ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜਾਗਦੇ ਰਹੋ ਦਾ ਹੋਕਾ ਦਿੱਤਾ ਸੀ, “ਜਾਗ ਵੇ ਵੀਰਨਾ! ਘੇਸਲ ਵੱਟ ਕੇ ਕਿੰਨਾ ਕੁ ਸਮਾਂ ਲੰਘਾਇਆ ਜਾ ਸਕਦਾ? ਸੁੱਤਿਆਂ ਬਹੁਤ ਦੇਰ ਹੋ ਗਈ ਏ। ਹੋਰ ਦੇਰ ਨਾ ਕਰ, ਕਿਉਂਕਿ ਮੌਤ, ਮਰਸੀਆ ਤੇ ਮਾਤਮ ਦਾ ਕੋਈ ਵਸਾਹ ਨਹੀਂ। ਪੁਲਾਂ ਹੇਠੋਂ ਬਹੁਤ ਪਾਣੀ ਲੰਘ ਚੁਕਾ। ਹੁਣ ਹੀ ਕੁਝ ਅਜਿਹਾ ਕਰ ਕਿ ਤੇਰਾ ਨਾਮ ਇਤਿਹਾਸ ਦੇ ਵਰਕਿਆਂ ‘ਤੇ ਸੂਰਜ ਵਾਂਗ ਚਮਕਦਾ ਰਹੇ।”
ਹਥਲੇ ਲੇਖ ਵਿਚ ਉਨ੍ਹਾਂ ਰੰਭਾ ਤੇ ਜਵਾਕ ਚੰਡੇ ਜਾਣ ਦੀ ਗੱਲ ਨੂੰ ਛਾਂਗੇ ਜਾਣ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ। ਉਹ ਕਹਿੰਦੇ ਹਨ, “ਬਹੁਤ ਕੁਝ ਛੁਪਿਆ ਹੁੰਦਾ ਹੈ, ਮਨੁੱਖ ਅਤੇ ਰੁੱਖ ਦੇ ਨਕਸ਼ਾਂ ਵਿਚ। ਮਨੁੱਖ ਅਤੇ ਰੁੱਖ-ਦੋਵੇਂ ਹੀ ਛਾਂਗ-ਛੰਗਾਈ ਪਿਛੋਂ ਫਿਰ ਫੁੱਟਦੇ ਤੇ ਕਰੂਬਲਾਂ ਨਿਕਲਦੀਆਂ।…ਮਨੁੱਖ ਅਤੇ ਰੁੱਖ ਵਿਚ ਫਰਕ ਇਹ ਹੁੰਦਾ ਕਿ ਛਾਂਗੇ ਗਏ ਰੁੱਖ ਆਪਣੀ ਉਰਜਾ ਨੂੰ ਸਹੀ ਪਾਸੇ ਲਾ ਕੇ ਤਣੇ ਤੇ ਟਾਹਣੀਆਂ ਨੂੰ ਨਰੋਈ ਸੇਧ ਦਿੰਦੇ ਅਤੇ ਆਲੇ-ਦੁਆਲੇ ਨੂੰ ਭਾਗ ਲਾਉਂਦੇ; ਪਰ ਮਨੁੱਖ ਛਾਂਗੇ ਜਾਣ ‘ਤੇ ਵੀ ਕਈ ਵਾਰ ਆਪਣੀਆਂ ਕੋਝੀਆਂ ਹਰਕਤਾਂ, ਕਮੀਨੀਆਂ ਚਾਲਾਂ ਅਤੇ ਕੋਹਜਪੁਣੇ ਨੂੰ ਜਾਹਰ ਕਰਨੋਂ ਬਾਜ ਨਹੀਂ ਆਉਂਦਾ।” ਪਰ ਨਾਲ ਹੀ ਡਾ. ਭੰਡਾਲ ਖਬਰਦਾਰ ਕਰਦੇ ਹਨ, “ਕਈ ਵਾਰ ਬੋਲੋੜਾ ਛਾਂਗੇ ਜਾਣਾ ਜਾਂ ਕੱਟ-ਕਟਾਈ ਹੀਣ ਭਾਵਨਾ ਅਤੇ ਪ੍ਰਫੁਲਤਾ ਵਿਚ ਵਿਘਨ ਵੀ ਬਣਦੀ, ਜੋ ਮਾਨਸਿਕ, ਸਰੀਰਕ ਤੇ ਸਮਾਜਕ ਪੱਧਰ ‘ਤੇ ਹੋ ਰਹੀ ਪ੍ਰਗਤੀ ਨੂੰ ਰੋਕਦੀ ਅਤੇ ਮਨ ਵਿਚ ਢਾਹੂ ਵਿਚਾਰਾਂ ਨੂੰ ਪੈਦਾ ਕਰਦੀ। ਲੋੜ ਹੈ, ਛਾਂਗਣ ਵਾਲਾ ਸੁਚੇਤ ਹੋਵੇ ਤਾਂ ਕਿ ਕਿਸੇ ਨੂੰ ਮਾਨਸਿਕ ਤੌਰ ‘ਤੇ ਕੋਈ ਚੋਟ ਨਾ ਲੱਗੇ, ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਜੋ ਉਸ ਦੇ ਵਿਕਾਸ ਲਈ ਵਿਨਾਸ਼ ਬਣ ਜਾਵੇ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਮਨੁੱਖ ਤੇ ਰੁੱਖ ਇਕੋ ਜਿਹੇ। ਦੋਹਾਂ ਦੀ ਸਾਂਭ-ਸੰਭਾਲ ਵਿਚੋਂ ਸਫਲਤਾਵਾਂ ਦੇ ਮਿੱਠੜੇ ਫਲ ਲੱਗਦੇ। ਰੰਗਦਾਰ ਤੇ ਮਹਿਕੀਲੇ ਫੁੱਲ ਵੀ ਲਗਦੇ। ਰੁੱਖ ਦੀ ਹਰਿਆਵਲੀ ਰੰਗਤ ਵਿਚੋਂ ਵਿਅਕਤੀ ਨੂੰ ਆਪਣੀ ਮਹਿਕ ਖਿਲਾਰਨ ਅਤੇ ਚੰਗਿਆਈ ਨੂੰ ਚੌਗਿਰਦੇ ਵਿਚ ਵੰਡਣ ਦੀ ਨਿਆਮਤ ਮਿਲਦੀ।
