸਤਤਿ ਮਿਲੇਗੀ, ਜਿਵੇਂ ਸਮੁੰਦਰ ਜਿੱਥੋਂ ਮਰਜ਼ੀ ਛੁਹੋ, ਪਾਣੀ ਮਿਲੇਗਾ।” ਵਿਜੇਦਾਨ ਦੀ ਲਿਖਤ ਕਿਤਿਓਂ ਪੜ੍ਹ ਲਉ, ਲੋਕ ਸੁਰਾਂ ਦੀ ਮਹਿਕ ਮਿਲੇਗੀ, ਸਹਿਜ ਸੁਭਾਅ ਤੁਰਿਆ ਜਾਂਦਾ ਸਾਦਾ ਫਲਸਫਾ ਮਿਲੇਗਾ।
ਲੇਖਕ ਡੀਲਕਸ ਬੱਸ ਦਾ ਜੈਪੁਰ ਲਈ ਮਹਿੰਗਾ ਟਿਕਟ ਖਰੀਦ ਕੇ ਆਪਣੇ ਨੰਬਰ ਵਾਲੀ ਸੀਟ ‘ਤੇ ਬੈਠਾ ਬੱਦਲਾਂ ਦੇ ਝੁੰਡ ਨਿਹਾਰ ਰਿਹਾ ਹੈ।
ਪੰਚ ਨਾਲ ਛੱਤ ਉਤੇ ਠੱਪ-ਠੱਪ ਕਰ ਕੇ ਕੰਡਕਟਰ ਨੇ ਉਚੀ ਅਵਾਜ਼ ਵਿਚ ਕਿਹਾ, “ਇਹ ਸੂਟਕੇਸ ਤੇਰਾ ਹੈ? ਕਦ ਦਾ ਚੀਕਾਂ ਮਾਰ ਰਿਹਾਂ, ਸੁਣਦਾ ਨੀਂ? ਬੋਲਾ ਹੈਂ?”
“ਹਾਂ, ਉਚਾ ਹੀ ਸੁਣਦੈ ਕੁਝ।” ਮੈਂ ਕਿਹਾ।
“ਤਾਂ ਇਲਾਜ ਕਰਾ ਕੇ ਬੱਸ ਵਿਚ ਬੈਠਦਾ? ਇਹ ਸੂਟਕੇਸ ਤੇਰਾ ਹੈ ਤਾਂ ਚੱਕ ਇਥੋਂ। ਸੁਣਿਆਂ?”
ਮੈਂ ਕਿਹਾ, “ਸੁਣ ਤਾਂ ਗਿਆ, ਸਮਝ ਵਿਚ ਕੁਝ ਨ੍ਹੀਂ ਆਇਆ।…ਹੋਰ ਕਿੱਥੇ ਰੱਖਾਂ?”
