ਸਾਖੀਓਂ ਨੂਰ ਝਰੇ-ਸੁਰਿੰਦਰ ਸੋਹਲ

ਡਾ. ਗੁਰਨਾਮ ਕੌਰ, ਕੈਨੇਡਾ
ਸੁਰਿੰਦਰ ਸੋਹਲ ਪੰਜਾਬੀ ਸਾਹਿਤ ਵਿਚ ਜਾਣਿਆ-ਪਛਾਣਿਆ ਨਾਮ ਹੈ, ਸਗੋਂ ਕਹਿਣਾ ਚਾਹੀਦਾ ਹੈ ਕਿ ਉਹ ਬਹੁ-ਭਾਸ਼ਾਈ ਸਾਹਿਤਕਾਰ ਹੈ, ਜਿਸ ਨੇ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਕਵਿਤਾ, ਕਹਾਣੀ, ਨਾਵਲ, ਬਾਲ-ਸਾਹਿਤ ਆਦਿ ਬਹੁ-ਪਰਤੀ ਸਾਹਿਤਕ ਰਚਨਾ ਕੀਤੀ ਹੈ। ਭਿੰਨ ਭਿੰਨ ਬੋਲੀਆਂ ਅਤੇ ਸਾਹਿਤ ਦੀਆਂ ਵੱਖੋ-ਵੱਖਰੀਆਂ ਵਿਧਾਵਾਂ ਵਿਚ ਸਫਲਤਾ ਸਹਿਤ ਰਚਨਾ ਦਾ ਕਾਰਜ ਕਰ ਸਕਣਾ ਹਰ ਸਾਹਿਤਕਾਰ ਦੇ ਵੱਸ ਵਿਚ ਨਹੀਂ ਹੁੰਦਾ, ਪਰ ਸੁਰਿੰਦਰ ਸੋਹਲ ਦੇ ਹਿੱਸੇ ਇਹ ਆਇਆ ਹੈ। ਮੈਂ ਇਸ ਨੂੰ ਪਰਵਰਦਗਾਰ ਦੀ ਮਿਹਰ ਹੀ ਸਮਝਦੀ ਹਾਂ, ਕਿਉਂਕਿ ਅਜਿਹੇ ਵਿਲੱਖਣ ਕੌਤਕ ਗੁਰੂ ਵਰੋਸਾਈਆਂ ਰੂਹਾਂ ਨਾਲ ਹੀ ਵਾਪਰਦੇ ਹਨ। ਹਥਲੀ ਪੁਸਤਕ ‘ਸਾਖੀਓਂ ਨੂਰ ਝਰੇ’ ਸੁਰਿੰਦਰ ਸੋਹਲ ਦਾ ਸੱਜਰਾ ਕਾਵਿ-ਸੰਗ੍ਰਿਹ ਹੈ, ਜੋ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਹੈ।

ਪੁਸਤਕ ਦੇ ਸਿਰਲੇਖ ‘ਸਾਖੀਓਂ ਨੂਰ ਝਰੇ’ ਤੋਂ ਹੀ ਸਪਸ਼ਟ ਹੋ ਜਾਂਦਾ ਹੈ, ਇਸ ਕਾਵਿ-ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦੇ ਜੀਵਨ-ਬਿਰਤਾਂਤ ਨਾਲ ਸਬੰਧ ਰੱਖਦੀਆਂ ਸਾਖੀਆਂ ਨੂੰ ਆਧਾਰ ਬਣਾ ਕੇ ਵੱਖ ਵੱਖ ਸਿਰਲੇਖਾਂ ਹੇਠ ਕਰੀਬ 46 ਛੋਟੀਆਂ ਛੋਟੀਆਂ ਕਵਿਤਾਵਾਂ ਰਚੀਆਂ ਹਨ, ਜਿਨ੍ਹਾਂ ਰਾਹੀਂ ਸਾਰੇ ਸੰਸਾਰ ਨੂੰ ਰੌਸ਼ਨ ਕਰਦੇ ਗੁਰੂ ਨਾਨਕ ਦੇ ਫਲਸਫੇ ਨੂੰ ਕਵਿਤਾ ਦੇ ਮਾਧਿਅਮ ਰਾਹੀਂ ਪਰਗਟ ਕੀਤਾ ਹੈ ਅਤੇ ਪਿਛਲੇ ਰਹਿੰਦੇ ਪੰਨਿਆਂ ਵਿਚ ‘ਲਲਿਤ ਨਿਬੰਧ’ ਅਤੇ ਹਵਾਲੇ ਦਿੱਤੇ ਹਨ। ਸਾਧਾਰਨ ਨਜ਼ਰ ਨਾਲ ਦੇਖਿਆਂ ਜਨਮ-ਸਾਖੀਆਂ ਵਿਚਲੇ ਬਿਰਤਾਂਤ ਕਰਾਮਾਤਾਂ ਨਾਲ ਜੁੜੇ ਜਾਪਦੇ ਹਨ, ਪਰ ਗੁਰੂ ਨਾਨਕ ਦੀ ਬਾਣੀ ਤੋਂ ਅਸੀ ਭਲੀਭਾਂਤ ਦੇਖ ਸਕਦੇ ਹਾਂ ਕਿ ਉਹ ‘ਕਰਾਮਾਤ’ ਜਾਂ ‘ਰਿਧਿ ਸਿਧਿ’ ਨੂੰ ‘ਅਵਰਾ ਸਾਦੁ’ ਮੰਨਦੇ ਹਨ। ਭਾਈ ਗੁਰਦਾਸ ਨੇ ਇਸ ਦਾ ਜ਼ਿਕਰ ਪਹਿਲੀ ਵਾਰ ਦੀ 42ਵੀਂ ਪਉੜੀ ਵਿਚ ਇੰਜ ਕੀਤਾ ਹੈ,
ਸਿਧਿ ਬੋਲਨਿ, ‘ਸੁਣਿ ਨਾਨਕਾ!
ਤੁਹਿ ਜਗ ਨੋ ਕਰਾਮਾਤਿ ਦਿਖਾਈ।
ਕੁਝੁ ਵਿਖਾਲੇਂ ਅਸਾਂ ਨੋ ਤੁਹਿ
ਕਿਉਂ ਢਿਲ ਅਵੇਹੀ ਲਾਈ’?
ਬਾਬਾ ਬੋਲੇ, ‘ਨਾਥ ਜੀ!
