ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
ਪਿਛਲੇ ਦਿਨੀਂ ਪੰਜਾਬ ਤੇ ਭਾਰਤ ਸਮੇਤ ਸਾਰੇ ਸੰਸਾਰ ਵਿਚ ਚੁਰਾਸੀ ਦੇ ਘੱਲੂਘਾਰਾ ਦੀ ਯਾਦ ਵਿਚ ਸਮਾਗਮ ਹੋਏ। ਹਰ ਸਾਲ ਵਾਂਗ ਇਸ ਸਾਲ ਵੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਸਾਹਿਬ ਦੇ ਭੋਗ ਪਾਏ ਗਏ। ਬਾਅਦ ਵਿਚ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਰਵਾਇਤੀ ਸੰਦੇਸ਼ ਦਿੱਤਾ। ਉਸ ਮੌਕੇ ਪਹੁੰਚੇ ਪੱਤਰਕਾਰਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਵੀ ਕੀਤੀ, ਕਿਉਂਕਿ ਹਰ ਸਾਲ ਵਾਂਗ ਇਸ ਵਾਰ ਵੀ ਖਾਲਿਸਤਾਨ ਸਮਰਥਕ ਸ਼੍ਰੋਮਣੀ ਕਮੇਟੀ ਦੀਆਂ ਰੋਕਾਂ ਦੇ ਬਾਵਜੂਦ ਘੱਲੂਘਾਰਾ ਸਮਾਗਮ ਵਿਚ ਪੁੱਜੇ ਸਨ ਤੇ ਉਨ੍ਹਾਂ ਨੇ ਖਾਲਿਸਤਾਨ ਦੇ ਸਮਰਥਨ ਵਿਚ ਨਾਹਰੇਬਾਜ਼ੀ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਇਕ ਪੱਤਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਲਿਸਤਾਨ ਬਾਰੇ ਇਕ ਸਵਾਲ ਕੀਤਾ ਤਾਂ ਉਨ੍ਹਾਂ ਉਤਰ ਦਿੱਤਾ, “ਜੇ ਸਰਕਾਰ ਖਾਲਿਸਤਾਨ ਦਿੰਦੀ ਹੈ, ਤਾਂ ਉਹ ਜ਼ਰੂਰ ਇਸ ਨੂੰ ਸਵੀਕਾਰ ਕਰਨਗੇ।” ਉਨ੍ਹਾਂ ਨੇ ਨਾਲ ਬੈਠੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਵੀ ਆਪਣਾ ਬਿਆਨ ਤਸਦੀਕ ਕਰਵਾ ਲਿਆ। ਇਹ ਉਤਰ ਕਿਉਂਕਿ ਜਥੇਦਾਰ ਅਕਾਲ ਤਖਤ ਦੇ ਮੂੰਹੋਂ ਆਇਆ ਹੈ, ਇਸ ਲਈ ਇਸ ਦਾ ਕਾਫੀ ਮਹੱਤਵ ਹੁੰਦਾ ਹੈ, ਉਸ ਪਿਛੋਂ ਇਸ ਬਿਆਨ ‘ਤੇ ਕਿਵੇਂ ਰਾਜਨੀਤਕ ਭੁਚਾਲ ਆਇਆ, ਇਹ ਕਿਸੇ ਤੋਂ ਵੀ ਗੁੱਝਾ ਨਹੀਂ। ਹਰ ਰਾਜਨੀਤਕ ਪਾਰਟੀ ਇਸ ‘ਤੇ ਆਪਣੀ-ਆਪਣੀ ਰਾਜਨੀਤਕ ਸਹੂਲਤ ਦੇ ਅਨੁਸਾਰ ਹੀ ਇਸ ਦੇ ਹੱਕ ਜਾਂ ਵਿਰੋਧ ਵਿਚ ਭੁਗਤ ਰਹੀ ਹੈ।
ਖਾਲਿਸਤਾਨ ਇਕ ਵੱਖਰਾ, ਗੰਭੀਰ ਤੇ ਉਲਝਿਆ ਹੋਇਆ ਵਿਸ਼ਾ ਹੈ, ਜਿਸ ਦਾ ਕੋਈ ਵੀ ਸਰਬ ਪ੍ਰਵਾਨਿਤ ਹੱਲ ਨਹੀਂ ਹੈ। ਇਸ ਬਾਰੇ ਕੀਤੀਆਂ ਜਾ ਰਹੀਆਂ ਸਾਰੀਆਂ ਕਵਾਇਦਾਂ ਪਾਣੀ ਵਾਲੀ ਚਾਟੀ ਵਿਚ ਮਧਾਣੀ ਪਾਉਣ ਵਾਲੀ ਗੱਲ ਹੈ, ਜਿਸ ਵਿਚੋਂ ਨਿਕਲਨਾ ਕੁਝ ਵੀ ਨਹੀਂ ਹੈ।
ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਸੰਸਾਰ ਭਰ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਮ ਭਰਨ ਵਾਲੀ ਸਰਬ ਉਚ ਸੰਸਥਾ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਗੈਰ ਜਿੰਮੇਵਾਰਾਨਾ ਤੇ ਹਾਸੋਹੀਣਾ ਹੈ। ਜਥੇਦਾਰ ਸਾਹਿਬ ਕਿਸ ‘ਮੁੰਗੇਰੀ ਲਾਲ ਦੇ ਹੁਸੀਨ ਸੁਪਨਿਆਂ’ ਦੀ ਦੁਨੀਆਂ ਵਿਚ ਰਹਿੰਦੇ ਹਨ ਕਿ ਉਨ੍ਹਾਂ ਨੂੰ ਖਾਲਿਸਤਾਨ ਦੇ ਨਾਮ ਉਤੇ ਹੋ ਰਹੇ ਵਿਵਾਦਤ ਸੰਘਰਸ਼ਾਂ ਅਤੇ ਇਸ ਨਾਲ ਜੁੜੇ ਹੋਏ ਲੋਕਾਂ ਵਲੋਂ ਚਲਾਏ ਜਾ ਰਹੇ ਗੋਰਖ ਧੰਦਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ? ਪਰ ਲੱਖਾਂ ਅਨਭੋਲ ਤੇ ਜਵਾਨ ਸਿੱਖ ਗੱਭਰੂਆਂ ਦੀਆਂ ਬੇਸਿੱਟਾ ਮੌਤਾਂ ਭਲਾ ਕਿਸ ਨੂੰ ਯਾਦ ਨਹੀਂ?
ਕੀ ਅੱਜ ਤੱਕ ਕਦੇ ਵੀ ਕਿਸੇ ਕਾਬਜ ਦੇਸ਼ ਨੇ ਕਿਸੇ ਮਾਤਹਿਤ ਦੇਸ਼ ਨੂੰ ਅਜ਼ਾਦੀ ਦਾ ਤੋਹਫਾ ਆਪ ਥਾਲੀ ਵਿਚ ਸਜਾ ਕੇ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਸਿੱਖ ਕੌਮ ਨੇ ਅੱਜ ਤੱਕ ਖਾਲਿਸਤਾਨ ਦੇ ਨਾਮ ‘ਤੇ ਲੱਖਾਂ ਹੀ ਨੌਜਵਾਨਾਂ ਦੀ ਬਲੀ ਦਿੱਤੀ ਹੈ, ਪਰ ਕਿਸੇ ਧਿਰ ਪਾਸ ਵੀ ਪ੍ਰਾਪਤੀ ਦੇ ਨਾਂ ‘ਤੇ ਦੱਸਣ ਯੋਗ ਕੁਝ ਵੀ ਨਹੀਂ ਹੈ। ਹਾਂ ਇਨ੍ਹਾਂ ਮੁਹਿੰਮਾਂ ਨੂੰ ਚਲਾਉਣ ਵਾਲੇ ਲੀਡਰਾਂ ਨੇ ਬੇਸ਼ਕ ਖੁਸ਼ਹਾਲੀਆਂ ਪ੍ਰਾਪਤ ਕੀਤੀਆਂ ਹਨ। ਆਪਣੀ ਨਾਕਾਮੀ ਦੇ ਦੋਸ਼ ਵੀ ਇਨ੍ਹਾਂ ਲੀਡਰਾਂ ਨੇ ਸਿੱਖ ਕੌਮ ਦੇ ਮੱਥੇ ‘ਤੇ ਏਕਾ ਨਾ ਹੋਣ ਦੇ ਜੜੇ ਹਨ। ਸਿੱਖ ਬਹੁਤ ਹੀ ਭਾਵੁਕ ਕੌਮ ਹੈ ਅਤੇ ਸਾਡੇ ਲੀਡਰਾਂ ਨੇ ਕੌਮ ਦੀ ਇਸ ਕਮਜੋਰੀ ਦਾ ਸਮੇਂ-ਸਮੇਂ ‘ਤੇ ਭਰਪੂਰ ਲਾਭ ਲਿਆ ਹੈ। ਲੀਡਰਾਂ ਪਾਸ ਕੌਮ ਨੂੰ ਭਾਵੁਕ ਕਰਨ ਦਾ ਚੱਜ ਬਹੁਤਾਤ ਵਿਚ ਹੈ, ਪਰ ਉਨ੍ਹਾਂ ਵਿਚ ਦੂਰ ਦ੍ਰਿਸ਼ਟੀ ਦੀ ਵੱਡੀ ਘਾਟ ਹੈ ਜਾਂ ਫਿਰ ਜਾਣ-ਬੁਝ ਕੇ ਇਸ ਦੀ ਵਰਤੋਂ ਨਹੀਂ ਕਰਦੇ। ਅਕਲ ਦੇ ਕੰਮਾਂ ਵਿਚ ਭਾਵੁਕਤਾ ਦਾ ਦਖਲ ਨਹੀਂ ਹੁੰਦਾ। ਅਕਲ ਨਾਲ ਕੀਤੇ ਫੈਸਲੇ ਕੌਮਾਂ ਦੀ ਜੂਨ ਸੁਧਾਰ ਦਿੰਦੇ ਹਨ ਤੇ ਭਾਵੁਕਤਾ ਵਿਚ ਲਏ ਫੈਸਲੇ ਕੌਮ ਨੂੰ ਭੇਡਾਂ ਦਾ ਇੱਜੜ ਵੀ ਬਣਾ ਦਿੰਦੇ ਹਨ?
ਜਥੇਦਾਰ ਸਾਹਿਬ ਬਾਰੇ ਪੜ੍ਹਿਆ ਹੈ ਕਿ ਕਾਫੀ ਸਿੱਖਿਅਤ ਹਨ, ਪਰ ਉਨ੍ਹਾਂ ਦੇ ਖਾਲਿਸਤਾਨ ਬਾਰੇ ਦਿੱਤੇ ਬਿਆਨ ਵਿਚੋਂ ਤਾਂ ਵਿਦਵਤਾ ਬਿਲਕੁਲ ਨਹੀਂ ਝਲਕਦੀ, ਦੂਰ ਦ੍ਰਿਸ਼ਟੀ ਤਾਂ ਬਿਲਕੁਲ ਨਦਾਰਦ ਹੈ। ਇੰਜ ਲੱਗਦਾ ਹੈ, ਜਿਵੇਂ ਇੰਨੇ ਅਹਿਮ ਮਸਲੇ ਦਾ ਉਨ੍ਹਾਂ ਨੇ ਮਖੌਲ ਉਡਾਇਆ ਹੈ। ਇਹ ਸਿੱਖਾਂ ਦੀ ਬਦਕਿਸਮਤੀ ਹੀ ਕਹੀ ਜਾਏਗੀ ਕਿ ਸਰਬ ਪ੍ਰਵਾਨਿਤ ਜਥੇਦਾਰਾਂ ਅਤੇ ਵੱਡੀ ਸਿੱਖ ਲੀਡਰਸ਼ਿਪ ਨੇ ਕਦੇ ਵੀ ਆਮ ਸਿੱਖ ਦੀਆਂ ਭਾਵਨਾਵਾਂ, ਲੋੜਾਂ ਅਤੇ ਉਨ੍ਹਾਂ ਦੀ ਵਾਸਤਵਿਕ ਸਥਿਤੀ ਦਾ ਧਿਆਨ ਨਹੀਂ ਰੱਖਿਆ। ਉਨ੍ਹਾਂ ਸ੍ਰੀ ਅੰਮ੍ਰਿਤਸਰ ਤੋਂ ਬਿਆਨ ਦਾਗਨ (ਦੇਣ) ਵੇਲੇ ਕਦੇ ਵੀ ਇਹ ਨਹੀਂ ਸੋਚਿਆ ਕਿ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਵੱਸਦੇ ਸਿੱਖਾਂ ‘ਤੇ ਇਸ ਦਾ ਕੀ ਪ੍ਰਤੀਕਰਮ ਹੋਵੇਗਾ? ਜ਼ਰਾ ਜਿਹੀ ਲਾਪ੍ਰਵਾਹੀ ਹੋਰਨਾਂ ਸੂਬਿਆਂ ਵਿਚ ਵੱਸਦੇ ਸਿੱਖਾਂ ‘ਤੇ ਕਿੰਨੀ ਭਾਰੂ ਹੋ ਸਕਦੀ ਹੈ?
