‘ਰੂਹ-ਰੇਜ਼ਾ’ ਦਾ ਕਾਵਿ-ਸ਼ਾਸ਼ਤਰ

ਪ੍ਰੋ. ਨਿਰੰਜਨ ਸਿੰਘ ਢੇਸੀ
ਫੋਨ: 317-430-3999
ਪਿਛਲੇ ਦਿਨੀਂ ਡਾ. ਗੁਰਬਖਸ਼ ਸਿੰਘ ਭੰਡਾਲ ਦੀ ਕਾਵਿ-ਪੁਸਤਕ ‘ਰੂਹ ਰੇਜ਼ਾ’ ਮਿਲੀ। ਪੁਸਤਕ ਪੜ੍ਹਨ ਤੋਂ ਪਹਿਲਾਂ ਉਨ੍ਹਾਂ ਦੀ ਵਾਰਤਕ ਦੀ ਅਨੌਖੀ ਸ਼ੈਲੀ ਅਤੇ ਨਿਰਾਲੇ ਵਿਸ਼ਿਆਂ ਸਬੰਧੀ ਮੈਂ ਪ੍ਰਭਾਵਿਤ ਸਾਂ। ਵਾਰਤਕ ਲਿਖਦਿਆਂ ਵੀ ਉਹ ਕਵਿਤਾ ਦੀਆਂ ਝਲਕੀਆਂ ਪੇਸ਼ ਕਰਦੇ ਹਨ। ‘ਰੂਹ ਰੇਜ਼ਾ’ ਦੀ ਕਵਿਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਰਚਨਾ ਤੋਂ ਇਲਾਵਾ ਉਨ੍ਹਾਂ ਦੀ ਦਰਵੇਸ਼ਾਂ ਵਾਲੀ ਹਸਤੀ ਮੈਨੂੰ ਤਾਂ ਕੀ, ਹਰ ਕਿਸੇ ਨੂੰ ਹੀ ਪ੍ਰਭਾਵਿਤ ਕਰਦੀ ਹੈ। ਭੌਤਿਕ ਵਿਗਿਆਨ ਦੇ ਵਿਦਵਾਨ ਪ੍ਰੋਫੈਸਰ ਹੋਣ ਦੇ ਨਾਲ ਨਾਲ ਉਹ ਬੇਹੱਦ ਮੁਹੱਬਤੀ ਇਨਸਾਨ ਹਨ। ਬਿਆਸ ਦੇ ਕੰਢੇ ਪਿੰਡ ਭੰਡਾਲ ਬੇਟ ਦਾ ਜੰਮਪਲ ਇਹ ਬੰਦਾ ਇਨਸਾਨੀਅਤ ਪੱਖੋਂ ਹੀ ਨਹੀਂ, ਵਿਦਵਤਾ ਅਤੇ ਕਲਾ-ਸਾਧਨਾ ਪੱਖੋਂ ਵੀ ਬੇਮਿਸਾਲ ਹੈ। ਉਹ ਧਰਤੀ ਨਾਲ ਜੁੜਿਆ ਹੋਇਆ ਹੈ। ਬੇਟ ਦੇ ਇਲਾਕੇ ਦੀ ਖੁਸ਼ਬੂ ਡਾ. ਭੰਡਾਲ ਦੀ ਸ਼ਖਸੀਅਤ ਵਿਚੋਂ ਆਉਂਦੀ ਹੈ।

ਆਮ ਧਾਰਨਾ ਹੈ ਕਿ ਵਿਗਿਆਨ ਨਾਲ ਜੁੜੇ ਹੋਏ ਬੁੱਧੀਮਾਨ ਵਧੇਰੇ ਕਰਕੇ ਪਦਾਰਥਕ ਵਿਕਾਸ ਦੇ ਆਧਾਰ ‘ਤੇ ਹੀ ਵਿਚਾਰ ਕਰਦੇ ਹਨ, ਪਰ ਡਾ. ਭੰਡਾਲ ਪਦਾਰਥਕ ਵਿਕਾਸ ਦੇ ਨਾਲ ਨਾਲ ਪਰਮਾਰਥ ਬਾਰੇ ਵੀ ਚੇਤੰਨ ਹਨ। ਉਨ੍ਹਾਂ ਦਾ ਮੱਤ ਹੈ ਕਿ ਜਿਥੇ ਸਰੀਰ ਦੀਆਂ ਲੋੜਾਂ ਹਨ, ਉਥੇ ਮਨ ਅਤੇ ਆਤਮਾ ਦੀਆਂ ਆਪਣੀ ਕਿਸਮ ਦੀਆਂ ਭੁੱਖਾਂ ਹਨ। ਦਿਸਦੇ ਜਗਤ ਦੇ ਨਾਲ ਨਾਲ ਪਰਤ-ਦਰ-ਪਰਤ ਸੱਚ ਦੀ ਪਛਾਣ ਕਰਨੀ ਵੀ ਸਾਰਥਕ ਸਿੱਧ ਹੋ ਸਕਦੀ ਹੈ। ਕਵੀ ਕੋਲ ਦਿਸਦੇ ਜਗਤ ਦੇ ਵਿਕਾਸ ਬਾਰੇ ਬੜੇ ਬਿਖੜੇ ਸਵਾਲ ਹਨ। ਮਨੁੱਖ ਦੀ ਭਾਵਨਾ ਨਾਲ ਸਬੰਧਤ ਜਗਤ ਪਰਤ-ਦਰ-ਪਰਤ ਕਵੀ ਦੀ ਤੀਜੀ ਅੱਖ ਸਾਹਮਣੇ ਉਜਾਗਰ ਹੁੰਦਾ ਨਜ਼ਰ ਆਉਂਦਾ ਹੈ। ਕਵੀ ਕੋਲ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਉਤਰ ਲੱਭਣਾ ਅਜੋਕੇ ਮਨੁੱਖ ਲਈ ਔਖਾ ਬਣਿਆ ਹੋਇਆ ਹੈ। ਕਵੀ ਇਸ਼ਾਰਾ ਕਰਦਾ ਹੈ ਕਿ ਹਨੇਰੇ ਵਿਚ ਭਟਕਣ ਦੀ ਥਾਂ ਰੌਸ਼ਨੀ ਵੱਲ ਮੂੰਹ ਕਰਨਾ ਜ਼ਰੂਰੀ ਹੈ। ਸੰਸਿਆਂ ਅਤੇ ਸੰ.ਕਿਆਂ ਵਿਚ ਜਿਉਣ ਦੇ ਅਰਥ ਲੱਭਣ ਲਈ ਮਨੁੱਖ ਨੂੰ ਸਿੱਦਕ, ਸਿਰੜ ਤੇ ਦ੍ਰਿੜਤਾ ਦੇ ਰਾਹ ਤੁਰਨਾ ਪਵੇਗਾ,
ਕੇਹੀ ਰੁੱਤ ਕਿ ਸੂਰਜ ਡੁੱਬਿਆ
ਕਿਰਨਾਂ ਛਮ ਛਮ ਰੋਈਆਂ,
ਅੰਬਰ ਜੂਹੇ ਉਡਦੀਆਂ ਕੂੰਜਾਂ
ਫੜ ਕੇ ਕਿਸ ਨੇ ਕੋਹੀਆਂ?
ਕੁਦਰਤ ਨਾਲ ਵਿੱਥ ਉਤੇ ਹੋ ਕੇ ਅਜੋਕਾ ਮਨੁੱਖ ਮੇਲੇ ਵਿਚ ਗਵਾਚੇ ਅਣਭੋਲ ਬਾਲ ਜਿਹਾ ਹੋ ਗਿਆ ਹੈ। ਪੁਸਤਕ 2019 ਵਿਚ ਪ੍ਰਕਾਸ਼ਿਤ ਹੋ ਗਈ ਸੀ। ਜਾਪਦਾ ਹੈ ਕਿ 2020 ਵਿਚ ਨਾਜ਼ਲ ਹੋਈ ਮੁਸੀਬਤ ਦੀ ਪੇਸ਼ੀਨਗੋਈ ਕਵੀ ਨੂੰ ਰੂਹਾਨੀ ਤੌਰ ‘ਤੇ ਜਰੂਰ ਨਜ਼ਰ ਆ ਗਈ ਸੀ। ਕਵੀ ਨਜ਼ੂਮੀ ਨਹੀਂ ਹੁੰਦਾ, ਪਰ ਉਸ ਕੋਲ ਕਰਤਾਰੀ ਸੂਝ ਹੁੰਦੀ ਹੈ, ਜਿਸ ਦੀ ਸਹਿਜ-ਸ਼ਕਤੀ ਨਾਲ ਉਸ ਨੂੰ ਵਰਤਮਾਨ ਦੀ ਕੁੱਖ ਵਿਚ ਪੈਦਾ ਹੋਣ ਵਾਲੇ ਭਵਿੱਖ ਦੀ ਝਲਕ ਪੈਣ ਲੱਗਦੀ ਹੈ। ਡਾ. ਭੰਡਾਲ ਮਨੁੱਖ ਦੀ ਮਨੁੱਖ ਨਾਲ ਤਿੜਕੀ ਸਾਂਝ ਨੂੰ ਜਾਣਦਾ, ਪਛਾਣਦਾ ਤੇ ਪ੍ਰਗਟ ਕਰਦਾ ਹੈ। ਉਹ ਦੱਸਦਾ ਹੈ ਕਿ ਰਿਸ਼ਤਿਆਂ ਦੀ ਧਰਾਤਲ ਗਵਾਚ ਗਈ ਹੈ। ਇਨ੍ਹਾਂ ਵਿਚ ਸਿੱਥਲਤਾ ਆ ਗਈ ਹੈ। ਜਿਉਣ ਦਾ ਚਾਅ ਤੇ ਨਿੱਘ ਗੁੰਮ ਹੋ ਗਿਆ ਏ। ਧੜਕਦਾ ਅਮਲ ਖੜੋਤ ਵਿਚ ਆ ਗਿਆ ਹੈ। ਆਪਸੀ ਸੂਝ ਤੇ ਪਿਆਰ ਦਾ ਨਗਮਾ ਬੰਦ ਹੋ ਗਿਆ ਹੈ। ਜ਼ਿੰਦਗੀ ਹਰ ਕੋਈ ਸਿਰਫ ਜਿਉਣ ਲਈ ਜੀਅ ਰਿਹਾ ਹੈ। ਉਡੀਕ ਖਤਮ ਹੋ ਗਈ ਹੈ। ਹੁੰਗਾਰਾ ਗੁੰਮ ਹੋ ਗਿਆ ਹੈ। ਕਵੀ ਆਪਣੀ ਕਵਿਤਾ ਵਿਚ ਨਿਜੀ ਦੁੱਖਾਂ, ਭੁੱਖਾਂ ਦਾ ਪ੍ਰਗਟਾਵਾ ਕਰਨ ਦੀ ਥਾਂ ਸਮੁੱਚੇ ਤੌਰ ‘ਤੇ ਵਿਆਪਕ ਹੋ ਚੁਕੇ ਖਲਾਅ ਨੂੰ ਪੇਸ਼ ਕਰਦਾ ਹੈ,
ਕੇਹਾ ਸਮਾਂ ਕਿ
ਦਰਦ ਦੀ ਦਸਤਕ
ਸਾਹੋਂ ਵਿਰਵੀ ਹੋਈ,
ਨਾ ਹੀ ਕਿਧਰੇ ਮਿੱਤਰ ਮੋਢਾ
ਨਾ ਭਾਵਾਂ ਨੂੰ ਢੋਈ।

