ਭਰਤੀ ਤੋਂ ਸ਼ਹੀਦ ਹੋਣ ਤੱਕ

ਅਵਤਾਰ ਸਿੰਘ
ਫੋਨ: 91-94175-18384
ਸਾਡੇ ਦੇਸ਼ ਵਿਚ ਜਦ ਕਿਸੇ ਦੇ ਘਰ ਪੁੱਤ ਜਨਮ ਲੈਂਦਾ ਹੈ ਤਾਂ ਉਹਨੂੰ ‘ਦਾਤ’ ਕਿਹਾ ਜਾਂਦਾ ਹੈ ਤੇ ਕਈ ਕਈ ਦਿਨ ਜਸ਼ਨ ਹੁੰਦੇ ਹਨ। ਵੱਡੇ ਘਰਾਂ ‘ਚ ਜਨਮ ਲੈਣ ਵਾਲੇ ਪੁੱਤ ਤਾਂ ਜੰਮਣ ਸਾਰ ਹੀ ‘ਕਾਕੇ’ ਬਣ ਜਾਂਦੇ ਹਨ ਤੇ ਉਨ੍ਹਾਂ ਦੇ ਜਨਮ ਦਾ ਇਕ ਜਨਮ-ਦਿਨ ਬਣ ਜਾਂਦਾ ਹੈ। ਅਜਿਹੇ ਕਾਕੇ ਲਾਇਸੰਸ ਦੀ ਉਮਰ ਤੱਕ ਪੁੱਜਣ ਤੋਂ ਪਹਿਲਾਂ ਹੀ ਵੱਡੀਆਂ ਵੱਡੀਆਂ ਗੱਡੀਆਂ ਵਿਚ ਵੱਡੇ ਵੱਡੇ ਸਪੀਕਰ ਰਖਵਾ ਕੇ ‘ਸਿੱਧੂ ਮੂਸੇ ਵਾਲੇ ਦੇ ਸਾਲੇ’ ਬਣ ਜਾਂਦੇ ਹਨ।

ਦੋ-ਦੋ ਕਿੱਲਿਆਂ ਵਾਲਿਆਂ ਜਾਂ ਬੇਜ਼ਮੀਨੇ ਲੋਕਾਂ ਦੇ ਪੁੱਤ ਵੀ ਜਨਮ ਲੈਂਦੇ ਹਨ, ਪਰ ਉਨ੍ਹਾਂ ਦੇ ਜਨਮ, ਜਨਮ-ਦਿਨ ਨਹੀਂ ਬਣਦੇ। ਉਹ ਵਿਚਾਰੇ ਸਾਇਕਲਾਂ ‘ਤੇ ਭੱਸੜ ਭਨਾ ਭਨਾ ਕੇ ਜਾਂ ਰੋਡਵੇਜ਼ ਦੀਆਂ ਬੱਸਾਂ ਵਿਚ ਧੱਕੇ ਖਾ ਕੇ ਮਸਾਂ ਦਸਵੀਂ, ਪਲੱਸ ਟੂ ਤੇ ਕਈ ਵਾਰ ਬੀ. ਏ. ਪਾਰਟ ਵੰਨ ਜਾਂ ਟੂ ਕਰ ਲੈਂਦੇ ਹਨ। ਕਦੀ ਕਦੀ ਕੋਈ ਟਾਵਾਂ ਟਾਵਾਂ ਬੀ. ਏ. ਵੀ ਕਰ ਲੈਂਦਾ ਹੈ।