ਅਸਿ ਵੇਖਣਿ ਜੋਗੀ ਵਸਤੁ ਨ ਕਾਈ।
ਗੁਰੁ ਸੰਗਤਿ ਬਾਣੀ ਬਿਨਾ
ਦੂਜੀ ਓਟ ਨਹੀ ਹੈ ਰਾਈ।
ਸਿਵ ਰੂਪੀ ਕਰਤਾ ਪੁਰਖੁ
ਚਲੇ ਨਾਹੀ ਧਰਤਿ ਚਲਾਈ।
ਇਥੇ ਸਿੱਧਾਂ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਇਹ ਪੁੱਛਣ ‘ਤੇ ਕਿ ਸਾਨੂੰ ਵੀ ਕੋਈ ਕਰਾਮਾਤ ਦਿਖਾਓ ਤਾਂ ਗੁਰੂ ਨਾਨਕ ਉਤਰ ਦਿੰਦੇ ਹਨ, ਮੈਨੂੰ ਅਕਾਲ ਪੁਰਖ, ਸੰਗਤਿ ਅਤੇ ਬਾਣੀ (ਸ਼ਬਦ) ਤੋਂ ਬਿਨਾ ਹੋਰ ਕਿਸੇ ਚੀਜ਼ (ਕਰਾਮਾਤ) ਦਾ ਆਸਰਾ ਨਹੀਂ ਹੈ। ਅਕਾਲ ਪੁਰਖ ਸਦੀਵੀ ਹਸਤੀ ਹੈ, ਜੋ ਸਭ ‘ਤੇ ਮਿਹਰਬਾਨ ਹੈ, ਬਾਕੀ ਸਭ ਕੁਝ ਚਲਾਇਮਾਨ ਹੈ।
ਸੁਰਿੰਦਰ ਸੋਹਲ ਨੇ ਆਪਣੀ ਪੁਸਤਕ ਵਿਚ ਜਿਸ ਤਰ੍ਹਾਂ ਸਾਖੀਆਂ ਵਿਚਲੇ ਚਿੰਨ੍ਹਾਂ, ਪ੍ਰਤੀਕਾਂ ਨੂੰ ਵਰਤਦਿਆਂ ਗੁਰੂ ਨਾਨਕ ਦੇ ਫਲਸਫੇ ਨੂੰ ਵਰਤਮਾਨ ਸੰਦਰਭ ਵਿਚ ਪੇਸ਼ ਕੀਤਾ ਹੈ, ਇਸ ਪੁਸਤਕ ‘ਤੇ ਪੀਐਚ. ਡੀ. ਥੀਸਿਸ ਲਿਖਿਆ ਜਾ ਸਕਦਾ ਹੈ, ਪਰ ਰਿਵਿਊ ਆਰਟੀਕਲ ਵਿਚ ਕੁਝ ਹਵਾਲੇ ਹੀ ਦਿਤੇ ਜਾ ਸਕਦੇ ਹਨ।
ਗੁਰੂ ਨਾਨਕ ਦਾ ਫਲਸਫਾ ਹਿੰਦੁਸਤਾਨ ਦੀ ਸਦੀਆਂ ਤੋਂ ਦੱਬੀ-ਕੁਚਲੀ, ਮਨੁੱਖੀ ਹੱਕਾਂ ਤੋਂ ਵਾਂਝੀ ਰੱਖੀ ਹੋਈ ਜਨਤਾ ਲਈ ਇੱਕ ਚਾਨਣ-ਮੁਨਾਰਾ ਸਾਬਤ ਹੋਇਆ। ਇਹ ਉਨ੍ਹਾਂ ਕਿਰਤੀ ਅਤੇ ਆਮ ਲੋਕਾਂ ਲਈ ਰਾਹ ਦਰਸਾਵਾ ਬਣਿਆ, ਜਿਨ੍ਹਾਂ ਨੂੰ ਜਾਤਾਂ, ਜਮਾਤਾਂ ਅਤੇ ਧਰਮ ਦੇ ਨਾਂ ‘ਤੇ ਹਰ ਤਰ੍ਹਾਂ ਨਾਲ ਵੰਡਿਆ ਹੋਇਆ ਸੀ। ਭਾਰਤੀ ਲੋਕਾਂ ਦੇ ਬਹੁਤ ਵੱਡੇ ਹਿੱਸੇ ਨੂੰ ਕਿਸੇ ਧਾਰਮਿਕ ਕਰਮ-ਧਰਮ ਵਿਚ ਹਿੱਸਾ ਲੈਣ ਜਾਂ ਪੂਜਾ ਪਾਠ ਕਰਨ ਦਾ ਵੀ ਹੱਕ ਪ੍ਰਾਪਤ ਨਹੀਂ ਸੀ। ਧਾਰਮਿਕ ਕਰਮ-ਕਾਂਡ, ਪਖੰਡ, ਰਾਜਸੀ ਜ਼ੁਲਮ ਅਤੇ ਸਮਾਜਕ ਅਨਿਆਂ ਦੀ ਚੱਕੀ ਵਿਚ ਪਿਸ ਰਹੀ ਜਨਤਾ ਨੂੰ ਮਾਨਵ-ਕਲਿਆਣ ਲਈ ਆਸ ਦੀ ਕੋਈ ਵੀ ਕਿਰਨ ਨਜ਼ਰ ਨਹੀਂ ਸੀ ਆ ਰਹੀ; ਜਿਸ ਵੱਲ ਇਸ਼ਾਰਾ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਵੀ ਕੀਤਾ ਹੈ,
ਕਲਿ ਕਾਤੀ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਰੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ (ਪੰਨਾ 145)
ਅਗਿਆਨ ਅਤੇ ਝੂਠ ਦੀ ਹਨੇਰੀ ਰਾਤ ਵਿਚ ਹਰ ਚੀਜ਼ ਦਾ ਅਕਸ ਧੁੰਦਲਾ ਜਾਂਦਾ ਹੈ, ਜਦ ਕਿ ਸੱਚ ਦਾ ਗਿਆਨ ਰੂਪੀ ਚੰਦ੍ਰਮਾ ਹੀ ਇਸ ਹਨੇਰੀ ਰਾਤ ਵਿਚ ਅਕਸਾਂ ਨੂੰ ਰੁਸ਼ਨਾਉਣ ਦਾ ਕਾਰਜ ਕਰਦਾ ਹੈ। ਗੁਰੂ ਨਾਨਕ ਦਾ ਇਸ ਧਰਤੀ ‘ਤੇ ਪ੍ਰਕਾਸ਼ ਸੂਰਜ ਚੜ੍ਹਨ ਵਾਂਗ ਸੀ, ਜੋ ਆਪਣੇ ਚਾਨਣ ਨਾਲ ਹਰ ਸ਼ੈ ਨੂੰ ਰੁਸ਼ਨਾ ਦਿੰਦਾ ਹੈ, ਜਿਸ ਨੂੰ ਭਾਈ ਗੁਰਦਾਸ ਨੇ ਇਵੇਂ ਬਿਆਨ ਕੀਤਾ ਹੈ,
ਸਤਿਗੁਰੁ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ
ਤਾਰੇ ਛਪਿ ਅੰਧੇਰੁ ਪਲੋਆ।
ਸੂਰਜ ਦੇ ਉਦੈ ਹੋਣ ਤੋਂ ਪਹਿਲਾਂ ਚਾਰ-ਚੁਫੇਰੇ ਨਿਗਾਹ ਮਾਰਿਆਂ ਕੁਦਰਤੀ ਪਾਸਾਰੇ ਵਿਚੋਂ ਚਾਨਣ ਹੋ ਜਾਣ ਦੇ ਸੰਕੇਤ ਮਿਲਣ ਲੱਗ ਪੈਂਦੇ ਹਨ, ਜਿਵੇਂ ਪੰਛੀਆਂ ਦਾ ਚਹਿਕਣਾ ਅਤੇ ਦਿਸਹੱਦੇ ‘ਤੇ ਲਾਲੀ ਦਾ ਪਸਰ ਜਾਣਾ ਜਾਂ ਬਸੰਤ ਰੁੱਤ ਦੇ ਆਉਣ ਤੋਂ ਪਹਿਲਾਂ ਕੁਦਰਤਿ ਵੱਲੋਂ ਬਨਸਪਤੀ ਵਿਚ ਨਵੀਆਂ ਫੁੱਟਦੀਆਂ ਕਰੂੰਬਲਾਂ, ਫੁੱਲ-ਡੋਡੀਆਂ ਬਹਾਰ ਦੀ ਆਮਦ ਦਾ ਸੰਕੇਤ ਦੇਣ ਲੱਗ ਪੈਂਦੀਆਂ ਹਨ। ਗੁਰੂ ਨਾਨਕ ਰੂਪੀ ਰੱਬੀ ਨੂਰ, ਗਿਆਨ ਦੇ ਸੂਰਜ ਦੇ ਇਸ ਧਰਤੀ ‘ਤੇ ਉਦੈ ਹੋਣ ਤੋਂ ਪਹਿਲਾਂ ਦੀਆਂ ਕੁਦਰਤਿ ਵਿਚ ਪਰਗਟ ਹੋ ਰਹੀਆਂ ਨਿਸ਼ਾਨੀਆਂ ਨੂੰ ਸੁਰਿੰਦਰ ਸੋਹਲ ਨੇ ਬਾਖੂਬੀ ਆਪਣੀ ਕਵਿਤਾ ਰਾਹੀਂ ਬਿਆਨ ਕੀਤਾ ਹੈ ਕਿ ਸਾਰੀ ਕੁਦਰਤਿ ਵਿਚ ਕੁਝ ਬਹੁਤ ਹੀ ਅਨੋਖਾ ਅਤੇ ਅਦਭੁੱਤ ਵਾਪਰਨ ਲੱਗ ਪਿਆ ਹੈ, ‘ਫਿਜ਼ਾ ਰੰਗਦਾਰ ਹੋ ਗਈ ਹੈ, ਹਵਾਵਾਂ ਸੁਰੀਲੀਆਂ ਹੋ ਗਈਆਂ ਨੇ, ਤਾਰੇ ਮਹਿਕਣ ਲੱਗ ਪਏ ਨੇ (ਜਿਨ੍ਹਾਂ ਦਾ ਕੰਮ ਲਿਸ਼ਕਣਾ ਹੈ) ਅਤੇ ਫੁੱਲ ਲਿਸ਼ਕਣ ਲੱਗ ਪਏ ਨੇ (ਜਿਨ੍ਹਾਂ ਦਾ ਕਰਮ ਖਸ਼ਬੂ ਦੇਣਾ ਹੈ)’; ਗੱਲ ਕੀ ਰਾਇਭੋਇ ਦੀ ਤਲਵੰਡੀ ਦਾ ਸਾਰਾ ਵਾਤਾਵਰਣ ਹੀ ਅਲੌਕਿਕ ਦ੍ਰਿਸ਼ਾਂ ਰਾਹੀਂ ਗੁਰੂ ਨਾਨਕ ਦੀ ਆਮਦ ਦਾ ਸੰਕੇਤ ਦੇ ਰਿਹਾ ਹੈ,
ਪੰਛੀ ਚਹਿਕ-ਚਹਿਕ ਕੇ
ਗਾਵਣ ਲੱਗੇ ਨੇ,
‘ਚਾਨਣ ਹੋਣ ਵਾਲਾ ਹੈ…
ਧੁੰਦ ਮਿਟਣ ਵਾਲੀ ਹੈ…।’
ਸਾਖੀਆਂ ਅਨੁਸਾਰ ਦੌਲਤਾਂ ਦਾਈ ਨੂੰ ਬਾਲਕ ਨਾਨਕ ਦੇ ਜਨਮ ਵੇਲੇ ਚਿਹਰੇ ਦੀ ਅਦਭੁੱਤ ਆਭਾ ਦੇਖ ਕੇ ਅਹਿਸਾਸ ਹੋ ਗਿਆ ਸੀ ਕਿ ਬਾਲਕ ਨਾਨਕ ਕੋਈ ਅਨੋਖੀ ਹਸਤੀ ਹੈ। ਇਸ ਦਾ ਜ਼ਿਕਰ ਸੋਹਲ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ ਕਿ ਦੌਲਤਾਂ ਦਾਈ ਜਦੋਂ ਸ਼ਾਮੀ ਆਪਣੇ ਘਰ ਵਾਪਸ ਆਈ ਤਾਂ ਉਸ ਨੂੰ ਅਲੌਕਿਕ ਨੂਰ ਦਾ ਅਹਿਸਾਸ ਹੋਇਆ, ਜਿਨ੍ਹਾਂ ਹੱਥਾਂ ਨਾਲ ਜਨਮ ਦੁਆ ਕੇ ਆਈ ਸੀ, ਉਹ ਹੱਥ ਨੂਰੋ-ਨੂਰ ਹੋ ਗਏ; ਘਰ, ਘਰ ਦੀ ਹਰ ਸ਼ੈ ਉਸ ਅਲੌਕਿਕ ਨੂਰ ਨਾਲ ਰੁਸ਼ਨਾ ਗਈ ਅਤੇ ਉਹ ਹੈਰਾਨ ਹੈ,
ਦੌਲਤਾਂ ਦਾਈ
ਅੱਜ ਕਿਸ ਜੀਅ ਨੂੰ
ਛੂਹ ਆਈ ਹੈ…?
ਜਦੋਂ ਪਾਂਧੇ ਕੋਲ ਬਾਲਕ ਨਾਨਕ (ਗੁਰੂ) ਨੂੰ ਪੜ੍ਹਨ ਪਾਇਆ ਗਿਆ, ਸਭ ਨੇ ਸਾਖੀ ਪੜ੍ਹੀ/ਸੁਣੀ ਹੈ। ਗੁਰੂ ਨਾਨਕ ਰਾਮਕਲੀ ਰਾਗੁ ਵਿਚ ਰਚੀ ਆਪਣੀ ਬਾਣੀ ‘ਦਖਣੀ ਓਅੰਕਾਰ’ ਵਿਚ ਆਪਣਾ ਫਲਸਫਾ ਇਸੇ ਭਾਵਨਾ ਵਿਚ ਉਜਾਗਰ ਕਰਦੇ ਹਨ ਕਿ ਪੜ੍ਹਨ/ਪੜ੍ਹਾਉਣ ਦਾ ਅਸਲੀ ਮਕਸਦ ਕੀ ਹੈ ਜਾਂ ਹੋਣਾ ਚਾਹੀਦਾ ਹੈ,
ਪਾਧਾ ਪੜਿਆ ਆਖੀਐ
ਬਿਦਿਆ ਬਿਚਰੈ ਸਹਿਜ ਸੁਭਾਇ॥
ਬਿਦਿਆ ਸੋਧੈ ਤਤੁ ਲਹੈ
ਰਾਮ ਨਾਮ ਲਿਵ ਲਾਇ॥

ਸਚੀ ਪਟੀ ਸਚੁ ਮਨਿ
ਪੜੀਐ ਸਬਦੁ ਸੁ ਸਾਰੁ॥
ਸੁਰਿੰਦਰ ਸੋਹਲ ਨੇ ਸਾਖੀਆਂ ਵਿਚੋਂ ਝਲਕਦੇ ਨੂਰ ਦਾ ਜ਼ਿਕਰ ‘ਪੱਟੀ’ ਨਾਮੀ ਕਵਿਤਾ ਵਿਚ ਕੁਝ ਇਉਂ ਕੀਤਾ ਹੈ ਕਿ ‘ਤਨ’ ‘ਪਾਠਸ਼ਾਲਾ’ ਹੈ, ਜਿਸ ਵਿਚ ਬੈਠਾ ‘ਮਨ-ਪਾਂਧਾ’ ‘ਦਿਲ’ ਦੀ ‘ਤਖਤੀ’ ਨੂੰ ‘ਸੋਚ-ਗਾਚਣੀ’ ਨਾਲ ਪੋਚ ਕੇ ਤ੍ਰਿਪਤਾ (ਗੁਰੂ ਨਾਨਕ ਦੀ ਮਾਤਾ) ਦੇ ਘਰ ਵੱਲੋਂ ਆਉਂਦੇ ਰਾਹ ‘ਤੇ ਟਿਕਟਿਕੀ ਲਾਈ ਬੈਠਾ ਹੈ ਕਿ ਕਦੋਂ ਬਾਲ ਨਾਨਕ ਆਵੇਗਾ, ਇਸ ‘ਦਿਲ-ਤਖਤੀ’ ਉਤੇ ਲਿਖੇਗਾ ਅਤੇ,
ਪੱਟੀ ਦਾ ਹਰ ਅੱਖਰ
ਬਣੇ ਕਹਿਕਸ਼ਾਂ
ਮਸਤਕ ਅੰਦਰ
ਠੰਢਾ-ਠੰਢਾ ਚਾਨਣ ਬਿਖਰੇ
ਰੂਹ ਦਾ ਜਗਤ ਜਲੰਦਾ ਠਾਰੇ…।
ਗੁਰੂ ਨਾਨਕ ਦੇ ਇਸ ਸੰਸਾਰ ‘ਤੇ ਪਰਗਟ ਹੋਣ ਸਮੇਂ ਤੱਕ ਹਿੰਦੁਸਤਾਨ ਵਿਚ ਧਰਮ ਮਹਿਜ ਰਸਮਾਂ, ਕਰਮ-ਕਾਂਡ, ਪੁਜਾਰੀਆਂ ਤੱਕ ਮਹਿਦੂਦ ਹੋ ਕੇ ਰਹਿ ਗਿਆ ਸੀ ਅਤੇ ਆਪਣੇ ਅਧਿਆਤਮਕ ਖਾਸੇ ਤੋਂ ਬਹੁਤ ਦੂਰ ਚਲਾ ਗਿਆ ਸੀ। ਇਸ ਦਾ ਸੰਕੇਤ ਵੱਖ ਵੱਖ ਧਾਰਮਿਕ ਪਰੰਪਰਾਵਾਂ ਦੇ ਸੰਦਰਭ ਵਿਚ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਮਿਲ ਜਾਂਦਾ ਹੈ; ਮਿਸਾਲ ਵਜੋਂ ‘ਵਾਰ ਮਾਝ ਕੀ’, ‘ਆਸਾ ਕੀ ਵਾਰ’, ‘ਦਖਣੀ ਓਅੰਕਾਰ’ ਅਤੇ ‘ਸਿਧ ਗੋਸਟਿ’ ਬਾਣੀਆਂ ਵੱਖ ਵੱਖ ਧਾਰਮਿਕ ਪਰੰਪਰਾਵਾਂ ਦੇ ਇਸੇ ਪੱਖ ਨੂੰ ਸੰਬੋਧਿਤ ਹਨ। ਗੁਰੂ ਨਾਨਕ ਨੇ ਧਰਮ ਨੂੰ ਮਹਿਜ ਕਰਮ-ਕਾਂਡ, ਰਸਮਾਂ ਨਾਲੋਂ ਤੋੜ ਕੇ ਅਤੇ ਪੁਜਾਰੀਆਂ ਦੇ ਚੁੰਗਲ ‘ਚੋਂ ਕੱਢ ਕੇ ਨੈਤਿਕਤਾ ਨਾਲ ਜੋੜਿਆ। ਸਾਖੀਆਂ ਵਿਚ ਵਰਣਨ ਕੀਤਾ ਹੈ ਕਿ ਪਰੰਪਰਾ ਅਨੁਸਾਰ ਜਦੋਂ ਪਰਿਵਾਰ ਦੇ ਪੁਰੋਹਿਤ ਨੂੰ ਜਨੇਊ ਪਹਿਨਾਉਣ ਦੀ ਰਸਮ ਅਦਾ ਕਰਨ ਲਈ ਸੱਦਿਆ ਗਿਆ ਤਾਂ ਨਾਨਕ (ਗੁਰੂ) ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਜਨੇਊ ਛੋਟੀ ਉਮਰ ਵਿਚ ਹੀ ਪਹਿਨਾ ਦਿੱਤਾ ਜਾਂਦਾ ਹੈ; ਜੇ ਮੈਂ ਭੁੱਲਦੀ ਨਹੀਂ ਤਾਂ ਬ੍ਰਾਹਮਣ ਲਈ ਉਮਰ ਦੀ ਹੱਦ ਪੰਜ ਸਾਲ ਅਤੇ ਖੱਤਰੀ ਲਈ ਸੱਤ ਸਾਲ ਹੈ।
‘ਆਸਾ ਕੀ ਵਾਰ’ ਵਿਚ ਗੁਰੂ ਸਾਹਿਬ ਨੇ ਸਪੱਸ਼ਟ ਸ਼ਬਦਾਂ ਵਿਚ ਧਾਗੇ ਦਾ ਜਨੇਊ ਵੱਟ ਕੇ ਪਾਉਣ ਦੀ ਥਾਂ ਦਇਆ, ਸੰਤੋਖ, ਜਤ ਅਤੇ ਸਤ ਵਰਗੇ ਨੈਤਿਕ ਗੁਣਾਂ ਦਾ ਧਾਰਨੀ ਹੋਣ ਲਈ ਕਿਹਾ ਹੈ, ਜੋ ਮਨੁੱਖ ਦੇ ਨਾਲ ਧੁਰ ਤੱਕ ਨਿਭਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਮਿਕ ਰਸਮਾਂ ਵਿਚ ਪ੍ਰਵੇਸ਼ ਕਰ ਚੁਕੇ ਪਖੰਡ ਕਾਰਨ ਬੋਝ ਬਣ ਚੁਕੀਆਂ ਰਸਮਾਂ ਦੀ ਨਿਰਾਰਥਕਤਾ ਨੂੰ ਵੀ ਸਪੱਸ਼ਟ ਕੀਤਾ ਹੈ। ਧਾਰਮਿਕ ਹਾਲਾਤ ਅੱਜ ਵੀ ਬਿਹਤਰ ਹੋਣ ਦੀ ਥਾਂ ਬਦਤਰ ਹੀ ਹੋ ਰਹੇ ਹਨ। ਇਸੇ ਸੰਦਰਭ ਵਿਚ ਸੁਰਿੰਦਰ ਸੋਹਲ ਨੇ ‘ਜਨੇਊ’ ਨਾਂ ਦੀ ਕਵਿਤਾ ਵਿਚ ਲਿਖਿਆ ਹੈ,
