ਸ਼ਰਮ ਦਾ ਸਰਮਾਇਆ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਰੰਭਾ ਤੇ ਜਵਾਕ ਚੰਡੇ ਜਾਣ ਦੀ ਗੱਲ ਨੂੰ ਛਾਂਗੇ ਜਾਣ ਦੇ ਪ੍ਰਸੰਗ ਵਿਚ ਪੇਸ਼ ਕਰਦਿਆਂ ਕਿਹਾ ਸੀ, “ਮਨੁੱਖ ਅਤੇ ਰੁੱਖ-ਦੋਵੇਂ ਹੀ ਛਾਂਗ-ਛੰਗਾਈ ਪਿਛੋਂ ਫਿਰ ਫੁੱਟਦੇ ਤੇ ਕਰੂਬਲਾਂ ਨਿਕਲਦੀਆਂ।

…ਮਨੁੱਖ ਅਤੇ ਰੁੱਖ ਵਿਚ ਫਰਕ ਇਹ ਹੁੰਦਾ ਕਿ ਛਾਂਗੇ ਗਏ ਰੁੱਖ ਆਪਣੀ ਉਰਜਾ ਨੂੰ ਸਹੀ ਪਾਸੇ ਲਾ ਕੇ ਤਣੇ ਤੇ ਟਾਹਣੀਆਂ ਨੂੰ ਨਰੋਈ ਸੇਧ ਦਿੰਦੇ ਅਤੇ ਆਲੇ-ਦੁਆਲੇ ਨੂੰ ਭਾਗ ਲਾਉਂਦੇ; ਪਰ ਮਨੁੱਖ ਛਾਂਗੇ ਜਾਣ ‘ਤੇ ਵੀ ਕਈ ਵਾਰ ਆਪਣੀਆਂ ਕੋਝੀਆਂ ਹਰਕਤਾਂ, ਕਮੀਨੀਆਂ ਚਾਲਾਂ ਅਤੇ ਕੋਹਜਪੁਣੇ ਨੂੰ ਜਾਹਰ ਕਰਨੋਂ ਬਾਜ ਨਹੀਂ ਆਉਂਦਾ।” ਹਥਲੇ ਲੇਖ ਵਿਚ ਉਨ੍ਹਾਂ ਬੇਸ਼ਰਮੀ ਨੂੰ ਸ਼ਰਮਸਾਰ ਕੀਤਾ ਹੈ, “ਸ਼ਰਮ ਜਦ ਬੇਸ਼ਰਮੀ ਵੱਲ ਅਹੁਲਦੀ ਤਾਂ ਇਸ ਦੀ ਕੋਈ ਹੱਦ ਨਹੀਂ ਰਹਿੰਦੀ। ਇਹ ਨਿਵਾਣ ਵੱਲ ਖਿੱਸਕਦੀ, ਗਰਕਣੀ ਭਰੇ ਜੀਵਨ-ਰਾਹ ਨੂੰ ਚੁਣਨ ਲਈ ਮਜਬੂਰ ਹੋ ਜਾਂਦੀ, ਜੋ ਸਿਰਫ ਨਰਕ ਵੰਨੀਂ ਜਾਂਦਾ। ਇਸ ਤੋਂ ਪਹਿਲਾਂ ਕਿ ਸਾਡੇ ਪੈਰ ਬੇਸ਼ਰਮੀ ਵੱਲ ਵੱਧਣ, ਲੋੜ ਹੈ ਕਿ ਬੇਸ਼ਰਮੀ ਦੀਆਂ ਅਲਾਮਤਾਂ ਤੋਂ ਜਾਣੂ ਜਰੂਰ ਹੋਈਏ।” ਡਾ. ਭੰਡਾਲ ਕਹਿੰਦੇ ਹਨ, “ਸ਼ਰਮ ਦੀ ਸ਼ਾਬਦਿਕ ਅਰਥਾਂ ਤੋਂ ਹੱਟ ਕੇ, ਇਸ ਦੇ ਅੰਤਰੀਵ ਵਿਚ ਉਤਰਨ ਦੀ ਲੋੜ। ਸਮਾਜ ਵਿਚ ਬਹੁਤ ਕੁਝ ਮਾੜਾ ਇਸ ਲਈ ਹੀ ਵਾਪਰ ਰਿਹਾ, ਕਿਉਂਕਿ ਅਸੀਂ ਸ਼ਰਮ ਨੂੰ ਤਿਲਾਂਜਲੀ ਜੋ ਦੇ ਚੁਕੇ ਹਾਂ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਸ਼ਰਮ, ਸਾਇਸ਼ਤਗੀ, ਸਿਆਣਪ, ਸੁਹੱਪਣ ਅਤੇ ਸੁਹਜ ਦਾ ਸੁੰਦਰ ਸੁਮੇਲ। ਸਮਾਜਕ ਸਰੋਕਾਰਾਂ ਦੀ ਪੂਰਨ ਸਮਝ ਅਤੇ ਇਨ੍ਹਾਂ ਦੀ ਸਾਰਥਕਤਾ ‘ਤੇ ਸੰਵੇਦਨਾ ਦੀ ਚੜ੍ਹੀ ਹੋਈ ਚਾਸ਼ਣੀ।
ਸ਼ਰਮ, ਨਫਾਸਤ, ਨਿਆਰਾਪਣ, ਨਿਮਾਣਾਪਣ, ਨੇਕਨੀਤੀ ਅਤੇ ਨਰਮਦਿਲੀ ਦਾ ਨਾਮਕਰਨ। ਇਸ ਵਿਚੋਂ ਹੀ ਪੈਦਾ ਹੁੰਦੀ ਨਵੀਨਤਮ ਮਾਰਗਾਂ ਦੀ ਨਿਸ਼ਾਨਦੇਹੀ ਅਤੇ ਇਨ੍ਹਾਂ ‘ਤੇ ਤੁਰਨ ਦੀ ਆਸਥਾ।
ਸ਼ਰਮ, ਪਰਦਾਦਾਰੀ ਤੇ ਬੇ-ਪਰਦਾਦਾਰੀ ਵਿਚ ਵੀ, ਓਹਲੇ ‘ਚ ਤੇ ਪ੍ਰਤੱਖ ਵੀ, ਅਦਿੱਖ ਵੀ ਤੇ ਦ੍ਰਿਸ਼ਟਮਾਨ ਵੀ ਅਤੇ ਕਾਰਜਸ਼ੈਲੀ ਵਿਚ ਵੀ ਪ੍ਰਗਟਦੀ ਤੇ ਸੂਖਮ ਰੂਪ ਵਿਚ ਸੁੱਤੇ-ਸਿੱਧ ਵੀ ਹਾਜ਼ਰ-ਨਾਜ਼ਰ।
