ਨਵੀਂ ਦਿੱਲੀ: ਇਕ ਤਾਜ਼ਾ ਸਰਵੇਖਣ ‘ਚ ਦੱਸਿਆ ਗਿਆ ਹੈ ਕਿ ਭਾਰਤ ਵਿਚ 8 ਹਫਤਿਆਂ ਦੀ ਤਾਲਾਬੰਦੀ ਤੇ ਜਨਤਕ ਸਿਹਤ ਉਪਾਵਾਂ ਦੇ ਚਲਦਿਆਂ ਕਰੋਨਾ ਮਹਾਮਾਰੀ ਦੇ ਸਿਖਰਲੀ ਅਵਸਥਾ ਤੱਕ ਪੁੱਜਣ ‘ਚ ਦੇਰੀ ਹੋਈ ਹੈ, ਜੋ ਹੁਣ ਨਵੰਬਰ ਅੱਧ ਤੱਕ ਆਪਣੇ ਸਿਖਰ ਉਤੇ ਪੁੱਜ ਸਕਦੀ ਹੈ ਅਤੇ ਇਸ ਦੌਰਾਨ ਆਈ.ਸੀ.ਯੂ. ਬਿਸਤਰਿਆਂ, ਵੈਂਟੀਲੇਟਰਾਂ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐਮ.ਆਰ.) ਦੇ ਆਪਰੇਸ਼ਨਜ਼ ਰਿਸਰਚ ਗਰੁੱਪ ਦੇ ਖੋਜਕਾਰਾਂ ਵਲੋਂ ਕੀਤੇ ਗਏ ਅਧਿਐਨ ‘ਚ ਦੱਸਿਆ ਗਿਆ ਹੈ ਕਿ ਤਾਲਾਬੰਦੀ ਦੇ ਚਲਦਿਆਂ ਅੰਦਾਜ਼ਨ 34 ਤੋਂ 76 ਦਿਨਾਂ ਤੱਕ ਮਹਾਂਮਾਰੀ ਨੂੰ ਸਿਖਰ ਉਤੇ ਪੁੱਜਣ ਤੋਂ ਰੋਕਿਆ ਜਾ ਸਕਿਆ ਹੈ ਅਤੇ ਇਸ ਦੌਰਾਨ 69 ਤੋਂ 97 ਫੀਸਦੀ ਤੱਕ ਲਾਗਾਂ (ਇੰਫੈਕਸ਼ਨ) ਨੂੰ ਘੱਟ ਕਰਨ ਦੇ ਚਲਦਿਆਂ ਸਿਹਤ ਸੇਵਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲੀ ਹੈ। ਅਧਿਐਨ ਅਨੁਸਾਰ ਤਾਲਾਬੰਦੀ ਬਾਅਦ 60% ਪ੍ਰਭਾਵਸ਼ੀਲਤਾ ਨਾਲ ਜਨਤਕ ਸਿਹਤ ਮਾਪਦੰਡਾਂ ਨਾਲ ਨਵੰਬਰ ਦੇ ਪਹਿਲੇ ਹਫਤੇ ਤੱਕ ਮੰਗ ਪੂਰੀ ਕੀਤੀ ਜਾ ਸਕੇਗੀ ਅਤੇ ਇਸ ਤੋਂ ਬਾਅਦ 5 ਮਹੀਨਿਆਂ ਲਈ ਅਲੱਗ ਬਿਸਤਰਿਆਂ ਦੀ ਘਾਟ ਹੋ ਸਕਦੀ ਹੈ। ਇਸ ਦੇ ਨਾਲ ਆਈ.ਸੀ.ਯੂ. ਬੈਡ 4.6 ਮਹੀਨਿਆਂ ਤੇ ਵੈਂਟੀਲੇਟਰਾਂ ਦੀ 3.9 ਮਹੀਨਿਆਂ ਲਈ ਕਮੀ ਹੋ ਸਕਦੀ ਹੈ। ਭਾਵੇਂ ਤਾਲਾਬੰਦੀ ਤੇ ਜਨਤਕ ਸਿਹਤ ਉਪਾਵਾਂ ਦੇ ਚਲਦਿਆਂ ਇਹ ਕਮੀ 83 ਫੀਸਦੀ ਘੱਟ ਹੋਈ ਹੈ।
______________________________________
ਮੌਤਾਂ ਦੇ ਮਾਮਲੇ ‘ਚ ਭਾਰਤ ਦਾ 9ਵਾਂ ਸਥਾਨ
ਨਵੀਂ ਦਿੱਲੀ: ਕਰੋਨਾ ਲਾਗ ਕਾਰਨ ਮੌਤਾਂ ਦੇ ਮਾਮਲੇ ‘ਚ ਭਾਰਤ ਦੁਨੀਆਂ ਦਾ ਨੌਵਾਂ ਸਭ ਤੋਂ ਵੱਧ ਪੀੜਤ ਮੁਲਕ ਬਣ ਗਿਆ ਹੈ। ਦੇਸ਼ ‘ਚ ਇਸ ਲਾਗ ਨਾਲ ਮਰਨ ਵਾਲਿਆਂ ਦਾ ਅੰਕੜਾ 10 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜੌਹਨ ਹਾਪਕਿੰਨਜ਼ ਯੂਨਵਰਸਿਟੀ, ਜੋ ਕਿ ਦੁਨੀਆਂ ਭਰ ਦੇ ਕੋਵਿਡ-19 ਕੇਸਾਂ ਨੂੰ ਇਕੱਠਾ ਕਰ ਰਹੀ ਹੈ, ਮੁਤਾਬਕ ਭਾਰਤ ਮੌਤਾਂ ਦੇ ਮਾਮਲੇ ‘ਚ ਸੰਸਾਰ ਵਿਚੋਂ 9ਵੇਂ ਜਦਕਿ ਕੇਸਾਂ ਦੇ ਮਾਮਲੇ ‘ਚ ਚੌਥੇ ਸਥਾਨ ਉਤੇ ਹੈ। ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਦੇਸ਼ ‘ਚ ਰੋਜ਼ਾਨਾਂ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।
______________________________________
ਚੇਨੱਈ ਵਿਚ 19 ਤੋਂ 30 ਜੂਨ ਤੱਕ ਮੁੜ ਲੌਕਡਾਊਨ
ਚੇਨੱਈ: ਤਾਮਿਲਨਾਡੂ ਦੇ ਮੁੱਖ ਮੰਤਰੀ ਕੇ.ਪਲਾਨੀਸਵਾਮੀ ਨੇ ਕਿਹਾ ਹੈ ਕਿ ਚੇਨੱਈ ਤੇ ਨਾਲ ਲੱਗਦੇ ਖੇਤਰਾਂ ਵਿਚ 19 ਜੂਨ ਤੋਂ ਲੈ ਕੇ 30 ਜੂਨ ਤੱਕ ਮੌਜੂਦਾ ਛੋਟਾਂ ਵਾਪਸ ਲੈ ਕੇ ਲੌਕਡਾਊਨ ਕੀਤਾ ਜਾਵੇਗਾ। ਇਥੇ ਕਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਕੇਸਾਂ ਵਿਚਾਲੇ ਮਾਹਿਰਾਂ ਦੇ ਇਕ ਪੈਨਲ ਨਾਲ ਮੀਟਿੰਗ ਕਰਨ ਤੋਂ ਬਾਅਦ ਸ੍ਰੀ ਪਲਾਨੀਸਵਾਮੀ ਨੇ ਕਿਹਾ ਕਿ ਲੌਕਡਾਊਨ ਚੇਨੱਈ ਅਤੇ ਗ੍ਰੇਟਰ ਚੇਨੱਈ ਪੁਲਿਸ ਦੇ ਅਧਿਕਾਰ ਖੇਤਰ ਅਤੇ ਤਿਰੂਵੱਲੂਰ, ਚੇਂਗਲਪੈੱਟ ਤੇ ਕਾਂਚੀਪੁਰਮ ਜ਼ਿਲ੍ਹਿਆਂ ‘ਚ ਪੈਂਦੇ ਕਈ ਖੇਤਰਾਂ ਵਿਚ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ 12 ਦਿਨਾਂ ਦੇ ਇਸ ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਪਾਬੰਦੀਆਂ ਸਮੇਤ ਮਨਜ਼ੂਰੀ ਦਿੱਤੀ ਜਾਵੇਗੀ।