ਮਨ ਵੇ ਕਾਹਤੋਂ
ਸਮੇਂ ਦੀ ਸਰਦਲ
ਹੰਝੂ ਹੰਝੂ ਕੀਤੀ,
ਤੂੰ ‘ਕੱਲਾ ਨਹੀਂ ਹਰ ਸ਼ਖਸ ਨਾਲ
ਦੁਨੀਆਂ ਇੰਜ ਹੀ ਕੀਤੀ।
ਕਵੀ ਆਸਵੰਦ ਹੈ ਕਿ ਜਿੰ.ਦਗੀ ਨੇ ਨਿਰੰਤਰਤਾ ਤੇ ਗਤੀਸ਼ੀਲਤਾ ਨਾਲ ਤੁਰਨਾ ਹੈ। ਤੁਰਨਾ ਹੀ ਨਹੀਂ, ਖੂਬਸੂਰਤੀ ਨੂੰ ਵੀ ਕਾਇਮ ਰੱਖਣਾ ਹੈ। ਆਸ ਨੂੰ ਮਰਨ ਨਹੀਂ ਦੇਣਾ। ਉਦਾਸ ਹੋਣਾ ਹੈ, ਨਿਰਾਸ਼ ਨਹੀਂ ਹੋਣਾ। ਉਦਾਸੀ ਅੱਗੇ ਤੋਰਦੀ ਹੈ, ਜਿਉਣ ਦੇ ਰਾਹ ਲੱਭਣ ਦੀ ਜਾਚਕ ਹੈ, ਪਰ ਨਿਰਾਸ਼ਾ ਘੁੰਮਣਘੇਰੀ ਹੈ।
ਜੀਵਨੀ ਧੁੱਪ ‘ਚ
ਜਿੰਦ ਦੀ ਛਾਵੇਂ
ਰੰਗਲਾ ਪੀੜ੍ਹਾ ਡਾਵੀਂ,
ਸਾਹ ਤੱਕਲੇ ਤੇ ਸੁਖਨ ਸਬੂਰੀ ਦੇ
ਤੰਦ ਲੰਮੇਰੇ ਪਾਵੀਂ।

ਵੇ ਉਠ ਮਨਾ ਤੂੰ ਸੁੱਤਿਆ
ਮਸਤਕ ਜਰਾ ਫਰੋਲ,
ਦਿਲ ਬਰੂਹੀਂ ਝਾਕ ਕੇ
ਦਰਾਂ ‘ਚ ਪਾਣੀ ਡੋਲ,
ਸਰਘੀ ਉਤਰ ਬਨੇਰਿਉਂ
ਭਰਨੀ ਤੇਰੀ ਝੋਲ।
ਡਾ. ਭੰਡਾਲ ਕੋਲ ਨਿਵੇਕਲਾ ਕਾਵਿ-ਮੁਹਾਵਰਾ ਹੈ। ਇਕ ਇਕ ਸ਼ਬਦ ਤੋਂ ਗਹਿਰਾਈ ਅਤੇ ਘਣਤਾ ਵਾਲੇ ਅਰਥਾਂ ਦਾ ਸੰਚਾਰ ਹੁੰਦਾ ਹੈ। ਉਸ ਦੀ ਖੂਬਸੂਰਤੀ ਹੈ ਕਿ ਜਿਥੇ ਉਹ ਸਵਾਲ ਖੜੇ ਕਰਦਾ ਹੈ, ਉਤਰ ਵੀ ਸ਼ਬਦਾਂ ਦੀ ਬੁੱਕਲ ਵਿਚ ਲੁਕੇ ਹੁੰਦੇ ਹਨ। ਉਸ ਦੀ ਕਵਿਤਾ ਵਿਚ ਸਮੇਂ ਦੇ ਮਨੁੱਖ ਦੀ ਹੋਣੀ ਨੂੰ ਚਿੱਤਵਦਿਆਂ, ਰੁਦਨ ਦਾ ਲਗਾਤਾਰ ਪ੍ਰਗਟਾਵਾ ਹੈ। ਉਦਰੇਵਾਂ, ਵਿਖਾਵੇ ਦਾ ਨਹੀਂ। ਅਜੋਕੇ ਵਰਤਾਰਿਆਂ ਦੀ ਬੁੱਕਲ ਵਿਚ ਪੈਦਾ ਹੋ ਗਿਆ ਹੈ। ਵਿਕਾਸ ਦੇ ਓਹਲੇ ਵਿਚ ਵਿਨਾਸ਼ ਦੇ ਪਸਾਰੇ ਦਾ ਖੂਬਸੂਰਤ ਪ੍ਰਗਟਾਵਾ ਹੈ। ਕਿਰਤ ਕਰਮ ਦੀ ਧੱਕੀ ਹੋਈ ਜ਼ਿੰਦਗੀ ਔਝੜੇ ਰਾਹ ਪੈ ਗਈ ਹੈ। ਸ਼ਬਦ ਤੇ ਅਰਥ ਸੋਗ ਵਿਚ ਡੁੱਬੇ ਹੋਏ ਹਨ,
ਸ਼ਬਦੀਂ ਸੋਗ ਸੰਤਾਪਿਆ
ਅਰਥੀਂ ਅਰਘੀ ਆਹ,
ਹਰ ਦਰਵਾਜੇ ਜੰਦਰਾ
ਗੁੰਮ ਗਿਆ ਹਰ ਰਾਹ।