ਸ਼ਰਮ, ਸਥਾਪਤ ਰਹੁਰੀਤਾਂ ਨੂੰ ਨਕਾਰਨਾ ਨਹੀਂ, ਸਗੋਂ ਇਨ੍ਹਾਂ ਦੇ ਸੁਹਜ ਅਤੇ ਸੁੰਦਰਤਾ ਨੂੰ ਨਵੀਂਆਂ ਹਾਲਤਾਂ ਵਿਚੀਂ ਪਰਖਦਿਆਂ, ਦੂਣ ਸਵਾਇਆ ਰੂਪ ਚਾੜ੍ਹਨਾ ਹੁੰਦਾ।
ਸ਼ਰਮ, ਪਰਿਵਾਰਕ ਦਾਇਰੇ, ਸਮਾਜਕ ਵਲਗਣਾਂ, ਕੌਮਾਈ ਧਰਾਤਲ ਜਾਂ ਖਾਸ ਮਿੱਟੀ ਵਿਚੋਂ ਹੀ ਪੈਦਾ ਹੁੰਦੀ, ਜੋ ਮਾਣ-ਮਰਿਆਦਾ ਦਾ ਬਾਣਾ ਪਾ, ਨਿਵੇਕਲੇ ਸਮਾਜਕ ਸੰਦਰਭਾਂ ਨੂੰ ਅਪਨਾਉਣ ਅਤੇ ਇਨ੍ਹਾਂ ਦੇ ਸੁੱਚਮ ਨੂੰ ਪ੍ਰਗਟਾਉਣ ਦੀ ਉਤੇਜਨਾ ਵੀ ਹੁੰਦੀ।
ਸ਼ਰਮ, ਵਿਅਕਤੀਤਵ ਦਾ ਸੁਹਜਮਈ ਝਲਕਾਰਾ। ਵਿਅਕਤੀ ਦੀ ਅਜਿਹੀ ਦਿੱਖ ਰੂਪਮਾਨ ਹੁੰਦੀ, ਜੋ ਕਿਸੇ ਤੋਂ ਲੁਕੋਈ ਜਾਂ ਛੁਪਾਈ ਨਹੀਂ ਜਾ ਸਕਦੀ। ਇਹ ਸਵੈ-ਪ੍ਰਗਟਾਵੇ ਦਾ ਬਿਹਤਰ ਸਰੂਪ।
ਸ਼ਰਮ, ਲਿਬਾਸ, ਬੋਲਬਾਣੀ, ਵਰਤਾਅ, ਸਮਾਜਕ ਵਿਹਾਰ, ਕੰਮਕਾਜ ਵਿਚਲੇ ਸੁਚਿਆਰੇਪਣ ਅਤੇ ਨਿਆਰੇਪਣ ਵਿਚੋਂ ਵੀ ਝਲਕਦੀ।
ਸ਼ਰਮ ਰੂਪੀ ਗਹਿਣਾ ਹਰ ਵਿਅਕਤੀ ਦਾ ਹਾਸਲ ਹੋਵੇ ਤਾਂ ਇਸ ਦੀ ਕਿਰਨ-ਮਈ ਛੂਹ ਨਾਲ ਕਾਲਖ ਧੋਤੀ ਜਾਂਦੀ। ਰੂਪ ਚਮਕਣ ਅਤੇ ਦਮਕਣ ਲੱਗਦਾ। ਇਸ ਦੇ ਚਾਨਣ ਵਿਚ ਧੁੰਦਿਆ ਜਾਂਦੇ ਮੀਸਣੇ ਨੈਣ।
ਸ਼ਰਮ ਨੂੰ ਸਮਝਣ, ਅਪਨਾਉਣ ਅਤੇ ਇਸ ਦੀਆਂ ਰਹਿਮਤਾਂ ਵਿਚੋਂ ਜੀਵਨ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਸ਼ਰਮ ਦੀ ਸ਼ਾਬਦਿਕ ਅਰਥਾਂ ਤੋਂ ਹੱਟ ਕੇ, ਇਸ ਦੇ ਅੰਤਰੀਵ ਵਿਚ ਉਤਰਨ ਦੀ ਲੋੜ। ਇਸ ਨੂੰ ਰੂਹ ਵਿਚ ਰਮਾ ਕੇ ਹੀ ਇਸ ਦੀਆਂ ਬਖਸ਼ਿਸਾਂ ਦੀ ਪ੍ਰਾਪਤੀ ਦਾ ਹਾਸਲ ਬਣਿਆ ਜਾ ਸਕਦਾ।
ਸ਼ਰਮ ਸਿਰਫ ਬਾਹਰੀ ਹੀ ਨਹੀਂ ਹੁੰਦੀ। ਇਹ ਝੁਕੇ ਹੋਏ ਨੈਣਾਂ, ਕਿਸੇ ਦੇ ਅਦਬ ਵਿਚ ਖੁਦ ਨੂੰ ਅਰਪਿੱਤ ਕਰਨ ਅਤੇ ਇਲਾਹੀ ਦਿੱਖ ਵਿਚ ਵੀ ਨਜ਼ਰ ਆਉਂਦੀ। ਸਿਰਫ ਲੋੜ ਹੈ, ਦੂਜਾ ਵਿਅਕਤੀ ਇਸ ਦੀ ਤਹਿ ਤੀਕ ਪਹੁੰਚਣਾ ਜਾਣਦਾ ਹੋਵੇ, ਕਿਉਂਕਿ ਸ਼ਰਮ ਦੀ ਸੁੱਚਮਤਾ ਅਤੇ ਉਚਤਮਤਾ ਨੂੰ ਸਿਰਫ ਸੁੰਦਰ ਵਿਅਕਤੀਤਵ ਦੇ ਮਾਲਕ ਹੀ ਸਮਝ ਸਕਦੇ।
ਸ਼ਰਮ ਨੂੰ ਸਿਰਫ ਨੰਗੇਜ਼, ਲੱਚਰਤਾ, ਘਟੀਆ ਬੋਲ-ਬਾਣੀ ਜਾਂ ਉਜੱਡਪੁਣੇ ਤੀਕ ਸੀਮਤ ਨਾ ਕਰੋ। ਬਹੁਤ ਰੂਪ ਨੇ ਸ਼ਰਮ ਦੇ। ਕਈ ਵਾਰ ਓਪਰੇ ਬੇਸ਼ਰਮੀ ਭਰੇ ਵਰਤਾਰਿਆਂ ਵਿਚ ਵੀ ਸ਼ਰਮ-ਹਯਾ ਦੀ ਡੂੰਘੀ ਪਰਤ ਮਨੁੱਖ ਨੂੰ ਅੰਦਰ ਤੀਕ ਹਲੂਣਦੀ ਹੈ। ਅਜਿਹੇ ਵਿਅਕਤੀ ਦੇ ਕਰਮ-ਧਰਮ ਵਿਚ ਰਮੀ ਸ਼ਰਮ, ਮਨੁੱਖੀ ਵਰਤਾਰਿਆਂ ਨੂੰ ਨਵੀਆਂ ਸੰਭਾਵਨਾਵਾਂ ਪ੍ਰਤੀ ਪ੍ਰੇਰਿਤ ਵੀ ਕਰਦੀ ਹੈ।