ਜਦ ਅੱਗੇ ਤਪੇ ਹੋਏ ਦੋਜ਼ਖ ਦੀ ਮਿਡਲ ਕਲਾਸ ਹਾਲ-ਪਾਹਰਿਆ ਸੁਣਾਈ ਦਿੰਦੀ ਹੈ ਤਾਂ ਅਜਿਹੇ ਨੌਜੁਆਨ ਚੁੱਪ-ਚਾਪ ਕਿਤੇ ਜਾ ਕੇ ਫੌਜ ਵਿਚ ਭਰਤੀ ਹੋ ਜਾਂਦੇ ਹਨ। ਕਿਸੇ ਨੂੰ ਖਾਹਮਖਾਹ ਮਰਨ ਦਾ ਚਾਅ ਵੀ ਨਹੀਂ ਹੁੰਦਾ ਤੇ ਲੂੰਬੜ ਲੀਡਰਾਂ ਦੇ ਜਾਅਲੀ ਦੇਸ਼-ਪਿਆਰ ਤੋਂ ਵੀ ਉਨ੍ਹਾਂ ਦਾ ਮਨ ਅੱਕਿਆ ਪਿਆ ਹੁੰਦਾ ਹੈ। ਰਾਜਸੀ ਰੈਲੀਆਂ ਵਿਚ ਖੁਦਗਰਜ਼ ਲੀਡਰਾਂ ਦੇ ਦੇਸ਼-ਪਿਆਰ ਦੇ ਨਾਅਰੇ ਕਿਸੇ ਨੂੰ ਨਹੀਂ ਟੁੰਬਦੇ। ਜਿਨ੍ਹਾਂ ਦੀਆਂ ਮੁਰਦਾ ਬਾਹਾਂ ਅਜਿਹੇ ਨਿਰਜਿੰਦ ਨਾਅਰਿਆਂ ਸਮੇਂ ਹੀ ਉਠਣ ਲਈ ਬਣੀਆਂ ਹਨ, ਉਹ ਕਦੀ ਨਹੀਂ ਸਮਝ ਸਕਦੇ ਕਿ ਹੁਣ ਹਰੇਕ ਇਮਾਨਦਾਰ ਤੇ ਸੰਵੇਦਨਸ਼ੀਲ ਦੇਸ਼ਵਾਸੀ ਬੇਗਾਨਗੀ ਦੇ ਆਲਮ ਵਿਚ ਜੀਂਦਾ ਹੈ।
ਪਰ ਮੈਂ ਸਮਝਦਾਂ ਕਿ ਜਦ ਕੋਈ ਜਿਵੇਂ-ਕਿਵੇਂ ਭਰਤੀ ਹੋ ਹੀ ਜਾਂਦਾ ਹੈ ਤਾਂ ਫੌਜੀ ਵਾਤਾਵਰਣ ਵਿਚ ਰਹਿੰਦਿਆਂ ਤੇ ਫੌਜੀ ਟ੍ਰੇਨਿੰਗ ਕਰਦਿਆਂ ਦੇਸ਼-ਪ੍ਰੇਮ ਅਤੇ ਜੂਝ ਮਰਨ ਦਾ ਜਜ਼ਬਾ ਅੰਦਰ ਆ ਹੀ ਜਾਂਦਾ ਹੋਵੇਗਾ। ਇੱਥੋਂ ਤੱਕ ਕਿ ਭਰਤੀ ਹੋਣ ਵਾਲੇ ਫੌਜੀ ਦੇ ਪਿੱਛੇ ਵਸਦੇ ਪਰਿਵਾਰ ਤੱਕ ਵੀ ਇਹ ਜਜ਼ਬਾ ਅਸਰ ਅੰਦਾਜ਼ ਹੋ ਜਾਂਦਾ ਹੈ। ਉਹ ਲੋਕ ਬਾਕੀ ਲੋਕਾਂ ਨਾਲੋਂ ਕੁਝ ਵੱਖਰੀ ਤਰ੍ਹਾਂ ਸੋਚਣ ਲੱਗ ਪੈਂਦੇ ਹਨ।
ਫੌਜੀ ਦਾ ਬ੍ਰੇਨ ਇਸ ਤਰ੍ਹਾਂ ਟ੍ਰੇਂਡ ਹੋ ਜਾਂਦਾ ਹੈ ਕਿ ਉਹਦੇ ਲਈ ਮਿੱਤਰ ਦਾ ਅਰਥ ਆਪਣਾ ਦੇਸ਼ ਤੇ ਦੁਸ਼ਮਣ ਦਾ ਅਰਥ ਗੁਆਂਢੀ ਦੇਸ਼ ਹੋ ਜਾਂਦਾ ਹੈ। ਕਿਸੇ ਫੌਜੀ ਦੀ ਪਤਨੀ ਤੇ ਬੱਚੇ ਆਪਣੇ ਆਪ ਨੂੰ ਦੇਸ਼ ਦੇ ਧੀ ਪੁੱਤ ਸਮਝਣ ਲੱਗ ਪੈਂਦੇ ਹਨ। ਸੱਚਮੁੱਚ ਉਹ ਦੇਸ਼ ਦੇ ਅਸਲ ਧੀ-ਪੁੱਤ ਸਦਾਉਣ ਦੇ ਹੱਕਦਾਰ ਵੀ ਹੁੰਦੇ ਹਨ।
ਜਦ ਕਿਤੇ ਦੇਸ਼ ਦੀਆਂ ਸਰਹੱਦਾਂ ‘ਤੇ ਕਸ਼ਮਕਸ਼ ਹੁੰਦੀ ਹੈ ਜਾਂ ਤਣਾਅ ਵਧਦਾ ਹੈ ਤਾਂ ਦੇਸ਼ ਦੇ ਅੰਦਰ ਫੌਜੀਆਂ ਦੀਆਂ ਮਾਂਵਾਂ, ਭੈਣਾਂ ਤੇ ਪਤਨੀਆਂ ਦੇ ਦਿਲ ਗੋਤੇ ਖਾਣ ਲੱਗ ਜਾਂਦੇ ਹਨ, ਬੱਚੇ ਡੌਰ-ਭੌਰ ਹੋ ਜਾਂਦੇ ਹਨ ਅਤੇ ਬਾਪ, ਦਾਦੇ ਤੇ ਚਾਚੇ-ਤਾਏ ਗਹਿਰੀਆਂ ਸੋਚਾਂ ਵਿਚ ਉਤਰ ਜਾਂਦੇ ਹਨ। ਉਨ੍ਹਾਂ ਨੂੰ ਆਪਣੀਆਂ ਨੂੰਹਾਂ ਦੀ ਉਮਰ ਤੇ ਪੋਤੇ-ਪੋਤੀਆਂ ਦਾ ਭਵਿੱਖ ਵੱਢ ਵੱਢ ਖਾਣ ਲੱਗ ਜਾਂਦਾ ਹੈ। ਸਰਹੱਦਾਂ ਦੇ ਤਣਾਓ ਦੀ ਖਬਰ ਸੁਣਦੇ ਸਾਰ ਫੌਜੀਆਂ ਦੇ ਬਜੁਰਗ ਮਾਪੇ, ਕਹਾਣੀਕਾਰ ਕੁਲਵੰਤ ਸਿੰਘ ਵਿਰਕ ਵਾਲੇ ‘ਧਰਤੀ ਹੇਠਲੇ ਬਲਦ’ ਦੀ ਜੂਨ ‘ਚ ਪੈ ਜਾਂਦੇ ਹਨ।
ਦਸਵੀਂ ਪਾਸ ਕਰਨ ਪਿਛੋਂ ਕਿਤੇ ਨੌਕਰੀ ਦੀ ਗੱਲ ਨਾ ਬਣਨ ਕਰਕੇ, ਮੇਰੀ ਭੂਆ ਦਾ ਪੁੱਤ ਜਦ ਫੌਜ ਵਿਚ ਭਰਤੀ ਹੋ ਗਿਆ ਤਾਂ ਪਤਾ ਲੱਗਣ ‘ਤੇ ਮੇਰੀ ਮਾਂ ਦੀਆਂ ਅੱਖਾਂ ‘ਚ ਉਤਰੇ ਅੱਥਰੂ ਦੇਖ ਕੇ ਮੇਰੀਆਂ ਭੈਣਾਂ ਵੀ ਰੋ ਪਈਆਂ ਸਨ। ਰੇਡੀਓ ‘ਤੇ 1971 ਦੀ ਜੰਗ ਦੀਆਂ ਖਬਰਾਂ ਸੁਣ ਸੁਣ ਕੇ ਸਾਡਾ ਸਾਹ ਸੂਤਿਆ ਰਹਿੰਦਾ ਸੀ, ਪਰ ਜਦ ਉਹ ਜੰਗ ਜਿੱਤ ਕੇ ਸਾਨੂੰ ਮਿਲਣ ਆਇਆ ਤਾਂ ਅਸੀਂ ਸਾਰੇ ਏਨੇ ਖੁਸ਼ ਹੋਏ ਸਾਂ, ਜਿਵੇਂ ਸਾਡੇ ਘਰ ਰੱਬ ਉਤਰ ਆਇਆ ਹੋਵੇ। ਉਹ ਦਿਨ ਸਾਡੀ ਜ਼ਿੰਦਗੀ ਦਾ ਅਲੋਕਾਰਾ ਦਿਨ ਸੀ।
ਅਮਨ ਕੀ ਸ਼ੈਅ ਹੈ ਤੇ ਅਮਨ ਦੀ ਕੀਮਤ ਕਿਆ ਹੈ? ਇਹ ਸਿਰਫ ਫੌਜੀਆਂ ਦੇ ਪਰਿਵਾਰਾਂ ਨੂੰ ਪਤਾ ਹੁੰਦਾ ਹੈ। ਐਕਚੂਅਲ ਜੰਗ ਸਰਹੱਦਾਂ ‘ਤੇ ਹੁੰਦੀ ਹੈ ਅਤੇ ਵਰਚੂਅਲ ਜੰਗ ਫੌਜੀਆਂ ਦੇ ਪਰਿਵਾਰਾਂ ਦੇ ਦਿਲਾਂ ਵਿਚ ਹੁੰਦੀ ਹੈ। ਜੰਗ ਦੇ ਦਿਨਾਂ ‘ਚ ਫੌਜੀਆਂ ਦੀਆਂ ਪਤਨੀਆਂ ਤੇ ਮਾਂਵਾਂ ਦੀ ਅੱਧੀ ਅੱਧੀ ਦਿਹਾੜੀ ਗੁਰੂਆਂ ਤੇ ਪੀਰਾਂ-ਫਕੀਰਾਂ ਦੀਆਂ ਫੋਟੋਆਂ ਅੱਗੇ ਖੜ੍ਹਿਆਂ ਬਤੀਤ ਹੁੰਦੀ ਹੈ। ਜਿਵੇਂ ਮਾਂ ਹੋਣ ਤੇ ਫੌਜੀ ਦੀ ਮਾਂ ਹੋਣ ‘ਚ ਬੜਾ ਅੰਤਰ ਹੈ, ਇਵੇਂ ਪਤਨੀ ਹੋਣ ਤੇ ਫੌਜੀ ਦੀ ਪਤਨੀ ਹੋਣ ਵਿਚ ਵੀ ਬਹੁਤ ਫਰਕ ਹੈ। ਇਸੇ ਤਰ੍ਹਾਂ ਫੌਜੀ ਦੇ ਬੱਚੇ, ਬਾਪ ਤੇ ਭੈਣ ਭਾਈ ਹੋਣਾ ਵੀ ਆਮ ਗੱਲ ਨਹੀਂ ਹੈ।