ਧਰਤੀ ਹੌਕਾ ਉਗਮਿਆ
ਪਰਬਤ ਪਿਘਲ ਗਿਆ।
ਜੀਵਨ ਦਾ ਸਮਤੋਲ ਟੁੱਟ ਗਿਆ ਹੈ। ਕਵੀ ਢੁਕਵੇਂ ਅਤੇ ਖੂਬਸੂਰਤ ਪ੍ਰਤੀਕਾਂ ਰਾਹੀਂ ਸਥਿਤੀ ਦੀ ਤਲਖ ਹਕੀਕਤ ਨੂੰ ਪਛਾਣਦਾ ਤੇ ਪ੍ਰਗਟ ਕਰਦਾ ਹੈ। ਉਹ ਸਮੇਂ ਦੀ ਦੁਖਦੀ ਰਗ ਉਤੇ ਉਂਗਲ ਧਰਦਾ ਹੈ। ਸਥੂਲ ਸੰਸਾਰ ਦੇ ਟੁੱਟ ਕੇ ਬਿਖਰ ਜਾਣ ਦਾ ਜ਼ਿਕਰ ਉਹ ਸੂਖਮ ਵਿਧੀ ਨਾਲ ਕਰਦਾ ਹੈ। ਕਵੀ ਇਸ ਦੁੱਖਦਾਈ ਹਾਲਾਤ ਨੂੰ ਮਹਿਸੂਸ ਕਰਦਾ ਹੈ ਕਿ ਹਰ ਕਿਸੇ ਨੇ ਆਪਣੇ ਆਪ ਨੂੰ ਇਕ ਖੋਲ ਵਿਚ ਬੰਦ ਕਰ ਲਿਆ ਹੈ, ਆਪਣੇ ਆਲੇ-ਦੁਆਲੇ ਇਕ ਬੰਕਰ ਉਸਾਰ ਲਿਆ ਹੈ। ਹਰ ਕੋਈ ਭੀੜ ਵਿਚ ਇਕੱਲਾ ਹੈ। ਜਿਉਂਦੇ ਹੋਣ ਦੀ ਗਵਾਹੀ ਗੁੰਮ ਹੋ ਗਈ ਹੈ,
ਬੋਲ ਬੀਹੀ ਨਾ ਗੂੰਜਦਾ
ਕਦੇ ਸੰਵਾਦ ਪ੍ਰਵਾਹ,
ਖੁਦ ਨੂੰ ਸੂਲੀ ਟੰਗਦਾ
ਖੁਦ ਹੀ ਖੁਦ ਦਾ ਸਾਹ।
ਕਵੀ ਦੀ ਸੰਵੇਦਨਾ ਅਤੇ ਬੌਧਿਕਤਾ ਧਰਤੀ ਦੇ ਬਾਸ਼ਿੰਦਿਆਂ ਦੀਆਂ ਅਚੇਤ ਅਤੇ ਮਨਚਾਹੀਆਂ ਗਤੀਵਿਧੀਆਂ, ਸਿੱਟਿਆਂ ਤੋਂ ਅਣਜਾਣ ਨਹੀਂ। ਉਹ ਹਨੇਰੇ ਵਿਚ ਤੀਰ ਨਹੀਂ ਚਲਾਉਂਦਾ। ਉਹ ਹਰ ਮਸਲੇ ਨੂੰ ਕਾਵਿ ਦੀ ਵਿਧੀ ਰਾਹੀਂ ਪੇਸ਼ ਕਰਦਾ ਹੈ। ਕਵੀ ਦਾ ਅਨੁਭਵ ਦੱਸਦਾ ਹੈ ਕਿ ਕੁਰਬਲ ਕੁਰਬਲ ਕਰਦੀ ਲੋਕਾਈ ਦੇ ਬਾਵਜੂਦ, ਧਰਤੀ ਸੁੰਨੀ ਹੋਈ ਪਈ ਹੈ। ਸੁੰਨਤਾ ਦੇ ਇਸ ਆਲਮ ਵਿਚ ਧਰਤੀ ਮਾਂ ਦਾ ਹੁਸਨ ਮਾਲੀਨ ਹੋ ਗਿਆ ਹੈ। ਆਪਹੁਦਰੇ ਮਨ ਦੇ ਕਾਰਨ ਹੀ ਬੰਦਾ ਭੀੜ ਵਿਚ ਹੋਣ ਦੇ ਬਾਵਜੂਦ ਇਕੱਲਾ ਹੈ, ਅਜਨਬੀ ਹੈ ਅਤੇ ਰਸਤਾ ਭੁੱਲਿਆ ਹੋਇਆ ਹੈ। ਹਨੇਰੇ ਵਿਚ ਇਧਰ-ਉਧਰ ਹੱਥ ਪੈਰ ਮਾਰ ਰਿਹਾ ਹੈ। ਆਪਣੇ ਭਾਰ ਹੀ ਲਿਫਿਆ ਹੋਇਆ ਹੈ। ਕਿਰਤ ਤੇ ਉਦਮ ਦੇ ਸੁੱਚੇ ਸੰਕਲਪ ਦੀ ਥਾਂ ਮੰਡੀ ਦਾ ਮਾਲ ਬਣਿਆ ਹੋਇਆ ਹੈ। ਹੀਣ ਤੇ ਬੌਣਾ ਮਨੁੱਖ ਆਪਣੇ ਆਲੇ ਦੁਆਲੇ ਵਿਚ ਉਲਝੇ ਹੋਏ ਤਾਣੇ-ਬਾਣੇ ਵਿਚ ਮੱਕੜੀ ਵਾਂਗ ਫਸ ਕੇ ਰਹਿ ਗਿਆ ਹੈ।
ਪੌਣ, ਪਾਣੀ ਤੇ ਧਰਤੀ ਦੇ ਸਬੰਧ ਵਿਚ ਬਾਬਾ ਨਾਨਕ ਦੇ ਬਚਨਾਂ ਨੂੰ ਭੁੱਲ ਗਿਆ ਹੈ। ਲੋੜ ਤੋਂ ਵੱਧ ਤੇਜ ਦੌੜਨ ਵਾਲੇ ਦੌੜਾਕ ਵਾਂਗ ਮਨੁੱਖ ਹੱਫ ਗਿਆ ਹੈ। ਘੁੱਗ ਵੱਸਦੀ ਜ਼ਿੰਦਗੀ ਦੇ ਨਕਸ਼ ਮਰ ਰਹੇ ਹਨ, ਤੇ ਹਰ ਮੌਕੇ ਸ਼ਮਸ਼ਾਨ ਜਿਹੀ ਸੁੰਨ ਦਾ ਆਲਮ ਬਣਿਆ ਹੋਇਆ ਹੈ,
ਹੂਕ, ਹੁੰਗਾਰਾ ਲੋਚਦੀ
ਤੁਰੀ ਮਸਾਣਾਂ ਵੱਲ,
ਸੁਹਜ ਨੂੰ ਦੰਦਲ ਪੈ ਗਈ
ਮਰੀ ਅੱਜ ਕਿ ਕੱਲ।
ਅਜਿਹੀ ਅਵੱਸਥਾ ਵਿਚ ਜਿਉਂਦੇ ਮਨੁੱਖ ਨੂੰ ਕਵੀ ਹਾਕ ਮਾਰਦਾ ਹੈ,
ਗੁੰਗੀ ਵਕਤ ਦਹਿਲੀਜ਼ ‘ਤੇ
ਦੇਈਏ ਕੋਈ ਅਵਾਜ਼,
ਸੁਪਨੇ ਦੀ ਅੱਖ ਖੁੱਲ੍ਹ ਜੇ
ਭਰੇ ਉਚੀ ਪਰਵਾਜ਼।
ਡਾ. ਭੰਡਾਲ ਦੀ ਰਚਨਾਤਮਕ ਖੂਬੀ ਇਹ ਹੈ ਕਿ ਭਾਵਨਾ ਤੇ ਵਿਚਾਰ ਇਕ ਸੁਰ ਹੋ ਕੇ ਲੋਕ ਬੋਧ ਵੱਲ ਤੁਰਦੇ ਹਨ। ਕਵੀ ਦੀ ਆਸ ਹੈ ਕਿ ਖੜੋਤ ਵਿਚ ਆਈ ਕਾਇਨਾਤ ਨੂੰ ਹਰਕਤ ਦਿੱਤੀ ਜਾ ਸਕਦੀ ਹੈ। ਲੋੜ ਦਸਤਕ ਦੇਣ ਦੀ ਹੈ, ਕੁੰਡਾ ਖੜਕਾਉਣ ਦੀ ਹੈ। ਗੁੰਗੀ ਤੇ ਬੋਲੀ ਦਹਿਲੀਜ਼ ਨੂੰ ਬੋਲ ਮਿਲ ਜਾਂਦੇ ਹਨ, ਸੁਣਨ ਸਰੋਤ ਮਿਲ ਜਾਂਦੇ ਹਨ।
ਭੰਡਾਲ ਪੱਤਝੜ ਦੀ ਸਥਿਤੀ ਵਿਚ ਵੀ ਕੁਦਰਤ ਵਾਂਗ ਮਨੁੱਖੀ ਕਿਰਦਾਰ ਤੇ ਸਭਿਆਚਾਰ ਵਿਚ ਬਹਾਰ ਦੀ ਆਸ ਕਰਦਾ ਹੈ; ਪਰ ਉਹ ਤਲਖ ਹਕੀਕਤ ਤੋਂ ਵੀ ਅੱਖਾਂ ਨਹੀਂ ਮੀਟਦਾ। ਜ਼ਿੰਦਗੀ ਬਾਰੇ ਉਸ ਦੇ ਸਵਾਲ ਬਹੁਤ ਸੂਖਮ ਹਨ। ਇਸੇ ਕਾਰਨ ਉਚੀ ਸੁਰ ਨਜ਼ਰ ਨਹੀਂ ਆਉਂਦੀ। ਬੀਮਾਰੀ ਦੀ ਗੰਭੀਰਤਾ ਨਜ਼ਰ ਆਉਂਦੀ ਹੈ। ਉਸ ਦੀ ਰਚਨਾ ਵਿਚ ਮਨੁੱਖ ਦੇ ਭਟਕ ਜਾਣ ਦੀ ਸਥਿਤੀ ਸਪਸ਼ਟ ਹੈ। ਇਸੇ ਕਾਰਨ ਉਹ ਸਹਿਜ ਹੋਣ ਲਈ ਟਿਕਾਣੇ ਦਾ ਥਹੁ-ਪਤਾ ਨਾ ਲੱਗਣ ਦਾ ਹੇਰਵਾ ਪ੍ਰਗਟ ਕਰਦਾ ਹੈ,
ਜਿੰਦੇ ਨੀ, ਹੁਣ ਜਾਣਾ ਕਿਥੇ?
ਪੰਜ ਦਰਿਆਈਂ ਮੌਤ ਵਸੇਂਦੀ
ਸੰਦਲੀ ਸੱਧਰਾਂ ਚਿੱਥੇ!
ਪਾਣੀ ਤੇ ਜੀਵਨ ਦੇ ਸਬੰਧ ਵਿਚ ਅਸੀਂ ਮੁਕੰਮਲ ਤੌਰ ‘ਤੇ ਭੁੱਲ ਚੁਕੇ ਹਾਂ ਤੇ ਧਰਤੀ ਦੇ ਨਕਸ਼ ਵੀ ਅਸੀਂ ਵਿਗਾੜ ਦਿੱਤੇ ਹਨ। ਜੀਵਨ ਦੇ ਇਨ੍ਹਾਂ ਸਮਿਆਂ ਬਾਰੇ ਭੁੱਲ ਕੇ ਅਸੀਂ ਮੰਜ਼ਿਲ ਤੱਕ ਕਿਵੇਂ ਪਹੁੰਚਾਂਗੇ?
ਜਿੰਦ ਦਾ ਦੀਵਾ ਕੀਕਣ ਰੋਜ਼ ਬਲੇ,
ਧਰਮੀ ਧਰਤੀ ਜਖ਼ਮੀ ਕਰ’ਤੀ
ਅੰਬਰ ਪੈਰ ਤਲੇ।
ਬ੍ਰਹਿੰਮਡ ਉਤੇ ਕਾਠੀ ਪਾਉਣ ਦੇ ਯਤਨਾਂ ਨੇ ਮਨੁੱਖ ਨੂੰ ਕੁਰਾਹੇ ਪਾ ਦਿੱਤਾ ਹੈ। ਬ੍ਰਹਿੰਮਡ ਤੇ ਕੁਦਰਤ ਦੇ ਸਮਤੋਲ ਵਿਚਲਿਤ ਹੋ ਗਏ ਹਨ। ਇਹ ਵਿਕਰਤ ਮਾਹੌਲ ਮਨੁੱਖ ਤੇ ਹੋਰ ਜੀਵਾਂ ਲਈ ਸੰਤੁਲਿਤ ਮਾਹੌਲ ਨਹੀਂ ਸਿਰਜ ਸਕਦਾ। ਅਜਿਹਾ ਸੁਪਨਾ ਲੈਣਾ ਵੀ ਕਠਿਨ ਹੈ। ਕਵੀ ਚੰਗੇ ਹੋਣ ਦਾ, ਖੂਬਸੂਰਤ ਹੋਣ ਦਾ, ਜਾਨਦਾਰ ਅਤੇ ਸ਼ਾਨਦਾਰ ਹੋਣ ਦਾ, ਮੁਹੱਬਤ ਦੀ ਬਾਰਸ਼ ਵਿਚ ਭਿੱਜਣ ਦਾ ਸੁਪਨਾ ਸਿਰਜਦਾ ਹੈ। ਕੋਰੇ ਤੇ ਖਾਲੀ ਪਲਾਂ ਨੂੰ ਭਰਨ ਲਈ ਆਪਣੇ ਯੁੱਗ ਦੇ ਅਕ੍ਰਿਤ ਮਨੁੱਖ ਲਈ ਅਨੂਠੇ ਸੁਪਨਿਆਂ ਦੀ ਕਾਮਨਾ ਕਰਦਾ ਹੈ,
ਅੱਜ ਇਕ ਸੁਪਨੇ ਸੰਦਲੀ ਪਲ ਨੂੰ
ਨੈਣਾਂ ਵਿਚ ਟਿਕਾਇਆ,
ਮਸਾਂ ਹੀ ਇਕ ਉਮਰਾ ਬਾਅਦ
ਸਾਹਾਂ ਨੂੰ ਸਾਹ ਆਇਆ।

