ਬੇਚੈਨ ਪੰਜਾਬ: ਤੇਜ਼ ਤਬਦੀਲੀ ਬਨਾਮ ਪਿੰਡ ਵਲ ਵਾਪਸੀ

ਵਿਦਿਅਕ ਸੁਧਾਰ ਅਤੇ ਪੰਜਾਬ-3
ਪੰਜਾਬ ਵਿਚ ਨਵੀਂ ਵਿਦਿਆ ਦੀ ਲੋੜ ਬਾਰੇ ਸ਼ ਅਮਰਜੀਤ ਸਿੰਘ ਗਰੇਵਾਲ ਨੇ ਲੰਮੀ ਟਿੱਪਣੀ ਕੀਤੀ ਹੈ। ਅੱਜ ਆਰਥਕ ਨਾਬਰਾਬਰੀ ਕਾਰਨ ਪੰਜਾਬ ਦੇ ਬਹੁਤੇ ਤਬਕੇ ਵਿਦਿਆ ਹਾਸਲ ਕਰਨ ਤੋਂ ਵੀ ਵਿਰਵੇਂ ਰਹਿ ਰਹੇ ਹਨ ਪਰ ਲਿਖਾਰੀ ਨੇ ਆਪਣੀ ਇਸ ਲਿਖਤ ਵਿਚ ਸੰਸਾਰ ਪੱਧਰ ‘ਤੇ ਚੱਲ ਰਹੀ ਉਥਲ-ਪੁਥਲ ਨੂੰ ਧਿਆਨ ਵਿਚ ਰੱਖ ਕੇ ਦਾਅਵਾ ਪੇਸ਼ ਕੀਤਾ ਹੈ ਕਿ ਹੁਣ ਨਵੀਂ ਵਿਦਿਆ ਦੇ ਪਸਾਰ ਤੋਂ ਬਗੈਰ ਪੰਜਾਬ ਕੋਈ ਉਡਾਣ ਭਰ ਸਕਣ ਦੇ ਯੋਗ ਨਹੀਂ ਹੋ ਸਕੇਗਾ। ਐਤਕੀਂ ਇਸ ਲੰਮੇ ਲੇਖ ਦੀ ਤੀਜੀ ਅਤੇ ਆਖਰੀ ਕਿਸ਼ਤ ਪੇਸ਼ ਹੈ ਜਿਸ ਵਿਚ ਪੰਜਾਬ ਦੇ ਪਿਛੋਕੜ ਵਿਚ ਅੱਜ ਦੀ ਗੱਲ ਵਿਚਾਰੀ ਗਈ ਹੈ।

-ਸੰਪਾਦਕ

ਅਮਰਜੀਤ ਸਿੰਘ ਗਰੇਵਾਲ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
2.1 ਅਰਥਾਂ ਦੇ ਬਦਲਾਓ ਦੀ ਵਧ ਰਹੀ ਗਤੀ: ਪੰਜਾਬ ਨਾਲ ਸੰਵਾਦ ਰਚਾਉਣ ਲਈ ਜਸਬੀਰ ਮੰਡ ਦਾ ਨਾਵਲ ‘ਆਖਰੀ ਬਾਬੇ’ ਵਧੀਆ ਪਲੈਟਫਾਰਮ ਹੈ। ਇਹ ਕੇਵਲ ਤਿੰਨ ਪੀੜ੍ਹੀਆਂ ਦੀ ਕਹਾਣੀ ਨਹੀਂ, ਤਿੰਨ ਪੜਾਵਾਂ ਵਿਚੋਂ ਗੁਜ਼ਰ ਰਹੀ ਪੰਜਾਬੀ ਮਾਨਸਿਕਤਾ ਦੇ ਸੰਘਰਸ਼ ਦਾ ਇਤਿਹਾਸਕ ਅਨੁਭਵ ਹੈ। ਬਾਬਾ ਬਿਰਸਾ, ਪੁੱਤ ਬਲਕਾਰ ਅਤੇ ਪੋਤਾ ਹਰਜੀਤ ਅਜਿਹੇ ਕਿਰਦਾਰ ਹਨ ਜੋ ਤਿੰਨ ਉਤਪਾਦਨ ਪ੍ਰਣਾਲੀਆਂ ਵਿਚੋਂ ਉਸਰਨ ਵਾਲੇ ਵੱਖੋ-ਵੱਖਰੇ ਸੰਸਾਰਾਂ ਦੀ ਨੁਮਾਇੰਦਗੀ ਕਰਦੇ ਹਨ। ਤਿੰਨਾਂ ਦੀ ਆਪੋ-ਆਪਣੀ ਵਿਚਾਰਧਾਰਾ ਹੈ। ਨਾਵਲ ਵਿਚਾਰਧਾਰਕ ਯੁਧ ਦਾ ਅਖਾੜਾ ਬਣਿਆ ਹੋਇਆ ਹੈ। ਇਸ ਵਿਚੋਂ ਨਿਆਂ ਦੀ ਤਲਾਸ਼ ਕਰਨੀ ਪਾਠਕ ਦੀ ਜ਼ਿੰਮੇਵਾਰੀ ਹੈ। ਲੇਖਕ ਦੀ ਬਾਬੇ ਬਿਰਸੇ ਦੇ ਕਿਰਦਾਰ ਨਾਲ ਹਮਦਰਦੀ ਹੋ ਸਕਦੀ ਹੈ ਪਰ ਲੇਖਕ ਦੀਆਂ ਭਾਵਨਾਵਾਂ ਦੇ ਵਹਿਣ ਵਿਚ ਰੁੜ੍ਹ ਜਾਣਾ ਪਾਠਕ ਦਾ ਧਰਮ ਨਹੀਂ ਹੁੰਦਾ, ਉਸ ਦੀ ਕਮਜ਼ੋਰੀ ਹੁੰਦੀ ਹੈ: ਵਿਚਾਰਧਾਰਕ/ਰਾਜਨੀਤਕ ਫੈਸਲੇ ਕਰਨ ਦੀਆਂ ਜ਼ਿੰਮੇਵਾਰੀਆਂ ਤੋਂ ਭਾਂਜ।
11500 ਸਾਲਾਂ ਤੋਂ ਜਿਸ ਭੌਤਿਕ ਵਾਤਾਵਰਨ ਵਿਚ ਮਨੁੱਖ ਰਹਿ ਰਿਹਾ ਹੈ, ਉਸ ਨੂੰ ਹੋਲੋਸੀਨ ਦਾ ਨਾਮ ਦਿੱਤਾ ਗਿਆ ਹੈ। ਇਸ ਯੁਗ ਦੇ ਵਿਕਸਤ ਹੋ ਰਹੇ ਸ਼ਾਂਤ ਸਥਿਰ ਮੌਸਮੀ ਹਾਲਾਤ ਨੇ ਹੀ ਸਾਡੇ ਪੁਰਖਿਆਂ ਨੂੰ ਪੱਥਰ ਯੁਗ ਦੀਆਂ ਗੁਫਾਵਾਂ ਵਿਚੋਂ ਕੱਢ ਕੇ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਕੰਮ-ਧੰਦੇ ਵਿਚ ਲਗਾਇਆ ਸੀ। ਬਾਬਾ ਬਿਰਸਾ ਅਤੇ ਉਸ ਦਾ ਸੰਸਾਰ ਇਸੇ ਹੋਲੋਸੀਨ ਯੁਗ ਦੇ ਵਾਤਾਵਰਨ ਦੀ ਪੈਦਾਵਾਰ ਹਨ। ਬਾਬੇ ਬਿਰਸੇ ਲਈ ਕੇਵਲ ਹੋਲੋਸੀਨ ਦਾ ਇਹ ਵਾਤਾਵਰਨ ਹੀ ਕੁਦਰਤ ਹੈ। ਇਸੇ ਨੂੰ ਪਿਆਰ ਕਰਦਾ ਹੈ। ਉਹ ਨਹੀਂ ਜਾਣਦਾ ਕਿ ਕੁਦਰਤ ਤਾਂ ਇਸ ਯੁਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਬਾਅਦ ਵਿਚ ਵੀ ਰਹੇਗੀ। ਇਸ ਯੁਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਲੇ ਸ਼ੀਤ ਬਰਫ ਯੁਗ (ਪਲੀਸਟੋਸੀਨ) ਦਾ ਵਾਤਾਵਰਨ ਜਿਸ ਨੇ ਵਰਤਮਾਨ ਮਨੁੱਖ ਦੇ ਪੁਰਖੇ ਪੈਦਾ ਕੀਤੇ, ਬਿਲਕੁਲ ਵੱਖਰੀ ਕਿਸਮ ਦਾ ਵਾਤਾਵਰਨ ਸੀ। ਮੌਜੂਦਾ ਵਾਤਾਵਰਨ ਨੂੰ ਤਬਦੀਲ ਕਰਕੇ ਇਸ ਦੀ ਥਾਂ ਲੈ ਰਹੇ ਐਂਥਰੋਪੋਸੀਨ ਯੁਗ ਦਾ ਵਾਤਾਵਰਨ ਨਿਸ਼ਚੇ ਹੀ ਵੱਖਰੀ ਕਿਸਮ ਦਾ ਹੋਵੇਗਾ। ਨਵੀਆਂ ਵੰਗਾਰਾਂ ਵੀ ਹੋਣਗੀਆਂ। ਉਨ੍ਹਾਂ ਦੇ ਹੱਲ ਅਗਲੇਰੇ ਵਿਕਾਸ ਦਾ ਮਾਰਗ ਤੈਅ ਕਰਨਗੇ। ਇਕ ਥਾਂ ‘ਤੇ, ਇਕੋ ਮਾਹੌਲ ਵਿਚ, ਬਿਨਾ ਕਿਸੇ ਸਮੱਸਿਆ ਦੇ ਸੁਖ ਸ਼ਾਂਤੀ ਨਾਲ ਟਿਕੇ ਰਹਿਣਾ ਕੁਦਰਤ ਦਾ ਦਸਤੂਰ ਨਹੀਂ। ਨਵੇਂ ਮਾਹੌਲ ਵਿਚ ਪਰਵਾਸ ਕਰਕੇ ਨਵੀਆਂ ਵੰਗਾਰਾਂ ਵਿਚੋਂ ਨਵੀਆਂ ਸੰਭਾਵਨਾਵਾਂ ਜਗਾਉਣੀਆਂ ਹੀ ਜਿੰਦਾ ਹੋਣ ਦੀ ਨਿਸ਼ਾਨੀ ਹੈ। ਚੇਤਨਾ ਇਸ ਅਮਲ ਵਿਚ ਤੇਜ਼ੀ ਲਿਆਉਣ ਨਾਲ ਹੀ ਆਈ ਹੈ। ਡਿਜੀਟਲ ਨੈਟਵਰਕ ਤਕਨਾਲੋਜੀ ਨੂੰ ਇਸ ਲੀਨੀਅਰ ਤੇਜ਼ੀ ਨੂੰ ਐਕਸਪੋਨੈਸ਼ੀਅਲ ਤੇਜ਼ੀ ਵਿਚ ਰੂਪਾਂਤ੍ਰਿਤ ਕਰਨ ਦਾ ਵਰ ਪ੍ਰਾਪਤ ਹੈ।