ਰੁੱਖ ਅਤੇ ਮਨੁੱਖ ਕੁੱਖ ਵਿਚ ਜਨਮ ਲੈਂਦੇ। ਇਨ੍ਹਾਂ ਦਾ ਸਰੂਪ ਕੁੱਖ ਦੀ ਤਾਸੀਰ ਤਕਦੀਰ ਅਤੇ ਤਦਬੀਰ ‘ਤੇ ਨਿਰਭਰ। ਬੀਜ ਦੀ ਕਿਸਮ, ਮਿੱਟੀ ਦੀ ਤਾਸੀਰ ਅਤੇ ਇਸ ‘ਤੇ ਨਿਰਭਰ ਕਰਦਾ ਕਿ ਕਿਹੜੀ ਸੋਚ-ਸਾਧਨਾ ਭਰੇ ਵਕਤ ਵਿਚੋਂ ਬੀਜ ਨੂੰ ਪੁੰਗਰਨਾ ਨਸੀਬ ਹੁੰਦਾ। ਬਹੁਤ ਕੁਝ ਛੁਪਿਆ ਹੁੰਦਾ ਹੈ, ਮਨੁੱਖ ਅਤੇ ਰੁੱਖ ਦੇ ਨਕਸ਼ਾਂ ਵਿਚ। ਮਨੁੱਖ ਅਤੇ ਰੁੱਖ ਦੋਵੇਂ ਹੀ ਛਾਂਗ-ਛੰਗਾਈ ਪਿਛੋਂ ਫਿਰ ਫੁੱਟਦੇ ਅਤੇ ਕਰੂਬਲਾਂ ਨਿਕਲਦੀਆਂ। ਇਸੇ ਲਈ ਛਾਂਗ-ਛੰਗਾਈ ਰੂਪੀ ਸੋਧ-ਸੁਧਾਈ ਇਕ ਲਗਾਤਾਰਤਾ ਵਾਲਾ ਵਰਤਾਰਾ ਹੁੰਦਾ।
ਮਨੁੱਖ ਅਤੇ ਰੁੱਖ ਦੀ ਛਾਂਗ ਛੰਗਾਈ ਵੀ ਸਿਰਫ ਆਪਣੇ ਹੀ ਕਰਦੇ, ਜਿਨ੍ਹਾਂ ਨਾਲ ਪਿਆਰ ਹੁੰਦਾ। ਸ਼ੁਭ ਚਿੰਤਨ ਤੇ ਸ਼ੁਭ-ਭਾਵਨਾ ਹੁੰਦੀ। ਇਸ ਨਾਲ ਹੀ ਕੁਝ ਅਜਿਹਾ ਮਨ-ਧਰਾਤਲ ‘ਤੇ ਵਾਪਰਦਾ ਕਿ ਅਸੀਂ ਦੂਜਿਆਂ ਦੀ ਭਲਾਈ ਵਿਚੋਂ ਆਪਣੀ ਨੇਕ-ਨੀਤੀ ਨੂੰ ਆਪਣਾ ਕਰਮ ਬਣਾਉਂਦੇ।
ਮਨੁੱਖ ਅਤੇ ਰੁੱਖ ਦੀ ਕੇਹੀ ਕਰਮ-ਜਾਚਨਾ ਕਿ ਉਨ੍ਹਾਂ ਦੀ ਛਾਂਗ-ਛੰਗਾਈ ਵਾਲੇ ਬਹੁਤ ਹੀ ਦਿਆਲੂ, ਕਿਰਪਾਲੂ ਅਤੇ ਉਨ੍ਹਾਂ ਲਈ ਹਰਦਮ ਹਾਜ਼ਰ-ਨਾਜ਼ਰ ਹੋਣ। ਅਜਿਹਾ ਨਸੀਬਾ ਕੁਝ ਵਿਰਲਿਆਂ ਦਾ ਹੀ ਹੁੰਦਾ।
ਮਨੁੱਖ ਅਤੇ ਰੁੱਖ, ਆਉਣ ਵਾਲੀਆਂ ਨਸਲਾਂ ਲਈ ਆਧਾਰ ਵੀ ਬਣਦੇ, ਜਿਨ੍ਹਾਂ ਨੇ ਮਾਨਵਤਾ ਅਤੇ ਕੁਦਰਤ ਨੂੰ ਹੋਰ ਅਮੀਰੀ ਤੇ ਵਿਰਾਸਤੀ ਰੰਗਤ ਬਖਸ਼ਣੀ ਹੁੰਦੀ। ਖੁਦ ਵੀ ਆਪਣੇ ਆਪ ਨੂੰ ਦਿਲਕਸ਼ ਅਤੇ ਅੰਤਰੀਵੀ ਸੁੰਦਰਤਾ ਨਾਲ ਓਤ-ਪੋਤ ਕਰਨਾ ਹੁੰਦਾ।
ਮਨੁੱਖ ਅਤੇ ਰੁੱਖ ਜਨਮ ਤੋਂ ਮੌਤ ਤੱਕ ਛਾਂਗ-ਛੰਗਾਈ ਨੂੰ ਸਹਿੰਦਿਆਂ, ਪੀੜਾ ਵਿਚੋਂ ਵੀ ਗੁਜਰਦਾ, ਪਰ ਇਹ ਪੀੜ ਸਿਰਫ ਕੁਝ ਪਲਾਂ ਦੀ ਹੀ ਪ੍ਰਾਹੁਣੀ ਹੁੰਦੀ। ਇਸ ਪਿਛੋਂ ਇਕ ਸੰਤੁਸ਼ਟੀ ਅਤੇ ਭਰਪੂਰਤਾ ਦਾ ਅਹਿਸਾਸ ਦੋਹਾਂ ਨੂੰ ਨੱਕੋ-ਨੱਕ ਭਰਦਾ ਅਤੇ ਮਾਨਵਤਾ ਦੀ ਸਦੀਵਤਾ ਦੀ ਹਾਮੀ ਭਰਦਾ।
ਮਨੁੱਖ ਅਤੇ ਰੁੱਖ ਜਦ ਛਾਂਗੇ ਜਾਂਦੇ ਤਾਂ ਇਨ੍ਹਾਂ ਦੇ ਜ਼ਖਮ ਲੱਗਦੇ, ਦੀਦਿਆਂ ਵਿਚੋਂ ਨੀਰ ਵਗਦਾ ਅਤੇ ਕੁਝ ਸਮਾਂ ਲੱਗਦਾ ਇਨ੍ਹਾਂ ਨੂੰ ਭਰਨ ਵਿਚ; ਪਰ ਉਨ੍ਹਾਂ ਦੇ ਚੇਤਿਆਂ ਵਿਚ ਛਾਂਗੇ ਜਾਣ ਦਾ ਨਿਰਮਲ ਭੈਅ ਵੀ ਧਰ ਜਾਂਦੇ, ਜਿਸ ਕਾਰਨ ਉਹ ਹੋਰ ਉਕਾਈਆਂ, ਕੁਤਾਹੀਆਂ, ਖੁਨਾਮੀਆਂ ਤੇ ਕੁਕਰਮ ਕਰਨ ਤੋਂ ਤ੍ਰਹਿੰਦੇ ਅਤੇ ਆਪਣੇ ਰਾਹਾਂ ਨੂੰ ਫੁੱਲਾਂ ਲੱਧੇ ਮਾਰਗ ਦੀ ਮਹਿਕੀਲੀ ਇਬਾਰਤ ਬਣਾਉਣ ਵੰਨੀਂ ਪ੍ਰੇਰਿਤ ਕਰਦੇ।
