ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਬਾਰੇ ਪਿਛਲੇ ਅੰਕਾਂ ਵਿਚ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ ਬਰੈਂਪਟਨ, ਗੁਰਬਚਨ ਸਿੰਘ, ਡਾ. ਬਲਕਾਰ ਸਿੰਘ, ਅਮ ਰਜੀਤ ਸਿੰਘ ਮੁਲਤਾਨੀ, ਕਮਲਜੀਤ ਸਿੰਘ ਬਾਸੀ, ਹਾਕਮ ਸਿੰਘ ਅਤੇ ਕੈਨੇਡਾ ਤੋਂ ਛਪਦੇ ਪਰਚੇ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਮਾਰ ਦੇ ਵਿਚਾਰ ਪਾਠਕਾਂ ਦੇ ਰੂ-ਬ-ਰੂ ਕਰ ਚੁਕੇ ਹਾਂ।
ਐਤਕੀਂ ਨੰਦ ਸਿੰਘ ਬਰਾੜ ਦੇ ਵਿਚਾਰ ਛਾਪ ਰਹੇ ਹਾਂ, ਜਿਸ ਵਿਚ ਉਨ੍ਹਾਂ ਧਰਮਤੰਤਰ ਨਾਲੋਂ ਲੋਕਤੰਤਰ ਦੀ ਹਮਾਇਤ ਕੀਤੀ ਹੈ। -ਸੰਪਾਦਕ
ਨੰਦ ਸਿੰਘ ਬਰਾੜ
ਫੋਨ: 916-501-3974
ਪੰਜਾਬ ਟਾਈਮਜ਼ ਦੇ 18 ਮਈ ਦੇ ਅੰਕ ਵਿਚ ਸ਼ ਕਰਮਜੀਤ ਸਿੰਘ ਚੰਡੀਗੜ੍ਹ ਨੇ ਖਾਲਿਸਤਾਨ ਦੇ ਐਲਾਨਨਾਮੇ ਦੀ 34ਵੀਂ ਵਰ੍ਹੇ ਗੰਢ ਨੂੰ ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ ਨਾਲ ਤੁਲਨਾਉਂਦਿਆਂ ਇਕ ਭਾਵਪੂਰਤ ਲੇਖ ਲਿਖਿਆ। ਮੈਂ ਇਕ ਆਮ ਸਮਝ ਵਾਲਾ ਪਾਠਕ ਹਾਂ ਅਤੇ ਉਹ ਨਾਮੀ ਪੰਜਾਬੀ ਅਖਬਾਰ ਦੇ ਸੀਨੀਅਰ ਸਬ-ਐਡੀਟਰ ਰਹੇ ਹਨ ਤੇ ਉਚਕੋਟੀ ਦੇ ਵਿਦਵਾਨ ਲਿਖਾਰੀ ਹਨ। ਸ਼ਾਇਦ ਇਸੇ ਕਰਕੇ ਉਨ੍ਹਾਂ ਦਾ ਇਹ ਲੇਖ ਇਕ ਤੋਂ ਵੱਧ ਵਾਰ ਪੜ੍ਹ ਕੇ ਵੀ ਮੈਂ ਸਮਝ ਨਹੀਂ ਸਕਿਆ ਕਿ ਉਨ੍ਹਾਂ ਨੇ ਖਾਲਿਸਤਾਨ ਦੇ ਐਲਾਨਨਾਮੇ ਨੂੰ ‘ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਕਿਵੇਂ ਸਾਬਤ ਕੀਤਾ ਹੈ। ਖੈਰ! ਮੈਂ ਇਸ ਲੇਖ ‘ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਦੇ ਯੋਗ ਤਾਂ ਨਹੀਂ, ਪਰ ਮੈਨੂੰ ਕਿਸ ਤਰ੍ਹਾਂ ਦਾ ਰਾਜ ਪ੍ਰਬੰਧ ਠੀਕ ਲੱਗਦਾ ਹੈ, ਉਸ ਬਾਰੇ ਆਪਣੀ ਸਮਝ ਅਨੁਸਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾਂ।
