ਹਥਲੀ ਲਿਖਤ ਵਿਚ ਇੰਦਰਜੀਤ ਚੁਗਾਵਾਂ ਨੇ ਬਾਬੇ ਨਾਨਕ ਵੱਲੋਂ ਲਾਏ ਸਾਂਝੀਵਾਲਤਾ ਦੇ ਬਰੋਟੇ ਦੀ ਚੜ੍ਹਦੇ ਤੇ ਲਹਿੰਦੇ-ਦੋਹਾਂ ਪੰਜਾਬਾਂ ਅੰਦਰ ਖਿਲਰੀ ਛਾਂ ਨੂੰ ਦਿਲ ਟੁੰਬਵੇਂ ਸ਼ਬਦਾਂ ਵਿਚ ਬਿਆਨ ਕੀਤਾ ਹੈ। ਇਹ ਆਸ ਵੀ ਪ੍ਰਗਟਾਈ ਹੈ ਕਿ ਕਿਸੇ ਵੀ ਪਾਸਿਓਂ ਫਿਰਕੂ-ਫਾਸ਼ੀਵਾਦ ਤੇ ਕੱਟੜਵਾਦ ਦਾ ਕੁਹਾੜਾ ਜਿੰਨਾ ਇਸ ਨੂੰ ਛਾਂਗਣ ਦੀ ਕੋਸ਼ਿਸ਼ ਕਰੇਗਾ, ਇਹ ਓਨਾ ਹੀ ਵਧੇਰੇ ਮੌਲੇਗਾ! ਲੇਖਕ ਨੇ ਨਾਲ ਦੀ ਨਾਲ ਸਵਾਲ ਵੀ ਖੜ੍ਹਾ ਕੀਤਾ ਹੈ ਕਿ ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਹੀ ਕਿਉਂ ਮਰਦੇ ਐ?
-ਸੰਪਾਦਕ
ਇੰਦਰਜੀਤ ਚੁਗਾਵਾਂ
ਫਰਿਜ਼ਨੋ ਕਾਊਂਟੀ ਦਾ ਸ਼ਹਿਰ ਰੀਡਲੀ। ਮਾਊਂਟੇਨਵਿਊ ‘ਤੇ ਆਪਣੇ ਲੋਡ ਦੀ ਉਡੀਕ ਕਰ ਰਹੇ ਸੀ। ਟਰੱਕ ‘ਚੋਂ ਥੱਲੇ ਉਤਰ ਕੇ ਰੈਸਟ ਰੂਮ ਜਾਣ ਲਈ ਵਧੇ ਤਾਂ ਜਾਪਿਆ ਕਿ ਕੋਈ ਸਾਡੇ ਵੱਲ ਗਹੁ ਨਾਲ ਦੇਖ ਰਿਹਾ ਹੈ। ਨਿਗਾਹ ਖੱਬੇ ਪਾਸੇ ਗਈ ਤਾਂ ਦੋ ਨੌਜਵਾਨ ਮੁੰਡੇ ਸਾਡੇ ਵੱਲ ਦੇਖ ਮੁਸਕਰਾ ਰਹੇ ਸਨ। “ਜ਼ਰੂਰ ਪੰਜਾਬੀ ਹੋਣਗੇ!” ਇਹ ਸੋਚ ਕੇ ਹੱਥ ਹਿਲਾ ਦਿੱਤਾ ਤੇ ਪੈਰ ਆਪ ਮੁਹਾਰੇ ਉਨ੍ਹਾਂ ਵੱਲ ਹੋ ਤੁਰੇ। ਸਾਨੂੰ ਦੇਖ ਉਹ ਵੀ ਛੜੱਪਾ ਮਾਰ ਹੇਠਾਂ ਉਤਰ ਆਏ। “ਕੀ ਹਾਲ ਬਈ ਜਵਾਨੋ?” ਮੈਂ ਕਿਹਾ। ਉਨ੍ਹਾਂ ‘ਚੋਂ ਉਚੇ ਕੱਦ ਵਾਲਾ ਮੁੰਡਾ ਅੱਗੇ ਹੋ ਗਰਮਜੋਸ਼ੀ ਨਾਲ ਮਿਲਿਆ।