ਐਂਥਰੋਪੋਸੀਨ ਯੁਗ ਦੀ ਪੁੱਤ ਬਲਕਾਰ ਵਾਲੀ ਪਹਿਲੀ ਸਟੇਜ ਨੂੰ ਹਰੇ ਇਨਕਲਾਬ (1965-1980) ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। 1980-81 ਵਿਚ ਹਰੇ ਇਨਕਲਾਬ ਦਾ ਸੰਕਟ ਸ਼ੁਰੂ ਹੋ ਕੇ 1990-91 ਤੱਕ ਚਲਦਾ ਹੈ। ਫਿਰ 1991 ਤੋਂ ਕਾਰਪੋਰੇਟ ਦਾ ਦਾਖਲਾ ਸ਼ੁਰੂ ਹੋਣ ਨਾਲ ਪੋਤੇ ਹਰਜੀਤ ਵਾਲੇ ਨਵ-ਉਦਾਰਵਾਦੀ ਯੁਗ ਦਾ ਆਰੰਭ ਹੋ ਜਾਂਦਾ ਹੈ।
ਬਾਬੇ ਬਿਰਸੇ ਵੇਲੇ ਪੈਦਾਵਾਰ ਦਾ ਮੁਖ ਸਾਧਨ ਜ਼ਮੀਨ ਸੀ। ਪੁੱਤ ਬਲਕਾਰ ਵੇਲੇ ਨਵੇਂ ਬੀਜਾਂ, ਨਵੀਆਂ ਖਾਦਾਂ, ਨਵੀਆਂ ਰਸਾਇਣਾਂ, ਟਰੈਕਟਰ, ਥਰੈਸ਼ਰ, ਆਦਿ ਦੀ ਆਮਦ ਅਤੇ ਮੰਡੀ ਦੇ ਵੱਡੇ ਪੱਧਰ ‘ਤੇ ਦਾਖਲੇ ਨਾਲ ਜ਼ਮੀਨ ਦੀ ਥਾਂ ਪੂੰਜੀ ਪੈਦਾਵਾਰ ਦਾ ਆਧਾਰ ਬਣ ਗਈ। 1980-81 ਵਿਚ ਕਿਸਾਨਾਂ ਦੀਆਂ ਆਮਦਨੀਆਂ ਘਟਣੀਆਂ ਸ਼ੁਰੂ ਹੋਈਆਂ ਤਾਂ ਇਸ ਦੇ ਨਾਲ ਹੀ ਹਰੇ ਇਨਕਲਾਬ ਦਾ ਸੰਕਟ ਆਰੰਭ ਹੋ ਜਾਂਦਾ ਹੈ। ਖੇਤੀ ਸੰਕਟ ਦੇ ਹੱਲ ਲਈ ਖੇਤੀ ਜਿਣਸਾਂ ਦੀ ਸਾਂਭ ਸੰਭਾਲ ਅਤੇ ਪ੍ਰੋਸੈਸਿੰਗ ਨਾਲ ਜੁੜੇ ਉਦਯੋਗ ਵਿਚ ਸੰਭਾਵਨਾ ਦੇਖੀ ਗਈ। ਕਿਸਾਨਾਂ ਦੀ ਆਮਦਨ ਵਧਾਉਣ ਦੇ ਬਹਾਨੇ 1988 ਵਿਚ ਪੈਪਸੀ ਕੰਪਨੀ ਦਾ ਪੰਜਾਬ ਵਿਚ ਪ੍ਰਵੇਸ਼ ਹੁੰਦਾ ਹੈ। ਛੇਤੀ ਹੀ 1991 ਵਿਚ ਭਾਰਤ ਸਰਕਾਰ ਨੇ ਵਿਦੇਸ਼ੀ ਕੰਪਨੀਆਂ ਲਈ ਦੁਆਰ ਖੋਲ੍ਹ ਦਿਤੇ। ਖੇਤੀ ਸੈਕਟਰ ਵਿਚ ਕਾਰਪੋਰੇਟ ਦੇ ਦਾਖਲੇ ਨਾਲ ਕਈ ਕਿਸਮ ਦੀਆਂ ਸੰਭਾਵਨਾਵਾਂ ਜਾਗਣ ਲੱਗੀਆਂ। ਖੇਤੀ ਉਪਰ ਨਿਰਭਰ ਵਸੋਂ ਦਾ ਭਾਰ ਘਟਾਉਣ ਦੀਆਂ ਗੱਲਾਂ ਵੀ ਤੁਰ ਪਈਆਂ। ਪੂੰਜੀ ਦੀ ਥਾਂ ਤਕਨਾਲੋਜੀ ਪੈਦਾਵਾਰ ਦਾ ਮੁਖ ਸਾਧਨ ਬਣ ਗਈ। ਤਕਨੀਕੀ ਸਿਖਿਆ ਦਾ ਫੈਲਾਓ ਵਧਿਆ। ਨੌਜਵਾਨਾਂ ਅੰਦਰ ਨਵੇਂ-ਨਵੇਂ ਸੁਪਨੇ ਜਾਗਣ ਲੱਗੇ। ਜਦੋਂ ਪੰਜਾਬ ਨੌਜਵਾਨਾਂ ਦੀਆਂ ਉਮੀਦਾਂ ‘ਤੇ ਪੂਰਾ ਨਾ ਉਤਰਿਆ ਤਾਂ ਉਨ੍ਹਾਂ ਵਿਕਸਤ ਮੁਲਕਾਂ ਨੂੰ ਵਹੀਰਾਂ ਘੱਤ ਲਈਆਂ। ਪੋਤਾ ਹਰਜੀਤ ਇਸੇ ਨਵ-ਉਦਾਰਵਾਦੀ ਮਾਨਸਿਕਤਾ ਦੀ ਨੁਮਾਇੰਦਗੀ ਕਰਦਾ ਹੈ।
ਕੁਦਰਤੀ ਸਰੋਤਾਂ ਦਾ ਖੋਰਾ, ਪ੍ਰਦੂਸ਼ਣ, ਮੌਸਮੀ ਤਬਦੀਲੀ ਅਤੇ ਵਧ ਰਹੀ ਆਰਥਕ ਨਾਬਰਾਬਰੀ ਦਾ ਸੰਕਟ ਨਵੇਂ ਯੁਗ ਦੀ ਤ੍ਰਾਸਦੀ ਨਹੀਂ, ਚੁਣੌਤੀ ਹੈ। ਬਿਨਾ ਸ਼ੱਕ ਵੱਡੀ ਚੁਣੌਤੀ। ਸੰਭਾਵਨਾਵਾਂ ਵੀ ਵੱਡੀਆਂ ਹੀ ਜਾਗਣਗੀਆਂ। ਸੰਭਾਵਨਾਵਾਂ ਨੂੰ ਸਾਕਾਰ ਕਰਨਾ ਜ਼ਮੀਨ, ਪੂੰਜੀ ਜਾਂ ਤਕਨਾਲੋਜੀ ਦੀ ਨਹੀਂ, ਸਿਰਜਣਾਤਮਿਕ ਨੌਜਵਾਨੀ ਦੀ ਜ਼ਿੰਮੇਵਾਰੀ ਹੈ। ਉਹੀ ਆਉਣ ਵਾਲੇ ਯੁਗ ਦਾ ਨਿਰਮਾਣ ਕਰੇਗੀ। ਇਸ ਸਿਰਜਣਾਤਮਿਕ ਨੌਜਵਾਨੀ ਦਾ ਨਿਰਮਾਣ ਕੌਣ ਕਰੇਗਾ? ਇਹ ਸੁਆਲ ਵਾਰ-ਵਾਰ ਉਠਦਾ ਰਹੇਗਾ। ਅਸੀਂ ਇਸ ਦਾ ਜੁਆਬ ਵੀ ਵਾਰ-ਵਾਰ ਦੁਹਰਾਉਂਦੇ ਰਹਾਂਗੇ ਕਿ ਇਹ ਉਸ ਵਿਦਿਅਕ ਢਾਂਚੇ ਦੀ ਜ਼ਿੰਮੇਵਾਰੀ ਹੈ ਜਿਸ ਬਾਰੇ ਸੋਚ ਵਿਚਾਰ ਕਰਨੀ ਅਸੀਂ ਹਾਲੇ ਸ਼ੁਰੂ ਵੀ ਨਹੀਂ ਕੀਤੀ। ਮੈਂ ਬੜੇ ਸਪਸ਼ਟ ਸ਼ਬਦਾਂ ਵਿਚ ਕਹਿ ਰਿਹਾ ਹਾਂ ਕਿ “ਵਿਦਿਅਕ ਸੁਧਾਰਾਂ ਬਿਨਾ ਪੰਜਾਬ ਨਹੀਂ ਬਚੇਗਾ।”
ਆਰਥਕ ਤਬਦੀਲੀ ਇਕੱਲੀ ਨਹੀਂ ਆਉਂਦੀ; ਸਮਾਜਕ, ਸਭਿਆਚਾਰਕ, ਭੂਗੋਲਿਕ, ਨੈਤਿਕ, ਭਾਸ਼ਾਈ ਅਤੇ ਰਾਜਨੀਤਕ ਤਬਦੀਲੀਆਂ ਨਾਲ ਲੈ ਕੇ ਆਉਂਦੀ ਹੈ। ਬੰਦਿਆਂ ਦੇ ਨਾਲ-ਨਾਲ ਸ਼ਬਦ ਵੀ ਨਵੇਂ-ਨਵੇਂ ਅਰਥ ਗ੍ਰਹਿਣ ਕਰਨ ਲਗਦੇ ਹਨ। ਜੋ ਨਵੇਂ ਅਰਥ ਅਤੇ ਸ਼ਕਤੀ-ਸਬੰਧ ਗ੍ਰਹਿਣ ਨਹੀਂ ਕਰਦੇ, ਉਹ ਬਾਬੇ ਬਿਰਸੇ ਵਾਂਗ ਸਮਾਜਕ ਬੇਗਾਨਗੀ ਭੋਗਦੇ ਹਨ। ਇਕੋ ਸ਼ਬਦ ਦੇ ਇਕੋ ਘਰ ਵਿਚ ਦਾਦੇ, ਪੁੱਤ ਅਤੇ ਪੋਤੇ ਲਈ ਵੱਖੋ-ਵੱਖਰੇ ਅਰਥ ਹੋਣ ਲਗਦੇ ਹਨ। ਸਮਾਜਕ ਦੇ ਨਾਲ-ਨਾਲ ਪਰਿਵਾਰਕ ਤ੍ਰੇੜਾਂ ਡੂੰਘੀਆਂ ਹੋਣ ਲਗਦੀਆਂ ਹਨ। ਵਿਅਕਤੀਵਾਦ ਸਿਖਰਾਂ ਛੂਹ ਰਿਹਾ ਹੈ।
