ਧਰਮ-ਯੁੱਧ ਮੋਰਚਾ: ਹਾਲਾਤ ਅਤੇ ਜਜ਼ਬਾਤ

ਅਵਤਾਰ ਸਿੰਘ
ਫੋਨ: 91-94175-18384
ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਸਾਡੇ ਜਜ਼ਬਿਆਂ ‘ਤੇ ਇਸ ਕਦਰ ਅਸਰ ਅੰਦਾਜ਼ ਹੋ ਜਾਂਦੇ ਹਨ, ਸੂਝ-ਬੂਝ ਸਿੱਥਲ ਪੈ ਜਾਂਦੀ ਹੈ। ਇਸ ਹਾਲਤ ਵਿਚ ਅਸੀਂ ਜੋ ਫੈਸਲਾ ਕਰਦੇ ਹਾਂ, ਉਹਦੇ ਠੀਕ ਜਾਂ ਗਲਤ ਹੋਣ ਦਾ ਪਤਾ ਨਹੀਂ ਲੱਗਦਾ। ਫੈਸਲੇ ਦੇ ਬੁਰੇ-ਭਲੇ ਹੋਣ ਦਾ ਸਿਹਰਾ ਜਜ਼ਬਾਤ ਸਿਰ ਨਹੀਂ, ਹਾਲਾਤ ਸਿਰ ਬੱਝਦਾ ਹੈ। ਹਾਲਾਤ ਸਾਡੇ ਜਜ਼ਬਿਆਂ ਨੂੰ ਸਿਰਫ ਭੜਕਾਉਂਦੇ ਹੀ ਨਹੀਂ, ਬਣਾਉਂਦੇ ਵੀ ਹਨ।

ਮੇਰੇ ਬਾਬਾ ਜੀ ਦਾ ਨਾਂ ਸੰਤਾ ਸਿੰਘ ਸੀ, ਪਰ ਲੋਕ ਉਨ੍ਹਾਂ ਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਸਨ। ਮੇਰੇ ਬਾਬੇ ਦੇ ਬਾਬਿਆਂ ਵਿਚੋਂ ਗਿਆਨੀ ਦਿੱਤ ਸਿੰਘ ਹੋਏ ਸਨ, ਜੋ ਕਿਸੇ ਕਾਰਨ ਆਪਣਾ ਪਿੰਡ ਦੁਪਾਲਪੁਰ ਛੱਡ ਕੇ ਰੋਪੜ ਜਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਜਾ ਵਸੇ ਸਨ।
ਸਾਡੇ ਬਜੁਰਗ ਕੱਪੜਾ ਬੁਣਦੇ ਸਨ ਤੇ ਲੋਕ ਉਨ੍ਹਾਂ ਨੂੰ ਰਾਮਦਾਸੀਏ ਸਿੱਖ ਕਹਿੰਦੇ ਸਨ। ਉਹ ਪਿੱਛੋਂ ਬੰਗੇ ਦੇ ਸਨ ਤੇ ਉਹਤੋਂ ਵੀ ਪਹਿਲਾਂ ਉਹ ਅੰਮ੍ਰਿਤਸਰ ਤੋਂ ਆਏ ਸਨ। ਸਾਡੀ ਸੀਨਾ ਬਸੀਨਾ ਜਾਣਕਾਰੀ ਦੱਸਦੀ ਹੈ ਕਿ ਅੰਮ੍ਰਿਤ ਸਰੋਵਰ ਦੀ ਖੁਦਾਈ ਸਮੇਂ ਸਾਡੇ ਬਜੁਰਗ ਕਾਰ ਸੇਵਾ ‘ਚ ਸ਼ਾਮਲ ਹੋਏ ਸਨ ਤਾਂ ਕਿਸੇ ਸੁਵਰਣਜਾਤੀ ਨੇ ਬੁਰਾ ਮਨਾਇਆ ਸੀ। ਗੁਰੂ ਰਾਮਦਾਸ ਪਾਤਸ਼ਾਹ ਕੋਲ ਸ਼ਿਕਾਇਤ ਪੁੱਜੀ ਤਾਂ ਉਨ੍ਹਾਂ ਨੇ ਉਸ ਸੁਵਰਣਜਾਤੀ ਸਿੱਖ ਨੂੰ ਸਮਝਾਇਆ ਸੀ ਕਿ ਇਹ ਮੇਰੇ ਸਿੱਖ ਹਨ, ਇਨ੍ਹਾਂ ਨੂੰ ਗਲੇ ਲਾਉ। ਉਦੋਂ ਤੋਂ ਸਾਡੀ ਅੱਲ ਰਾਮਦਾਸੀਏ ਸਿੱਖ ਪੈ ਗਈ।
ਕਿਰਤ ਦੀ ਮਹਿਮਾ ਗਾਉਣ ਵਾਲੇ ਗੁਰੂ ਨਾਨਕ ਸਨ, ਪਰ ਕਿਰਤੀਆਂ ਨੂੰ ਪਾਲਣ ਵਾਲੇ ਪਾਤਸ਼ਾਹ ਗੁਰੂ ਰਾਮਦਾਸ ਜੀ ਸਨ। ਇਸ ਵਿਚ ਕੋਈ ਜਾਤ-ਪਾਤ ਦਾ ਵਿਚਾਰ ਨਹੀਂ ਹੈ, ਹਰ ਕਿਰਤੀ ਰਾਮਦਾਸੀਆ ਸਿੱਖ ਹੈ। ਜਿਹੜਾ ਕਿਰਤੀ ਨਹੀਂ, ਉਹ ਸਿੱਖ ਹੀ ਨਹੀਂ ਹੁੰਦਾ ਤੇ ਸਾਰੇ ਕਿਰਤੀ ਭਾਈ ਹੁੰਦੇ ਹਨ। ਇਸੇ ਕਰਕੇ ਮੇਰੇ ਬਾਬੇ ਨੂੰ ਲੋਕ ਭਾਈ ਜੀ ਕਹਿੰਦੇ ਸਨ ਤੇ ਮੇਰੇ ਪਿਤਾ ਜੀ ਨੂੰ ਹਮੇਸ਼ਾ ਗਿਆਨ ਗੋਸ਼ਟੀ ਕਰਦੇ ਰਹਿਣ ਕਾਰਨ ਗਿਆਨੀ ਜੀ ਕਹਿ ਕੇ ਬੁਲਾਉਂਦੇ ਸਨ। ਗਿਆਨੀ ਦਿੱਤ ਸਿੰਘ ਤਾਂ ਗਿਆਨੀ ਸਨ ਹੀ।
ਮੈਂ ਜੇ ਅੱਜ ਮਾੜਾ ਮੋਟਾ ਪੜ੍ਹਦਾ-ਪੜ੍ਹਾਉਂਦਾ ਹਾਂ ਤੇ ਮੇਰੇ ਬੱਚੇ ਗਿਆਨ ਦੀਆਂ ਗਹਿਰਾਈਆਂ ਹੰਘਾਲਣ ਦੀ ਮੱਸ ਰੱਖਦੇ ਹਨ ਤਾਂ ਇਹਦੇ ਪਿੱਛੇ ਸਾਡੇ ਪਰਿਵਾਰ ਦੀ ਸੀਨਾ ਬਸੀਨਾ ਚਲੀ ਆਉਂਦੀ ਕੋਈ ਰੀਝ ਹੈ। ਮੇਰੇ ਬਾਬਾ ਜੀ ਗੁਰਬਾਣੀ ਕੀਰਤਨ ਦੇ ਰਸੀਏ ਸਨ, ਪਿਤਾ ਜੀ ਇਤਿਹਾਸ ਅਤੇ ਢਾਡੀ ਰਾਗ ਦੇ ਸ਼ੌਕੀਨ ਸਨ। ਘਰ ਵਿਚ ਕੋਈ ਵੀ ਸਮਾਗਮ ਹੋਵੇ, ਸਾਨੂੰ ਸਭ ਤੋਂ ਵੱਧ ਚਾਅ ਇਸ ਗੱਲ ਦਾ ਹੁੰਦਾ ਹੈ ਕਿ ਘਰੇ ਰਾਗੀ, ਢਾਡੀ ਲੱਗਣੇ ਹਨ।
ਸਾਡੇ ਬਾਬੇ ਤੇ ਦਾਦੀ ਦੇ ਭੋਗ ‘ਤੇ ਫਗਵਾੜੇ ਵਾਲੇ ਸੁਬੇਗ ਸਿੰਘ ਨੇ ਕੀਰਤਨ ਕੀਤਾ ਸੀ। ਵੱਡੀਆਂ ਭੈਣਾਂ ਦੇ ਅਨੰਦ ਕਾਰਜ ਸ਼੍ਰੋਮਣੀ ਰਾਗੀ ਦਰਸ਼ਨ ਸਿੰਘ ਕੋਮਲ ਨੇ ਕਰਵਾਏ ਸਨ। ਦੂਜੀਆਂ ਦੋ ਭੈਣਾਂ ਦੇ ਅਨੰਦ ਕਾਰਜ ਗਿਆਨੀ ਦਇਆ ਸਿੰਘ ਦਿਲਬਰ ਨੇ ਕਰਵਾਏ ਸਨ ਤੇ ਵੱਡੇ ਭਾਈ ਦੇ ਵਿਆਹ ‘ਤੇ ਵੀ ਉਹੀ ਆਏ ਸਨ। ਮੇਰੇ ਤੋਂ ਵੱਡੇ ਭਾਈ ਦੇ ਵਿਆਹ ਸਮੇਂ ਸ਼ ਦਿਲਬਰ ਵਿਦੇਸ਼ ਗਏ ਹੋਏ ਸਨ ਤੇ ਉਨ੍ਹਾਂ ਦੀ ਥਾਂ ਰਾਹੋਂ ਦੇ ਗਿਆਨੀ ਕਰਮ ਸਿੰਘ ਜੋਸ਼ ਨੇ ਸਾਨੂੰ ਨਿਹਾਲ ਕੀਤਾ ਸੀ। ਮੇਰੇ ਵਿਆਹ ‘ਤੇ ਸ਼ ਦਿਲਬਰ ਨੇ ਪਤਾ ਨਹੀਂ ਕਿਉਂ ਆਪਣੇ ਫਰਜ਼ੰਦ ਨੂੰ ਭੇਜ ਦਿੱਤਾ ਕਿ ਸਾਡਾ ਸਾਰਾ ਚਾਅ ਅੱਧਾ ਰਹਿ ਗਿਆ ਸੀ। ਮੇਰੇ ਅਨੰਦ ਕਾਰਜ ‘ਤੇ ਭਾਈ ਹਰਜੀਤ ਸਿੰਘ ਸੂਦਨ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ‘ਤੇ ਆਏ ਸਨ। ਹੁਣ ਤੱਕ ਹਰ ਸਮਾਗਮ ‘ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੀ ਬੁਲਾਏ ਜਾਣ।
ਪਿੰਡ ਦੇ ਮੁਢਲੇ ਤਿੰਨ ਚਾਰ ਸਿੱਖ ਅਤੇ ਅਕਾਲੀ ਪਰਿਵਾਰਾਂ ਵਿਚ ਸਾਡਾ ਪਰਿਵਾਰ ਸ਼ਾਮਿਲ ਹੈ। ਘਰ ਵਿਚ ਚੱਤੋ ਪਹਿਰ ਚੱਲਦੀ ਗੱਲਬਾਤ ਵਿਚ ਸਿੱਖ ਇਤਿਹਾਸ ਨੂੰ ਅਕਾਲੀ ਸਿਆਸਤ ਦੇ ਤੜਕੇ ਲੱਗਦੇ ਰਹਿਣ ਕਰਕੇ, ਮੇਰੇ ਸੁਭਾਅ ਵਿਚ ਅਕਾਲੀਅਤ ਦਾ ਪ੍ਰਭਾਵ ਵਧੇਰੇ ਪ੍ਰਬਲ ਸੀ।
ਸੰਨ ਸੰਤਾਲੀ ਪਿਛੋਂ ਪੰਜਾਬ ਦੀ ਸਿਆਸਤ ਅਤੇ ਰਾਜ-ਭਾਗ ‘ਤੇ ਹਰ ਵਕਤ ਐਕਚੂਅਲੀ ਤੇ ਵਰਚੂਅਲੀ ਕਾਬਜ਼ ਰਹਿਣ ਦੀ ਲਾਲਸਾ ਅਧੀਨ ਸ਼ਤਰੰਜ ਦੀ ਗੋਟੀ ਵਾਂਗ ਅਕਾਲੀਆਂ ਨੇ ਧਰਮ-ਯੁੱਧ ਮੋਰਚਾ ਲਾ ਦਿੱਤਾ ਤੇ ਸਿੱਖ ਸ਼ਹਾਦਤਾਂ ਦੇ ਮਹਾ ਬਿਰਤਾਂਤ ਦਾ ਮੂੰਹ ਮੁਗਲਾਂ ਤੇ ਪਠਾਣ ਜਰਵਾਣਿਆਂ ਦੀ ਥਾਂ ਚੰਦੂ ਅਤੇ ਗੰਗੂ ਜਿਹੇ ਕਮੀਨ ਕਿਰਦਾਰਾਂ ਵੱਲ ਕਰ ਦਿੱਤਾ। ਇਤਿਹਾਸ ਦੀ ਧੂਹ ਘੜੀਸ ਅਤੇ ਅੱਲ-ਵਲੱਲ ਕਰਕੇ ਗੰਗੂ ਦਾ ਨਾਤਾ ਨਹਿਰੂ ਨਾਲ ਜੋੜ ਦਿੱਤਾ ਗਿਆ।
ਪੁਰਾਤਨ ਯੋਧਿਆਂ ਨੇ ਆਪਣੇ ਲਹੂ ਵਿਚ ਲੱਥ-ਪੱਥ ਹੋ ਕੇ ਇਤਿਹਾਸ ਦਾ ਮੁੱਖ ਮੋੜਿਆ ਸੀ, ਇਨ੍ਹਾਂ ਨਵੀਨ ‘ਯੋਧਿਆਂ’ ਨੇ ਮਲੇਛ ਭਾਵ ਨਾਲ ਓਤ-ਪੋਤ ਹੋ ਕੇ ਇਤਿਹਾਸ ਦਾ ਚਿਹਰਾ ਮੁਹਰਾ ਹੀ ਬਦਲ ਦਿੱਤਾ। ਜਰਵਾਣਿਆਂ ਦਾ ਟਾਕਰਾ ਕਰਨ ਵਾਲੀਆਂ ਅੱਖਾਂ ਹਟਵਾਣੀਆਂ ਨੂੰ ਘੂਰ ਘੂਰ ਕੇ ਦੇਖਣ ਲੱਗ ਪਈਆਂ। ਇੰਜ ਸਾਜਿਸ਼ੀ ਬਿਰਤਾਂਤ ਦੀ ਸਿਰਜਣਾ ਹੋਈ, ਜਿਹਦੇ ਨਾਲ ਪੰਜਾਬ ਦੇ ਬੁੱਢੇ ਠੇਰਿਆਂ ਦੇ ਲਹੂ ਵਿਚ ਵੀ ਤਾਅ ਆ ਗਿਆ, ਨੌਜਵਾਨਾਂ ਦਾ ਖੂਨ ਖੌਲਣ ਲੱਗਾ ਤੇ ਡੌਲ਼ੇ ਫਰਕਣ ਲੱਗ ਪਏ।।
