ਅਸੰਖ ਮੂਰਖ ਅੰਧ ਘੋਰ
ਕਸ਼ਮੀਰਾ ਸਿੰਘ
ਫੋਨ: 801-414-0171
ਮਾਣਯੋਗ ਸੰਪਾਦਕ ਜੀ,
13 ਜੂਨ 2020 ਦੇ ਪੰਜਾਬ ਟਾਈਮਜ਼ ਵਿਚ ‘ਅਸੰਖ ਮੂਰਖ ਅੰਧ ਘੋਰ’ ਸਿਰਲੇਖ ਨਾਲ ਇੱਕ ਲੇਖ ਛਪਿਆ ਹੈ। ਲੇਖ ਸਬੰਧੀ ਕੁਝ ਵਿਚਾਰ ਪੇਸ਼ ਕਰਨਾ ਚਾਹੁੰਦਾ ਹਾਂ:
(A) ‘ਵਾਰਿਆ’ ਸ਼ਬਦ ਦੇ ਅਰਥ ਪ੍ਰਤੀ ਲੇਖਕ ਦੇ ਵਿਚਾਰ, “ਤੀਜੀ ਵੱਡੀ ਗੱਲ ਇਹ ਕਿ ਸਭ ਅਜੋਕੇ ਸਿੱਖ ਵਿਦਵਾਨ ‘ਵਾਰਿਆ ਨ ਜਾਵਾ ਏਕ ਵਾਰ’ ਦੇ ਅਰਥ ਕਰਦਿਆਂ ਕਹਿੰਦੇ ਹਨ, ਕੁਦਰਤ ਦੀ ਵਿਸ਼ਾਲਤਾ ਨੂੰ ਦੇਖਦਿਆਂ ਗੁਰੂ ਸਾਹਿਬ ਦਾ ਪਰਮਾਤਮਾ ਤੋਂ ਵਾਰ ਵਾਰ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ, ਪਰ ਉਹ ਇਕ ਵਾਰ ਵੀ ਨਹੀਂ ਹੋ ਸਕਦੇ…। ਵਿਚ ਕੁਰਬਾਨ ਹੋਣ ਦੀ ਗੱਲ ਕਿੱਥੋਂ ਆ ਗਈ? ਕਹਿ ਤਾਂ ਗੁਰੂ ਸਾਹਿਬ ਇਹ ਰਹੇ ਹਨ ਕਿ ਕੁਦਰਤ ਇੰਨੀ ਵਿਰਾਟ ਹੈ ਕਿ
ਇਸ ਦੇ ਵੇਰਵਿਆਂ ਦਾ ਜਾਇਜ਼ਾ ਇਕ ਵਾਰ ਵੀ ਨਹੀਂ ਲਿਆ ਜਾ ਸਕਦਾ, ਇਸ ਨਾਲ ਮਰਨ ਦਾ ਖਿਆਲ ਕਿਵੇਂ ਆ ਜੁੜਿਆ?”
ਲੇਖਕ ਨੇ ਤਮਾਮ ਟੀਕਾਕਾਰਾਂ ਦੀ ਕੀਤੀ ਮਿਹਨਤ ਨੂੰ ਇੱਕ ਪਾਸੇ ਕਰ ਕੇ ਲਿਖਿਆ ਹੈ ਕਿ ‘ਵਾਰਿਆ ਨ ਜਾਵਾ ਏਕ ਵਾਰ॥’ ਤੁਕ ਵਿਚ ਵਾਰਿਆ ਸ਼ਬਦ ਦੇ ਅਰਥ ਗਿਣਤੀ ਕਰਨਾ/ਜਾਇਜ਼ਾ ਲੈਣਾ ਹੈ, ਨਾ ਕੇ ਸਦਕੇ ਜਾਣਾ। ਲੇਖਕ ਨੇ ਟੀਕਾਕਾਰਾਂ ਵਲੋਂ ‘ਵਾਰਿਆ’ ਸ਼ਬਦ ਦੇ ਕੀਤੇ ਅਰਥ ‘ਕੁਰਬਾਨ ਜਾਣਾ’ ਨੂੰ ਗਲਤ ਰੰਗਤ ਵਿਚ ਪੇਸ਼ ਕੀਤਾ ਹੈ। ਇਥੇ ਕੁਰਬਾਨ ਜਾਣਾ ਦਾ ਅਰਥ ਸਰੀਰਕ ਤੌਰ ‘ਤੇ ਮਰਨਾ ਜਾਂ ਬਲੀ ਦੇਣੀ ਨਹੀਂ ਹੈ, ਜੋ ਲੇਖਕ ਨੇ ਸਮਝਿਆ ਹੈ। ਪ੍ਰੋ. ਸਾਹਿਬ ਸਿੰਘ ਨੇ ਕਿਤੇ ਵੀ ਵਾਰਿਆ ਸ਼ਬਦ ਦਾ ਅਰਥ ‘ਮਰਨਾ’ ਜਾਂ ਬਲੀ ਦੇਣੀ ਨਹੀਂ ਲਿਖਿਆ। ਪ੍ਰੋ. ਸਾਹਿਬ ਸਿੰਘ ਨੇ ‘ਸਦਕੇ ਜਾਣਾ’ ਲਿਖਿਆ ਹੈ। ਕੁਰਬਾਨ ਜਾਣਾ ਤੋਂ ਭਾਵ ਹੈ-ਸਦਕੇ ਜਾਣਾ, ਬਲਿਹਾਰੇ ਜਾਣਾ, ਸ਼ਾਬਾਸ਼ ਆਖਣਾ। ਗੁਰਬਾਣੀ ਵਿਚ ‘ਵਾਰਿਆ’ ਸ਼ਬਦ ਕਿਤੇ ਵੀ ਕਿਸੇ ਪ੍ਰਸੰਗ ਵਿਚ ਗਿਣਤੀ ਵਾਚਕ/ਜਾਇਜ਼ਾ ਲੈਣਾ ਅਤੇ ਬਲੀ ਦੇਣ ਲਈ ਨਹੀਂ ਵਰਤਿਆ ਗਿਆ ਜਿਵੇਂ ਕਿ ਲੇਖਕ ਨੇ ਸਮਝਿਆ ਹੈ। ਗੁਰਬਾਣੀ ਵਿਚ ‘ਵਾਰਿਆ’ ਸ਼ਬਦ 42 ਵਾਰੀ ਵਰਤਿਆ ਗਿਆ ਹੈ। ਲੇਖਕ ਨੇ ਜਪੁਜੀ ਵਿਚ 4 ਵਾਰੀ ਆਏ ਵਾਰਿਆ ਸ਼ਬਦ ਦੇ ਅਰਥ ਗਿਣਤੀ ਕਰਨਾ/ਜਾਇਜ਼ਾ ਲੈਣਾ ਕੀਤੇ ਹਨ, ਜੋ ਲੇਖਕ ਦੀ ਆਪਣੀ ਹੀ ਮਰਜ਼ੀ ਹੈ। ਗੁਰਬਾਣੀ ਵਿਚੋਂ ਬਾਕੀ ਦੀਆਂ 38 ਤੁਕਾਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ‘ਵਾਰਿਆ’ ਸ਼ਬਦ ਦਾ ਅਰਥ ਸਦਕੇ ਜਾਣਾ/ਬਲਿਹਾਰੇ ਜਾਣਾ/ਧੰਨ ਧੰਨ ਕਹਿਣਾ ਹੈ; ਗਿਣਤੀ ਕਰਨਾ/ਜਾਇਜ਼ਾ ਲੈਣਾ ਨਹੀਂ,
1. ਹਉ ਸਤਿਗੁਰ ਵਿਟਹੁ ਵਾਰਿਆ
ਜਿਨਿ ਹਰਿ ਪ੍ਰਭੁ ਦੀਆ ਦਿਖਾਇ॥1॥ ਰਹਾਉ॥ (ਪੰਨਾ 41)
2. ਸਾਧਸੰਗਤਿ ਕਉ ਵਾਰਿਆ
ਜੀਉ ਕੀਆ ਕੁਰਬਾਣੁ॥ (ਪੰਨਾ 43)
3. ਸਤਿਗੁਰ ਵਿਟਹੁ ਵਾਰਿਆ
ਜਿਨਿ ਦਿਤਾ ਸਚੁ ਨਾਉ॥ (ਪੰਨਾ 53)
4. ਕਥਨੁ ਨ ਜਾਇ ਅਕਥੁ ਸੁਆਮੀ
ਸਦਕੈ ਜਾਇ ਨਾਨਕੁ ਵਾਰਿਆ॥ (ਪੰਨਾ 81)
5. ਗੁਰਿ ਪੂਰੈ ਹਰਿ ਨਾਲਿ ਦਿਖਾਲਿਆ
ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ॥ (ਪੰਨਾ 96)
6. ਜਨ ਨਾਨਕ ਤਿਨ ਕਉ ਵਾਰਿਆ
ਜਿਨ ਜਪਿਆ ਸਿਰਜਣਹਾਰੁ॥ (ਪੰਨਾ 302)
7. ਬਲਿਹਾਰੀ ਗੁਰ ਆਪਣੇ
ਸਦਾ ਸਦਾ ਘੁਮਿ ਵਾਰਿਆ॥ (ਪੰਨਾ 310)
8. ਗੁਰੂ ਵਿਟਹੁ ਹਉ ਵਾਰਿਆ
ਜਿਸੁ ਮਿਲਿ ਸਚੁ ਸੁਆਉ॥1॥ ਰਹਾਉ॥ (ਪੰਨਾ 401)
9. ਸਤਿਗੁਰ ਵਿਟਹੁ ਵਾਰਿਆ
ਜਿਤੁ ਮਿਲਿਐ ਖਸਮੁ ਸਮਾਲਿਆ॥ (ਪੰਨਾ 470)
10. ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ
ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ॥ (ਪੰਨਾ 540)
11. ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ
ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ॥ (ਪੰਨਾ 540)