ਫੋਕਟ ਕਰਮਾਂ ਦੇ ਗਲ ਪੈ ਕੇ
ਫੋਕਟ
ਮੈਲਾ
ਜਰਜਰ ਹੋਇਆ
ਜਨੇਊ ਤਰਸ ਰਿਹਾ ਹੈ
ਛੋਹ ਇਲਾਹੀ ਨੂੰ
ਲੈ ਆਵੇ ਜੋ
ਕਪਾਹ ਦਇਆ ਦੀ
ਸੰਤੋਖ ਦੇ ਸੂਤ ਨੂੰ
ਜਤ ਦੀਆਂ ਗੰਢਾਂ ਮਾਰੇ
ਸਤ ‘ਚ ਵੱਟ ਕੇ
ਟੁੱਟਣ, ਮੈਲਾ ਹੋਵਣ
ਤੇ ਜਲ ਜਾਵਣ ਪਾਰੋਂ
ਮੋਕਸ਼ ਪਾਵੇ
ਧੁਰ ਤੱਕ ਹੰਢਣਸਾਰ ਹੋ ਜਾਵੇ।
ਗੁਰੂ ਨਾਨਕ ਦੇਵ ਜੀ ਨੇ ਉਸ ਇੱਕ ਅਕਾਲ ਪੁਰਖ ਨੂੰ ‘ਕਰਣ ਕਾਰਣ ਸਮਰਥੁ’ ਮੰਨਿਆ ਹੈ ਅਤੇ ਆਪਣੇ ਆਪ ਨੂੰ “ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ” ਕਿਹਾ ਹੈ। ਉਪਰ ਅਸੀਂ ਭਾਈ ਗੁਰਦਾਸ ਦੇ ਹਵਾਲੇ ਨਾਲ ਕਰਾਮਾਤਾਂ ਸਬੰਧੀ ਗੁਰੂ ਨਾਨਕ ਸਾਹਿਬ ਦਾ ਆਪਣਾ ਨਜ਼ਰੀਆ ਸਪੱਸ਼ਟ ਦੇਖ ਚੁਕੇ ਹਾਂ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਆਪਣੇ ਬਜੁਰਗਾਂ ਕੋਲੋਂ, ਰਾਗੀਆਂ ਢਾਡੀਆਂ ਕੋਲੋਂ ਆਪਣੇ ਬਚਪਨ ਤੋਂ ਹੀ ਗੁਰੂ ਨਾਨਕ ਦੇ ਜੀਵਨ ਬਾਰੇ ਅਸੀਂ ਬਹੁਤ ਕੁਝ ਸਾਖੀਆਂ ਸੁਣ ਸੁਣ ਕੇ ਹੀ ਗ੍ਰਹਿਣ ਕੀਤਾ ਹੈ, ਪਰ ਅਸੀਂ ਆਮ ਤੌਰ ‘ਤੇ ਸਾਖੀਆਂ ਵਿਚੋਂ ਕਰਾਮਾਤਾਂ ਲੱਭਣ ਦੀ ਹੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਸਾਖੀਆਂ ਨੂੰ ਜੋੜ ਹੀ ਕਰਾਮਾਤਾਂ ਨਾਲ ਲਿਆ ਹੈ, ਜਦ ਕਿ ਅਸਲੀਅਤ ਇਹ ਹੈ, ਸਾਖੀਆਂ ਰਾਹੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਫਲਸਫੇ ਨੂੰ, ਬਾਣੀ ਵਿਚਲੇ ਉਪਦੇਸ਼ਾਂ ਨੂੰ ਚਿੰਨ੍ਹਾਂ ਤੇ ਅਲੰਕਾਰਾਂ ਰਾਹੀਂ ਪਰਗਟ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ।
ਕਵੀ ਨੇ ਸੰਖੇਪ ਪਰ ਬੜੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਹੈ ਕਿ ਪਟਵਾਰੀ (ਮਹਿਤਾ ਕਾਲੂ) ਦੇ ਘਰ ਗੁਰੂ ਨਾਨਕ ਦੇ ਰੂਪ ਵਿਚ ‘ਕੈਸਾ ਦੀਪ ਜਗਿਆ’ ਜੋ ‘ਰਾਇ ਭੋਇ ਦੀ ਤਲਵੰਡੀ’ ਨੂੰ ‘ਨਨਕਾਣਾ’ ਵਿਚ ਤਬਦੀਲ ਕਰ ਗਿਆ। ਅੱਜ ਭਾਵੇਂ ਇੱਕੀਵੀਂ ਸਦੀ ਦੇ ਦੋ ਦਹਾਕੇ ਬੀਤਣ ਵਾਲੇ ਹਨ, ਪਰ ਕਲਿਜੁਗੀ ਵਰਤਾਰਾ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਅੱਜ ਵੀ ਮਲਕ ਭਾਗੋਆਂ ਹੱਥੋਂ ਗਰੀਬ ਕਿਰਤੀ ਮਨੁੱਖ ਦੀ ਲੁੱਟ-ਖਸੁੱਟ ਬਾਦਸਤੂਰ ਜਾਰੀ ਹੈ। ਅੱਜ ਵੀ ਨਸਲ, ਧਰਮ ਅਤੇ ਜਾਤਿ ਦੇ ਨਾਮ ‘ਤੇ ਮਨੁੱਖ ਨੂੰ ਉਵੇਂ ਹੀ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਹਿੰਦੁਸਤਾਨ ਦੀ ਧਰਤੀ ‘ਤੇ ਪਿਛਲੇ ਦਿਨਾਂ ਵਿਚ ਗਰੀਬਾਂ, ਮਜ਼ਦੂਰਾਂ, ਕਿਰਤੀ-ਕਾਮਿਆਂ ਦੀ ਕਿਸੇ ਨੇ ਸਾਰ ਨਹੀਂ ਲਈ; ਹੱਥਾਂ ਨਾਲ ਸੱਚੀ-ਸੁੱਚੀ ਕਿਰਤ ਕਰਕੇ ਖਾਣ ਵਾਲਾ ਮਨੁੱਖ ਸੜਕਾਂ ‘ਤੇ ਪੈਦਲ ਹਜ਼ਾਰਾਂ ਮੀਲਾਂ ਦਾ ਸਫਰ ਕਰਦਿਆਂ, ਭੁੱਖ ਅਤੇ ਥਕੇਵੇਂ ਨਾਲ ਚਕਨਾਚੂਰ ਹੋਇਆ, ਲਾਚਾਰ ਤੇ ਮਜ਼ਬੂਰ, ਮੌਤ ਦੇ ਮੂੰਹ ਜਾਂਦਾ ਸਭ ਨੇ ਦੇਖਿਆ/ਸੁਣਿਆ ਹੈ। ਬਾਬੇ ਨਾਨਕ ਦਾ ਫਲਸਫਾ ਅੱਜ ਦੇ ਇਸ ਔਕੜਾਂ ਭਰੇ ਯੁੱਗ ਵਿਚ ਆਮ ਮਨੁੱਖ ਲਈ ਆਸਾਂ/ਧਰਵਾਸਾਂ, ਉਮੀਦਾਂ ਦਾ ਚਾਨਣ ਬਖੇਰਦਾ ਅਤੇ ਢਾਰਸ ਦਿੰਦਾ ਹੈ। ਇਸੇ ਦੀ ਤਰਜ਼ਮਾਨੀ ਕਵੀ ਦੀ ਕਵਿਤਾ ‘ਵੈਦ-ਅਗੰਮੜਾ’ ਇਸ ਤਰ੍ਹਾਂ ਕਰਦੀ ਹੈ,
ਕਰਕ ਕਲੇਜੇ ਲੈ ਕੇ
ਜੀਵਨ-ਨਦੀਆਂ
ਚੁੱਪ-ਚੁੱਪੀਤੀਆਂ ਵਹਿੰਦੀਆਂ
ਸੀਨੇ ਵਿਚ ਬਸੰਤਰ ਸਾਂਭੀ
ਧੁਖਦੇ ਕਿਰਤੀ-ਬਿਰਖ
ਵੰਡਦੇ ਛਾਂਵਾਂ
ਪੀੜ-ਪਰੁੱਤੀਆਂ ਨੇ ਸਾਹ-ਪੌਣਾਂ
ਫਿਰ ਵੀ ਰੁਮਕੀ ਜਾਵਣ
ਮਹਿਕਾਂ ਦੇ ਨੈਣਾਂ ਵਿਚ
ਖੁੱਭੀਆਂ ਕਿੱਕਰ-ਸੂਲਾਂ
ਪਰ ਸੁਪਨ-ਸੁਗੰਧ ਨਾ ਮੋਈ
ਆਸ-ਉਮੀਦ ਦੀ ਲੋਅ ਵਿਚ
ਪੈਂਡਾ ਦੇਖ ਰਹੇ ਨੇ
ਉਨ੍ਹਾਂ ਦੀ ਬਾਂਹ ਢੰਡੋਲਣ ਵਾਲਾ
ਸਮੇਂ ਦੀ ਨਬਜ਼ ਪਛਾਣਨ ਵਾਲਾ
ਜਗਤ ਦਾ ਰੋਗ ਸਿਆਣਨ ਵਾਲਾ
ਲੱਖ ਆਗਾਸ-ਪਾਤਾਲ ਕੱਛ ਦਾ
ਵੈਦ-ਅਗੰਮੜਾ
ਇਸ ਧਰਤੀ ਦੀ
ਕਰਨ ਉਦਾਸੀ ਆਵੇਗਾ…।
ਗੁਰੂ ਨਾਨਕ ਵੱਲੋਂ ਜਗਾਇਆ ਗਿਆਨ ਦਾ ਦੀਪ ਮਨੁੱਖ ਲਈ ਸਦੀਵੀ ਰਾਹ-ਦਸੇਰਾ ਹੈ, ਮਨੁੱਖ ਦੇ ਭਵਿੱਖ ਲਈ ਦਿਖਾਈ ਦਿੰਦੀ ਆਸ ਦੀ ਕਿਰਨ ਨੂੰ ਕਵੀ ‘ਰਬਾਬ’ ਬਣਨ ਦੀ ਉਮੀਦ ਵਿਚ ਉਡੀਕ ਰਹੇ ‘ਬਿਰਛ’ ਦੇ ਬਿੰਬ ਰਾਹੀਂ ਪਰਗਟ ਕਰਦਾ ਹੈ,
ਉਡੀਕ ਰਿਹਾ ਹੈ
ਉਹ ਘੜੀ
ਜਦ ਉਸ ਦੀ ਕਾਇਆ
ਬਿਰਛ ਤੋਂ ਰਬਾਬ ਬਣੇਗੀ
ਇਲਾਹੀ ਪੋਟੇ ਛੂਹੇਗੀ
ਅਨਹਦ ਧੁਨ ਉਚਰੇਗੀ
ਧੁਰਕੀ ਬਾਣੀ ਚਖੇਗੀ
ਗੁਰੂ ਨਾਨਕ ਨੇ ਜਿਸ ਜੀਵਨ ਫਲਸਫੇ ਦੀ ਨੀਂਹ ਰੱਖੀ, ਉਸ ਵਿਚ ਹਰ ਤਰ੍ਹਾਂ ਦੀ ਵਿਅਕਤੀਗਤ ਅਤੇ ਸਮਾਜਕ/ਰਾਜਨੀਤਕ ਬੁਰਾਈ ਦੀ ਨਿਸ਼ਾਨਦੇਹੀ ਕਰਦਿਆਂ ਇਸ ਦੀ ਜੜ੍ਹ ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਨੂੰ ਮੰਨਿਆ ਹੈ। ਇਨ੍ਹਾਂ ਨੂੰ ‘ਪੰਜ ਚੋਰ’ ਵੀ ਕਿਹਾ ਹੈ, ਜੋ ਮਨੁੱਖ ਕੋਲੋਂ ਹਰ ਤਰ੍ਹਾਂ ਦੀ ਚੰਗਿਆਈ ਚੁਰਾ ਲੈਂਦੇ ਹਨ ਅਤੇ ਰੂਹ ਨੂੰ ਬੇਚੈਨ ਤੇ ਰਸਤੇ ਤੋਂ ਵਿਚਲਿਤ ਕਰ ਦਿੰਦੇ ਹਨ। ਗੁਰੂ ਦੇ ਫਲਸਫੇ ਅਨੁਸਾਰ ਇਸ ਸੰਸਾਰ ‘ਤੇ ਰਹਿੰਦਿਆਂ ਇਨ੍ਹਾਂ ਵਿਕਾਰਾਂ ਤੋਂ ਛੁਟਕਾਰਾ ਪਾ ਲੈਣਾ ਤੇ ਨੈਤਿਕ ਗੁਣਾਂ ਨੂੰ ਆਪਣੇ ਅੰਦਰ ਵਸਾ ਲੈਣਾ ਅਤੇ ਕਿਰਤ-ਕਮਾਈ ਕਰਦਿਆਂ ਉਸ ਸੱਚੇ ਦੇ ਨਾਮ ਨਾਲ ਜੁੜਿਆਂ, ਇਸ ਸੰਸਾਰ ਵਿਚ ਰਹਿੰਦਿਆਂ ਹੀ ਮਨੁੱਖ ਜੀਵਨ-ਮੁਕਤ ਹੋ ਜਾਂਦਾ ਹੈ। ਅਸੀਂ ਗੁਰੂ ਨਾਨਕ ਦੇ ਮੁਖੜੇ ‘ਤੇ ਪੈ ਰਹੀ ਧੁੱਪ ਨੂੰ ਰੋਕਣ ਲਈ ਇੱਕ ਸੱਪ ਵੱਲੋਂ ਛਾਂ ਕਰਨ ਵਾਲੀ ਸਾਖੀ ਪੜ੍ਹੀ/ਸੁਣੀ ਹੋਈ ਹੈ। ਕਵੀ ਨੇ ਇਸੇ ਸਾਖੀ ਨੂੰ ਆਧਾਰ ਬਣਾ ਕੇ ‘ਮੁਕਤੀ’ ਨਾਂ ਦੀ ਕਵਿਤਾ ਰਚੀ ਹੈ ਕਿ ਗੁਰੂ ਦੀ ਇੱਕ ਝਲਕ ਹੀ ਮਨੁੱਖ ਅੰਦਰੋਂ ਹਰ ਤਰ੍ਹਾਂ ਦੇ ਵਿਕਾਰ ਦੂਰ ਕਰ ਦਿੰਦੀ ਹੈ ਅਤੇ ਬੁਰੇ ਕਰਮਾਂ ਤੋਂ ਰੋਕ ਲੈਂਦੀ ਹੈ। ਉਸ ਨੇ ਵਿਕਾਰਾਂ ਨੂੰ ‘ਚਿੱਟਾ ਸੱਪ’ ਕਿਹਾ ਹੈ, ਜੋ ‘ਕਾਲਖ ਕੁੰਜ ਉਤਾਰਦਾ’ ‘ਜੀਭ ‘ਚ ਈਰਖਾ-ਛਾਲਾ’ ਲਈ ‘ਬੇਚੈਨੀ ਦੀਆਂ ਰੋਹੀਆਂ ਗਾਹੁੰਦਾ’, ਜਿਸ ਦੀ ‘ਰੂਹ ਭਟਕਣ ਦੇ ਬਣ ਬਣ ਫਿਰਦੀ’ ਅਤੇ ‘ਆਪਣੀ ਵਿਸ ਵਰਮੀ ‘ਚੋਂ ਬਾਹਰ ਨਾ ਨਿਕਲੇ’ ਅਤੇ ਫਿਰ ਜਦੋਂ ਇਹ ਵਿਕਾਰ-ਰੂਪੀ ‘ਚਿੱਟਾ ਸੱਪ’ ‘ਮਣੀ’ ਵਰਗੇ ਚਮਕਦੇ ਮੁਖੜੇ ਨੂੰ ‘ਡੰਗ ਕੇ’ ‘ਈਰਖਾ-ਛਾਲਾ ਭੰਨਣ ਤੁਰਿਆ ਹੈ’ ਤਾਂ,
ਡੰਗਣ ਗਏ ਦਾ ਫੰਨ
ਫੈਲ ਗਿਆ ਹੈ ਚਾਨਣ-ਮੁੱਖ ‘ਤੇ
ਮੁਕਤ ਹੋ ਗਿਆ ਹੈ
ਵਿਕਾਰਾਂ ਦਾ ਚਿੱਟਾ ਸੱਪ।
ਗੁਰੂ ਨਾਨਕ ਸਾਹਿਬ ਦੇ ਜੀਵਨ ਦਰਸ਼ਨ ਦਾ ਆਗਾਜ਼ ‘ਵੇਈਂ ਨਦੀ’ ਪ੍ਰਵੇਸ਼ ਤੋਂ ਮੰਨਿਆ ਜਾਂਦਾ ਹੈ। ਸਾਖੀਆਂ ਅਨੁਸਾਰ ‘ਕਾਲੀ ਵੇਈਂ’ ਵਿਚ ਚੁੱਭੀ ਲਾਉਣ ਉਪਰੰਤ ਜਦੋਂ ਤਿੰਨ ਦਿਨ ਬਾਅਦ ਗੁਰੂ ਨਾਨਕ ਨਦੀ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਪਹਿਲਾ ਐਲਾਨਾਮਾ ਕੀਤਾ, ‘ਨਾ ਕੋ ਹਿੰਦੂ, ਨਾ ਮੁਸਲਮਾਨ।’ ਇਸੇ ਸੰਦਰਭ ਵਿਚ ਸੁਰਿੰਦਰ ਸੋਹਲ ਦੀ ਰਚਨਾ ਦੇ ਕੁਝ ਬੋਲ ਇਸ ਤਰ੍ਹਾਂ ਹਨ,
ਚੁੱਭੀ-1
ਕਾਲੀ ਵੇਈਂ ‘ਚ
ਤਿੰਨ ਦਿਨ ਵਾਸਤੇ
ਸੂਰਜ ਨੇ ਚੁੱਭੀ ਮਾਰੀ
ਵੇਈਂ ‘ਚ ਨੂਰ ਵਗਣ ਲੱਗਾ।

ਚੁੱਭੀ-2
ਮਾਨਵਤਾ ਦੀ ਵੇਈਂ
ਕਾਲੀ ਹੋਈ
ਸੂਰਜ ਚੁੱਭੀ ਮਾਰੀ
ਪਾਣੀ ਨੂਰ ਇਲਾਹੀ ਬਣ ਕੇ
‘ਨ੍ਹੇਰੇ ਕੰਢੇ ਖੋਰਨ ਲੱਗਾ
ਕਲ-ਕਲ ਵਿਚੋਂ
‘ਨਾ ਕੋ ਹਿੰਦੂ ਨਾ ਮੁਸਲਮਾਨ’
ਧੁਨ ਉਪਜੀ ਹੈ…।

ਚੁੱਭੀ-3
ਅਕਾਲ ਵੇਈਂ ‘ਚ
ਸੁਰਤ ਨੇ ਚੁੱਭੀ ਮਾਰੀ
ਰੌਸ਼ਨੀ ਵਿਵੇਕ ਤੋਂ
ਰੰਗਲੀ ਰਫਤਾਰ ਮੰਗਣ ਲੱਗੀ
ਪ੍ਰਕਾਸ਼-ਵਰ੍ਹੇ
ਤਿੰਨ ਦਿਨਾਂ ‘ਚ ਸਿਮਟ ਗਏ
ਇਹ ਅਗੰਮੀ ਸਫਰ
ਉਦਾਸੀਆਂ ਲਈ ਪੁੱਟਿਆ
ਪਹਿਲਾ ਕਦਮ
ਸਮੇਂ ਦੀ ਪੱਟੀ ‘ਤੇ ਲਿਖੀ
ਸੱਜਰੀ ਇਬਾਰਤ
‘ਨਾ ਕੋ ਹਿੰਦੂ ਨਾ ਮੁਸਲਮਾਨ’
ਇਸ ਵਰਤਾਰੇ ਦੀ
ਮੈਂ ਕੀ ਗਤ ਜਾਣਾ
ਮੈਂ ਤਾਂ ਅਜੇ
‘ਡੁੱਬ ਜਾਣ’ ਤੇ ‘ਚੁੱਭੀ ਮਾਰਨ’ ਦਾ
ਫਰਕ ਹੀ ਨਹੀਂ ਸਮਝ ਸਕਿਆ…।
ਗੁਰੂ ਨਾਨਕ ਵੱਲੋਂ ਵੱਡੀ ਭੈਣ ਬੇਬੇ ਨਾਨਕੀ ਅਤੇ ਭਾਈਆ ਜੈ ਰਾਮ ਦੇ ਸੱਦੇ ‘ਤੇ ਸੁਲਤਾਨਪੁਰ ਲੋਧੀ ਆ ਕੇ ਦੌਲਤ ਖਾਨ ਦੇ ਮੋਦੀਖਾਨੇ ਵਿਚ ਨੌਕਰੀ ਕਰਨ ਅਤੇ ‘ਤੇਰਾ ਤੇਰਾ’ ਤੋਲਣ ਦੀ ਸਾਖੀ ਤੋਂ ਅਸੀਂ ਸਭ ਜਾਣੂ ਹਾਂ। ਗੁਰੂ ਨਾਨਕ ਨੇ ਸਤਿ, ਸੰਤੋਖ ਗਿਆਨ ਆਦਿ ਦੇ ਗੁਣਾਂ ਨੂੰ ਗ੍ਰਹਿਣ ਕਰਕੇ ਮਨੁੱਖੀ ਬਰਾਬਰੀ ਅਤੇ ਮਾਨਵਤਾਵਾਦੀ ਕਦਰਾਂ ਕੀਮਤਾਂ ਵਾਲੇ ਸਮਾਜ ਦੀ ਨੀਂਹ ਰੱਖੀ, ਜਿਸ ਵਿਚ ਕੋਈ ਵੀ ਮਨੁੱਖ ਭੁੱਖਾ ਨਾ ਰਹੇ, ਕੋਈ ਮੇਰ-ਤੇਰ, ਊਚ-ਨੀਚ ਨਾ ਹੋਵੇ। ਕਵਿਤਾ ‘ਮੋਦੀਖਾਨਾ’ ਅਤੇ ‘ਤੇਰਾ’ ਅਜਿਹੇ ਸਮਾਜ ਦੇ ਤਸੱਵਰ ਦਾ ਹੀ ਬਿਆਨ ਕਰਦੀਆਂ ਜਾਪਦੀਆਂ ਹਨ,