ਪ੍ਰਸੰਗਿਕਤਾ ਬਣਾਈ ਰੱਖਣ ਲਈ ਸ਼ਬਦਾਂ ਅਤੇ ਜ਼ਿੰਦਗੀ ਦੇ ਨਵੇਂ ਅਰਥਾਂ ਨਾਲ ਜੁੜਨਾ ਪਵੇਗਾ। ਜੇ ਅਰਥ ਤੇਜ਼ੀ ਨਾਲ ਬਦਲ ਰਹੇ ਹਨ ਤਾਂ ਸਾਨੂੰ ਵੀ ਤੇਜ਼ੀ ਨਾਲ ਹੀ ਬਦਲਣਾ ਪਵੇਗਾ। ਜਿਸ ਤਬਦੀਲੀ ਨੇ ਪੁੱਤ ਬਲਕਾਰ ਨੂੰ 26 ਸਾਲਾਂ ਬਾਅਦ ਬੇਕਾਰ ਕਰ ਦਿਤਾ ਸੀ, ਪੋਤੇ ਹਰਜੀਤ ਨੂੰ ਬੇਕਾਰ ਕਰਨ ਵਿਚ ਉਸ ਨੂੰ ਕੇਵਲ 18 ਸਾਲ ਲੱਗੇ। 2008 ਵਿਚ ਨਵ-ਉਦਾਰਵਾਦ ਦੇ ਸੰਕਟ ਅਤੇ ਨੈਟਵਰਕ ਤਕਨਾਲੋਜੀ ਦੇ ਵਿਸਤਾਰ ਨੇ ਕਹਾਣੀ ਫੇਰ ਬਦਲ ਦਿੱਤੀ ਸੀ। ਅਗਲੀਆਂ ਪੁਸ਼ਤਾਂ ਨੂੰ ਬੇਕਾਰ ਹੋਣ ਵਿਚ ਨਿਸ਼ਚੇ ਹੀ 18 ਸਾਲ ਤੋਂ ਘੱਟ ਸਮਾਂ ਲੱਗੇਗਾ। ਦੂਸਰੇ ਪਾਸੇ ਔਸਤ ਉਮਰ ਵਧ ਰਹੀ ਹੈ। ਕੀ ਲੋਕਾਂ ਦੀ ਜ਼ਿੰਦਗੀ ਦਾ ਦੋ-ਤਿਹਾਈ ਤੋਂ ਵੀ ਵੱਧ ਹਿਸਾ ਬੇਕਾਰੀ ਵਿਚ ਹੀ ਗੁਜ਼ਰਿਆ ਕਰੇਗਾ। ਬੁਢਾਪੇ ਦਾ ਸਮਾਂ ਵਧਣਾ ਨਹੀਂ, ਘਟਣਾ ਚਾਹੀਦਾ ਹੈ। ਕੀ ਸਾਡੇ ਮੌਜੂਦਾ ਵਿਦਿਅਕ ਢਾਂਚੇ ਵਿਚ ਇੰਨੀ ਕਾਬਲੀਅਤ ਅਤੇ ਸਮਰੱਥਾ ਹੈ ਕਿ ਉਹ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਸੱਤਰ-ਸੱਤਰ ਸਾਲਾਂ ਤੱਕ ਪ੍ਰਸੰਗਿਕ ਬਣਾਈ ਰੱਖੇ। ਸਭ ਕੁਝ ਕ੍ਰਾਂਤੀਕਾਰੀ ਵਿਦਿਅਕ ਸੁਧਾਰਾਂ ਉਪਰ ਨਿਰਭਰ ਕਰਦਾ ਹੈ।
ਕੀ ਮੌਜੂਦਾ ਵਿਵਸਥਾ ਅਜਿਹੇ ਕ੍ਰਾਂਤੀਕਾਰੀ ਕਦਮ ਉਠਾ ਸਕਦੀ ਹੈ? ਅੱਗੇ ਚੱਲ ਕੇ ਸੋਚਦੇ ਹਾਂ। ਨਾਵਲ ਵੱਲ ਵਾਪਿਸ ਮੁੜੀਏ।
ਨਾਵਲ ਦੀ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਵਿਚ ਬਾਬੇ ਤਾਂ ਬੇਕਾਰ ਹੋ ਜਾਂਦੇ ਹਨ; ਬੇਬੇਆਂ ਬੇਕਾਰ ਨਹੀਂ ਹੁੰਦੀਆਂ। ਬਾਬੇ ਦਾ ਸਬੰਧ ਮੰਡੀ ਲਈ ਕੀਤੀ ਜਾਣ ਵਾਲੀ ਪੈਦਾਵਾਰ ਨਾਲ ਹੈ। ਪੈਦਾਵਾਰ ਵਿਚ ਵਾਧਾ ਨਹੀਂ ਹੁੰਦਾ ਤਾਂ ਮੰਡੀ ਉਸ ਨੂੰ ਬੇਕਾਰ ਕਰ ਦਿੰਦੀ ਹੈ। ਬੇਬੇ ਘਰ ਨਾਲ ਜੁੜੀ ਹੁੰਦੀ ਹੈ, ਘਰ ਉਸ ਨੂੰ ਬੇਕਾਰ ਨਹੀਂ ਕਰਦਾ। ਘਰ ਅਤੇ ਘਰੇਲੂ ਰਿਸ਼ਤਿਆਂ ਦੇ ਪੁਨਰਉਤਪਾਦਨ ਵਿਚ ਉਸ ਦੀ ਲੋੜ ਬਣੀ ਰਹਿੰਦੀ ਹੈ। ਬੇਬੇ ਆਪਣੀ ਜੁਆਨੀ ਵਿਚ ਬੱਚੇ ਪੈਦਾ ਕਰ ਕੇ ਉਨ੍ਹਾਂ ਦੇ ਪਾਲਣ-ਪੋਸਣ ਵਿਚ ਲੱਗ ਜਾਂਦੀ ਹੈ ਪਰ ਨੂੰਹ ਆਉਣ ‘ਤੇ ਦੇਖਿਆ ਜਾਵੇ ਤਾਂ ਉਸ ਦਾ ਘਰ ਵਿਚ ਕੋਈ ਕੰਮ ਨਹੀਂ ਰਹਿ ਜਾਂਦਾ। ਮੀਨੋਪਾਜ਼ ਦੇ ਬਾਵਜੂਦ ਉਸ ਦੀ ਪ੍ਰਸੰਗਿਕਤਾ ਬਣੀ ਰਹਿੰਦੀ ਹੈ। ਪੋਤੇ-ਪੋਤੀਆਂ ਵਿਚ ਬੇਬੇ ਦੇ ਪੰਜਾਹ ਪ੍ਰਤੀਸ਼ਤ ਜੀਨ ਹਨ, ਇਸ ਲਈ ਉਨ੍ਹਾਂ ਦੇ ਪਾਲਣ-ਪੋਸਣ ਵਿਚ ਡਟ ਜਾਂਦੀ ਹੈ। ਬੱਚਿਆਂ ਦੀ ਦੇਖ-ਭਾਲ ਦੇ ਕੰਮ ਵਾਸਤੇ ਉਸ ਨੂੰ ਕਿਸੇ ਨਵੀਂ ਟਰੇਨਿੰਗ ਦੀ ਲੋੜ ਵੀ ਨਹੀਂ ਹੁੰਦੀ। ਫਰਕ ਸਪਸ਼ਟ ਹੈ ਕਿ ਬੰਦੇ ਨੂੰ ਪ੍ਰਸੰਗਿਕ ਬਣਿਆ ਰਹਿਣ ਲਈ ਰੀਸਕਿਲਿੰਗ (ਨਵੀਂ ਟਰੇਨਿੰਗ) ਦੀ ਲਗਾਤਾਰ ਲੋੜ ਹੁੰਦੀ ਹੈ, ਜਦੋਂ ਕਿ ਔਰਤ ਵਾਸਤੇ ਮਮਤਾ ਨੂੰ ਅੱਪਡੇਟ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ। ਮੰਡੀ ਕੇਵਲ ਜਿਣਸਾਂ ਦੀ ਪੈਦਾਵਾਰ ਨੂੰ ਹੀ ਨਹੀਂ, ਸਮਾਜਕ ਰਿਸ਼ਤਿਆਂ ਦੇ ਉਤਪਾਦਨ ਨੂੰ ਵੀ ਪ੍ਰਭਾਵਤ ਕਰਦੀ ਹੈ, ਇਸ ਲਈ ਜਦੋਂ ਪੋਤੇ-ਪੋਤੀਆਂ ਆਪਣੇ ਆਪ ਨੂੰ ਸੰਭਾਲਣ ਜੋਗੇ ਹੋ ਜਾਂਦੇ ਹਨ ਤਾਂ ਬੇਬੇ ਦਾ ਮਹੱਤਵ ਵੀ ਮੱਧਮ ਪੈ ਜਾਂਦਾ ਹੈ।
ਜਿਣਸਾਂ ਅਤੇ ਸਮਾਜਕ ਰਿਸ਼ਤਿਆਂ ਦਾ ਆਪਸੀ ਅਤੇ ਉਤਪਾਦਨ ਪ੍ਰਣਾਲੀ ਨਾਲ ਸਿੱਧਾ ਸਬੰਧ ਸਿਖਿਆ ਨੂੰ ਕੇਵਲ ਤਕਨੀਕੀ ਗਿਆਨ ਅਤੇ ਹੁਨਰ ਪ੍ਰਾਪਤੀਆਂ ਤੱਕ ਹੀ ਸੀਮਤ ਨਹੀਂ ਰਹਿਣ ਦਿੰਦਾ। ਸਮਾਜ-ਸਭਿਆਚਾਰਕ ਕਦਰਾਂ ਕੀਮਤਾਂ ਅਤੇ ਭਾਈਚਾਰਕ ਸਾਂਝਾਂ ਦੇ ਨਿਰਮਾਣ ਨਾਲ ਵੀ ਜੋੜ ਦਿੰਦਾ ਹੈ। ਸਿਖਿਆ ਭਾਵੇਂ ਕਿਸੇ ਵੀ ਵਿਸ਼ੇ ਜਾਂ ਹੁਨਰ ਨਾਲ ਸਬੰਧਤ ਹੋਵੇ, ਇਨ੍ਹਾਂ ਚਾਰ ਕਾਰਜਾਂ ਦੀ ਪੂਰਤੀ ਬਿਨਾ ਸਿਰੇ ਨਹੀਂ ਚੜ੍ਹ ਸਕਦੀ। ਨੰਬਰ ਇਕ, ਵਿਸ਼ੇ/ਹੁਨਰ ਦਾ ਹੁਣ ਤੱਕ ਦਾ ਸੰਪੂਰਨ ਗਿਆਨ ਦੇਣਾ; ਨੰਬਰ ਦੋ, ਸਬੰਧਤ ਹੁਨਰਾਂ ਦੀਆਂ ਨਵੀਨਤਮ ਤਕਨੀਕਾਂ ਵਿਚ ਟਰੇਨਿੰਗ ਦੇਣੀ; ਨੰਬਰ ਤਿੰਨ, ਸਿਖਿਆਰਥੀਆਂ ਅੰਦਰ ਉਸ ਗਿਆਨ ਤੇ ਹੁਨਰਾਂ ਨਾਲ ਜੁੜੇ ਕੰਮ-ਕਾਰਾਂ ਦੀ ਨੈਤਿਕਤਾ ਦਾ ਨਿਰਮਾਣ ਕਰਨਾ ਅਤੇ ਨੰਬਰ ਚਾਰ, ਵਿਸ਼ੇ/ਹੁਨਰ ਨਾਲ ਜੁੜੇ ਸਿਖਿਆਰਥੀਆਂ ਤੇ ਸਬੰਧਤ ਲੋਕਾਂ ਨੂੰ ਵਿਦਿਅਕ ਭਾਈਚਾਰਿਆਂ ਵਿਚ ਸੰਗਠਿਤ ਕਰਨਾ। ਇਸ ਬਹੁਦਿਸ਼ਾਵੀ ਸਿਖਿਆ ਨੇ ਲਗਾਤਾਰ ਅਪਡੇਟ ਹੀ ਨਹੀਂ ਹੋਣਾ ਹੁੰਦਾ, ਨਵੇਂ ਹਾਲਾਤ ਵਿਚ ਵੀ ਢਲਣਾ ਹੁੰਦਾ ਹੈ। ਵਿਭਿੰਨ ਕਿਸਮਾਂ ਦੇ ਸਮਾਜ-ਸਭਿਆਚਾਰਾਂ, ਆਰਥਕ ਰਾਜਨੀਤਕ ਮਾਹੌਲ ਅਤੇ ਕੰਮਾਂ-ਕਾਰਾਂ ਵਿਚੋਂ ਆਉਣ ਵਾਲੇ ਸਿਖਿਆਰਥੀਆਂ ਨੂੰ ਉਨ੍ਹਾਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਬਹੁਦਿਸ਼ਾਵੀ ਸਿਖਿਆ ਮੁਹੱਈਆ ਕਰਨ ਵਾਲਾ ਯੂਟੋਪੀਅਨ ਅਧਿਆਪਕ ਕਿਵੇਂ ਪੈਦਾ ਕਰਨਾ ਹੈ, ਇਹ ਵਰਤਮਾਨ ਸਿਖਿਆ ਪ੍ਰਣਾਲੀ ਦੀ ਮੁਖ ਚੁਣੌਤੀ ਹੈ।
2.2 ਪਿੰਡਾਂ ਨੂੰ ਵਾਪਸੀ: ਜਿਹੜੇ ਲੋਕ ਰਿਜ਼ਕ ਦੀ ਭਾਲ ਵਿਚ ਪਿੰਡ ਛੱਡ ਕੇ ਸ਼ਹਿਰਾਂ ਵਿਚ ਜਾ ਵਸੇ ਸਨ, ਕਰੋਨਾ ਵਾਇਰਸ ਦੇ ਸੰਕਟ ਨੇ ਉਨ੍ਹਾਂ ਨੂੰ ਮੁੜ ਪਿੰਡਾਂ ਦਾ ਰਸਤਾ ਦਿਖਾ ਦਿਤਾ ਹੈ। ਸਵਰਾਜਬੀਰ ਆਪਣੇ ਇਕ ਸੰਪਾਦਕੀ ਨੋਟ ਵਿਚ ਸੁਆਲ ਕਰਦੇ ਹਨ, “ਪਿੰਡਾਂ ਵਿਚ ਅਜਿਹਾ ਕੀ ਹੈ ਕਿ ਅੱਜ ਲੱਖਾਂ ਲੋਕ ਸ਼ਹਿਰਾਂ ਤੋਂ ਪਿੰਡਾਂ ਨੂੰ ਵਾਪਿਸ ਜਾਣ ਲਈ ਅਕਹਿ ਅਤੇ ਅਸਹਿ ਕਸ਼ਟ ਉਠਾ ਰਹੇ ਹਨ; ਸੈਂਕੜੇ ਮੀਲ ਤਪਦੀਆਂ ਸੜਕਾਂ ‘ਤੇ ਪੈਦਲ ਤੁਰਦੇ ਹੋਏ ਭੁਖਣ-ਭਾਣੇ ਮਰਦ ਤੇ ਔਰਤਾਂ ਆਪਣੇ ਬੱਚਿਆਂ ਨੂੰ ਕੁਛੜ ਚੁੱਕੀ ਹਰ ਹੀਲੇ ਆਪਣੇ ਪਿੰਡ ਪਹੁੰਚਣ ਲਈ ਤਤਪਰ ਹਨ।” ਇਸ ਸੁਆਲ ਦਾ ਜੁਆਬ ਤਾਂ ਸੁਰਜੀਤ ਪਾਤਰ ਨੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਹੀ ਆਪਣੇ ਇਸ ਸ਼ਿਅਰ ਰਾਹੀਂ ਦੇ ਦਿੱਤਾ ਸੀ:
ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮ ਅਤੇ ਸਰਦਾਰੀ,
ਸ਼ਹਿਰ ‘ਚ ਆ ਕੇ ਬਣ ਜਾਂਦੇ ਨੇ ਬਸ ਦੀ ਇਕ ਅਸਵਾਰੀ।
ਮੰਡੀ ਅਤੇ ਸੱਤਾ ਦੇ ਭਜਾਏ ਬੰਦੇ ਨੂੰ ਆਪਣੇ ਪਿੰਡ ਤੋਂ ਵਧੀਆ ਰਾਹਤ ਹੋਰ ਕਿਥੇ ਮਿਲ ਸਕਦੀ ਹੈ। ਪਿੰਡ ਬੰਦੇ ਦੀ ਰੂਹ ਵਿਚ ਵਸਦਾ ਹੈ। ਪਿੰਡ ਤੋਂ ਉਸ ਨੂੰ ਭਾਈਚਾਰਕ ਪਛਾਣ ਮਿਲਦੀ ਹੈ। ਪਿੰਡ ਉਹ ਉਦੋਂ ਹੀ ਛੱਡਦਾ ਹੈ, ਜਦੋਂ ਘਰ ਦੀ ਗਰੀਬੀ ਖਾਣ ਨੂੰ ਆਵੇ। ਬਰਤਾਨਵੀ ਸੋਮਾਲੀ ਕਵਿੱਤਰੀ ਵਾਰਸਨ ਸ਼ਾਇਰ (ਜਨਮ 1 ਅਗਸਤ 1988) ਲਿਖਦੀ ਹੈ:
ਉਦੋਂ ਤੱਕ ਘਰ ਨੂੰ ਕੌਣ ਛੱਡਦਾ
ਜਦੋਂ ਤੱਕ ਘਰ
ਬਣ ਨਾ ਜਾਏ ਬਘਿਆੜ ਦਾ ਖੁੱਲ੍ਹਾ ਮੂੰਹ
ਸਰਹੱਦ ਵੱਲ ਉਠ ਨੱਸਦੇ ਤੁਸੀਂ
ਜਦ ਦੇਖਦੇ ਪੂਰਾ ਪਿੰਡ ਉਧਰ ਨੂੰ ਦੌੜਦਾ
ਤੇ ਸੰਘ ਵਿਚੀਂ ਤੇਜ਼ ਸ਼ੂਕਦੇ ਸਾਹਾਂ ਨਾਲ

ਤੁਹਾਡੇ ਗੁਆਂਢੀ ਤੁਹਾਡੇ ਤੋਂ ਵੀ ਤੇਜ਼ ਜਾਂਦੇ
ਤੁਹਾਡੇ ਨਾਲ ਦਾ ਸਕੂਲੀ ਮੁੰਡਾ
ਜਿਸ ਤੁਹਾਨੂੰ ਪੁਰਾਣੇ ਕਾਰਖਾਨੇ ਪਿੱਛੇ
ਚੁੰਮ ਕੇ ਮਦਹੋਸ਼ ਕੀਤਾ ਸੀ ਕਦੀ
ਜਦ ਚੁੱਕ ਲਵੇ ਆਪਣੇ ਕੱਦ ਨਾਲੋਂ ਲੰਮੀ ਬੰਦੂਕ
ਤੁਸੀਂ ਹਿਜਰਤ ਉਦੋਂ ਕਰਦੇ
ਜਦ ਘਰ ਤੁਹਾਨੂੰ ਆਪਣੇ ਵਿਚ ਰਹਿਣ ਨਾ ਦੇਵੇ।
ਪਿੰਡ ਦਾ ਅਰਥ ਹੈ ਆਪਣਿਆਂ ਦਾ ਮੋਹ ਪਿਆਰ, ਭਾਈਚਾਰਾ, ਸਭਿਆਚਾਰਕ ਪਛਾਣ, ਮੜਕ ਅਤੇ ਸਰਦਾਰੀ। ਜੇ ਪਿੰਡ ਵਿਚ ਹੀ ਰੋਜ਼ੀ ਰੋਟੀ ਦਾ ਪ੍ਰਬੰਧ ਹੋ ਜਾਵੇ ਤਾਂ ਪਿੰਡ ਕੋਈ ਨਹੀਂ ਛੱਡੇਗਾ। ਮਹਾਤਮਾ ਗਾਂਧੀ ਨੇ ਚਾਹਿਆ ਸੀ ਕਿ ਪਿੰਡਾਂ ਨੂੰ ਸਮਾਜਕ ਨਿਆਂ ਅਤੇ ਜਮਹੂਰੀਅਤ ਉਪਰ ਆਧਾਰਿਤ ਖੁਦਮੁਖਤਾਰ ਕਿਸਮ ਦੀਆਂ ਆਰਥਕ ਇਕਾਈਆਂ ਵਜੋਂ ਵਿਕਸਤ ਕੀਤਾ ਜਾਵੇ। ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ। ਪੰਡਿਤ ਨਹਿਰੂ ਦੀਆਂ ਜ਼ਰੂਰ ਕੋਈ ਮਜਬੂਰੀਆਂ ਹੋਣਗੀਆਂ। ਰਘੂਰਾਮ ਰਾਜਨ ਦੀ ਪੁਸਤਕ ‘ਦਿ ਥਰਡ ਪਿਲਰ’ ਇਸੇ ਹਕੀਕਤ ਨੂੰ ਫੋਕਸ ਵਿਚ ਲਿਆਊਦੀ ਹੈ ਕਿ ਮੰਡੀ/ਅਰਥਚਾਰੇ ਅਤੇ ਰਾਜਸੱਤਾ ਨੇ ਸਮਾਜਕ ਭਾਈਚਾਰਿਆਂ (ਪਿੰਡਾਂ) ਨੂੰ ਕਿਵੇਂ ਬਰਬਾਦ ਕੀਤਾ। ਕਰੋੜਾਂ ਦੀ ਗਿਣਤੀ ਵਿਚ ਪਰਵਾਸੀ ਮਜ਼ਦੂਰਾਂ ਦੀ ਸਮੂਹਿਕ ਹਿਜਰਤ ਅਤੇ ਭੁੱਖਮਰੀ ਦੇ ਦਿਲ ਕੰਬਾ ਦੇਣ ਵਾਲੇ ਦਰਦਨਾਕ ਦ੍ਰਿਸ਼ਾਂ ਨੇ ਮੌਜੂਦਾ ਆਰਥਕ ਵਿਵਸਥਾ ਦੀਆਂ ਨਵ-ਉਦਾਰਵਾਦੀ ਨੀਤੀਆਂ ਅਤੇ ਰਾਜਸੱਤਾ ਦੀ ਲਾਪਰਵਾਹੀ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿਤਾ ਹੈ। ਕੇਵਲ ਪਿੰਡਾਂ ਨੂੰ ਉਜਾੜ ਕੇ ਖੜ੍ਹੀਆਂ ਕੀਤੀਆਂ ਝੌਂਪੜ-ਪੱਟੀਆਂ ਦੇ ਭਵਿਖ ਬਾਰੇ ਹੀ ਨਹੀਂ, ਉਜੜੇ ਪਿੰਡਾਂ ਬਾਰੇ ਵੀ ਨਵੇਂ ਸਿਰੇ ਤੋਂ ਸੋਚ ਵਿਚਾਰ ਕਰਨੀ ਪਵੇਗੀ।