12. ਹਉ ਵਾਰਿਆ ਤਿਨ ਸੋਹਾਗਣੀ
ਅੰਮਾਲੀ ਤਿਨ ਕੇ ਧੋਵਾ ਸਦ ਪਾਏ॥ (ਪੰਨਾ 564)
13. ਤਿਸੁ ਗੁਰ ਕਉ ਹਉ ਵਾਰਿਆ
ਜਿਨਿ ਹਰਿ ਕੀ ਹਰਿ ਕਥਾ ਸੁਣਾਈ॥ (ਪੰਨਾ 588)
14. ਨਾਨਕੁ ਗੁਰ ਵਿਟਹੁ ਵਾਰਿਆ
ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ॥ (ਪੰਨਾ 588)
15. ਨਾਨਕੁ ਤਿਨ ਵਿਟਹੁ ਵਾਰਿਆ
ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ॥ (ਪੰਨਾ 590)
16. ਤਿਨਾ ਗੁਰਸਿਖਾ ਕੰਉ ਹਉ ਵਾਰਿਆ
ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ॥ (ਪੰਨਾ 590)
17. ਹਰਿ ਜੀਉ ਤੁਧੁ ਵਿਟਹੁ ਵਾਰਿਆ
ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ॥ ਰਹਾਉ॥ (ਪੰਨਾ 601)
18. ਸਾਧਸੰਗਤਿ ਕਉ ਵਾਰਿਆ
ਭਾਈ ਜਿਨ ਏਕੰਕਾਰ ਅਧਾਰ॥ (ਪੰਨਾ 608)
19. ਹਉ ਗੁਰਮੁਖਿ ਸਦਾ ਸਲਾਹੀ
ਗੁਰ ਕਉ ਵਾਰਿਆ॥ (ਪੰਨਾ 642)
20. ਹਉ ਵਾਰਿਆ ਅਪਣੇ ਗੁਰੂ ਕਉ
ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ॥ (ਪੰਨਾ 652)
21. ਤਿਨ ਵਿਟਹੁ ਨਾਨਕੁ ਵਾਰਿਆ
ਸਦਾ ਸਦਾ ਕੁਰਬਾਨਾ॥5॥ (ਪੰਨਾ 725)
22. ਜਨੁ ਨਾਨਕੁ ਤਿਨ ਕਉ ਵਾਰਿਆ
ਸਦਾ ਸਦਾ ਕੁਰਬਾਣੀ॥ (ਪੰਨਾ 726)
23. ਹਉ ਗੁਰ ਵਿਟਹੁ ਸਦ ਵਾਰਿਆ
ਜਿਨਿ ਦਿਤੜਾ ਨਾਓ॥ (ਪੰਨਾ 726)
24. ਹਉ ਸਤਿਗੁਰ ਕਉ ਸਦ ਵਾਰਿਆ
ਗੁਰ ਬਚਨਿ ਸਮਾਣੇ॥ (ਪੰਨਾ 726)
25. ਵਡਭਾਗੀ ਪ੍ਰਭ ਆਇ ਮਿਲੁ ਜਨੁ
ਨਾਨਕੁ ਖਿਨੁ ਖਿਨੁ ਵਾਰਿਆ॥ (ਪੰਨਾ 776)
26. ਗੁਰਮੁਖਿ ਪਾਇਆ ਨਾਮੁ
ਹਉ ਗੁਰ ਕਉ ਵਾਰਿਆ॥ (ਪੰਨਾ 791)
27. ਅਵਰੁ ਨ ਸੂਝੈ ਗੁਰ ਕਉ ਵਾਰਿਆ॥ (ਪੰਨਾ 796)
28. ਅਰਥ ਆਨ ਸਭਿ ਵਾਰਿਆ
ਪ੍ਰਿਅ ਨਿਮਖ ਸੋਹਾਗਉ॥ (ਪੰਨਾ 808)
29. ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ
ਹਉ ਸਤਿਗੁਰ ਵਿਟਹੁ ਵਾਰਿਆ॥ (ਪੰਨਾ 1113)