ਕਹਿੰਦਾ, “ਮੇਰੇ ਸਿਰ ‘ਤੇ ਰੱਖ ਦੇਹ।”
ਮੈਂ ਕਿਹਾ, “ਇਹ ਕਿਹੜਾ ਭਾਰੀ ਐ, ਆਪੇ ਆਪਣੇ ਸਿਰ ‘ਤੇ ਰੱਖ ਲੈ। ਸਿਰ ਤੇਰਾ, ਇੱਛਾ ਤੇਰੀ, ਮਰਜ਼ੀ ਕਰ।”
ਜਿਵੇਂ ਕੌੜੀ ਨਿਗਾਹ ਨਾਲ ਉਸ ਨੇ ਮੇਰੇ ਵੱਲ ਦੇਖਿਆ, ਟੈਗੋਰ ਦੇ ਨਾਵਲ ਦੀ ਥਾਂ ਮੇਰੇ ਹੱਥ ਵਿਚ ਪਿਸਤੌਲ ਹੁੰਦਾ ਤਾਂ ਯਕੀਨ ਨਾਲ ਨਹੀਂ ਕਹਿ ਸਕਦਾ, ਫਿਰ ਮੈਂ ਕੀ ਕਰਦਾ।
ਮੇਰਾ ਕੋਈ ਕਸੂਰ ਨਹੀਂ ਸੀ, ਫਿਰ ਵੀ ਮੈਂ ਸ਼ਰਮ ਵਿਚ ਗੱਡ ਹੋ ਗਿਆ। ਜਿਸ ਦਾ ਕਸੂਰ ਸੀ, ਉਹ ਵਿਜਈ ਨਾਇਕ ਵਾਂਗ ਤਣਿਆ ਖੜ੍ਹਾ ਤੇ ਕੱਛੂ ਵਾਂਗ ਮੈਂ ਹੱਥ ਪੈਰ ਖੋਪਰੀ ਵਿਚ ਲੁਕਾਣ ਲੱਗ ਪਿਆ। ਮੈਨੂੰ ਆਪਣੀ ਅਕਲ ‘ਤੇ ਕਾਫੀ ਫਖਰ ਹੁੰਦਾ ਸੀ, ਅਜ ਲੋੜ ਪੈਣ ‘ਤੇ ਬਿਨ ਸਿਰਨਾਵਾਂ ਦੱਸੇ, ਪਤਾ ਨਹੀਂ ਕਿੱਧਰ ਚਲੀ ਗਈ। ਉਚੀ ਦੇਣੀ ਕੰਡਕਟਰ ਨੇ ਡਰਾਈਵਰ ਨੂੰ ਕਿਹਾ, ‘ਗੱਡੀ ਰੋਕੋ।’ ਗੱਡੀ ਰੋਕ ਕੇ ਸਾਡੇ ਵੱਲ ਪਿੱਠ ਕਰੀ ਡਰਾਈਵਰ ਮੁੱਛਾਂ ਨੂੰ ਵਟ ਦੇਈ ਗਿਆ। ਬੱਸ ਚਲਾਉਣ ਦੀ ਥਾਂ ਉਸ ਦਾ ਦਿਲ ਸਾਡਾ ਸ਼ਾਸਤ੍ਰਾਰਥ ਸੁਣਨ ਨੂੰ ਵੱਧ ਕਰਦਾ ਸੀ। ਤੁਹਾਨੂੰ ਪਤਾ ਈ ਐ, ਮੈਂ ਉਸ ਚਾਰਣ ਜਾਤ ਵਿਚੋਂ ਹਾਂ, ਜਿਸ ਦੇ ਵੱਡ ਵਡੇਰੇ ਵਾਰਾਂ ਲਿਖਦੇ, ਵਾਰਾਂ ਗਾਉਂਦੇ। ਉਨ੍ਹਾਂ ਦੀਆਂ ਵਾਰਾਂ ਸੁਣ ਕੇ ਕੱਟੇ ਹੋਏ ਸਿਰਾਂ ਦੀਆਂ ਮੁੱਛਾਂ ਫੜਕਣ ਲੱਗ ਜਾਂਦੀਆਂ ਸਨ।
ਕੰਡਕਟਰ ਨੇ ਉਚੇ ਸੁਰ ਵਿਚ ਕਿਹਾ, “ਇਹ ਸੀਟ ਮੇਰੀ ਹੈ, ਤੈਨੂੰ ਛੱਡਣੀ ਪਏਗੀ।”
ਮੈਂ ਕਿਹਾ, “ਛੱਡ ਦਿਆਂਗਾ, ਪਰ ਜੈਪੁਰ ਪਹੁੰਚ ਕੇ।”
“ਕੀ ਕਿਹਾ?” ਕੰਡਕਟਰ ਬੋਲਿਆ।
ਮੈਂ ਕਿਹਾ, “ਉਚਾ ਸੁਣਦੈ?”
