ਬੱਚਿਆਂ ਦੇ ਸੰਸਾਰ ਵਲ ਖੁੱਲ੍ਹਦੀ ਖਿੜਕੀ: ਵ੍ਹਾਈਟ ਬੈਲੂਨ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਇਸ ਵਾਰ ਇਰਾਨ ਦੇ ਫਿਲਮਸਾਜ਼ ਜਫਰ ਪਨਾਹੀ ਦੀ ਫਿਲਮ ‘ਵ੍ਹਾਈਟ ਬੈਲੂਨ’ ਬਾਰੇ ਗੱਲ ਕੀਤੀ ਗਈ ਹੈ। ਜਫਰ ਦੀਆਂ ਫਿਲਮਾਂ ਉਤੇ ਇਰਾਨ ਵਿਚ ਅਕਸਰ ਪਾਬੰਦੀਆਂ ਲਗਦੀਆਂ ਰਹੀਆਂ,ਸ ਪਰ ਉਹ ਆਪਣੇ ਕੈਮਰੇ ਦੀ ਅੱਖ ਰਾਹੀਂ ਇਕ ਵੱਖਰਾ ਸੰਸਾਰ ਲੋਕਾਂ ਅੱਗੇ ਲਗਾਤਾਰ ਲਿਆਉਂਦਾ ਰਿਹਾ ਹੈ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਜਫਰ ਪਨਾਹੀ ਨੇ ਲੰਮਾ ਸਮਾਂ ਫਿਲਮਸਾਜ਼ ਅੱਬਾਸ ਕਇਰੋਸਤਮੀ ਨਾਲ ਕੰਮ ਕੀਤਾ ਪਰ ਮਹਿਜ਼ ਇਹ ਉਸ ਦੀ ਪਛਾਣ ਨਹੀਂ। ਅੱਬਾਸ ਦੀਆਂ ਫਿਲਮਾਂ ਦੀ ਇਨ੍ਹਾਂ ਦੇ ਗੈਰ-ਸਿਆਸੀ ਹੋਣ ਕਰ ਕੇ ਅਕਸਰ ਆਲੋਚਨਾ ਕੀਤੀ ਜਾਂਦੀ ਹੈ ਜਦੋਂ ਕਿ ਕਲਾ ਪਾਰਖੂ ਅਤੇ ਸਿਨੇਮਾ ਦੀ ਭਾਸ਼ਾ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਕੋਈ ਵੀ ਕਲਾ, ਕਦੀ ਵੀ ਪ੍ਰਾਪੇਗੰਡੇ ਜਾਂ ਕਿਸੇ ਖਾਸ ਏਜੰਡੇ ਦੇ ਪ੍ਰਚਾਰ ਦਾ ਸੰਦ ਬਣ ਕੇ ਬਹੁਤੀ ਦੇਰ ਜਿਊਂਦੀ ਨਹੀਂ ਰਹਿ ਸਕਦੀ। ਹਰ ਕਲਾ ਮਾਧਿਅਮ ਦੇ ਕਲਾ ਹੋਣ ਦੀਆਂ ਕੁਝ ਮੁਢਲੀਆਂ ਜ਼ਰੂਰਤਾਂ ਅਤੇ ਸ਼ਰਤਾਂ ਹੁੰਦੀਆਂ ਹਨ ਜਿਨ੍ਹਾਂ ‘ਤੇ ਪੂਰਾ ਉਤਰੇ ਬਿਨਾਂ ਕਲਾ ਸਿਆਸੀ ਕ੍ਰਾਂਤੀਆਂ ਤਾਂ ਲਿਆ ਸਕਦੀ ਹੈ ਪਰ ਮਨੁੱਖੀ ਹੋਂਦ ਦੇ ਦਾਰਸ਼ਨਿਕ ਅਤੇ ਰੂਹਦਾਰੀ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ।