“ਤੁਸੀਂ ਕਿੱਥੋਂ?” ਇਹ ਸਵਾਲ ਪਰਵਾਸੀਆਂ ਦੀ ਜ਼ੁਬਾਨ ‘ਤੇ ਆਮ ਹੀ ਹੁੰਦੈ ਤੇ ਮੈਂ ਵੀ ਕਰ ਦਿੱਤਾ। ਉਹ ਕਹਿਣ ਲੱਗਾ, “ਜੀ ਮੈਂ ਸਿਆਲਕੋਟ ਤੋਂ, ਇਹ ਆਤਿਫ ਲਾਹੌਰ ਤੋਂ!” ਮੇਰੇ ਮੂੰਹੋਂ ਸਹਿਵਨ ਹੀ ਨਿਕਲ ਗਿਆ, “ਉਹੋ, ਤੁਸੀਂ ਪਾਕਿਸਤਾਨ ਤੋਂ…!” ਮੇਰੇ ਅੰਦਰੋਂ ਜਿਵੇਂ ਉਬਾਲ ਜਿਹਾ ਉਠ ਖੜੋਇਆ ਹੋਵੇ। ਮੈਂ ਕਿਹਾ, “ਮੇਰੀਆਂ ਜੜ੍ਹਾਂ ਵੀ ਪਾਕਿਸਤਾਨ ‘ਚ ਹੀ ਹਨ। ਮੇਰੇ ਬਜੁਰਗ ਜੜ੍ਹਾਂਵਾਲਾ ਦੇ ਨਾਲ ਲੱਗਦੇ ਪਿੰਡ ਪਾਓਲਾਣੀ ਜੰਡਿਆਲਾ (ਚੱਕ ਨੰ. 101) ‘ਚੋਂ ਉਠ ਕੇ ਆਏ ਸਨ!”
ਜਾਵੇਦ ਨੇ ਦੱਸਿਆ ਕਿ ਉਸ ਦੇ ਕੁਝ ਰਿਸ਼ਤੇਦਾਰ ਨਵਾਂ ਸ਼ਹਿਰ ਤੋਂ ਆਏ ਸਨ। ਉਨ੍ਹਾਂ ਦੀ ਜ਼ੁਬਾਨ ‘ਤੇ ਹਮੇਸ਼ਾ ਨਵਾਂ ਸ਼ਹਿਰ ਈ ਰਹਿੰਦਾ ਸੀ। ਉਹ ਬਜੁਰਗ ਭਾਵੇਂ ਹੁਣ ਨਹੀਂ ਰਹੇ, ਪਰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਆਪਣੇ ਬਜੁਰਗਾਂ ਦੀ ਜੰਮਣ ਭੋਇੰ ਨੂੰ ਓਨੇ ਹੀ ਮੋਹ ਨਾਲ ਯਾਦ ਕਰਦੀਆਂ ਹਨ ਅਤੇ ਸਾਨੂੰ ਚੰਗਾ ਲਗਦੈ ਇਹ ਮੋਹ ਦੀਆਂ ਤੰਦਾਂ ਦੇਖ ਕੇ। ਜਾਵੇਦ ਜਦ ਇਹ ਗੱਲ ਕਰ ਰਿਹਾ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਮੇਰੀ ਹੀ ਗੱਲ ਕਰ ਰਿਹਾ ਹੋਵੇ!
ਜਾਵੇਦ ਦਾ ਪਿੰਡ ਕਰਤਾਰਪੁਰ ਸਾਹਿਬ ਦੇ ਨਾਲ ਈ ਹੈ। ਉਹ ਬਾਬਾ ਨਾਨਕ ਬਾਰੇ ਗੱਲਾਂ ਕਰਨ ਲੱਗਾ, “ਬਜੁਰਗ ਦੱਸਦੇ ਹਨ ਕਿ ਜਦ ਬਾਬਾ ਨਾਨਕ ਫੌਤ ਹੋਏ ਤਾਂ ਹਿੰਦੂ ਤੇ ਮੁਸਲਮਾਨ ਲੜ ਪਏ। ਦੋਵੇਂ ਆਖਣ ਕਿ ਇਹ ਤਾਂ ਸਾਡਾ ਬਾਬਾ ਐ, ਹੋਰ ਕਿਸੇ ਦਾ ਕੋਈ ਹੱਕ ਨਹੀਂ ਇਸ ‘ਤੇ। ਫੇਰ ਆਖਰ ਫੈਸਲਾ ਹੋਇਆ ਕਿ ਬਾਬੇ ਦਾ ਕਫਨ ਪਾੜ ਕੇ ਦੋ ਹਿੱਸਿਆਂ ‘ਚ ਕਰ ਦਿੱਤਾ ਜਾਵੇ। ਜਿਸ ਜਗ੍ਹਾ ਤੋਂ ਚਾਦਰ ਪਾੜੀ ਗਈ, ਵੰਡ ਦੀ ਲਕੀਰ ਵੀ ਆ ਕੇ ਉਸੇ ਥਾਂ ਪਈ।”
ਮੈਂ ਉਸ ਦੇ ਹਾਵ-ਭਾਵ ਨੋਟ ਕਰ ਰਿਹਾ ਸਾਂ। ਉਹ ਜਿਵੇਂ ਕਹਿਣਾ ਚਾਹੁੰਦਾ ਹੋਵੇ ਕਿ ਜੇ ਬਾਬੇ ਦੀ ਚਾਦਰ ਨਾ ਪਾੜੀ ਜਾਂਦੀ ਤਾਂ ਵੰਡ ਦੀ ਲਕੀਰ ਵੀ ਨਾ ਪੈਂਦੀ! ਇਹ ਸੋਚ ਕੇ ਮਾਣ ਵੀ ਮਹਿਸੂਸ ਹੋਇਆ ਕਿ ਬਾਬਾ ਨਾਨਕ ਅੱਜ ਵੀ ਸਾਂਝੀਵਾਲਤਾ ਦਾ ਪ੍ਰਤੀਕ ਹੈ!
ਮੇਰੇ ਨਾਲ ਮੇਰਾ ਸਹਿਯੋਗੀ ਦਲਜੀਤ ਵਿਰਕ ਵੀ ਸੀ। ਉਸ ਨੇ ਜਦ ਕਿਹਾ ਕਿ ਜੇ ਨਵਜੋਤ ਸਿੱਧੂ ਤੇ ਇਮਰਾਨ ਖਾਨ ਨਾ ਹੁੰਦੇ ਤਾਂ ਲਾਂਘਾ ਕਿੱਥੋਂ ਖੁੱਲ੍ਹਣਾ ਸੀ! ਮੈਂ ਨਾਲ ਈ ਗੱਲ ਜੋੜੀ ਕਿ ਆਪਣਾ ਪੰਜਾਬ ਪੁਲਿਸ ਮੁਖੀ ਤਾਂ ਕਹਿੰਦੈ ਕਿ ਜੋ ਲਾਂਘਾ ਪਾਰ ਕਰਕੇ ਜਾਂਦੇ ਹਨ, ਬਾਬੇ ਦੇ ਦੁਆਰੇ, ਉਹ ਅਤਿਵਾਦੀ ਬਣ ਕੇ ਵਾਪਸ ਆਉਂਦੇ ਹਨ।