30. ਗੁਰ ਕੀ ਬਾਣੀ ਵਿਟਹੁ ਵਾਰਿਆ
ਭਾਈ ਗੁਰ ਸਬਦ ਵਿਟਹੁ ਬਲਿ ਜਾਈ॥ (ਪੰਨਾ 1177)
31. ਤਿਸੁ ਗੁਰ ਕੈ ਜਾਈਐ ਬਲਿਹਾਰੀ
ਸਦਾ ਸਦਾ ਹਉ ਵਾਰਿਆ॥ (ਪੰਨਾ 1218)
32. ਸਤਿਗੁਰੁ ਸੇਵਨਿ ਆਪਣਾ
ਤਿਨ੍ਹਾ ਵਿਟਹੁ ਹਉ ਵਾਰਿਆ॥ (ਪੰਨਾ 1280)
33. ਹਉ ਵਾਰਿਆ ਤਿਨ ਕਉ ਸਦਾ ਸਦਾ
ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ॥ (ਪੰਨਾ 1316)
34. ਤਿਨ ਵਿਟਹੁ ਨਾਨਕੁ ਵਾਰਿਆ
ਜੋ ਜਪਦੇ ਹਰਿ ਨਿਰਬਾਣੀ॥ (ਪੰਨਾ 1317)
35. ਤਿਸੁ ਗੁਰ ਊਪਰਿ ਸਦਾ ਹਉ ਵਾਰਿਆ॥ (ਪੰਨਾ 1338)
36. ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ॥ (ਪੰਨਾ 1379)
37. ਤਿਨ੍ਹ ਵਿਟਹੁ ਹਉ ਵਾਰਿਆ ਭਾਈ
ਤਿਨ ਕਉ ਸਦ ਬਲਿਹਾਰੈ ਜਾਉ॥ (ਪੰਨਾ 1419)
38. ਸਤਿਗੁਰੁ ਮੈਡਾ ਮਿਤੁ ਹੈ
ਜੇ ਮਿਲੈ ਤ ਇਹੁ ਮਨੁ ਵਾਰਿਆ॥ (ਪੰਨਾ 1421)
ਗਉੜੀ ਮਹਲਾ 5॥
ਬਾਰਨੈ ਬਲਿਹਾਰਨੈ ਲਖ ਬਰੀਆ॥
ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ॥1॥ ਰਹਾਉ॥ (ਪੰਨਾ 211)
ਉਪਰੋਕਤ ਪ੍ਰਮਾਣ ਵਿਚ ਵੀ ‘ਵਾਰਿਆ’ ਸ਼ਬਦ ਲਈ ‘ਬਾਰਨੈ’ ਸ਼ਬਦ ਦੀ ਵਰਤੋਂ ਬਲੀ ਦੇਣ ਲਈ ਨਹੀਂ ਹੈ, ਸਗੋਂ ਲੱਖਾਂ ਵਾਰੀ ਸਦਕੇ ਜਾਣ ਲਈ ਹੈ, ਲੱਖਾਂ ਵਾਰੀ ਧੰਨੁ ਧੰਨੁ ਆਖਣ ਲਈ ਹੈ; ਨਾ ਕਿ ਲੱਖਾਂ ਵਾਰੀ ਗਿਣਤੀ ਕਰਨ ਜਾਂ ਜਾਇਜ਼ਾ ਲੈਣ ਲਈ।
(ਅ) ਪਾਪੁ, ਗਲਵਢ, ਹਤਿਆ ਸ਼ਬਦਾਂ ਦੀ ਵਰਤੋਂ: ‘ਅਸੰਖ ਪਾਪੀ ਪਾਪੁ ਕਰਿ ਜਾਹਿ’ ਵਿਚ ਲਿਖੇ ‘ਪਾਪੁ’ ਸ਼ਬਦ ਬਾਰੇ ‘ਭਾਵ ਭਾਉਂਦੀ ਵਿਆਖਿਆ’ ਕਰਦਿਆਂ ਲੇਖਕ ਨੇ ਲਿਖਿਆ ਹੈ, “ਅਣਗਿਣਤ ਪਾਪੀ ਚੁੱਪ ਚਾਪ ਪਾਪ ਕਰ ਜਾਂਦੇ ਹਨ।” ਇਸ ਤੁਕ ਦੀ ਪ੍ਰੋ. ਸਾਹਿਬ ਸਿੰਘ ਵਲੋਂ ਕੀਤੀ ਵਿਆਖਿਆ ਹੈ, “ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖਰ) ਇਸ ਦੁਨੀਆਂ ਤੋਂ ਤੁਰ ਜਾਂਦੇ ਹਨ।” ਜਿਹੜੇ ਅਰਥ ਪ੍ਰੋ. ਸਾਹਿਬ ਸਿੰਘ ਨੇ ਕੀਤੇ ਹਨ, ਉਹੀ ਅਰਥ ਲੇਖਕ ਨੇ ਖੁਦ ਵੀ ਕੀਤੇ ਹਨ, ਪਰ ਲੇਖਕ ਨੇ ਪ੍ਰੋ. ਸਾਹਿਬ ਨੂੰ ਕੋਸਦਿਆਂ ਲਿਖਿਆ ਹੈ, “ਉਹ ਆਪ ਵੀ ਇਕ ਵਚਨੀ ਅਰਥ ਕਰਦਾ ਹੈ। ਫਿਰ ਅਜਿਹੀ ਵਿਆਕਰਣ ਦਾ ਕੀ ਲਾਭ, ਜਿਸ ਵਿਚ ਉਲਝ ਕੇ ਉਸ ਦਾ ਨਿਰਮਾਤਾ ਆਪ ਆਤਮ-ਵਿਰੋਧੀ ਵਿਆਖਿਆਵਾਂ ਕਰ ਰਿਹਾ ਹੋਵੇ।”
ਲੇਖਕ ਨੂੰ ਪਤਾ ਨਹੀਂ, ਕਿਵੇਂ ਪ੍ਰੋ. ਸਾਹਿਬ ਸਿੰਘ ਦੇ ਕੀਤੇ ਅਰਥ ਇਕ ਵਚਨੀ ਜਾਪਦੇ ਹਨ, ਜਦੋਂ ਕਿ ਲੇਖਕ ਨੇ ਆਪ ਵੀ ਉਹੀ ਅਰਥ ਕੀਤੇ ਹਨ। ਲੇਖਕ ਵਲੋਂ ਗੁਰਬਾਣੀ ਵਿਆਕਰਣ ਨੂੰ ਦੋਸ਼ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਵਿਆਕਰਣ ਅਨੁਸਾਰ ਜੋ ਉਕਾਰਾਂਤ ਨਾਂਵ ਸ਼ਬਦ ਹੈ, ਉਹ ਇੱਕ ਵਚਨ ਹੀ ਰਹੇਗਾ।
ਪ੍ਰੋ. ਸਾਹਿਬ ਸਿੰਘ ਤੁਕ ਦੇ ਸਹੀ ਅਰਥ ਕਰਦੇ ਹਨ, ਜੋ ਇਕ ਵਚਨੀ ਨਹੀਂ ਹਨ, ਕਿਉਂਕਿ ਪਾਠ-ਭੇਦਾਂ ਦਾ ਉਨ੍ਹਾਂ ਨੂੰ ਗਿਆਨ ਸੀ। ਪਾਠ-ਭੇਦ ਅਨੁਸਾਰ ਹੱਥ ਲਿਖਤ ਪੁਰਾਤਨ ਬੀੜਾਂ ਵਿਚ ‘ਪਾਪ’ ਸ਼ਬਦ ਹੈ, ‘ਪਾਪੁ’ ਨਹੀਂ ਅਤੇ ਇਸ ਦਾ ਪ੍ਰੋ. ਸਹਿਬ ਸਿੰਘ ਨੂੰ ਗਿਆਨ ਸੀ, ਤਾਂ ਹੀ ਉਨ੍ਹਾਂ ਨੇ ਇਕ ਵਚਨੀ ਅਰਥ ਨਹੀਂ ਕੀਤੇ। ‘ਪਾਪੁ’ ਸ਼ਬਦ ਦੇ ਜੋੜਾਂ ਨੂੰ ਬਦਲ ਕੇ ਲਿਖਣਾ ਪ੍ਰੋ. ਸਾਹਿਬ ਸਿੰਘ ਦਾ ਕੰਮ ਨਹੀਂ ਸੀ, ਇਹ ਕੰਮ ਸ਼੍ਰੋਮਣੀ ਕਮੇਟੀ ਦਾ ਹੈ। ਗੁਰਬਾਣੀ ਵਿਚ ਦੋ ਪੰਕਤੀਆਂ ਦੇ ਦਰਸ਼ਨ ਕਰੋ,
1. ਰਾਮਦਾਸਿ ਸਰੋਵਰ ਨਾਤੇ॥ (ਪੰਨਾ 624)
2. ਰਾਮਦਾਸ ਸਰੋਵਰਿ ਨਾਤੇ॥ (ਪੰਨਾ 625)
ਪ੍ਰੋ. ਸਾਹਿਬ ਸਿੰਘ ਨੇ ਦੋਹਾਂ ਪੰਕਤੀਆਂ ਦੇ ਅਰਥ ਇੱਕੋ ਜਿਹੇ ਹੀ ਕੀਤੇ ਹਨ (ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ) ਜਦੋਂ ਕਿ ਰਾਮਦਾਸਿ ਅਤੇ ਸਰੋਵਰ ਸ਼ਬਦਾਂ ਵਿਚ ਸ਼ਬਦ ਜੋੜਾਂ ਦਾ ਵਖਰੇਵਾਂ ਹੈ। ਪ੍ਰੋ. ਸਾਹਿਬ ਸਿੰਘ ਵਲੋਂ ਰਾਮਦਾਸ ਸ਼ਬਦਾਂ ਨੂੰ ਸਬੰਧ ਕਾਰਕ ਸਮਝ ਕੇ ਅਤੇ ਸਰੋਵਰਿ ਸ਼ਬਦ ਨੂੰ ਅਧਿਕਰਣ ਕਾਰਕ ਸਮਝ ਕੇ ਠੀਕ ਅਰਥ ਕੀਤੇ ਹਨ, ਜਦੋਂ ਕਿ ਰਾਮਦਾਸਿ ਸ਼ਬਦ ਸਬੰਧ ਕਾਰਕ ਨਾ ਹੋ ਕੇ ਕਰਤਾ ਕਾਰਕ ਵਿਚ ਹੈ ਅਤੇ ਸਰੋਵਰ ਸ਼ਬਦ ਬਹੁ ਵਚਨ ਨਾਂਵ ਰੂਪ ਵਿਚ ਹੈ, ਪਰ ਇਹ ਪਾਠ-ਭੇਦ ਹੈ, ਜਿਸ ਦਾ ਪ੍ਰੋ. ਸਾਹਿਬ ਸਿੰਘ ਨੂੰ ਬੋਧ ਸੀ, ਪਰ ਉਨ੍ਹਾਂ ਨੇ ਲਿਖਤ ਵਿਚ ਰਾਮਦਾਸਿ ਅਤੇ ਸਰੋਵਰ ਸ਼ਬਦਾਂ ਦੇ ਜੋੜ ਨਹੀਂ ਬਦਲੇ, ਕਿਉਂਕਿ ਅਜਿਹਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ। ਪ੍ਰੋ. ਸਾਹਿਬ ਸਿੰਘ ਦੀ ਖੋਜੀ ਗੁਰਬਾਣੀ ਵਿਆਕਰਣ ਹੀ ਹੈ, ਜੋ ਤੁਕ ਦੇ ਵੀਹ-ਵੀਹ ਅਰਥ ਕਰਨ ਵਾਲਿਆਂ ਨੂੰ ਠੱਲ੍ਹ ਪਾ ਸਕੀ ਹੈ, ਭਾਵੇਂ ਜਿੰਨਾ ਮਰਜ਼ੀ ਕੋਈ ਇਸ ਵਿਆਕਰਣ ਦੀ ਨਿੰਦਿਆ ਕਰੀ ਜਾਵੇ, ਇਹ ਉਸ ਦਾ ਆਪਣਾ ਹਠ ਹੈ।
ਲੇਖਕ ਨੇ ਪਾਪੁ ਸ਼ਬਦ ਨੂੰ ਇੱਕ ਵਚਨ ਮੰਨ ਕੇ ਤਾਂ ਚਰਚਾ ਕੀਤੀ ਹੈ, ਪਰ ਇਸ ਤੋਂ ਪਹਿਲੀ ਤੁਕ ‘ਅਸੰਖ ਗਲਵਢ ਹਤਿਆ ਕਮਾਹਿ॥’ ਵਿਚ ‘ਹਤਿਆ’ ਸ਼ਬਦ ਬਾਰੇ ਕੋਈ ਚਰਚਾ ਨਹੀਂ ਕੀਤੀ, ਜਦੋਂ ਕਿ ਇਹ ਵੀ ਇੱਕ ਵਚਨ ਹੀ ਹੈ, ਜੋ ਅਸੰਖ ਸ਼ਬਦ ਨਾਲ ਹੀ ਵਰਤਿਆ ਗਿਆ ਹੈ। ਲੇਖਕ ਨੇ ਆਪ ਵੀ ‘ਹਤਿਆ’ ਸ਼ਬਦ ਦੇ ਇਕ ਵਚਨੀ ਅਰਥ ਹੀ ਕੀਤੇ ਹਨ। ਜੇ ਲੇਖਕ ਅਨੁਸਾਰ ‘ਪਾਪੁ’ ਸ਼ਬਦ ਦਾ ਅਰਥ ਬਹੁਤੇ ਪਾਪ ਠੀਕ ਹੈ ਤਾਂ ਹਤਿਆ ਸ਼ਬਦ ਦੇ ਅਰਥ ਬਹੁਤੀਆਂ ਹੱਤਿਆਵਾਂ ਕਿਉਂ ਨਹੀਂ ਕੀਤੇ? ਜਦੋਂ ਕਿ ਦੋਵੇਂ ਸ਼ਬਦ ਅਸੰਖ ਸ਼ਬਦ ਨਾਲ ਹੀ ਵਰਤੇ ਗਏ ਹਨ। ਲੇਖਕ ਦੇ ਕੀਤੇ ਅਰਥ ਹਨ, “ਅਸੰਖ ਲੋਕ ਤਾਂ ਅਜਿਹੇ ਹਨ, ਜੋ ਦੂਜਿਆਂ ਦੇ ਗਲੇ ਵੱਢ ਕੇ ਹੱਤਿਆ ਦੇ ਦੋਸ਼ ਕਮਾਈ ਜਾਂਦੇ ਹਨ।” ਤਾਂ ਫਿਰ ਲੇਖਕ ਵਲੋਂ ਇਹ ਵੀ ਮੰਨ ਲੈਣਾ ਚਾਹੀਦਾ ਸੀ ਕਿ ਅਸੰਖ ਲੋਕ ਤਾਂ ਅਜਿਹੇ ਹਨ, ਜੋ ਪਾਪ ਦੇ ਦੋਸ਼ ਕਮਾਈ ਜਾਂਦੇ ਹਨ।
