ਚੰਡੀਗੜ੍ਹ: ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੁੰਦਿਆਂ ਹੀ ਪਰਵਾਸੀ ਮਜ਼ਦੂਰਾਂ ਦੀ ਘਾਟ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪੰਜਾਬ ‘ਚੋਂ ਸਾਢੇ 6 ਲੱਖ ਪਰਵਾਸੀ ਮਜ਼ਦੂਰ ਰੇਲ ਗੱਡੀਆਂ ਰਾਹੀਂ ਅਤੇ 2 ਲੱਖ ਦੇ ਕਰੀਬ ਪਰਵਾਸੀ ਮਜ਼ਦੂਰ ਬੱਸਾਂ, ਪੈਦਲ ਜਾਂ ਹੋਰ ਸਾਧਨਾਂ ਰਾਹੀਂ ਆਪਣੇ ਘਰੇਲੂ ਰਾਜਾਂ ਨੂੰ ਪਰਤ ਗਏ ਹਨ। ਝੋਨਾ ਲਗਾਉਣ ਲਈ ਪੰਜਾਬ ਆਉਂਦੇ ਪਰਵਾਸੀ ਮਜ਼ਦੂਰਾਂ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ 40 ਤੋਂ 50 ਫੀਸਦੀ ਘੱਟ ਹੈ। ਰੇਲਵੇ ਸਟੇਸ਼ਨ ਲੁਧਿਆਣਾ ‘ਤੇ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਆ ਕੇ ਰੇਲ ਗੱਡੀ ‘ਚੋਂ ਉਤਰਨ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਰਸਤੇ ‘ਚ ਘੇਰ ਕੇ ਗੱਲਬਾਤ ਕਰ ਰਹੇ ਹਨ।
ਮਜ਼ਦੂਰਾਂ ਨੂੰ ਇਹ ਪਤਾ ਹੈ ਕਿ ਮਜ਼ਦੂਰਾਂ ਦੀ ਭਾਰੀ ਕਮੀ ਹੈ, ਜਿਸ ਦੇ ਚੱਲਦਿਆਂ ਉਹ ਕਿਸਾਨਾਂ ਦੀ ਮਜਬੂਰੀ ਦਾ ਰੱਜ ਕੇ ਲਾਭ ਉਠਾ ਰਹੇ ਹਨ। ਉਨ੍ਹਾਂ ਵਲੋਂ 5 ਹਜ਼ਾਰ ਤੋਂ 6 ਹਜ਼ਾਰ ਰੁਪਏ ਪ੍ਰਤੀ ਏਕੜ ਝੋਨਾ ਲਵਾਈ, ਤਿੰਨ ਸਮੇਂ ਦਾ ਖਾਣਾ ਤੇ ਰਹਿਣ ਲਈ ਥਾਂ ਦੇਣ ਦੀ ਸ਼ਰਤ ਰੱਖੀ ਜਾ ਰਹੀ ਹੈ। ਰੇਲਵੇ ਸਟੇਸ਼ਨ ਤੋਂ ਇਲਾਵਾ ਬੱਸ ਅੱਡਿਆਂ ਉਤੇ ਵੀ ਕਿਸਾਨਾਂ ਵਲੋਂ ਪਰਵਾਸੀ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪਿਛਲੇ 4-5 ਦਹਾਕੇ ਤੋਂ ਝੋਨੇ ਦੀ ਲੁਆਈ ਦਾ ਕਰੀਬ ਸਾਰਾ ਕੰਮ ਪਰਵਾਸੀ ਮਜ਼ਦੂਰਾਂ ਦੇ ਹੱਥ ਚਲਾ ਗਿਆ ਸੀ। 70 ਲੱਖ ਏਕੜ ਦੇ ਕਰੀਬ ਹਰੇਕ ਸਾਲ ਝੋਨੇ ਦੀ ਪੰਜਾਬ ‘ਚ ਲੁਆਈ ਹੁੰਦੀ ਹੈ ਤੇ ਘੱਟੋ-ਘੱਟ 3000 ਪ੍ਰਤੀ ਏਕੜ ਦੇ ਹਿਸਾਬ ਦਿਹਾੜੀ ਮੁਤਾਬਕ 2100 ਕਰੋੜ ਰੁਪਏ ਦੇ ਕਰੀਬ ਦੀ ਇਹ ਬਹੁਤੀ ਕਮਾਈ ਪਰਵਾਸੀ ਮਜ਼ਦੂਰਾਂ ਦੀ ਜੇਬ ਵਿਚ ਹੀ ਜਾਂਦੀ ਸੀ ਪਰ ਕਰੋਨਾ ਵਾਇਰਸ ਨੇ ਕਈ ਹੋਰ ਵਰਤਾਰਿਆਂ ਵਾਂਗ ਇਸ ਕਾਰੋਬਾਰ ਦਾ ਮੁਹਾਣ ਵੀ ਮੋੜ ਦਿੱਤਾ ਹੈ।