ਬਹਰਹਾਲ, ਜਫਰ ਪਨਾਹੀ ਦੀ ਫਲਮ ‘ਵ੍ਹਾਈਟ ਬਲੂਨ’ ਦਾ ਸਕਰੀਨ ਪਲੇਅ ਅੱਬਾਸ ਕਇਰੋਸਤਮੀ ਨੇ ਲਿਖਿਆ ਹੈ ਅਤੇ ਇਸ ਉਪਰ ਅੱਬਾਸ ਦੀ ਫਿਲਮਸਾਜ਼ੀ ਦੀ ਛਾਪ ਪ੍ਰਤੱਖ ਨਜ਼ਰ ਆਉਂਦੀ ਹੈ। ਇਸ ਫਿਲਮ ਦਾ ਜ਼ਿਆਦਾਤਰ ਹਿੱਸਾ ਫਿਕਸ ਫਰੇਮਾਂ ਵਿਚ ਵਾਪਰਦਾ ਹੈ ਅਤੇ ਕੁਝ ਪੈਨ ਸ਼ਾਟ ਵਰਤੇ ਗਏ ਹਨ। ਫਿਲਮ ਤਹਿਰਾਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫਿਲਮਾਈ ਗਈ ਹੈ ਜਿਸ ਵਿਚ ਇਸ ਸ਼ਹਿਰ ਦੀ ਤਰਜ਼ੇ-ਜ਼ਿੰਦਗੀ ਛੋਹੀ ਜਾ ਸਕਦੀ ਹੈ।
ਫਿਲਮ ‘ਵ੍ਹਾਈਟ ਬੈਲੂਨ’ ਮਾਸੂਮੀਅਤ ਦੀ ਫਿਲਮ ਹੈ। ਇਸ ਫਿਲਮ ਦੀ ਮੁੱਖ ਕਿਰਦਾਰ ਰਜ਼ੀਆ ਦਾ ਅਭਿਨੈ ਈਦਾ ਮੁਹੰਮਦਕਨੀ ਅਤੇ ਉਸ ਦੇ ਭਰਾ ਅਲੀ ਦਾ ਕਿਰਦਾਰ ਮੋਹਸਿਨ ਕਾਫਿਲੀ ਨੇ ਨਿਭਾਇਆ ਹੈ। ਫਿਲਮ ਦੀ ‘ਸਾਦਗੀ’ ਹੀ ਇਸ ਦੀ ਤਾਕਤ ਹੈ। ਇਸ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਨ੍ਹਾਂ ਹਾਲਾਤ ਬਾਰੇ ਗੱਲ ਕਰਨੀ ਲਾਜ਼ਮੀ ਹੈ ਜਿਨ੍ਹਾਂ ਹਾਲਾਤ ਵਿਚ ਜਫਰ ਪਨਾਹੀ ਅਤੇ ਅੱਬਾਸ ਵਰਗਿਆਂ ਨੇ ਇਹ ਫਿਲਮਾਂ ਬਣਾਈਆਂ ਹਨ। ਇਰਾਨ ਸਰਕਾਰ ਅਤੇ ਕੱਟੜ ਮੁੱਲਿਆਂ ਨੇ ‘ਦੀਨ-ਇਮਾਨ’ ਦੇ ਨਾਮ ‘ਤੇ ਫਿਲਮਾਂ ਅਤੇ ਸੰਗੀਤ ਉਪਰ ਲਗਾਈਆਂ ਪਾਬੰਦੀਆਂ ਦਾ ਮੁਕਾਬਲਾ ਇਨ੍ਹਾਂ ਫਿਲਮਸਾਜ਼ਾਂ ਨੇ ਬੱਚਿਆਂ ‘ਤੇ ਆਧਾਰਿਤ ਫਿਲਮਾਂ ਬਣਾ ਕੇ ਕੀਤਾ। ਇਸ ਦੌਰ ਦੀਆਂ ਤਿੰਨ ਮਹਤੱਵਪੁਰਨ ਫਿਲਮਾਂ – ਅੱਬਾਸ ਕਇਰੋਸਤਮੀ ਦੀ ਫਿਲਮ ‘ਵ੍ਹੇਅਰ ਇਜ਼ ਫਰੈਂਡਜ਼ ਹਾਊਸ’, ਮਾਜਿਦ ਮਜੀਦੀ ਦੀ ਫਿਲਮ ‘ਦਿ ਚਿਲਡਰਨ ਆਫ ਪੈਰਾਡਾਈਸ’ ਅਤੇ ਜਫਰ ਪਨਾਹੀ ਦੀ ਫਿਲਮ ‘ਮਿਰਰ’ ਹਨ।
ਫਿਲਮ ‘ਵ੍ਹਾਈਟ ਬੈਲੂਨ’ ਦੀ ਕਹਾਣੀ ਅਨੁਸਾਰ ਤਹਿਰਾਨ ਵਿਚ ਨਵੇਂ ਵਰ੍ਹੇ ਦੇ ਜ਼ਸਨ ਹੋ ਰਹੇ ਹਨ ਅਤੇ ਲੋਕ ਆਪੋ-ਆਪਣੀ ਸਮਰੱਥਾ ਅਨੁਸਾਰ ਬਾਜ਼ਾਰਾਂ ਵਿਚ ਖਰੀਦਦਾਰੀ ਕਰ ਰਹੇ ਹਨ। ਸੱਤ ਸਾਲਾਂ ਦੀ ਕੁੜੀ ਰਜ਼ੀਆ ਆਪਣੀ ਮਾਂ ਨਾਲ ਬਾਜ਼ਾਰ ਵਿਚ ਹੈ। ਇਰਾਨ ਵਿਚ ਨਵਾਂ ਸਾਲ ਨਵੀਂ ਕੁਦਰਤ ਦੇ ਮੌਲਣ ਦਾ ਮੌਸਮ ਹੈ। ਇਸ ਮੌਕੇ ਸੱਤ ਤਰ੍ਹਾਂ ਦੇ ਪਕਵਾਨਾਂ ਨਾਲ ਖਾਣੇ ਦੀ ਮੇਜ਼ ਸਜਾਈ ਜਾਂਦੀ ਹੈ ਅਤੇ ਕੱਚ ਦੇ ਭਾਂਡੇ ਵਿਚ ਤੈਰਦੀ ਸੁਨਹਿਰੀ ਮੱਛੀ ਇਸ ਜਸ਼ਨ ਦੀ ਜਾਨ ਹੁੰਦੀ ਹੈ। ਇਥੇ ਤੈਰਦੀ ਮੱਛੀ ਜ਼ਿੰਦਗੀ ਦਾ ਪ੍ਰਤੀਕ ਹੈ। ਰਜ਼ੀਆ ਆਪਣੀ ਮਾਂ ਕੋਲ ਅਜਿਹੀ ਸੁਨਹਿਰੀ ਮੱਛੀ ਲੈਣ ਲਈ ਤਰਲੋਮੱਛੀ ਹੋ ਰਹੀ ਹੈ ਪਰ ਘਰ ਦੀ ਗਰੀਬੀ ਕਾਰਨ ਉਸ ਦੀ ਵਾਹ ਨਹੀਂ ਚੱਲ ਰਹੀ। ਦੁਪਹਿਰ ਹੋਣ ਵਾਲੀ ਹੈ, ਅਗਲੇ ਦੋ ਘੰਟਿਆਂ ਵਿਚ ਨਵਾਂ ਸਾਲ ਸ਼ੁਰੂ ਹੋ ਜਾਵੇਗਾ, ਇਸੇ ਕਾਰਨ ਰਜ਼ੀਆ ਦੀ ਬੇਚੈਨੀ ਵਧ ਰਹੀ ਹੈ। ਫਿਲਮ ਦੀ ਖਾਸੀਅਤ ਇਹ ਹੈ ਕਿ ਇਹ ਸਾਰਾ ਕੁਝ ਅਸਲ ਵਿਚ ਹੀ ਵਾਪਰ ਰਿਹਾ ਹੈ। ਰਜ਼ੀਆ ਹੌਲੀ-ਹੌਲੀ ਆਪਣੀ ਮਾਂ ਨੂੰ ਸੁਨਹਿਰੀ ਮੱਛੀ ਵਾਲਾ ਕੱਚ ਦਾ ਭਾਂਡਾ ਖਰੀਦਣ ਲਈ ਮਨਾ ਲੈਂਦੀ ਹੈ। ਉਸ ਦੀ ਮਾਂ ਉਸ ਨੂੰ ਘਰ ਵਿਚ ਬਚਿਆ ਪੰਜ ਸੌ ਦਾ ਆਖਰੀ ਨੋਟ ਦੇ ਦਿੰਦੀ ਹੈ। ਰਜ਼ੀਆ ਆਪਣੇ ਘਰ ਤੋਂ ਕੁਝ ਦੂਰ, ਮੱਛੀਆਂ ਵਾਲੀ ਦੁਕਾਨ ਵੱਲ ਦੌੜਦੀ ਹੈ। ਰਸਤੇ ਵਿਚ ਸਪੇਰਿਆਂ ਦੀ ਬੀਨ ਉਸ ਦਾ ਧਿਆਨ ਖਿੱਚਦੀ ਹੈ। ਸੱਪਾਂ ਤੋਂ ਡਰੀ ਪਰ ਨਾਲ ਦੀ ਨਾਲ ਉਨ੍ਹਾਂ ਨੂੰ ਹੱਥਾਂ ਵਿਚ ਫੜਨ ਦੀ ਖਾਹਿਸ਼ ਕਾਰਨ ਉਹ ਆਪਣਾ ਪੰਜ ਸੌ ਦਾ ਨੋਟ ਸਪੇਰਿਆਂ ਨੂੰ ਸੌਂਪ ਦਿੰਦੀ ਹੈ। ਬਾਅਦ ਵਿਚ ਸਪੇਰਿਆਂ ਦੀ ਬੇਈਮਾਨੀ ਸਮਝ ਵਿਚ ਆਉਂਦਿਆਂ ਹੀ ਉਹ ਆਪਣਾ ਨੋਟ ਬਚਾ ਕੇ ਦੁਕਾਨ ਵੱਲ ਨੱਸਦੀ ਹੈ। ਰਸਤੇ ਵਿਚ ਦੁਬਾਰਾ ਉਸ ਦੀ ਕਾਹਲ ਕਾਰਨ ਉਹ ਨੋਟ ਬੰਦ ਪਈ ਦੁਕਾਨ ਦੇ ਸੁੱਕੇ ਗਟਰ ਵਿਚ ਜਾ ਡਿੱਗਦਾ ਹੈ। ਇਥੋਂ ਉਸ ਅਤੇ ਉਸ ਦੇ ਭਰਾ ਨੂੰ ਉਹ ਨੋਟ ਥੱਲੇ ਪਿਆ ਨਜ਼ਰ ਤਾਂ ਆ ਰਿਹਾ ਹੈ ਪਰ ਭੀੜੀਆਂ ਗਰਿੱਲਾਂ ਵਿਚੋਂ ਹੱਥ ਨਾ ਲੰਘਣ ਕਾਰਨ ਅਤੇ ਉਸ ਦਾ ਢੱਕਣ ਨਾ ਚੁੱਕੇ ਜਾਣ ਕਾਰਨ ਉਹ ਅਤੇ ਅਲੀ ਬੇਵੱਸ ਹੋ ਜਾਂਦੇ ਹਨ। ਅਲੀ ਲਈ ਉਸ ਦੀ ਰੋ ਰਹੀ ਭੈਣ ਦਾ ਮਸਲਾ ਬਹੁਤ ਵੱਡਾ ਹੈ। ਉਹ ਰਸਤੇ ਵਿਚ ਆਉਂਦੇ-ਜਾਂਦੇ ਲੋਕਾਂ ਤੋਂ ਮਦਦ ਮੰਗਦੇ ਹਨ। ਇਥੇ ਹੀ ਰਜ਼ੀਆ ਅਤੇ ਅਲੀ ਦੀ ਮੁਲਾਕਾਤ ਫੌਜੀ ਜਵਾਨ ਨਾਲ ਹੁੰਦੀ ਹੈ। ਆਮ ਲੋਕਾਂ ਵਾਂਗ ਰਜ਼ੀਆ ਦੇ ਮਨ ਵਿਚ ਵੀ ਉਸ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸੰਸੇ ਤੇ ਖਦਸ਼ੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਅੱਗਿਓਂ ਵਾਰ-ਵਾਰ ਸਾਈਕਲ ਉਤੇ ਗਾ ਰਿਹਾ ਬੰਦਾ ਵੀ ਮਾਹੌਲ ਨੂੰ ਬੇਚੈਨ ਬਣਾ ਰਿਹਾ ਹੈ। ਆਖਰਕਾਰ ਗਲੀਆਂ ਵਿਚ ਭੁਕਾਨੇ ਵੇਚ ਰਿਹਾ ਅਫਗਾਨ ਬੱਚਾ ਉਨ੍ਹਾਂ ਦੀ ਮਦਦ ਕਰਦਾ ਹੈ। ਉਹ ਵੀ ਨਵੇਂ ਸਾਲ ਦੇ ਮੌਕੇ ਇਨ੍ਹਾਂ ਭੁਕਾਨਿਆਂ ਦੀ ਕਮਾਈ ਰਾਹੀਂ ਰਜ਼ੀਆ ਵਾਂਗ ਸੁਪਨਿਆਂ ਦੀ ਤਲਾਸ਼ ਵਿਚ ਹੈ। ਉਸ ਕੋਲ ਹੁਣ ਚਿੱਟੇ ਰੰਗ ਦਾ ਇੱਕ ਹੀ ਭੁਕਾਨਾ ਬਚਿਆ ਹੈ ਜਿਸ ਦੀ ਡੰਡੀ ‘ਤੇ ਗੂੰਦ ਲਗਾ ਕੇ ਉਹ ਡਿਗਿਆ ਨੋਟ ਖਿੱਚਣ ਵਿਚ ਕਾਮਯਾਬ ਹੋ ਜਾਂਦਾ ਹੈ।
ਫਿਲਮ ਦੇਖਦਿਆਂ ਰੇਡੀਓ ‘ਤੇ ਲਗਾਤਾਰ ਹੁੰਦੀਆਂ ਚਿਤਾਵਨੀਆਂ ਮਾਹੌਲ ਨੂੰ ਅਜੀਬ ਬੇਚੈਨੀ ਨਾਲ ਭਰਦੀਆਂ ਹਨ। ਫਿਲਮ ਕਿਸੇ ਕਿਸਮ ਦੀ ਸਿਆਸੀ ਟਿੱਪਣੀ ਕੀਤੇ ਬਿਨਾਂ ਸਿਰਫ ਗਲੀਆਂ-ਬਾਜ਼ਾਰਾਂ ਅਤੇ ਉਥੇ ਵਿਚਰਦੇ ਬੰਦਿਆਂ ਦੇ ਹਾਵ-ਭਾਵ ਰਾਹੀ ‘ਸਾਰਾ ਕੁਝ ਸਹੀ ਨਹੀਂ ਚੱਲ ਰਿਹਾ’ ਨੂੰ ਹੂ-ਬ-ਹੂ ਪਰਦੇ ‘ਤੇ ਲਿਆ ਦਿੰਦੀ ਹੈ।
ਫਿਲਮ ਦੇਖਦਿਆਂ ਕੁਝ ਕੁ ਨੁਕਤੇ ਬਦੋ-ਬਦੀ ਤੁਹਾਡਾ ਧਿਆਨ ਖਿੱਚਦੇ ਹਨ:
ਰਜ਼ੀਆ ਸੁਨਹਿਰੀ ਮੱਛੀ ਲੈਣ ਦੀ ਜ਼ਿੱਦ ਕਰ ਰਹੀ ਹੈ ਜਦਕਿ ਉਸ ਦੇ ਘਰ ਵਿਚ ਮੱਛੀਆਂ ਦਾ ਛੋਟਾ ਜਿਹਾ ਤਲਾਬ ਹੈ ਜਿਸ ਵਿਚ ਸੁਨਹਿਰੀ ਮੱਛੀਆਂ ਵੀ ਹਨ ਜਿਨ੍ਹਾਂ ਨੂੰ ਉਹ ਇਸ ਲਈ ਪਸੰਦ ਨਹੀਂ ਕਰਦੀ ਕਿ ਉਹ ਜ਼ਿਆਦਾ ‘ਪਤਲੀਆਂ’ ਤੇ ‘ਆਲਸੀ’ ਹਨ।
ਬੱਚਿਆਂ ਲਈ ਵੱਡਿਆਂ ਦੀ ਦੁਨੀਆਂ ਕੋਈ ਬਹੁਤੀ ਦਿਆਲੂ ਨਹੀਂ। ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਉਨ੍ਹਾਂ ਲਈ ਚਿੰਤਾ ਅਤੇ ਬੇਵਸੀ ਦਾ ਸਬੱਬ ਬਣ ਜਾਂਦੀਆਂ ਹਨ। ਫਿਲਮ ਵਿਚ ਘਰ ਤੋਂ ਬਾਹਰ ਦੀ ਦੁਨੀਆਂ, ਬੱਚਿਆਂ ਦੀ ਆਵਾਜ਼ ਸੁਣਨ ਤੋਂ ਅਸਮਰੱਥ ਦਿਖਾਈ ਗਈ ਹੈ। ਫਿਲਮ ਵਿਚ ਜਫਰ ਪਨਾਹੀ ਨੇ ਕੈਮਰੇ ਰਾਹੀ ਵੱਡਿਆਂ ਦੀ ਦੁਨੀਆਂ ਦੇ ਸਮਾਨੰਤਰ ਬੱਚਿਆਂ ਦੀ ਦੁਨੀਆਂ ਸਿਰਜੀ ਹੈ ਜਿਹੜੀ ਅਸੀਂ ਰੋਜ਼ ਦੇਖਦੇ ਜ਼ਰੂਰ ਹਾਂ ਪਰ ਸਮਝਦੇ ਕਦੇ ਨਹੀਂ, ਕਿਉਂਕਿ ਇਹ ਦੁਨੀਆਂ ਲਾਲਚ, ਫਰੇਬ, ਝੂਠ ਅਤੇ ਫੋਕੀ ਹਮਦਰਦੀ ਤੋਂ ਕੋਹਾਂ ਦੂਰ ਹੈ।
ਫਿਲਮ ਅਸਲ ਵਿਚ ਮਦਦ ‘ਤੇ ਆਏ ਉਸ ਅਣਜਾਣ ਅਫਗਾਨ ਮੁੰਡੇ ਦੀ ਫਿਲਮ ਹੈ ਜਿਸ ਦੇ ਸਾਰੇ ਗੁਬਾਰੇ ਵਿਕ ਚੁੱਕੇ ਹਨ; ਐਪਰ ਇੱਕ ਆਖਰੀ ਚਿੱਟੇ ਰੰਗ ਦਾ ਗੁਬਾਰਾ ਵੇਚਣ ਲਈ ਉਹ ਇਨ੍ਹਾਂ ਤਿਉਹਾਰੀ ਜਗਮਗ ਨਾਲ ਭਰੇ ਬਾਜ਼ਾਰਾਂ ਵਿਚ ਭਟਕ ਰਿਹਾ ਹੈ। ਹੁਣ ਦਰਸ਼ਕ ਇਸ ਗੱਲ ਤੋਂ ਤਾਂ ਇਨਕਾਰੀ ਨਹੀਂ ਹੋ ਸਕਦੇ ਕਿ ਉਨ੍ਹਾਂ ਵਿਚੋਂ ਹਰ ਕਿਸੇ ਨੇ, ਕਿਤੇ ਨਾ ਕਿਤੇ, ਕਿਸੇ ਬਾਜ਼ਾਰ ਜਾਂ ਗਲੀ ਵਿਚ ਅਜਿਹੇ ਬੱਚੇ ਨੂੰ ਦੇਖਿਆ ਜ਼ਰੂਰ ਹੈ, ਭਾਵੇਂ ਜਾਣਿਆ ਕਦੇ ਨਹੀਂ।