ਨਵੇਂ ਖੇਤੀ ਆਰਡੀਨੈਂਸ ਨੇ ਪੰਜਾਬ ਦੀ ਸਿਆਸਤ ‘ਚ ਲਿਆਂਦਾ ਭੂਚਾਲ

ਚੰਡੀਗੜ੍ਹ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿਣਸਾਂ ਦੇ ਸਮਰਥਨ ਮੁੱਲ ਨੂੰ ਦੇਸ਼ ਦੀ ਆਰਥਿਕਤਾ ਲਈ ਖਤਰਾ ਦੱਸ ਕੇ ਬਲਦੀ ‘ਤੇ ਤੇਲ ਪਾ ਦਿੱਤਾ ਹੈ। ਕਾਂਗਰਸ ਨੇ ਇਸ ਮਾਮਲੇ ਉਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ‘ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੰਗਾਰ ਪਾਈ ਹੈ ਕਿ ਉਹ ਕੇਂਦਰੀ ਵਜ਼ੀਰੀ ਦਾ ਮੋਹ ਤਿਆਗ ਕੇ ਕਿਸਾਨੀ ਦੇ ਹੱਕ ਵਿਚ ਡਟੇ। ਦੱਸਣਯੋਗ ਹੈ ਕਿ ਗਡਕਰੀ ਨੇ ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਮੁਲਕ ਦੀ ਆਰਥਿਕਤਾ ਲਈ ਵੱਡਾ ਖਤਰਾ ਦੱਸਿਆ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਗਡਕਰੀ ਨੇ ਕੇਂਦਰ ਦਾ ਕੁਝ ਵੀ ਢੱਕਿਆ ਰਿੱਝਣ ਨਹੀਂ ਦਿੱਤਾ ਅਤੇ ਕੇਂਦਰੀ ਨੀਤੀ ਤੇ ਨੀਅਤ ਦਾ ਭਾਂਡਾ ਚੌਰਾਹੇ ‘ਚ ਭੰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਅਸਲ ਖਤਰਾ ਭਾਜਪਾ ਤੋਂ ਹੈ ਜਿਸ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਅਰਥਚਾਰੇ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਸ ਕਿਸਾਨ ਨੇ ਪਸੀਨਾ ਵਹਾ ਕੇ ਮੁਲਕ ਨੂੰ ਅਨਾਜ ਮਾਮਲੇ ‘ਚ ਆਤਮ-ਨਿਰਭਰ ਬਣਾਇਆ, ਉਸ ਕਿਸਾਨੀ ਨੂੰ ਹੀ ਕੇਂਦਰ ਸਰਕਾਰ ਬੋਝ ਦੱਸ ਕੇ ਅਪਮਾਨ ਕਰ ਰਹੀ ਹੈ। ਕਾਂਗਰਸ ਪਾਰਟੀ ਪਹਿਲਾਂ ਹੀ ਕੇਂਦਰ ਦੀ ਕਿਸਾਨ ਵਿਰੋਧੀ ਨੀਤੀ ਬਾਰੇ ਰੌਲਾ ਪਾ ਰਹੀ ਸੀ। ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਦਾ ਕਾਂਗਰਸ ਡਟ ਕੇ ਵਿਰੋਧ ਕਰੇਗੀ।
ਇਸ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਗਡਕਰੀ ਦੇ ਬਿਆਨ ਮਗਰੋਂ ਆਪਣੀ ਸਥਿਤੀ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਇਸ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਸੱਦਣ ਲਈ ਆਖਣਗੇ ਤਾਂ ਜੋ ਸਾਰੀਆਂ ਸਿਆਸੀ ਧਿਰਾਂ ਇਸ ਮਾਮਲੇ ਉਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਸਤੇ ਜਾ ਸਕਣ। ਸ੍ਰੀ ਬਾਜਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਵੱਲੋਂ ਚਾਰ ਹਜ਼ਾਰ ਕਰੋੜ ਦੇ ਬੀਜ ਘੁਟਾਲੇ ਦਾ ਰੌਲਾ ਪਾਇਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਵਿਚ 350 ਕਰੋੜ ਦੇ ਬੀਜਾਂ ਦੀ ਵਿਕਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੱਸੇ ਕਿ ਇਹ ਅੰਕੜੇ ਕਿਥੋਂ ਆਏ ਹਨ।