ਬਹੁਤ ਹੀ ਪੁਰਾਣੇ ਸਮਿਆਂ ਵਿਚ ਸਾਰੀ ਵੱਸੋਂ ਇੱਕੋ ਧਰਮ ਦੀ ਹੁੰਦੀ ਸੀ ਤੇ ਰਾਜ ਪ੍ਰਬੰਧ ਰਾਜਾਸ਼ਾਹੀ ਹੁੰਦੇ ਸਨ। ਰਾਜ ਪ੍ਰਬੰਧ ਦੇ ਕਾਰ ਵਿਹਾਰ ਅਤੇ ਫੈਸਲਿਆਂ ਵਿਚ ਮੁੱਖ ਭੂਮਿਕਾ ਉਸ ਧਰਮ ਦੇ ਪੁਜਾਰੀਆਂ ਦੀ ਹੁੰਦੀ ਸੀ। ਪੁਜਾਰੀਆਂ ਦੇ ਨਾਂ ਪਾਦਰੀ, ਮੁੱਲਾਂ, ਪ੍ਰੋਹਿਤ ਆਦਿ ਧਰਮ ਅਨੁਸਾਰ ਵੱਖ ਵੱਖ ਹੁੰਦੇ ਸਨ। ਅੱਜ ਕੱਲ ਕਰੀਬ ਸਾਰੇ ਦੇਸ਼ਾਂ ਵਿਚ ਇੱਕ ਤੋਂ ਵੱਧ ਧਰਮਾਂ ਦੇ ਲੋਕ ਰਹਿੰਦੇ ਹਨ। ਸੰਵਿਧਾਨਕ ਤੌਰ ‘ਤੇ ਉਥੇ ਹਰ ਨਾਗਰਿਕ ਨੂੰ ਬਿਨਾ ਕਿਸੇ ਧਰਮ ਜਾਂ ਜਾਤ ਦੇ ਵਖਰੇਵੇਂ ਤੋਂ ਹਰ ਖੇਤਰ ਵਿਚ ਬਰਾਬਰ ਦੇ ਹੱਕ ਹਨ; ਕੁਝ ਬਹੁਤ ਹੀ ਥੋੜ੍ਹੇ ਦੇਸ਼ਾਂ ਵਿਚ ਅਜੇ ਵੀ ਰਾਜਾਸ਼ਾਹੀ ਜਾਂ ਲੋਕਾਂ ਵਲੋਂ ਚੁਣੀਆਂ ਹੋਈਆਂ ਸਰਕਾਰਾਂ ਹਨ, ਪਰ ਕਾਨੂੰਨ ਉਥੇ ਧਾਰਮਿਕ ਮੁਖੀਆਂ ਅਨੁਸਾਰ ਹੀ ਬਣਦਾ ਅਤੇ ਕੰਮ ਕਰਦਾ ਹੈ। ਇਨ੍ਹਾਂ ਦੇ ਰਾਜ ਪ੍ਰਬੰਧਾਂ ਨੂੰ ਵੀ ਧਰਮਤੰਤਰਕ ਰਾਜ ਪ੍ਰਬੰਧ ਹੀ ਕਹਿ ਸਕਦੇ ਹਾਂ। ਹਮੇਸ਼ਾ ਤੋਂ ਧਰਮਤੰਤਰ ਅਨੁਸਾਰ ਚੱਲ ਰਹੇ ਦੇਸ਼ਾਂ ਵਿਚ ਵਿਗਿਆਨਕ ਅਤੇ ਤਰਕਸ਼ੀਲ ਸੋਚ ਵਾਲੇ ਵਿਅਕਤੀ ਜ਼ਬਰ ਦਾ ਸ਼ਿਕਾਰ ਹੁੰਦੇ ਰਹੇ ਹਨ। ਇਸੇ ਕਰਕੇ ਹੀ ਅਜਿਹੇ ਰਾਜਤੰਤਰ ਵਿਗਿਆਨਕ ਖੋਜਾਂ ਅਤੇ ਮਨੁੱਖਤਾ ਦੇ ਵਿਕਾਸ ਦੇ ਰਸਤੇ ਵਿਚ ਸਭ ਤੋਂ ਵੱਡਾ ਅੜਿੱਕਾ ਰਹੇ ਹਨ।
ਇਤਿਹਾਸ ਵਿਚੋਂ ਅਜਿਹੇ ਰਾਜਾਂ ਦੁਆਰਾ ਕੁਝ ਕੁ ਮਹਾਪੁਰਖਾਂ ਅਤੇ ਵਿਗਿਆਨਕਾਂ ਨਾਲ ਹੋਏ ਜ਼ੁਲਮੋ ਸਿਤਮ ਬਾਰੇ ਜਾਣ ਕੇ ਇਸ ਤੱਥ ਸਬੰਧੀ ਕੋਈ ਭੁਲੇਖਾ ਨਹੀਂ ਰਹਿ ਜਾਂਦਾ| ਸੁਕਰਾਤ ਬਾਰੇ ਆਪਾਂ ਸਭ ਨੇ ਸੁਣਿਆ ਹੋਇਆ ਹੈ। ਉਹ ਤਰਕ ਅਤੇ ਦਲੀਲ ਨਾਲ ਲੋਕਾਂ ਨੂੰ ਸੱਚਾਈ ਬਾਰੇ ਸਮਝਾਉਂਦਾ ਸੀ, ਜੋ ਉਸ ਵੇਲੇ ਦੇ ਪੁਜਾਰੀਆਂ ਤੇ ਹਾਕਮਾਂ ਨੂੰ ਹਜਮ ਨਹੀਂ ਸੀ ਹੁੰਦੀ। ਉਸ ਨੂੰ ਪਹਿਲਾਂ ਲੰਮਾ ਸਮਾਂ ਕੈਦ ਵਿਚ ਸਾੜਿਆ ਤੇ ਅੰਤ ਜ਼ਹਿਰ ਦੇ ਪਿਆਲੇ ਨਾਲ ਖਤਮ ਕਰ ਦਿੱਤਾ। ਦੋਸ਼ ਇਹ ਲਾਇਆ ਗਿਆ ਸੀ ਕਿ ਇਹ ਲੋਕਾਂ ਨੂੰ ਧਰਮ ਤੋਂ ਦੂਰ ਕਰਕੇ ਨੌਜਵਾਨਾਂ ਨੂੰ ਖਰਾਬ ਕਰ ਰਿਹਾ ਹੈ। ਮਨਸੂਰ ਬਾਰੇ ਵੀ ਸਾਥੋਂ ਕੁੱਝ ਭੁੱਲਿਆ ਨਹੀਂ ਹੈ। ਉਹ ਲੋਕਾਂ ਨੂੰ ਸਮਝਾਉਂਦਾ ਸੀ ਕਿ ਰੱਬ ਕੋਈ ਬਾਹਰ ਨਹੀਂ, ਸਗੋਂ ਤੁਹਾਡੇ-ਸਾਡੇ ਸਭ ਦੇ ਅੰਦਰ ਹੈ। ਉਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਗਿਆ ਤੇ ਦੋਸ਼ ਓਹੀ ਘੜਿਆ ਘੜਾਇਆ ਕਿ ਇਹ ਲੋਕਾਂ ਨੂੰ ਅਧਰਮੀ ਬਣਾ ਰਿਹਾ ਸੀ। ਈਸਾ ਮਸੀਹ ਨੂੰ ਸੂਲੀ ‘ਤੇ ਟੰਗ ਦਿੱਤਾ ਗਿਆ, ਕਿਉਂਕਿ ਉਹ ਹਾਕਮਾਂ ਤੇ ਪੁਜਾਰੀਆਂ ਦੀ ਸੱਚਾਈ ਸਾਹਮਣੇ ਲਿਆਉਂਦਾ ਸੀ।
ਅਸੀਂ ਕਿੰਨੇ ਹੀ ਵਿਗਿਆਨੀਆਂ ਦੇ ਨਾਂ ਜਾਣਦੇ ਹਾਂ, ਜਿਨ੍ਹਾਂ ਨੂੰ ਜਾਂ ਤਾਂ ਖਤਮ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਦੀਆਂ ਖੋਜਾਂ ਤੇ ਲੱਭਤਾਂ ਨੂੰ ਮਿੱਟੀ ਘੱਟੇ ਰੋਲ ਦਿੱਤਾ ਗਿਆ। ਵਿਗਿਆਨੀ ਬਰੂਨੋ ਨੂੰ ਜਿਉਂਦੇ ਨੂੰ ਅੱਗ ਵਿਚ ਸਾੜ ਦਿੱਤਾ ਗਿਆ। ਕਾਪਰਨਿਕਸ, ਗੈਲੀਲੀਓ ਆਦਿ ਨਾਲ ਕੀ ਹੋਇਆ, ਸਭ ਜਾਣਦੇ ਹਨ। ਜੀਵ ਵਿਕਾਸ ਦੇ ਪਿਤਾਮਾ ਡਾਰਵਿਨ ਨੇ ਡਰ ਦੇ ਕਾਰਨ ਆਪਣੀਆਂ ਲਿਖਤਾਂ ਨੂੰ ਘੱਟੋ ਘੱਟ ਦਸ ਸਾਲ ਤੱਕ ਲਕੋ ਕੇ ਰਖਿਆ| ਸਾਡੇ ਆਪਣੇ ਭਾਰਤ ਮਹਾਨ ਵਿਚ ਆਰੀਆ ਭੱਟ ਜਿਹੇ ਅਨੇਕਾਂ ਵਿਗਿਆਨੀਆਂ ਨੂੰ ਉਤਸ਼ਾਹਤ ਕਰਨ ਦੀ ਥਾਂ ਉਨ੍ਹਾਂ ਦੀਆਂ ਲੱਭਤਾਂ ਨੂੰ ਮਿੱਟੀ ਘੱਟੇ ਰੋਲੀ ਰਖਿਆ, ਜਿਸ ਕਰਕੇ ਅੱਜ ਅਸੀਂ ਵਿਗਿਆਨ ਵਿਚ ਮੋਹਰੀ ਹੋਣ ਦੀ ਥਾਂ ਦੂਜਿਆਂ ਤੋਂ ਪੱਛੜੇ ਹੋਏ ਹਾਂ। ਇਤਿਹਾਸ ਵਿਚੋਂ ਅਜਿਹੀਆਂ ਅਣਗਿਣਤ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਸਮੁੱਚੀ ਮਨੁੱਖਤਾ ਦੇ ਵਿਕਾਸ ਵਿਚ ਸਭ ਤੋਂ ਵੱਡਾ ਰੋੜਾ ਧਰਮਤੰਤਰ ਰਾਜ ਹੀ ਰਹੇ ਹਨ।
