ਮਨ ਦੀਆਂ ਪਰਤਾਂ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਮਨ ਦੀਆਂ ਵੀ ਪਰਤਾਂ ਹੁੰਦੀਆਂ ਹਨ। ਇਹ ਪੀਂਜੋ ਪੀਂਜ ਇੱਕ ਦੂਜੀ ਦੇ ਉਪਰ-ਥੱਲੇ ਹੁੰਦੀਆਂ ਹਨ। ਮਨ ਦੀ ਕੋਈ ਭਾਵਨਾ ਕਿਸੇ ਪਰਤ ‘ਚ ਹੁੰਦੀ ਹੈ ਤੇ ਕੋਈ ਕਿਸੇ ‘ਚ। ਲੋੜ ਮੁਤਾਬਕ ਉਹ ਆਪਣੇ ਆਪ ਹੀ ਸਮਾਂ ਆਉਣ ਤੇ ਜਾਹਰ ਹੁੰਦੀਆਂ ਰਹਿੰਦੀਆਂ ਹਨ। ਜਾਹਰ ਜਾਂ ਪ੍ਰਗਟ ਤਾਂ ਜਰੂਰ ਹੁੰਦੀਆਂ ਰਹਿੰਦੀਆਂ ਹਨ, ਪਰ ਬਹੁਤੀ ਵਾਰੀ ਅਸੀਂ ਉਨ੍ਹਾਂ ਨੂੰ, ਜਿਸ ਕਰਕੇ ਉਹ ਹੁੰਦੀਆਂ ਹਨ, ਉਸ ਸਬੰਧੀ ਉਨ੍ਹਾਂ ਨੂੰ ਅਮਲੀ ਤੌਰ ‘ਤੇ ਪ੍ਰਯੋਗ ‘ਚ ਲਿਆਉਣ ਤੋਂ ਅਸਮਰੱਥ ਰਹਿੰਦੇ ਹਾਂ: ਇਸ ਦੀ ਕੀ ਵਜ੍ਹਾ ਹੈ, ਇਸ ਦਾ ਵੀ ਸਾਨੂੰ ਪਤਾ ਨਹੀਂ ਲਗਦਾ, ਉਹ ਉਬਾਲੇ ਖਾ ਖਾ ਕੇ ਮਨ ਦੀਆਂ ਤਹਿਆਂ ਵਿਚ ਹੀ ਮੁੜ ਜਜ਼ਬ ਹੋ ਜਾਂਦੀਆਂ ਹਨ, ਤੇ ਇੰਜ ਹਜ਼ਾਰਾਂ ਕਿਸਮ ਦੇ ਮਨ ਦੇ ਵਿਚਾਰਾਂ ਦੇ ਵਾਵਰੋਲੇ ਸਾਡੇ ਅੰਦਰ ਉਪਜਦੇ ਤੇ ਬਿਨਸਦੇ ਰਹਿੰਦੇ ਹਨ, ਕਈ ਵਾਰੀ ਸਾਨੂੰ ਵਿਚਾਰਾਂ ਦੇ ਕਿਸੇ ਖੂੰਜੇ ਧੱਕਦੇ ਹਨ ਤੇ ਕਈ ਵਾਰੀ ਕਿਸੇ ਅੰਧੇ ਖੂੰਜੇ ਵਿਚੋਂ ਬਾਹੋਂ ਫੜ ਬਾਹਰ ਧੂ ਸੁੱਟਦੇ ਹਨ। ਜ਼ਿੰਦਗੀ ਦੀ ਗੱਡੀ ਇਸ ਮਨ ਦੀ ਉਥਲ-ਪੁਥਲ ਦੇ ਬਾਵਜੂਦ ਅੱਗੇ ਤੁਰਦੀ ਹੀ ਜਾਂਦੀ ਹੈ।

