ਡੋਕਲਾਮ ਤੋਂ ਬਾਅਦ ਹੁਣ ਲੱਦਾਖ ਵਿਚ ਦਖਲ
ਨਵੀਂ ਦਿੱਲੀ: ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜਾਂ ਨਾਲ ਹਿੰਸਕ ਟਕਰਾਅ ਦੌਰਾਨ ਭਾਰਤੀ ਫੌਜ ਦੇ ਕਰਨਲ, ਸੂਬੇਦਾਰ ਸਮੇਤ 20 ਫੌਜੀ ਮਾਰੇ ਗਏ ਜਦ ਕਿ ਵੱਡੀ ਗਿਣਤੀ ਜ਼ਖਮੀ ਹੋਏ ਹਨ। 45 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੀਨ ਦੀ ਸਰਹੱਦ ‘ਤੇ ਕੋਈ ਭਾਰਤੀ ਜਵਾਨ ਮਾਰਿਆ ਗਿਆ ਹੈ। ਇਸ ਤੋਂ ਪਹਿਲਾਂ 1975 ਵਿਚ ਅਰੁਣਾਚਲ ਪ੍ਰਦੇਸ਼ ਦੇ ਤੁਲੁੰਗ-ਲਾ ਵਿਚ ਚੀਨੀ ਹਮਲੇ ਵਿਚ 4 ਸੈਨਿਕ ਮਾਰੇ ਗਏ ਸਨ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਫੌਜਾਂ ਗਲਵਾਨ ਵਾਦੀ ਤੋਂ ਪਿੱਛੇ ਹਟ ਰਹੀਆਂ ਸਨ। ਇਸ ਖੂਨੀ ਝੜਪ ਵਿਚ ਚੀਨੀ ਫੌਜ ਦੇ ਜਾਨੀ ਨੁਕਸਾਨ ਦੀ ਗੱਲ ਆਖੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਪਾਸਿਆਂ ਤੋਂ ਕੋਈ ਗੋਲੀਬਾਰੀ ਨਹੀਂ ਸਗੋਂ ਇਕ ਦੂਜੇ ‘ਤੇ ਪੱਥਰਾਂ, ਲੋਹੇ ਦੀਆਂ ਰਾਡਾਂ ਅਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ। ਚੀਨ ਦਾ ਦਾਅਵਾ ਹੈ ਕਿ ਭਾਰਤੀ ਫੌਜੀਆਂ ਦੇ ਆਪਣਾ ਵਾਅਦਾ ਤੋੜਦਿਆਂ ਗਲਵਾਨ ਘਾਟੀ ਵਿਚ ਅਸਲ ਕੰਟਰੋਲ ਰੇਖਾ ਪਾਰ ਕੀਤੀ ਹੈ। ‘ਗਲੋਬਲ ਟਾਇਮਜ਼’ ਵਿਚ ਪ੍ਰਕਾਸ਼ਿਤ ਚੀਨੀ ਫੌਜ ਦੇ ਬਿਆਨ ਮੁਤਾਬਕ ਭਾਰਤੀ ਫੌਜ ਨੇ ਜਾਣਬੁੱਝ ਕੇ ਭੜਕਾਹਟ ਪੈਦਾ ਕਰਨ ਲਈ ਹਮਲੇ ਕੀਤੇ ਜਿਸ ਨਾਲ ਝੜਪਾਂ ਦੌਰਾਨ ਕਈ ਮੌਤਾਂ ਹੋਈਆਂ।
ਯਾਦ ਰਹੇ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਭਾਰਤ ਦਾ ਰੱਖਿਆ ਮੰਤਰੀ ਬਿਆਨ ਦੇ ਰਿਹਾ ਸੀ ਕਿ ਸਾਡਾ ਮੁਲਕ ਹੁਣ ਪਹਿਲਾਂ ਵਾਂਗੂ ਕਮਜ਼ੋਰ ਨਹੀਂ ਰਿਹਾ ਹੈ। ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿਚ ਪਿਛਲੇ ਕਾਫੀ ਦਿਨਾਂ ਤੋਂ ਤਣਾਅ ਚੱਲ ਰਿਹਾ ਹੈ, ਦੋਵੇਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। ਹਾਲਾਂਕਿ ਭਾਰਤ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਮੋਦੀ ਸਰਕਾਰ ਦੀ ਦਾਬੇ ਪਿੱਛੋਂ ਚੀਨੀ ਫੌਜਾਂ ਭਾਰਤੀ ਸਰਹੱਦ ਤੋਂ ਪਿੱਛੇ ਹਟ ਗਈਆਂ ਹਨ ਤੇ ਹੁਣ ਸਭ ਕੁਝ ਠੀਕ ਹੈ। ਇਸ ਘਟਨਾ ਪਿੱਛੋਂ ਜਿਥੇ ਦੋਵਾਂ ਦੇਸ਼ਾਂ ਵਿਚ ਤਣਾਅ ਸਿਖਰਾਂ ਉਤੇ ਹੈ, ਉਥੇ ਵਿਰੋਧੀ ਧਿਰਾਂ ਮੋਦੀ ਸਰਕਾਰ ਨੂੰ 56 ਇੰਚ ਦੇ ਸੀਨੇ ਬਾਰੇ ਸਵਾਲ ਕਰ ਰਹੀਆਂ ਹਨ। ਸਿਆਸੀ ਮਾਹਿਰ ਵੀ ਸਵਾਲ ਕਰ ਰਹੇ ਹਨ ਕਿ ਚੀਨ ਵੱਲੋਂ ਭਾਰਤੀ ਸਰਹੱਦ ਵਿਚ ਤੰਬੂ ਗੱਡਣ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਡੋਕਲਾਮ ਤੋਂ ਬਾਅਦ ਚੀਨ ਲੱਦਾਖ ਵਾਲੇ ਪਾਸੇ ਘੁਸਪੈਠ ਕਰ ਰਿਹਾ ਹੈ ਪਰ ਕਮਜ਼ੋਰ ਮੁਲਕ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ ਕਰਕੇ ਛਾਤੀ ਠੋਕਣ ਵਾਲੀ ਮੋਦੀ ਸਰਕਾਰ ਇਸ ਪਾਸੇ ਮੂੰਹ ਕਰਨ ਲਈ ਤਿਆਰ ਨਹੀਂ। ਸਵਾਲ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਉਤੇ ਵੀ ਉਠ ਰਹੇ ਹਨ। ਸੱਤਾ ਸਾਂਭਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗੁਆਂਢੀ ਮੁਲਕਾਂ ਨੂੰ ਵਿਸਾਰ ਪੱਛਮੀ ਦੇਸ਼ਾਂ ਪਿੱਛੇ ਭੱਜਣ ਦੀ ਰਣਨੀਤੀ ਅਪਣਾਈ ਹੋਈ ਹੈ। ਭਾਰਤ ਦੇ ਗਵਾਂਢੀ ਮੁਲਕਾਂ- ਪਾਕਿਸਤਾਨ, ਚੀਨ ਅਤੇ ਨੇਪਾਲ ਨਾਲ ਸਬੰਧਾਂ ਵਿਚ ਵੱਡਾ ਤਣਾਅ ਆਇਆ ਹੈ। ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸਾਰੇ ਗੁਆਂਢੀ ਮੁਲਕਾਂ ਨੂੰ ਭਾਰਤ ਦੀਆਂ ਧੱਕੇਸ਼ਾਹੀਆਂ ਖਿਲਾਫ ਏਕੇ ਦਾ ਦਿੱਤਾ ਸੱਦਾ ਇਹੀ ਸੰਕੇਤ ਦਿੰਦਾ ਹੈ ਕਿ ਇਹ ਲਾਮਬੰਦੀ ਭਾਰਤ ਲਈ ਘਾਟੇ ਵਾਲਾ ਸੌਦਾ ਸਾਬਤ ਹੋਵੇਗੀ। ਹਾਲ ਹੀ ਵਿਚ ਭਾਰਤ ਦੇ ਗੁਆਂਢੀ ਮੁਲਕ ਨੇਪਾਲ ਦੇ ਚੀਨ ਵੱਲ ਝੁਕਾਅ ਨੂੰ ਵੀ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਸਿੱਟਾ ਹੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਦੇ ਅਹਿਸਾਨਾਂ ਥੱਲੇ ਦੱਬਿਆ ਮੁਲਕ ਬੰਗਲਾਦੇਸ਼ ਵੀ ਨਾਗਰਿਕ ਸੋਧ ਬਿੱਲ ਨੂੰ ਲੈ ਕੇ ਮੋਦੀ ਸਰਕਾਰ ਨੂੰ ਇਤਰਾਜ਼ ਦਰਜ ਕਰਵਾ ਚੁੱਕਾ ਹੈ।