ਅੱਜ ਇਕ ਸੁਪਨੇ ਸ਼ਬਦ-ਸਰਦਲ ‘ਤੇ
ਸੰਦਲੀ ਅਰਥ ਟਿਕਾਇਆ,
ਕੋਰੇ ਕਾਗਜ਼ ਦੀ ਹਿੱਕੜੀ ‘ਤੇ
ਹਰਫਾਂ ਡੇਰਾ ਲਾਇਆ।
ਕਵੀ ਦਾ ਮੱਤ ਹੈ ਕਿ ਸੁਪਨਿਆਂ ਦੀ ਪੂਰਤੀ, ਮਨੁੱਖ ਦੀ ਦਰੁਸਤ ਸੇਧ ਵਿਚ ਸੋਚ ਤੇ ਅਮਲ ਵਿਚੋਂ ਹੀ ਪੈਦਾ ਹੋ ਸਕਦੀ ਹੈ। ਦੋਗਲਾਪਣ, ਅਨੈਤਿਕਤਾ, ਵਿਖਾਵਾ ਤੇ ਕਿਰਦਾਰ ਦੀ ਨਿਮਨਤਾ, ਜੀਵਨ ਦੇ ਮੁਲ-ਵਿਧਾਨ ਦੀ ਹੀਣਤਾ ਕੋਈ ਰਸਤਾ ਨਹੀਂ ਵਿਖਾ ਸਕਦੀ। ਬੇਟਿਕਾਣਾ ਹੋਣ ਵਿਚ ਟਿਕਾਓ ਤੇ ਸਹਿਜ ਨਹੀਂ, ਭਟਕਣ ਮਿਲਦੀ ਹੈ।
ਇਕ ਹੱਥ ਮੌਲੀ, ਇਕ ਹੱਥ ਫਤਵਾ
ਤੱਕਦਿਆਂ ਦੂਰੀਆਂ ਚੂਰ ਵੇ ਸਾਈਂ

ਕਿਥੇ ਜੰਮੇ ਤੇ ਕਿਥੇ ਆ ਗਏ
ਚੋਗ ਖਿਲਾਰੀ ਦੂਰ ਵੇ ਸਾਈਂ।

ਧੁੱਖਦੇ ਹਰਫ ਤੇ ਠਰਦੇ ਅਰਥ
ਵਰਕੀਂ ਦ੍ਰਿਸ਼ ਕਰੂਰ ਵੇ ਸਾਈਂ।
ਡਾ. ਭੰਡਾਲ ਦੀ ਕਲਮ ਬਾਹਰ-ਮੁਖੀ ਜ਼ਿੰਦਗੀ ਦੇ ਸਰਗਰਮ ਤੇ ਖੁਸ਼ ਨਜ਼ਰ ਆਉਂਦੇ ਨਕਸ਼ਾਂ ਪਿਛੇ ਲੁਕੀ ਹੋਈ ਉਦਾਸੀ ਨੂੰ ਪਛਾਣਦੀ ਹੈ। ਪਰਤਾਂ ਹੇਠ ਲੁੱਕੀ ਹੋਈ ਕੌੜੀ ਅਸਲੀਅਤ ਨੂੰ ਨਜ਼ਰ ਅੰਦਾਜ਼ ਕਰਕੇ ਨਾ ਉਹ ਅਤੀਤ ਨੂੰ ਅਵਾਜ਼ਾਂ ਮਾਰਦਾ ਹੈ ਅਤੇ ਨਾ ਹੀ ਭਵਿੱਖ ਨੂੰ ਸੰਬੋਧਨ ਹੁੰਦਾ ਹੈ। ਉਹ ਵਰਤਮਾਨ ਦੇ ਪੈਰਾਂ ਵਿਚ ਖਿੱਲਰੇ ਕੰਡਿਆਂ ਦੀ ਪਛਾਣ ਕਰਕੇ ਮਾਨਵਤਾ ਦੇ ਦਰਦ ਦਾ ਗੀਤ ਗਾਉਂਦਾ ਹੈ। ਕਿਸੇ ਖੋਖਲੇ ਆਦਰਸ਼ ਦਾ ਸ਼ਿਕਾਰ ਹੋ ਕੇ ਉਹ ਕਵਿਤਾ ਨੂੰ ਕਿਸੇ ਝੂਠੇ ਲਾਰੇ ਵਿਚ ਰੁਪਾਂਤ੍ਰਿਤ ਨਹੀਂ ਕਰਦਾ। ਮਨੁੱਖ ਦੇ ਅੰਦਰ ਬਾਹਰ ਫੈਲੀ ਹੋਈ ਇਕੱਲ ਨੂੰ ਪਾਰਦਰਸ਼ੀ ਦ੍ਰਿਸ਼ਟੀ ਨਾਲ ਵੇਖਣ ਦੇ ਸਮਰੱਥ ਹੈ। ਇਸ ਅਵਸਥਾ ਨੂੰ ਪਰਗਟ ਕਰਨ ਲਈ ਉਹ ਉਚੀ ਸੁਰ ਨਹੀਂ ਅਪਨਾਉਂਦਾ, ਸਗੋਂ ਸੋਗੀ ਪਲਾਂ ਦੇ ਅੰਗ-ਸੰਗ ਹੋ ਕੇ ਵਿਚਰਦਾ ਹੈ। ਉਸ ਦੀ ਕਾਵਿ-ਰਚਨਾ ਵਿਚ ਸਹਿਜ ਪ੍ਰਗਟਾਵੇ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਪਹੁ ਫੁਟਾਲੇ ਦੇ ਸੂਰਜ ਦੀ ਲਾਲੀ ਜਿਹਾ ਪ੍ਰਭਾਵ ਬਣਦਾ ਹੈ। ਸ਼ਬਦਾਂ ਤੇ ਅਰਥਾਂ ਦੀ ਨੇੜਤਾ ਦੇਖਣਯੋਗ ਹੈ,
ਸਮੇਂ ਦੇ ਬੋੜੇ ਦਰਾਂ ‘ਚ ਬੈਠਾ
ਪੰਛੀ ਵਿਰਦ ਕਰੇ,
ਸਾਹੀਂ ਉਗੀਆਂ ਸਿਸਕੀਆਂ
ਨੈਣੀਂ ਹੰਝ ਭਰੇ।
ਗੁੰਮੀਆਂ ਅੰਬਰ ਉਡਾਰੀਆਂ
ਸੋਗ ‘ਚ ਖੰਭ ਝੜੇ।
ਸ਼ਬਦ ਚਿੱਤਰ ਪੇਸ਼ ਕਰਨ ਪਿਛੋਂ ਸਵਾਲ ਬੜਾ ਗੰਭੀਰ ਹੈ,
ਹਰ ਪਲ ਮਰਦੇ ਪੰਛੀ ਦਾ
ਕਿਹੜਾ ਦਰਦ ਹਰੇ?
ਕਵੀ ਦੀ ਰਚਨਾ ਵਿਚ ਨਾਅਰਾ ਨਹੀਂ ਹੈ; ਹਉਕਾ ਹੈ, ਫਿਕਰ ਹੈ, ਉਦਾਸੀ ਹੈ। ਇਸ ਦੇ ਨਾਲ ਨਾਲ ਉਹ ਆਸ ਦਾ ਦੀਵਾ ਵੀ ਜਗਦਾ ਰੱਖਦਾ ਹੈ। ਨਾਅਰਾ, ਮੁਹੱਬਤਾਂ ਨਾਲ ਨਹੀਂ ਨਿਭਦਾ, ਨਾਅਰੇ ਦੇ ਪੈਰ ਧਰਤੀ ‘ਤੇ ਨਹੀਂ ਹੁੰਦੇ, ਮਿੱਟੀ ਦੀ ਪਕੜ ਨਹੀਂ ਹੁੰਦੀ, ਸਬਰ ਤੇ ਸਿਦਕ ਘੱਟ ਹੁੰਦਾ ਹੈ। ਉਚੀ ਸੁਰ ਵਿਚ ਹਕੀਕਤ ਗਵਾਚ ਜਾਂਦੀ ਹੈ, ਭੁਲਾਂਦਰਾ ਪੈਦਾ ਹੋ ਜਾਂਦਾ ਹੈ। ਹਉਕਾ, ਮੁਹੱਬਤ ਦੇ ਪੱਕੇ ਰਸੇ ਹੋਏ ਆਲਮ ਵਿਚੋਂ ਪੈਦਾ ਹੋਇਆ ਸਫੈਦ ਰੰਗ ਹੁੰਦਾ ਹੈ, ਜਿਸ ਵਿਚ ਸੱਤ ਬੁਨਿਆਦੀ ਰੰਗ ਮੌਜੂਦ ਹੁੰਦੇ ਹਨ। ਹਉਕਾ, ਪਵਿੱਤਰਤਾ ਤੇ ਨਿਰਮਲਤਾ ਦਾ ਪ੍ਰਤੀਕ ਹੈ। ਕਵੀ ਕਾਇਨਾਤ ਦੇ ਦੁੱਖਾਂ-ਕਸ਼ਟਾਂ ਦੇ ਮਾਨਸਿਕ ਪਿਛੋਕੜ ਨੂੰ ਜਾਣਦਾ, ਪਛਾਣਦਾ ਹੈ। ਉਹ ਸਮੁੱਚੇ ਵਾਤਾਵਰਣ ਵਿਚ ਮਨੁੱਖ ਦੀ ਸਵੈ-ਪਛਾਣ ਦਾ ਰਸਤਾ ਖੋਜਦਾ ਹੈ, ਪਰ ਇਹ ਖੋਜ ਰਚਨਾਤਮਿਕ ਕਲਾ ਵਿਚ ਭਿੱਜੀ ਹੋਈ ਹੈ। ਉਹ ਲਗਾਤਾਰ ਵਿਲਕਣੀ ਵਿਚੋਂ ਗੁਜਰ ਰਹੇ ਮਨੁੱਖ ਦਾ ਸ਼ਬਦ-ਚਿੱਤਰ ਉਲੀਕਦਾ ਹੈ, ਜਿਸ ਦੇ ਮੁਕੰਮਲ ਨਕਸ਼ਾਂ ਦੀ ਦਿੱਖ ਬੇਟਿਕਾਣਾ ਹੈ। ਵਖਤਾਂ ਮਾਰੇ ਵਕਤ ਨੂੰ ਕਾਵਿ-ਚਿੱਤਰ ਵਿਚ ਪੇਸ਼ ਕਰਦਿਆਂ ਉਹ ਲਿਖਦਾ ਹੈ,
ਕਮਰੇ ਵਿਚ ਕੰਬਣੀ ਏ
ਕੈਲੰਡਰ ਟੁੱਕੜੇ ਹੋਇਆ ਏ,
ਜਿਉਂਦਾ ਤੇ ਹੱਸਦਾ ਸੀ
ਉਹ ਬੰਦਾ ਮੋਇਆ ਏ,
ਤੇ ਸੁਪਨੇ ਦੇ ਮਾਤਮ ਵਿਚ
ਘਰ ਅਰਥੀ ਹੋਇਆ ਏ।