ਮਨ ਦੀਆਂ ਪਰਤਾਂ ‘ਚ ਦੱਬੀਆਂ ਕਈ ਅਹਿਮ ਯਾਦਾਂ, ਜਿਨ੍ਹਾਂ ਦਾ ਸਾਡੀ ਭੂਤਪੂਰਵ ਜ਼ਿੰਦਗੀ ਨਾਲ ਅਟੁੱਟ ਰਿਸ਼ਤਾ ਹੁੰਦਾ ਹੈ, ਜਦੋਂ ਮਨ ਦੀਆਂ ਪਰਤਾਂ ‘ਚੋਂ ਨਿਕਲ, ਆਪਣਾ ਅਸਲੀ ਸੁਭਾਅ ਦਰਸਾਉਂਦੀਆਂ ਹਨ ਤਾਂ ਜ਼ਿੰਦਗੀ ‘ਚ ਇੱਕ ਭੁਚਾਲ ਜਿਹਾ ਆ ਗਿਆ ਲਗਦਾ ਹੈ; ਇਹ ਭੂਤ ਕਾਲ ਨੂੰ ਵਰਤਮਾਨ ਕਾਲ ਨਾਲ ਜੋੜ ਦਿੰਦੀਆਂ ਹਨ। ਜਿਵੇਂ ਕਈ ਸਰੀਰਕ ਬਿਮਾਰੀਆਂ ਦੇ ਵਾਇਰਸ, ਜਿੰਨਾ ਚਿਰ ਸਰੀਰ ‘ਚ ਚੁੱਪ ਚਾਪ ਲੁਕੇ ਭਾਵ ਡੌਰਮਿੰਟ ਹੋਏ ਰਹਿਣ, ਉਨਾ ਚਿਰ ਸਰੀਰ ਤੰਦਰੁਸਤ ਰਹਿੰਦਾ ਹੈ, ਪਰ ਜਦੋਂ ਆਪਣੀ ਲੁਕਣ ਗਾਹ ‘ਚੋਂ ਨਿਕਲ ਸਰੀਰ ਦੇ ਪ੍ਰਬੰਧ ‘ਤੇ ਹਮਲਾ ਬੋਲਦੇ ਹਨ ਤਾਂ ਸਰੀਰ ਨੂੰ ਉਸ ਰੋਗ ਨਾਲ ਪੀੜਤ ਕਰ ਦਿੰਦੇ ਹਨ, ਜਿਸ ਰੋਗ ਦੇ ਉਹ ਜਨਮ ਦਾਤਾ ਹੋਣ। ਮਨ ਅੰਦਰ ਦੱਬੀਆਂ ਰੁਚੀਆਂ, ਖਿਆਲਾਂ, ਯਾਦਾਂ ਤੇ ਭਾਵਨਾਵਾਂ ਦਾ ਵੀ ਇਹੀ ਹਾਲ ਹੈ। ਵਾਇਰਸ ਜਾਂ ਬੈਕਟੀਰੀਆ ਤਾਂ ਖੁਰਦਬੀਨ ਨਾਲ ਦੇਖੇ ਜਾ ਸਕਦੇ ਹਨ; ਪਰ ਮਨ ਦੇ ਅੰਦਰ ਪਰਤਾਂ ‘ਚ ਵੱਖੋ ਵੱਖਰੇ ਖਿਆਲਾਂ ਤੇ ਭਾਵਨਾਵਾਂ ਨੂੰ ਕਿਸੇ ਖੁਰਦਬੀਨ ਨਾਲ ਦੇਖਣਾ ਅਸੰਭਵ ਹੈ। ਬੰਦੇ ਦੇ ਬੋਲ ਚਾਲ, ਚਿਹਰੇ ਦੇ ਹਾਵ ਭਾਵ, ਗੱਲ-ਬਾਤਾਂ ‘ਚ ਕੀਤੇ ਪ੍ਰਤੀਕਰਮ ਤੋਂ ਮਹਿਸੂਸ ਜਰੂਰ ਕੀਤਾ ਜਾ ਸਕਦਾ ਹੈ।
ਕਿੰਨਾ ਕੁਝ ਅਸੀਂ ਆਪਣੇ ਮਨਾਂ ‘ਚ ਸਮੋਈ ਬੈਠੇ ਹਾਂ, ਮਨ ਦੀਆਂ ਪਰਤਾਂ ‘ਚ ਲੁਕੀਆਂ ਕੁਝ ਭਾਵਨਾਵਾਂ ਦੀ ਪੂਰਤੀ ਹੋ ਸਕਦੀ ਹੈ, ਕੁਝ ਦੀ ਨਹੀਂ ਵੀ। ਜਦੋਂ ਮਨ ‘ਚ ਮਿਥੀਆਂ ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਤਾਂ ਬੰਦਾ ਦੁਖੀ ਹੁੰਦਾ ਹੈ, ਉਦਾਸੀ ਦੇ ਆਲਮ ‘ਚ ਆਉਂਦਾ ਹੈ; ਅਜਿਹੀ ਸਥਿਤੀ ‘ਚੋਂ ਨਿਕਲਣ ਲਈ ਸਾਨੂੰ ਭੂਤ ਕਾਲ ‘ਚ ਵਾਪਰੀਆਂ ਉਹ ਘਟਨਾਵਾਂ ਯਾਦ ਕਰ ਲੈਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ ਕਿਸੇ ਸਮੇਂ ਸਾਨੂੰ ਅਦਭੁੱਤ ਖੁਸ਼ੀ ਦਿੱਤੀ ਹੋਵੇ। ਭਾਵੇਂ ਇਨ੍ਹਾਂ ਘਟਨਾਵਾਂ ਦੀ ਗਿਣਤੀ ਉਂਗਲੀਆਂ ‘ਤੇ ਗਿਣੀ ਜਾਣ ਵਾਲੀ ਹੁੰਦੀ ਹੈ, ਪਰ ਜ਼ਿੰਦਗੀ ‘ਚ ਖਾਸ ਖੁਸ਼ੀ ਪ੍ਰਦਾਨ ਕਰਨ ਵਾਲੀਆਂ ਹੋ ਨਿੱਬੜੀਆਂ ਹਨ। ਜਦੋਂ ਸੋਚਿਆ ਕਿ ਇਹ ਕੰਮ ਅਸੰਭਵ ਹੈ, ਹੋ ਹੀ ਨਹੀਂ ਸਕਦਾ, ਇਸ ਨੂੰ ਨੇਪਰੇ ਚਾੜ੍ਹਿਆ ਨਹੀਂ ਜਾ ਸਕਦਾ, ਅਜਿਹਾ ਮਨ ਦਾ ਵਿਚਾਰ ਸੋਚ ‘ਤੇ ਭਾਰੂ ਰਿਹਾ; ਪਰ ਨਾਲ ਹੀ ਮਨ ਦੇ ਕਿਸੇ ਖੂੰਜੇ ਦੱਬੀ ਉੱਦਮ ਦੀ ਉਲਾਰ ਆਈ, ਤੇ ਉਸ ਕੰਮ ਨੂੰ ਸ਼ਿੱਦਤ ਨਾਲ ਨੇਪਰੇ ਚਾੜ੍ਹਨ ਦਾ ਬੀੜਾ ਚੁੱਕਿਆ; ਤੇ ਉਹ ਕੰਮ ਸਹਿਜੇ ਹੀ ਨੇਪਰੇ ਚਾੜ੍ਹ ਲਿਆ। ਅਜਿਹਾ ਸਮਾਂ ਅਤਿਅੰਤ ਖੁਸ਼ੀ ਦਾ ਹੁੰਦਾ ਹੈ। ਸਾਰੀ ਜ਼ਿੰਦਗੀ ਉਸ ਦੀ ਛਾਪ ਮਨ ਦੀ ਕਿਸੇ ਖਾਸ ਪਰਤ ‘ਚ ਜਮ੍ਹਾਂ ਹੋ ਜਾਂਦੀ ਹੈ ਤੇ ਅਗਾਊਂ ਜ਼ਿੰਦਗੀ ਦੀ ਉਥਲ-ਪੁਥਲ ‘ਚ ਸਮੇਂ ਸਿਰ ਸਹਾਈ ਸਿੱਧ ਹੁੰਦੀ ਹੈ।
ਪੁਰਾਣੇ ਸਿਰੜੀ, ਜੁਗਤੀ, ਨੇਮੀ, ਦ੍ਰਿੜ ਅਸੂਲਾਂ ਦੇ ਧਾਰਨੀ ਸਾਡੇ ਬਜੁਰਗ, ਬੇਅੰਤ ਤੰਗੀਆਂ ਤੁਰਸ਼ੀਆਂ, ਸੀਮਤ ਸਾਧਨਾਂ, ਅਤਿ ਸੰਕੋਚ ‘ਚ ਵਿਚਰਦਿਆਂ ਡੋਲਿਆ ਨਹੀਂ ਸਨ ਕਰਦੇ। ਇਹ ਤਦੇ ਸੰਭਵ ਸੀ ਕਿ ਉਨ੍ਹਾਂ ਦੇ ਮਨ ਦੀਆਂ ਪਰਤਾਂ ਵਿਚ ਕੁਝ ਵਿਸ਼ੇਸ਼ ਤੇ ਖਾਸ ਨੇਮ ਅਤੇ ਧਾਰਨਾਵਾਂ ਸਮੋਈਆਂ ਹੁੰਦੀਆਂ ਸਨ, ਜ੍ਹਿਨਾਂ ਦਾ ਆਸਰਾ ਲੈ ਔਖੀ ਤੋਂ ਔਖੀ ਕਠਿਨਾਈ ਵਿਚ ਦੀ ਵੀ ਇਉਂ ਨਿਕਲ ਜਾਇਆ ਕਰਦੇ ਸਨ, ਜਿਵੇਂ ਮੱਖਣ ਵਿਚੋਂ ਵਾਲ ਨਿਕਲ ਜਾਂਦਾ ਹੈ। ਸਿਆਣੇ ਸੁਘੜ ਪੁਰਸ਼ਾਂ ਕੋਲ ਮਨ ਨੂੰ ਉਸਾਰੂ ਪਾਸੇ ਰੱਖਣ ਅਤੇ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿਣ ਦੇ ਬੇਅੰਤ ਥਮਲੇ ਰੂਪੀ ਵਿਚਾਰ ਹੁੰਦੇ ਸਨ। ਪਿੰਡਾਂ ਦੇ ਸਾਧਾਰਨ, ਸਾਦਾ ਜੀਵਨ ‘ਚ ਅੱਜ ਵਾਂਗ ਚਕਾਚੌਂਧ ਵਾਲੀਆਂ ਸੇਵਾਵਾਂ ਉਪਲੱਭਧ ਨਹੀਂ ਸਨ। ਆਪਸੀ ਤਾਲ-ਮੇਲ, ਮੇਲ-ਮਿਲਾਪ ਦੀ ਭਾਵਨਾ ਕਈ ਘਾਟਾਂ-ਵਾਧਾਂ ਪੂਰੀਆਂ ਕਰ ਦਿਆ ਕਰਦੀ ਸੀ। ਪਿੰਡਾਂ ‘ਚ ਆਮ ਕਈ ਦਾਨੇ ਬਜੁਰਗ ਹੁੰਦੇ ਸਨ, ਚਾਹੇ ਉਹ ਭਾਈ ਹੋਣ ਜਾਂ ਮਾਈਆਂ, ਜਦੋਂ ਉਨ੍ਹਾਂ ਕੋਲ ਲੋੜਵੰਦ ਤੇ ਲੋੜਕੂ ਆਪਣੇ ਮਨ ਦੀਆਂ ਉਲਝੀਆਂ ਤਾਣੀਆਂ, ਪਰਤਾਂ ਵਿਚੋਂ ਕੱਢ ਕੱਢ ਉਨ੍ਹਾਂ ਅੱਗੇ ਰੱਖਦੇ ਤੇ ਉਨ੍ਹਾਂ ਸਿਆਣਿਆਂ ਕੋਲ ਪਹਿਲਾਂ ਹੀ, ਆਪਣੇ ਮਨ ‘ਚ ਪਰਤ ਦਰ ਪਰਤ ਧਰੀਆਂ ਪਈਆਂ ਦਲੀਲਾਂ, ਤਜ਼ਰਬਿਆਂ ਦੀ ਤਰਕ ਨਾਲ; ਉਨ੍ਹਾਂ ਦੇ ਦੁੱਖ ਦਲਿੱਦਰਾਂ ਦੀਆਂ ਉਲਝੀਆਂ ਤਾਣੀਆਂ ਦੀਆਂ ਤੰਦਾਂ ਨੂੰ ਸੁਲਝਾਉਣ ਲਈ ਉਪਾਅ ਉੱਘੜ ਆਉਂਦੇ ਸਨ। ਅੱਜ ਵਾਂਗ ਹਸਪਤਾਲਾਂ ਦਾ ਆਸਰਾ ਨਹੀਂ ਸੀ ਮਿਲਦਾ। ਪੰਜਾਬੀਆਂ ਦੇ ਸੁਭਾਅ ਪ੍ਰਾਹੁਣਚਾਰੀ ਤੇ ਆਓ-ਭਗਤ ਲਈ ਵਿਲੱਖਣ ਦਰਜਾ ਰੱਖਦੇ ਹਨ। ਅੱਜ ਦੇ ਕਾਹਲ ਦੇ ਯੁੱਗ ‘ਚ ਇਸ ਨੂੰ ਕੁਝ ਖੋਰਾ ਜਰੂਰ ਲੱਗਾ ਹੈ। ਆਏ ਪ੍ਰਾਹੁਣੇ ਦੀ ਆਓ-ਭਗਤ ਕਰਨਾ ਪਰਿਵਾਰ ਦਾ ਪ੍ਰਮੁੱਖ ਕਾਰਜ ਹੁੰਦਾ ਸੀ। ਸਭ ਕੰਮ ਕਾਜ ਛੱਡ ਕੇ ਪ੍ਰਾਹੁਣੇ ਨੂੰ ਪਿਆਰ ਸਤਿਕਾਰ ਨਾਲ ਨਿਵਾਜਿਆ ਜਾਂਦਾ ਸੀ, ਇਹ ਤਦੇ ਹੁੰਦਾ ਸੀ ਕਿ ਪੁਸ਼ਤ ਦਰ ਪੁਸ਼ਤ ਮਨ ਦੀਆਂ ਪਰਤਾਂ ‘ਚ ਦੱਬੀਆਂ ਇਹ ਆਓ-ਭਗਤ ਦੀਆਂ ਪਰੰਪਰਾਵਾਂ ਆਪਣੇ ਆਪ ਹੀ ਅੱਗੇ ਤੋਂ ਅੱਗੇ ਤੁਰੀਆਂ ਤੇ ਅਗਲੀਆਂ ਪੀੜ੍ਹੀਆਂ ਦੇ ਸਪੁਰਦ ਹੁੰਦੀਆਂ ਰਹਿੰਦੀਆਂ ਸਨ।
ਸਾਡੇ ਘਰ ਦੇ ਵਿਹੜੇ ‘ਚ ਬਹੁਤ ਭਾਰੀ ਨਿੰਮ ਦਾ ਦਰੱਖਤ ਸੀ, ਗਰਮੀਆਂ ਨੂੰ ਉਸ ਦੀ ਠੰਡੀ ਸੰਘਣੀ ਛਾਂ ਹੁੰਦੀ ਸੀ; ਵੱਡੇ ਦਰਵਾਜੇ ਵਾਲੀ ਡਿਉਢੀ ਸੀ, ਜਿਸ ਵਿਚ ਦੀ ਜੁੜਿਆ ਜੁੜਾਇਆ ਗੱਡਾ ਅੰਦਰ ਲੰਘ ਸਕਦਾ ਸੀ। ਗਰਮੀਆਂ ਵਿਚ ਜਦੋਂ ਉਸ ਡਿਉਢੀ ਦਾ ਦਰਵਾਜਾ ਖੋਲ੍ਹ ਬੈਠੀਦਾ ਸੀ ਤਾਂ ਨਿੰਮ ਦੀ ਛਾਂ ਥੱਲੇ ਦੀ ਫਰਨ ਫਰਨ ਕਰਦੀ ਹਵਾ, ਜਦੋਂ ਡਿਉਢੀ ਵਿਚ ਦੀ ਸਕਾਟੇ ਮਾਰਦੀ ਲੰਘਣੀ ਤਾਂ ਸਰੀਰ ਨੂੰ ਇਉਂ ਠੰਡਕ ਮਿਲਦੀ ਸੀ ਜਿਵੇਂ ਏਅਰਕੰਡੀਸ਼ਨ ਕਮਰਾ ਹੋਵੇ। ਅਕਸਰ ਹੀ ਉੱਥੇ ਨਿੰਮ ਥੱਲੇ ਤੇ ਡਿਉਢੀ ‘ਚ ਡਾਹੇ ਮੰਜਿਆਂ ‘ਤੇ ਦੁਪਹਿਰ ਨੂੰ ਤੁਰੇ ਜਾਂਦੇ ਰਾਹੀ ਪਾਂਧੀ ਘੜੀ ਅਰਾਮ ਕਰਨ ਲਈ ਰੁਕਦੇ ਤਾਂ ਮੇਰੇ ਬੀਬੀ ਜੀ ਲੱਸੀ-ਪਾਣੀ ਉਨ੍ਹਾਂ ਨੂੰ ਪਿਆਉਣਾ ਆਪਣਾ ਪਰਮ ਫਰਜ਼ ਸਮਝਿਆ ਕਰਦੇ ਸੀ। ਇੰਜ ਨੇੜਲੇ ਪਿੰਡਾਂ ਦੇ ਠਾਹਰ ਕਰਨ ਵਾਲੇ ਵਾਕਫਕਾਰ ਸਾਡੇ ਘਰ ਰੁਕ ਕੇ ਅਰਾਮ ਕਰਨਾ ਓਪਰਾ ਨਹੀਂ ਸਨ ਸਮਝਦੇ। ਰਾਹੀ-ਪਾਂਧੀ ਨੂੰ ਲੱਸੀ ਪਾਣੀ ਪਿਆ ਬੀਬੀ ਜੀ ਅੰਦਰੂਨੀ ਖੁਸ਼ੀ ਮਾਣਦੇ ਸਨ।
ਆਂਢ-ਗੁਆਂਢ ਜਾਂ ਪਿੰਡ ‘ਚ ਕਿਸੇ ਨੂੰ ਘਰੇਲੂ ਬਖੇੜਾ ਜਾਂ ਕਲੇਸ਼ ਨੇ ਸਤਾਇਆ ਹੋਵੇ ਤਾਂ ਉਹ ਆਪਣਾ ਮਨ ਹੌਲਾ ਕਰਨ ਲਈ ਉਨ੍ਹਾਂ ਕੋਲ ਆਪਣੇ ਦੁਖੜੇ ਫਰੋਲ ਫਰੋਲ ਢੇਰ ਲਾ ਦਿਆ ਕਰਦੇ ਸਨ। ਬੀਬੀ ਜੀ ਆਪਣੇ ਧਾਰਮਿਕ ਅਕੀਦੇ ‘ਚ ਪਰਪੱਕ ਹੋਣ ਕਰਕੇ ਦਲੀਲ ਨਾਲ, ਬੇਅੰਤ ਮਿਸਾਲਾਂ ਦੇ ਦੇ ਕੇ ਆਏ-ਗਏ ਦੇ ਡਿੱਗੇ ਮਨ ਨੂੰ ਲੋਹੇ ਦੇ ਥੰਮ ਵਾਂਗ ਢਾਰਸ ਦੇ, ਪਰਿਵਾਰਕ ਉਲਝਣਾਂ ਦੇ ਆਲਮ ‘ਚੋਂ ਧੂ ਬਾਹਰ ਕੱਢ ਦਿਆ ਕਰਦੇ ਸਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਅੰਦਰੂਨੀ ਬਲ ਮਿਲਦਾ ਸੀ; ਇਸੇ ਕਰਕੇ ਉਹ ਵਿਚਾਰ ਦਲੀਲ ਨਾਲ ਪਰਿਵਾਰਕ ਝਮੇਲਿਆਂ ‘ਚੋਂ ਰਾਹਤ ਦਿਵਾਉਂਦੇ ਕਦੇ ਅਕੇਵਾਂ ਮਹਿਸੂਸ ਨਹੀਂ ਸੀ ਕਰਦੇ। ਇਹ ਤਦੇ ਸੰਭਵ ਸੀ ਕਿ ਉਨ੍ਹਾਂ ਦੇ ਮਨ ਦੀਆਂ ਪਰਤਾਂ ‘ਚ ਹੋਰਾਂ ਲਈ ਸਹਾਈ ਹੋਣਾ, ਕੁੱਟ ਕੁੱਟ ਭਰਿਆ ਹੋਇਆ ਸੀ।
ਮੇਰੇ ਵੱਡੇ ਭੈਣ ਜੀ 1992 ਤੱਕ, 35 ਸਾਲ ਚੰਡੀਗੜ੍ਹ ਰਹੇ, ਸਾਡੇ ਭਾਈਆ ਜੀ ਚੰਡੀਗ੍ਹੜ ਸੈਕਟਰੀਏਟ ‘ਚ ਸਰਕਾਰੀ ਨੌਕਰੀ ਕਰਦੇ ਸਨ। ਘਰ ਭਾਵੇਂ ਉਨ੍ਹਾਂ ਦਾ ਬਹੁਤਾ ਵੱਡਾ ਨਹੀਂ ਸੀ, ਪਰ ਆਏ ਗਏ ਦਾ ਆਦਰ ਸਤਿਕਾਰ ਕਰਨੋਂ ਉਨ੍ਹਾਂ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਮੈਂ ਜਦੋਂ ਛੋਟਾ ਸਾਂ ਤਾਂ ਮੇਰੇ ਮਨ ‘ਚ ਚੰਡੀਗ੍ਹੜ ਉਨ੍ਹਾਂ ਕੋਲ ਜਾਣ ਲਈ ਸਦਾ ਤਾਂਘ ਰਹਿੰਦੀ ਸੀ। ਮੁੱਲ ਦੇ ਦੁੱਧ ਦੀ ਬਣਾਈ ਚਾਹ ਦੇ ਨਾਲ ਡਬਲਰੋਟੀ ਦਾ ਸੁਆਦ ਨਾਲ ਪਚਾਕੇ ਮਾਰ ਮਾਰ ਖਾਣ ਦਾ ਜੋ ਅਨੰਦ ਆਉਂਦਾ ਸੀ, ਉਹ ਮੁੜ ਕਦੇ ਨਹੀਂ ਆਇਆ। ਉਹ ਬਹੁਤ ਸਾਊ ਤੇ ਨੇਕ ਸੁਭਾਅ ਸਨ, ਜਦੋਂ ਰਿਸ਼ਤੇਦਾਰੀ ‘ਚ ਕਿਸੇ ਬਿਮਾਰ ਨੇ ਵੱਡੇ ਹਸਪਤਾਲ (ਪੀ. ਜੀ. ਆਈ.) ਦਾਖਲ ਹੋਣਾ ਤਾਂ ਸਵੇਰ ਸ਼ਾਮ ਰੋਟੀ ਪਾਣੀ ਘਰੋਂ ਤਿਆਰ ਕਰਕੇ, ਦੋ ਵੇਲੇ ਲੋਕਲ ਬੱਸ ਚੜ੍ਹ ਕੇ ਹਸਪਤਾਲ ਅੱਪੜਦਾ ਕਰਨਾ ਉਨ੍ਹਾਂ ਦਾ ਨੇਮ ਸੀ; ਕਦੇ ਔਖਿਆਈ ਨਹੀਂ ਸੀ ਮੰਨੀ।
ਕਿਸੇ ਦੇ ਕੋਈ ਮੁਕੱਦਮਾ ਹੋ ਗਿਆ, ਚੰਡੀਗੜ੍ਹ ਹਾਈ ਕੋਰਟ ‘ਚ ਤਰੀਕ ਹੈ ਤਾਂ ਕਚਹਿਰੀ ਜਾਣ ਤੋਂ ਇੱਕ ਦਿਨ ਪਹਿਲਾਂ ਡੇਰਾ ਭੈਣ ਜੀ ਦੇ ਘਰ ਹੀ ਹੁੰਦਾ ਸੀ। ਚਾਹ ਪਾਣੀ ਪਿਆਉਂਦਿਆਂ ਤੇ ਰੋਟੀ ਪਾਣੀ ਖਵਾਉਂਦਿਆਂ ਕਦੇ ਉਹ ਥੱਕੇ ਨਹੀਂ ਸਨ। ਪ੍ਰਾਹੁਣੇ ਚਾਹੇ ਚਾਰ ਆ ਜਾਣ, ਚਾਹੇ ਦਸ, ਸਭ ਦਾ ਖਾਣ ਪੀਣ ਦਾ ਤੇ ਸੌਣ ਦਾ ਪ੍ਰਬੰਧ ਘਰੇ ਖੁਸ਼ੀ ਖੁਸ਼ੀ ਕਰਦੇ ਸਨ; ਮੱਥੇ ਤਿਉੜੀ ਉਨ੍ਹਾਂ ਦੇ ਕਦੇ ਦੇਖੀ ਨਹੀਂ ਸੀ। ਪੈਂਤੀ ਸਾਲਾਂ ‘ਚ ਉਨ੍ਹਾਂ ਦੇ ਸਹੁਰੇ ਤੇ ਪੇਕੇ ਪਰਿਵਾਰਾਂ ਅਤੇ ਹੋਰ ਜਾਣਕਾਰਾਂ ਸਮੇਤ ਕਿੰਨੇ ਰਿਸ਼ਤੇਦਾਰਾਂ ਹਾਈ ਕੋਰਟ ‘ਚ ਤਰੀਕਾਂ ਭੁਗਤਦਿਆਂ ਤੇ ਕਿੰਨੇ ਮਰੀਜ਼ਾਂ ਪੀ. ਜੀ. ਆਈ. ਵਿਚ ਇਲਾਜ ਕਰਵਾਉਂਦਿਆਂ, ਉਨ੍ਹਾਂ ਦੇ ਘਰ ਡੇਰਾ ਕੀਤਾ, ਇਸ ਦਾ ਕੋਈ ਅੰਤ ਨਹੀਂ।
ਅੱਜ ਮੈਂ ਆਪਣੇ ਮਨ ਦੀਆਂ ਪਰਤਾਂ ‘ਚ ਦੱਬੀਆਂ ਯਾਦਾਂ ਕੱਢ, 60-65 ਸਾਲ ਭੁਤਪੂਰਵ ਸਮੇਂ ‘ਚ ਜਾ ਨਿੱਘੀ ਯਾਦ ਦਾ ਅਨੰਦ ਵੀ ਲੈ ਰਿਹਾਂ ਤੇ ਮਨ ‘ਚ ਉਦਾਸੀ ਦਾ ਆਲਮ ਵੀ ਬਣਦਾ ਹੈ ਕਿ ਕਿੰਨਾ ਅਦਭੁੱਤ, ਰੰਗੀਲਾ, ਸ਼ਾਂਤਮਈ, ਪਿਆਰ, ਨਿੱਘ ਤੇ ਅੰਦਰੂਨੀ ਸਕੂਨ ਦੇਣ ਵਾਲਾ ਸਮਾਂ ਸੀ ਉਹ, ਜੋ ਅੱਜ ਮਨ ਦੀਆਂ ਪਰਤਾਂ ‘ਚੋਂ ਉੱਛਲ ਉੱਛਲ ਬਾਹਰ ਨੂੰ ਆ ਰਿਹਾ ਹੈ।
ਮਨ ਦੀਆਂ ਪਰਤਾਂ ‘ਚ ਹੋਰ ਪਤਾ ਨਹੀਂ ਕਿੰਨੀਆਂ ਕੁ ਖੱਟੀਆਂ-ਮਿੱਠੀਆਂ ਯਾਦਾਂ, ਕਿੰਨੀਆਂ ਚੰਗੀਆਂ-ਮਾੜੀਆਂ ਘਟਨਾਵਾਂ ਦੇ ਪ੍ਰਭਾਵ ਸਮੋਏ ਹੋਏ ਹਨ, ਸਮਾਂ ਆਉਣ ‘ਤੇ ਹੀ ਪ੍ਰਗਟ ਹੋ ਰੰਗ ਦਿਖਾਉਂਦੇ ਹਨ; ਇਹ ਪਰਤਾਂ ਸਮੁੰਦਰ ਦੀ ਨਿਆਈਂ ਹਨ, ਜਿਸ ‘ਚ ਪਤਾ ਨਹੀਂ ਕਿੰਨੇ ਕੁ ਤੁਬਕੇ ਵੱਖੋ ਵੱਖਰੀਆਂ ਯਾਦਾਂ, ਘਟਨਾਵਾਂ ਦੇ ਜਜ਼ਬ ਹੋਏ ਪਏ ਹਨ, ਕੋਈ ਥਹੁ ਹੀ ਨਹੀਂ; ਤੇ ਇਨ੍ਹਾਂ ਪਰਤਾਂ ‘ਚ ਦੱਬੀਆਂ ਉਹ ਘਟਨਾਵਾਂ ਜਿਨ੍ਹਾਂ ਜ਼ਿੰਦਗੀ ‘ਚ ਅਹਿਮ ਮੋੜਾ ਦਿੱਤਾ, ਜਿਨ੍ਹਾਂ ਔਖੇ ਤੇ ਔਝੜੇ ਰਾਹਾਂ ‘ਚੋਂ ਬਾਹੋਂ ਫੜ ਬਾਹਰ ਕੱਢਿਆ, ਉਨ੍ਹਾਂ ਨੂੰ ਯਾਦ ਕਰ, ਮਨ ਦੀਆਂ ਪਰਤਾਂ ‘ਚੋਂ ਬਾਹਰ ਕੱਢ ਝਾਤ ਮਾਰੀਏ ਤਾਂ ਇੱਕ ਅਦਭੁੱਤ ਹਲਚਲ ਮਹਿਸੂਸ ਹੁੰਦੀ ਹੈ।