ਮਨੁੱਖ ਅਤੇ ਰੁੱਖ-ਦੋਹਾਂ ਦੇ ਸਰਬਮੁਖੀ ਵਿਕਾਸ ਲਈ ਮਾਲਕ, ਮਾਲੀ, ਮੁਹੱਬਤ, ਮਦਦ, ਮਿਹਨਤ ਅਤੇ ਮਿਕਨਾਤੀਸੀ ਸੋਚ ਦਾ ਹੋਣਾ ਬਹੁਤ ਜਰੂਰੀ। ਸਾਰੇ ਤੱਤ ਰਲ ਕੇ ਇਕ ਸੰਪੂਰਨ ਕਲਾ-ਕਿਰਤੀ ਦੀ ਸਿਰਜਣਾ ਕਰਦੇ। ਇਸ ਵਿਚੋਂ ਹੀ ਦੋਹਾਂ ਨੂੰ ਸਰਬ-ਗੁਣੀ ਪ੍ਰਫੁਲਤਾ ਦੇ ਭਾਗ ਲੱਗਦੇ।
ਮਨੁੱਖ ਅਤੇ ਰੁੱਖ-ਦੋਹਾਂ ਲਈ ਦਿਸਦੀ ਅਤੇ ਅਣਦਿਸਦੀ ਵਾੜ ਦਾ ਹੋਣਾ ਅਤਿ ਜਰੂਰੀ ਤਾਂ ਕਿ ਕੋਈ ਵੀ ਇਨ੍ਹਾਂ ਦੇ ਵਧਣ-ਫੁਲਣ ਲਈ ਰੋੜਾ ਨਾ ਬਣੇ ਅਤੇ ਨਾ ਹੀ ਇਨ੍ਹਾਂ ਦੀ ਅਧੋਗਤੀ ਦਾ ਕਾਰਨ ਬਣੇ। ਇਹ ਵਾੜਾਂ ਹੀ ਹੁੰਦੀਆਂ, ਜੋ ਦੋਖੀਆਂ, ਦੁਸ਼ਮਣਾਂ ਅਤੇ ਦਰਦ ਦੇਣ ਵਾਲਿਆਂ ਦੇ ਦਾਅਵਤੀ ਦਾਅਵਿਆਂ ਨੂੰ ਖਾਰਜ ਕਰ, ਨਰੋਈ ਅਤੇ ਉਤਮ ਸੋਚ ਦੇ ਫੈਲਾਅ ਵਿਚ ਸਹਾਈ ਹੁੰਦੀਆਂ।
ਮਨੁੱਖ ਅਤੇ ਰੁੱਖ ਵਿਚ ਇਹ ਫਰਕ ਹੁੰਦਾ ਕਿ ਛਾਂਗੇ ਗਏ ਰੁੱਖ ਆਪਣੀ ਉਰਜਾ ਨੂੰ ਸਹੀ ਪਾਸੇ ਲਾ ਕੇ ਤਣੇ ਅਤੇ ਟਾਹਣੀਆਂ ਨੂੰ ਨਰੋਈ ਸੇਧ ਦਿੰਦੇ ਅਤੇ ਆਲੇ-ਦੁਆਲੇ ਨੂੰ ਭਾਗ ਲਾਉਂਦੇ; ਪਰ ਮਨੁੱਖ ਛਾਂਗੇ ਜਾਣ ‘ਤੇ ਵੀ ਆਪਣੀ ਕੋਝੀਆਂ ਹਰਕਤਾਂ, ਕਮੀਨੀਆਂ ਚਾਲਾਂ ਅਤੇ ਕੋਹਜਪੁਣੇ ਨੂੰ ਜਾਹਰ ਕਰਨੋਂ ਬਾਜ ਨਹੀਂ ਆਉਂਦਾ।
ਮਨੁੱਖ ਅਤੇ ਰੁੱਖ ਵਿਚ ਦੂਜਾ ਫਰਕ ਇਹ ਹੈ ਕਿ ਰੁੱਖ ਨੂੰ ਪਿਉਂਦ ਲਾ ਕੇ, ਇਸ ਦੀ ਨਸਲ, ਤਾਸੀਰ, ਤਸਵੀਰ ਤੇ ਤਕਦੀਰ ਵਿਚ ਨਿਖਾਰ ਲਿਆਇਆ ਜਾ ਸਕਦਾ। ਇਸ ਵਿਚੋਂ ਹੋਰ ਵੰਨਗੀਆਂ ਅਤੇ ਨਸਲਾਂ ਦਾ ਵਿਕਾਸ ਹੁੰਦਾ, ਜੋ ਰੁੱਖਾਂ ਦੇ ਬਹੁ-ਪਰਤੀ ਪੱਖਾਂ ਨੂੰ ਸੁਚਾਰੂ ਰੂਪ ਵਿਚ ਪ੍ਰਗਟਾਉਂਦੇ। ਇਹ ਪਿਉਂਦੇ ਰੁੱਖ ਆਪਣੇ ਮੂਲ ਨਾਲੋਂ ਟੁੱਟ ਕੇ ਜਿਉਣ ਦਾ ਦਰਦ ਭਾਵੇਂ ਹੰਢਾਉਂਦੇ, ਪਰ ਮਨੁੱਖ ਦੀਆਂ ਮਨ ਮੰਗੀਆਂ ਮੁਰਾਦਾਂ ਦੀ ਝੋਲੀ ਭਰਦੇ। ਅਜੇ ਤੀਕ ਪਿਉਂਦ ਕੀਤਾ ਗਿਆ ਮਨੁੱਖ ਨਹੀਂ ਪੈਦਾ ਕੀਤਾ ਗਿਆ, ਭਾਵੇਂ ਕਲੋਨਿੰਗ ਦੇ ਜ਼ਰੀਏ ਅਜੋਕਾ ਮਨੁੱਖ ਚਾਹੁੰਦਾ ਤਾਂ ਹੈ ਕਿ ਉਹ ਆਪਣੀ ਮਰਜ਼ੀ ਦਾ ਬੱਚਾ ਪੈਦਾ ਕਰੇ, ਜੋ ਗੁਣ, ਸ਼ਕਲ, ਰੰਗ, ਰੂਪ, ਸਿਆਣਪ, ਲਿਆਕਤ ਸਮੇਤ ਹਰ ਪੱਖ ਤੋਂ ਸੰਪੂਰਨ ਹੋਵੇ; ਪਰ ਇਹ ਅਜੇ ਤੀਕ ਸਿਰਫ ਖਿਆਲ ਹੀ ਹੈ। ਜੇ ਪਿਉਂਦ ਕੀਤੇ ਗਏ ਮਨੁੱਖ ਪੈਦਾ ਹੋ ਗਏ ਤਾਂ ਹੌਲੀ ਹੌਲੀ ਅਸਲੀ ਮਨੁੱਖ ਖਤਮ ਹੋ ਜਾਵੇਗਾ। ਅਜਿਹੇ ਮਨੁੱਖ ਵਿਚੋਂ ਅਸਲੀਅਤ ਦਾ ਗੁਆਚਣਾ, ਮਨੁੱਖਤਾ ਅਤੇ ਕਾਇਨਾਤ ਲਈ ਤਬਾਹੀ ਹੋ ਸਕਦਾ ਹੈ।
ਮਨੁੱਖ ਤੇ ਰੁੱਖ ਤਾਂ ਬਚਪਨ ਤੋਂ ਹੀ ਛਾਂਗਿਆ ਜਾਂਦਾ ਹੈ, ਸਹੀ ਦਿਸ਼ਾ ਤੇ ਦਸ਼ਾ ਲਈ ਅਤੇ ਚੰਗੇਰੇ ਰੂਪ ਵਿਚ ਵਧਣ-ਫੁਲਣ ਤੇ ਸਹੀ ਸ਼ਕਲ ਦੇਣ ਲਈ। ਛਾਂਗਣ ਵਿਚੋਂ ਹੀ ਇਸ ਦੇ ਸਰੂਪ ਨੂੰ ਅੱਡਰੀ ਦਿੱਖ, ਪਛਾਣ ਅਤੇ ਪਰਿਭਾਸ਼ਾ ਮਿਲਦੀ।
ਰੁੱਖ ਵਾਂਗ ਮਨੁੱਖ ਨੂੰ ਛਾਂਗਣਾ ਬਹੁਤ ਜਰੂਰੀ, ਕਿਉਂਕਿ ਇਸ ਦੀ ਬੇਤਰਤੀਬੀ ਨੂੰ ਤਰਤੀਬ ਵਿਚ ਲਿਆਉਣਾ ਅਤੇ ਇਸ ਦੀ ਸਾਰਥਕਤਾ ਤੇ ਸੇਧ ਨੂੰ ਸਹੀ ਦਿਸ਼ਾ ਦੇਣ ਲਈ ਬੇਲੋੜੇ ਵਿਸਥਾਰ ਜਾਂ ਵਿਕਾਸ ਨੂੰ ਰੋਕਣਾ ਬਹੁਤ ਜਰੂਰੀ ਹੁੰਦਾ।
ਛਾਂਗੇ ਜਾਣ ਦਾ ਦਰਦ ਤਾਂ ਬਹੁਤ ਹੁੰਦਾ। ਬਹੁਤ ਕੁਝ ਖੁੱਸਦਾ ਜਾਪਦਾ ਅਤੇ ਕੁਝ ਪ੍ਰਤੱਖ ਨਜ਼ਰ ਆਉਣ ਦਾ ਡਰ ਵੀ ਹੁੰਦਾ, ਪਰ ਮਾਲੀ ਇਸ ਸਭ ਕਾਸੇ ਤੋਂ ਨਿਰਲੇਪ ਆਪਣਾ ਕਰਮ ਨਿਭਾਉਂਦਾ, ਕਿਉਂਕਿ ਉਹ ਜਾਣਦਾ ਕਿ ਛਾਂਗਣਾ ਕਿੰਨਾ ਜਰੂਰੀ ਹੁੰਦਾ। ਉਸ ਨੂੰ ਇਹ ਵੀ ਪਤਾ ਹੁੰਦਾ ਕਿ ਕਿਸ ਰੁੱਤੇ ਅਤੇ ਕਿਹੜੇ ਪਾਸਿਆਂ ਤੋਂ ਛਾਂਗਣ ‘ਤੇ, ਨਵੀਆਂ ਕਰੂੰਬਲਾਂ ਫੁੱਟ ਕੇ ਇਸ ਦੀ ਦਿੱਖ ਨੂੰ ਚਾਰ ਚੰਨ ਲਾਉਣਗੀਆਂ; ਪਰ ਛਾਂਗੇ ਜਾਣ ਲਈ ਉਸਤਾਦ ਮਾਲੀ ਦੀ ਲੋੜ। ਅਣਜਾਣ ਵਿਅਕਤੀ ਤਾਂ ਕਈ ਵਾਰ ਸਹੀ ਟਾਹਣੀਆਂ ਨੂੰ ਕੱਟ ਕੇ ਇਸ ਦੇ ਵਾਧੇ ਅਤੇ ਵਿਕਾਸ ਨੂੰ ਨਿਗੁਣਾ ਹੀ ਕਰ ਦਿੰਦਾ।
ਛਾਂਗਣ ਲਈ ਬਜੁਰਗ ਬਹੁਤ ਮਾਹਰ ਹੁੰਦੇ ਸਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਕਿਹੜੀ ਟਾਹਣੀ ਵੱਧ ਤੰਦਰੁਸਤ ਹੈ ਅਤੇ ਜਿਸ ਨੂੰ ਰੱਖਣਾ ਬਹੁਤ ਜਰੂਰੀ ਹੁੰਦਾ। ਰੁੱਖਾਂ ਨੂੰ ਛਾਂਗਣ ਦੀ ਪ੍ਰਕ੍ਰਿਆ ਵਾਂਗ ਬਜੁਰਗਾਂ ਦਾ ਇਹ ਵੀ ਕਹਿਣਾ ਸੀ ਕਿ ਰੰਭਾ, ਜੁਆਕ ਅਤੇ ਵਹਿੜਕਾ ਚੰਡਿਆ ਹੀ ਸਹੀ ਰਹਿੰਦਾ। ਦਰਅਸਲ ਆਪਣੀ ਔਲਾਦ ਨੂੰ ਸਹੀ ਰਸਤੇ ‘ਤੇ ਤੋਰਨਾ ਅਤੇ ਉਸ ਦੇ ਮਨ ਵਿਚ ਕੱਚੀ ਉਮਰੇ ਪਨਪਣ ਵਾਲੀਆਂ ਅਲਾਮਤਾਂ ਨੂੰ ਪਛਾਣ ਕੇ, ਇਸ ਦਾ ਖਾਤਮਾ ਕਰਨਾ, ਉਨ੍ਹਾਂ ਦੀ ਪਹਿਲ ਹੁੰਦੀ ਸੀ। ਉਹ ਤਾਂ ਅੱਥਰੇ ਵਹਿੜਕੇ ਨੂੰ ਵੀ ਹੌਲੀ ਹੌਲੀ ਵਧੀਆ ਹਾਲੀ ਬਣਾ ਲੈਂਦੇ ਸਨ।
ਦਰਅਸਲ ਛਾਂਗਣਾ ਇਕ ਅਜਿਹਾ ਤਰੀਕਾ ਹੈ, ਜੋ ਗੁਣਾਂ ਨੂੰ ਆਪਣੀ ਲਪੇਟ ਵਿਚ ਲੈਣ ਵਾਲੇ ਔਗੁਣਾਂ ਨੂੰ ਖਤਮ ਕਰਦਾ ਹੈ। ਛਾਂਗਣਾ, ਜੁਆਕ ਨੂੰ ਜੀਵਨ ਦੀਆਂ ਬਾਰੀਕੀਆਂ ਸਮਝਾਉਣ ਦਾ ਨਾਮ ਹੈ। ਉਸ ਦੇ ਮਨ ਵਿਚ ਕਦਰਾਂ-ਕੀਮਤਾਂ ਨੂੰ ਸਮਝਣ, ਇਨ੍ਹਾਂ ਨੂੰ ਅਪਨਾਉਣ ਅਤੇ ਇਨ੍ਹਾਂ ‘ਤੇ ਆਧਾਰਤ ਜੀਵਨ ਜਿਉਣ ਦਾ ਨਾਮ ਵੀ ਹੈ।
ਛਾਂਗਣਾ ਇਕ ਨਿਰੰਤਰ ਕਾਰਜ ਹੈ, ਕਿਉਂਕਿ ਮਨ ਬਹੁਤ ਚੰਚਲ ਹੁੰਦਾ। ਇਹ ਕਦੇ ਵੀ ਅਤੇ ਕਿਸੇ ਵੀ ਮੋੜ ‘ਤੇ ਥਿੜਕ ਸਕਦਾ। ਇਸ ਨੂੰ ਖਾਸ ਦਿਸ਼ਾ ਵੰਨੀਂ ਕੇਂਦ੍ਰਿਤ ਕਰਨ, ਇਸ ਦੇ ਨਿਸ਼ਾਨੇ ਤੇ ਮੰਜ਼ਿਲਾਂ ਮਿਥਣ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਵੰਨੀਂ ਉਤੇਜਿਤ ਕਰਨਾ, ਨਿਰੰਤਰ ਸਾਧਨਾ ਹੈ। ਇਹ ਸਾਧਨਾ ਮਾਪਿਆਂ ਦੀ ਸਭ ਤੋਂ ਵੱਡੀ ਬੰਦਗੀ ਅਤੇ ਇਸ ਵਿਚੋਂ ਹੀ ਹੁੰਦਾ ਏ, ਬਿਹਤਰ ਮਨੁੱਖ ਦਾ ਵਿਕਾਸ।
ਮਨੁੱਖ ਨੂੰ ਛਾਂਗ ਅਤੇ ਸੋਧ ਕੇ ਹੀ ਚੰਗੇ ਇਨਸਾਨ ਬਣਨ ਵੰਨੀਂ ਤੋਰਿਆ ਜਾ ਸਕਦਾ। ਮਨੁੱਖ ਦੀ ਛਾਂਗ-ਛੰਗਾਈ ਜੰਮਦਿਆਂ ਹੀ ਸ਼ੁਰੂ ਹੋ ਜਾਂਦੀ। ਮਾਂ ਦੀ ਗੋਦ ਵਿਚ ਪਲਦਾ ਬੱਚਾ, ਮਾਂ ਕੋਲੋਂ ਬਹੁਤ ਕੁਝ ਅਚੇਤ ਅਤੇ ਸੁਚੇਤ ਰੂਪ ਵਿਚ ਹਾਸਲ ਕਰਦਾ। ਨਿੱਕੀਆਂ ਝਿੱੜਕਾਂ, ਮਿੱਠੀਆਂ ਘੂਰੀਆਂ, ਦਬਕਾ, ਗੁੱਸਾ ਕਰਨਾ, ਹੱਲਾਸ਼ੇਰੀਆਂ, ਗਲਤੀਆਂ ਤੋਂ ਹੋੜਨਾ ਅਤੇ ਚੰਗੀਆਂ ਆਦਤਾਂ ਦਾ ਨਿਰਮਾਣ ਕਰਨਾ, ਬਹੁਤ ਠਰੰਮੇ ਤੇ ਧੀਰਜ ਭਰੀ ਤਪੱਸਿਆ ਅਤੇ ਇਸ ਜੋਗ ਨੂੰ ਕਮਾਉਣ ਵਿਚ ਮਾਂ ਦਾ ਨਹੀਂ ਕੋਈ ਸਾਨੀ। ਮਨੁੱਖ ਦੇ ਵਿਅਕਤੀਤਵ ਵਿਚ ਉਸ ਦੀ ਮਾਂ ਦੇ ਬਹੁਤ ਸਾਰੇ ਰੂਪ ਅਤੇ ਗੁਣ, ਸੂਖਮ ਅਤੇ ਸਾਜ਼ਗਾਰ ਰੂਪ ਵਿਚ ਪ੍ਰਤੱਖ ਦੇਖੇ ਜਾ ਸਕਦੇ। ਬੱਚੇ ਜਿਥੇ ਮਾਂ ਦੀਆਂ ਆਦਤਾਂ, ਖਾਣ-ਪੀਣ ਦੀ ਪਸੰਦ, ਚਾਲ-ਢਾਲ ਗ੍ਰਹਿਣ ਕਰਦੇ, ਉਥੇ ਉਨ੍ਹਾਂ ਦੀ ਸਮੁੱਚੀ ਦਿੱਖ ਵਿਚ ਮਾਂ ਦਾ ਪ੍ਰਤੀਬਿੰਬ ਹਰ ਵੇਲੇ ਹਾਜ਼ਰ-ਨਾਜ਼ਰ।
ਬੱਚੇ ਦੇ ਵਿਅਕਤੀਤਵ ਨੂੰ ਸਿਰਜਣ ਵਿਚ ਇਕੱਲੀ ਮਾਂ ਹੀ ਨਹੀਂ, ਉਸ ਦੇ ਵੱਡੇ ਭੈਣ-ਭਰਾ, ਸਾਥੀ, ਵਡੇਰੇ ਜਾਂ ਮਾਪਿਆਂ ਸਮੇਤ ਹੋਰ ਨੇੜਲੇ ਵਿਅਕਤੀ ਵੀ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਯੋਗਦਾਨ ਜਰੂਰ ਪਾਉਂਦੇ। ਇਹ ਵੱਖਰੀ ਗੱਲ ਕਿ ਉਹ ਚੰਗੇਰੇ ਰੂਪ ਵਿਚ ਜਾਂ ਮਾੜੇ ਰੂਪ ਵਿਚ ਯੋਗਦਾਨ ਪਾਉਂਦੇ। ਸੋ ਬਚਪਨੀ ਛੰਗਾਈ ਸਭ ਤੋਂ ਅਹਿਮ ਹੁੰਦੀ, ਕਿਉਂਕਿ ਦਸ ਸਾਲ ਤੀਕ ਬਣੀਆਂ ਆਦਤਾਂ ਦਾ ਪਿਛੋਂ ਬਦਲਨਾ ਬਹੁਤ ਮੁਸ਼ਕਿਲ ਹੁੰਦਾ।