ਡਾ. ਮਨਮੋਹਨ ਨੇ 31 ਮਈ 2020 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ ਆਪਣੇ ਲੇਖ ‘ਪਰਵਾਸੀ ਮਜ਼ਦੂਰ ਸੰਕਟ: ਵਰਤਮਾਨ ਅਤੇ ਸੰਭਾਵਨਾਵਾਂ’ ਵਿਚ ਬੜੀ ਖੂਬਸੂਰਤ ਗੱਲ ਆਖੀ ਹੈ: “ਸ਼ਹਿਰੀ ਗਰੀਬ ਦੋ ਸੰਸਾਰਾਂ ਦਾ ਬਾਸ਼ਿੰਦਾ ਹੈ। ਇਕ ਹੈ ਅਸੁਰੱਖਿਅਤ, ਬੇਰੁਜ਼ਗਾਰ ਅਤੇ ਅਨਿਸ਼ਚਿਤ ਜੀਵਨ ਦਾ ਸ਼ਹਿਰੀ ਸੰਸਾਰ; ਦੂਸਰਾ ਹੈ, ਆਪਣੇ ਜੱਦੀ ਘਰ ਦੀ ਆਦਰਸ਼ ਪੇਂਡੂ ਪਨਾਹਗਾਹ ਅਤੇ ਸਥਿਰਤਾ ਦਾ ਸੰਸਾਰ।” ਮੰਡੀ ਅਤੇ ਰਾਜਸੱਤਾ ਦੁਆਰਾ ਪੈਦਾ ਕੀਤੀ ਸ਼ਹਿਰੀ ਅਸੁਰੱਖਿਆ ਤੋਂ ਕਾਲਪਨਿਕ ਪੇਂਡੂ ਸੁਰੱਖਿਆ ਵੱਲ ਘਰ ਵਾਪਸੀ ਬਾਰੇ ਗੱਲ ਕਰਦਿਆਂ ਉਹ ਲਿਖਦਾ ਹੈ: “ਇਹ ਮਜ਼ਦੂਰ ਸ਼ਹਿਰਾਂ ਵਿਚਲੇ ਘੱਟ ਸੁਰੱਖਿਅਤ ਘਰਾਂ ਤੋਂ ਪਿੰਡਾਂ ਵੱਲ ਵੱਧ ਸੁਰੱਖਿਅਤ (ਚਾਹੇ ਕਾਲਪਨਿਕ ਹੀ ਸਹੀ) ਘਰਾਂ ਵੱਲ ਪਰਵਾਸ ਕਰ ਰਹੇ ਹਨ।”
ਲੋਕਾਂ ਦੀ ਆਪਣੇ ਆਪ ਨੂੰ ਭਾਈਚਾਰਿਆਂ ਦੇ ਰੂਪ ਵਿਚ ਕਲਪਨਾ ਕਰਨ ਦੀ ਸ਼ਕਤੀ ਨੇ ਹੀ ਰਾਸ਼ਟਰੀ ਪੁਨਰ-ਨਿਰਮਾਣ ਦਾ ਆਧਾਰ ਬਣਨਾ ਹੁੰਦਾ ਹੈ, ਇਸ ਲਈ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਪਿੰਡਾਂ ਵੱਲ ਵਾਪਸੀ ਨੇ ਭਾਰਤੀ ਰਾਸ਼ਟਰਵਾਦ ਦੀ ਨਹਿਰੂ ਤੋਂ ਗਾਂਧੀ ਵੱਲ ਘਰ ਵਾਪਸੀ ਦਾ ਰਸਤਾ ਵੀ ਤਿਆਰ ਕਰ ਦਿੱਤਾ ਹੈ। ਇਹ ਕੇਵਲ ਸੰਕਟ ਦੇ ਹੀ ਨਹੀਂ, ਰਾਸ਼ਟਰੀ ਪੁਨਰ-ਨਿਰਮਾਣ ਦੇ ਕ੍ਰਾਂਤੀਕਾਰੀ ਪਲ ਹਨ: ਪਿੰਡਾਂ ਨੂੰ ਆਧਾਰ ਬਣਾ ਕੇ ਉਤਰ-ਪੂੰਜੀਵਾਦੀ ਯੁਗ ਦਾ ਨਿਰਮਾਣ ਕਰਨਾ। ਗਾਂਧੀ ਜੀ ਦੀਆਂ ਨੀਤੀਆਂ ਉਪਰ ਆਧਾਰਿਤ ਰਾਸ਼ਟਰੀ ਪੁਨਰ ਨਿਰਮਾਣ ਦਾ ਇਹ ਉਤਰ-ਪੂੰਜੀਵਾਦੀ ਏਜੰਡਾ ਮਹਾਤਮਾ ਗਾਂਧੀ ਦੇ ਭਾਰਤ ਦੀ ਵਿਸ਼ਵ ਨੂੰ ਵੱਡੀ ਦੇਣ ਹੋਵੇਗੀ।
ਮੈਂ ਆਪਣੇ ਇਸ ਕਥਨ ‘ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਆਰਥਕ ਵਿਕਾਸ, ਜਮਹੂਰੀ ਸੰਗਠਨਕਾਰੀ ਅਤੇ ਸਮਾਜਕ ਨਿਆਂ ਦੇ ਵਿਸਤਾਰ ਲਈ ਭਾਰਤ ਨੂੰ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਪੇਂਡੂ ਭਾਈਚਾਰਿਆਂ ਦੇ ਸਮਾਨੰਤਰ ਨੈਟਵਰਕ ਵਜੋਂ ਉਸਾਰਨਾ ਜ਼ਰੂਰੀ ਹੋ ਗਿਆ ਹੈ। ਅਜਿਹਾ ਕਰਨਾ ਕੇਵਲ ਸੰਭਵ ਹੀ ਨਹੀਂ ਹੋਇਆ, ਖੁਸ਼ਹਾਲ ਭਾਰਤ ਦੇ ਨਿਰਮਾਣ ਲਈ ਜ਼ਰੂਰੀ ਵੀ ਹੋ ਗਿਆ ਹੈ।
ਪੰਜਾਬ ਦਾ ਪਿੰਡ ਉਹੋ ਜਿਹਾ ਨਹੀਂ ਹੈ, ਜਿਹੋ ਜਿਹਾ ਪ੍ਰੋ. ਪੂਰਨ ਸਿੰਘ ਨੂੰ ਦਿਖਾਈ ਦਿੰਦਾ ਸੀ:
ਇਥੇ ਖੁਲ੍ਹ ਦਾ ਮੈਦਾਨ ਹੈ
ਇਥੇ ਪਿਆਰ ਤੇ ਹੜ੍ਹਾਂ ਦਾ ਆਵੇਸ਼ ਹੈ
ਇਥੇ ਪਹਾੜ ਪਿਆਰ ਵਿਚ ਪਿਘਲਦੇ
ਇਥੇ ਕੋਈ ਅਣਪਛਾਤਾ ਜਿਹਾ ਇਲਾਹੀ ਸੁਆਦ ਹੈ।
ਪੰਜਾਬ ਦੇ ਪਿੰਡ ਤਾਂ ਕਦੋਂ ਤੋਂ ਨਸ਼ੇ, ਗੁਰਬਤ, ਬੇਰੁਜ਼ਗਾਰੀ, ਜੁਰਮ, ਗੁੰਡਾਗਰਦੀ, ਭੈਅ, ਪ੍ਰਦੂਸ਼ਣ, ਸਮਾਜਕ ਬੇਇਨਸਾਫੀ, ਦਮਨ, ਪਛੜੇਪਣ, ਜਾਤੀਵਾਦ, ਜਗੀਰੂ ਸਿਆਸਤ, ਨੌਕਰਸ਼ਾਹੀ ਕੰਟਰੋਲ ਅਤੇ ਪਿਛਾਂਹਖਿਚੂ ਵਿਚਾਰਾਂ ਦੀ ਗ੍ਰਿਫਤ ਵਿਚ ਆਏ ਹੋਏ ਹਨ।