ਲੇਖਕ ਨੇ ਗੁਰਬਾਣੀ ਵਿਆਕਰਣ ਦੀ ਅਣਦੇਖੀ ਕਰ ਕੇ ‘ਗਲਵਢ’ ਸ਼ਬਦ ਦੇ ਅਰਥ ਗਲਾ ਵੱਢ ਕੇ (ਕਾਰਦੰਤਕ) ਵਜੋਂ ਕੀਤੇ ਹਨ, ਜਦੋਂ ਕਿ ‘ਗਲਵਢ’ ਸ਼ਬਦ ਬਹੁ ਵਚਨ ਨਾਂਵ ਹੈ, ਜਿਸ ਦਾ ਅਰਥ ਹੈ-ਗਲਾ ਵੱਢਣ ਵਾਲੇ। ‘ਗਲਵਢ’ ਸ਼ਬਦ ਦਾ ‘ਗਲ ਵੱਢ ਕੇ’ ਅਰਥ ਬਣਨਾ ਸੀ, ਜੇ ‘ਗਲਵਢ’ ਸ਼ਬਦ ਦੇ ਜੋੜ ‘ਗਲ ਵਢਿ’ ਹੁੰਦੇ। ਬਾਣੀਕਾਰਾਂ ਦੇ ਲਿਖੇ ਸ਼ਬਦਾਂ ਦੇ ਸਰੂਪ ਆਪੂੰ ਬਦਲ ਕੇ ਆਪਣੀ ਗਰਜ਼ ਪੂਰੀ ਕਰਨ ਲਈ ਅਰਥ ਨਹੀਂ ਹੋ ਸਕਦੇ।
(e) ਨਾਨਕੁ ਨੀਚੁ ਕਹੈ ਵੀਚਾਰੁ: ਲੇਖਕ ਨੇ ਨੀਚੁ ਸ਼ਬਦ ਦੀ ਵਿਆਖਿਆ ਕਰਦਿਆਂ ਲਿਖਿਆ ਹੈ, “ਸੋ, ਤੁਕ ਦਾ ਅਰਥ ਬਣਦਾ ਹੈ, ਨਾਨਕ ਮਾੜੇ (ਨੀਚ) ਕੰਮਾਂ ਵਿਚ ਪਏ ਲੋਕਾਂ ਦੀ ਸੰਖਿਆ ਦਾ ਵਿਚਾਰ ਕਰ ਕੇ ਕਹਿੰਦਾ ਹੈ ਕਿ ਕੁਦਰਤਿ ਦਾ ਸਰਵੇਖਣ ਇਕ ਵਾਰ ਵੀ ਕਰਨਾ ਮੁਸ਼ਕਿਲ ਹੈ।” ਲੇਖਕ ਨੇ ਇੱਕ ਵਚਨ ਵਿਸ਼ੇਸ਼ਣ ‘ਨੀਚੁ’ ਸ਼ਬਦ ਨੂੰ ਇੱਕ ਵਚਨ ਨਾਂਵ ਨਾਨਕ ਸ਼ਬਦ ਨਾਲ ਜੋੜਨ ਦੀ ਥਾਂ ਅਸੰਖ ਲੋਕਾਂ ਨਾਲ ਜੋੜਿਆ ਹੈ, ਜੋ ਗੁਰਬਾਣੀ ਦੀ ਲਿਖਾਈ ਦੇ ਨਿਯਮਾਂ ਦੇ ਉਲਟ ਹੈ। ‘ਨੀਚੁ’ ਸ਼ਬਦ ਦਾ ਸਬੰਧ ਅਸੰਖ ਲੋਕਾਂ ਨਾਲ ਨਹੀਂ, ਸਗੋਂ ਇੱਕ ਨਾਲ ਹੈ ਅਤੇ ਉਹ ਹੈ ਸ਼ਬਦ ‘ਨਾਨਕੁ’, ਜੋ ਇੱਕ ਵਚਨ ਨਾਂਵ ਹੈ ਅਤੇ ਨੀਚੁ ਇਸ ਦਾ ਇਕ ਵਚਨ ਵਿਸ਼ੇਸ਼ਣ ਹੈ। ਗੁਰੂ ਸਾਹਿਬ ਨੇ ਰੱਬੀ ਸ਼ਕਤੀ ਦੇ ਸਾਹਮਣੇ ਆਪਣੇ ਆਪ ਨੂੰ ਤੁੱਛ ਸਮਝਦਿਆਂ ਹੀ ‘ਨਾਨਕੁ ਨੀਚੁ’ ਲਿਖਿਆ ਹੈ।
‘ਬੀਚਾਰੁ’ ਸ਼ਬਦ ਦਾ ਅਰਥ ਗੁਰਬਾਣੀ ਦੀ ਸ਼ੈਲੀ ਅਨੁਸਾਰ ਬੀਚਾਰ ਹੀ ਹੈ, ਨਾ ਕਿ ‘ਵਿਚਾਰ ਕਰ ਕੇ।’ ਇਹ ਕਾਰਦੰਤਕ ਵਿਚ ਕਿੱਥੋਂ ਆ ਗਈ? ਕਾਰਦੰਤਕ ਤਾਂ ‘ਬੀਚਾਰਿ’ ਸ਼ਬਦ ਨਾਲ ਬਣਨੀ ਸੀ, ਪਰ ਲਿਖਿਆ ਤਾਂ ਬੀਚਾਰੁ ਹੈ। ਗੁਰਬਾਣੀ ਦੀ ਲਿਖਣ ਸ਼ੈਲੀ ਦੇ ਨਿਯਮਾਂ ਤੋਂ ਬਾਹਰ ਜਾ ਕੇ ਆਪਣੀ ਹੀ ਕਿਸੇ ਮਰਜ਼ੀ ਨਾਲ ਅਰਥ ਨਹੀਂ ਕੀਤੇ ਜਾ ਸਕਦੇ। ਬਾਣੀਕਾਰਾਂ ਵਲੋਂ ਬਣਾਏ ਲਿਖਤ ਦੇ ਨਿਯਮਾਂ ਨੂੰ ਤੋੜਨਾ ਗੈਰ ਕਾਨੂੰਨੀ ਹੈ।