ਸ਼ਰਮ-ਹਯਾ ਦਾ ਗਹਿਣਾ, ਕਦੇ ਸਮਾਜ ਦਾ ਸਭ ਤੋਂ ਵੱਡਾ ਅਤੇ ਕੀਮਤੀ ਗਹਿਣਾ ਹੁੰਦਾ ਸੀ। ਬਜੁਰਗਾਂ ਜਾਂ ਵੱਡਿਆਂ ਦੀ ਅੱਖ ਦੀ ਸ਼ਰਮ, ਛੋਟਿਆਂ ਨੂੰ ਕਿਸੇ ਵੀ ਸੰਭਾਵਤ ਗਲਤ ਕੰਮ ਕਾਰਨ ਜਾਂ ਗਲਤ ਰਾਹ ਤੋਂ ਤੁਰਨ ਤੋਂ ਵਰਜਦੀ ਸੀ। ਇਕ ਅਪਣੱਤ-ਰੂਪੀ ਸ਼ਰਮ ਹੁੰਦੀ ਸੀ, ਸਮਾਜਕ ਵਰਤਾਰਿਆਂ ਵਿਚ। ਇਸ ਵਿਚ ਹੁੰਦੀ ਸੀ, ਚੰਗਿਆਈ ਅਤੇ ਭਲਿਆਈ ਭਰੀ ਭਾਵਨਾ ਤਾਂ ਕਿ ਕੱਚੀ ਉਮਰੇ ਕਿਸੇ ਦੇ ਪੈਰ ਨਾ ਥਿੜਕਣ ਤੇ ਉਹ ਸਾਬਤ ਕਦਮੀਂ ਜੀਵਨ-ਉਦੇਸ਼ ਨੂੰ ਪੂਰਾ ਕਰ ਸਕੇ। ਇਹ ਸ਼ਰਮ ਇਕ ਆਦਤ ਅਤੇ ਆਦਰਯੋਗ ਅਕੀਦਤ ਦੇ ਰੂਪ ਵਿਚ ਹਰ ਕੋਈ ਅਪਨਾਉਂਦਾ ਸੀ। ਇਸ ਵਿਚੋਂ ਉਸ ਦੀ ਹੋਂਦ ਨੂੰ ਹਾਸਲ ਅਤੇ ਵਿਅਕਤੀਤਵ ਨੂੰ ਪਛਾਣ ਤੇ ਪ੍ਰਵਾਨਗੀ ਮਿਲਦੀ ਸੀ।
ਅਜਿਹੀ ਸ਼ਰਮ ਦਰਅਸਲ ਇਕ ਦੂਜੇ ਪ੍ਰਤੀ ਸਮਰਪਣ ਦੀ ਭਾਵਨਾ ਸੀ, ਜੋ ਸੇਧ ਅਤੇ ਸੰਜੀਦਗੀ ਪ੍ਰਦਾਨ ਕਰਦੀ ਸੀ। ਬਹੁਤੀ ਵਾਰ ਇਸ ਵਿਚੋਂ ਹੀ ਸੁਪਨੇ ਜਨਮ ਲੈਂਦੇ ਸਨ, ਜਿਨ੍ਹਾਂ ਦੀ ਪ੍ਰਾਪਤੀ ਵਿਚ ਸ਼ਰਮ-ਹਯਾ ਦਾ ਬਹੁਤ ਵੱਡਾ ਰੋਲ ਹੁੰਦਾ ਸੀ। ਇਸ ਦੇ ਗਵਾਚਣ ਨਾਲ ਬਹੁਤ ਕੁਝ ਗਵਾਚ ਗਿਆ ਏ, ਜਿਸ ਦੇ ਪਰਤਣ ਦੀ ਹੁਣ ਕੋਈ ਆਸ ਨਹੀਂ ਰਹੀ।
ਸ਼ਰਮ ਜਦ ਬੇਸ਼ਰਮੀ ਵੱਲ ਅਹੁਲਦੀ ਤਾਂ ਇਸ ਦੀ ਕੋਈ ਸੀਮਾ ਨਹੀਂ ਰਹਿੰਦੀ। ਇਹ ਨਿਵਾਣ ਵੱਲ ਖਿੱਸਕਦੀ, ਗਰਕਣੀ ਭਰੇ ਜੀਵਨ-ਰਾਹ ਨੂੰ ਚੁਣਨ ਲਈ ਮਜਬੂਰ ਹੋ ਜਾਂਦੀ, ਜੋ ਸਿਰਫ ਨਰਕ ਵੰਨੀਂ ਜਾਂਦਾ। ਸ਼ਖਸੀ ਆਜ਼ਾਦੀ ਬਹੁਤ ਜਰੂਰੀ ਹੈ, ਪਰ ਇਹ ਆਜ਼ਾਦੀ ਜਦ ਇਕ ਹੱਦ ਤੋਂ ਅਗਾਂਹ ਲੰਘ ਜਾਂਦੀ ਤਾਂ ਇਹ ਆਜ਼ਾਦੀ ਨਾ ਹੋ ਕੇ ਅਰਾਜਕਤਾ ਬਣਦੀ। ਅਜਿਹੇ ਹਾਲਾਤ ਵਿਚੋਂ ਜੀਵਨ ਨੂੰ ਪਰਿਭਾਸ਼ਤ ਤੇ ਨਿਰਧਾਰਤ ਕਰਨਾ ਅਤੇ ਉਲਾਰ ਹੋਣ ਤੋਂ ਬਗੈਰ, ਸੁੰਦਰ ਜੀਵਨ-ਜਾਚ ਨਾਲ ਜਿਉਣਾ ਸੰਭਵ ਨਹੀਂ ਹੁੰਦਾ।
ਸ਼ਰਮ ਨੂੰ ਕਦੇ ਵੀ ਆਦਮੀ ਅਤੇ ਔਰਤ ਵਿਚ ਨਹੀਂ ਵੰਡਿਆ ਜਾ ਸਕਦਾ। ਦੋਹਾਂ ਲਈ ਬਰਬਾਰ। ਦੋਹਾਂ ਦੀ ਨਿਜੀ ਜਾਂ ਪਰਿਵਾਰਕ ਜ਼ਿੰਦਗੀ ਵਿਚ ਬਰਬਾਰ ਦੀ ਅਹਿਮੀਅਤ। ਸਮਾਜਕ ਦਾਇਰਿਆਂ ਵਿਚ ਵਿਚਰਦਿਆਂ ਸਮਾਜਕ ਪ੍ਰਾਣੀ ਨੂੰ ਇਸ ਦੀਆਂ ਸੀਮਾਵਾਂ ਨੂੰ ਨਿਰਧਾਰਤ ਕਰਨਾ ਪਵੇਗਾ ਤਾਂ ਹੀ ਅਸੀਂ ਇਸ ਦੀ ਸੰਵੇਦਨਾ ਨੂੰ ਆਪਣੇ ਮਸਤਕ ਦੇ ਨਾਮ ਕਰ, ਇਸ ਦਾ ਟਿੱਕਾ ਮੱਥੇ ‘ਤੇ ਸਜਾਉਣ ਦੇ ਕਾਬਲ ਹੋ ਸਕਾਂਗੇ।
ਸ਼ਰਮ ਤੋਂ ਬੇਸ਼ਰਮੀ ਵੱਲ ਜਾਂਦਿਆਂ ਮਨੁੱਖ ਇਹ ਕਦੇ ਨਹੀਂ ਸੋਚਦਾ ਕਿ ਕੀ ਅਜਿਹਾ ਵਰਤਾਰਾ ਜਾਇਜ਼ ਹੈ? ਕੀ ਇਸ ਰਾਹ ‘ਤੇ ਤੁਰਿਆਂ ਸਮਾਜ ਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਜਾ ਸਕਦੀ ਏ? ਕੀ ਮਨੁੱਖੀ ਸੰਵੇਦਨਾ ਤੇ ਸਮਾਜਕ ਸਰੋਕਾਰਾਂ ਦੀ ਅਣਦੇਖੀ ਕੀਤਿਆਂ ਕੁਝ ਪ੍ਰਾਪਤ ਕੀਤਾ ਜਾ ਸਕਦਾ ਏ? ਕੀ ਆਪਣੇ ਆਪ ਤੋਂ ਦੂਰ ਜਾ ਕੇ, ਆਪਣੀ ਹੀ ਬੇਰੁੱਖੀ ਵਿਚੋਂ ਕੁਝ ਹਾਸਲ ਕੀਤਾ ਜਾ ਸਕਦਾ? ਮਨੁੱਖ ਨੂੰ ਸਵੈ-ਚਿੰਤਨ ਕਰਨ ਅਤੇ ਤਮੰਨਾ ਤੇ ਤਰਜ਼ੀਹਾਂ ਨੂੰ ਖੁਦ ਨਿਰਧਾਰਤ ਕਰਨ ਦੀ ਬਹੁਤ ਲੋੜ ਹੈ।
ਸ਼ਰਮ ਤੋਂ ਬੇਸ਼ਰਮੀ ਵੱਲ ਵਧਦਿਆਂ ਮਨੁੱਖ ਨੇ ਹਰ ਖੇਤਰ ਵਿਚ ਹੀ ਆਪਣੀ ਨਿਲੱਜਤਾ ਨੂੰ ਨਿਲਾਮ ਕੀਤਾ ਏ। ਭਾਵੇਂ ਆਪਣੀਆਂ ਧੀਆਂ ਜਿਹੀਆਂ ਬੱਚੀਆਂ ਦਾ ਸਰੀਰਕ ਸ਼ੋਸ਼ਣ ਹੋਵੇ, ਸਮਾਜਕ ਸਬੰਧਾਂ ਦੀ ਸ਼ੱਰੇਆਮ ਉਲੰਘਣਾ ਹੋਵੇ, ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਕੇ ਲੀਰੋ ਲੀਰ ਕਰਨਾ ਹੋਵੇ, ਭੈਣ-ਭਰਾਵਾਂ ਦੇ ਹੱਕਾਂ ‘ਤੇ ਡਾਕਾ ਮਾਰਨਾ ਹੋਵੇ, ਨਿਜੀ ਮੁਫਾਦ ਲਈ ਜੱਦੀ ਖੇਤ ਵਿਚ ਹੀ ਆਪਣਿਆਂ ਦੀ ਕਬਰ ਬਣਾਉਣਾ ਹੋਵੇ, ਬੁੱਢੇ ਅਤੇ ਲਾਚਾਰ ਮਾਪਿਆਂ ਨੂੰ ਘਰੋਂ ਕੱਢਣਾ ਹੋਵੇ, ਮਾਂ ਬਾਪ ਦੇ ਪਿਆਰ ਅਤੇ ਲਾਡ-ਦੁਲਾਰ ਨੂੰ ਘੱਟੇ ਮਿੱਟੀ ਰੋਲਣਾ ਹੋਵੇ, ਬਜੁਰਗਾਂ ਦੀਆਂ ਅਸੀਸਾਂ ਨਾਲ ਪ੍ਰਵਾਨ ਚੜ੍ਹਿਆਂ ਦਾ ਵਡੇਰਿਆਂ ਨੂੰ ਠੇਡੇ ਮਾਰਨਾ ਹੋਵੇ ਜਾਂ ਮੰਨਤਾਂ ਮੰਗਣ ਵਾਲੇ ਮਾਪਿਆਂ ਦੀ ਮੌਤ ਦੀਆਂ ਅਰਦਾਸਾਂ ਕਰਵਾਉਣੀਆਂ ਹੋਣ। ਕਿੰਨੇ ਬੇਸ਼ਰਮ ਹੋ ਗਏ ਹਾਂ ਅਸੀਂ? ਕਿੰਨੀ ਨੀਚਤਾ ਆ ਗਈ ਏ ਸਾਡੀ ਸੋਚ ਵਿਚ? ਕਿੰਨੀ ਬੇਸ਼ਰਮੀ ਤੇ ਬੇਹਯਾਈ ਹੈ ਸਾਡੀ ਬੋਲਬਾਣੀ ਵਿਚ? ਕਿਉਂ ਭੁੱਲ ਗਏ ਹਾਂ ਆਪਣੇ-ਪਰਾਏ ਦਾ ਫਰਕ? ਕਿੰਨੇ ਅਕ੍ਰਿਤਘਣ ਹੋ ਗਏ ਕਿ ਆਪਣੇ ਆਪ ਨੂੰ ਦਾਅ ‘ਤੇ ਲਾ ਕੇ ਬੱਚੇ ਦੀ ਹਰ ਮੰਗ ਤੇ ਆਸ ਨੂੰ ਪੂਰਾ ਕਰਨ ਲਈ ਨਿਲਾਮ ਹੋਣ ਵਾਲੇ ਮਾਪਿਆਂ ਦਾ ਸਿਵਾ ਸੇਕਣ ਲਈ ਸੋਚਣ ਲੱਗ ਪਏ ਹਾਂ?
ਇਹ ਬੇਸ਼ਰਮੀ ਦੀ ਅੱਤ ਹੀ ਹੈ ਕਿ ਭਰਾ, ਭੈਣ ਨਾਲ ਵਿਆਹ ਕਰਵਾ ਕੇ ਵਿਦੇਸ਼ ਨੂੰ ਜਾਣ ਦਾ ਸੁਪਨਾ ਪੂਰਾ ਕਰ ਰਿਹਾ ਏ, ਮਾਪੇ ਪਰਵਾਸੀ ਦੁਹਾਜੂਆਂ ਨਾਲ ਧੀਆਂ ਦਾ ਸੌਦਾ ਕਰਨ ਨੂੰ ਪਹਿਲ ਦੇ ਰਹੇ ਨੇ ਅਤੇ ਕੁਝ ਮਾਪੇ ਪੁੱਤਾਂ ਦੀ ਸ਼ੱਰੇ-ਬਾਜ਼ਾਰ ਬੋਲੀ ਲਾ ਉਨ੍ਹਾਂ ਦੀ ਵੱਟਤ ਵੱਟ ਰਹੇ ਨੇ। ਇਸ ਨੂੰ ਕੇਹੀ ਬੇਸ਼ਰਮੀ ਅਤੇ ਕੁਹਜਪੁਣੇ ਦਾ ਨਾਮ ਦਿਓਗੇ, ਜਦ ਅਸੀਂ ਕੁੱਖਾਂ ਵਿਚ ਧੀਆਂ ਮਾਰ ਰਹੇ ਹਾਂ, ਨਿਜੀ ਮੁਫਾਦ ਲਈ ਹਰ ਚੀਜ ਹੀ ਨਕਲੀ ਮਿਲ ਰਹੀ ਹੈ। ਕੀ ਇਸ ਨੂੰ ਬਣਾਉਣ ਤੇ ਵੇਚਣ ਵਾਲੇ ਆਪ ਬਚ ਜਾਣਗੇ? ਜਦ ਗੜ੍ਹੇ ਖੇਤ ਵਿਚ ਖੜੀ ਫਸਲ ਨੂੰ ਤਬਾਹ ਕਰਦੇ ਨੇ ਤਾਂ ਗੜਿਆਂ ਦਾ ਵਜੂਦ ਵੀ ਆਪਣੇ ਆਪ ਹੀ ਖੇਤ ਵਿਚ ਨਸ਼ਟ ਹੋ ਜਾਂਦਾ ਏ।
ਸ਼ਰਮ ਤੋਂ ਬੇਸ਼ਰਮੀ ਵੱਲ ਨੂੰ ਜਾਂਦਿਆਂ ਰਾਹ ਵਿਚ ਕੰਡੇ ਹੀ ਮਿਲਣਗੇ, ਖੱਡੇ ਅਤੇ ਖਾਈਆਂ ਨੂੰ ਉਲੰਘਣ ਲੱਗਿਆਂ ਬਹੁਤ ਕਸ਼ਟ ਹੋਵੇਗਾ। ਰਾਹ ਦੀਆਂ ਦੁਸ਼ਵਾਰੀਆਂ ਜਿਉਣਾ ਦੁੱਭਰ ਕਰ ਦੇਣਗੀਆਂ। ਇਸ ਤੋਂ ਪਹਿਲਾਂ ਕਿ ਸਾਡੇ ਪੈਰ ਬੇਸ਼ਰਮੀ ਵੱਲ ਵੱਧਣ, ਲੋੜ ਹੈ ਕਿ ਬੇਸ਼ਰਮੀ ਦੀਆਂ ਅਲਾਮਤਾਂ ਤੋਂ ਜਾਣੂ ਜਰੂਰ ਹੋਈਏ।
ਸ਼ਰਮ ਜਾਂ ਬੇਸ਼ਰਮੀ, ਮਨ ਦੀ ਉਪਜ। ਇਹ ਮਨੁੱਖ ‘ਤੇ ਨਿਰਭਰ ਕਿ ਉਹ ਕਿਸ ਨੂੰ ਸ਼ਰਮ ਮੰਨਦਾ ਅਤੇ ਕਿਸ ਨੂੰ ਬੇਸ਼ਰਮੀ ਸਮਝਦਾ। ਇਹ ਤਾਂ ਮਨੁੱਖੀ ਲਾਲਸਾ ਵਿਚਲਾ ਲੋਭ। ਕਰਮ-ਧਰਮ ਵਿਚਲਾ ਪਾੜਾ। ਹੋਂਦ ਤੇ ਹਾਸਲ ਵਿਚਲਾ ਅੰਤਰ। ਫਰਜ਼ ਅਤੇ ਹੱਕ ਵਿਚਲਾ ਫਰਕ। ਕੀਰਤੀ ਅਤੇ ਕੁਕਰਮ ਦਾ ਵਿਰੋਧਾਭਾਸ। ਨੇਕਨੀਤੀ ਤੇ ਨਾਲਾਇਕੀ ਵਿਚਲੀ ਦੂਰੀ ਅਤੇ ਖੁਦਦਾਰੀ ਤੇ ਖਬਤ ਵਿਚਲਾ ਅਸਾਵਾਂਪਣ।
ਸ਼ਰਮਾਕਲ ਲੋਕਾਂ ਨੂੰ ਕਿਸੇ ਬੋਲ, ਇਸ਼ਾਰੇ, ਸੈਨਤ, ਲਿਬਾਸ ਜਾਂ ਵਰਤਾਰੇ ਵਿਚੋਂ ਵੀ ਸ਼ਰਮ ਨਜ਼ਰ ਆਉਂਦੀ। ਉਹ ਖੁਦ ਨੂੰ ਇਸ ਸਥਿੱਤੀ ਵਿਚ ਦੇਖ ਕੇ ਹੀ .ਪਾਣੀ ਪਾਣੀ ਹੋ ਜਾਂਦੇ, ਜਦ ਕਿ ਬੇਸ਼ਰਮ ਲੋਕ ਬੇਹਯਾਈ ਵਿਚੋਂ ਹੀ ਆਪਣੀ ਨਿਜਤਾ ਅਤੇ ਆਜ਼ਾਦੀ ਦਾ ਢੰਡੋਰਾ ਬਣ ਜਾਂਦੇ।
ਸ਼ਰਮਾਕਲ ਹੋਣਾ ਕੋਈ ਘਟੀਆਪਣ ਨਹੀਂ, ਜਦ ਤੀਕ ਇਹ ਤੁਹਾਡੇ ਵਰਤੋਂ-ਵਿਹਾਰ, ਜੀਵਨ-ਜਾਚ ਜਾਂ ਨਿਜੀ ਜ਼ਿੰਦਗੀ ਵਿਚ ਕੋਈ ਕਮੀ ਜਾਂ ਊਣਤਾਈ ਨਾ ਬਣੇ। ਇਹ ਤਾਂ ਸਗੋਂ ਬਹੁਤ ਕੀਮਤੀ ਗਹਿਣਾ। ਇਸ ਨੇ ਸਦਾ ਰਹਿਣਾ, ਜਿਸ ਵਿਚੋਂ ਹੀ ਬਹੁਤ ਕੁਝ ਪ੍ਰਾਪਤ ਕਰਨਾ ਹੁੰਦਾ।