ਸਮਰਥਨ ਮੁੱਲ ਬਾਰੇ ਕੋਈ ਸਮਝੌਤਾ ਨਹੀਂ ਕਰਾਂਗੇ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਝੋਨੇ ਤੇ ਕਣਕ ਦੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਦੀ ਗਾਰੰਟੀ ਦੇ ਮੁੱਦੇ ‘ਤੇ ਪਾਰਟੀ ਕੋਈ ਸਮਝੌਤਾ ਨਹੀਂ ਕਰੇਗੀ। ਕੇਂਦਰ ਵੱਲੋਂ ‘ਇਕ ਦੇਸ਼, ਇਕ ਮੰਡੀ’ ਦੇ ਸੰਕਲਪ ਨੂੰ ਲਾਗੂ ਕਰਨ ਦੇ ਮਾਮਲੇ ‘ਤੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੁਢਲੇ ਪੜਾਅ ਉਤੇ ਘੱਟੋ-ਘੱਟ ਸਮਰਥਨ ਮੁੱਲ ਦੀ ਮੌਜੂਦਾ ਵਿਵਸਥਾ ਨੂੰ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਪਰ ਜੇਕਰ ਕਿਸੇ ਵੀ ਪੜਾਅ ‘ਤੇ ਇਸ ਨਾਲ ਛੇੜਛਾੜ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਖਿਲਾਫ ਸੰਘਰਸ਼ ਵਿੱਢੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਹਿੱਤਾਂ ਤੋਂ ਲੈ ਕੇ ਦੇਸ਼ ਦੇ ਸੰਘੀ ਢਾਂਚੇ ਤੱਕ ਹਰ ਖੇਤਰ ਵਿਚ ਲੋਕਾਂ ਭਾਵਨਾਵਾਂ ਦੀ ਤਰਜਮਾਨੀ ਕਰੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਸਮੇਂ ਖੇਤੀਬਾੜੀ ਉਤਪਾਦਨ ਵਿਚ ਨਿਵੇਸ਼ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੀਮਤ ਬਹੁਤ ਵਧ ਗਈ ਹੈ, ਜਦਕਿ ਕਿਸਾਨਾਂ ਦੀਆਂ ਜਿਣਸਾਂ ਦੀਆਂ ਕੀਮਤਾਂ ਵਿਚ ਖੜੋਤ ਆ ਗਈ ਹੈ।
_____________________________________
ਆਰਡੀਨੈਂਸ ਹਰਸਿਮਰਤ ਦੀ ਹਾਜ਼ਰੀ ‘ਚ ਪਾਸ ਹੋਇਆ: ਢੀਂਡਸਾ
ਪਟਿਆਲਾ: ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ (ਬਾਦਲ) ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਖੇਤੀ ਤੇ ਵਪਾਰ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ‘ਚ ਦੇਣ ਵਾਲੇ ਨਵੇਂ ਖੇਤੀ ਮੰਡੀਕਰਨ ਸਬੰਧੀ ਆਰਡੀਨੈਂਸ ਜਾਰੀ ਕਰਨ ‘ਚ ਬਾਦਲ ਦਲੀਆਂ ਦੇ ਵੱਡੇ ਆਗੂਆਂ ਦੀ ਵੱਡੀ ਭੂਮਿਕਾ ਹੈ ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਸ੍ਰੀ ਢੀਂਡਸਾ ਨੇ ਖੁਲਾਸਾ ਕੀਤਾ ਕਿ ਇਹ ਵਿਵਾਦਿਤ ਆਰਡੀਨੈਂਸ ਪਾਸ ਕਰਨ ਵਾਲੀ ਕੇਂਦਰੀ ਕੈਬਨਿਟ ਮੀਟਿੰਗ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਬਾਕਾਇਦਾ ਹਾਜ਼ਰ ਸਨ ਤੇ ਉਨ੍ਹਾਂ ਨੇ ਬਿਨਾਂ ਕਿਸੇ ਵਿਰੋਧ ਦੇ ਆਰਡੀਨੈਂਸਾਂ ਨੂੰ ਸਹਿਮਤੀ ਦਿੱਤੀ ਹੈ।
______________________________________
‘ਆਪ’ ਆਗੂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਸੰਗਰੂਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧਤ ਲਿਆਂਦੇ ਤਿੰਨ ਆਰਡੀਨੈਂਸਾਂ ਨੂੰ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਵਾਲਾ ਤਾਨਾਸ਼ਾਹੀ ਫੈਸਲਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਉਨ੍ਹਾਂ ਪੱਤਰ ਰਾਹੀਂ ਆਰਡੀਨੈਂਸ ਦੇ ਦੇਸ਼ ਖਾਸ ਕਰਕੇ ਪੰਜਾਬ ਦੇ ਕਿਸਾਨਾਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਕੇ ਤਿੰਨੇ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ। ਸ੍ਰੀ ਮਾਨ ਨੇ ਕਿਹਾ ਕਿ ਇਹ ਆਰਡੀਨੈਂਸ ਸਿਰਫ ਕਿਸਾਨਾਂ, ਖੇਤ ਮਜ਼ਦੂਰਾਂ ਲਈ ਹੀ ਨਹੀਂ ਸਗੋਂ ਆੜ੍ਹਤੀਆਂ, ਮੁਨੀਮਾਂ, ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਵੀ ਹੋਂਦ ਖਤਮ ਕਰ ਦੇਣਗੇ।