ਕਾਇਨਾਤ ਤਰਾਜ਼ੂ
ਦੋਵੇਂ ਪਾਸੇ ਹੋਵਣ
ਸੱਚ ਦੇ ਛਾਬੇ
ਸਭਨਾਂ ਹੋਠੀਂ
ਰੱਜ, ਸਬਰ, ਸੰਤੋਖ
ਨਿਵਾਲਾ ਹੋਵੇ
ਕਾਸ਼! ਇਹ ਦੁਨੀਆਂ
ਹੋਵੇ ਐਸਾ ਮੋਦੀਖਾਨਾ।

ਤੋਲਣਹਾਰੇ ਮੂੰਹੋਂ
‘ਤੇਰਾਂ’ ਨਿਕਲਣ ਵੇਲੇ
ਕੰਨੇ ਦੀ ਬਿੰਦੀ
ਜੱਦ ਡਿੱਗੀ
ਸੂਰਜ ਹੋਈ
ਉਸ ਦੀ ਲੋਅ ਵਿਚ
ਸਾਰਾ ਜਗਤ-ਪਸਾਰਾ
‘ਤੇਰਾ’ ਦਿਸਿਆ।
ਪੁਸਤਕ ਵਿਚਲੇ ਗਿਣਤੀ ਵਿਚ ਕੁੱਲ ਅਠਾਸੀ ਸਫਿਆਂ ‘ਤੇ ਫੈਲੀਆਂ ਨਿੱਕੀਆਂ ਨਿੱਕੀਆਂ ਕਵਿਤਾਵਾਂ ਵਿਚ ਕਰੀਬ ਹਰ ਸਾਖੀ ਨੂੰ ਛੋਹਿਆ ਗਿਆ ਹੈ। ਪੁਸਤਕ ਪੜ੍ਹ ਕੇ ਅਨੰਦ ਵੀ ਮਾਣਿਆ ਜਾ ਸਕਦਾ ਹੈ, ਬਹੁਤ ਕੁਝ ਜਾਣਿਆ ਵੀ ਜਾ ਸਕਦਾ ਹੈ ਅਤੇ ਆਤਮ-ਚੀਨਣ ਵੀ ਕੀਤਾ ਜਾ ਸਕਦਾ ਹੈ ਕਿ ਬਤੌਰ ਨਾਨਕ ਨਾਮ-ਲੇਵਾ, ਅਸੀਂ ਬਾਬੇ ਦੀ ਵਿਰਾਸਤ ਦੇ ਹੱਕਦਾਰ ਕਹਾਉਂਦੇ ਸਿੱਖ ਅੱਜ ਕਿੱਥੇ ਖੜ੍ਹੇ ਹਾਂ? ਜਿਸ ਕਿਸਮ ਦੇ ਮਾਨਵਤਾਵਾਦੀ ਕਦਰਾਂ-ਕੀਮਤਾਂ ਨੂੰ ਅਪਨਾਏ, ਜਾਤ-ਪਾਤੀ, ਊਚ-ਨੀਚ ਅਤੇ ਧਾਰਮਿਕ ਵਖਰੇਵਿਆਂ ਤੋਂ ਰਹਿਤ ਸਮਾਜ ਸਿਰਜਣ ਦੀ ਨੀਂਹ ਬਾਬੇ ਨਾਨਕ ਨੇ ਰੱਖੀ ਸੀ, ਉਸ ਸਮਾਜ ਦੀ ਸਿਰਜਣਾ ਵਿਚ ਕੀ ਕੋਈ ਯੋਗਦਾਨ ਪਾ ਰਹੇ ਹਾਂ ਅਤੇ ਕੀ ਸਿੱਖ ਧਰਮ ਵੀ ‘ਵਾਰ ਆਸਾ ਕੀ’ ਵਿਚ ਦਰਸਾਈ ਵੱਖ ਵੱਖ ਧਰਮਾਂ ਦੀ ਦਸ਼ਾ ਵਿਚ ਹੀ ਤਾਂ ਨਹੀਂ ਪਹੁੰਚ ਗਿਆ? ਪੁਸਤਕ ਵਿਚਲੀਆਂ ਕਵਿਤਾਵਾਂ ਅਤੇ ‘ਨਾਨਕ ਸਾਇਰ’ ਆਖਰੀ ਕਵਿਤਾ ਨੂੰ ਜਾਣਨ/ਸਮਝਣ ਦੀ ਕੋਸ਼ਿਸ਼ ਪਾਠਕ ਕਿਤਾਬ ਖਰੀਦ ਕੇ, ਪੜ੍ਹ ਕੇ ਕਰਨਗੇ। ਭਾਈ ਮਰਦਾਨਾ ਜਿੰਨਾ ਗੁਰੂ ਨਾਨਕ ਦੇ ਨੇੜੇ ਸੀ, ਜਿੰਨਾ ਸਾਥ ਗੁਰੂ ਦਾ ਉਸ ਨੇ ਨਿਭਾਇਆ, ਉਨ੍ਹਾਂ ਦੀ ਸੰਗਤ ਨੂੰ ਮਾਣਿਆ, ਰਬਾਬ ਰਾਹੀਂ ਰੱਬੀ ਕੀਰਤਨ ਦਾ ਸਾਥ ਦਿੱਤਾ-ਸ਼ਾਇਦ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ; ਸਾਥ ਏਨਾ ਲੰਬਾ ਸੀ ਕਿ ਆਖਰੀ ਸੁਆਸ ਵੀ ਬਾਬਾ ਨਾਨਕ ਦੀ ਗੋਦ ਵਿਚ ਹੀ ਲਏ, ਪਰ ਸਾਖੀਕਾਰਾਂ ਅਤੇ ਸਾਡੇ ਢਾਡੀਆਂ-ਕਵੀਸ਼ਰਾਂ ਨੇ ਆਪਣੇ ਪ੍ਰਸੰਗਾਂ ਵਿਚ ਭਾਈ ਮਰਦਾਨੇ ਜਿਹੀ ਰੂਹ ਨੂੰ, ਜਿਹੜੀ ਸਿਰ ਤੋਂ ਪੈਰਾਂ ਤੱਕ ਬਾਬੇ ਦੇ ਇਲਾਹੀ ਰੰਗ ਵਿਚ ਰੰਗੀ ਹੋਈ ਸੀ, ਹਮੇਸ਼ਾ ਭੁੱਖ ਦਾ ਸਤਾਇਆ ਹੀ ਵਰਣਨ ਕੀਤਾ ਹੈ। ਮੈਂ ਇੱਥੇ ਉਸ ਰੂਹ ਦੇ ਦਰਸ਼ਨ ਸੁਰਿੰਦਰ ਸੋਹਲ ਦੀ ਕਵਿਤਾ ‘ਮਰਦਾਨਾ’ ਦੇ ਜ਼ਿਕਰ ਵਿਚੋਂ ਕਰਕੇ ਲੇਖ ਸਮਾਪਤ ਕਰਦੀ ਹਾਂ,
ਸੂਖਮ ਸੁਰਾਂ ਦਾ
ਸਥੂਲ ਮੁਜੱਸਮਾ
ਸਥੂਲ ਰਬਾਬ ਦਾ
ਸੂਖਮ ਰਸ
ਸੂਖਮ ਰਾਗ ਦਾ
ਸਥੂਲ ਅਕਸ
ਸਥੂਲ ਤਾਰਾਂ ਦਾ
ਸੂਖਮ ਨਾਦ।
ਮੇਰੇ ਨਜ਼ਦੀਕ ਸੋਹਲ ਦੀ ਇਹ ਨਿੱਕੀ ਕਵਿਤਾ ਭਾਈ ਮਰਦਾਨੇ ਦੀ ਗੁਰੂ ਵਰੋਸਾਈ ਰੂਹ ਨੂੰ ਭਾਵਭਿੰਨੀ ਸ਼ਰਧਾਂਜਲੀ ਹੈ। ਆਮੀਨ!