ਮੈਂ ਉਨ੍ਹਾਂ ਦਿਨਾਂ ਵਿਚ ਬੰਗਿਆਂ ਦੇ ਸਿੱਖ ਨੈਸ਼ਨਲ ਕਾਲਜ ਵਿਚ ਬੀ. ਏ. ਭਾਗ ਦੂਜਾ ਦਾ ਵਿਦਿਆਰਥੀ ਸਾਂ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਗੁਰਦੁਆਰਾ ਚਰਨ ਕੰਵਲ ਸਾਹਿਬ ਨੇੜੇ ਹੋਣ ਕਾਰਨ ਮੈਂ ਅਕਾਲੀ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਹਿੰਦਾ। ਇਕ ਦਿਨ ਉਥੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਆਏ ਤੇ ਉਨ੍ਹਾਂ ਨੇ ਧਰਮ-ਯੁੱਧ ਮੋਰਚੇ ਵਿਚ ਆਪਣੇ ਜਥੇ ਨਾਲ ਗ੍ਰਿਫਤਾਰ ਹੋਣ ਲਈ ਨੌਜਵਾਨਾਂ ਨੂੰ ਉਕਸਾਉਣ ਵਾਲਾ ਭਾਸ਼ਨ ਕੀਤਾ। ਮੈਂ ਜੋਸ਼ ਵਿਚ ਆ ਗਿਆ ਤੇ ਮੋਰਚੇ ਵਿਚ ਗ੍ਰਿਫਤਾਰ ਹੋਣ ਲਈ ਆਪਣਾ ਨਾਂ ਲਿਖਾ ਦਿੱਤਾ। ਮੇਰੇ ਹਿਤੈਸ਼ੀ ਪ੍ਰੋ. ਗਿੱਲ, ਪ੍ਰੋ. ਨਾਰੰਗ ਤੇ ਪ੍ਰੋ. ਟਿਵਾਣਾ ਨੇ ਮੈਨੂੰ ਸੋਚ ਸਮਝ ਕੇ ਫੈਸਲਾ ਕਰਨ ਲਈ ਆਖਿਆ, ਪਰ ਮੈਂ ਟੱਸ ਤੋਂ ਮੱਸ ਨਾ ਹੋਇਆ। ਆਪ ਤਾਂ ਕੀ ਹਟਣਾ ਸੀ, ਮੈਂ ਆਪਣੇ ਪਿੰਡਾਂ ਦੇ ਚਾਰ ਮਿੱਤਰ ਹੋਰ ਤਿਆਰ ਕਰ ਲਏ। ਅਸੀਂ ਚਰਨ ਕੰਵਲ ਬੰਗੇ ਤੋਂ ਫੋਰ-ਵ੍ਹੀਲਰਾਂ ਵਿਚ ਜੈਕਾਰੇ ਛੱਡਦੇ ਹੋਏ ਅੰਮ੍ਰਿਤਸਰ ਪੁੱਜ ਗਏ। ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਗਰਮ ਤਕਰੀਰਾਂ ਤੇ ਅਰਦਾਸ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰੇ ਤੇ ਨਾਅਰੇ ਮਾਰਦੇ ਹੋਏ ਕੋਤਵਾਲੀ ਵਿਚ ਚਲੇ ਗਏ।
ਸਾਡਾ ਜਥਾ ਬਹੁਤ ਵੱਡਾ ਸੀ ਤੇ ਪੰਜਾਬ ਦੀ ਕੋਈ ਜੇਲ੍ਹ ਏਨੀ ਵੱਡੀ ਨਹੀਂ ਸੀ ਕਿ ਸਾਰੇ ਜਥੇ ਨੂੰ ਸਮਾ ਸਕਦੀ, ਜਿਸ ਕਰਕੇ ਜਥਾ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਇਕ ਹਿੱਸੇ ਦੀ ਰਹਿਨੁਮਾਈ ਜਥੇਦਾਰ ਟੌਹੜਾ ਨੇ ਕਰਨੀ ਸੀ ਤੇ ਦੂਜੇ ਦੀ ਜਨਰਲ ਸੁਬੇਗ ਸਿੰਘ ਨੇ। ਜਥੇਦਾਰ ਟੌਹੜਾ ਆਪਣੇ ਜਥੇ ਨੂੰ ਆਪਣੀ ਸੁਵਿਧਾ ਮੁਤਾਬਕ ਪਟਿਆਲੇ ਲੈ ਗਏ ਤੇ ਸਾਡੇ ਜਥੇ ਨੂੰ ਲੁਧਿਆਣੇ ਭੇਜ ਦਿੱਤਾ ਗਿਆ।
