ਗੁਲਜ਼ਾਰ ਸਿੰਘ ਸੰਧੂ
ਜਦੋਂ ਕਦੀ ਵੀ ਮਹਾਮਾਰੀ ਆਉਂਦੀ ਹੈ-ਨਰਕ, ਸੁਰਗ ਤੇ ਖੱਜਲ ਖੁਆਰੀ ਦੀਆਂ ਗੱਲਾਂ ਹੋਣੀਆਂ ਕੁਦਰਤੀ ਹਨ। ਕਰਨ ਵਾਲੇ ਆਮ ਆਦਮੀ ਵੀ ਹੁੰਦੇ, ਕਲਾਕਾਰ ਤੇ ਲੇਖਕ ਵੀ। ਖਾਸ ਕਰਕੇ ਲੇਖਕਾਂ, ਜਦੋਂ ਮਿਰਜ਼ਾ ਗਾਲਿਬ ਦੇ ਜੀਵਨ ਕਾਲ ਵਿਚ ਵਬਾ (ਮਹਾਮਾਰੀ) ਫੈਲੀ ਤਾਂ ਉਸ ਨੂੰ ਉਸ ਦੇ ਮਿੱਤਰ ਮੀਰ ਮੇਹਦੀ ਮਜ਼ਰੂਹ ਨੇ ਚਿੱਠੀ ਲਿਖ ਕੇ ਪੁੱਛਿਆ ਕਿ ਵਬਾ ਵਿਚ ਉਸ ਦਾ ਕੀ ਹਾਲ ਰਿਹਾ? ਗ਼ਾਲਿਬ ਨੇ ਉਤਰ ਦਿੱਤਾ ਕਿ ਜਿਹੜੀ ਵਬਾ 66 ਸਾਲ ਦੇ ਗ਼ਾਲਿਬ ਤੇ ਉਸ ਦੀ 64 ਸਾਲਾ ਬੀਵੀ ਦਾ ਕੁਝ ਨਹੀਂ ਵਿਗਾੜ ਸਕੀ, ਲਾਅਨਤ ਉਸ ਵਬਾ ਦੇ। ਨਰਕ ਤੇ ਸੁਰਗ ਬਾਰੇ ਉਸ ਦੇ ਵਿਚਾਰ ਹੇਠ ਲਿਖੇ ਸ਼ਿਅਰਾਂ ਵਿਚ ਦਰਜ ਸਨ,
ਤਲਖ, ਤੁਰਸ਼ ਔਰ ਸ਼ੀਰੀ,
ਕਿਉਂ ਨਾ ਦੋਜ਼ਖ ਕੋ ਭੀ
ਫਿਰਦੌਸ ਮੇਂ ਮਿਲਾ ਲੇਂ ਯਾ ਰੱਬ,
ਸੈਰ ਕੇ ਵਾਸਤੇ ਥੋੜ੍ਹੀ ਸੀ ਜਗ੍ਹਾ ਔਰ ਸਹੀ।
–
ਇਕ ਪਰੀਜ਼ਾ ਦੋ ਸੇ ਲੇਂਗੇ
ਖੁਲਦ ਮੇਂ ਹਮ ਇੰਤਕਾਮ,
ਕੁਦਰਤ-ਏ-ਹੱਕ ਸੇ ਯਹੀ
ਹੂਰੇਂ ਅਗਰ ਵਾਂ ਹੋ ਗਈ।
ਦੋਹਾਂ ਸ਼ਿਅਰਾਂ ਤੋਂ ਪ੍ਰਤੱਖ ਹੈ ਕਿ ਮਿਰਜ਼ਾ ਗ਼ਾਲਿਬ ਨੇ ਆਪਣੇ ਇੰਤਕਾਲ ਤੋਂ ਪਿਛੋਂ ਫਿਰਦੌਸ/ਖੁਲਦ/ਸਵਰਗ ਵਿਚ ਦਾਖਲੇ ਦੀ ਟਿਕਟ ਤਾਂ ਆਪਣੇ ਆਪ ਹੀ ਕੱਟ ਰੱਖੀ ਸੀ। ਉਸ ਨੂੰ ਵਿਸ਼ਵਾਸ ਸੀ ਕਿ ਜਿਨ੍ਹਾਂ ਪਰੀਜ਼ਾਦੀਆਂ ਨੇ ਧਰਤੀ ਉਤੇ ਗ਼ਾਲਿਬ ਨੂੰ ਨਹੀਂ ਸੀ ਗੌਲਿਆ, ਉਨ੍ਹਾਂ ਨੂੰ ਉਪਰ ਵਾਲਾ ਹੂਰਾਂ ਬਣਾ ਕੇ ਸੁਰਗ ਵਿਚ ਭੇਜੇਗਾ, ਜਿਨ੍ਹਾਂ ਕੋਲ ਮਿਰਜ਼ਾ ਗ਼ਾਲਿਬ ਦਾ ਪਾਣੀ ਭਰਨ ਤੋਂ ਬਿਨਾ ਕੋਈ ਚਾਰਾ ਨਹੀਂ ਹੋਵੇਗਾ।
ਮਿਰਜ਼ਾ ਗਾਲਿਬ ਨੂੰ ਇਸ ਦੁਨੀਆਂ ਤੋਂ ਰੁਖਸਤ ਹੋਇਆਂ 151 ਵਰ੍ਹੇ ਹੋ ਗਏ ਹਨ, ਪਰ ਅੱਜ ਦਾ ਲੇਖਕ ਵੀ ਇਸ ਵਿਸ਼ੇ ਨਾਲ ਪੰਗਾ ਲਏ ਬਿਨਾ ਨਹੀਂ ਰਹਿੰਦਾ। ਮੈਂ ਹੁਣੇ ਹੁਣੇ ਜਸਵੰਤ ਸਿੰਘ ਗੱਜਣਮਾਜਰਾ ਦੀ ਪਲੇਠੀ ਪੁਸਤਕ ‘ਸਵਰਗ ਦੀ ਮੌਤ’ ਪੜ੍ਹੀ ਹੈ। ਲੇਖਕ ਦਾ ਸਵਰਗ ਉਰਦੂ ਫਾਰਸੀ ਦੇ ਸ਼ਾਇਰਾਂ ਵਾਂਗ ਕਸ਼ਮੀਰ ਤੱਕ ਹੀ ਸੀਮਤ ਨਹੀਂ, ਇਹ ਦੇਸ਼ ਦੇਸ਼ਾਂਤਰਾਂ ਦੀਆਂ ਹੱਦਾਂ ਟੱਪ ਕੇ ਸਾਰੀ ਧਰਤ ਨੂੰ ਆਪਣੀ ਬੁੱਕਲ ਵਿਚ ਲਈ ਬੈਠਾ ਹੈ। ਇਸ ਦਾ ਮੌਤ ਤੋਂ ਪਿੱਛੋਂ ਵਾਲੇ ਸਵਰਗ ਨਾਲ ਵੀ ਕੋਈ ਵਾਸਤਾ ਨਹੀਂ। ਲੇਖਕ ਨੂੰ ਧਰਤੀ ਉਤੇ ਰਹਿੰਦੇ ਪਸੂ-ਪੰਛੀਆਂ, ਰੁੱਖਾਂ-ਬੂਟਿਆਂ, ਕੀੜੇ-ਮਕੌੜਿਆਂ ਤੇ ਸ਼ੇਰਾਂ-ਬਘੇਰਾਂ ਦੀ ਚਿੰਤਾ ਹੈ, ਜਿਨ੍ਹਾਂ ਨੂੰ ਬੰਦੇ ਦਾ ਪੁੱਤ ਨੱਥ ਪਾਈ ਬੈਠਾ ਹੈ। ਬੰਦੇ ਨੇ ਸਿਰਫ ਬਨਸਪਤੀ ਦਾ ਘਾਣ ਨਹੀਂ ਕੀਤਾ, ਸ਼ੇਰਾਂ ਨੂੰ ਪਿੰਜਰੇ ਪਾਲਿਆ ਹੈ ਤੇ ਸਾਗਰ ਦੀ ਮੌਜ ਮਾਣਦੀਆਂ ਮੱਛੀਆਂ ਨੂੰ ਆਪਣੀ ਖੁਰਾਕ ਬਣਾ ਲਿਆ ਹੈ। ਸਭਨਾਂ ਨੂੰ ਰੱਬ ਉਤੇ ਗਿਲਾ ਹੈ ਕਿ ਉਸ ਨੇ ਮਨੁੱਖ ਨੂੰ ਅਕਲ ਦੇ ਕੇ ਉਨ੍ਹਾਂ ਦਾ ਹਤਿਆਰਾ ਬਣਾ ਛੱਡਿਆ ਹੈ।