ਕੇਹਾ ਵੇਲਾ, ਮਨ ਦਾ ਪੰਛੀ
ਹੁਣ ਚੋਗ ਸੋਗ ਦੀ ਖਾਵੇ,
ਨਾ ਪਰਾਂ ਵਿਚ ਹਵਾ ਬਚੀ ਏ
ਨਾ ਟੀਸੀ ਬਹਿ ਗਾਵੇ।
ਡਾ. ਭੰਡਾਲ ਦੀ ਕਾਵਿ-ਕਲਾ ਦੀ ਪਛਾਣ ਨਿਰਾਲੀ ਹੈ। ਸਾਰੀਆਂ ਕਵਿਤਾਵਾਂ ਬਨਾਵਟ ਅਤੇ ਪਰੰਪਰਾਗਤ ਬੰਦਿਸ਼ਾਂ ਤੋਂ ਮੁਕਤ ਹਨ। ਇਨ੍ਹਾਂ ਕਵਿਤਾਵਾਂ ਵਿਚ ਅਣਦਿਸਦੇ ਦੁੱਖਾਂ ਦੀ ਰੂਹਾਨੀ ਤੇ ਭਾਵਵਾਚਕ ਤਸਵੀਰ ਪੇਸ਼ ਕੀਤੀ ਗਈ ਹੈ। ਦੁਖੜਿਆਂ ਵਿਚ ਗਲ ਗਲ ਡੁੱਬੀ ਧਰਤੀ, ਪ੍ਰਕਿਰਤੀ ਅਤੇ ਮਨੁੱਖ ਨੂੰ ਕਵੀ ਵਿਸ਼ਾਲ ਰੂਪਕ ਵਜੋਂ ਪੇਸ਼ ਕਰਦਾ ਹੈ। ਸੂਖਮ ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ਉਹ ਤਾਰੇ, ਧੁੱਪ, ਚੁੱਪ, ਘਰ, ਫੁੱਲ, ਪੰਛੀ, ਅੰਬਰ, ਕਿਰਨ, ਖੂਹ, ਸਰਦਲ, ਸੂਰਜ, ਹੰਝੂ, ਫੋਨ, ਖਤ, ਦਹਿਲੀਜ਼ ਆਦਿ ਰੂਪਕਾਂ ਦੀ ਵਰਤੋਂ ਨਿਵੇਕਲੇ ਅਰਥਾਂ ਲਈ ਕਰਦਾ ਹੈ। ਸਭ ਤੋਂ ਨਿੱਕੇ ਅਕਾਰ ਦੀ ਕਵਿਤਾ ‘ਦੁੱਖ’ ਅਨੇਕਾਂ ਯਥਾਰਕ ਸਵਾਲ ਖੜੇ ਕਰਦੀ ਹੈ,
ਰੁੰਡ-ਮਰੁੰਡ ਰੁੱਖ
ਬੰਜਰ ਕੁੱਖ
ਵਿਲਕਦੀ ਭੁੱਖ
ਝਰੀਟਿਆ ਮੁੱਖ
ਸੱਖਣਾ ਸੁੱਖ
ਬੇਗੈਰਤ ਮਨੁੱਖ
ਅਤੇ ਉਹ ਅਜੇ ਵੀ ਪੁੱਛਦੇ ਨੇ
ਕਿ ਸਮੇਂ ਨੂੰ
ਕਾਹਦਾ ਏ ਦੁੱਖ?
ਡਾ. ਭੰਡਾਲ ਆਪਣੀ ਅਨੁਭਵੀ ਅੰਤਰ-ਦ੍ਰਿਸ਼ਟੀ ਨਾਲ ਵੇਖ ਰਿਹਾ ਏ ਕਿ ਮਨੁੱਖ ਦੀ ਵਾਟ ਭਟਕ ਗਈ ਹੈ। ਸਾਰੇ ਬ੍ਰਹਿਮੰਡ ਨਾਲ ਜੁੜਿਆ ਹਰ ਵਰਤਾਰਾ, ਆਪਣੇ ਅਸਲ ਰਾਹ ਤੋਂ ਭਟਕ ਗਿਆ ਹੈ। ਇਨਸਾਨ ਨੂੰ ਇਹ ਖੁਸ਼-ਫਹਿਮੀ ਹੋ ਗਈ ਹੈ ਕਿ ਉਸ ਨੇ ਮਹਾਨ ਪ੍ਰਾਪਤੀਆਂ ਕਰ ਲਈਆਂ ਹਨ। ਪਦਾਰਥ ਵਿਚ ਮਨਚਾਹੀਆਂ ਤਬਦੀਲੀਆਂ ਕਰਨ ਪਿਛੋਂ ਹੀ ਉਸ ਨੂੰ ਸੀਮਤ ਜਿਹਾ ਗਿਆਨ ਹੋ ਗਿਆ ਹੈ ਕਿ ਸਬੰਧਤ ਪਰਿਵਰਤਨ ਲੋੜ ਵਿਚੋਂ ਨਹੀਂ ਹੋਏ। ਪਿੰਡੋਰੇ ਦੇ ਬਕਸੇ ਵਿਚੋਂ ਨਿਕਲੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਦੇ ਨਾਗ ਨੇ ਉਸ ਨੂੰ ਪਕੜ ਵਿਚ ਲੈ ਲਿਆ ਹੈ। ਸਿਰਫ ਆਸਾਂ ਨਾਲ ਉਹ ਜੀਅ ਰਿਹਾ ਹੈ। ਇਸ ਕਾਰਨ ਪੈਰਾਂ ਦੀ ਧਰਾਤਲ ਖਿਸਕ ਗਈ ਹੈ। ਵਾਤਾਵਰਣ ਦੇ ਨਾਲ ਮਨੁੱਖੀ ਮਾਨਸਿਕਤਾ ਦਾ ਤਵਾਜ਼ਨ ਵੀ ਹੱਥੋਂ ਨਿਕਲ ਗਿਆ ਹੈ। ਸੁੱਖਾਂ ਦੇ ਸਾਧਨ ਹੀ ਦੁੱਖਾਂ ਦੇ ਕਾਰਨ ਬਣ ਗਏ ਹਨ। ਮਨੁੱਖ ਦੇ ਆਪਣੇ ਧੁਰੇ ਨਾਲੋਂ ਟੁੱਟ ਜਾਣ ਕਾਰਨ ਪੈਦਾ ਹੋਇਆ ਵੈਰਾਗ, ਰੁਦਨ ਅਤੇ ਸੋਗ ਦਾ ਸਾਧਨ ਬਣ ਗਿਆ ਹੈ। ਬਾਜ਼ਾਰੀ ਸਭਿਅਤਾ ਨੇ ਮਨੁੱਖ ਨੂੰ ਮਾਨਸਿਕ ਤੇ ਆਤਮਿਕ ਤੌਰ ‘ਤੇ ਨਿਆਸਰਾ ਕਰ ਦਿੱਤਾ ਹੈ। ਸ਼ਾਇਰ ਦੀ ਸ਼ਾਇਰੀ ਵਿਚ ਐਸੀ ਬੁਝਾਰਤ ਨੂੰ ਬੁੱਝਣ ਦੀ ਸਮਰੱਥਾ ਹੈ, ਜਿਸ ਦੀ ਗੰਢ ਬੜੀ ਪੀਢੀ ਤੇ ਜਟਿੱਲ ਹੈ। ਕਵੀ ਕੋਲ ਦੂਰ-ਦ੍ਰਿਸ਼ਟੀ ਦੇ ਨਾਲ ਨਾਲ ਗਹਿਰਾਈ ਅਤੇ ਕਲਾ ਦਾ ਸਮਰੱਥ ਸਾਧਨ ਹੈ। ਉਸ ਨੇ ਤੀਜੀ ਅੱਖ ਨਾਲ ਵੇਖ ਲਿਆ ਹੈ ਕਿ ਅੱਜ ਦਾ ਸਮਾਂ ਅਜਿਹੀ ਚਿੰਤਾ ਵਾਲਾ ਹੈ, ਜਿਸ ਦਾ ਤੋੜ ਲੱਭਣ ਲਈ ਸੰਸਾਰ ਦੇ ਬੁੱਧੀਮਾਨਾਂ ਤੇ ਚਿੰਤਕਾਂ ਨੂੰ ਨਿਵੇਕਲੇ ਅਤੇ ਲੋੜ ਅਨੁਸਾਰ ਸਾਰਥਕ ਚਿੰਤਨ ‘ਤੇ ਚੱਲਣ ਦੀ ਲੋੜ ਹੈ।
ਕਵੀ ਦੀ ਹਰ ਕਵਿਤਾ ਦੇ ਹਰ ਸ਼ਬਦ ਦੇ ਓਹਲੇ ਵਿਚ ਅਜਿਹੀ ਕਠਿਨਾਈ ਲੁੱਕੀ ਪਈ ਹੈ, ਜਿਸ ਦੇ ਹੱਲ ਬਿਨਾ ਗੁਜ਼ਾਰਾ ਨਹੀਂ ਹੈ। ਉਹ ਵਰਤਮਾਨ ਵਕਤ ਵਿਚ ਵਖਤਾਂ ਮਾਰੀ ਸਮੁੱਚਤਾ ਨੂੰ ਵੇਖ ਰਿਹਾ ਹੈ। ਵਿਕਾਸ ਦੇ ਨਾਮ ‘ਤੇ ਐਸੀ ਦਲਦਲ ਪੈਦਾ ਹੋ ਗਈ ਹੈ, ਜਿਸ ਦਾ ਵਿਕਰਾਲ ਰੂਪ ਨਜ਼ਰ ਨਹੀਂ ਆਉਂਦਾ। ਵਿਖਾਵੇ ਦੀ ਚਿੱਟੀ ਚਾਦਰ ਹੇਠ ਲਿਖਿਆ ਗਿਆ ਅਤੇ ਕਰੂਰ ਤਾਣਾ-ਬਾਣਾ ਅਜੋਕੇ ਆਕਾਵਾਂ ਦੀ ਸਮਝ-ਸੂਝ ਤੋਂ ਬਾਹਰ ਹੈ। ਸਿੱਟੇ ਵਜੋਂ ਮੁੱਖ ਧਾਰਾ ‘ਤੇ ਕਾਬਜ਼ ਜਰਵਾਣਿਆਂ ਨੇ ਇਸੇ ਰੰਗ-ਢੰਗ ਨੂੰ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਪ੍ਰਵਾਨਗੀ ਦਿੱਤੀ ਹੋਈ ਹੈ।
ਕਵੀ ਦਾ ਸੰਕੇਤਤਕ ਸੁਝਾਅ ਹੈ ਕਿ ਸਰਲ ਰੇਖਾ ਵਿਚ ਚਲੇ ਜਾਣ ਤੋਂ ਰੁਕਣਾ ਬਣਦਾ ਹੈ। ਅੰਨੇ ਵਾਹ ਵਿਕਾਸ ਵੱਲ ਵੱਧ ਰਹੀ ਮੌਜੂਦਾ ਸਤਾ ਦੀਆਂ ਕਰਤੂਤਾਂ ਦੇ ਭਿਆਨਕ ਸਿੱਟਿਆਂ ਬਾਰੇ ਕਲਾਤਮਿਕ ਤੌਰ ‘ਤੇ ਸੁਚੇਤ ਕਰਦਾ ਹੈ। ਉਸ ਦਾ ਇਸ਼ਾਰਾ ਹੈ ਕਿ ਵਿਕਾਸ ਦਾ ਇਹ ਭਰਮ ਆਪਣੇ ਭਾਰ ਨਾਲ ਆਪ ਤਾਂ ਡੁਬੇਗਾ ਹੀ, ਪਰ ਸਮੁੱਚੀ ਕਾਇਨਾਤ ਨੂੰ ਵੀ ਗਰਕ ਕਰ ਦੇਵੇਗਾ। ਉਸ ਦੀ ਨਜ਼ਮ ‘ਇੰਜ ਨਾ ਹੋਵੇ’ ਵਿਚ ਤੌਖਲਾ ਪ੍ਰਗਟ ਕਰਦਿਆਂ ਸੁਚੇਤ ਕੀਤਾ ਹੈ,
ਇੰਜ ਨਾ ਹੋਵੇ ਕਿ
ਖਲਾਅ ਵਿਚ ਉਡਦੇ ਪਰਿੰਦੇ ਦੇ
ਨਕਸ਼ ਹੀ ਗਵਾਚ ਜਾਣ।

ਪ੍ਰਛਾਵੇਂ ਲਈ ਧਰਤ ਬਣ ਜਾ!
ਕਿਧਰੇ ਇੰਜ ਨਾ ਹੋਵੇ ਕਿ
ਪਰਿੰਦੇ ਦੀ ਹੂਕ ਵਿਲਕਣੀ
ਬਿਰਖ ਦੀ ਚੀਖ ‘ਚ ਗੁਆਚ ਜਾਵੇ।

ਆਲ੍ਹਣੇ ਲਈ ਤੀਲਿਆਂ ਦਾ ਆਸਾਰ ਤਾਂ ਕਰ!
ਇੰਜ ਨਾ ਹੋਵੇ ਕਿ
ਉਮਰਾਂ ਵਰਗੀ ਇਕੱਲ ‘ਚ
ਘਰ ‘ਬੇਘਰਾ’ ਹੋ ਜਾਵੇ।

ਦਰੀਂ ਪਰਤਦੀਆਂ ਪੈੜਾਂ
ਬਣਨ ਦਾ ਹੀਆ ਤਾਂ ਕਰ!
ਇਸ ਤੋਂ ਪਹਿਲਾਂ ਕਿ
ਅਣਹੋਂਦ ਦਾ ਤਸੱਵਰ
ਦੀਦਿਆਂ ‘ਚ ਉਤਰ ਆਵੇ।