ਸੁਪਰ ਡੀਲਕਸ ਬੱਸ ਵਿਚ ਸਾਰੇ ਇੱਜਤਦਾਰ ਮੁਸਾਫਰ ਬੈਠੇ ਸਭ ਕੁਝ ਦੇਖ ਰਹੇ ਸਨ, ਪਰ ਜਦ ਤੱਕ ਉਨ੍ਹਾਂ ਦੀ ਆਪਣੀ ਚਮੜੀ ਉਪਰ ਝਰੀਟ ਨਾ ਪਵੇ, ਉਹ ਦੂਜਿਆਂ ਦੇ ਝਗੜੇ ਵਿਚ ਖਾਹਮਖਾਹ ਟੰਗ ਨਹੀਂ ਅੜਾਉਂਦੇ। ਮਜ਼ਦੂਰਾਂ ਵਾਂਗ ਉਨ੍ਹਾਂ ਦਾ ਵਕਤ ਸਸਤਾ ਥੋੜ੍ਹਾ ਹੁੰਦਾ। ਸਮਾਂ ਬੀਤਣ ਨਾਲ ਮੈਂ ਕੰਡਕਟਰ ਨੂੰ ਤਾਂ ਮੁਆਫ ਕਰ ਵੀ ਦਊਂ, ਪਰ ਮੁਸਾਫਰਾਂ ਨੂੰ ਮੁਆਫ ਨਹੀਂ ਕਰੂੰਗਾ। ਉਨ੍ਹਾਂ ਨੂੰ ਤਾਂ ਈਸਾ ਮਸੀਹ ਵੀ ਮੁਆਫ ਨਹੀਂ ਕਰੇਗਾ। (‘ਪ੍ਰਿਯ ਮ੍ਰਿਣਾਲ’ ਵਿਚੋਂ)

ਵਿਜੇਦਾਨ ਦਾ ਬਚਪਨ ਦਾ ਨਿੱਕਾ ਨਾਮ ਬਿੱਜੀ ਸੀ। ਬਿੱਜੀ, ਚਾਰਣ ਜਾਤ ਵਿਚ ਪੈਦਾ ਹੋਇਆ। ਕਵਿਤਾ ਉਸ ਦੀ ਆਤਮਾ ਵਿਚ ਸਹਿਜ ਸੁਭਾਅ ਆ ਟਿਕੀ।
ਵਿਜੇਦਾਨ ਦੇ ਬੇਟੇ ਕੈਲਾਸ਼ ਕਬੀਰ ਨੇ ਪਿਤਾ ਦੀ ਕੁਝ ਵਾਕਫੀ ਰਾਜਸਥਾਨੀ ਵਿਚੋਂ ਹਿੰਦੀ ਵਿਚ ਅਨੁਵਾਦਿਤ ਰਚਨਾਵਾਂ ‘ਵਿਜੇਦਾਨ ਦੇਥਾ: ਰਚਨਾ ਸੰਚਯਨ’ (ਸਾਹਿਤ ਅਕਾਦਮੀ ਦਿੱਲੀ, 2009) ਦੇ ਪ੍ਰਾਕਥਨ ਵਿਚ ਦਿੱਤੀ ਹੈ। ਲਿਖਦੇ ਹਨ, ਕਵਿਤਾ ਜੀਸਾ (ਪਿਤਾ ਜੀ) ਦੀ ਆਤਮਾ ਵਿਚ ਰਚੀ ਵਸੀ ਹੋਈ ਸੀ। ਰਾਜਸਥਾਨੀ ਵਿਚ ਵਾਰਤਕ ਦੀ ਕੋਈ ਖਾਸ ਪਰੰਪਰਾ ਨਹੀਂ ਰਹੀ, ਪਰ ਪ੍ਰਾਚੀਨ ਕਵਿਤਾ, ਜਿਸ ਨੂੰ ਡਿੰਗਲ ਅਤੇ ਪਿੰਗਲ-ਦੋਹਾਂ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਕਲਾਤਮਕ ਤੌਰ ‘ਤੇ ਤਤਕਾਲੀ ਵਿਸ਼ਵ ਕਾਵਿ ਨਾਲੋਂ ਘੱਟ ਨਹੀਂ ਸੀ। ਰਵਿੰਦਰਨਾਥ ਵੀ ਡਿੰਗਲ ਕਵਿਤਾ ਦੇ ਜ਼ਬਰਦਸਤ ਪ੍ਰਸ਼ੰਸਕ ਸਨ। ਵਧੀਕ ਡਿੰਗਲ ਸਾਹਿਤ ਚਾਰਣਾ (ਇੱਕ ਜਾਤੀ) ਨੇ ਲਿਖਿਆ, ਇਸ ਕਰ ਕੇ ਇਸ ਨੂੰ ਚਾਰਣੀ ਸਾਹਿਤ ਵੀ ਕਿਹਾ ਜਾਂਦਾ ਹੈ। ਕਵਿਤਾ ਵਿਚ ਕਿਸੇ ਇੱਕ ਜਾਤੀ ਦਾ ਕਲਾ ਅਤੇ ਮਾਤਰਾ ਵਿਚ ਯੋਗਦਾਨ ਵਿਸ਼ਵ ਦੀ ਇੱਕੋ ਮਿਸਾਲ ਹੈ। ਕਾਵਿ ਰਚਨਾ ਹੀ ਚਾਰਣਾ ਦਾ ਕਿੱਤਾ ਹੁੰਦੀ ਸੀ।
-ਜਾਤੀਆਂ ਦਾ ਇਤਿਹਾਸ ਅੱਜ ਵੀ ਸੰਘਣੀ ਧੁੰਦ ਵਿਚ ਲਿਪਟਿਆ ਹੋਇਆ ਹੈ। ਸਮਾਜ ਸ਼ਾਸਤਰੀਆਂ ਅਤੇ ਮਾਨਵ ਵਿਗਿਆਨੀਆਂ ਨੂੰ ਵੀ ਪੱਕਾ ਪਤਾ ਨਹੀਂ। ਸੱਚ ਦੀ ਗੈਰਹਾਜ਼ਰੀ ਵਿਚ ਹਰ ਜਾਤੀ ਆਪਣੀਆਂ ਜੜ੍ਹਾਂ ਪੁਰਾਣ ਕਥਾਵਾਂ ਵਿਚੋਂ ਲੱਭਦੀ ਹੈ ਤੇ ਆਪਣਾ ਸਬੰਧ ਕਿਸੇ ਦੇਵਤੇ ਜਾਂ ਰਿਸ਼ੀ ਨਾਲ ਜੋੜਦੀ ਹੈ। ਪੁਰਾਣਾਂ ਦੀਆਂ ਮਿੱਥ ਕਥਾਵਾਂ ਛੱਡ ਦੇਈਏ ਤਾਂ ਅਨੁਮਾਨ ਹੈ ਕਿ ਚਾਰਣ ਜਾਤੀ ਵੀ ਹੋਰ ਆਰੀਆ ਜਾਤੀਆਂ ਵਾਂਗ ਇਰਾਨ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਭਾਰਤ ਵਲ ਆਈ। ਚਿਹਰੇ ਮੁਹਰੇ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ। ਇਰਾਨ ਤੋਂ ਸਿੰਧ ਹੁੰਦੇ ਹੋਏ ਚਾਰਣ ਰਾਜਸਥਾਨ ਅਤੇ ਗੁਜਰਾਤ ਵਿਚ ਵਸ ਗਏ। ਸਾਡੇ ਪੁਰਖੇ ਵੀ 