ਲੇਖਕ ਨੇ ਬਾਣੀਕਾਰਾਂ ਦੀ ਲਿਖਣ ਸ਼ੈਲੀ ਦੀ ਵਰਤੋਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਪਦੀ ਅਤੇ ਆਪਣੀ ਮਨੋਰਥ ਸਿੱਧੀ ਲਈ ਹੀ ਇਸ ਲਿਖਾਈ ਦੇ ਨਿਯਮਾਂ ਨੂੰ ਤੋੜਿਆ ਗਿਆ ਹੈ। ‘ਨਾਨਕੁ ਨੀਚੁ’ ਦਾ ਅਰਥ ਵਿਚਾਰਾ ਨਾਨਕ ਹੈ। ਇਸ ਅਰਥ ਵਿਚ ਇਨ੍ਹਾਂ ਸ਼ਬਦਾਂ ਦੀ ਗੁਰਬਾਣੀ ਵਿਚ ਹੋਰ ਥਾਂਵਾਂ ‘ਤੇ ਕੀਤੀ ਵਰਤੋਂ ਵੀ ਮਿਲਦੀ ਹੈ, ਜਿੱਥੇ ਨਾਨਕ ਨੇ ਆਪਣੇ ਆਪ ਨੂੰ ਹਰਾਮਖੋਰ, ਲੂਣ ਹਰਾਮੀ ਅਤੇ ਬੇਚਾਰਾ ਕਿਹਾ ਹੈ। ਦੇਖੋ ਪ੍ਰਮਾਣ:
ਸਿਰੀ ਰਾਗੁ ਮਹਲਾ 1॥
ਮੈ ਕੀਤਾ ਨ ਜਾਤਾ ਹਰਾਮਖੋਰੁ॥
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥
ਨਾਨਕੁ ਨੀਚੁ ਕਹੈ ਬੀਚਾਰੁ॥
ਧਾਣਕ ਰੂਪਿ ਰਹਾ ਕਰਤਾਰ॥ (ਪੰਨਾ 24)
ਗਉੜੀ ਮਹਲਾ 1॥
ਦੁਖੁ ਸੁਖੁ ਭਾਣੈ ਤਿਸੈ ਰਜਾਇ॥
ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 222)
ਮਾਰੂ ਮਹਲਾ 1॥
ਨਾਨਕੁ ਨੀਚੁ ਕਹੈ ਬੇਨੰਤੀ
ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)
ਮਾਰੂ ਮਹਲਾ 4॥
ਜਨੁ ਨਾਨਕੁ ਗੁਣ ਗਾਵੈ ਬੇਚਾਰਾ
ਹਰਿ ਭਾਵੈ ਹਰਿ ਥਾਇ ਪਾਵੈ ਜੀਉ॥ (ਪੰਨਾ 998)
ਮਾਰੂ ਮਹਲਾ 5॥
ਮੇਰਾ ਠਾਕੁਰੁ ਅਤਿ ਭਾਰਾ॥
ਮੋਹਿ ਸੇਵਕੁ ਬੇਚਾਰਾ॥ (ਪੰਨਾ 1005)
ਮਾਰੂ ਮਹਲਾ 1॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ॥ (ਪੰਨਾ 991)
ਮਾਰੂ ਮਹਲਾ 1॥
ਲੂਣ ਹਰਾਮੀ ਨਾਨਕੁ ਲਾਲਾ
ਬਖਸਿਹਿ ਤੁਧੁ ਵਡਿਆਈ॥
ਆਦਿ ਜੁਗਾਦਿ ਦਇਆਪਤਿ ਦਾਤਾ
ਤੁਧੁ ਵਿਣੁ ਮੁਕਤਿ ਨ ਪਾਈ॥ (ਪੰਨਾ 991)
ਸੋਰਠਿ ਮਹਲਾ 5॥
ਹਮ ਮੈਲੇ ਤੁਮ ਊਜਲ ਕਰਤੇ
ਹਮ ਨਿਰਗੁਨ ਤੂ ਦਾਤਾ॥
ਹਮ ਮੂਰਖ ਤੁਮ ਚਤੁਰ ਸਿਆਣੇ
ਤੂ ਸਰਬ ਕਲਾ ਕਾ ਗਿਆਤਾ॥1॥
ਮਾਧੋ ਹਮ ਐਸੇ ਤੂ ਐਸਾ॥
ਹਮ ਪਾਪੀ ਤੁਮ ਪਾਪ ਖੰਡਨ
ਨੀਕੋ ਠਾਕੁਰ ਦੇਸਾ॥ ਰਹਾਉ॥ (ਪੰਨਾ 613)
ਸਲੋਕ ਮਹਲਾ 5॥
ਤੇਰਾ ਕੀਤਾ ਜਾਤੋ ਨਾਹੀ
ਮੈਨੋ ਜੋਗੁ ਕੀਤੋਈ॥
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ
ਆਪੇ ਤਰਸੁ ਪਇਓਈ॥ (ਪੰਨਾ 1429)