ਦਇਆ, ਸਬਰ, ਸੰਤੋਖ, ਅਪਣੱਤ, ਭਰੋਸੇ, ਆਪਸੀ ਸਹਿਯੋਗ, ਬਰਾਬਰੀ, ਮਿਲਵਰਤਣ, ਸਾਂਝੀਵਾਲਤਾ, ਸਮਾਜਕ ਨਿਆਂ, ਜਮਹੂਰੀਅਤ, ਆਜ਼ਾਦੀ ਅਤੇ ਪਿਆਰ ਮੁਹੱਬਤ ਵਰਗੀਆਂ ਕਦਰਾਂ ਕੀਮਤਾਂ ਜੋ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਪੇਂਡੂ ਭਾਈਚਾਰੇ ਦੀ ਪਛਾਣ ਹੁੰਦੀਆਂ, ਕਿਧਰੇ ਵੀ ਦਿਖਾਈ ਨਹੀਂ ਦਿੰਦੀਆਂ। ਪੰਜਾਬ ਦਾ ਪਿੰਡ ਨਾ ਪਹਿਲਾਂ ਇਹੋ ਜਿਹਾ ਸੀ, ਨਾ ਹੁਣ ਇਹੋ ਜਿਹਾ ਹੈ। ਪੰਜਾਬ ਦੇ ਜਿਹੋ ਜਿਹੇ ਪਿੰਡ ਦੇ ਨਿਰਮਾਣ ਬਾਰੇ ਆਪਾਂ ਸੋਚ ਰਹੇ ਹਾਂ, ਉਹ ਨਿਸ਼ਚੇ ਹੀ ਇਨ੍ਹਾਂ ਕਦਰਾਂ ਕੀਮਤਾਂ ਉਪਰ ਆਧਾਰਿਤ ਹੋਵੇਗਾ। ਪੰਜਾਬ ਦੀ ਪਿੰਡਾਂ ਨੂੰ ਵਾਪਸੀ ਦਾ ਅਰਥ ਹੈ, ਇਨ੍ਹਾਂ ਕਦਰਾਂ ਕੀਮਤਾਂ ਦੀ ਇਲਾਹੀ ਮਸਤੀ ਵਾਲੇ ਪਿੰਡਾਂ ਵੱਲ ਵਾਪਸੀ। ਪਿੰਡਾਂ ਤੋਂ ਪਰਵਾਸ ਕਰ ਕੇ ਗਏ ਸ਼ਹਿਰੀ ਕਾਮਿਆਂ ਦੀ ਹੀ ਨਹੀਂ, ਸਾਡੀ ਸਭ ਦੀ। ਪਿੰਡਾਂ ਦੀ ਖੁਦ ਆਪਣੀ ਵੀ।
ਪ੍ਰੋ. ਪੂਰਨ ਸਿੰਘ ਦੀ ਕਵਿਤਾ ‘ਜਵਾਨ ਪੰਜਾਬ ਦੇ’ ਵਿਚਲੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕਰਦੇ ਹਾਂ:
ਪਿਆਰ ਨਾਲ ਇਹ ਕਰਨ ਗੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ:
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ
ਆਜ਼ਾਦ ਕੀਤੇ ਇਹ ਬੰਦੇ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ,
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ‘ਤੇ।
ਜਵਾਨ ਖੁਲ੍ਹੇ ਖੋਲ੍ਹੇ ਪਿਆਰਿਆਂ,
ਆਜ਼ਾਦੀ ਦੇ ਪਿਆਰ ਵਿਚ,
ਦੁਨੀਆਂ ਥੀਂ ਵਿਹਲੇ,
ਦੀਨ ਥੀਂ ਵਿਹਲੇ,
ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ।
ਮੰਨੇ ਨਾ ਮਨੀਂਦੇ ਕਦੀ, ਕੁੱਦ-ਕੁੱਦ, ਉਛਲਦੇ ਡੁਲ੍ਹਦੇ,
ਮਰਜ਼ੀ ਦੇ ਮਾਲਕ ਇਹ

ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ।
ਇਹ ਕਵਿਤਾ ਮੈਨੂੰ ਇਸ ਲਈ ਵਧੇਰੇ ਪਸੰਦ ਹੈ, ਕਿਉਂਕਿ ਇਸ ਕਵਿਤਾ ਵਿਚ ਪੰਜਾਬ ਦੇ ਕੇਂਦਰੀ ਮੁੱਲ-ਪ੍ਰਬੰਧ ‘ਆਜ਼ਾਦੀ’ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਹਰ ਭਾਈਚਾਰਾ ਆਜ਼ਾਦੀ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਦਾ ਹੈ। ਪੰਜਾਬ ਵਿਚ ਆਜ਼ਾਦੀ ਦੇ ਕੀ ਅਰਥ ਲਏ ਜਾਂਦੇ ਹਨ, ਇਹ ਕਵਿਤਾ ਇਹੋ ਬਿਆਨ ਕਰਦੀ ਹੈ। ਆਜ਼ਾਦੀ ਪੰਜਾਬ ਦੀ ਕਈ ਸਾਰੀਆਂ ਪਛਾਣਾਂ ਵਿਚੋਂ ਇਕ ਪਛਾਣ ਨਹੀਂ। ਆਜ਼ਾਦੀ ਪੰਜਾਬ ਦੀ ਮੂਲ ਪਛਾਣ ਹੈ: “ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿਚ।” ਪਰ ਇਸ ਆਜ਼ਾਦੀ ਦਾ ਮਨੋਰਥ ਕੀ ਹੈ? ਗੁਰੂ ਨੇ ਕਿਹੜੀਆਂ ਪ੍ਰਾਪਤੀਆਂ ਲਈ ਪੰਜਾਬੀਆਂ ਨੂੰ ਦੀਨ ਦੁਨੀਆਂ ਦੇ ਬੰਧਨਾਂ ਤੋਂ ਧੁਰ ਥੀਂ ਆਜ਼ਾਦ ਕੀਤਾ ਹੋਇਆ ਹੈ। ਗੁਰੂ ਸਾਹਿਬ ਦਾ ਆਦੇਸ਼ ਹੈ: ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਪੰਜਾਬ ਵਿਚ ਆਜ਼ਾਦੀ ਦਾ ਸਬੰਧ ਵਿਅਕਤੀਗਤ ਪ੍ਰਾਪਤੀਆਂ ਨਾਲ ਨਹੀਂ; ਪਿਆਰ ਦੀ ਗੁਲਾਮੀ ਨਾਲ ਹੈ; ਦੂਸਰੇ ਦੇ ਦੂਸਰੇਪਣ ਲਈ ਮਰ ਮਿਟਣ ਨਾਲ ਹੈ। ਇਸੇ ਵਿਚੋਂ ਸਰਬਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਨਾਲ ਪ੍ਰਤੀਬੱਧਤਾ ਦੇ ਰੂਪ ਵਿਚ ਪੰਜਾਬ ਦੀ ਭਾਈਚਾਰਕ ਸਾਂਝ ਆਪਣੇ ਡੂੰਘੇ ਅਰਥ ਪ੍ਰਾਪਤ ਕਰਦੀ ਹੈ। ਪੰਜਾਬ ਦੀ ਆਰਥਕ ਸੂਝ, ਸਭਿਆਚਾਰਕ ਪਛਾਣ ਅਤੇ ਸਿਆਸੀ ਨੈਤਿਕਤਾ ਦੀਆਂ ਜੜ੍ਹਾਂ ‘ਆਜ਼ਾਦੀ’ ਦੀ ਇਸੇ ਪਰਿਭਾਸ਼ਾ ਵਿਚੋਂ ਮਿਲਣਗੀਆਂ। ਗੁਰਾਂ ਦੇ ਨਾਮ ਨਾਲ ਜੀਣ ਵਾਲੇ ਪੰਜਾਬੀ ਪਿੰਡ ਦੇ ਨਿਰਮਾਣ ਦਾ ਆਧਾਰ ਵੀ ਆਜ਼ਾਦੀ ਦੀ ਇਸੇ ਪਰਿਭਾਸ਼ਾ ਵਿਚੋਂ ਢੂੰਡਣਾ ਪਵੇਗਾ।
ਕੁਦਰਤ ਨੇ ਮਨੁੱਖ ਨੂੰ ਕੇਵਲ ਦੋ ਪ੍ਰੋਗਰਾਮ ਦੇ ਕੇ ਭੇਜਿਆ ਸੀ। ਆਪਣੇ ਆਪ ਨੂੰ ਬਚਾਅ ਕੇ ਰੱਖਣਾ ਅਤੇ ਨਸਲ ਅੱਗੇ ਤੋਰਨੀ। ਸੁਆਰਥੀ ਲੋਕਾਂ ਨੇ ਆਪਣੇ ਆਪ ਨੂੰ ਬਚਾਅ ਕੇ ਰੱਖਣ ਲਈ ਇਕ ਦੂਜੇ ਨਾਲ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ। ਸਹਿਯੋਗ ਦੀ ਇਸ ਰਾਜਨੀਤਕ ਖੇਡ ਦਾ ਨਾਮ ਹੀ ਨੈਤਿਕਤਾ ਹੈ। ਨੈਤਿਕਤਾ ਬੰਦੇ ਦੇ ਜੀਨਜ਼ ਵਿਚ ਨਹੀਂ ਹੁੰਦੀ। ਇਹ ਤਾਂ ਸਮਾਜ ਵਿਚ ਰਹਿੰਦਿਆਂ ਸਮਾਜ ਵਿਚੋਂ ਹੀ ਸਿਖਣੀ ਪੈਂਦੀ ਹੈ। ਨੈਤਿਕਤਾ ਇਤਿਹਾਸਕ ਤਬਦੀਲੀ ਵਿਚ ਬੱਝਿਆ ਹੋਇਆਂ ਸਿਆਸੀ ਪਰਵਚਨ ਹੈ।
