ਗੁਰਬਾਣੀ ਤੇ ਮੁਹਾਵਰੇ

ਹਰਸ਼ਿੰਦਰ ਸਿੰਘ ਸੰਧੂ*
ਫੋਨ: 253-335-5666
ਮੁਹਾਵਰੇ ਕੁੱਜੇ ਵਿਚ ਸਮੁੰਦਰ ਦੀ ਤਰ੍ਹਾਂ ਹੁੰਦੇ ਹਨ, ਜੋ ਕਿਸੇ ਲੰਬੀ ਵਾਰਤਾਲਾਪ ਨੂੰ ਥੋੜ੍ਹੇ ਤੇ ਸੰਖੇਪ ਅੱਖਰਾਂ ਵਿਚ ਜੜਨ ਦੀ ਸਮਰੱਥਾ ਰੱਖਦੇ ਹਨ। ‘ਮੂਰਖ ਰਾਵਨੁ ਕਿਆ ਲੇ ਗਇਆ’ ਇਸ ਪੰਜ ਅੱਖਰਾਂ ਦੇ ਮੁਹਾਵਰੇ ਵਿਚ ਰਾਮਾਇਣ ਦਾ ਪੂਰਾ ਇਤਿਹਾਸ, ਰਾਵਣ ਦਾ ਨਿਜੀ ਤਜਰਬਾ ਤੇ ਸੰਸਾਰ ਭਰ ਦੀ ਸੱਚਾਈ ਛੁਪੀ ਹੋਈ ਹੈ। ਸੁਖੈਨ ਹੋਣ ਕਰਕੇ, ਇਹ ਸਾਡੇ ਮੂੰਹਾਂ ‘ਤੇ ਜਲਦੀ ਚੜ੍ਹ ਜਾਂਦੇ ਹਨ ਤੇ ਸਾਡੀ ਵਾਰਤਾਲਾਪ ਦਾ ਹਿੱਸਾ ਬਣ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕਾਂ ਤੁਕਾਂ ਮੁਹਾਵਰਿਆਂ ਵਾਂਗ ਵਰਤੀਆਂ ਜਾਂਦੀਆਂ ਹਨ। ਇਹ ਮੁਹਾਵਰੇ ਗੁਰੂਆਂ, ਭਗਤਾਂ ਤੇ ਹੋਰ ਬਾਣੀ ਰਚਨਕਾਰਾਂ ਦੀ ਕਲਮੋਂ ਜਨਮੇ ਮਹਾਂਵਾਕ ਹਨ। ਮੁਹਾਵਰੇ ਕਿਸੇ ਖਾਸ ਇਨਸਾਨ ਲਈ ਨਹੀਂ ਬਣਦੇ, ਸਗੋਂ ਸੰਸਾਰ ਦੇ ਹਰ ਮਨੁੱਖ ਲਈ ਸਾਂਝੇ ਹਨ। ਮੁਹਾਵਰੇ ਰਾਹੀਂ ਗਹਿਰੀ ਤੋਂ ਗਹਿਰੀ ਫਿਲਾਸਫੀ, ਕੁਝ ਗਿਣਵੇਂ ਮਿਣਵੇਂ ਅੱਖਰਾਂ ਵਿਚ ਕਹੀ ਜਾਂਦੀ ਹੈ ਤੇ ਸੁਣਨ ਵਾਲਾ ਇਸ ਦੇ ਵਿਰੋਧ ਵਿਚ ਆਪਣਾ ਪ੍ਰਤੀਕਰਮ ਵੀ ਨਹੀਂ ਦਿਖਾਉਂਦਾ। ਜਿਵੇਂ, ਜੇ ਕੋਈ ਤੁਹਾਡੇ ਸਾਹਮਣੇ ਕਿਸੇ ਦੀ ਬੁਰਿਆਈ ਕਰਦਾ ਹੈ ਤਾਂ ‘ਜੇਹਾ ਬੀਜੈ ਸੋ ਲੁਣੈ’ ਜਾਂ ‘ਸਭਨਾ ਕਾ ਦਰਿ ਲੇਖਾ ਹੋਇ’ ਆਖ ਕੇ ਗੱਲ ਬਹੁਤ ਸੋਹਣੀ ਤਰ੍ਹਾਂ ਖਤਮ ਕੀਤੀ ਜਾ ਸਕਦੀ ਹੈ। ਇਸ ਦੀ ਜਗ੍ਹਾ ਜੇ ਉਸ ਨੂੰ ਸਿੱਧਾ ਆਖ ਦੇਈਏ, “ਭਾਈ, ਮੇਰੇ ਅੱਗੇ ਉਸ ਦੀ ਬੁਰਿਆਈ ਨਾ ਕਰ।” ਤਾਂ ਉਸ ਨੂੰ ਬੁਰਾ ਲੱਗ ਸਕਦਾ ਹੈ। ਦੂਜੇ ਪਾਸੇ, ਜੇ ਉਸ ਦੇ ਨਾਲ ਰਲ ਕੇ ਅਸੀਂ ਵੀ ਬੁਰਿਆਈ ਕਰਨ ਲੱਗ ਪਈਏ ਤਾਂ ਗੱਲ ਵਿਗੜ ਜਾਂਦੀ ਹੈ।