ਅਤਿਵਾਦ ਦਾ ਜ਼ਿਕਰ ਛਿੜਿਆ ਤਾਂ ਜਾਵੇਦ ਕਹਿਣ ਲੱਗਾ ਕਿ ਮੀਡੀਆ ਦਾ ਹਾਲ ਭਾਵੇਂ ਸਾਡੇ ਵੀ ਚੰਗਾ ਨਹੀਂ, ਪਰ ਤੁਹਾਡੇ ਮੀਡੀਆ ਨੂੰ ਤਾਂ ਪਾਕਿਸਤਾਨ ਨੂੰ ਗਾਲ੍ਹਾਂ ਕੱਢਣ ਤੋਂ ਬਿਨਾ ਕੋਈ ਗੱਲ ਈ ਨਹੀਂ ਆਉਂਦੀ। ਉਹ ਬੀਬੀ ਜੀਹਦਾ ਨਾਂ ਅੰਜਨਾ ਓਮ ਕਸ਼ਿਅਪ ਐ, ਬਾਹਲੀ ਜ਼ਿਆਦਾ ਜ਼ਹਿਰ ਉਗਲਦੀ ਐ। ਮੈਂ ਉਸ ਨੂੰ ਦਰੁਸਤ ਕਰਦਿਆਂ ਕਿਹਾ ਕਿ ਇਕੱਲੀ ਅੰਜਨਾ ਨਹੀਂ, ਸਾਡਾ ਸਾਰਾ ਮੀਡੀਆ ਹੀ ਜ਼ਹਿਰ ਉਗਲ ਰਿਹਾ ਹੈ। ਸਾਡੇ ਕੋਲ ਤਾਂ ਹੁਣ ਐਨ. ਡੀ. ਟੀ. ਵੀ. ਤੋਂ ਸਿਵਾਏ ਹੈ ਈ ਕੁਝ ਨਹੀਂ। ਮੈਨੂੰ ਚੰਗਾ ਲੱਗਾ ਜਦ ਉਸ ਨੇ ਰਵਿਸ਼ ਦਾ ਨਾਂ ਲੈਂਦਿਆਂ ਕਿਹਾ, “ਭਾਜੀ ਉਹ ਬੰਦਾ ਹੈ, ਜੋ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਈ ਕਰਦੈ। ਉਸ ਨੂੰ ਸੁਣ ਕੇ ਚੰਗਾ ਲਗਦੈ।”
ਜਾਵੇਦ ਨੇ ਇੱਕ ਹੋਰ ਮਜ਼ੇਦਾਰ ਗੱਲ ਸੁਣਾਈ, “ਇੱਕ ਇੰਡੀਅਨ ਦੋਸਤ ਨੂੰ ਜਦ ਪਤਾ ਲੱਗਾ ਕਿ ਮੈਂ ਪਾਕਿਸਤਾਨੀ ਹਾਂ ਤਾਂ ਉਹ ਬੜਾ ਹੈਰਾਨ ਹੋਇਆ। ਕਹਿਣ ਲੱਗਾ, ‘ਯਾਰ! ਮੈਨੂੰ ਤਾਂ ਲਗਦਾ ਸੀ ਕਿ ਤੁਸੀਂ ਕਿਸੇ ਪਾਕਿਸਤਾਨੀ ਨੂੰ ਮਿਲੇ ਨਹੀਂ ਤੇ ਬੰਬ ਧਮਾਕਾ ਹੋਇਆ ਨਹੀਂ! ਤੁਸੀਂ ਤਾਂ ਬਿਲਕੁਲ ਈ ਵੱਖਰੇ ਓ ਯਾਰ!’ ਮੈਂ ਉਸ ਨੂੰ ਦੱਸਿਆ ਕਿ ਸਾਨੂੰ ਵੀ ਇਹੋ ਦੱਸਿਆ ਜਾਂਦਾ ਰਿਹੈ ਕਿ ਇੰਡੀਆ ਜਾਂਦੇ ਤੁਸੀਂ ਚੰਗੇ ਭਲੇ ਓ ਤੇ ਉਥੋਂ ਅੱਵਲ ਤਾਂ ਵਾਪਸ ਨਹੀਂ ਮੁੜਦੇ, ਤੁਹਾਨੂੰ ਅਗਵਾ ਕਰ ਲਿਆ ਜਾਂਦੈ ਤੇ ਜੇ ਮੁੜਦੇ ਓ ਤਾਂ ਤਾਬੂਤ ‘ਚ ਬੰਦ ਹੋ ਕੇ।”