ਇਹ ਠੀਕ ਹੈ ਕਿ ਆਪਸੀ ਸਹਿਯੋਗ ਦੀ ਖੇਡ ਕੁਝ ਹਾਸਲ ਕਰਨ ਲਈ ਖੇਡੀ ਜਾਂਦੀ ਹੈ ਪਰ ਖੇਡ ਦੀ ਸਫਲਤਾ ਲਈ ਆਪਣੀ ਹਉਮੈ ਨੂੰ ਕੰਟਰੋਲ ਕਰ ਕੇ ਦੂਜੇ ਨੂੰ ਥਾਂ ਦੇਣੀ ਪੈਂਦੀ ਹੈ।
ਗੁਰੂ ਸਾਹਿਬ ਨੇ ‘ਮੈਂ’ ਅਤੇ ‘ਤੂੰ’ ਭਾਵ ‘ਨਿਜ’ ਅਤੇ ‘ਪਰ’ ਦੇ ਸਹਿਯੋਗ ਨੂੰ ਮੈਂ (ਮਨੁੱਖ) ਅਤੇ ਤੂੰ (ਪਰਮਾਤਮਾ) ਦੇ ਸਹਿਯੋਗੀ ਰਿਸ਼ਤੇ ਵਿਚ ਤਬਦੀਲ ਕਰ ਦਿਤਾ। ਪਰਮਾਤਮਾ ਕੇਵਲ ਸਰਬ ਸ਼ਕਤੀਮਾਨ ਹੀ ਨਹੀਂ, ਸਭ ਤੋਂ ਵੱਡਾ ਦਾਤਾ ਵੀ ਹੈ। ਉਸ ਤੋਂ ਹਰ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਨਤੀਜੇ ਵਜੋਂ ਲੋਕਾਂ ਨੇ ਆਪਣੀ ਹਉਮੈ ਤਿਆਗ ਕੇ ਉਸ ਦੀ ਰਜ਼ਾ ਵਿਚ ਰਹਿਣ ਦੀ ਧਾਰਨਾ ਨੂੰ ਪ੍ਰਵਾਨ ਕਰ ਲਿਆ। ਇਹ ਵੀ ਆਖ ਦਿੱਤਾ ਕਿ ਉਹ ਸਭ ਵਿਚ ਵਸਦਾ ਹੈ। ਸਭ ਵਿਚ ਉਸੇ ਦੀ ਜੋਤ ਜਗਦੀ ਹੈ। ਇਸ ਨਾਲ ਆਪਸੀ ਸਹਿਯੋਗ ਦਾ ਘੇਰਾ ਵਿਸ਼ਾਲ ਹੋ ਗਿਆ। ਕੇਵਲ ਮਨੁੱਖ ਹੀ ਨਹੀਂ; ਜੀਵ ਜੰਤੂ, ਪਸ਼ੂ ਪੰਛੀ, ਪੌਣ ਪਾਣੀ, ਧਰਤੀ, ਖੰਡ ਬ੍ਰਹਿਮੰਡ, ਸਮੁਚੀ ਕਾਇਨਾਤ ਇਸ ਆਪਸੀ ਸਹਿਯੋਗ ਦੇ ਘੇਰੇ ਵਿਚ ਆ ਗਈ। ਕਿਸੇ ਨੂੰ ਦੁਖ ਦੇਣਾ, ਕਿਸੇ ਦਾ ਸ਼ੋਸ਼ਣ ਕਰਨਾ ਜਾਂ ਕਿਸੇ ਨਾਲ ਦਰਾਇਤ ਕਰਨੀ ਵਰਜਿਤ ਹੋ ਗਈ। ਨਤੀਜੇ ਵਜੋਂ ਪਿਆਰ, ਮੁਹੱਬਤ, ਦਇਆ, ਸਤ, ਸੰਤੋਖ, ਗਿਆਨ ਆਦਿ ਕਦਰਾਂ ਕੀਮਤਾਂ ਗੁਰੂ ਨਾਨਕ ਦੀ ਨੈਤਿਕਤਾ ਵਜੋਂ ਸਥਾਪਤ ਹੋ ਗਈਆਂ। ਜੇ ਗੁਰੂ ਨਾਨਕ ਦੇ ਇਸ ਸਮੁਚੇ ਨੈਤਿਕ ਪ੍ਰਬੰਧ ਨੂੰ ਦੋ ਸ਼ਬਦਾਂ ਵਿਚ ਸਮੇਟਣਾ ਹੋਵੇ ਤਾਂ ਬੜੇ ਆਰਾਮ ਨਾਲ ਕਿਹਾ ਜਾ ਸਕਦਾ ਹੈ ਕਿ ਸਰਬ ਸਾਂਝੀਵਾਲਤਾ ਅਤੇ ਵੰਡ ਕੇ ਛਕਣਾ ਗੁਰੂ ਨਾਨਕ ਦੀ ਨੈਤਿਕਤਾ ਦੇ ਮੂਲ ਆਧਾਰ ਹਨ। ਸਰਬ ਸਾਂਝੀਵਾਲਤਾ ਅਤੇ ਵੰਡ ਕੇ ਛਕਣ ਦੇ ਇਨ੍ਹਾਂ ਉਤਰ-ਪੂੰਜੀਵਾਦੀ ਸਮਾਜ ਦੀ ਸਿਰਜਣਾ ਦਾ ਆਧਾਰ ਬਣਨਾ ਹੈ। ਇਨ੍ਹਾਂ ਨੇ ਹੀ ਪੇਂਡੂ ਭਾਈਚਾਰਿਆਂ ਅਤੇ ਉਨ੍ਹਾਂ ਦੀ ਨੈਟਵਰਕਿੰਗ ਦਾ ਤਰਕ ਪੈਦਾ ਕਰਨਾ ਹੈ।
ਆਰਥਕ ਵਿਕਾਸ, ਜਮਹੂਰੀ ਸੰਗਠਨਕਾਰੀ ਅਤੇ ਸਮਾਜਕ ਨਿਆਂ ਉਪਰ ਆਧਾਰਿਤ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਪੇਂਡੂ ਭਾਈਚਾਰਿਆਂ ਦੀ ਸਮਾਨੰਤਰ ਨੈਟਵਰਕਿੰਗ ਵਿਚ ਬੱਝੇ ਅਗਾਂਹਵਧੂ ਪਿੰਡ ਦਾ ਨਿਰਮਾਣ ਕਿਵੇਂ ਕਰਨਾ ਹੈ, ਇਹ ਹੁਣ ਮੁਸ਼ਕਿਲ ਕੰਮ ਨਹੀਂ ਰਿਹਾ। ਕੇਵਲ ਪਲੈਨਿੰਗ ਦੀ ਲੋੜ ਹੈ। ਪੂੰਜੀ ਦੇ ਅਗਾਊਂ ਵਿਕਾਸ ਲਈ, ਨਵੇਂ ਹਾਲਾਤ ਵਿਚ ਢਲ ਕੇ ਅੱਗੇ ਵਧਣਾ ਪੂੰਜੀਵਾਦ ਦਾ ਸੁਭਾਅ ਹੈ। ਵਾਤਾਵਰਨ, ਰੁਜ਼ਗਾਰ, ਨੈਤਿਕਤਾ, ਆਜ਼ਾਦੀ, ਬਰਾਬਰੀ ਅਤੇ ਸਹਿਣਸ਼ੀਲਤਾ ਹੁਣ ਸਮਾਜਵਾਦ ਦਾ ਏਜੰਡਾ ਨਹੀਂ ਰਹੇ, ਪੂੰਜੀਵਾਦੀ ਵਿਸਤਾਰ ਦੇ ਉਤਰ-ਉਦਾਰਵਾਦੀ ਸਾਧਨ ਬਣ ਗਏ ਹਨ। ਇਸੇ ਤਰ੍ਹਾਂ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਪੇਂਡੂ ਭਾਈਚਾਰਿਆਂ ਦੀ ਸਮਾਨੰਤਰ ਨੈਟਵਰਕਿੰਗ ਵੀ ਪੂੰਜੀਵਾਦੀ ਏਜੰਡੇ ਦਾ ਹੀ ਭਾਗ ਹਨ। ਪੂੰਜੀਵਾਦ ਦੇ ਇਸ ਉਨਤ ਪੜਾਅ ਨੂੰ ਉਤਰ-ਪੂੰਜੀਵਾਦ ਦਾ ਨਾਮ ਵੀ ਦੇ ਦਿੱਤਾ ਜਾਂਦਾ ਹੈ। ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਆਏ ਹਾਂ ਕਿ ਇਸ ਉਤਰ-ਪੂੰਜੀਵਾਦੀ ਵਿਵਸਥਾ ਦਾ ਆਧਾਰ ਮਾਨਵ-ਪੂੰਜੀ ਹੈ, ਇਸ ਲਈ ਇਸ ਦਾ ਉਦਭਵ, ਵਿਕਾਸ ਅਤੇ ਅੰਤਰ-ਵਿਰੋਧਤਾਵਾਂ ਸਭ ਵਿਦਿਅਕ ਸੁਧਾਰਾਂ ਨਾਲ ਜੁੜੇ ਹੋਏ ਹਨ।