ਗਮਲੇ ਵਿਚ ਲਾਏ ਬੂਟੇ ਵਾਂਗ ਬੱਚੇ ਦੀ ਛਾਂਗ-ਛੰਗਾਈ ਦਾ ਦੂਜਾ ਦੌਰ, ਸਕੂਲੀ ਜਾਂ ਉਚੇਰੀ ਪੜ੍ਹਾਈ ਦੌਰਾਨ, ਅਧਿਆਪਕਾਂ ਦੀ ਰਹਿਨੁਮਾਈ, ਉਨ੍ਹਾਂ ਦੀਆਂ ਸਿਖਿਆਵਾਂ ਨੂੰ ਅਪਨਾ, ਉਨ੍ਹਾਂ ਨੂੰ ਰੋਲ ਮਾਡਲ ਸਮਝ ਕੇ, ਉਨ੍ਹਾਂ ਜਿਹਾ ਬਣਨ ਦੀ ਲੋਚਾ ਪੈਦਾ ਹੋਣੀ ਹੁੰਦਾ। ਅਜਿਹੇ ਵੇਲੇ ਬੱਚਾ ਸੁਪਨੇ ਲੈਣ ਅਤੇ ਇਨ੍ਹਾਂ ਦੀ ਪੂਰਤੀ ਲਈ ਅਧਿਆਪਕਾਂ ਦੀਆਂ ਤਰਕੀਬਾਂ ਤੇ ਤਮੰਨਾਵਾਂ ਨੂੰ, ਆਪਣੀਆਂ ਤਰਜ਼ੀਹਾਂ ਨੂੰ ਆਪਣਾ ਜੀਵਨੀ ਮੂਲ-ਮੰਤਰ ਬਣਾਉਂਦਾ। ਇਸ ਦੌਰਾਨ ਬੇਲੋੜੀਆਂ ਲਾਲਸਾਵਾਂ, ਖਿਆਲਾਂ, ਸੋਚਾਂ ਅਤੇ ਤ੍ਰਿਸ਼ਨਾਵਾਂ ਨੂੰ ਨਿੱਤ ਦਿਨ ਛਾਂਗਦੇ ਰਹਿਣਾ ਅਤੇ ਇਹਨੂੰ ਪੁੰਗਰਨ ਨਾ ਦੇਣਾ ਵੀ, ਛਾਂਗਣ ਦਾ ਹੀ ਰੂਪ ਹੁੰਦਾ, ਕਿਉਂਕਿ ਮਨ ਨੂੰ ਭਟਕਾਉਣ ਵਾਲੀਆਂ ਤਰਜ਼ੀਹਾਂ ਜਾਂ ਆਦਤਾਂ ਤੁਹਾਡੀ ਸੁਪਨ-ਸਦਾਕਤ ਨੂੰ ਧੁੰਦਲਾ ਕਰ, ਮੰਜ਼ਿਲ ਤੋਂ ਭਟਕਾ, ਤੁਹਾਡੇ ਰਾਹਾਂ ਨੂੰ ਹੋਰ ਬਿਖੜਾ ਅਤੇ ਕਠਿਨਾਈਆਂ ਭਰਿਆ ਬਣਾ ਸਕਦੇ ਨੇ।
ਦਰਅਸਲ ਇਸ ਰੁੱਤੇ ਮਨੁੱਖ ਦਾ ਵਿਅਕਤੀਤਵ ਬਿੰਬ ਆਪਣਾ ਰੂਪ ਵਟਾਉਣ ਲੱਗਦਾ। ਉਸ ਦੀ ਦਿੱਖ ਵਿਚ ਖਿੱਚ, ਸਮਰੱਥਾ ‘ਤੇ ਨਾਜ਼ ਅਤੇ ਜੋਸ਼ ‘ਚ ਜਜ਼ਬਾਤ ਹਾਵੀ ਹੁੰਦੇ। ਉਹ ਕੁਝ ਅਜਿਹਾ ਕਰਨ ਬਾਰੇ ਜਰੂਰ ਸੋਚਦਾ, ਜੋ ਉਸ ਦੀ ਪਛਾਣ ਬਣਨ ਵਿਚ ਸਹਾਈ ਹੋਵੇ। ਅਜਿਹੇ ਮੌਕੇ ਮਾੜੀ ਪਛਾਣ ਬਣਾਉਣ ਵਾਲੀ ਸੋਚ ਨੂੰ ਖਤਮ ਕਰਨਾ, ਚੰਗੇਰੀ ਪਛਾਣ ਨੂੰ ਉਤਸ਼ਾਹਤ ਕਰਨਾ ਅਤੇ ਪੈਰਾਂ ਦੇ ਨਾਮ ਸੂਰਜੀ ਸਿਰਨਾਵਾਂ ਕਰਨਾ ਮੰਜ਼ਿਲਾਂ ਨੂੰ ਨਰੋਈ ਦਿੱਖ ਪ੍ਰਦਾਨ ਕਰ ਸਕਦਾ। ਜਵਾਨੀ ਦੇ ਇਸ ਮੋੜ ‘ਤੇ ਕੀਤੀ ਛੰਗਾਈ ਸਾਰੀ ਉਮਰ ਹੀ ਯਾਦ ਰਹਿੰਦੀ, ਕਿਉਂਕਿ ਇਸ ‘ਤੇ ਨਿਰਭਰ ਕਰਦਾ ਕਿ ਉਸ ਨੇ ਜੀਵਨ ਵਿਚ ਕਿਹੜੀਆਂ ਬੁਲੰਦੀਆਂ ਨੂੰ ਛੂਹਣਾ ਜਾਂ ਕਿਹੜੀ ਦਲਦਲ ਵਿਚ ਖੁੱਭ ਕੇ ਗਰਕਣੀ ਦਾ ਰੂਪ ਵਟਾਉਣਾ ਹੈ? ਚੰਗੇ ਅਧਿਆਪਕ, ਚੰਗਾ ਸਾਥੀ ਅਤੇ ਚੰਗੀ ਵਿਚਾਰਧਾਰਾ ਵਿਚੋਂ ਹੀ ਅਜਿਹਾ ਸ਼ਖਸੀ ਨਿਰਮਾਣ ਹੁੰਦਾ, ਜੋ ਆਪਣੇ ਪਰਿਵਾਰ, ਸਮਾਜ ਅਤੇ ਕੌਮ ਲਈ ਮਾਣਮੱਤਾ ਨਾਮ ਹੋਵੇ। ਵਧੀਆ ਤਰੀਕੇ ਨਾਲ ਛਾਂਗ-ਛੰਗਾਈ ਅਤੇ ਸੇਧਤ ਰੂਪ ਵਿਚ ਵਾਧੇ ਨੂੰ ਪ੍ਰਫੁਲਤ ਕਰਨ ਵਾਲੇ ਹੀ ਨਵੀਆਂ ਪ੍ਰਾਪਤੀਆਂ ਦਾ ਸਿਰਲੇਖ ਹੁੰਦੇ। ਅਜਿਹੇ ਸ਼ਿਲਾਲੇਖ ਵਕਤ ਦੀ ਤਹਿਜੀਬ ਬਣਦੇ।
