ਕਰੋਨਾ ਵਾਇਰਸ: ਪੰਜਾਬ ਸਰਕਾਰ ਮੁੜ ਸਖਤੀ ਵਾਲੇ ਰੌਂਅ ਵਿਚ

ਚੰਡੀਗੜ੍ਹ: ਲੌਕਡਾਊਨ ਵਿਚ ਢਿੱਲ ਤੋਂ ਬਾਅਦ ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਵਧ ਗਿਆ ਹੈ। ਜਿਸ ਕਾਰਨ ਸਰਕਾਰ ਮੁੜ ਸਖਤੀ ਵਰਤਣ ਦੇ ਰੌਂਅ ਵਿਚ ਹੈ। ਪੰਜਾਬ ਸਰਕਾਰ ਨੇ ਲੌਕਡਾਊਨ ਦੀ ਵਾਪਸੀ ਤਹਿਤ ਹੁਣ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ‘ਤੇ ਬੰਦਸ਼ਾਂ ਲਾ ਦਿੱਤੀਆਂ ਹਨ।

ਪੰਜਾਬ ਵਿਚ ਅੰਤਰ ਜ਼ਿਲ੍ਹਾ ਆਵਾਜਾਈ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜ਼ਰੂਰੀ ਵਸਤਾਂ ਅਤੇ ਮੈਡੀਕਲ ਲੋੜਾਂ ਨੂੰ ਛੱਡ ਕੇ ਕੇਵਲ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਪ੍ਰਵਾਨਗੀ ਹੋਵੇਗੀ। ਮੁੱਖ ਮੰਤਰੀ ਨੇ ਹਫਤੇ ਦੇ ਅੰਤਲੇ ਦਿਨਾਂ (ਸਨਿੱਚਰਵਾਰ ਤੇ ਐਤਵਾਰ) ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਬਾਬਤ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਆਂ ਸੇਧਾਂ ਵਿਚ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹੀ ਹਫਤੇ ਦੇ ਸਾਰੇ ਦਿਨ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਲੌਕਡਾਊਨ 5/ਅਨਲੌਕ 1 ਸਬੰਧੀ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਦਿਸ਼ਾ-ਨਿਰਦੇਸ਼ ਅਗਲੇ ਹੁਕਮਾਂ ਤੱਕ ਹਫਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਲਈ ਲਾਗੂ ਰਹਿਣਗੇ।
ਪੰਜਾਬ-ਹਰਿਆਣਾ ਸੀਮਾ ਵਾਲੇ ਜ਼ਿਲ੍ਹਾ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਤੇ ਮੁਹਾਲੀ ‘ਚ ਅੰਤਰਰਾਜੀ ਨਾਕਾਬੰਦੀ ਸਖਤ ਕਰ ਦਿੱਤੀ ਗਈ ਹੈ। ਈ-ਪਾਸ ਤੋਂ ਬਿਨਾਂ ਕਿਸੇ ਨੂੰ ਵੀ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬਾਹਰੀ ਸੂਬਿਆਂ ਤੋਂ ਆਉਣ ਵਾਲਿਆਂ ਦੀ ਚੈਕਿੰਗ ਵਧਾ ਦਿੱਤੀ ਗਈ ਹੈ। ਸੰਗਰੂਰ-ਦਿੱਲੀ ਮੁੱਖ ਸੜਕ ਮਾਰਗ ‘ਤੇ ਅੰਤਰਰਾਜੀ ਨਾਕੇ ਉਤੇ ਪੁਲਿਸ ਦੀ ਸਖਤੀ ਵੇਖਣ ਨੂੰ ਮਿਲੀ। ਅੰਮ੍ਰਿਤਸਰ ਦੇ ਬਾਹਰੀ 17 ਦਾਖਲਾ ਪੁਆਇੰਟਾਂ ‘ਤੇ ਪੁਲਿਸ ਨੇ ਸਖ਼ਤੀ ਵਰਤੀ। ਲੋਕ ਜਰਮਾਨੇ ਦੇ ਡਰੋਂ ਮਾਸਕ ਪਾਉਣ ਲੱਗੇ ਹਨ।
ਨਵੇਂ ਹੁਕਮਾਂ ਅਨੁਸਾਰ ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਸਾਰੇ ਦਿਨ ਸ਼ਾਮ ਸੱਤ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ ਰੈਸਟੋਰੈਂਟ (ਸਿਰਫ ਘਰ ਲਿਜਾਣ/ਹੋਮ ਡਲਿਵਰੀ ਲਈ) ਅਤੇ ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ ਸ਼ਾਮ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਹਦਾਇਤਾਂ ਅਨੁਸਾਰ ਸ਼ਾਪਿੰਗ ਮਾਲਜ਼ ਵਿਚਲੀਆਂ ਅਤੇ ਇਕੱਲੀਆਂ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ ਜਦੋਂ ਕਿ ਸਨਿੱਚਰਵਾਰ ਨੂੰ ਇਹ ਸ਼ਾਮ ਨੂੰ ਪੰਜ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸੇਧਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਏਗਾ। ਸੇਧਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ ਉਤੇ ਜੋਖਮ ਵਾਲੇ ਇਲਾਕਿਆਂ ਵਿਚ ਸਥਾਨਕ ਮਾਰਕੀਟ ਐਸੋਸੀਏਸ਼ਨਾਂ ਨਾਲ ਮੀਟਿੰਗ ਕਰਕੇ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹਫਤੇ ਦੇ ਹੋਰਨਾਂ ਦਿਨਾਂ ਵਿਚ ਵੀ ਬੰਦ ਕਰਨ ਦਾ ਫੈਸਲਾ ਲੈ ਸਕਦਾ ਹੈ। ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਜ਼ਰੀਏ ਕਿਹਾ ਕਿ ਆਉਂਦੇ ਦੋ ਮਹੀਨੇ ਮਹਾਮਾਰੀ ਦਾ ਸਿਖਰ ਹੋ ਸਕਦੇ ਹਨ। ਨਿਰਦੇਸ਼ਾਂ ਅਨੁਸਾਰ ਹੁਣ ਅੰਤਰ-ਜ਼ਿਲ੍ਹਾ ਆਵਾਜਾਈ ਈ-ਪਾਸ ਨਾਲ ਹੋ ਸਕੇਗੀ ਜਿਹੜਾ ਸਿਰਫ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ। ਮੈਡੀਕਲ ਐਮਰਜੈਂਸੀ ਮੌਕੇ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ। ਵਿਆਹ ਸਮਾਗਮਾਂ ਲਈ ਈ-ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ। ਸਕੂਲੀ ਪ੍ਰੀਖਿਆਵਾਂ ਲਈ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਵਿਦਿਆਰਥੀ ਦੇ ਐਂਟਰੀ ਪਾਸ ਹੀ ਈ-ਪਾਸ ਵਜੋਂ ਪ੍ਰਵਾਨਿਤ ਹੋਣਗੇ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ ਵਿਚ ਕੁਤਾਹੀ ਨਾ ਵਰਤਣ।
_________________________________________________
ਮੁੱਖ ਮੰਤਰੀ ਵੱਲੋਂ ‘ਘਰ ਘਰ ਨਿਗਰਾਨੀ’ ਐਪ ਜਾਰੀ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਮੋਬਾਈਲ ਆਧਾਰਿਤ ਐਪ ‘ਘਰ ਘਰ ਨਿਗਰਾਨੀ’ ਲਾਂਚ ਕੀਤੀ। ਇਸ ਐਪ ਜ਼ਰੀਏ ਸੂਬੇ ਦੇ ਹਰ ਘਰ ‘ਤੇ ਮਹਾਂਮਾਰੀ ਦੇ ਖਾਤਮੇ ਤੱਕ ਨਿਗਰਾਨੀ ਰੱਖੀ ਜਾਵੇਗੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਨੇ ਇਹ ਐਪ ਜਾਰੀ ਕੀਤੀ। ਇਹ ਐਪ ਕਰੋਨਾ ਵਾਇਰਸ ਦੀ ਛੇਤੀ ਸ਼ਨਾਖਤ ਅਤੇ ਟੈਸਟਿੰਗ ਵਿਚ ਮਦਦਗਾਰ ਬਣੇਗੀ। ਵਧੀਕ ਮੁੱਖ ਸਕੱਤਰ (ਸਿਹਤ) ਅਨੁਰਾਗ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਉਮਰ ਦੀ ਪੰਜਾਬ ਦੀ ਸਾਰੀ ਸ਼ਹਿਰੀ ਤੇ ਪੇਂਡੂ ਵਸੋਂ ਦਾ ਸਰਵੇਖਣ ਕੀਤਾ ਜਾਵੇਗਾ।
__________________________________________________
ਕਰੋਨਾ ਖਿਲਾਫ ਹੌਸਲੇ ਨਾਲ ਲੜਨੀ ਪਵੇਗੀ ਜੰਗ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰੋਨਾ ਜੁਲਾਈ ਤੋਂ ਸਤੰਬਰ ਤੱਕ ਸਿਖਰਾਂ ਉਤੇ ਹੋਵੇਗਾ ਤੇ ਸਾਨੂੰ ਇਹ ਜੰਗ ਹੌਸਲੇ ਨਾਲ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਕੈਮਬ੍ਰਿਜ ਯੂਨੀਵਰਸਿਟੀ ਦੀ ਇਕ ਰਿਪੋਰਟ ਮੁਤਾਬਕ ਸਿਰਫ ਮਾਸਕ ਪਾ ਕੇ 75 ਤੋਂ 80 ਫੀਸਦੀ ਤੱਕ ਇਸ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਟੈਸਟਾਂ ਦੀ ਗਿਣਤੀ ਵਧਾ ਕੇ ਇਕ ਦਿਨ ‘ਚ 20000 ਕਰਨ ਲਈ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਨ ਦੀ ਪ੍ਰਕਿਰਿਆ ਅਧੀਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ‘ਚ ਫਿਲਮਾਂ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।