ਕਿਤੇ ਉਹ ਗਲੀਚੇ ਤਾਰਿਕ ਅਜ਼ੀਜ਼ ਦੇ ਤਾਂ ਨਹੀਂ!

ਡਾ. ਦਵਿੰਦਰ ਮੰਡ
ਫੋਨ: 91-99145-65255
ਜਦੋਂ ਤਾਰਿਕ ਅਜ਼ੀਜ਼ ਨੇ 1975 ਵਿਚ ਆਪਣਾ ਪ੍ਰਸਿੱਧ ਸ਼ੋਅ ‘ਨਿਲਾਮ ਘਰ’ ਸ਼ੁਰੂ ਕੀਤਾ ਤਾਂ ਮੈਂ ਸਕੂਲੀ ਵਿਦਿਆ ਲੈ ਰਿਹਾ ਸਾਂ। ਇਹ ਨਿਲਾਮ ਘਰ ਦੇਖਦਿਆਂ ਹੀ ਮੈਂ ਕਾਲਜ ਦੀ ਪੜ੍ਹਾਈ ਮੁਕੰਮਲ ਕੀਤੀ। ਪਿੰਡ ਵਿਚ ਰਹਿੰਦਿਆਂ ਮੈਨੂੰ ਅੱਜ ਵੀ ਉਹ ਸਮਾਂ ਯਾਦ ਹੈ, ਜਦੋਂ ਇਹ ਪ੍ਰੋਗਰਾਮ ਵੇਖਣ ਲਈ ਮੈਨੂੰ ਤਰਲੋ-ਮਛੀ ਹੋਣਾ ਪੈਂਦਾ ਸੀ। ਕਦੇ ਪਿੰਡ ਵਿਚ ਬਿਜਲੀ ਚਲੀ ਜਾਂਦੀ ਤੇ ਕਦੇ ਗਰਮੀ-ਸਰਦੀ ਵਿਚ ਕੋਠੇ ‘ਤੇ ਚੜ੍ਹ ਐਨਟੀਨਾ ਘੁਮਾਉਣਾ ਪੈਂਦਾ। ਤਾਰਿਕ ਦੀ ਇਹ ਖੂਬੀ ਸੀ ਕਿ ਉਹ ਆਪਣੇ ਅੰਦਾਜ਼-ਏ-ਬਿਆਨ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਬੰਨ ਲੈਂਦਾ ਸੀ। ਤਾਰਿਕ ਅਜ਼ੀਜ਼ ਦੀਆਂ ਗੱਲਾਂ ਸੁਣ-ਸੁਣ ਕੇ ਮੇਰੇ ਪਿਤਾ ਮੈਨੂੰ ਪਾਕਿਸਤਾਨ ਤੇ ਭਾਰਤ ਦੀ ਵੰਡ ਨਾਲ ਜੁੜੀਆਂ ਕਈ ਗੱਲਾਂ ਸੁਣਾਉਂਦੇ ਸਨ।

ਨੇੜਲੇ ਪਿੰਡ ਦੇ ਮੁਸਲਮਾਨਾਂ ਨੂੰ ਲਿਆਉਂਦੀ ਗੱਡੀ ‘ਚ ਹੋਇਆ ਕਤਲੇਆਮ, ਔਰਤਾਂ ਦੀ ਬੇਪਤੀ ਆਦਿ ਮੇਰੇ ਸੀਨੇ ‘ਚ ਨਾਸੂਰ ਬਣ ਕੇ ਅਜੇ ਵੀ ਰਿਸਦੇ ਰਹਿੰਦੇ ਹਨ। 1947 ਦੀ ਵੰਡ ਵੇਲੇ ਆਪਣੇ ਘਰ ਛੱਡ ਗਏ ਮੁਸਲਮਾਨਾਂ ਦੇ ਘਰਾਂ ਨੂੰ ਮਾਰੋ-ਮਾਰ ਕਰ ਕੇ ਲੁੱਟਣਾ, ਚੀਜ਼ਾਂ ਇਕੱਠੀਆਂ ਕਰ ਕੇ ਲਿਆਉਣ ਦੀਆਂ, ਬਾਬੇ, ਬਾਪ, ਚਾਚੇ, ਤਾਇਆ ਵੱਲੋਂ ਸੁਣਾਈਆਂ ਵਾਰਦਾਤਾਂ, ਹਾਲੇ ਵੀ ਯਾਦ ਹਨ। ਮੈਂ ਉਦੋਂ ਸਕੂਲੀ ਬੱਚਾ ਹੀ ਸਾਂ, ਜਦੋਂ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਸੀ, “ਭਾਪਾ ਜੀ! ਤੁਸੀਂ ਵੀ ਉਦੋਂ ਕੁਝ ਸਾਮਾਨ ਲਿਆਂਦਾ ਸੀ?” 