ਵਾਇਰਸ ਦੀ ਆਫਤ ਕਾਰਨ ਵੱਡੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ ਹਨ ਤੇ ਝੋਨੇ ਦੀ ਲੁਆਈ ਲਈ ਕਿਸਾਨਾਂ ਦੇ ਯਤਨਾਂ ਦੇ ਬਾਵਜੂਦ ਬਹੁਤ ਥੋੜ੍ਹੇ ਪਰਵਾਸੀ ਮਜ਼ਦੂਰ ਹੀ ਪੰਜਾਬ ਆਏ ਹਨ। ਮਾਝਾ ਖੇਤਰ ਵਿਚ ਪਤਾ ਲੱਗਾ ਹੈ ਕਿ ਪਰਵਾਸੀ ਮਜ਼ਦੂਰ ਨਾਮਾਤਰ ਹੀ ਆਏ ਹਨ।
ਝੋਨੇ ਦੀ ਲੁਆਈ ਦਾ ਲਗਭਗ ਸਾਰਾ ਕੰਮ ਪੰਜਾਬੀ ਮਜ਼ਦੂਰਾਂ ਨੇ ਹੀ ਸੰਭਾਲਿਆ ਹੈ। ਇਹ ਵੀ ਅਹਿਮ ਗੱਲ ਹੈ ਕਿ ਮਾਝੇ ਵਿਚ ਪ੍ਰਤੀ ਏਕੜ ਲੁਆਈ ਦਿਹਾੜੀ 2700 ਤੋਂ 3000 ਰੁਪਏ ਤੱਕ ਹੈ। ਮਾਲਵਾ ਤੇ ਮਾਝਾ ਖੇਤਰ ‘ਚ ਝੋਨੇ ਦੀ ਲੁਆਈ ਦਾ ਭਾਅ 3500 ਤੋਂ 4500 ਵਿਚਕਾਰ ਚੱਲ ਰਿਹਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਪੰਜਾਬੀ ਮਜ਼ਦੂਰਾਂ ਵਲੋਂ ਲਗਾਏ ਝੋਨੇ ਦੀ ਤਰਤੀਬ ਵਧੇਰੇ ਚੰਗੀ ਹੈ ਤੇ ਉਹ ਕੰਮ ਵੀ ਜਲਦੀ ਨਿਬੇੜ ਰਹੇ ਹਨ। ਨਾਲ ਹੀ ਫਾਇਦੇਮੰਦ ਗੱਲ ਇਹ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਸਵੇਰੇ ਟਰਾਲੀਆਂ ਵਿਚ ਲਿਆਉਣ ਤੇ ਛੱਡਣ ਤੋਂ ਲੈ ਕੇ ਸਾਰਾ ਦਿਨ ਰੋਟੀ-ਟੁੱਕ ਤੇ ਚਾਹ-ਪਾਣੀ ਦਾ ਕੰਮ ਕਿਸਾਨਾਂ ਨੂੰ ਹੀ ਕਰਨਾ ਪੈਂਦਾ ਸੀ ਪਰ ਪੰਜਾਬੀ ਮਜ਼ਦੂਰ ਖੁਦ ਹੀ ਖੇਤ ‘ਚ ਆਉਦੇ-ਜਾਂਦੇ ਹਨ ਤੇ ਖਾਣਾ ਵੀ ਆਪਣਾ ਨਾਲ ਲੈ ਕੇ ਆਉਂਦੇ ਹਨ।
___________________________________________
ਪੰਚਾਇਤ ਮਤਿਆਂ ਰਾਹੀਂ ਝੋਨਾ ਲਵਾਈ ਦੀ ਮਜ਼ਦੂਰੀ ਤੈਅ
ਚੰਡੀਗੜ੍ਹ: ਪਰਵਾਸੀ ਮਜ਼ਦੂਰਾਂ ਦੀ ਘਾਟ ਨਾਲ ਝੋਨੇ ਦੀ ਲਵਾਈ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬੀ ਮਜ਼ਦੂਰਾਂ ਵੱਲੋਂ ਲਵਾਈ ਲਈ ਮਨਮਰਜ਼ੀ ਦੀ ਮਜ਼ਦੂਰੀ ਮੰਗਣ ਨਾਲ ਕਿਸਾਨਾਂ ਨੂੰ ਆਰਥਿਕ ਝਟਕਾ ਵੀ ਲੱਗ ਰਿਹਾ ਹੈ। ਪੰਚਾਇਤਾਂ ਵੱਲੋਂ ਹੁਣ ਮਤੇ ਪਾਸ ਕਰਕੇ ਮਜ਼ਦੂਰੀ ਤੈਅ ਕੀਤੀ ਜਾ ਰਹੀ ਹੈ ਤੇ ਇਸ ਕਾਰਨ ਭਾਈਚਾਰਕ ਸਾਂਝ ‘ਚ ਵੀ ਵੰਡੀਆਂ ਪੈ ਰਹੀਆਂ ਹਨ। ਪੰਚਾਇਤ ਨੇ ਮਤਾ ਪਾਸ ਕਰਕੇ ਝੋਨੇ ਦੀ ਲਵਾਈ 3200 ਅਤੇ ਬਾਸਮਤੀ ਦੀ 3500 ਰੁਪਏ ਪ੍ਰਤੀ ਏਕੜ ਨਿਸ਼ਚਿਤ ਕੀਤੀ ਹੈ। ਉਲੰਘਣਾ ਕਰਨ ਵਾਲੇ ਕਿਸਾਨ ਨੂੰ ਜੁਰਮਾਨਾ ਵੀ ਰੱਖਿਆ ਗਿਆ ਹੈ। ਦੂਜੇ ਪਾਸੇ ਮਜ਼ਦੂਰ ਜਥੇਬੰਦੀਆਂ ਨੇ ਪੰਚਾਇਤੀ ਮਤਿਆਂ ਦਾ ਵਿਰੋਧ ਕਰਦਿਆਂ ਇਨ੍ਹਾਂ ਰੇਟਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
__________________________________________
ਪੰਜਾਬ ਦੇ ਕਿਸਾਨ ਨੂੰ ਪੈ ਰਹੀ ਦੂਹਰੀ ਮਾਰ: ਬੀਰ ਦਵਿੰਦਰ
ਚੰਡੀਗੜ੍ਹ: ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ‘ਤੁਗਲਕੀ ਰਾਜ’ ਕਾਰਨ ਪੰਜਾਬ ਦੇ ਕਿਸਾਨ ਨੂੰ ਦੂਹਰੀ ਮਾਰ ਪੈ ਰਹੀ ਹੈ। ਇਹ ਗੱਲ ਬੜੇ ਦੁੱਖ ਦੀ ਹੈ, ਕਿ ਜਿਹੜੇ ਪਰਵਾਸੀ ਖੇਤ ਮਜ਼ਦੂਰਾਂ ਨੂੰ ਕੈਪਟਨ ਦੀ ਸਰਕਾਰ ਨੇ ਸਰਕਾਰੀ ਖਰਚੇ ‘ਤੇ ਲੰਗਰ ਛਕਾ ਕੇ ਅਤੇ ਵਿਸ਼ੇਸ਼ ਰੇਲ ਗੱਡੀਆਂ ਦੇ ਕਿਰਾਏ-ਭਾੜੇ ਦੇ ਕੇ ਬਿਹਾਰ ਅਤੇ ਉੱਤਰ ਪ੍ਰਦੇਸ਼ (ਯੂਪੀ) ਦੇ ਰਾਜਾਂ ਵਿਚ ਵਾਪਸ ਘਰਾਂ ਨੂੰ ਭੇਜਿਆ ਸੀ, ਉਨ੍ਹਾਂ ਹੀ ਖੇਤ ਮਜ਼ਦੂਰਾਂ ਨੂੰ ਹੁਣ ਪੰਜਾਬ ਦਾ ਕਿਸਾਨ ਆਪਣੇ ਖਰਚੇ ਉਤੇ, ਪ੍ਰਾਈਵੇਟ ਬੱਸਾਂ ਕਰਕੇ, ਝੋਨੇ ਦੀ ਫਸਲ ਦੀ ਲਵਾਈ ਵਾਸਤੇ, ਵਾਪਸ ਲਿਆ ਰਿਹਾ ਹੈ। ਪ੍ਰਾਈਵੇਟ ਬੱਸਾਂ ਦੇ ਮਾਲਕ 70 ਹਜ਼ਾਰ ਤੋਂ ਇਕ ਲੱਖ ਰੁਪਏ ਪ੍ਰਤੀ ਫੇਰੀ ਕਿਸਾਨਾਂ ਤੋਂ ਵਸੂਲ ਰਹੇ ਹਨ।