ਅਹਿਮਦ ਨਦੀਮ ਕਾਸਮੀ ਦਾ ਇਕ ਪਾਤਰ ‘ਹੀਰੋ ਸ਼ੀਮਾ ਤੋਂ ਪਹਿਲਾਂ ਹੀਰੋ ਸ਼ੀਮਾ ਤੋਂ ਪਿੱਛੋਂ’ ਵਾਲੀ ਕਹਾਣੀ ਵਿਚ ਜੰਗ ਦੀ ਹਿਰਦੇਵੇਦਕ ਗੱਲ ਦੱਸਦਾ ਹੈ, “ਮੈਂ ਇਕ ਦਿਨ ਇਕ ਲਾਸ਼ ਦੇਖੀ। ਜਰਮਨ ਸਿਪਾਹੀ ਸੀ, ਜੋ ਏਨਾ ਸੋਹਣਾ ਸੀ ਕਿ ਮੂਰਤ ਛਾਪ ਲੈਣ ਨੂੰ ਦਿਲ ਕਰਦਾ ਸੀ। ਮੈਂ ਉਹਦੀਆਂ ਜੇਬਾਂ ਫੋਲੀਆਂ ਤਾਂ ਵਿਚੋਂ ਇਕ ਸੁਨਹਿਰੀ ਵਾਲਾਂ ਦੀ ਲਿਟ ਨਿਕਲੀ ਤੇ ਕਿਸੇ ਫੁੱਲ ਦੀਆਂ ਕੁਝ ਸੁੱਕੀਆਂ ਪੱਤੀਆਂ; ਨਾਲੇ ਇਕ ਮੁਚੀ ਹੋਈ ਤਸਵੀਰ, ਇਕ ਕੁੜੀ ਦੀ। ਕੁੜੀ ਦੀਆਂ ਅੱਖਾਂ ਏਨੀਆਂ ਗੰਭੀਰ ਸਨ, ਸ਼ਮਸ਼ੇਰ, ਕਸਮ ਕੁਰਾਨ ਦੀ, ਸਾਰਾ ਜਹਾਨ ਡੁੱਬ ਕੇ ਮਰ ਜਾਏ। ਉਹਦੀਆਂ ਅੱਖਾਂ ਜਿਵੇਂ ਪੁੱਛ ਰਹੀਆਂ ਸਨ, ਕੀ ਸੱਚਮੁਚ ਤੂੰ ਵਾਪਸ ਨਹੀਂ ਆਵੇਂਗਾ?”
ਇਹ ਨੌਜਵਾਨ ਵੀ ਤਾਂ ਦੁਨੀਆਂ ਨੂੰ ਬਹੁਤ ਵੱਡੀ ਖਬਰ ਸੁਣਾਉਣ ਲਈ ਮਰਿਆ ਸੀ ਤੇ ਪਤਾ ਈ ਮੈਨੂੰ ਇਨ੍ਹਾਂ ਸਾਰੇ ਕਤਲਾਂ ਬਦਲੇ ਸੱਤ ਰੁਪਈਏ ਪੈਨਸ਼ਨ ਮਿਲੀ-ਇਹ ਸੱਤ ਠੀਕਰੀਆਂ, ਇਹ ਸੱਤ ਲਾਹਨਤਾਂ।
ਅੱਜ ਸਾਡੇ ਦੇਸ਼ ਦੇ ਵੀਹ ਪੁੱਤਰ ਸਰਹੱਦ ‘ਤੇ ਮਾਰੇ ਗਏ ਹਨ, ਜਿਨ੍ਹਾਂ ਵਿਚੋਂ ਚਾਰ ਪੰਜਾਬ ਦੇ ਹਨ। ਅਖਬਾਰ ਦੱਸਦੇ ਹਨ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਤੇ ਜਾਹਰ ਹੈ ਕਿ ਅੰਤਾਂ ਦੀ ਮਜਬੂਰੀ ਵਿਚ ਭਰਤੀ ਹੋਏ ਹੋਣਗੇ। ਇਹ ਵੱਖਰੀ ਗੱਲ ਹੈ ਕਿ ਉਹ ਜੰਗ ਵਿਚ ਨਿਰਭੈ ਯੋਧਿਆਂ ਵਾਂਗ ਲੜੇ ਹੋਣਗੇ, ਪਰ ਮਰਨ ਸਮੇਂ ਉਨ੍ਹਾਂ ਨੂੰ ਵੀ ਆਪਣੇ ਮਾਂ ਬਾਪ, ਭੈਣ ਭਾਈ, ਬੱਚੇ ਤੇ ਆਪਣੀ ਮੁਹੱਬਤ, ਆਪਣੀ ਜਾਨ, ਆਪਣੀ ਮੰਗੇਤਰ ਜਾਂ ਆਪਣੀ ਪਤਨੀ ਦੀ ਯਾਦ ਆਈ ਹੋਵੇਗੀ। ਉਨ੍ਹਾਂ ਦੀ ਮੁੱਠੀ ਵਿਚੋਂ ਵੀ ਇਕ ਪਲ ਵਿਚ ਸਾਰਾ ਜਹਾਨ ਕਿਰ ਗਿਆ ਹੋਵੇਗਾ, ਦਿਲ ਦੀਆਂ ਸਧਰਾਂ, ਜ਼ਿੰਦਗੀ ਦੇ ਅਰਮਾਨ, ਮੁਹੱਬਤਾਂ ਦੇ ਸਪਨੇ ਤੇ ਨੈਣਾਂ ਦੇ ਨਕਸ਼ ਚਕਨਾਚੂਰ ਹੋ ਗਏ ਹੋਣਗੇ।
ਹੁਣ ਉਨ੍ਹਾਂ ਦਾ ਸੰਸਕਾਰ ਹੋਵੇਗਾ। ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ ਤੇ ਜੀ ਭਰਕੇ ਰਾਸ਼ਟਰੀ ਸਨਮਾਨ ਦਿੱਤਾ ਜਾਵੇਗਾ। ਕਹਿੰਦੇ ਹਨ, ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਚੰਗੀ ਗੱਲ ਹੈ।
ਕੀ ਸਰਕਾਰ ਸਿਰਫ ਕਿਸੇ ਇਕ ਜੀਅ ਨੂੰ ਚੰਦ ਛਿੱਲੜਾਂ ਦੀ ਨੌਕਰੀ ਦੇ ਕੇ ਸੁਰਖਰੂ ਹੋ ਜਾਵੇਗੀ। ਇਹਦੇ ਨਾਲੋਂ ਤਾਂ ਅੰਗਰੇਜ਼ ਚੰਗੇ ਸਨ, ਜੋ ਜੰਗ ਵਿਚ ਲੜ ਮਰਨ ਵਾਲਿਆਂ ਨੂੰ ਮੁਰੱਬਿਆਂ ਨਾਲ ਮਾਲਾਮਾਲ ਕਰ ਦਿੰਦੇ ਸਨ। ਆਪਣਾ ਬਲੀਦਾਨ ਦੇ ਕੇ, ਜੋ ਮਾਣ ਸਨਮਾਨ ਇਨ੍ਹਾਂ ਫੌਜੀ ਪੁੱਤਰਾਂ ਨੇ ਆਪਣੇ ਮੁਲਕ ਦੀ ਝੋਲੀ ਪਾਇਆ ਹੈ, ਉਹਦਾ ਮੁੱਲ ਬਸ ਏਨਾ ਹੀ?