ਕਈ ਵਾਰ ਬੋਲੋੜਾ ਛਾਂਗੇ ਜਾਣਾ ਜਾਂ ਕੱਟ-ਕਟਾਈ ਹੀਣ ਭਾਵਨਾ ਅਤੇ ਪ੍ਰਫੁਲਤਾ ਵਿਚ ਵਿਘਨ ਵੀ ਬਣਦੀ, ਜੋ ਮਾਨਸਿਕ, ਸਰੀਰਕ ਤੇ ਸਮਾਜਕ ਪੱਧਰ ‘ਤੇ ਹੋ ਰਹੀ ਪ੍ਰਗਤੀ ਨੂੰ ਰੋਕਦੀ ਅਤੇ ਮਨ ਵਿਚ ਢਾਹੂ ਵਿਚਾਰਾਂ ਨੂੰ ਪੈਦਾ ਕਰਦੀ। ਲੋੜ ਹੈ, ਛਾਂਗਣ ਵਾਲਾ ਸੁਚੇਤ ਹੋਵੇ ਤਾਂ ਕਿ ਕਿਸੇ ਨੂੰ ਮਾਨਸਿਕ ਤੌਰ ‘ਤੇ ਕੋਈ ਚੋਟ ਨਾ ਲੱਗੇ, ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਜੋ ਉਸ ਦੇ ਵਿਕਾਸ ਲਈ ਵਿਨਾਸ਼ ਬਣ ਜਾਵੇ।
ਮਨੁੱਖੀ ਸ਼ਖਸੀਅਤ ਨੂੰ ਤਰਾਸ਼ਣ ਵਿਚ ਉਸ ਦੇ ਜੀਵਨ-ਸਾਥੀ ਤੇ ਜਿਗਰੀ ਯਾਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ। ਇਹ ਦੋ ਸਬੰਧ ਅਜਿਹੇ ਹੁੰਦੇ, ਜੋ ਸਭ ਤੋਂ ਕਰੀਬ, ਸਾਹਾਂ ਤੋਂ ਵੱਧ ਹਬੀਬ ਅਤੇ ਅਦਬ-ਅਦੀਬ ਹੁੰਦੇ। ਉਹ ਤੁਹਾਡੀ ਚੰਗਿਆਈ, ਬੰਦਿਆਈ ਅਤੇ ਭਲਿਆਈ ਨੂੰ ਵਕਤ ਦਾ ਸ਼ਰਫ ਬਣਾਉਣ ਦੇ ਚਾਹਵਾਨ। ਉਹ ਤੁਹਾਨੂੰ ਟੋਕ ਸਕਦੇ, ਰੋਕ ਸਕਦੇ, ਵਰਜ ਸਕਦੇ, ਹਟਕ ਸਕਦੇ ਅਤੇ ਸਹੀ ਸਲਾਹ ਦੇ ਕੇ ਤੁਹਾਡੀਆਂ ਕੁਤਾਹੀਆਂ ਨੂੰ ਦੱਸਣ ਵਿਚ ਕਦੇ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਵਿਚ ਤੁਹਾਡੇ ਸਾਹਮਣੇ ਸੱਚ ਨੂੰ ਸੱਚ ਕਹਿਣ ਦੀ ਜੁ.ਰਅਤ, ਕਿਉਂਕਿ ਉਹ ਤੁਹਾਡੇ ਸੱਚੇ ਹਮਦਰਦ, ਹਿਤੈਸ਼ੀ ਅਤੇ ਹਮਦਮ ਹੁੰਦੇ। ਉਨ੍ਹਾਂ ਦਾ ਕੋਈ ਨਿਜੀ ਮੁਫਾਦ ਨਹੀਂ ਹੁੰਦਾ। ਉਹ ਤੁਹਾਡੇ ਨਾਲ ਦਿਲੋਂ ਮੁਹੱਬਤ ਕਰਦੇ। ਤੁਹਾਡੀਆਂ ਬਲਾਵਾਂ ਆਪਣੇ ਸਿਰ ਲੈਂਦੇ, ਥਿੜਕਣ ਤੋਂ ਬਚਾਉਂਦੇ ਅਤੇ ਤੁਹਾਡੇ ਰਾਹਾਂ ਵਿਚ ਚਾਨਣ ਵਿਛਾਉਂਦੇ। ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ, ਜਿਨ੍ਹਾਂ ਦੇ ਦੋ ਕੁ ਜਿਗਰੀ ਯਾਰ ਹੋਣ, ਜਿਨ੍ਹਾਂ ਨਾਲ ਦਿਲ ਦੀਆਂ ਗੱਲਾਂ ਕਰਦਿਆਂ, ਦਿਲ-ਦਰਵਾਜੇ ਖੁੱਲ੍ਹੇ ਰਹਿਣ ਤਾਂ ਕਿ ਤੁਸੀਂ ਆਪਣੀਆਂ ਕਮੀਨਗੀਆਂ ਨੂੰ ਤਿਆਗ, ਆਪਣੀ ਉਚਤਮਤਾ ਨੂੰ ਬਰਕਰਾਰ ਰੱਖ ਸਕੋ।