ਸਾਡੇ ਆਪਣੇ ਭਾਰਤ ਮਹਾਨ, ਜਿਸ ਨੂੰ ਸੰਤਾਂ ਤੇ ਮਹਾਪੁਰਸ਼ਾਂ ਦਾ ਦੇਸ਼ ਹੋਣ ਦਾ ਮਾਣ ਹਾਸਲ ਹੈ, ਵਿਚ ਅਨੇਕਾਂ ਮਹਾਪੁਰਸ਼ਾਂ ਨਾਲ ਕੀ-ਕੀ ਹੋਇਆ ਹੈ, ਆਪਾਂ ਜਾਣਦੇ ਹਾਂ। ਭਗਤ ਨਾਮਦੇਵ, ਸੰਤ ਗਣੇਸ਼ਵਰ, ਭਗਤ ਕਬੀਰ, ਭਗਤ ਰਵਿਦਾਸ ਜੀ ‘ਤੇ ਉਸ ਸਮੇਂ ਦੇ ਹਾਕਮਾਂ ਨੇ ਆਪਣੇ ਪੁਜਾਰੀਆਂ ਦੀ ਹਮਾਇਤ ਵਾਸਤੇ ਅਨੇਕਾਂ ਜ਼ੁਲਮ ਢਾਹੇ। ਸਾਡੇ ਗੁਰੂ ਸਾਹਿਬਾਨ ‘ਤੇ ਜੋ-ਜੋ ਜ਼ੁਲਮ ਢਾਹੇ ਗਏ, ਸਾਨੂੰ ਸਭ ਨੂੰ ਕਦੇ ਭੁੱਲ ਨਹੀਂ ਸਕਦੇ। ਇਹ ਸਭ ਕੁਝ ‘ਪਵਿੱਤਰ ਧਰਮਾਂ’ ਦੇ ਧਰਮਤੰਤਰ ਰਾਜਾਂ ਦੌਰਾਨ ਹੀ ਹੋਇਆ ਹੈ।
ਇਹ ਇੱਕ ਸੱਚਾਈ ਹੈ ਕਿ ਧਰਮ ਦਾ ਨਾਂ ਸੁਣ ਕੇ ਸਾਨੂੰ ਸਕੂਨ ਅਤੇ ਸ਼ਾਂਤੀ ਮਿਲਦੀ ਹੈ। ਇੱਕ ਸੱਚਾ ਧਰਮ ਸਾਡੇ ਅੰਦਰ ਅਜਿਹੇ ਸੰਕਲਪ ਦਾ ਅਹਿਸਾਸ ਜਗਾਉਂਦਾ ਹੈ, ਜਿਸ ਅਨੁਸਾਰ ਸੱਚ ਬੋਲਣਾ ਤੇ ਹਮੇਸ਼ਾ ਸੱਚੇ ਰਹਿਣਾ, ਕਿਸੇ ਦਾ ਹੱਕ ਨਾ ਮਾਰਨਾ, ਹਮੇਸ਼ਾ ਸਰਬਤ ਦਾ ਭਲਾ ਚਾਹੁਣਾ, ਨੇਕ ਕਮਾਈ ਕਰਨੀ, ਕਿਸੇ ਨਾਲ ਧੋਖਾ ਫਰੇਬ ਨਾ ਕਰਨਾ, ਹਰ ਇਕ ਨੂੰ ਬਰਾਬਰ ਸਮਝਦਿਆਂ ਕਿਸੇ ਤਰ੍ਹਾਂ ਦਾ ਭਿੰਨ ਭੇਦ ਨਾ ਕਰਨਾ, ਇਤਿਆਦਿ। ਇਸ ਤਰ੍ਹਾਂ ਦੇ ਅਹਿਸਾਸ ਦਾ ਜਜ਼ਬਾ ਹਰ ਮਨੁੱਖ ਵਿਚ ਜਮਾਂਦਰੂ ਹੁੰਦਾ ਹੈ। ਇਸ ਵਾਸਤੇ ਮਨੁੱਖ ਦੀ ਨਸਲ, ਕੌਮ, ਦੇਸ਼, ਧਰਮ, ਮਜ੍ਹਬ, ਰੰਗ, ਲਿੰਗ ਆਦਿ ਦਾ ਕੋਈ ਸਬੰਧ ਨਹੀਂ ਹੁੰਦਾ। ਇਥੋਂ ਤੱਕ ਕਿ ਉਸ ਦੇ ਰੱਬ ਦੀ ਹੋਂਦ ਵਿਚ ਵਿਸ਼ਵਾਸ ਰੱਖਣ ਜਾਂ ਨਾ ਰੱਖਣ ਨਾਲ ਵੀ ਇਸ ਅਹਿਸਾਸ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਇਸ ਅਹਿਸਾਸ ਨੂੰ ਅਸੀਂ ਅੰਦਰ ਜਾਂ ਜ਼ਮੀਰ ਦੀ ਅਵਾਜ਼ ਵੀ ਕਹਿ ਸਕਦੇ ਹਾਂ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਧਰਮ ਅਜਿਹਾ ਮਾਨਵਵਾਦੀ ਅਹਿਸਾਸ ਹੈ ਤਾਂ ਇਹ ਸਮੁੱਚਾ ਸੰਸਾਰ ਭਗਤ ਰਵਿਦਾਸ ਵਲੋਂ ਚਿਤਵਿਆ ਬੇਗਮਪੁਰਾ ਬਣਨਾ ਚਾਹੀਦਾ ਸੀ, ਪਰ ਧਰਮਾਂ ਦੇ ਆਧਾਰ ‘ਤੇ ਬਣੇ ਧਰਮਤੰਤਰ ਮਨੁੱਖਤਾ ਦੀ ਤਬਾਹੀ ਦਾ ਕਾਰਨ ਕਿਉਂ ਬਣਦੇ ਹਨ। ਇਸ ਦਾ ਉਤਰ ਹੈ, ਧਰਮ ਦਾ ਮਾਨਵਵਾਦੀ ਅਹਿਸਾਸ ਉਨਾ ਚਿਰ ਹੀ ਕਾਇਮ ਰਹਿੰਦਾ ਹੈ, ਜਿਨ੍ਹਾਂ ਚਿਰ ਮਨੁੱਖ ਕਿਸੇ ਨਾਂ ਵਾਲੇ ਧਰਮ ਦਾ ਹਿੱਸਾ ਨਹੀਂ ਬਣ ਜਾਂਦਾ। ਇਨ੍ਹਾਂ ਨਾਂ ਵਾਲੇ ਧਰਮਾਂ ਜਿਵੇਂ ਈਸਾਈ, ਇਸਲਾਮ, ਹਿੰਦੂ, ਸਿੱਖ ਆਦਿ ਧਰਮਾਂ ਨੂੰ ਅਸੀਂ ਸਥਾਪਤ ਧਰਮ ਕਹਿ ਸਕਦੇ ਹਾਂ। ਕੋਈ ਵੀ ਸਥਾਪਤ ਧਰਮ ਸਮੁੱਚੀ ਮਨੁੱਖਤਾ ਦਾ ਸਾਂਝਾ ਧਰਮ ਨਹੀਂ ਹੁੰਦਾ, ਸਗੋਂ ਇਹ ਤਾਂ ਕਿਸੇ ਇਕ ਜਾਂ ਦੂਜੇ ਵਰਗ ਜਾਂ ਸੱਭਿਆਚਾਰ ਲਈ ਹੁੰਦਾ ਹੈ ਅਤੇ ਇਹ ਉਸ ਵਰਗ ਦੀ ਅੰਦਰੂਨੀ ਤੇ ਬਾਹਰੀ ਸ਼ੈਲੀ ਨੂੰ ਦਰਸਾਉਂਦਾ ਹੈ, ਜਿਵੇਂ ਉਸ ਸਥਾਪਤ ਧਰਮ ਦੇ ਪ੍ਰਾਣੀਆਂ ਨੇ ਕਿਵੇਂ ਰਹਿਣਾ ਹੈ, ਕੀ ਖਾਣਾ ਹੈ, ਕਿਸ ਤਰ੍ਹਾਂ ਦਾ ਪਹਿਰਾਵਾ ਕਰਨਾ ਹੈ, ਕਿਸ ਤਰ੍ਹਾਂ ਆਪਣੇ ਜੀਵਨ ਦੇ ਬਾਕੀ ਕਾਰ ਵਿਹਾਰ ਤੇ ਸੰਸਕਾਰ ਕਰਨੇ ਹਨ, ਕਿਸ ਤਰ੍ਹਾਂ ਆਪਣੇ ਇਸ਼ਟ ਦੀ ਪੂਜਾ ਅਰਚਨਾ ਕਰਨੀ ਹੈ ਅਤੇ ਸਭ ਤੋਂ ਅਹਿਮ, ਕਿਸ ਤਰ੍ਹਾਂ ਬਾਕੀ ਸੰਸਾਰ ਨਾਲੋਂ ਆਪਣੀ ਵੱਖਰੀ ਹੋਂਦ ਬਣਾ ਕੇ ਰੱਖਣੀ ਹੈ? ਸੋ ਜਿਥੇ ਨਿਰੋਲ ਧਰਮ ਸਮੁੱਚੀ ਮਾਨਵਤਾ ਵਿਚ ਪ੍ਰੇਮ ਪਿਆਰ ਅਤੇ ਇਕਸੁਰਤਾ ਬਣਾ ਕੇ ਸਮੁੱਚੇ ਸੰਸਾਰ ਨੂੰ ਬੇਗਮਪੁਰਾ ਬਣਿਆ ਲੋਚਦਾ ਹੈ, ਉਥੇ ਸਥਾਪਤ ਧਰਮ ਮਾਨਵਤਾ ਨੂੰ ਧੜਿਆਂ ਵਿਚ ਵੰਡਦਾ ਹੈ। ਸਮੁੱਚੀ ਦੁਨੀਆਂ ਦੇ ਸਾਰੇ ਸਥਾਪਤ ਧਰਮਾਂ ਦੇ ਸਿਧਾਂਤ ਭਾਵੇਂ ਉਪਰੋਂ ਦੇਖਣ ਨੂੰ ਸੱਚੇ ਸੁੱਚੇ ਧਰਮ ਵਾਲੇ ਹੀ ਲਗਦੇ ਹਨ, ਪਰ ਹਕੀਕਤ ਵਿਚ ਉਹ ਉਦਾਂ ਦੇ ਬਣ ਜਾਂਦੇ ਹਨ, ਜਿਵੇਂ ਪੁਜਾਰੀ ਕਹਿੰਦਾ ਹੈ ਅਤੇ ਹੌਲੀ ਹੌਲੀ ਪੁਜਾਰੀ ਹੀ ਧਰਮ ਦਾ ਸਭ ਕੁਝ ਬਣ ਜਾਂਦਾ ਹੈ (ਪੁਜਾਰੀ ਦਾ ਨਾਂ ਕੋਈ ਵੀ ਹੋ ਸਕਦਾ ਹੈ, ਜੋ ਸਥਾਪਤ ਧਰਮ ਦੇ ਅਨੁਸਾਰ ਬਦਲਦਾ ਰਹਿੰਦਾ ਹੈ)। ਧਰਮ ਜਦੋਂ ਪੂਰੀ ਤਰ੍ਹਾਂ ਸਥਾਪਤ ਹੋ ਜਾਂਦਾ ਤਾਂ ਪੈਰੋਕਾਰ ਤੇ ਆਮ ਲੋਕ, ਜਿਨ੍ਹਾਂ ਵਾਸਤੇ ਮਹਾਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਹੁੰਦੀਆਂ ਹਨ, ਅਣਗੌਲੇ ਹੋ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮਹਾਪੁਰਖਾਂ ਦੀ ਬਾਣੀ ਵੀ ਸਾਨੂੰ ਅਜਿਹੇ ਸਥਾਪਤ ਧਰਮਾਂ ਤੋਂ ਕਿਨਾਰਾ ਕਰਨ ਵਾਸਤੇ ਸੁਚੇਤ ਕਰਦੀ ਹੈ, ਜਿਵੇਂ ਮੇਰੀ ਸਮਝ ਅਨੁਸਾਰ ਭਗਤ ਕਬੀਰ ਜੀ ਉਸ ਵੇਲੇ ਦੇ ਸਥਾਪਤ ਧਰਮਾਂ ਤੇ ਉਨ੍ਹਾਂ ਦੇ ਪੁਜਾਰੀਆਂ ਤੋਂ ਕਿਨਾਰਾ ਕਰਨ ਬਾਰੇ ਲਿਖ ਕੇ ਦੱਸਣਾ ਚਾਹੁੰਦੇ ਹਨ ਕਿ ਇਨ੍ਹਾਂ ਧਰਮਾਂ ਤੇ ਇਨ੍ਹਾਂ ਦੇ ਪੁਜਾਰੀਆਂ ਦੀਆਂ ਹਦਾਇਤਾਂ ਨੂੰ ਛੱਡਣ ਨਾਲ ਸਾਡਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਰਹੇਗਾ। ਕਬੀਰ ਜੀ ਲਿਖਦੇ ਹਨ,
ਉਲਟਿ ਜਾਤਿ ਕੁਲ ਦੋਊ ਬਿਸਾਰੀ॥
ਸੁੰਨ ਸਹਜ ਮਹਿ ਬੁਨਤ ਹਮਾਰੀ॥੧॥
ਹਮਰਾ ਝਗਰਾ ਰਹਾ ਨ ਕੋਊ॥
ਪੰਡਿਤ ਮੁਲਾਂ ਛਾਡੇ ਦੋਊ॥੧॥ ਰਹਾਉ॥
ਬੁਨਿ ਬੁਨਿ ਆਪ ਆਪੁ ਪਹਿਰਾਵਉ॥
ਜਹ ਨਹੀ ਆਪੁ ਤਹਾ ਹੋਇ ਗਾਵਉ॥੨॥
ਪੰਡਿਤ ਮੁਲਾਂ ਜੋ ਲਿਖਿ ਦੀਆ॥
ਛਾਡਿ ਚਲੇ ਹਮ ਕਛੂ ਨ ਲੀਆ॥੩॥
ਰਿਦੈ ਇਖਲਾਸੁ ਨਿਰਖਿ ਲੇ ਮੀਰਾ॥
ਆਪੁ ਖੋਜਿ ਖੋਜਿ ਮਿਲੇ ਕਬੀਰਾ॥
ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਵੀ ਭੈਰਉ ਰਾਗ ਵਿਚ ਕਬੀਰ ਜੀ ਦਾ ਉਪਰੋਕਤ ਸੰਦੇਸ਼ ਸਾਨੂੰ ਹੋਰ ਵੀ ਸਪਸ਼ਟ ਕਰਕੇ ਸਮਝਾਉਣ ਵਾਸਤੇ ਲਿਖਦੇ ਹਨ,
ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ॥1॥
ਏਕੁ ਗੁਸਾਈ ਅਲਹੁ ਮੇਰਾ॥
ਹਿੰਦੂ ਤੁਰਕ ਦੁਹਾਂ ਨੇਬੇਰਾ॥1॥ ਰਹਾਉ॥
ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥3॥
ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥4॥
ਕਹੁ ਕਬੀਰ ਇਹੁ ਕੀਆ ਵਖਾਨਾ॥
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥
ਗੁਰੂ ਨਾਨਕ ਦੇਵ ਜੀ ਤਾਂ ਸਮਝਣ ਵਿਚ ਬੜੀ ਹੀ ਸੌਖੀ ਅਤੇ ਸਰਲ ਭਾਸ਼ਾ ਵਿਚ ਉਸ ਵੇਲੇ ਦੇ ਪੁਜਾਰੀਆਂ ਦੇ ਲੋਕ ਵਿਰੋਧੀ ਕਿਰਦਾਰ ਨੂੰ ਪੂਰੀ ਤਰ੍ਹਾਂ ਨੰਗਾ ਕਰਨ ਵਿਚ ਕੋਈ ਭੁਲੇਖਾ ਨਹੀਂ ਰਹਿਣ ਦਿੰਦੇ, ਜਦੋਂ ਉਹ ਲਿਖਦੇ ਹਨ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥
ਧਰਮਤੰਤਰ ਰਾਜਾਂ ਦੇ ਮਨੁੱਖਤਾ ਵਿਰੋਧੀ ਕਿਰਦਾਰ ਤਾਂ ਅਸੀਂ ਇਤਿਹਾਸ ਵਿਚ ਵੇਖੇ ਹੀ ਹਨ, ਪਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਮਹਾਪੁਰਖਾਂ ਦੀ ਬਾਣੀ ਨੇ ਤਾਂ ਕੋਈ ਭੁਲੇਖਾ ਹੀ ਨਹੀਂ ਰਹਿਣ ਦਿੱਤਾ। ਸਾਡੇ ਸਮਿਆਂ ਦੇ ਸਭ ਤੋਂ ਉਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਨੇ ਆਪਣੀ ਸਾਰੀ ਉਮਰ ਪੰਜਾਬ ਦੀ ਖਾੜਕੂ ਸਿੱਖ ਲਹਿਰ ਦਾ ਰੈਸ਼ਨੇਲ ਸਥਾਪਤ ਕਰਦਿਆਂ ਬਿਤਾ ਦਿੱਤੀ। ਉਨ੍ਹਾਂ ‘ਵਿਸਮਾਦੀ ਪੂੰਜੀ’ ਨਾਂ ਦੀ ਆਪਣੀ ਪੁਸਤਕ ਦੇ ਪੰਨਾ 96 ਉਪਰ ‘ਸਭਿਆਚਾਰਕ ਸੰਵਾਦ, ਵਿਸ਼ੇਸ਼ਤਾ ਅਤੇ ਵਿਸਮਾਦ’ ਸਿਰਲੇਖ ਹੇਠ ਲਿਖਿਆ ਹੈ, “ਕੌਮ ਇੱਕ ਸੌੜਾ ਸੰਕਲਪ ਹੈ। ਕੌਮ ਦੇ ਸੰਕਲਪ ਅੰਦਰ ਇੱਕ ਵਿਚਾਰਧਾਰਾ ਦੀ ਪ੍ਰਧਾਨਤਾ ਹੁੰਦੀ ਹੈ, ਆਮ ਤੌਰ ‘ਤੇ ਜਿਹੜਾ ਵਰਗ ਤਾਕਤ ਵਿਚ ਹੁੰਦਾ ਹੈ, ਆਪਣੇ ਰਾਜਨੀਤਕ ਅਤੇ ਆਰਥਕ ਬਲ ਨਾਲ ਦੂਸਰੇ ਵਰਗਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਤੇ ਵਿਚਾਰਧਾਰਾਵਾਂ ਸਮੇਤ ਦਬਾ ਲੈਂਦਾ ਹੈ। ਆਪਣੀ ਵਿਚਾਰਧਾਰਾ ਸਥਾਪਤ ਕਰ ਲੈਂਦਾ ਹੈ। ਇਸ ਲਈ ਕੌਮ ਅਤੇ ਕੌਮਵਾਦ ਲਹੂ-ਲੁਹਾਣ ਕਰਨ ਵਾਲੀ ਕਿਰਿਆ ਤੋਂ ਮੁਕਤ ਨਹੀਂ। ਸੱਭਿਆਚਾਰ ਵਿਸ਼ਾਲ ਸੰਕਲਪ ਹੈ। ਸੱਭਿਆਚਾਰ ਵਿਚ ਕਈ ਕੌਮਾਂ ਸਹਿਹੋਂਦ ਨਾਲ ਇਕੱਠੀਆਂ ਵੱਸ ਸਕਦੀਆਂ ਹਨ। ਸੱਭਿਆਚਾਰ ਦਾ ਪਰਿਪੇਖ ਪਰਿਵਰਤਨਸ਼ੀਲ ਹੁੰਦਾ ਹੈ। ਇਸ ਦਾ ਆਪਦਾ ਗੌਰਵ ਹੁੰਦਾ ਹੈ ਅਤੇ ਨਿਗਾਹ ‘ਵਿਗਾਸ’ ਵੱਲ ਹੁੰਦੀ ਹੈ।”
ਐਨਾ ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਜੇ ਅਸੀਂ ਕਿਸੇ ਨਵੀਂ ਕਿਸਮ ਦੇ ਧਰਮਤੰਤਰ ਦੀ ਹਮਾਇਤ ਕਰਦੇ ਹਾਂ ਤਾਂ ਆਪੇ ਫਾਥੜ੍ਹੀਏ ਤੈਨੂੰ ਕੌਣ ਛੁਡਾਵੇ ਵਾਸਤੇ ਤਿਆਰ ਰਹਿਣਾ ਪਵੇਗਾ।
ਮੈਨੂੰ ਆਪਣੀ ਆਮ ਸਮਝ ਅਨੁਸਾਰ ਲੱਗਦਾ ਹੈ ਕਿ ਲੋਕਤੰਤਰ ਸਭ ਤੋਂ ਵਧੀਆ ਹੈ, ਜੇ ਇਹ ਸਹੀ ਅਰਥਾਂ ਵਿਚ ਲਾਗੂ ਹੋਵੇ। ਭਗਤ ਰਵਿਦਾਸ ਵਲੋਂ ਬੇਗਮਪੁਰਾ ਸਬੰਧੀ ਲਿਖਿਆ ਸ਼ਬਦ ਵੀ ਮੈਨੂੰ ਲੋਕਤੰਤਰ ਪ੍ਰਬੰਧ ਵੱਲ ਇਸ਼ਾਰਾ ਕਰਦਾ ਲਗਦਾ ਹੈ। ਉਹ ਲਿਖਦੇ ਹਨ,
ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥੧॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥੧॥ ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥੨॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੁ ਮੀਤੁ ਹਮਾਰਾ॥
ਇੱਕ ਉਘੇ ਵਿਦਵਾਨ ਲੇਖਕ ਗੁਰਦਿਆਲ ਸਿੰਘ ਬੱਲ ਵੀ ਪੰਜਾਬ ਟਾਈਮਜ਼ ਵਿਚ ਲਿਖੀ ਇੱਕ ਲੰਮੀ ਲੇਖ ਲੜੀ “ਗੁਰਮੀਤ ਸਿੰਘ ਪਿੰਕੀ ਦੀਆਂ ‘ਚਿੰਘਾੜਾਂ’ ਤੇ ਪੰਜਾਬ ਸਿਆਸਤ ਦੀਆਂ ਸਿਮਰਤੀਆਂ” ਵਿਚ ਇਸੇ ਧਾਰਨਾ ਨੂੰ ਪੱਕਾ ਕਰਦਿਆਂ ਲਿਖਦੇ ਹਨ, “ਵੇਖੋ, ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ ਵਾਲੀ ਗੱਲ ਹੈ। ਸਾਡੀ ਜਾਚੇ ਜਮਹੂਰੀ ਪ੍ਰਣਾਲੀ ਵਿਚ ਹਜ਼ਾਰ ਖਾਮੀਆਂ ਹੋਣ, ਇਸ ਦਾ ਕੋਈ ਬਦਲ ਨਹੀਂ, ਇਸ ਤੋਂ ਬਿਨਾ ਕੋਈ ਹੋਰ ਬਿਹਤਰ ਰਾਹ ਨਹੀਂ ਹੈ।”
ਸੋ ਉਨ੍ਹਾਂ ਦੇ ਕਹਿਣ ਤੋਂ ਅਸੀਂ ਇਸ ਨਿਰਣੇ ‘ਤੇ ਪਹੁੰਚਦੇ ਹਾਂ ਕਿ ਕੁਝ ਖਾਮੀਆਂ ਦੇ ਬਾਵਜੂਦ ਲੋਕਤੰਤਰ ਸਭ ਤੋਂ ਵਧੀਆ ਪ੍ਰਬੰਧ ਹੈ, ਜੇ ਅਸੀਂ ਇਸ ਦੀਆਂ ਖਾਮੀਆਂ ਦੂਰ ਕਰ ਸਕੀਏ ਤਾਂ ਲੋਕਤੰਤਰੀ ਪ੍ਰਬੰਧ ਦੀ ਕੋਈ ਰੀਸ ਨਹੀਂ ਹੈ। ਲੋਕਤੰਤਰ ਨੂੰ ਸਥਾਪਤ ਕਰਨ ਵਾਸਤੇ ਆਮ ਜਨਤਾ ਸਭ ਤੋਂ ਅਹਿਮ ਹੈ। ਇਸ ਵਾਸਤੇ ਲੋਕਾਂ ਨੂੰ ਆਪਣੇ ਹੱਕਾਂ, ਫਰਜਾਂ ਤੇ ਆਪਣੀ ਸਮਰਥਾ ਬਾਰੇ ਜਾਗਰੂਕ ਅਤੇ ਚੇਤੰਨ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।