ਇਨ੍ਹਾਂ ਚਾਰ ਯੋਧਿਆਂ ਨੇ ਹਿੰਦੁਸਤਾਨ ਦਾ ਮਾਣ ਰੱਖਿਆ ਹੈ, ਪੰਜਾਬ ਲਈ ਫਖਰ ਕਮਾਇਆ ਹੈ ਤੇ ਸਮਾਜ ਦਾ ਸਿਰ ਉਚਾ ਚੁੱਕਿਆ ਹੈ। ਇਸ ਲਈ ਸਾਡੇ ਸਮਾਜ ਤੇ ਪੰਜਾਬ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਜ਼ਬਾਤੀ ਨਾਅਰਿਆਂ ਤੇ ਨਖਿੱਧ ਚਾਕਰੀ ਦੀ ਥਾਂ ਘੱਟੋ ਘੱਟ ਦਸ-ਦਸ ਏਕੜ ਜ਼ਮੀਨ ਅਲਾਟ ਕਰ ਦਿੱਤੀ ਜਾਵੇ ਤਾਂ ਜੋ ਦੇਸ਼ ਦੇ ਨੌਜੁਆਨ ਆਪਣੇ ਮੁਲਕ ਨਾਲ ਜਜ਼ਬਾਤੀ ਸਾਂਝ ਪਾ ਸਕਣ ਤੇ ਲੋੜ ਪੈਣ ‘ਤੇ ਜਾਨ ਕੁਰਬਾਨ ਕਰਨ ਲਈ ਤਿਆਰ ਰਹਿ ਸਕਣ।
ਕਹਿੰਦੇ ਹਨ, 1965 ਅਤੇ 1971 ਦੀ ਜੰਗ ਵਿਚ ਸਾਡੀ ਸਰਕਾਰ ਨੇ ਜੂਝ ਮਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਜ਼ਮੀਨਾਂ ਦੇਣ ਦੇ ਐਲਾਨ ਕੀਤੇ ਸਨ, ਪਰ ਪਿਛੋਂ ਉਹ ਐਲਾਨ, ਉਹ ਵਾਅਦੇ ਵਫਾ ਨਾ ਹੋ ਸਕੇ। ਹੁਣ ਉਹ ਪਾਪ ਨੁਮਾ ਗਲਤੀ ਸੁਧਾਰਨ ਦਾ ਮੌਕਾ ਹੈ। ਸਰਕਾਰ ਨੂੰ ਹੰਭਲਾ ਮਾਰਨਾ ਚਾਹੀਦਾ ਹੈ।
ਪੰਜਾਬ ਵਿਚ ਕਾਨੂੰਨੀ ਤੌਰ ‘ਤੇ ਅਠਾਰਾਂ ਏਕੜ ਜ਼ਮੀਨ ਹੀ ਰੱਖੀ ਜਾ ਸਕਦੀ ਹੈ। ਜਿਨ੍ਹਾਂ ਕੋਲ ਵੀ ਗੈਰਕਨੂੰਨੀ ਤੇ ਬੇਨਾਮੀ ਵਾਧੂ ਜ਼ਮੀਨ ਹੈ, ਉਨ੍ਹਾਂ ਨੂੰ ਖੁਦ-ਬਖੁਦ ਅੱਗੇ ਆਉਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਇਹ ਮੁਹਿੰਮ ਜਾਰੀ ਕਰਨੀ ਚਾਹੀਦੀ ਹੈ। ਦੇਸ਼-ਪ੍ਰੇਮ ਵਿਚ ਜੂਝ ਮਰਨ ਦਾ ਫੌਜੀ ਜਜ਼ਬਾ ਇਸੇ ਤਰ੍ਹਾਂ ਕਾਇਮ ਰਹਿ ਸਕਦਾ ਹੈ। ਨਹੀਂ ਤਾਂ ਗਲੀ ਗਲੀ ਵਿਚ ਮਗਰਮੱਛਾਂ ਵਰਗੇ ਮੂੰਹ ਅੱਡੀ ਖੜ੍ਹੇ ਆਈਲੈਟਸ ਸੈਂਟਰ ਸਾਡੇ ਨੌਜੁਆਨ ਮੁੰਡੇ-ਕੁੜੀਆਂ ਨੂੰ ਐਵੇਂ ਹੀ ਹੜੱਪ ਜਾਣਗੇ।