ਇਸੇ ਤਰ੍ਹਾਂ ਦੋ ਧਿਰਾਂ ਦੀ ਜਿੱਦ ਵਿਚ ਆ ਕੇ ਵਧਦੀ ਹੋਈ ਲੜਾਈ ਦੇਖ ਕੇ, ਇਕ ਧਿਰ ਨੂੰ ਸਮਝਾ ਦੇਈਏ, ਭਾਈ ਛੱਡ ਪਰਾਂ, ‘ਨੀਵੈ ਸੁ ਗਉਰਾ ਹੋਇ॥’ ਤਾਂ ਇਕ ਪਲੜਾ ਝੁਕ ਜਾਂਦਾ ਹੈ ਤੇ ਲੜਾਈ ਖਤਮ ਹੋ ਜਾਂਦੀ ਹੈ। ਗੁਸੇਲ ਇਨਸਾਨ ਨੂੰ ‘ਗੰਢ ਪਰੀਤੀ ਮਿੱਠੇ ਬੋਲ’, ‘ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆ ਤੱਤ’, ‘ਨਾਨਕ ਫਿਕੈ ਬੋਲੀਏ ਤਨੁ ਮਨੁ ਫਿਕਾ ਹੋਇ’ ਜਿਹੇ ਮਹਾਂਵਾਕ ਸੁਣਾਉਂਦੇ ਰਹੀਏ ਤਾਂ ਉਸ ਦਾ ਸੁਭਾ ਸ਼ਾਂਤ ਹੋ ਜਾਂਦਾ ਹੈ। ਗੁਰਬਾਣੀ ਦੇ ਬੋਲਾਂ ਵਿਚ ਤਾਕਤ ਹੀ ਇੰਨੀ ਹੁੰਦੀ ਹੈ ਕਿ ਮਨੁੱਖੀ ਮਨ ‘ਤੇ ਜਲਦੀ ਅਸਰ ਹੋ ਜਾਂਦਾ ਹੈ। ਬਸ ਲੋੜ ਹੈ, ਮੌਕੇ ਅਨੁਸਾਰ ਅਨੁਕੂਲ ਤੇ ਢੁਕਵਾਂ ਮੁਹਾਵਰਾ ਬੋਲਣ ਦੀ।
ਗੁਰਬਾਣੀ ਦੇ ਮੁਹਾਵਰੇ ਸੱਚੇ ਅਤੇ ਅਟੱਲ ਹਨ। ‘ਮਨਿ ਜੀਤੈ ਜਗੁ ਜੀਤੁ’, ‘ਦੁਖ ਦਾਰੂ ਸੁਖ ਰੋਗ ਭਇਆ’, ‘ਕਾਮ ਕ੍ਰੋਧ ਕਾਇਆ ਕੋ ਗਾਲੈ’, ‘ਵਿਦਿਆ ਵਿਚਾਰੀ ਤਾ ਪਰਉਪਕਾਰੀ’, ‘ਜਾ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ’, ‘ਮਨ ਪ੍ਰਦੇਸੀ ਜੇ ਥੀਏ’, ‘ਸਚਹੁ ਉਰੈ ਸਭੁ ਕੋ’ ਆਦਿ ਮੁਹਾਵਰੇ ਸਹੀ ਮੌਕੇ ‘ਤੇ ਵਰਤੇ ਜਾਣ ਤਾਂ ਕਈ ਵਾਰ ਜੀਵਨ ਪਲਟ ਦਿੰਦੇ ਹਨ। ਮੁਹਾਵਰਾ ਬੋਲਣ ਪਿਛੋਂ ਉਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਪੈਂਦੀ। ਮੁਹਾਵਰਾ ਖੁਦ ਹੀ ਸਾਰੀ ਵਾਰਤਾਲਾਪ ਦਾ ਨਿਚੋੜ ਕੱਢ ਕੇ ਸਾਹਮਣੇ ਰੱਖ ਦਿੰਦਾ ਹੈ ਤੇ ਸੇਧ ਵੀ ਦਿੰਦਾ ਹੈ।
ਕਿਸੇ ਦੇ ਅਕਾਲ ਚਲਾਣਾ ਕਰ ਜਾਣ ਮੌਕੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅਫਸੋਸ ਕਰਨ ਲਈ ਜਾਈਏ ਤਾ ਬਹੁਤ ਵਾਰ ਢੁਕਵੇਂ ਸ਼ਬਦ ਨਹੀਂ ਲੱਭਦੇ, ਕਿਉਂਕਿ ਦੋਹਾਂ ਧਿਰਾਂ ਦਾ ਮਨ ਭਰਿਆ ਹੰਦਾ ਹੈ। ਤਦ ਛੋਟੇ ਛੋਟੇ ਮੁਹਾਵਰੇ ‘ਜੰਮਣੁ ਮਰਣਾ ਹੁਕਮੁ ਹੈ’, ‘ਸਭਨਾ ਮਰਣਾ ਆਇਆ’, ‘ਮਰਣੁ ਲਿਖਾਏ ਮੰਡਪੁ ਪੇ ਆਏ’, ‘ਜਿਨ ਕੀ ਚੀਰੀ ਦਰਗਹ ਪਾਟੀ’, ‘ਰਜ ਨਾ ਕੋਈ ਜੀਵਿਆ’, ‘ਲਿਖਿਆ ਲੇਖ ਨਾ ਮਿਟਈ’ ਜਿਹੇ ਮੁਹਾਵਰੇ ਬਹੁਤ ਕੰਮ ਆਉਂਦੇ ਹਨ। ਸੁਣਨ ਵਾਲੇ ਨਾਲ ਦੁੱਖ ਵੀ ਸਾਂਝਾ ਹੋ ਜਾਂਦਾ ਹੈ, ਤੇ ਜ਼ਿੰਦਗੀ ਦੀ ਹਕੀਕਤ ਵੀ ਦੁਹਰਾ ਦਿੱਤੀ ਜਾਂਦੀ ਹੈ।
ਸੰਗਤ ਵਿਚ ਕਥਾ ਕਰਦਿਆਂ ਗੁਰਬਾਣੀ ਦੀਆਂ ਤੁਕਾਂ ਤੋਂ ਬਣੇ ਮੁਹਾਵਰੇ ਕਥਾਵਾਚਕ ਆਮ ਵਰਤਦੇ ਹਨ, ਵਿਸ਼ਿਆਂ ਤੋਂ ਰੋਕਣ ਲਈ ਉਪਦੇਸ਼ ਦੇਣ ਵੇਲੇ, ‘ਦੇਖ ਪਰਾਈਆ ਚੰਗੀਆ’, ‘ਕਾਮ ਕ੍ਰੋਧ ਕਾਇਆ ਕੋ ਗਾਲੇ’, ‘ਰੂਪੈ ਕਾਮੇ ਦੋਸਤੀ’; ਰੋਜੀ ਰੋਟੀ ਲਈ ਚਿੰਤਾ ਕਰ ਰਹੇ ਮਨੁੱਖ ਨੂੰ ਧਰਵਾਸ ਦੇਣ ਲਈ ‘ਨਾਨਕ ਚਿੰਤਾ ਮਤਿ ਕਰੋ’, ‘ਜਲ ਮਹਿ ਜੰਤ ਉਪਾਇਅਨ’, ‘ਜਿਸ ਗ੍ਰਿਹ ਬਹੁਤ ਤਿਸੇ ਗ੍ਰਹੁ ਚਿੰਤਾ’; ਫੋਕੀਆਂ ਗੱਲਾਂ ਮਾਰਨ ਵਾਲੇ ਲਈ ‘ਗਲੀਂ ਅਸੀਂ ਚੰਗੀਆ’, ‘ਗਲੀ ਭਿਸਤਿ ਨ ਜਾਈਐ’, ‘ਬਹੁਤਾ ਬੋਲਣੁ ਝਖਣੁ ਹੋਇ’ ਅਤੇ ਪਾਪੀ ਧਨਵਾਨਾਂ ਦੀ ਗੱਲ ਕਰਦਿਆਂ ‘ਪਾਪਾ ਬਾਝਹੁ ਹੋਵੈ ਨਾਹੀ’, ‘ਮਾਇਆਧਾਰੀ ਅਤਿ ਅੰਨਾ ਬੋਲਾ’ ਮੁਹਾਵਰੇ ਕਥਾਵਾਚਕਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦੇ ਹਨ।
ਗੁਰਬਾਣੀ ਦੇ ਮੁਹਾਵਰਿਆਂ ਦੀ ਇਕ ਇਹ ਖੂਬੀ ਹੈ ਕਿ ਸਾਨੂੰ ਪੂਰੀ ਤੁਕ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਅੱਧੀ ਤੁਕ ਬੋਲਦਿਆਂ ਹੀ ਦੂਜਾ ਪੂਰੀ ਗੱਲ ਸਮਝ ਜਾਂਦਾ ਹੈ। ਜਿਵੇਂ ‘ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ’ ਦੀ ਥਾਂ ਸਿਰਫ ‘ਹਥੁ ਨ ਲਾਇ ਕਸੁੰਭੜੈ’ ਕਹਿਣਾ ਹੀ ਕਾਫੀ ਹੈ, ਸੁਣਨ ਵਾਲੇ ਨੂੰ ਅਗਲੀ ਅੱਧੀ ਤੁਕ ਦਾ ਪਤਾ ਹੁੰਦਾ ਹੈ।
ਗੁਰਬਾਣੀ ਦੇ ਮੁਹਾਵਰੇ, ਬੋਲਣ ਵਾਲੇ ਦਾ ਗੁਰਬਾਣੀ ਵਲ ਝੁਕਾਅ ਵੀ ਪ੍ਰਗਟ ਕਰਦੇ ਹਨ ਤੇ ਉਸ ਦਾ ਚਰਿੱਤਰ ਵੀ ਦਸ ਜਾਂਦੇ ਹਨ। ਆਪਣੇ ਇੰਦ੍ਰਿਆਂ ‘ਤੇ ਸੰਜਮ ਰੱਖਣ ਵਾਲਾ ਮਨੁੱਖ ਹੀ ਦੂਜੇ ਸਾਹਮਣੇ ‘ਦੇਖ ਪਰਾਈਆ ਚੰਗੀਆ ਮਾਵਾਂ ਭੈਣਾ ਧੀਆਂ ਜਾਣੈ’ ਕਹਿਣ ਦੀ ਹਿੰਮਤ ਕਰ ਸਕਦਾ ਹੈ। ‘ਚੋਰ ਕੀ ਹਾਮਾ ਭਰੇ ਨਾ ਕੋਇ’ ਕੋਈ ਸਾਧ ਹੀ ਆਖ ਸਕਦਾ ਹੈ।
ਕਈ ਵਾਰ ਮਨੁੱਖ ਮੁਹਾਵਰੇ ਆਪਣੇ ਮਨ ਨੂੰ ਸਮਝਾਉਣ ਲਈ ਵੀ ਬੋਲਦਾ ਹੈ। ਪਰਿਵਾਰ ਲਈ ਸੋ ਹੇਰਾਫੇਰੀਆਂ ਕਰ ਕੇ ਧਨ ਕਮਾਉਣ ਵਾਲੇ ਬੰਦੇ ਦਾ ਪਰਿਵਾਰ, ਜਦ ਉਸ ਦਾ ਸਾਥ ਨਹੀਂ ਦਿੰਦਾ ਤਾਂ ਝੂਰਦਾ ਹੋਇਆ ਕਹਿੰਦਾ ਹੈ, ‘ਦੀਨ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ॥’ (ਭਗਤ ਕਬੀਰ)
ਬਹੁਤ ਵਾਰ ਮਨੁੱਖ ਗੁਰਬਾਣੀ ਦੀ ਸਮਝ ਨਾ ਹੋਣ ਕਰਕੇ, ਮੌਕੇ ‘ਤੇ ਅਢੁਕਵਾਂ ਮੁਹਾਵਰਾ ਵਰਤ ਜਾਂਦਾ ਹੈ, ਪਰ ਸੁਣਨ ਵਾਲਾ ਸਮਝ ਜਾਂਦਾ ਹੈ ਕਿ ਉਹ ਅਸਲ ‘ਚ ਕੀ ਕਹਿਣਾ ਚਾਹੁੰਦਾ ਹੈ। ਇਸ ਲਈ ਉਹ ਨਾ ਤਾਂ ਗੁੱਸਾ ਕਰਦਾ ਹੈ, ਨਾ ਹੀ ਉਸ ਨੂੰ ਟੋਕਦਾ ਹੈ। ਕਿਸੇ ਸੋਚਾਂ ਵਿਚ ਡੁੱਬੇ ਮਨੁੱਖ ਲਈ ‘ਸੋਚੈ ਸੋਚਿ ਨਾ ਹੋਵਈ’ ਮੁਹਾਵਰਾ ਢੁਕਵਾਂ ਨਹੀਂ ਹੈ, ਕਿਉਂਕਿ ਇਥੇ ‘ਸੋਚੈ’ ਦਾ ਅਰਥ ‘ਸਰੀਰ ਦੀ ਸੁੱਚਮ’ ਨਾਲ ਹੈ।
ਆਮ ਮਨੁੱਖ ਮੁਹਾਵਰੇ ਇਕ-ਦੂਜੇ ਤੋਂ ਸੁਣ ਕੇ ਹੀ ਯਾਦ ਕਰਦੇ ਹਨ, ਇਸ ਕਰਕੇ ਉਨ੍ਹਾਂ ਦੇ ਉਚਾਰਨ ਕਰਨ ਲੱਗਿਆਂ ਕਿਸੇ ਵੀ ਸ਼ਬਦ ਦਾ ਗਲਤ ਉਚਾਰਨ ਹੋਣਾ ਸੰਭਵ ਹੈ। ਕਈ ਬਜੁਰਗਾਂ ਨੂੰ ‘ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਉ’ ਦੀ ਥਾਂ ‘ਰੁਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ’ ਕਹਿੰਦਿਆਂ ਸੁਣਿਆ ਹੋਵੇਗਾ।
ਅੱਜ ਸਾਡੀ ਜਵਾਨ ਪੀੜ੍ਹੀ ਵਿਚੋਂ ਗੁਰਬਾਣੀ ਦੇ ਮੁਹਾਵਰੇ ਵਰਤਣ ਦੀ ਰੁਚੀ ਖਤਮ ਹੋ ਰਹੀ ਹੈ। ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਸਹੀ ਮੌਕੇ ‘ਤੇ ਸਹੀ ਉਚਾਰਨ ਰਾਹੀਂ ਵਰਤਣ ਦੀ ਆਦਤ ਪਾਈਏ ਤਾਂ ਕਿ ‘ਧੁਰ ਕੀ ਬਾਣੀ’ ਦੇ ਅਟੱਲ ਬਚਨ ਹਰ ਮਨੁੱਖ ਲਈ ਕਲਿਆਣਕਾਰੀ ਬਣ ਸਕਣ ਤੇ ਗੁਰਬਾਣੀ ਦਾ ਇਹ ਖਜਾਨਾ ਸੁਤੇ ਸਿੱਧੇ ਹੀ ਅੱਗੇ ਤੁਰਦਾ ਰਹੇ।

*ਗੁਰਦੁਆਰਾ ਸੱਚਾ ਮਾਰਗ ਸਾਹਿਬ,
ਆਬਰਨ, ਵਾਸ਼ਿੰਗਟਨ।