ਸ਼ਰਮ ਦੀ ਮਨੁੱਖੀ ਬਰਾਬਰੀ ਨਾਲ ਕੋਈ ਤੁਲਨਾ ਨਾ ਕਰੋ। ਜੀਵਨ ਦੇ ਹਰ ਰੰਗ ਵਿਚ ਮਨੁੱਖੀ ਬਰਾਬਰੀ ਜਰੂਰੀ, ਪਰ ਬਰਾਬਰੀ ਹੁੰਦਿਆਂ ਹਰੇਕ ਲਈ ਸ਼ਰਮ-ਰੂਪੀ ਗਹਿਣੇ ਨੂੰ ਸਜਾਉਣਾ ਹੋਰ ਵੀ ਜਰੂਰੀ ਹੁੰਦਾ।
ਸ਼ਰਮ ਨੂੰ ਸਰੀਰ ਤੀਕ ਹੀ ਸੀਮਤ ਨਾ ਕਰੋ। ਇਸ ਨੂੰ ਆਪਣੇ ਵਰਤੋਂ-ਵਿਹਾਰ, ਚੱਜ-ਅਚਾਰ, ਕਿਰਦਾਰ ਅਤੇ ਬੋਲ-ਚਾਲ ਰਾਹੀਂ ਆਪਣੀ ਸਮੁੱਚਤਾ ਵਿਚ ਪ੍ਰਗਟਾਓਗੇ ਤਾਂ ਸ਼ਰਮ ਬਹੁ-ਅਰਥੀ, ਬਹੁ-ਪਰਤੀ ਅਤੇ ਅਸੀਮਤ ਰੰਗ-ਰੂਪਾਂ ਵਿਚ ਆਪਣੇ ਆਪ ਨੂੰ ਰੂਮਪਾਨ ਕਰੇਗੀ। ਸਿਰਫ ਇਸ ਦੀਆਂ ਸਾਰੀਆਂ ਪਰਤਾਂ ਨੂੰ ਫਰੋਲਣ ਅਤੇ ਇਸ ਦੀਆਂ ਸੂਖਮ ਤਹਿਆਂ ਵਿਚੋਂ ਖੁਦ ਦੀ ਸ਼ਖਸੀਅਤ ਨੂੰ ਨਿਖਾਰਨ ਅਤੇ ਵਿਸਥਾਰਨ ਦੀ ਲੋੜ ਹੈ।
ਸ਼ਰਮ ਜਦ ਸਾਡੇ ਮਨ ਵਿਚ ਘਰ ਕਰ, ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੀ ਤਾਂ ਇਸ ਦੇ ਸੁਹਜ-ਰੰਗਾਂ ਵਿਚ ਵਿਅਕਤੀਤਵ ਨੂੰ ਮਾਣ-ਸਨਮਾਨ, ਸੁੰਦਰਤਾ ਅਤੇ ਸਦੀਵਤਾ ਦਾ ਅਹਿਸਾਸ ਅਤੇ ਅਭਾਸ ਹੁੰਦਾ। ਇਹ ਅਹਿਸਾਸ ਹੀ ਮਨੁੱਖ ਨੂੰ ਜਿਉਣ ਜੋਗਾ ਕਰਦਾ।
ਸ਼ਰਮ ਜਦ ਅੱਖਾਂ ਵਿਚੋਂ ਉਠ ਜਾਂਦੀ ਤਾਂ ਕਹਿਰ ਵਾਪਰਦਾ। ਅਣਹੋਣੀਆਂ ਆਪਣੀ ਕਰੂਰਤਾ ਨਾਜ਼ਲ ਕਰਦੀਆਂ। ਇੱਜਤਾਂ ਨਿਲਾਮ ਹੁੰਦੀਆਂ, ਪੈਰਾਂ ਵਿਚ ਲਾਸ਼ਾਂ ਰੁਲਦੀਆਂ ਅਤੇ ਕਹਿਰਵਾਨ ਸਮਿਆਂ ਦਾ ਇਤਿਹਾਸ, ਵਕਤ ਨੂੰ ਨਮੋਸ਼ੀ ਦੀ ਦਲਦਲ ਵਿਚ ਧਕੇਲਦਾ।
ਸ਼ਰਮਹੀਣ ਲੋਕ ਜਦ ਧਾਰਮਿਕ ਅਡੰਬਰਾਂ ਦਾ ਅੰਗ ਬਣ ਕੇ ਅਧਾਰਮਿਕਤਾ ਫੈਲਾਉਂਦੇ ਤਾਂ ਆਸ਼ਰਮਾਂ ਵਿਚ ਬਲਾਤਕਾਰ ਅਤੇ ਕਤਲ ਹੁੰਦੇ। ਧਰਮ ਕਲੰਕਤ ਹੁੰਦਾ। ਸ਼ਰਮਹੀਣਤਾ ਜਦ ਰਾਜਨੀਤਕ ਲੋਕਾਂ ਦੇ ਕਰਮ ਵਿਚ ਰਚਦੀ ਤਾਂ ਦੇਸ਼, ਸਟੇਟ ਜਾਂ ਸਲਤਨਤ ਗਰਕ ਜਾਂਦੀ। ਉਜੜ ਜਾਂਦੇ ਸ਼ਹਿਰ ਤੇ ਗਰਾਂ। ਵਿੱਕ ਜਾਂਦੀਆਂ ਜ਼ਮੀਰਾਂ, ਜਾਇਦਾਦਾਂ ਅਤੇ ਜਜ਼ਬਾਤ। ਵੋਟਾਂ ਨਿਲਾਮ ਹੁੰਦੀਆਂ ਅਤੇ ਧਨ ਦੇ ਅੰਬਾਰਾਂ ‘ਤੇ ਹੁੰਦੀ ਤਖਤਾਂ ਦੀ ਤਾਮੀਰਦਾਰੀ। ਇਹੀ ਬੇਸ਼ਰਮੀ ਰਾਜਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਬੇਹਯਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਅਤੇ ਨਿਲੱਜਤਾ, ਹਥਿਆਰ ਬਣ ਜਾਂਦੀ। ਅਜਿਹੇ ਮੌਕਿਆਂ ‘ਤੇ ਜਦ ਦਬਾਈ ਅਤੇ ਲਿਤਾੜੀ ਧਿਰ ਦੀ ਸ਼ਰਮ-ਹਯਾ ਵਿਚ ਉਬਾਲ ਆਉਂਦਾ ਤਾਂ ਲੁੜਕ ਜਾਂਦੇ ਤਖਤ ਤੇ ਤਾਜ। ਤਦ ਵਿਚਲਿਤ ਸਮਿਆਂ ਵਿਚ ਹਲੀਮੀ ਰਾਜ ਦਾ ਆਗਾਜ਼ ਹੁੰਦਾ।