ਨੈਣਾਂ ‘ਚ ਸੰਦਲੀ ਸੁਪਨਾ ਜਰੂਰ ਧਰੀਂ!
ਨਜ਼ਮ ਵਿਚ ਚਣੌਤੀ ਦੀ ਗੰਭੀਰਤਾ ਵੀ ਹੈ ਅਤੇ ਚੇਤਾਵਨੀ ਭਰਿਆ ਸੁਝਾਅ ਵੀ।
ਉਸ ਦੀ ਨਜ਼ਮ ‘ਫੋਨ ਚੁੱਪ ਹੈ’ ਅਜੋਕੇ ਸਬੰਧਾਂ ਦੇ ਖੋਖਲੇਪਣ ਨੂੰ ਪ੍ਰਤੱਖ ਕਰਦੀ ਹੈ। ਕਵੀ ਨੂੰ ਰਿਸ਼ਤਿਆਂ ਦੀ ਗਹਿਰਾਈ ਤੇ ਗੁਣਾਤਮਕ ਸਾਰਥਕ ਬਾਰੇ ਭਰੋਸਾ ਨਹੀਂ ਹੈ। ਉਸ ਦਾ ਮੱਤ ਪੂਰਨ ਤੌਰ ‘ਤੇ ਸਹੀ ਹੈ,
ਫੋਨ ਚੁੱਪ ਹੈ
ਵੈਸੇ ਅਜੋਕੇ ਮਨੁੱਖ ਲਈ
ਰਸਾਤਲ ਦੇ ਕੋਈ ਅਰਥ
ਰਹਿ ਤਾਂ ਨਹੀਂ ਗਏ।

ਫੋਨ ਚੁੱਪ ਦਾ ਲਿਬਾਸ ਪਹਿਨ ਲੈਂਦਾ
ਜਦ ਦਰਦ-ਰੱਤੀ ਸਫ ਵਿੱਛ ਜਾਵੇ
ਪੀੜ-ਪਰੁੱਚੇ ਹਰਫ ਬੇਬੱਸ ਹੋ ਜਾਣ।
ਜਾਂ ਵਕਤ-ਤਲੀ ‘ਤੇ
ਗਮ ਦੀ ਗੁੜਤੀ ਧਰੀ ਜਾਵੇ।
ਕਵੀ ਦੁੱਖਾਂ ਦੀ ਪੁਨਰ ਸਿਰਜਣਾ ਕਰਦਾ ਹੈ, ਜੋ ਬੇਗਾਨਗੀ, ਨਫਰਤ ਅਤੇ ਸਵਾਰਥ ਦੀ ਧਰਾਤਲ ਤੋਂ ਪੈਦਾ ਹੁੰਦੇ ਹਨ। ਉਹ ‘ਹੰਝੂਆਂ ਦੀ ਇਬਾਦਤ’ ਨੂੰ ਸ਼ਬਦ ਜੂਨੇ ਪਾਉਣ ਦੇ ਨਾਲ ਨਾਲ ਸੁਖਦ ਸੁਨੇਹਾ ਟਿਕਾਉਣ ਦੀ ਵਾਰਤਾ ਵੀ ਰਚਦਾ ਹੈ। ਇਹ ਵਾਰਤਾ ਹਿਰਦੇ ‘ਚੋਂ ਨਿਕਲੀ ਹੂਕ ਬਣ ਕੇ ਨਜ਼ਮ ਵਿਚ ਬਦਲ ਜਾਂਦੀ ਹੈ। ਕਾਫੀ ਨਜ਼ਮਾਂ ਅਜਿਹੀਆਂ ਹਨ, ਜੋ ਵੱਖ ਵੱਖ ਸਥਿਤੀਆਂ, ਮੁੱਲਾਂ ਜਾਂ ਸ਼ਕਤੀ ਦੇ ਸੋਮਿਆਂ ਨੂੰ ਪਰਿਭਾਸ਼ਤ ਕਰਦੀਆਂ, ਉਨ੍ਹਾਂ ਦੀਆਂ ਪਰਤਾਂ ਨੂੰ ਪਰਗਟ ਕਰਦੀਆਂ ਹਨ।
ਕਵਿਤਾ ਸਿਰਫ ਬਿਆਨਬਾਜ਼ੀ ਹੀ ਨਹੀਂ ਹੁੰਦੀ। ਬਿਆਨੀਆ ਕਵਿਤਾ, ਕਿੱਸਿਆਂ, ਜੰਗਨਾਮਿਆਂ ਅਤੇ ਵਾਰਾਂ ਤੀਕ ਸੀਮਤ ਹੈ। ਭਾਵਨਾ ਨਾਲ ਸਬੰਧਤ ਛੋਟੇ ਅਕਾਰ ਦੀ ਕਵਿਤਾ ਸਵਾਲ ਵੀ ਸਿਰਜਦੀ ਹੈ, ਉਤਰ ਵੀ ਖੋਜਦੀ ਹੈ, ਜਗਿਆਸਾ ਪੈਦਾ ਕਰਨ ਦੇ ਨਾਲ ਨਾਲ ਰੂਹ ਨੂੰ ਹਲੂਣਾ ਦਿੰਦੀ ਹੋਈ ਪਿਆਸੀ ਰੂਹ ਦੀ ਤ੍ਰਿਸ਼ਨਾ ਵੀ ਮਿਟਾਉਂਦੀ ਹੈ। ਡਾ. ਭੰਡਾਲ ਅਜਿਹੇ ਸਵਾਲ ਸਿਰਜਦਾ ਹੈ, ਜੋ ਪਾਠਕ ਨਾਲ ਸੰਚਾਰ ਰੇਖਾ ਸਥਾਪਤ ਕਰਦੇ ਹਨ,
ਮੈਂ ਪੀੜ, ਤੂੰ ਪਰਾਗਾ
ਫਿਰ ਕੌਣ ਨੇ ਇਹ ਬੇਅਰਥੇ ਲੋਕ?

ਮੈਂ ਦਰਦ, ਤੂੰ ਦਵਾ
ਕਿਸ ਵਬਾ ਦਾ ਨਾਮ
ਭਲਾ ਮਰੀਜ਼ ਤੇ ਮਰਜ਼?
ਡਾ. ਭੰਡਾਲ ਦੀਆਂ ਮਾਂ-ਬਾਪ ਬਾਰੇ ਕਵਿਤਾਵਾਂ ਇਨ੍ਹਾਂ ਦੋਹਾਂ ਰਿਸ਼ਤਿਆ ਦੀ ਸਾਦਗੀ, ਪਾਕੀਜ਼ਗੀ ਤੇ ਬੁਲੰਦੀ ਨੂੰ ਪੇਸ਼ ਕਰਨ ਵਾਲੀਆਂ ਹਨ। ‘ਘਰ ਪਰਵਾਸ’ ਕਵਿਤਾ ਵਿਚ ਮਾਂ ਦਾ ਜੋ ਤਸੱਵਰ ਉਸ ਨੇ ਪੇਸ਼ ਕੀਤਾ ਹੈ, ਉਹ ਬਿਆਨ ਜਾਂ ਵੇਰਵੇ ਦੇ ਬੰਧਨ ਤੋੜਦਾ ਮਾਂ ਦਾ ਮੁਕੰਮਲ ਸਰੂਪ ਸਿਰਜਦਾ ਹੈ। ਮਾਂ ਤਾਂ ਮੌਤ ਪਿਛੋਂ ਵੀ ਰਿਸ਼ਤੇ ਨੂੰ ਨਿਭਾਉਂਦੀ ਹੈ। ਰਿਸ਼ਤਾ ਟੁੱਟਦਾ ਨਹੀਂ, ਸਗੋਂ ਹੋਰ ਰੂਹਾਨੀ ਹੋ ਜਾਂਦਾ ਹੈ। ਬਾਪ ਦੀ ਬਿਮਾਰੀ ਬਾਰੇ ਫਿਕਰਮੰਦੀ, ਬਾਪ ਦਾ ਵਿਛੋੜਾ, ਮਾਂ-ਬਾਪ ਨਾਲ ਵੱਸਦੇ ਘਰ ਦਾ ਸੰਕਲਪ, ਉਸ ਦੀ ਸਿਰਜਣ ਕਲਾ ਨੂੰ ਪੇਸ਼ ਕਰਨ ਵਾਲਾ ਹੈ। ਮਾਂ-ਬਾਪ ਦੀ ਛਾਂ ਤੋਂ ਦੂਰ ਜਾ ਕੇ ਪਰਦੇਸ ਦੇ ਉਦਰੇਵੇਂ ਨੂੰ ਸ਼ਬਦਾਂ ਦੇ ਪਰਿਪੇਖ ਵਿਚ ਪੇਸ਼ ਕਰਦਿਆਂ ਉਹ ਲਿਖਦਾ ਹੈ,
ਅਸੀਂ, ਜੋ ਘਰੋਂ ਬੇਘਰ ਹੋ
ਵਿਦੇਸ਼ਾਂ ਵਿਚ ਆਪਣੀ ਗੁੰਮਸ਼ੁਦੀ ਦੇ
ਨਕਸ਼ ਉਲੀਕਣ ‘ਚ ਮਸ਼ਰੂਫ ਹਾਂ
ਬਹੁਤ ਅਦਨੇ ਜਿਹੇ ਲੋਕ ਹਾਂ।

