ਅਕਾਲੀ ਦਲ ਦੀ ਨਵੀਂ ਟੀਮ ‘ਚ ਬਾਦਲ ਪਰਿਵਾਰ ਦੇ ਵਫਾਦਾਰਾਂ ਨੂੰ ਤਰਜੀਹ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਟੀਮ ਵਿਚ ਬਾਦਲ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਵਫਾਦਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਨਵੇਂ ਅਹੁਦੇਦਾਰਾਂ ਵਿਚ ਬਾਦਲ ਪਰਿਵਾਰ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਦਾ ਅਹੁਦਾ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤਾ ਹੈ। ਪਹਿਲਾਂ ਇਹ ਅਹੁਦਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਕੋਲ ਸੀ। ਜਾਣਕਾਰੀ ਅਨੁਸਾਰ ਪਾਰਟੀ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਕਾਲੀ ਦਲ ਵਿਚੋਂ ਬਾਹਰ ਹੋਣ ਮਗਰੋਂ ਸੁਖਬੀਰ ਸਿੰਘ ਬਾਦਲ ਵਲੋਂ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ। ਅਹੁਦੇਦਾਰਾਂ ਦੀ ਨਵੀਂ ਸੂਚੀ ਮੁਤਾਬਕ ਬਲਵਿੰਦਰ ਸਿੰਘ ਭੂੰਦੜ ਪਾਰਟੀ ਦੇ ਸਕੱਤਰ ਜਨਰਲ ਹੋਣਗੇ। ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਚਰਨਜੀਤ ਸਿੰਘ ਅਟਵਾਲ, ਡਾ. ਉਪਿੰਦਰਜੀਤ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ, ਜਨਮੇਜਾ ਸਿੰਘ ਸੇਖੋਂ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਨਰੇਸ਼ਗੁਜਰਾਲ, ਜਗਮੀਤ ਸਿੰਘ ਬਰਾੜ, ਪ੍ਰਕਾਸ਼ ਚੰਦ ਗਰਗ, ਹਰਮਨਜੀਤ ਸਿੰਘ ਦਿੱਲੀ ਅਤੇ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਐਨ.ਕੇ. ਸ਼ਰਮਾ ਅਕਾਲੀ ਦਲ ਦੇ ਖਜ਼ਾਨਚੀ ਨਿਯੁਕਤ ਕੀਤੇ ਗਏ ਹਨ। ਹੀਰਾ ਸਿੰਘ ਗਾਬੜੀਆ ਤੇ ਮਨਜਿੰਦਰ ਸਿੰਘ ਸਿਰਸਾ ਦੇ ਨਾਂ ਕੋਰ ਕਮੇਟੀ ਵਿਚ ਮੈਂਬਰਾਂ ਵਜੋਂ ਸ਼ਾਮਲ ਕੀਤੇ ਗਏ ਹਨ। ਸ੍ਰੀ ਗਾਬੜੀਆ ਨੂੰ ਪਾਰਟੀ ਦੇ ਬੀਸੀ ਵਿੰਗ ਦਾ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਿਕੰਦਰ ਸਿੰਘ ਮਲੂਕਾ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਅਤੇ ਪਾਰਟੀ ਦੇ ਮੁਲਾਜ਼ਮ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਯੂਥ ਆਗੂ ਸਰਬਜੀਤ ਸਿੰਘ ਸਾਬੀ ਨੂੰ ਯੂਥ ਅਕਾਲੀ ਦਲ ਦਾ ਸਕੱਤਰ ਜਨਰਲ ਤੇ ਪਵਨ ਕੁਮਾਰ ਟੀਨੂ ਨੂੰ ਪਾਰਟੀ ਦੇ ਐਸ਼ਸੀ. ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।
________________________________________
ਸੁਖਬੀਰ ਨੇ ਟੌਹੜਿਆਂ ਨੂੰ ਮੁੜ ਦਿੱਤੇ ਵੱਡੇ ਅਹੁਦੇ
ਪਟਿਆਲਾ: ਨਵੇਂ ਜਥੇਬੰਦਕ ਢਾਂਚੇ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਿਵਾਰ ਦੇ ਮੁਖੀ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮੁੜ ਸੌਂਪਿਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌਹੜਾ ਪਰਿਵਾਰ ਨੇ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰ ਲਈ ਸੀ। ਹੁਣ ਦੁਬਾਰਾ ਦੋਵੇਂ ਉਘੇ ਸਿਆਸੀ ਪਰਿਵਾਰ ਰਾਜਸੀ ਪੱਖ ਤੋਂ ਫਿਰ ਘਿਉ ਖਿਚੜੀ ਹੁੰਦੇ ਵਿਖਾਈ ਦੇ ਰਹੇ ਹਨ। ਪਿਛਲੇ ਸਾਲ ਰਲੇਵੇਂ ਮਗਰੋਂ ਵੀ ਭਾਵੇਂ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਸੀ, ਪਰ ਹੁਣ ਉਘੇ ਤੇ ਘਾਗ ਅਕਾਲੀ ਆਗੂਆਂ ਦੀ ਸੀਨੀਅਰ ਮੀਤ ਪ੍ਰਧਾਨਾਂ ਵਾਲੀ ਸੂਚੀ ‘ਚ ਮੁੜ ਟੌਹੜਾ ਨੂੰ ਥਾਂ ਦੇ ਕੇ ਇਕ ਤਰ੍ਹਾਂ ਸਮੁੱਚੇ ਪਟਿਆਲਾ ਜ਼ਿਲ੍ਹੇ ‘ਚੋਂ ਵਕਾਰੀ ਅਹੁਦਾ ਦਿੱਤਾ ਹੈ।