ਆਤਿਫ ਆਖਣ ਲੱਗਾ ਕਿ ਕੁਝ ਇੱਕ ਲੋਕ ਬੁਰੇ ਹੁੰਦੇ ਆ, ਪਰ ਸਾਰੇ ਨਹੀਂ! ਮੈਂ ਕਿਹਾ ਕਿ ਲੋਕ ਦਰਅਸਲ ਬੁਰੇ ਹੁੰਦੇ ਈ ਨਹੀਂ, ਉਨ੍ਹਾਂ ਨੂੰ ਬੁਰੇ ਬਣਨ ਲਈ ਉਕਸਾਇਆ ਜਾਂਦੈ। ਦੋਹਾਂ ਨੇ ਮੇਰੀ ਗੱਲ ‘ਤੇ ਸਹਿਮਤੀ ਜਤਾਈ।
ਜਾਵੇਦ ਆਖਣ ਲੱਗਾ, “ਤੁਹਾਡੇ ਕੁਝ ਇੰਡੀਅਨ ਵਿਦਿਆਰਥੀ ਮਿਲੇ ਸਨ, ਪੁੱਛ ਰਹੇ ਸਨ, ‘ਪਾਕਿਸਤਾਨ ਵਿਚਲੇ ਅਤਿਵਾਦੀ ਕੈਂਪ ਕਦੋਂ ਬੰਦ ਹੋਣਗੇ?’ ਮੇਰਾ ਜੁਆਬ ਸੀ, ‘ਗੁਜਰਾਤ ‘ਚ ਕਤਲੇਆਮ ਕਰਨ ਪਾਕਿਸਤਾਨ ਤੋਂ ਅਤਿਵਾਦੀ ਨਹੀਂ ਸਨ ਗਏ, ਦਿੱਲੀ ‘ਚ ਕਤਲੇਆਮ ਪਾਕਿਸਤਾਨ ਤੋਂ ਗਏ ਅਤਿਵਾਦੀਆਂ ਨੇ ਨਹੀਂ ਸੀ ਕੀਤਾ। ਬਿਹਤਰੀ ਇਸੇ ‘ਚ ਹੈ ਕਿ ਆਪੋ-ਆਪਣਾ ਘਰ ਸਾਂਭੀਏ।’ ਇਹ ਜੁਆਬ ਸੁਣ ਕੇ ਉਹ ਥੋੜਾ ਸੋਚਣ ਲਈ ਮਜਬੂਰ ਹੋਏ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਦੇ ਸੋਚਿਆ ਕਿ ਸਰਹੱਦ ਦੇ ਦੋਵੇਂ ਪਾਸੇ ਪੰਜਾਬੀ ਹੀ ਕਿਉਂ ਮਰਦੇ ਐ, ਗੁਜਰਾਤੀ ਜਾਂ ਕਿਸੇ ਹੋਰ ਕੌਮ ਦੇ ਜਵਾਨ ਕਿਉਂ ਨਹੀਂ ਮਰਦੇ? ਮਾਮਲਾ ਕਸ਼ਮੀਰ ਦਾ ਤੇ ਮਰਨ ਪੰਜਾਬੀ, ਭਲਾ ਇਹ ਕੀ ਗੱਲ ਹੋਈ! ਛੋਟੀ ਉਮਰ ਦੇ ਸਨ, ਉਨ੍ਹਾਂ ਕੋਲ ਮੇਰੀਆਂ ਗੱਲਾਂ ਦਾ ਜੁਆਬ ਕੋਈ ਨਹੀਂ ਸੀ, ਪਰ ਚੰਗੀ ਗੱਲ ਇਹ ਕਿ ਉਹ ਮੇਰੀਆਂ ਗੱਲਾਂ ‘ਤੇ ਵਿਚਾਰ ਜ਼ਰੂਰ ਕਰ ਰਹੇ ਸਨ।”
ਜਾਵੇਦ ਦੀ ਨਜ਼ਰ ‘ਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਸਭ ਠੀਕ ਸੀ ਤੇ ਉਸ ਪਿਛੋਂ ਬਚਿਆ ਕੁਝ ਨਹੀਂ।