ਬਹੁਤ ਸਾਰੇ ਕੂਟਨੀਤਕ ਅਤੇ ਫੌਜੀ ਮਾਮਲਿਆਂ ਦੇ ਮਾਹਿਰ ਇਹ ਰਾਏ ਦਿੰਦੇ ਆਏ ਹਨ ਕਿ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ ਕਰਨ ਦੇ ਗੰਭੀਰ ਪ੍ਰਭਾਵ ਪੈਣਗੇ। ਉਨ੍ਹਾਂ ਅਨੁਸਾਰ ਧਾਰਾ 370 ਤਹਿਤ ਲੱਦਾਖ, ਜਿਸ ਨੂੰ ਕਿ ਜੰਮੂ ਕਸ਼ਮੀਰ ਪ੍ਰਾਂਤ ਦਾ ਹਿੱਸਾ ਬਣਾਇਆ ਗਿਆ ਸੀ, ਭਾਰਤ ਦਾ ਹਿੱਸਾ ਬਣ ਗਿਆ ਅਤੇ ਇਸ ਨੂੰ ਮਨਸੂਖ ਕੀਤੇ ਜਾਣ ਨਾਲ ਕੌਮਾਂਤਰੀ ਤੌਰ ‘ਤੇ ਲੱਦਾਖ ਦੇ ਕਾਨੂੰਨੀ ਸਟੇਟਸ ‘ਤੇ ਅਸਰ ਪੈਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਦੇਰ ਤੋਂ ਸੰਕੇਤ ਮਿਲਣ ਲੱਗ ਪਏ ਸਨ ਕਿ ਚੀਨ ਲੱਦਾਖ ਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਨਵੇਂ ਦਰਜੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਇਸ ਬਾਰੇ ਸਫਾਰਤੀ ਅਤੇ ਫੌਜੀ ਪੱਧਰ ‘ਤੇ ਕੋਈ ਕਾਰਵਾਈ ਕਰੇਗਾ। ਇਸੇ ਲਈ ਚੀਨ ਦੀ ਫੌਜ ਕਾਫੀ ਤਿਆਰੀ ਨਾਲ ਆਈ ਹੈ ਅਤੇ ਉਨ੍ਹਾਂ ਨੇ ਗਲਵਾਨ ਵੈਲੀ ਦੇ ਕੁਝ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ। ਚੀਨ ਲੱਦਾਖ ਦੇ ਵੱਡੇ ਹਿੱਸੇ ਨੂੰ ਚੀਨ ਦਾ ਹਿੱਸਾ ਦੱਸ ਰਿਹਾ ਹੈ। ਤਾਜ਼ਾ ਹਮਲੇ ਤੋਂ ਬਾਅਦ ਵਿਰੋਧੀ ਧਿਰਾਂ ਦੀ ਘੇਰਾਬੰਦੀ ਤੇ ਸਿਆਸੀ ਮਾਹਰਾਂ ਦੇ ਸਵਾਲ ਮੋਦੀ ਸਰਕਾਰ ਲਈ ਵੱਡੀ ਚੁਣੌਤੀ ਬਣ ਰਹੇ ਹਨ। ਭਾਜਪਾ ਦੀ ਰਣਨੀਤੀ ਰਹੀ ਹੈ ਕਿ ਉਹ ਮੋਦੀ ਨੂੰ ਤਾਕਤਵਰ ਪ੍ਰਧਾਨ ਮੰਤਰੀ ਵਜੋਂ ਪ੍ਰਚਾਰ ਕੇ ਚੋਣ ਮਾਹੌਲ ਬਣਾਉਂਦੀ ਹੈ। ਹੁਣ ਬਿਹਾਰ ਸਮੇਤ ਕੁਝ ਸੂਬਿਆਂ ਵਿਚ ਚੋਣ ਤਿਆਰੀਆਂ ਚੱਲ ਰਹੀਆਂ ਹਨ। ਇਸੇ ਲਈ ਸਭ ਦੀਆਂ ਨਜ਼ਰਾਂ ਮੋਦੀ ਸਰਕਾਰ ਦੀ ਅਗਲੀ ਰਣਨੀਤੀ ਵੱਲ ਹਨ।