ਅਸੀਂ ਤਾਂ ਪਰਿੰਦੇ ਵੀ ਨਹੀਂ ਹਾਂ
ਜੋ ਮੌਸਮ ਬਦਲਣ ‘ਤੇ
ਤੀਲਿਆਂ ਨੂੰ ਆਲ੍ਹਣਾ ਬਣਨ ਦਾ ਮਾਣ ਦਿੰਦੇ
ਬੋਟਾਂ ਦੀ ਤਲੀ ‘ਤੇ
ਜ਼ਿੰਦਗੀ ਦਾ ਸ਼ਗੂਫਾ ਧਰਦੇ ਨੇ।
ਮਾਂ ਦੀ ਮੌਤ ਪਿਛੋਂ ਬਾਪ ਦੇ ਮਾਂ ਬਣ ਜਾਣ ਦੀ ਸੰਵੇਦਨਾ ਵੇਖਣਯੋਗ ਹੈ,
ਅਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥਾਂ ‘ਚੋਂ ਅੰਬ ਲੈਂਦਿਆਂ
ਸੋਚਦਾ ਹਾਂ
ਮਾਂ ਦੀ ਮੌਤ ਤੋਂ ਬਾਅਦ
ਬਾਪ, ਮਾਂ ਵੀ ਬਣ ਗਿਆ ਹੈ।
ਨਜ਼ਮ ਦਾ ਇਹ ਆਖਰੀ ਹਿੱਸਾ ਦਿਲ ਨੂੰ ਖੋਹ ਪਾਉਣ ਵਾਲਾ ਹੈ। ਬਾਪ ਦੇ ਅੰਤਿਮ ਵਿਛੋੜੇ ਤੋਂ ਪਿਛੋਂ ਦੇ ਅਸਰ ਨੂੰ ਪਰਗਟ ਕਰਨ ਵਾਲੇ ਸ਼ਬਦਾਂ ਤੇ ਅਰਥਾਂ ਦੇ ਸੰਯੋਗ ਤੋਂ ਜੋ ਪ੍ਰਭਾਵ ਬਣਦਾ ਹੈ, ਉਹ ਅਮਿੱਟ ਹੈ, ਸਦੀਵੀ ਹੈ, ਸਬਰ ਤੇ ਮੁਹੱਬਤ ਦਾ ਲਖਾਇਕ ਹੈ,
ਮੈਂ ਹੰਝੂ ਹੰਝੂ ਹੋ ਸਾਰਾ ਹੀ
ਅੱਜ ਪਿੰਡ ਦੀ ਜੂਹੇ ਜਾ ਆਇਆਂ,
ਤੇ ਬਾਪ ਦੀ ਯਾਦ-ਪਨੀਰੀ ਨੂੰ
ਮੈਂ ਚਿੱਤ ਦੀ ਪੈਲੀਏ ਲਾ ਆਇਆਂ।
ਡਾ. ਭੰਡਾਲ ਦੀਆਂ ਬਹੁਤੀਆਂ ਕਵਿਤਾਵਾਂ ਗੀਤ ਅਤੇ ਕਾਫੀਆਂ ਵਾਂਗ ਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਵਿਤਾਵਾਂ ਵਿਚ ਕਵੀ ਨੇ ਕਿਸੇ ਪਰੰਪਰਾਗਤ ਛੰਦ ਨੂੰ ਨਿਭਾਉਣ ਦੀ ਥਾਂ ਸਤਰਬੰਦੀ ਦੀ ਕਲਾ ਦੇ ਸਾਧਨ ਨੂੰ ਵਰਤਿਆ ਹੈ। ਅੰਗ-ਨਿਕਟਤਾ ਜਾਂ ਸ਼ਬਦ-ਨੇੜਤਾ ਉਸ ਦੀ ਕਾਵਿ-ਕਲਾ ਦਾ ਵਿਲੱਖਣ ਤੇ ਨਿਆਰਾ ਗੁਣ ਹੈ;
ਹਾੜੇ ਵੇ ਇਸ ਚੁੱਪ ਦੀ ਵੱਖੀ
ਸੂਲਾਂ ਸੰਗ ਪਰੋਈ,
ਕੋਈ ਤਾਂ ਬਹੁੜੇ ਪੀਰ ਔਲੀਆ
ਗੁੰਗਾ ਦਰਦ ਮਿਟਾਵੇ।
ਅੰਗ ਨਿਕਟ ਦੇ ਕੁਝ ਨਮੂਨੇ ਪੇਸ਼ ਹਨ; ਕਿਰਨਾਂ ਛਮ ਛਮ ਰੋਈਆਂ, ਸਾਹੋਂ ਵਿਰਵੀ ਹੋਈ, ਸਾਹਾਂ ਦੀ ਸਰਦਲ, ਚਾਨਣੀ ਨੈਣ ਕਸੀਰ, ਜੱਗ ਤੋਂ ਟੁੱਟੀ ਸੀਰ, ਦਿਲ ਬਰੂਹੀਂ, ਸਰਘੀ ਉਤਰ ਬਨੇਰਿਉਂ, ਧਰਤੀ ਹੌਕਾ ਉਗਲਿਆ, ਪਰਬਤ ਪਿਘਲ ਗਿਆ, ਗੁੰਗੀ ਵਕਤ ਦਹਿਲੀਜ਼, ਚੁੱਪ ਦੀਆਂ ਚੀਖਾਂ, ਸੰਦਲੀ ਸੱਧਰਾਂ, ਤੀਲਾ ਤੀਲਾ ਆਲ੍ਹਣਾ, ਹਰਫੀਂ ਮੱਘਦੀ ਧੂਣੀ, ਕਵਿਤਾ ਵਰਗੇ ਲੋਕ, ਪੀੜ-ਪ੍ਰਾਹੁਣੀ, ਸੋਚ-ਸਰਦਲ ਆਦਿ। ਡਾ. ਭੰਡਾਲ ਸ਼ਬਦ ਨੇੜਤਾ ਨੂੰ ਨਜ਼ਮ ਦੀ ਰਵਾਨੀ ਦਾ ਸਾਧਨ ਬਣਾਉਂਦਾ ਹੈ। ਕਵਿਤਾ ਦੇ ਵਹਾਅ ਵਿਚ ਕਿਤੇ ਅਟਕਾਓ ਨਹੀਂ ਪੈਂਦਾ।
ਭੰਡਾਲ ਦੀ ਨਜ਼ਮ ਬ੍ਰਹਿਮੰਡ ਤੋਂ ਤੁਰਦੀ, ਧਰਤੀ ਦੀ ਯਾਤਰਾ ਕਰਦੀ, ਮਾਨਵਤਾ ਦੇ ਗੁੰਗੇ ਦਰਦ ਦਾ ਬਿਰਦ ਪਾਲਦੀ, ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਛਾਣਦੀ, ਦੋਗਲੇ ਕਿਰਦਾਰ ‘ਤੇ ਸਵਾਲ ਖੜੇ ਕਰਦੀ, ਸੁਨੱਖੇ ਜੀਵਨ ਦੀ ਆਸ ਜਗਾਉਂਦੀ, ਮਨੁੱਖਤਾ ਦੀਆਂ ਅਣਕਿਆਸੀਆਂ ਮੁਸ਼ਕਿਲਾਂ ਨੂੰ ਪਛਾਣਦੀ ਹੋਈ ਰੁਦਨ ਤੇ ਹੇਰਵੇ ਦੀ ਕਵਿਤਾ ਹੈ। ਸੋਗ-ਗੀਤ ਵਾਂਗ ਆਸ ਵੀ ਜਗਾਉਂਦੀ ਹੈ। ਮੁਹੱਬਤ ਦੀ ਬਾਰਸ਼ ਵਾਂਗ ਵਿਨਾਸ਼ਕਾਰੀ ਤਾਕਤਾਂ ਦੇ ਮਾਰੂ ਅਸਰ ਅਧੀਨ ਵਿਲਕ ਰਹੀਆਂ ਮਨੁੱਖੀ ਰੂਹਾਂ ਨੂੰ ਹਲੂਣਦੀ ਹੈ। ਉਸ ਦੀ ਕਵਿਤਾ ਦੀ ਭਾਸ਼ਾ ਨਿਵੇਕਲੀ ਹੈ। ਉਸ ਕੋਲ ਮੌਲਿਕ ਕਲਾ-ਸਾਧਨਾ ਦੀ ਘਾਟ ਨਹੀਂ ਹੈ। ਉਸ ਦੀ ਰਚਨਾ ਵਿਚ ਉਦਾਸੀ ਹੈ, ਵੈਰਾਗ ਹੈ, ਪਰ ਆਸ ਜਿਉਂਦੀ ਹੈ। ਧੜਕਦੇ ਤੇ ਗਤੀਮਾਨ ਜੀਵਨ ਦਾ ਉਹ ਖੋਜੀ ਵੀ ਹੈ ਅਤੇ ਚਿਤੇਰਾ ਵੀ ਹੈ।
ਵਰਤਮਾਨ ਦੀਆਂ ਤਲਖ ਹਕੀਕਤਾਂ ਨੂੰ ਆਪਣੇ ਨਿਰਾਲੇ ਤੇ ਮੌਲਿਕ ਕਾਵਿ-ਸ਼ਸ਼ਤਰ ਦੇ ਅੰਗ-ਸੰਗ ਕਰਕੇ, ਉਹ ਸੁਨੇਹਾ ਦਿੰਦਾ ਹੈ ਕਿ ਉਤਰ ਆਧੁਨਿਕ ਜ਼ਮਾਨੇ ਦੀਆਂ ਸੁੱਖ-ਸਹੂਲਤਾਂ ਮਨੁੱਖ ਨੂੰ ਰੂਹਾਨੀ ਤੇ ਸਦੀਵੀ ਸੁੱਖ ਨਹੀਂ ਦੇ ਸਕਦੀਆਂ।