ਜਾਵੇਦ ਤੇ ਆਤਿਫ ਦੀਆਂ ਗੱਲਾਂ ਸੁਣ ਕੇ, ਸਮੁੱਚੇ-ਚੜ੍ਹਦੇ ਤੇ ਲਹਿੰਦੇ ਪੰਜਾਬ ਬਾਰੇ ਉਨ੍ਹਾਂ ਦੀ ਫਿਕਰਮੰਦੀ ਦੇਖ ਕੇ ਮੈਨੂੰ ਚੰਗਾ ਲੱਗਾ। ਲੋਕ-ਪੱਖੀ ਮੀਡੀਆ ਦਾ ਅੰਗ ਹੁੰਦਿਆਂ ਮੈਂ ਦੋਹਾਂ ਦੇਸ਼ਾਂ ਦੇ ਆਵਾਮ ਦੀ ਦਿਲੀ ਤਮੰਨਾ ਤੋਂ ਭਲੀ-ਭਾਂਤ ਜਾਣੂੰ ਸਾਂ, ਪਤਾ ਹੈ ਕਿ ਦੋਵੇਂ ਪਾਸੇ ਚੋਣਾਂ ਜਿੱਤਣ ਲਈ ਲਾਸ਼ਾਂ ਦੀ ਧੂਣੀ ਸੇਕੀ ਜਾਂਦੀ ਹੈ, ਲੋਕਾਂ ਦੇ ਜਜ਼ਬਾਤ ਦੀ ਪਰਵਾਹ ਕਿਸੇ ਵੀ ਪਾਸੇ ਨਹੀਂ ਹੈ, ਪਰ ਇਹ ਅਹਿਸਾਸ ਪਹਿਲੀ ਵਾਰ ਹੋ ਰਿਹਾ ਸੀ ਕਿ ਮੇਰੇ ਭਾਪਾ ਜੀ ਵੱਲੋਂ ਮੇਰੇ ਅੰਦਰ ਸਿਰਜਿਆ ਪਾਕਿਸਤਾਨ ਬਿਲਕੁਲ ਉਵੇਂ ਹੀ ਜਿਉਂਦਾ ਜਾਗਦਾ ਹੈ, ਜਿਸ ਤਰ੍ਹਾਂ ਦਾ ਭਰੋਸਾ ਭਾਪਾ ਜੀ ਨੂੰ ਸੀ! ਉਨ੍ਹਾਂ ਦੇ ਮੂੰਹੋਂ ਮੈਂ ਕਦੇ ਵੀ ਕਿਸੇ ਮੁਸਲਮਾਨ ਵਿਰੁੱਧ ਕੋਈ ਮੰਦਾ ਬੋਲ ਨਹੀਂ ਸੀ ਸੁਣਿਆ! ਉਹ ਕਿਹਾ ਕਰਦੇ ਸਨ ਕਿ ਵੰਡ ਵੇਲੇ ਕਾਫਲਿਆਂ ‘ਤੇ ਹਮਲੇ ਕਰਨ ਵਾਲੇ ਸ਼ਰਾਰਤੀ ਸਨ, ਮੁਸਲਮਾਨ ਨਹੀਂ! ਜਾਵੇਦ ਤੇ ਆਤਿਫ ਦੇ ਮੂੰਹੋਂ ਵੀ ਕੋਈ ਨਫਰਤੀ ਬੋਲ ਨਹੀਂ ਨਿਕਲਿਆ।
ਜਾਵੇਦ ਦੀ ਇਹ ਗੱਲ ਮੇਰੇ ਦਿਲ ‘ਚ ਡੂੰਘੀ ਉਤਰ ਗਈ, “ਕਿਹੜਾ ਮਸਲਾ ਐ, ਜੋ ਗੱਲਬਾਤ ਨਾਲ ਹੱਲ ਨਹੀਂ ਹੁੰਦਾ? ਆਹਮੋ-ਸਾਹਮਣੇ ਬੈਠਣ ਤੇ ਰੱਟਾ ਮੁਕਾਉਣ। ਲੋਕਾਂ ਨੂੰ ਚੈਨ ਨਾਲ ਜਿਉਣ ਦੇਣ!”