ਰੱਬ ਤੋਂ ਪ੍ਰਾਪਤ ਹੋਈ ਅਕਲ ਦੀ ਬੰਦੇ ਨੇ ਏਨੀ ਦੁਰਵਰਤੋਂ ਕੀਤੀ ਹੈ ਕਿ ਅੱਜ ਦੇ ਦਿਨ ਉਹ ਵਿਸ਼ਵੀਕਰਨ ਦਾ ਨਾਂ ਲੈ ਕੇ ਬਹੁ-ਕੌਮੀ ਕਾਰਪੋਰੇਸ਼ਨਾਂ ਦੇ ਅਜਿਹੇ ਜਾਲ ਵਿਚ ਫਸ ਗਿਆ ਹੈ ਕਿ ਆਪਣੇ ਆਪ ਤੋਂ ਵੀ ਟੁੱਟ ਗਿਆ ਹੈ। ਆਪਣੀ ਨਸਲ ਦਾ ਵਾਧਾ ਬਣਾਈ ਰੱਖਣ ਦੇ ਯੋਗ ਨਹੀਂ ਰਿਹਾ ਤੇ ਉਸ ਨੂੰ ਬੱਚਾ ਪੈਦਾ ਕਰਨ ਲਈ ਟੈਸਟ ਟਿਊਬ ਜਿਹੀਆਂ ਅਣਮਨੁੱਖੀ ਵਿਧੀਆਂ ਦੀ ਮੁਥਾਜੀ ਝੱਲਣੀ ਪੈਂਦੀ ਹੈ। ਮਨੁੱਖ ਆਪਣੀਆਂ ਕਰਤੂਤਾਂ ਕਰ ਕੇ ਨਾ ਸਿਰਫ ਅਲਗ ਥਲਗ ਹੋ ਗਿਆ ਹੈ, ਸਗੋਂ ਉਸ ਨੇ ਸਵਰਗ ਦੀਆਂ ਹੂਰਾਂ ਦਾ ਹੁਸਨ ਤਾਂ ਕੀ ਮਾਣਨਾ ਹੈ, ਧਰਤੀ ਦੇ ਸਾਥੀਆਂ ਦੀ ਹਮਦਰਦੀ ਵੀ ਖੋ ਬੈਠਾ ਹੈ। ਇਥੋਂ ਤੱਕ ਕਿ ਇਸ ਰੁਚੀ ਨੇ ਮਨੁੱਖ ਨੂੰ ਇਕ ਅਜਿਹੀ ਮਸ਼ੀਨ ਦਾ ਪੁਰਜ਼ਾ ਬਣਾ ਛੱਡਿਆ ਹੈ ਕਿ ਉਹ ਆਪਣੇ ਆਪੇ ਨਾਲੋਂ ਟੁੱਟਾ ਮਹਿਸੂਸ ਕਰ ਰਿਹਾ ਹੈ। ਜਿਵੇਂ ਧਰਤੀ ਦਾ ਸਵਰਗ ਨਰਕ ਦੀ ਸੂਰਤ ਧਾਰ ਗਿਆ ਹੋਵੇ। ਇਹ ਸਭ ਕੁਝ ਵੇਖ ਕੇ ਕੁਦਰਤੀ ਜੀਵ ਜੰਤੂ ਤੇ ਬਨਸਪਤ ਸਵਰਗ ਰੂਪੀ ਧਰਤੀ ਨੂੰ ਬਚਾਉਣ ਲਈ ਸੰਘਰਸ਼ ਕਰਦੇ ਹਨ। ਰੱਬ ਦੋਹਾਂ ਧਿਰਾਂ ਦੀ ਸੁਣਦਾ ਹੈ, ਪਰ ਉਹਦੇ ਕੋਲ ਇਸ ਦਾ ਕੋਈ ਹੱਲ ਨਹੀਂ। ਲੇਖਕ ਫੇਰ ਵੀ ਹਾਰ ਨਹੀਂ ਮੰਨਦਾ ਤੇ ਮਨੁੱਖ ਨੂੰ ਆਪਣੇ ਪੁਰਖਿਆਂ ਦਾ ਰਾਹ ਅਪਨਾਉਣ ਲਈ ਕਹਿੰਦਾ ਹੈ।
ਇਸ ਪੁਸਤਕ ਦਾ ਵਿਸ਼ਾ ਤੇ ਵਸਤੂ ਹੀ ਨਿਵੇਕਲਾ ਨਹੀਂ, ਵਿਧੀ ਵੀ ਅਲੋਕਾਰ ਹੈ। ਕੀੜੇ-ਮਕੌੜੇ, ਪਸੂ-ਪੰਛੀ ਤੇ ਰੁੱਖ-ਬੂਟੇ ਰੱਬ ਨੂੰ ਉਸ ਦੇ ਕੀਤੇ ਬਾਰੇ ਸੋਚਣ ਲਾ ਦਿੰਦੇ ਹਨ। ਅਖੀਰ ਰੱਬ ਨੂੰ ਇਨ੍ਹਾਂ ਦੀ ਪਹੁੰਚ ਨਾਲ ਸਹਿਮਤ ਹੋਣਾ ਪੈਂਦਾ ਹੈ। ਕੀ ਕਰੇਗਾ, ਸਮੇਂ ਨੇ ਦੱਸਣਾ ਹੈ।
ਪੜ੍ਹਨ ਵਾਲੇ ਨੂੰ ਜਾਪੇਗਾ ਕਿ ਇਹ ਨਾਵਲ ਕਰੋਨਾ ਵਾਇਰਸ ਤੇ ਤਾਲਾਬੰਦੀ ਵਿਚੋਂ ਉਪਜਿਆ ਹੈ। ਇਹ ਸੱਚ ਨਹੀਂ। ਇਸ ਦੀ ਰਚਨਾ ਤਾਂ ਸਾਲ ਪਹਿਲਾਂ ਦੀ ਹੈ। ਕਹਿ ਸਕਦੇ ਹਾਂ ਕਿ ਲੇਖਕ ਦੇ ਅੰਦਰਲੇ ਮਨ ਨੇ ਅਜੋਕੀ ਮਹਾਮਾਰੀ ਨੂੰ ਪਹਿਲਾਂ ਹੀ ਭਾਪ ਲਿਆ ਸੀ। ਗਲਪਕਾਰੀ ਦੀ ਇਸ ਨਿਵੇਕਲੀ ਵਿਧੀ ਨੂੰ ਸਮਝਣ ਲਈ ਨਵੀਂ ਪਹੁੰਚ ਦੀ ਲੋੜ ਹੈ। ਮਾਨਵ ਅਜਿਹੀਆਂ ਲੋੜਾਂ ਪੂਰੀਆਂ ਕਰਨ ਦੇ ਸਮਰਥ ਹੈ, ਰਿਹਾ ਹੈ ਤੇ ਰਹੇਗਾ। ਲੇਖਕ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਉਹ ਇਤਿਹਾਸ ਦਾ ਵਿਦਿਆਰਥੀ ਹੈ, ਡੋਲੇਗਾ ਨਹੀਂ।
ਅਜੋਕੀ ਮਹਾਮਾਰੀ ਦੀ ਤਾਲਾਬੰਦੀ ਨੇ ਆਮ ਲੋਕਾਂ ਨੂੰ ਅਜਿਹੇ ਭੰਬਲਭੂਸੇ ਵਿਚ ਪਾ ਛੱਡਿਆ ਹੈ ਕਿ ਪ੍ਰਿੰਟ ਤੇ ਬਿਜਲਈ ਮੀਡੀਆ ਪੜ੍ਹਨ, ਸੁਣਨ ਤੇ ਵੇਖਣ ਵਾਲਿਆਂ ਨੂੰ ਸਮਝ ਨਹੀਂ ਆਉਂਦਾ ਕਿ ਝੂਠ ਤੇ ਸੱਚ ਨੂੰ ਕਿਵੇਂ ਨਿਤਾਰਨ! ਅੰਤ ਪ੍ਰਿੰਟ ਮੀਡੀਆ ‘ਤੇ ਟੇਕ ਲਾ ਕੇ ਸਵੇਰੇ ਸਵੇਰੇ ਚਾਰਦੀਵਾਰੀ ਦੀਆਂ ਬੰਨੀਆਂ ਵਲ ਨਿਗ੍ਹਾ ਗੱਡ ਕੇ ਬੈਠ ਜਾਂਦੇ ਹਨ, ਜਿੱਥੇ ਸਮਾਚਾਰ ਪੱਤਰਾਂ ਦੇ ਵਿਕਰੇਤਾ ਸਾਈਕਲਾਂ ਉਤੇ ਵੀ ਆਉਂਦੇ ਹਨ ਤੇ ਮੋਟਰ ਸਾਈਕਲਾਂ ਉਤੇ ਵੀ। ਉਨ੍ਹਾਂ ਦੀਆਂ ਟੋਪੀਆਂ, ਪਗੜੀਆਂ ਤੇ ਸਿਰਾਂ ਦੇ ਵਾਲ ਵੱਖੋ ਵੱਖਰੀ ਰਫਤਾਰ ਨਾਲ ਲੰਘਦੇ ਹਨ। ਬੰਦਾ ਵੇਖਦਾ ਹੈ ਕਿ ਕਾਟੋਆਂ/ਗਲਹਿਰੀਆਂ ਵੀ ਉਸੇ ਗਤੀ ਨਾਲ ਦੌੜਦੀਆਂ ਹਨ ਕਿ ਅਖਬਾਰ ਵੰਡਣ ਵਾਲਿਆਂ ਦਾ ਭੁਲੇਖਾ ਪੈਣਾ ਕੁਦਰਤੀ ਹੈ। ਉਸ ਵੇਲੇ ਉਡੀਕਣ ਦੀ ਤਾਂਘ ਵੀ ਏਨੀ ਪ੍ਰਬਲ ਹੁੰਦੀ ਹੈ ਕਿ ਸੱਚ ਮੰਨਣ ਨੂੰ ਜੀਅ ਕਰਦਾ ਹੈ। ਪ੍ਰਿੰਟ ਮੀਡੀਆ ਦੀਆਂ ਕਾਟੋਆਂ ਜ਼ਿੰਦਾਬਾਦ!
ਅੰਤਿਕਾ: ਮੁਹੰਮਦ ਇਕਬਾਲ
ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ
ਹਮ ਬੁਲਬੁਲੇਂ ਹੈ ਇਸ ਕੀ ਯੇਹ ਗੁਲਿਸਤਾਂ ਹਮਾਰਾ
ਮਜ਼ਹਬ ਨਹੀਂ ਸਿਖਾਤਾ ਆਪਸ ਮੈਂ ਬੈਰ ਰਖਨਾ
ਹਿੰਦੀ ਹੈ ਹਮ, ਵਤਨ ਹੈ ਹਿੰਦੁਸਤਾਂ ਹਮਾਰਾ।