ਸ਼ਰਮ, ਬਹੁਤ ਵੱਡੀ ਤਾਕਤ ਤੇ ਤਰਜਮਾਨੀ, ਜ਼ਜਬਾ ਤੇ ਜਜ਼ਬਾਤ, ਮਾਨਸਿਕ ਤਕੜਾਈ ਤੇ ਸਰੀਰਕ ਅਲੰਬਰਦਾਰੀ। ਨਰਮ ਦਿਲ ਵਿਚ ਵੱਸਦਾ ਸਿਰੜ ਤੇ ਸਾਧਨਾ, ਕੋਮਲਤਾ ਵਿਚ ਕਰੜਾਈ। ਕਾਇਰਤਾ ਨੂੰ ਮਾਤ ਕਰਨ ਅਤੇ ਕੁਕਰਮੀਆਂ ਨੂੰ ਖਤਮ ਕਰਨ ਦਾ ਜਨੂੰਨ। ਅੰਦਰ ਸੁੱਤੇ ਇਨਸਾਨ ਨੂੰ ਜਗਾਉਣ ਦਾ ਹੰਭਲਾ ਅਤੇ ਕਦਮਾਂ ਵਿਚ ਨਵੇਂ ਰਾਹਾਂ ਦੀ ਨਿਸ਼ਾਨਦੇਹੀ ਕਰਨ ਦੀ ਤਮੰਨਾ।
ਸ਼ਰਮ, ਸੰਭਾਵਨਾਵਾਂ ਤੇ ਸੁਪਨਿਆਂ ਦੀ ਜਨਮਦਾਤੀ। ਸਮਰੱਥਾ, ਸਾਰਥਿਕਤਾ ਅਤੇ ਸਦੀਵਤਾ ਦੀ ਹਾਮੀ। ਸਫਲਤਾਵਾਂ, ਸਹਿਜਭਾਵ ਅਤੇ ਸੰਤੁਲਿਤ ਵਿਚਾਰਧਾਰਾ ਦਾ ਵਹਾਅ। ਸਹਿਜ, ਸੁਹਜ ਅਤੇ ਸੁਚੇਤਨਾ ਦਾ ਸੁਨੇਹਾ। ਲੋਕ ਜਦ ਇਸ ਸੁਨੇਹੇ ਨੂੰ ਸੁਣਨ ਅਤੇ ਇਸ ਨੂੰ ਕੰਨ ਰਸ ਬਣਾਉਣ ਦੇ ਆਦੀ ਹੋ ਜਾਂਦੇ ਤਾਂ ਸਮਾਜ ਬਦਲਦਾ। ਸੋਚ ਦੇ ਬਦਲਣ ਨਾਲ ਬਹੁਤ ਕੁਝ ਬਦਲਦਾ। ਪਾਪ, ਕੁਚੱਜ, ਕਤਲ, ਕੁਕਰਮ, ਕਮੀਨਗੀ, ਕੁਤਾਹੀਆਂ ਅਤੇ ਕਾਲੇ ਵਕਤਾਂ ਨੂੰ ਪੈਂਦੀ ਠੱਲ੍ਹ। ਸਮਾਜ ਵਿਚ ਬਹੁਤ ਕੁਝ ਮਾੜਾ ਇਸ ਲਈ ਹੀ ਵਾਪਰ ਰਿਹਾ, ਕਿਉਂਕਿ ਅਸੀਂ ਸ਼ਰਮ ਨੂੰ ਤਿਲਾਂਜਲੀ ਜੁ ਦੇ ਚੁਕੇ ਹਾਂ।
ਸ਼ਰਮ, ਸਾਦਗੀ, ਸਹਿਜਮੱਤ, ਸੁਘੜ ਵਿਚਾਰ, ਸਪੱਸ਼ਟਤਾ ਦਾ ਸੁਹੱਪਣ। ਇਸ ਸਾਹਵੇਂ ਫਿੱਕੇ ਹੁੰਦੇ ਨੇ ਕੁਰੰਗ ਸਰੀਰ ਤੇ ਸਜਾਏ ਲਿਬਾਸ ਗਹਿਣੇ ਅਤੇ ਹੀਰੇ ਤੇ ਮੋਤੀਆਂ ਜੜੀਆਂ ਕਲਗੀਆਂ। ਕਦਰਾਂ-ਕੀਮਤਾਂ ਨੂੰ ਪ੍ਰਣਾਏ ਵਿਅਕਤੀ ਸਾਹਵੇਂ ਨਿਰਉਤਰ ਹੋ ਜਾਂਦੇ ਨੇ, ਠੱਗੀਆਂ ਅਤੇ ਧੋਖੇ ਨਾਲ ਬਣੇ ਧਨਵਾਨ। ਹਉਮੈ, ਹੰਕਾਰ ਅਤੇ ਹੈਂਕੜ ਵਿਚ ਗਲਤਾਨ ਲੋਕ, ਇਕ ਫੱਕਰ ਦੀ ਸ਼ਰਨ ਵਿਚ ਆ ਕੇ ਇਸ ਲਈ ਹੀ ਤਾਂ ਮਨ ਦੀ ਸ਼ਾਂਤੀ ਲਈ ਅਰਦਾਸ ਕਰਦੇ ਨੇ, ਕਿਉਂਕਿ ਉਨ੍ਹਾਂ ਨੇ ਆਪਣੀ ਅੰਤਰੀਵ ਤੇ ਬਾਹਰੀ ਸ਼ਰਮ ਅਤੇ ਲੋਕ-ਲੱਜਾ ਨੂੰ ਗਵਾ ਜੁ ਲਿਆ ਹੁੰਦਾ।
ਸ਼ਰਮ ਜਦ ਬੋਲਬਾਣੀ ਰਾਹੀਂ ਸਾਡੀ ਰੂਹ ਵਿਚ ਆਲ੍ਹਣਾ ਪਾਉਂਦੀ ਤਾਂ ਸੁੱਤੀਆਂ ਕਲਾਂ ਜਗਾਉਂਦੀ। ਚੇਤਨਾ ਨੂੰ ਚਿੰਤਨ ਦੇ ਰਾਹ ਪਾਉਂਦੀ ਤਾਂ ਝੋਲੀ ਨਿਆਮਤਾਂ ਨਾਲ ਭਰ ਜਾਂਦੀ। ਅਜਿਹੀਆਂ ਨਿਆਮਤਾਂ, ਜੋ ਖਰੀਦੀਆਂ ਨਹੀਂ ਜਾ ਸਕਦੀਆਂ। ਜੋ ਬਾਜ਼ਾਰ ਵਿਚੋਂ ਮੁੱਲ ਵੀ ਨਹੀਂ ਮਿਲਦੀਆਂ ਅਤੇ ਇਸ ਨੂੰ ਤਰਸਦੇ ਨੇ ਵੱਡੇ ਵੱਡੇ ਲੋਕ।
ਸ਼ਰਮ ਵੀ ਸ਼ਰਮਸ਼ਾਰ ਹੋ ਜਾਂਦੀ, ਜਦ ਉਹ ਅਜੋਕੇ ਗੀਤਾਂ, ਲਿਖਤਾਂ, ਫਿਲਮਾਂ ਅਤੇ ਕਥਾ-ਕਹਾਣੀਆਂ ਵਿਚ ਨੰਗੇਜ਼ ਨੂੰ ਪਰੋਸਿਆ ਦੇਖਦੀ; ਪਰ ਸ਼ਰਮ ਨੂੰ ਸ਼ਰਮਸ਼ਾਰ ਕਰਨ ਵਾਲੇ ਗਾਇਕ/ਕਲਾਕਾਰ/ਕਥਾਕਾਰ ਖੁਦ ਕਦੇ ਵੀ ਸ਼ਰਮਸ਼ਾਰ ਨਹੀਂ ਹੁੰਦੇ।