ਜਾਵੇਦ ਤੇ ਆਤਿਫ ਨੂੰ ਲੋਡ ਮਿਲ ਗਿਆ ਸੀ, ਗੱਲਾਂ ਸਨ ਕਿ ਮੁੱਕ ਹੀ ਨਹੀਂ ਸਨ ਰਹੀਆਂ। ਲੂਹ ਦੇਣ ਵਾਲੀ ਧੁੱਪ ਦਾ ਵੀ ਸਾਨੂੰ ਕੋਈ ਅਹਿਸਾਸ ਨਾ ਹੋਇਆ। ਆਪੋ-ਆਪਣੇ ਰਾਹ ਪੈਣਾ ਮਜਬੂਰੀ ਸੀ ਤੇ ਫਰਜ਼ ਵੀ! ਅਸੀਂ ਇੱਕ-ਦੂਜੇ ਦੇ ਨੰਬਰ ਲਏ ਤੇ ਜੱਫੀਆਂ ਪਾ ਕੇ ਵੱਖ ਹੋਏ! ਉਹ ਸੱਦਾ ਦੇ ਕੇ ਗਏ ਹਨ ਕਿ ਪਾਕਿਸਤਾਨ ਜ਼ਰੂਰ ਆਉਣਾ ਤੇ ਸਾਡੇ ਘਰ ਵੀ! ਉਨ੍ਹਾਂ ਦਾ ਇਹ ਸੱਦਾ ਏਨੀ ਅਪਣੱਤ ਵਾਲਾ ਸੀ ਕਿ ਮੇਰਾ ਜੀ ਕਰੇ ਕਿ ਮੈਂ ਹੁਣੇ ਪਾਕਿਸਤਾਨ ਚਲੇ ਜਾਵਾਂ! ਉਸ ਪਾਕਿਸਤਾਨ, ਜਿੱਥੇ ਸਾਡੇ ‘ਰਾਸ਼ਟਰਵਾਦੀ’ ਹਰ ਉਸ ਵਿਅਕਤੀ ਨੂੰ ਭੇਜਣ ਦੀ ਧਮਕੀ ਦਿੰਦੇ ਹਨ, ਜੋ ਉਨ੍ਹਾਂ ਦੇ ਫਾਸ਼ੀਵਾਦੀ ਏਜੰਡੇ ਦਾ ਵਿਰੋਧ ਕਰਦਾ ਹੈ! ਉਸ ਪਾਕਿਸਤਾਨ, ਜਿੱਥੋਂ ਬਾਬੇ ਨਾਨਕ ਦਾ ਸ਼ਰਧਾਲੂ ‘ਅਤਿਵਾਦੀ’ ਬਣ ਕੇ ਵਾਪਸ ਪਰਤਦਾ ਹੈ।
ਸੋਚ ਰਿਹਾ ਹਾਂ ਕਿ ਸਾਡੇ ਬਾਬਾ ਨਾਨਕ ਵੱਲੋਂ ਲਾਇਆ ਸਾਂਝੀਵਾਲਤਾ ਦਾ ਬਰੋਟਾ ਕਿੰਨਾ ਵਿਸ਼ਾਲ ਹੈ! ਇਸ ਦੀਆਂ ਜੜ੍ਹਾਂ ਸਾਡੇ ਵਿਹੜਿਆਂ ‘ਚੋਂ ਹੁੰਦੀਆਂ ਹੋਈਆਂ ਸਰਹੱਦਾਂ ਦੇ ਆਰ-ਪਾਰ ਆਪਸ ‘ਚ ਕਰਿੰਘੜੀ ਪਾਈ ਬੈਠੀਆਂ ਹਨ। ਇਸ ਵੱਲੋਂ ਘੋਲੀ ਗਈ ਮੁਹੱਬਤੀ ਮਿਠਾਸ ਸਾਡੀਆਂ ਰਲਾਂ ‘ਚ ਵਸੀ ਹੋਈ ਹੈ। ਇਹ ਬਰੋਟਾ ਕਦੇ ਵੀ ਸੁੱਕ ਨਹੀਂ ਸਕਦਾ! ਇਹ ਹਰ ਰੰਗ ਦੀ ਹਨੇਰੀ, ਹਰ ਤੂਫਾਨ ਅੱਗੇ ਤਣੇਗਾ! ਕਿਸੇ ਵੀ ਪਾਸਿਓਂ ਫਿਰਕੂ-ਫਾਸ਼ੀਵਾਦ ਤੇ ਕੱਟੜਵਾਦ ਦਾ ਕੁਹਾੜਾ ਜਿੰਨਾ ਇਸ ਨੂੰ ਛਾਂਗਣ ਦੀ ਕੋਸ਼ਿਸ਼ ਕਰੇਗਾ, ਇਹ ਓਨਾ ਹੀ ਵਧੇਰੇ ਮੌਲੇਗਾ!
ਜੀਓ ਜਾਵੇਦ, ਜੀਓ ਆਤਿਫ!
ਜੀਵੇ ਸਾਡਾ ਪੰਜਾਬ!!
ਜੀਵੇ ਹਿੰਦੁਸਤਾਨ, ਜੀਵੇ ਪਾਕਿਸਤਾਨ!!!