1600 ਈਸਵੀ ਦੇ ਆਸ-ਪਾਸ ਖਰੋੜਾ ਪਿੰਡ (ਅਮਰਕੋਟ, ਸਿੰਧ) ਤੋਂ ਬੋਰੂੰਦਾ (ਜੋਧਪੁਰ, ਰਾਜਸਥਾਨ) ਆਏ, ਜੋ ਅੱਜ ਸਾਡਾ ਪਿੰਡ ਹੈ। ਚਾਰਣ ਪਸੂ ਪਾਲਕ ਸਨ, ਪਸੂਆਂ ਵਿਚੋਂ ਵੀ ਗਾਵਾਂ ਵਧੀਕ ਹੁੰਦੀਆਂ। ਵਿਜੇਦਾਨ ਦੇ ਦਾਦਾ ਕੋਲ 200 ਗਾਵਾਂ ਸਨ। ਘੋੜੇ ਅਤੇ ਊਠ ਵੀ ਸਨ। ਪਸੂਆਂ ਦਾ ਵਪਾਰ ਹੁੰਦਾ ਸੀ। ਘੋੜਿਆਂ ਦੇ ਗਾਹਕ ਰਾਜੇ ਹੁੰਦੇ ਜਾਂ ਰਾਜਿਆਂ ਦੇ ਨਿਕਟਵਰਤੀ ਰਈਸ। ਪਸੂ ਪਾਲਕਾਂ ਕੋਲ ਕਵਿਤਾ ਕਿਵੇਂ ਆ ਗਈ, ਪਤਾ ਨਹੀਂ ਪਰ ਸਿੰਧ, ਰਾਜਸਥਾਨ ਅਤੇ ਗੁਜਰਾਤ ਦੀਆਂ ਹਿੰਦੂ ਰਿਆਸਤਾਂ ਦੇ ਕਵੀ ਚਾਰਣ ਸਨ। ਇਨ੍ਹਾਂ ਤਿੰਨ ਪ੍ਰਾਂਤਾਂ ਤੋਂ ਇਲਾਵਾ ਨਿਕਟਵਰਤੀ ਖੇਤਰਾਂ, ਮਾਲਵਾ, ਹਰਿਆਣਾ ਆਦਿ ਦੀਆਂ ਰਿਆਸਤਾਂ ਤੋਂ ਲੈ ਕੇ ਜੰਮੂ ਕਸ਼ਮੀਰ ਰਿਆਸਤ ਦੇ ਰਾਜਕਵੀ ਚਾਰਣ ਸਨ।
ਜਿਸ ਕੁਲ ਵਿਚ ਵਿਜੇਦਾਨ ਦਾ ਜਨਮ ਹੋਇਆ, ਉਸ ਵਿਚ ਦਸ ਪੀੜ੍ਹੀਆਂ ਤੋਂ ਕਾਵਿ ਰਚਨਾ ਹੁੰਦੀ ਆ ਰਹੀ ਸੀ। ਦਾਦਾ ਜੁਗਤੀਦਾਨ ਜੀ ਦੇਥਾ ਆਪਣੇ ਸਮੇਂ ਦੇ ਪ੍ਰਸਿੱਧ ਕਵੀ ਸਨ। ਕਵਿਤਾ ਦੀ ਬਦੌਲਤ ਰਾਉ ਉਮਰਾਵਾਂ ਵਿਚ ਚੰਗੀ ਇੱਜਤ ਸੀ। ਵਿਜੇਦਾਨ ਚਾਰ ਸਾਲ ਦੀ ਉਮਰ ਵਿਚ ਕਵਿਤਾ ਦੇ ਬੰਦ ਜੋੜਨੇ ਲਿਖਣ ਲੱਗਾ ਸੀ ਕਿ ਪਰਿਵਾਰਕ ਲੜਾਈ ਵਿਚ ਉਸ ਦੇ ਪਿਤਾ ਦਾ ਕਤਲ ਹੋ ਗਿਆ। ਵਿਜੇਦਾਨ ‘ਤੇ ਸਾਰੀ ਉਮਰ ਇਸ ਸਦਮੇ ਦਾ ਅਸਰ ਰਿਹਾ।