1984 ਵਿਚ ਆਮ ਸਿੱਖਾਂ ਨੇ ਆਪਣੇ ਰਾਜਨੀਤਕ ਲੀਡਰਾਂ, ਜਥੇਦਾਰਾਂ ਤੇ ਧਾਰਮਿਕ ਲੀਡਰਾਂ ਦੀ ਰਾਜਨੀਤੀ ਨਾਲ ਪ੍ਰੇਰਿਤ ਖੇਡ ਅਤੇ ਕੌਮ ਪ੍ਰਤੀ ਉਨ੍ਹਾਂ ਦੀ ਗੈਰ ਸੰਜੀਦਗੀ ਦਾ, ਵੱਡੀ ਗਿਣਤੀ ਵਿਚ ਆਪਣੀਆਂ ਜਾਨਾਂ ਗੁਆ ਕੇ ਅਤੇ ਉਜਾੜੇ ਦੇ ਰੂਪ ਵਿਚ ਅਸਹਿ ਤੇ ਅਕਹਿ ਮੁੱਲ ਤਾਰਿਆ ਹੈ। ਆਪਣੇ ਧਰਮ ਅਤੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਜਥੇਦਾਰਾਂ ਦਾ ਸਮਰਥਨ ਇੰਨਾ ਅਹਿਮ ਨਹੀਂ ਰਿਹਾ? ਸ਼ਾਇਦ ਬਿਆਨ ਦੇਣ ਅਤੇ ਹਰ ਕੰਮ ਕਰਨ ਵੇਲੇ ਜਥੇਦਾਰਾਂ ਨੂੰ ਨੌਕਰੀ ਦੇਣ ਵਾਲੇ ਆਪਣੇ ਦੁਨੀਆਵੀ ਤੇ ਰਾਜਨੀਤਕ ਪਰਵਰਦਿਗਾਰਾਂ, ਉਨ੍ਹਾਂ ਦੇ ਰਾਜਨੀਤਕ ਤੇ ਵਪਾਰਕ ਹਿੱਤ ਵਧੇਰੇ ਨਜ਼ਰ ਆਉਂਦੇ ਹਨ। ਮੇਰੀ ਨਜ਼ਰ ਵਿਚ ਤਾਂ ਹਰ ਆਮ ਸਿੱਖ ਨੂੰ ਆਪਣੇ ਰਹਿਬਰ ਗੁਰੂ ਨਾਨਕ ਵਾਂਗ ਹੀ ਵਿਚਰਨਾ ਚਾਹੀਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜਗਤ ਤਾਰਿਆ ਸੀ, ਠੀਕ ਉਸੇ ਤਰ੍ਹਾਂ ਹਰ ਸਿੱਖ ਜੇ ਗੁਰੂ ਨਾਨਕ ਦੇ ਮਾਰਗ ‘ਤੇ ਚੱਲਣ ਦਾ ਅਹਿਦ ਕਰ ਲਵੇ ਤਾਂ ਉਹ ਆਪਣੇ ਆਪ ਨੂੰ ਸਿੱਖ ਧਰਮ ਅਤੇ ਸਮਾਜ ਵਿਚ ਫੈਲੇ ਧਾਰਮਿਕ ਤੇ ਰਾਜਸੀ ਘੜਮੱਸਾਂ ਵਿਚੋਂ ਆਪਣੇ ਆਪ ਨੂੰ ਅਲੋਪ ਤੇ ਨਿਰਲੇਪ ਰੱਖ ਸਕਦਾ ਹੈ।