ਸਵੈ-ਦੇਖਭਾਲ ਅਤੇ ਆਪਣੇ ਆਪ ਨੂੰ ਕਲਾਕ੍ਰਿਤ ਵਜੋਂ ਵਿਕਸਿਤ ਕਰਨਾ, ਨਵੇਂ ਮੱਧ-ਵਰਗ ਦਾ ਧਰਮ ਬਣ ਗਏ ਹਨ। ਯੋਗ ਦੀ ਦਰੀ ਤੋਂ ਲੈ ਕੇ ਪਲਾਸਟਿਕ ਸਰਜਰੀ ਦੇ ਮੇਜ਼ ਤੱਕ ਅਨੇਕ ਕਿਸਮ ਦੀਆਂ ਸਨਅਤਾਂ ਇਸੇ ਕੰਮ ਦਾ ਧਿਆਨ ਰੱਖ ਰਹੀਆਂ ਹਨ। ਕੇਵਲ ਸਰੀਰਕ ਖੂਬਸੂਰਤੀ ਹੀ ਨਹੀਂ, ਸਮਾਜ-ਸਭਿਆਚਾਰਕ ਅਤੇ ਆਰਥਕ-ਰਾਜਨੀਤਕ ਜ਼ਿੰਮੇਵਾਰੀਆਂ ਵੀ ਇਸ ਨਵ-ਉਦਾਰਵਾਦੀ ਪ੍ਰੋਜੈਕਟ ਦਾ ਹਿੱਸਾ ਹਨ। ਇਸ ਤਰ੍ਹਾਂ ਪਹਿਲੀ ਵਾਰ ਵੀ ਨਹੀਂ ਹੋ ਰਿਹਾ। ਗੁਲਾਮ ਰੱਖਣ ਵਾਲੇ ਗਰੀਕ ਅਤੇ ਰੋਮਨ ਪਤਵੰਤੇ ਵੀ ਸਵੈ-ਨਿਰਮਾਣ ਦੇ ਪ੍ਰੋਜੈਕਟ ਨਾਲ ਇਸ ਕਦਰ ਜੁੜੇ ਹੋਏ ਸਨ ਕਿ ਉਨ੍ਹਾਂ ਨੇ ਆਪਣੀਆਂ ਕਾਮਨਾਵਾਂ/ਚਾਹਤਾਂ ਉਪਰ ਕੰਟਰੋਲ ਅਤੇ ਦੂਸਰਿਆਂ ਦੀ ਖੁਸ਼ਹਾਲੀ ਨੂੰ ਆਪਣਾ ਮਿਸ਼ਨ ਬਣਾ ਲਿਆ ਸੀ ਪਰ ਇਨ੍ਹਾਂ ਦੂਸਰਿਆਂ ਵਿਚ ਗੁਲਾਮ ਸ਼ਾਮਲ ਨਹੀਂ ਸਨ। ਜਿਵੇਂ ਗਰੀਕ ਅਤੇ ਰੋਮਨ ਸ਼ਾਸਨ ਦੌਰਾਨ ਅਸਮਾਨਤਾ ਅਤੇ ਅਨਿਆਂ ਖਤਮ ਨਹੀਂ ਸਨ ਹੋਏ, ਇਸੇ ਤਰ੍ਹਾਂ ਵਧ ਰਹੇ ਨਵ-ਫਾਸ਼ੀਵਾਦ ਨੂੰ ਰੋਕ ਸਕਣਾ ਵਰਤਮਾਨ ਵਿਵਸਥਾ ਦੇ ਵੱਸ ਵਿਚ ਹੀ ਨਹੀਂ ਰਿਹਾ।
ਲੋਕ ਸੁਆਲ ਕਰਦੇ ਹਨ ਕਿ ਸਮਾਜਕ ਜਮਹੂਰੀਅਤ ਦੇ ਰੂਪ ਵਿਚ ਹਿਟਲਰ ਦੇ ਫਾਸ਼ੀਵਾਦ ਦਾ ਬਦਲ ਤਾਂ ਸਪਸ਼ਟ ਦਿਖਾਈ ਦਿੰਦਾ ਸੀ, ਉਸ ਨੇ ਫਾਸ਼ੀਵਾਦ ਨੂੰ ਹਰਾਇਆ ਵੀ ਪਰ ਕੀ ਦੁਨੀਆਂ ਵਿਚ ਵਧ ਰਹੇ ਨਵ-ਫਾਸ਼ੀਵਾਦ ਦਾ ਕੋਈ ਵਿਚਾਰਧਾਰਕ ਬਦਲ ਹੈ, ਜੋ ਉਸ ਨੂੰ ਹਰਾ ਕੇ ਆਰਥਕ ਵਿਕਾਸ, ਜਮਹੂਰੀ ਸੰਗਠਨਕਾਰੀ ਅਤੇ ਸਮਾਜਕ ਨਿਆਂ ਉਪਰ ਆਧਾਰਿਤ ਸਮਿਲਤ, ਸਮਾਰਟ ਅਤੇ ਸਿਰਜਣਾਤਮਕ ਸੰਸਾਰ ਦਾ ਨਿਰਮਾਣ ਕਰ ਸਕੇ।
ਆਪਣੇ ਇਸ ਅਧੂਰੇ ਅਤੇ ਨਿਮਾਣੇ ਜਿਹੇ ਯਤਨ ਰਾਹੀਂ ਅਸੀਂ ਅਜਿਹੀ ਉਤਰ-ਪੂੰਜੀਵਾਦੀ ਸੰਭਾਵਨਾ ਨੂੰ ਸਮਝਣ ਦਾ ਯਤਨ ਕੀਤਾ ਹੈ। ਇਸ ਕੰਮ ਲਈ ਸੰਗਠਿਤ ਜਮਾਤ ਅਤੇ ਜਮਾਤੀ ਘੋਲ ਦੀ ਜ਼ਰੂਰਤ ਨਹੀਂ। ਨਵੀਆਂ ਸੰਭਾਵਨਾਵਾਂ ਖੋਜਣ ਵਾਲੇ ਪੜ੍ਹੇ ਲਿਖੇ ਸਿਰਜਣਾਤਮਕ ਬੁਧੀਮਾਨਾਂ ਦੀ ਵਿਸ਼ਵ ਪੱਧਰੀ ਨੈਟਵਰਕਿੰਗ ਹੀ ਬਹੁਤ ਹੋਵੇਗੀ। ਨੈਟਵਰਕਿੰਗ ਕਰਨ ਦੀ ਲੋੜ ਨਹੀਂ, ਇਹ ਹੋ ਰਹੀ ਹੈ। ਵਿਦਿਆ ਦਾ ਪਾਸਾਰ ਕਰਨ ਦੀ ਵੀ ਲੋੜ ਨਹੀਂ, ਇਹ ਹੋ ਰਿਹਾ ਹੈ। ਪੂੰਜੀਵਾਦ ਨੂੰ ਉਮਰ ਭਰ ਤਕਨੀਕੀ ਸਿਖਿਆ ਨਾਲ ਜੁੜੀ ਰਹਿਣ ਵਾਲੀ ਮਾਨਵ-ਪੂੰਜੀ ਦੀ ਲੋੜ ਹੈ। ਉਹ ਆਪਣੀ ਇਸ ਲੋੜ ਦੀ ਪੂਰਤੀ ਲਈ ਹਰ ਯਤਨ ਕਰੇਗਾ। ਮਾਨਵ-ਵਸੀਲਿਆਂ ਵਿਚੋਂ ਵੱਧ ਤੋਂ ਵੱਧ ਵੈਲਯੂ ਕਸ਼ੀਦਣ ਲਈ, ਉਨ੍ਹਾਂ ਅੰਦਰ ਗਿਆਨ, ਹੁਨਰ, ਕਦਰਾਂ ਕੀਮਤਾਂ ਅਤੇ ਆਪਸੀ ਸਹਿਯੋਗ ਦੀਆਂ ਭਾਵਨਾਵਾਂ ਵੀ ਭਰੇਗਾ। ਉਹ, ਇਹ ਸਭ ਕੁਝ, ਹਰ ਕਿਸੇ ਨੂੰ, ਕਿਸੇ ਵੀ ਥਾਂ, ਕਿਸੇ ਵੀ ਰੂਪ ਵਿਚ, ਬਿਨਾ ਕੋਈ ਪੈਸਾ ਲਏ, ਉਮਰ ਭਰ ਮੁਹਈਆ ਕਰਵਾਏਗਾ। ਕੇਵਲ ਮਾਨਵ-ਵਸੀਲਿਆਂ ਦੇ ਉਤਪਾਦਨ ਲਈ ਹੀ ਨਹੀਂ; ਨਿਗਰਾਨੀ ਅਤੇ ਕੰਟਰੋਲ ਲਈ ਵੀ। ਉਸ ਨੂੰ ਕੇਵਲ ਦੇਹਾਂ ਉਪਰ ਹੀ ਨਹੀਂ, ਮਨਾਂ ਉਪਰ ਵੀ ਕੰਟਰੋਲ ਚਾਹੀਦਾ ਹੈ। ਆਪਣੀ ਅਸੀਮ ਹਵਸ ਦੀ ਪੂਰਤੀ ਲਈ, ਪੂੰਜੀ ਦੇ ਵੱਧ ਤੋਂ ਵੱਧ ਉਤਪਾਦਨ ਵਾਸਤੇ, ਇਹ ਬਾਇਓ-ਪੁਲਿਟੀਕਲ ਅਤੇ ਸਾਈਕੋ-ਪੁਲਿਟੀਕਲ ਸੰਦ ਵੀ ਖੁਲ੍ਹੇ ਵੰਡੇ ਜਾ ਰਹੇ ਹਨ। ਇਹ ਨੈਟਵਰਕ, ਇਹ ਆਧਾਰ ਢਾਂਚਾ ਅਤੇ ਇਹ ਸੰਦ ਉਨ੍ਹਾਂ ਲੋਕਾਂ ਨੂੰ ਵੀ ਉਪਲਭਦ ਹੋ ਰਹੇ ਹਨ, ਜੋ ਵਰਤਮਾਨ ਵਿਵਸਥਾ ਵਿਚ ਕੰਮ ਕਰਦੇ ਹੋਏ ਸਮਾਜ ਨੂੰ ਅਗਾਂਹਵਧੂ ਉਸਾਰੂ ਕੰਮਾਂ ਲਈ ਨਵੀਂ ਦਿਸ਼ਾ ਦੇਣਾ ਚਾਹੁੰਦੇ ਹਨ। ਕੀ ਪੰਜਾਬ ਨੇ ਆਪਣਾ ਕੋਈ ਅਜਿਹਾ ਏਜੰਡਾ ਤਿਆਰ ਕੀਤਾ ਹੈ? ਜੇਕਰ ਊਬਰ ਅਤੇ ਏਅਰਬੀਐਨਬੀ ਵਰਗੀਆਂ ਕੰਪਨੀਆਂ ਬਿਨਾ ਕੋਈ ਕਾਰ ਅਤੇ ਹੋਟਲ ਖਰੀਦੇ, ਇਸ ਉਪਲਭਦ ਡਿਜੀਟਲ ਆਧਾਰ ਢਾਂਚੇ ਦੀ ਸਹਾਇਤਾ ਨਾਲ ਅਰਬਾਂ ਖਰਬਾਂ ਡਾਲਰ ਕਮਾ ਸਕਦੀਆਂ ਹਨ ਤਾਂ ਪੰਜਾਬ ਵੀ ਆਪਣੇ ਕਿਸਾਨਾਂ, ਮਜ਼ਦੂਰਾਂ, ਸ਼ਿਲਪਕਾਰਾਂ, ਉਦਮੀ ਕਾਮਿਆਂ, ਖੋਜੀਆਂ, ਵਿਦਿਆਰਥੀਆਂ ਅਤੇ ਤਕਨੀਕੀ ਮਾਹਿਰਾਂ ਨੂੰ ਨਵੀਂ ਤਕਨਾਲੋਜੀ ਨਾਲ ਲੈਸ ਕਰ ਕੇ ਆਪਣੇ ਹਰ ਸੰਕਟ ਤੋਂ ਬਾਹਰ ਆ ਸਕਦਾ ਹੈ ਪਰ ਅਜਿਹਾ ਹੋ ਨਹੀਂ ਰਿਹਾ। ਓਨੀ ਦੇਰ ਹੋ ਵੀ ਨਹੀਂ ਸਕਦਾ ਜਿੰਨੀ ਦੇਰ ਪੰਜਾਬ ਆਪਣੇ ਵਿਦਿਅਕ ਢਾਂਚੇ ਨੂੰ ਨਹੀਂ ਸੁਧਾਰਦਾ। ਭਾਵੇਂ ਕੰਧਾਂ ‘ਤੇ ਲਿਖ ਦਿਓ- ਵਿਦਿਅਕ ਸੁਧਾਰਾਂ ਬਿਨਾ ਨਹੀਂ ਬਚੇਗਾ ਪੰਜਾਬ। (ਸਮਾਪਤ)