ਦੋ ਨਾਵਲ, ਪੰਜਾਹ ਕਹਾਣੀਆਂ, ਸੈਂਕੜੇ ਕਵਿਤਾਵਾਂ, ਆਲੋਚਨਾ ਦੀਆਂ ਦੋ ਕਿਤਾਬਾਂ ਆਦਿਕ ਹਿੰਦੀ ਵਿਚ ਲਿਖਣ ਬਾਅਦ 1959 ਵਿਚ ਉਸ ਨੇ ਆਪਣੀ ਮਾਤਭਾਸ਼ਾ ਰਾਜਸਥਾਨੀ ਵਿਚ ਲਿਖਣ ਦਾ ਫੈਸਲਾ ਕੀਤਾ। ਉਸ ਨੂੰ ਰਾਜਸਥਾਨੀ ਦਾ ਅਮੀਰ ਖੁਸਰੋ ਕਹੋ ਜਾਂ ਭਾਰਤੇਂਦੂ ਹਰੀਸ਼ਚੰਦਰ, ਰਾਜਸਥਾਨੀ ਭਾਸ਼ਾ ਵਿਚ ਵਾਰਤਕ ਅਤੇ ਗਲਪ ਦਾ ਪ੍ਰਵੇਸ਼ ਵਿਜੇਦਾਨ ਹੱਥੀਂ ਹੋਣਾ ਸੀ, ਸੋ ਹੋਇਆ। ਇਸ ਵੇਲੇ ਤੱਕ ਉਸ ਨੇ ਰਾਜਸਥਾਨੀ ਵਿਚ ਇੱਕ ਵਾਕ ਵੀ ਨਹੀਂ ਲਿਖਿਆ ਸੀ। ਪਿੰਡ ਦੇ ਅਨਪੜ੍ਹ ਲੋਕਾਂ ਵਿਚ ਰਹਿਣ ਦਾ ਫੈਸਲਾ ਇਸ ਕਰ ਕੇ ਕੀਤਾ, ਕਿਉਂਕਿ ਜ਼ਬਾਨ ਦੇ ਅਸਲੀ ਉਸਤਾਦ ਉਹੋ ਹਨ। ਸ਼ੁਰੂ ਵਿਚ ਉਸ ਨੂੰ ਆਲੋਚਕਾਂ ਨੇ ਲੇਖਕ ਨਹੀਂ ਮੰਨਿਆ, ਕਿਉਂਕਿ ਵਿਜੇਦਾਨ ਨੇ ਕੋਈ ਸਿਰਜਣਾ ਨਹੀਂ ਕੀਤੀ। ਸੁਣ-ਸੁਣ ਕੇ ਲੋਕ ਕਹਾਣੀ ਲਿਖਣ ਵਿਚ ਕੀ ਕਲਾ? ਪਰ ਜਦੋਂ ‘ਬਾਤਾਂ ਰੀ ਫੁਲਵਾੜੀ’ ਜਿਲਦ-ਦਰ-ਜਿਲਦ ਛਪਣ ਲੱਗੀ, ਬੇਸ਼ੁਮਾਰ ਪੜ੍ਹੀ ਜਾਣ ਲੱਗੀ, ਤਦ ਆਲੋਚਕ ਪਿੱਛੇ ਰਹਿ ਗਏ, ਪਾਠਕ ਅੱਗੇ ਲੰਘ ਗਏ।
‘ਦੁਬਿਧਾ’ ਕਹਾਣੀ ਉਪਰ ਪਹਿਲੀ ਵਾਰ ਮਣਿਕੌਲ ਨੇ 1973 ਵਿਚ ਫਿਲਮ ਬਣਾਈ, ਦੂਜੀ ਵਾਰ ਅਮੋਲ ਪਾਲੇਕਰ ਨੇ 2004 ਵਿਚ ‘ਪਹੇਲੀ’ ਦੇ ਨਾਮ ਹੇਠ। ਪਿੰਡਾਂ ਵਿਚ ਇਹ ਕਹਾਣੀ ਤੇਈਏ ਤਾਪ ਦੇ ਮਰੀਜ਼ਾਂ ਨੂੰ ਰਾਜ਼ੀ ਕਰਨ ਲਈ ਸੁਣਾਈ ਜਾਂਦੀ ਸੀ। ਲੋਕ ਕਥਾ ਵਿਚਲਾ ਬੇਈਮਾਨ ਭੂਤ, ਅਨਜਾਣ ਬਹੂ ਨਾਲ ਉਸ ਦੀ ਜਾਣਕਾਰੀ ਬਗੈਰ ਵਿਭਚਾਰ ਕਰਦਾ ਹੈ। ਦੇਥਾ ਦਾ ਭੂਤ ਦਗੇਬਾਜ਼ ਨਹੀਂ, ਲੋੜਵੰਦਾਂ ਦਾ ਮਦਦਗਾਰ, ਨੇਕ ਪੁੱਤਰ, ਸਫਲ ਦੁਕਾਨਦਾਰ ਹੈ, ਜੋ ਪਿਤਾ ਨੂੰ ਵੀ ਸਿੱਖਿਆ ਦਿੰਦਾ ਹੈ ਕਿ ਦੀਨ ਦੁਖੀਆਂ ਦੀ ਮਦਦ ਕਰਨ ਨਾਲ ਵਪਾਰ ਵਿਚ ਘਾਟਾ ਨਹੀਂ ਪਵੇਗਾ, ਵਾਧਾ ਹੋਵੇਗਾ। ਕਹਾਣੀ ਵਿਚਲੀ ਨਾਇਕਾ ਸਭ ਕੁਝ ਜਾਣਦੀ ਹੋਈ ਭੂਤ ਨੂੰ ਸਵੀਕਾਰ ਕਰਦੀ ਹੈ। ਇਸ ਕ੍ਰਿਸ਼ਮੇ ਵੱਲ ਆਲੋਚਕਾਂ ਨੇ ਧਿਆਨ ਨਹੀਂ ਦਿੱਤਾ ਸੀ ਕਿ ਵਿਜੇਦਾਨ ਨਾਇਕਾਂ ਨੂੰ ਖਲਨਾਇਕ ਅਤੇ ਖਲਨਾਇਕਾਂ ਨੂੰ ਨਾਇਕ ਘੜ ਦੇਣ ਵਿਚ ਸਮਰੱਥ ਹੈ।

ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ,
ਤੁਸਾਂ ਦੇ ਦੀਦਾਰ ਦੀ ਇਕ ਝਲਕ ਬਦਲੇ
ਜਾਨ ਹਾਜ਼ਰ ਹੈ ਹਜ਼ੂਰ।
ਉਹ ਹੱਸ ਕੇ ਬੋਲੇ, ਇਸ ਘਰ ਵਿਚ
ਕੋਈ ਸੌਦੇਬਾਜ਼ੀ ਨਹੀਂ ਚਲਦੀ।

ਜਿਨ੍ਹਾਂ ਨੂੰ ਜੋੜ ਘਟਾ, ਗੁਣਾ ਤਕਸੀਮ, ਸੌਦੇਬਾਜ਼ੀ, ਹਿਸਾਬ-ਕਿਤਾਬ ਨਹੀਂ ਆਉਂਦਾ, ਇਹ ਕਹਾਣੀਆਂ ਉਨ੍ਹਾਂ ਲਈ ਹਨ। ਤਲਵੰਡੀ ਸਾਬੋ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਮੇ ਤਲੋਕੇ ਭਰਾਵਾਂ ਨੂੰ ਦੱਸਿਆ ਸੀ, ਜਿਹੜੇ ਹਿਸਾਬ ਕਰਨ ਲੱਗ ਜਾਣ, ਉਹ ਛੋਟੇ ਰਹਿ ਜਾਂਦੇ ਨੇ।