1930 ਵਿਚ ਜੰਮੇ ਮੇਰੇ ਪਿਤਾ ਨਿਝੱਕ ਕਹਿਣ ਲੱਗੇ, “ਪੁੱਤ ਮੈਂ ਤਾਂ ਕਿਤਾਬਾਂ ਇਕੱਠੀਆਂ ਕਰਨ ਜਾਂਦਾ ਰਿਹਾਂ, ਮੈਂ ਬਥੇਰੀਆਂ ਊਰਦੂ ਦੀਆਂ ਪੁਸਤਕਾਂ ਲਿਆ ਕੇ ਘਰ ਪੜ੍ਹਦਾ ਹੁੰਦਾ ਸਾਂ, ਪਰ ਤੇਰਾ ਤਾਇਆ..।” ਫਿਰ ਬਾਪ ਚੁੱਪ ਕਰ ਜਾਂਦਾ।
“ਤਾਇਆ, ਆਹ ਮਿਸਤਰੀ?”
“ਆਹੋ ਇਹ ਵੀ ਜਾਂਦਾ ਹੁੰਦਾ ਸੀ, ਪਿੰਡ ਦੇ ਚੰਦੇ ਤੇ ਜੀਤੇ ਨਾਲ ਘਰਾਂ ‘ਚੋਂ ਚੀਜ਼ਾਂ ਇਕੱਠੀਆਂ ਕਰਨ। ਤੈਨੂੰ ਪਤਾ! ਜਿਹੜਾ ਆਪਣੇ ਘਰ ਬੜਾ ਕੀਮਤੀ ਗਲੀਚਾ ਪਿਆ, ਇਹ ਤੇਰਾ ਤਾਇਆ ਚੁਗਿੱਟੀ ਅੱਲੋਂ ਲਿਆਇਆ ਸੀ। ਬਾਹਲੇ ਕੀਮਤੀ, ਪੰਜ ਗਲੀਚੇ, ਪੰਜਾਂ ਭਰਾਵਾਂ ਨੇ ਇਕ ਇਕ ਵੰਡ ਲਿਆ।” ਫਿਰ ਮੈਨੂੰ ਬਾਪ ਉਹ ਗਲੀਚਾ ਦਿਖਾਉਂਦਾ ਸੀ ਤੇ ਇਹ ਗਲੀਚਾ ਸਾਡੇ ਘਰ ਕਈ ਦਹਾਕਿਆਂ ਤੱਕ ਰਿਹਾ। ਉਂਜ ਵੀ ਚੁਗਿੱਟੀ ਇਹ ਸਾਰੇ ਤੁਰੇ ਰਹਿੰਦੇ ਸਨ। ਮੈਂ ਉਸ ਕੀਮਤੀ ਗਲੀਚੇ ‘ਤੇ ਆਪਣਾ ਬਚਪਨ ਗੁਜ਼ਾਰਿਆ ਹੈ। ਸਮੇਂ ਦੇ ਫੇਰ ਨਾਲ ਜਦੋਂ ਮੈਂ ਕਾਲਜ ਅਧਿਆਪਕ ਨਿਯੁਕਤ ਹੋ ਗਿਆ ਤਾਂ ਸ਼ਹਿਰ ‘ਚ ਰੈਣ ਬਸੇਰਾ ਬਣਾ ਲਿਆ। ਬੱਚੇ ਹੋ ਗਏ। ਸਭ ਸਹੂਲਤਾਂ ਆ ਗਈਆਂ ਤਾਂ ਐਮ. ਏ. ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਪਾਕਿਸਤਾਨੀ ਸਾਹਿਤ ਪੜ੍ਹਾਉਂਦਿਆਂ ਤਾਰਿਕ ਅਜ਼ੀਜ਼ ਫਿਰ ਮੇਰੀਆਂ ਯਾਦਾਂ ਦਾ ਸ਼ਿੰਗਾਰ ਬਣਿਆ।
ਉਸ ਦੀ ਇਕ ਲੰਬੀ ਇੰਟਰਵਿਊ ਮੈਂ ਵਿਸਥਾਰ ‘ਚ ਸੁਣੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਤਾਰਿਕ ਦੀ ਅਵਾਜ਼ ਉਂਜ ਹੀ ਬੁਲੰਦ ਹੈ। ਉਹਦਾ ਗੱਲਾਂ ਕਰਨ ਦਾ ਅੰਦਾਜ਼ ਹੋਰ ਨਿਖਰਿਆ ਹੈ। ਉਸ ਕੋਲ ਸ਼ੇਅਰ ਕਹਿਣ ਤੇ ਦਾਦ ਦੇਣ ਦੀ ਅਨੋਖੀ ਅਦਾ ਹੈ। ਉਸ ਦੀ ਖੂਬਸੂਰਤ ਮੁਸਕੁਰਾਹਟ ਮਹਿੰਦੀ ਹਸਨ ਦੇ ਸੁਰ ਜਿਹੀ ਹੈ। ਇਹ ਅਜ਼ੀਮ ਸ਼ਖਸੀਅਤ ਲਾਹੌਰ ਦੀਆਂ ਗਲੀਆਂ ਵਿਚ ਭੁਖ-ਨੰਗ ਨਾਲ ਘੁਲਦੀ ਅੱਗੇ ਵਧੀ ਹੈ। ਉਹੀ ਲਾਹੌਰੀਏ, ਜਿਨ੍ਹਾਂ ਨੇ 1960 ਤੋਂ 1964 ਤੱਕ ਇਹਨੂੰ ਜੀਵਨ ਦੀ ਹਕੀਕਤ ਸਮਝਾਈ ਤੇ ਫਿਰ ਅਸੈਂਬਲੀ ‘ਚ ਪਹੁੰਚਾ ਕੇ ਨਿੱਘੀ ਗਲਵੱਕੜੀ ਵੀ ਦਿੱਤੀ।
ਤਾਰਿਕ ਦੀ ਜ਼ਿੰਦਗੀ ‘ਚ ਉਸ ਦੇ ਪਿਤਾ ਦਾ ਬੜਾ ਯੋਗਦਾਨ ਰਿਹਾ ਹੈ। ਉਸ ਦਾ ਪਿਤਾ ਮੀਆਂ ਅਬਦੁਲ ਅਜ਼ੀਜ਼ ‘ਪਾਕਿਸਤਾਨੀ’ 1936 ਤੋਂ ਆਪਣੇ ਨਾਂ ਨਾਲ ‘ਪਾਕਿਸਤਾਨੀ’ ਸ਼ਬਦ ਲਿਖਣ ਲੱਗ ਪਿਆ ਸੀ। ਪਾਕਿਸਤਾਨ ਬਣਨ ‘ਤੇ ਵਿਰੋਧੀ ਪਾਰਟੀ ਦੇ ਪਹਿਲੇ 9 ਬੰਦਿਆਂ ‘ਚ ਉਹਦਾ ਪਿਤਾ ਵੀ ਸ਼ਾਮਲ ਸੀ। ਸਰਕਾਰੀ ਕਾਲਜ ਸਾਹੀਵਾਲ ਤੋਂ ਤਾਰਿਕ ਨੇ ਪੜ੍ਹਾਈ ਕੀਤੀ। ਰੇਡੀਓ ‘ਚ ਪੰਜ ਰੁਪਏ ਦਿਹਾੜੀ ‘ਤੇ ਕੰਮ ਕੀਤਾ। ਜਦੋਂ 1964 ‘ਚ ਲਾਹੌਰ, ਪਾਕਿਸਤਾਨ ਤੋਂ ਟੀ. ਵੀ. ਦਾ ਆਗਾਜ਼ ਹੋਇਆ ਤਾਂ ਇੰਟਰਵਿਊ ‘ਚ ਬਹੁਤ ਸਾਰੇ ਖੂਬਸੂਰਤ ਚਿਹਰਿਆਂ ਨੂੰ ਪਛਾੜ ਕੇ ਤਾਰਿਕ ਦੀ ਚੋਣ ਹੋਈ। ਡੇਢ ਸੌ ਰੁਪਏ ਰੇਡੀਓ ਤੋਂ ਮਿਲਦੇ ਸਨ। ਇਸ ਲਈ ਤਨਖਾਹ 151 ਰੁਪਏ ਮੰਗੀ, ਕਿਉਂਕਿ ਆਪਣੇ-ਆਪ ਨੂੰ ਤਰੱਕੀ ਪਸੰਦ ਲੇਖਕ ਸਮਝਦਾ ਸੀ। ਪੰਜ ਸੌ ਮਹੀਨੇ ‘ਤੇ ਉਸ ਦੀ ਚੋਣ ਹੋ ਗਈ।
ਉਸ ਵੇਲੇ ਦੇ ਪਾਕਿਸਤਾਨੀ ਰਾਸ਼ਟਰਪਤੀ ਅਯੂਥ ਖਾਂ ਨੇ ਟੀ. ਵੀ. ਸਟੇਸ਼ਨ ਦਾ ਉਦਘਾਟਨ ਕੀਤਾ। ਤਾਰਿਕ ਨੇ ਖਬਰਾਂ ਪੜ੍ਹਨ ਤੋਂ ਇਲਾਵਾ ਨਵੇਂ-ਨਵੇਂ ਪ੍ਰੋਗਰਾਮ ਬਣਾਉਣ ਦਾ ਫਰਜ਼ ਨਿਭਾਇਆ। ਸਾਲ 1967 ‘ਚ ਉਸ ਨੂੰ ਕਰਾਚੀ ਭੇਜਿਆ ਗਿਆ। ਉਥੇ ਉਹ ਸੀਨੀਅਰ ਪ੍ਰੋਡਿਊਸਰ ਰਿਹਾ ਤੇ ਕਈ ਨਵੀਆਂ ਪੈੜਾਂ ਵੀ ਪਾਈਆਂ।
‘ਨਿਲਾਮ ਘਰ’ ਪ੍ਰੋਗਰਾਮ ਦੀ ਖੂਬੀ ਇਹ ਰਹੀ ਕਿ ਇਹ ਅਨਪੜ੍ਹ ਤੋਂ ਲੈ ਕੇ ਪੜ੍ਹੇ ਲਿਖੇ ਵਿਅਕਤੀ ਤੱਕ ਖਿਚ ਦਾ ਕਾਰਨ ਬਣਿਆ। ਊਰਦੂ ਸ਼ੇਅਰਾਂ ਦੀ ਬੈਂਤਬਾਜ਼ੀ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਇਹ ਪ੍ਰੋਗਰਾਮ ਏਨਾ ਮਕਬੂਲ ਹੋਇਆ ਕਿ ਸਾਰੇ ਸੰਸਾਰ ‘ਚ ਇਸ ਦੀ ਪ੍ਰਸਿੱਧੀ ਫੈਲੀ। ਕਈ ਹੁਸੀਨ ਔਰਤਾਂ ਨਾਲ ਇਸ ਦੇ ਸਬੰਧ ਵੀ ਜੁੜੇ। ਸ਼ੇਅਰ ਪੜ੍ਹਨ ਦਾ ਅੰਦਾਜ਼ ਉਸ ਨੇ ਮੁਨੀਰ ਨਿਆਜ਼ੀ, ਰਿਜ਼ਵੀ, ਗੌਹਰ ਹੁਸ਼ਿਆਰਪੁਰੀ ਆਦਿ ਤੋਂ ਸਿੱਖਿਆ। ਮਹਿੰਦੀ ਹਸਨ ਤੇ ਸਾਗਰ ਸਰਹੱਦੀ ਚੰਗੇ ਦੋਸਤਾਂ ‘ਚ ਸ਼ਾਮਲ ਸਨ। ਆਪਣੇ ਮਾਮੇ ਹਫੀਜ਼ ਕੰਧਾਰੀ ਤੋਂ ਉਸ ਨੇ ਬਹੁਤ ਕੁਝ ਸਿੱਖਿਆ।