ਲੁਧਿਆਣੇ ਦੀ ਜੇਲ੍ਹ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਨੇ ਫੁੱਲ ਕੀਤੀ ਹੋਈ ਸੀ, ਜਿਸ ਕਰਕੇ ਸਾਡੇ ਲਈ ਜੇਲ੍ਹ ਦੇ ਬਾਹਰ ਹੀ ਟੈਂਟ ਲਾ ਦਿੱਤੇ ਗਏ ਤੇ ਉਥੇ ਹੀ ਫਟਾਫਟ ਨਲਕੇ ਵੀ ਲਾ ਦਿੱਤੇ ਗਏ। ਸਾਰੇ ਪੰਜਾਬ ਦਾ ਮਾਹੌਲ ਭਖਿਆ ਹੋਇਆ ਸੀ ਤੇ ਹਰ ਰੋਜ ਨੇੜੇ ਦੇ ਗੁਰਦੁਆਰਿਆਂ ਵਿਚੋਂ ਲੰਗਰ ਆ ਜਾਂਦਾ। ਸਾਡੇ ਜਥੇ ਦੇ ਪੰਦਰਾਂ ਸੌਲਾਂ ਨੌਜਵਾਨ ਰਲ ਕੇ ਵਰਤਾਉਂਦੇ ਤੇ ਵਿਹਲੇ ਹੋ ਕੇ ਜਨਰਲ ਸੁਬੇਗ ਸਿੰਘ ਦੇ ਟੈਂਟ ਵਿਚ ਜਾ ਬੈਠਦੇ। ਉਹ ਸਾਨੂੰ ਜੰਗ ਦੀਆਂ ਗੱਲਾਂ ਸੁਣਾਉਂਦੇ ਤੇ ਸਾਡੇ ਗਰਮ ਖੂਨ ਨੂੰ ਖੌਲਣ ਲਾ ਦਿੰਦੇ। ਉਨ੍ਹਾਂ ਦੀ ਹਰ ਗੱਲ ਦਾ ਤੋੜਾ ਭਾਰਤ ਸਰਕਾਰ ਸਿਰ ਟੁੱਟਦਾ ਸੀ। ਸਾਡੇ ਵਿਚੋਂ ਸਿਰਫ ਮੈਂ ਹੀ ਕਾਲਜ ਵਿਚ ਪੜ੍ਹਦਾ ਸਾਂ ਤੇ ਉਹ ਮੈਨੂੰ ਕਾਲਜੀਏਟ ਕਹਿ ਕੇ ਬੁਲਾਉਣ ਲੱਗ ਪਏ। ਮੈਂ ਦੇਖਿਆ ਕਿ ਉਨ੍ਹਾਂ ਦੇ ਟੈਂਟ ਵਿਚ ਵੱਡੇ ਵੱਡੇ ਪੁਲਿਸ ਅਫਸਰ ਆਉਂਦੇ ਤੇ ਉਨ੍ਹਾਂ ਦੇ ਪੈਰਾਂ ‘ਤੇ ਸਿਰ ਰੱਖ ਕੇ ਮੱਥਾ ਟੇਕਦੇ। ਜਨਰਲ ਸਾਹਿਬ ਆਖਦੇ ਕਿ ਸਾਨੂੰ ਕਿਸੇ ਜੇਲ੍ਹ ਵਿਚ ਭੇਜੋ।
ਅਖੀਰ ਉਨ੍ਹਾਂ ਨੇ ਮੋਰਚਾ ਲਾ ਦਿੱਤਾ ਤੇ ਭੁੱਖ ਹੜਤਾਲ ‘ਤੇ ਬੈਠ ਗਏ। ਆਪ ਉਹ ਸਾਰਾ ਦਿਨ ਬੈਠਦੇ ਤੇ ਸਾਨੂੰ ਪੰਜ-ਪੰਜ ਜਾਣਿਆਂ ਨੂੰ ਚਾਰ-ਚਾਰ ਘੰਟੇ ਬਹਾਲਦੇ। ਉਹ ਵੀ ਤੇ ਅਸੀਂ ਵੀ ਸਾਰਾ ਦਿਨ ਸਿਰਫ ਕਛਹਿਰਿਆਂ ਵਿਚ ਹੀ ਹੜਤਾਲ ‘ਤੇ ਬੈਠਦੇ ਤੇ ਸਿਖਰ ਦੁਪਹਿਰ ਨੂੰ ਸਾਡੀਆਂ ਦੇਹਾਂ ‘ਤੇ ਪਸੀਨੇ ਦੀਆਂ ਤਤੀਰ੍ਹੀਆਂ ਇੰਜ ਵਗਦੀਆਂ, ਜਿਵੇਂ ਪਰਬਤਾਂ ਤੋਂ ਪਾਣੀ ਦੀਆਂ ਕੁਲ੍ਹਾਂ ਵਗਦੀਆਂ ਹੋਣ। ਪੁਲਿਸ ਅਫਸਰਾਂ ਨੂੰ ਸਿਰਫ ਉਨ੍ਹਾਂ ਦਾ ਫਿਕਰ ਸੀ ਤੇ ਉਨ੍ਹਾਂ ਨੂੰ ਸਿਰਫ ਸਾਡਾ।