ਕਈ ਵਾਰ ਮਨੁੱਖ ਛਾਂਗੇ ਜਾਣ ‘ਤੇ ਕਸੀਸ ਵੱਟਦਾ ਅਤੇ ਮਾਲੀ ਦੇ ਹੱਥਾਂ ਵਿਚੋਂ ਖਿਸਕਣ ਲਈ ਤਤਪਰ ਹੁੰਦਾ। ਇਸ ਤਤਪਰਤਾ ਵਿਚੋਂ ਹੀ ਬਜੁਰਗਾਂ ਦੀ ਅਵੱਗਿਆ, ਅਧਿਆਪਕਾਂ ਦਾ ਨਿਰਾਦਰ ਜਾਂ ਮਾਪਿਆਂ ਦੀਆਂ ਸਲਾਹਾਂ ਦੀ ਅਣਦੇਖੀ ਜਨਮ ਲੈਂਦੀ। ਸਿਆਣਿਆਂ ਤੋਂ ਨਾਬਰ ਹੋ, ਉਨ੍ਹਾਂ ਦੀਆਂ ਮੱਤਾਂ ਨੂੰ ਨਕਾਰ ਅਤੇ ਕੁਦਰਤੀ ਕ੍ਰਿਆਵਾਂ ਵਿਚ ਖਲਲ ਪਾ ਕੇ ਮਨੁੱਖ ਨੇ ਕੀ ਖੱਟਿਆ ਹੈ, ਇਹ ਸੋਚਣ ਦੀ ਲੋੜ ਹੈ। ਪੰਜਾਬ ਜਾਂ ਵਿਕਸਿਤ ਦੇਸ਼ਾਂ ਵਿਚ ਬਿਮਾਰੀਆਂ ਦੀ ਬਹੁਲਾਤ, ਮਨੁੱਖੀ ਨਾ-ਮਰਦੀ, ਹਸਪਤਾਲਾਂ ਦੀ ਬਹੁਲਾਤ ਅਤੇ ਹਰ ਖਾਧ ਪਦਾਰਥ ਵਿਚ ਮਿਲਾਵਟ ਤੇ ਗੈਰ-ਕੁਦਰਤੀ ਉਤਪਾਦਨ ਨੇ ਮਨੁੱਖ ਨੂੰ ਆਪਣੇ ਅਸਲੇ ਤੋਂ ਬਹੁਤ ਦੂਰ ਲੈ ਆਂਦਾ ਹੈ। ਇਹ ਮਨੁੱਖੀ ਮਨ ਦਾ ਛਾਂਗਿਆ ਨਾ ਜਾਣਾ ਅਤੇ ਸਥਾਪਤ ਕੁਦਰਤੀ ਕ੍ਰਿਆਵਾਂ ਨੂੰ ਅਣਗੌਲੇ ਕਾਰਨ ਹੀ ਵਾਪਰ ਰਿਹਾ ਏ।
ਮਨੁੱਖ ਅਤੇ ਰੁੱਖ ਦੀ ਛਾਂਗ-ਛੰਗਾਈ ਵਿਚੋਂ ਸਾਰਥਕਤਾ, ਸੰਭਾਵਨਾਵਾਂ ਤੇ ਸਚਿਆਰੇਪਣ ਨੂੰ ਪਛਾਣ ਕੇ ਅਤੇ ਨਿਸ਼ਚਿਤ ਹੱਦਾਂ ਵਿਚ ਆਪਣੀਆਂ ਲੋੜਾਂ, ਤਮੰਨਾਵਾਂ ਤੇ ਸੁੱਖ-ਸਹੂਲਤਾਂ ਨੂੰ ਨਿਰਧਾਰਤ ਕਰਕੇ ਸੁਖਨ-ਭਰੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਹ ਜੀਵਨ-ਮਾਰਗ, ਸਾਡੇ ਧਾਰਮਿਕ-ਰਹਿਨੁਮਾਵਾਂ ਨੇ ਸਾਨੂੰ ਵਿਰਾਸਤ ਵਿਚ ਦਿਤਾ ਸੀ ਅਤੇ ਅਸੀਂ ਇਸ ਤੋਂ ਹੀ ਦੂਰ ਜਾ ਰਹੇ ਹਾਂ।
ਜਰਾ ਸੋਚਣਾ! ਮਾਂ-ਬਾਪ ਦੀਆਂ ਝਿੜਕਾਂ, ਅਧਿਆਪਕਾਂ ਦੀ ਕੁੱਟ ਅਤੇ ਬਜੁਰਗਾਂ ਦੀ ਅੱਖ ਦੀ ਸ਼ਰਮ ਮੰਨਣ ਵਾਲਿਆਂ ਨੇ ਕਿੰਨੇ ਉਚੇ ਮਰਤਬੇ ਪ੍ਰਾਪਤ ਕੀਤੇ ਨੇ? ਅਜੋਕੀ ਬਨਾਵਟੀ ਸ਼ਖਸੀ ਆਜ਼ਾਦੀ ਦੇ ਨਾਂ ‘ਤੇ ਮਨੁੱਖ ਕਿੰਨਾ ਰਸਾਤਲ ‘ਚ ਗਰਕ ਚੁਕਾ ਹੈ? ਜ਼ਰਜ਼ਰੀ ਕਦਰਾਂ-ਕੀਮਤਾਂ, ਤਿੜਕੇ ਰਿਸ਼ਤਿਆਂ ਅਤੇ ਸਰਾਪੀਆਂ ਸਾਂਝਾਂ ਦੀ ਹੂਕ ਜਰੂਰ ਸੁਣਨਾ। ਫਿਰ ਆਪਣੇ ਆਪ ਨੂੰ ਇਕ ਨਿਸ਼ਚਿਤ ਦਾਇਰੇ ਵਿਚ ਪ੍ਰਵਾਨ ਚੜ੍ਹਨ ਅਤੇ ਨਵੀਆਂ ਪ੍ਰਾਪਤੀਆਂ ਵੱਲ ਤੋਰਨਾ, ਤੁਹਾਡੇ ਰਾਹਾਂ ਨੂੰ ਛਾਂਗੇ ਜਾਣ ਦਾ ਅਫਸੋਸ ਨਹੀਂ ਹੋਵੇਗਾ। ਤੁਸੀਂ ਛਾਂਗੇ ਜਾਣ ਨੂੰ ਆਪਣਾ ਧੰਨਭਾਗ ਸਮਝੋਗੇ।
ਅਮੋੜ ਦਰਿਆਵਾਂ, ਔਝੜੇ ਰਾਹਾਂ, ਪਰਹੀਣ ਭਾਵਾਂ, ਤਰਕਹੀਣ ਸਲਾਹਾਂ ਅਤੇ ਤੱਥਹੀਣ ਸੁਝਾਵਾਂ ਨੂੰ ਸਹੀ, ਸੁੱਚੀ ਤੇ ਸੱਚੀ ਸੇਧ ਦੇਣ ਲਈ ਕੁਝ ਅਸੂਲ ਤਾਂ ਘੜਨੇ ਹੀ ਪੈਣੇ ਨੇ। ਅਸੀਂ ਇਸ ਦੀ ਸ਼ੁਰੂਆਤ ਖੁਦ ਤੋਂ ਕਿਉਂ ਨਹੀਂ ਕਰਦੇ?