ਤਾਰਿਕ ਅਜ਼ੀਜ ਤਜਰਬੇ ਦਾ ਕੋਸ਼ ਹੈ। ਅੱਜ ਬਜੁਰਗੀ ਦੀ ਅਵਸਥਾ ‘ਚ ਵੀ ਆਪਣੇ-ਆਪ ਨੂੰ ਸਟੇਜ ਦਾ ਸਿਕੰਦਰ ਸਮਝਦਾ ਹੈ। ਉਸ ਨਾਲ ਬਹੁਤਾ ਲਗਾਓ ਹੋਣ ਦਾ ਕਾਰਨ ਇਹ ਵੀ ਸੀ ਕਿ ਉਹ ਜਲੰਧਰ ਦਾ ਜੰਮਪਲ ਹੈ। ਆਪਣੀ ਦੁਖਾਂਤਕ ਦਾਸਤਾਨ ਸੁਣਾਉਂਦਿਆਂ ਤਾਰਿਕ ਆਖਦਾ ਹੈ ਕਿ ਉਸ ਦਾ ਜਨਮ ਜਲੰਧਰ ਲਾਗਲੇ ਪਿੰਡ ਚੁਗਿੱਟੀ ਵਿਚ ਹੋਇਆ ਤੇ ਵੰਡ ਵੇਲੇ ਦੰਗਈਆਂ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਾ ਦਿੱਤੀ ਸੀ। ਅਸੀਂ ਛੋਟੇ ਸਾਂ ਤੇ ਪਰਿਵਾਰ ਸਮੇਤ ਬਾਪ ਦੇ ਦੋਸਤ ਦੇ ਘਰ ਰਹੇ। ਅਗਲੇ ਦਿਨ ਭੇਸ ਬਦਲ ਕੇ ਸਾਈਕਲ ‘ਤੇ ਮੇਰਾ ਬਾਪ ਆਪਣਾ ਘਰ ਦੇਖਣ ਗਿਆ ਤਾਂ ਸਾਰਾ ਘਰ ਸੜ ਚੁਕਾ ਸੀ। ਇਕ ਗਲੀਚਾ ਵੀ ਅੱਧ ਸੜਿਆ ਪਿਆ ਸੀ। ਤਾਰਿਕ ਅਜ਼ੀਜ਼ ਦੇ ਪਰਿਵਾਰ ਦੀ ਜ਼ਮੀਨ ਜਲੰਧਰ ਵਿਖੇ ਸੀ। ਇਹੀ ਜ਼ਮੀਨ ਇਨ੍ਹਾਂ ਨੂੰ ਸਾਹੀਵਾਲ ਵਿਖੇ ਅਲਾਟ ਹੋਈ।
ਦੋ ਹੋਰ ਦੁਖਾਂਤਕ ਘਟਨਾਵਾਂ, ਜਿਨ੍ਹਾਂ ਮੈਨੂੰ ਪ੍ਰੇਸ਼ਾਨ ਕੀਤਾ, ਉਹ ਸੀ ਤਾਰਿਕ ਦੇ ਇਕੋ-ਇਕ ਬੇਟੇ ਦੀ ਮੌਤ। ਦੇਸ਼ ਵੰਡ ਵੇਲੇ ਉਹ ਘਟਨਾ, ਜਿਸ ਨੇ ਤਾਰਿਕ ਦੀ ਮਾਤਾ ਨੂੰ ਬਹੁਤ ਗਮਗੀਨ ਕੀਤਾ, ਉਹ ਸੀ ਕੰਧਾਰ ਦੇ ਗਲੀਚਿਆਂ ਵਾਲੀ। ਅਸਲ ‘ਚ ਤਾਰਿਕ ਦੀ ਅੰਮੀ ਕੰਧਾਰ ਤੋਂ ਸੀ। ਉਥੋਂ ਦੇ ਗਲੀਚੇ ਬਹੁਤ ਕੀਮਤੀ ਤੇ ਦੁਰਲਭ ਮੰਨੇ ਜਾਂਦੇ ਸਨ, ਜੋ ਤਾਰਿਕ ਦੇ ਘਰ ਕਾਫੀ ਸਨ। ਤਾਰਿਕ ਆਪਣੀ ਇੰਟਰਿਵਊ ਵਿਚ ਆਖਦਾ ਹੈ ਕਿ ਉਹ ਕੀਮਤੀ ਗਲੀਚੇ ਵੀ ਸਾਡੇ ਚੁਗਿੱਟੀ ਘਰ ‘ਚੋਂ ਗਾਇਬ ਸਨ।
ਤਾਰਿਕ ਅਜ਼ੀਜ਼! ਉਹ ਕੀਮਤੀ ਗਲੀਚੇ, ਜੋ ਉਜਾੜੇ ਵੇਲੇ ਮੇਰੇ ਤਾਇਆ ਲੈ ਕੇ ਆਇਆ ਸੀ, ਜੇ ਤੁਹਾਡੇ ਹੋਏ ਤਾਂ ਮੈਂ ਤੁਹਾਡਾ ਗੁਨਾਹਗਾਰ ਹਾਂ।