ਜਦ ਬਾਬਰ ਸ਼ਰਮ, ਧਰਮ ਅਤੇ ਕਰਮ ਨੂੰ ਛੱਡ ਕੇ ਬੇਲੱਜਤਾ ਵੰਨੀਂ ਤੁਰਦਾ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਬਾਬਰਵਾਣੀ ਵਿਚ ਫੁਰਮਾਉਣਾ ਪੈਂਦਾ, “ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥” ਅਜਿਹੀ ਦਮਨਕਾਰੀ ਹਾਲਾਤ ਸਿਰਫ ਸ਼ਰਮਹੀਣ ਲੋਕ ਹੀ ਕਰ ਸਕਦੇ, ਕਿਉਂਕਿ ਉਨ੍ਹਾਂ ਦੀ ਜ਼ਮੀਰ ਜੁ ਮਰੀ ਹੁੰਦੀ ਏ। ਉਨ੍ਹਾਂ ਲਈ ਬੇਬੱਸ ਅਤੇ ਲਾਚਾਰਾਂ ਦੀ ਵਿਲਕਣੀਆਂ, ਮਾਸੂਮਾਂ ਦਾ ਚੀਕ-ਚਿਹਾੜਾ ਜਾਂ ਮਜਲੂਮਾਂ ਦੇ ਹਾੜਿਆਂ ਤੇ ਤਰਲਿਆਂ ਦਾ ਕੋਈ ਅਸਰ ਨਹੀਂ ਹੁੰਦਾ। ਫਿਰ ਇਕ ਮਰਦ ਦਾ ਚੇਲਾ ਉਠਦਾ ਹੈ, ਜੋ ਨਿਤਾਣਿਆਂ ਅਤੇ ਨਿਮਾਣਿਆਂ ਦੀ ਬਾਂਹ ਪਕੜ, ਸੱਚ ਦੇ ਸੂਰਜ ਨੂੰ ਘੁੱਪ ਹਨੇਰਿਆਂ ਦੀ ਕੁੱਖ ਵਿਚ ਧਰਦਾ।
ਸ਼ਰਮ ਸਭ ਤੋਂ ਵੱਡਾ ਸ਼ਬਦ, ਸੱਚ ਅਤੇ ਸਮਿਆਂ ਦਾ ਸੰਦਲੀ ਤੇ ਸੁਨਹਿਰੀ ਵਰਕਾ, ਜਿਸ ਦੀ ਚਮਕ ਕਦੇ ਵੀ ਮੱਧਮ ਨਹੀਂ ਪੈਂਦੀ, ਸਗੋਂ ਵਕਤ ਨਾਲ ਇਸ ਦੀ ਆਭਾ ਵਿਚ ਹੋਰ ਬਿਹਤਰ ਨਿਖਾਰ ਆਉਂਦਾ।
ਲੋੜ ਹੈ, ਅਸੀਂ ਸ਼ਰਮਸ਼ਾਰ ਹੋਣ ਦੀ ਥਾਂ ਸ਼ਰਮ ਨੂੰ ਆਪਣੇ ਮੁਖੜੇ ‘ਤੇ ਸਜਾਈਏ। ਇਸ ਦੀ ਅਦਾ ਅਤੇ ਅਦਾਇਗੀ ਵਿਚੋਂ ਖੁਦ ਨੂੰ ਹੋਰ ਸੁੰਦਰ ਤੇ ਸਾਰਥਕ ਬਣਾਈਏ ਤਾਂ ਕਿ ਸ਼ਰਮ ਨੂੰ ਵੀ ਆਪਣੀ ਹੋਂਦ, ਹਾਸਲ ਅਤੇ ਹਕੀਕਤ ‘ਤੇ ਬਹੁਤ ਨਾਜ਼ ਹੋਵੇ।
ਸ਼ਰਮ ਸਾਡੀ ਵਿਰਾਸਤ। ਸਮਾਜਕ ਸਨਮਾਨ ਤੇ ਸਰਮਾਇਆ। ਇਸ ਦੀ ਸਾਂਭ-ਸੰਭਾਲ ਅਤਿ ਜਰੂਰੀ ਤਾਂ ਕਿ ਅਸੀਂ ਆਪਣੇ ਅਮੀਰ ਵਿਰਸੇ ਨੂੰ ਨਵੀਂ ਪੀੜ੍ਹੀ ਦੇ ਨਾਮ ਲਾ, ਨੰਗੇਜ਼ ਵਿਚ ਓਤ-ਪੋਤ ਦਿੱਖ, ਵਿਚਾਰ ਅਤੇ ਪਹਿਰਾਵੇ ਤੋਂ ਕੁਝ ਵੱਖਰਾ ਅਤੇ ਵਿਲੱਖਣ ਸੰਸਾਰ ਦੇ ਨਾਮ ਕਰ ਸਕੀਏ।
ਸ਼ਰਮ, ਸਿਰਫ ਸਮਾਜ ਜਾਂ ਪਰਾਇਆਂ ਤੋਂ ਹੀ ਨਾ ਕਰੋ, ਸਗੋਂ ਖੁਦ ਤੋਂ ਵੀ ਕਰੋ। ਕੁਝ ਵੀ ਕਰਨ ਤੋਂ ਪਹਿਲਾਂ ਇਹ ਸੋਚੋ ਕਿ ਕੀ ਮੈਂ ਅਜਿਹਾ ਕਰਕੇ ਖੁਦ ਤੋਂ ਸ਼ਰਮਸਾਰ ਤਾਂ ਨਹੀਂ ਹੋਵਾਂਗਾ? ਜਦ ਤੁਸੀਂ ਖੁਦ ਨਾਲ ਸੰਵਾਦ ਰਚਾਉਣਾ, ਆਪੇ ਦੇ ਰੂਬਰੂ ਹੋਣਾ ਅਤੇ ਖੁਦ ਸ਼ਰਮਸ਼ਾਰ ਹੋਣਾ ਸਿੱਖ ਜਾਵੋਗੇ ਤਾਂ ਤੁਸੀਂ ਕੁਝ ਵੀ ਅਜਿਹਾ ਨਹੀਂ ਕਰੋਗੋ, ਜੋ ਤੁਹਾਨੂੰ ਦੂਜਿਆਂ ਜਾਂ ਸਮਾਜ ਦੇ ਸਾਹਮਣੇ ਸ਼ਰਮਸ਼ਾਰ ਕਰੇ। ਸ਼ਰਮ ਤਾਂ ਤੁਹਾਡੇ ਨੈਣਾਂ ਵਿਚ ਵੱਸਣੀ ਚਾਹੀਦੀ ਹੈ, ਜਿਸ ਨੂੰ ਤੁਸੀਂ ਸਵੇਰ-ਸ਼ਾਮ ਸ਼ੀਸ਼ੇ ਵਿਚ ਨਿਹਾਰ ਸਕੋ ਅਤੇ ਗਾਹੇ-ਬਗਾਹੇ ਖੁਦ ਦੀ ਪਹਿਰੇਦਾਰੀ ਕਰਦੇ ਰਹੋ।