ਜਲਦੀ ਸਮਝੌਤਾ ਹੋ ਗਿਆ ਤੇ ਸਾਡਾ ਜਥਾ ਵੀ ਦੋ ਹਿੱਸਿਆਂ ਵਿਚ ਵੰਡ ਹੋ ਗਿਆ। ਅੱਧਾ ਹਿੱਸਾ ਜਨਰਲ ਸਾਹਿਬ ਨਾਲ ਕਿਤੇ ਹੋਰ ਭੇਜ ਦਿੱਤਾ ਗਿਆ ਤੇ ਸਾਨੂੰ ਲੁਧਿਆਣੇ ਦੇ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਕਪੂਰਥਲੇ ਭੇਜ ਦਿੱਤਾ। ਅਸੀਂ ਨੌਜੁਆਨ ਜਨਰਲ ਸਾਹਿਬ ਦੇ ਜਥੇ ਵਿਚ ਜਾਣਾ ਚਾਹੁੰਦੇ ਸਾਂ, ਪਰ ਉਨ੍ਹਾਂ ਨੇ ਵਿਛੜਨ ਸਮੇਂ ਸਾਨੂੰ ਕਲਾਵੇ ਭਰ ਭਰ ਆਖਿਆ ਕਿ ਥੋੜ੍ਹੇ ਦਿਨਾਂ ‘ਚ ਮੋਰਚਾ ਫਤਿਹ ਹੋਣ ਵਾਲਾ ਹੈ ਤੇ ਜਲਦੀ ਹੀ ਅਸੀਂ ਅੰਮ੍ਰਿਤਸਰ ਮਿਲਾਂਗੇ। ਉਨ੍ਹਾਂ ਨੇ ਮੈਨੂੰ ਪੜ੍ਹਦੇ ਰਹਿਣ ਦੀ ਨਸੀਹਤ ਦਿੱਤੀ।
ਅਸੀਂ ਕਪੂਰਥਲਾ ਜੇਲ੍ਹ ਵਿਚ ਆ ਗਏ ਤੇ ਰੋਜ਼ ਕਿਤਿਉਂ ਫਲ ਤੇ ਹੋਰ ਖਾਣ ਪੀਣ ਦਾ ਸਮਾਨ ਆ ਜਾਂਦਾ। ਨੌਰੇ ਦਾ ਬਾਬਾ ਹਰੀ ਸਿੰਘ ਵੰਨ-ਸਵੰਨੀਆਂ ਗਾਲ੍ਹਾਂ ਦੇ ਨਾਲ ਨਾਲ ਲੰਗਰ ਵਰਤਾਉਂਦਾ ਤੇ ਮੌਜ ਮੇਲਾ ਲਾਈ ਰੱਖਦਾ। ਰੋਜ਼ ਸ਼ਾਮ ਨੂੰ ਦੀਵਾਨ ਸੱਜਦਾ, ਜਿਹਦੇ ਵਿਚ ਸਾਰੇ ਕੁਝ ਨਾ ਕੁਝ ਬੋਲਦੇ, ਮੇਰੇ ਤੋਂ ਰੋਜ਼ ਕਿਸੇ ਨਵੀਂ ਗੱਲ ਦੀ ਤਵੱਕੋ ਰੱਖਦੇ। ਕਈ ਕਿਤਾਬਾਂ ਮੈਂ ਘਰੋਂ ਲੈ ਗਿਆ ਸਾਂ ਤੇ ਕੁਝ ਜੇਲ੍ਹ ਦੀ ਲਾਇਬਰੇਰੀ ਵਿਚੋਂ ਕਢਵਾ ਲਈਆਂ ਸਨ। ਨਵੇਂ ਨਵੇਂ ਤੱਥ ਅਤੇ ਸੱਚ ਲੱਭਣ ਦਾ ਮੈਨੂੰ ਮੁਢੋਂ ਹੀ ਸ਼ੌਕ ਸੀ। ਇਸ ਜੇਲ੍ਹ ਵਿਚ ਸਾਡੇ ਤੋਂ ਪਹਿਲਾਂ ਕੈਪਟਨ ਕਮਲਜੀਤ ਸਿੰਘ ਵੀ ਆਇਆ ਹੋਇਆ ਸੀ ਤੇ ਹਰ ਰੋਜ਼ ਟੂਟੀਆਂ ‘ਤੇ ਸਭ ਤੋਂ ਬਾਅਦ ਨਹਾਉਂਦਾ ਹੁੰਦਾ ਸੀ। ਮੇਰੇ ਪਿੰਡ ਦਾ ਦੋਸਤ ਪਾਲਾ ਤੇ ਮੈਂ ਵੀ ਉਸੇ ਵਕਤ ਨਹਾਉਂਦੇ ਸਾਂ। ਉਹ ਸਾਡੇ ਨਾਲ ਕਾਫੀ ਘੁਲ ਮਿਲ ਗਿਆ ਸੀ ਤੇ ਨਹਾਉਣ ਪਿਛੋਂ ਸਾਨੂੰ ਆਪਣੀ ਬੈਰਕ ਵਿਚ ਲੈ ਜਾਂਦਾ। ਪਤਾ ਨਹੀਂ ਕਿਉਂ ਉਹ ਸਾਨੂੰ ਮੋਰਚੇ ਦੇ ਹੱਕ ਵਿਚ ਨਹੀਂ ਸੀ ਲੱਗਦਾ ਤੇ ਅਕਾਲੀਆਂ ਦੀਆਂ ਕਮਜ਼ੋਰੀਆਂ ਵੀ ਦੱਸਦਾ ਰਹਿੰਦਾ ਸੀ। ਉਹਦੀਆਂ ਗੱਲਾਂ ਵਿਚ ਦਮ ਹੁੰਦਾ ਸੀ।
ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ ਸਨ ਤੇ ਸਰਕਾਰ ‘ਤੇ ਜ਼ਬਰਦਸਤ ਦਬਾਉ ਬਣ ਗਿਆ ਸੀ। ਸਰਕਾਰ ਨੇ ਅਕਾਲੀਆਂ ਅੱਗੇ ਗੋਡੇ ਟੇਕਣ ਦੀ ਥਾਂ ਸਾਰੇ ਅਕਾਲੀ ਰਾਤ ਸਮੇਂ ਜੇਲ੍ਹਾਂ ਵਿਚੋਂ ਬਾਹਰ ਕੱਢ ਦਿਤੇ। ਬੜਾ ਹੰਗਾਮਾ ਹੋਇਆ ਤੇ ਅਸੀਂ ਸਟੇਟ ਸਾਹਿਬ ਗੁਰਦੁਆਰੇ ਚਲੇ ਗਏ। ਪਤਾ ਲੱਗਾ ਕਿ ਕੈਪਟਨ ਕਮਲਜੀਤ ਸਿੰਘ ਹਸਪਤਾਲ ਵਿਚ ਹਨ। ਅਸੀਂ ਉਨ੍ਹਾਂ ਦੀ ਖਬਰ ਲੈਣ ਗਏ ਤੇ ਉਹ ਲਹੂ ਲੁਹਾਨ ਹੋਏ ਪਏ ਸਨ। ਉਨ੍ਹਾਂ ਨੂੰ ਜਖਮੀ ਹਾਲਤ ਵਿਚ ਦੇਖ ਕੇ ਸਾਡਾ ਖੂਨ ਖੌਲਣ ਲੱਗ ਪਿਆ ਤੇ ਅਸੀਂ ਘਰ ਮੁੜਨ ਦੀ ਥਾਂ ਸੁਲਤਾਨਪੁਰ ਲੋਧੀ ਚਲੇ ਗਏ ਤੇ ਉਥੋਂ ਕਿਸੇ ਹੋਰ ਜਥੇ ਵਿਚ ਸ਼ਾਮਲ ਹੋ ਕੇ ਫਿਰ ਅੰਮ੍ਰਿਤਸਰ ਚਲੇ ਗਏ।
ਉਥੇ ਪਹਿਲੇ ਦਿਨ ਹੀ ਸਾਨੂੰ ਗੁਰੂ ਰਾਮਦਾਸ ਜੀ ਦੀ ਸਰਾਂ ਦੇ ਸਾਹਮਣੇ ਜਨਰਲ ਸੁਬੇਗ ਸਿੰਘ ਮਿਲ ਪਏ ਤੇ ਉਨ੍ਹਾਂ ਸਾਡਾ ਹਾਲ-ਚਾਲ ਪੁੱਛਿਆ। ਅਸੀਂ ਦੱਸਿਆ ਕਿ ਹੁਣ ਅਸੀਂ ਘਰ ਵਾਪਸ ਨਹੀਂ ਜਾਣਾ। ਉਨ੍ਹਾਂ ਨੇ ਸਾਨੂੰ ਸਰਾਂ ਵਿਚ ਕਮਰਾ ਲੈ ਦਿੱਤਾ ਤੇ ਅਸੀਂ ਉਥੇ ਹੀ ਆਸਣ ਲਾ ਲਿਆ।
ਮੇਰਾ ਦੋਸਤ ਪਾਲਾ ਤੇ ਮੈਂ ਰੋਜ਼ ਸਵੇਰੇ ਇਸ਼ਨਾਨ ਕਰਕੇ ਤਿਆਰ ਹੋ ਜਾਂਦੇ ਤੇ ਆਪਣੇ ਜੇਲ੍ਹ ਮਿੱਤਰ ਹਰਭਜਨ ਸਿੰਘ ਦੇ ਨਾਲ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦੀਆਂ ਪੌੜੀਆਂ ਦੇ ਹੇਠ ਵਾਲੇ ਕਮਰੇ ਵਿਚ ਭਾਈ ਅਮਰੀਕ ਸਿੰਘ ਕੋਲ ਚਲੇ ਜਾਂਦੇ। ਉਹ ਮੇਰੇ ਨਾਲ ਸਿੱਖ ਨੈਸ਼ਨਲ ਕਾਲਜ, ਬੰਗਾ ਦੀਆਂ ਗੱਲਾਂ ਕਰਨ ਲੱਗ ਜਾਂਦੇ ਤੇ ਪ੍ਰੋਫੈਸਰਾਂ ਬਾਰੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ। ਮੈਨੂੰ ਯਾਦ ਹੈ ਕਿ ਮੇਰੇ ਸ਼ੌਕ ਦਾ ਅਤਾ-ਪਤਾ ਜਾਣ ਕੇ ਉਨ੍ਹਾਂ ਨੇ ਮੈਨੂੰ ਐਂਟਾਰਕਟਿਕਾ ਦਾ ਸਹੀ ਉਚਾਰਣ ਪੁੱਛਿਆ ਸੀ। ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਂ ਇੰਜ ਲੈਂਦੇ ਸਨ, ਜਿਵੇਂ ਉਹ ਪੰਥ ਦਾ ਮੁੰਡੂ ਹੋਵੇ।
ਉਥੋਂ ਉਠ ਕੇ ਅਸੀਂ ਅਕਾਲੀ ਦਲ ਤਲਵੰਡੀ ਦੇ ਦਫਤਰ ਚਲੇ ਜਾਂਦੇ, ਜਿੱਥੇ ਸਾਡੇ ਇਲਾਕੇ ਦੇ ਪਿੰਡ ਬੱਬਰ ਮਜਾਰੇ ਦੇ ਜਥੇਦਾਰ ਤਰਲੋਚਨ ਸਿੰਘ ਬੈਠੇ ਹੁੰਦੇ। ਉਹ ਤਲਵੰਡੀ ਅਕਾਲੀ ਦਲ ਦੇ ਪ੍ਰਾਪੇਗੰਡਾ ਸੈਕਟਰੀ ਸਨ। ਉਹ ਏਨੇ ਗਾਲ੍ਹਖੰਡੇ ਸਨ ਕਿ ਵੀਹ ਵੀਹ ਗਾਲ੍ਹਾਂ ‘ਕੱਠੀਆਂ ਹੀ ਕੱਢ ਲੈਂਦੇ ਸਨ। ਸ਼ਹਿਰ ਦੇ ਖੱਤਰੀ ਸਿੱਖਾਂ ਦੀਆਂ ਜਨਾਨੀਆਂ ਨੂੰ ਭਾਪਣਾ ਕਹਿ ਕਹਿ ਮਜ਼ੇ ਲੈਂਦੇ ਸਨ। ਜਦ ਉਨ੍ਹਾਂ ਨੂੰ ਕੋਈ ਮਿੱਤਰ ਮਿਲਣ ਆਉਂਦਾ ਤਾਂ ਉਹ ਦੂਰੋਂ ਹੀ ਇਕ ਦੂਜੇ ਨੂੰ ਤੀਹ ਤੀਹ ਗਾਲ੍ਹਾਂ ਕੱਢ ਕੇ ਜੱਫੀ ਪਾਉਂਦੇ। ਮਾਂ ਭੈਣ ਦੀ ਗਾਲ੍ਹ ਨੂੰ ਤਾਂ ਉਹ ਗਾਲ੍ਹ ਹੀ ਨਹੀਂ ਸਨ ਸਮਝਦੇ। ਧੀ ਦੀ ਗਾਲ੍ਹ ਤੋਂ ਉਹ ਗਾਲ੍ਹਾਂ ਦਾ ਇੰਜਣ ਸਟਾਰਟ ਕਰਦੇ ਸਨ। ਵਿਚ ਵਿਚ ਉਹ ਸਾਨੂੰ ਖੁਸ਼ ਕਰਨ ਵਾਲੇ ਟੋਟਕੇ ਛੱਡਦੇ ਰਹਿੰਦੇ। ਦਫਤਰ ਵਿਚ ਕੰਧਾਂ ‘ਤੇ ਟੰਗੀਆਂ ਅਕਾਲੀ ਦਲ ਦੇ ਸਾਬਕਾ ਪ੍ਰਧਾਨਾਂ ਦੀਆਂ ਤਸਵੀਰਾਂ ਸ਼ਰਮ ਨਾਲ ਨੱਕ ਡੋਬਣ ਨੂੰ ਕਰਦੀਆਂ। ਅਸਲੀ ਅਕਾਲੀ ਦਲ ਦੇ ਇਸ ‘ਪੰਥਕ’ ਮਾਹੌਲ ਤੋਂ ਥੱਕ ਕੇ ਅਸੀਂ ਬਾਹਰ ਨਿਕਲਦੇ ਤੇ ਪੰਜ ਮਿੰਟ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ।
ਫਿਰ ਅਸੀਂ ਮੰਜੀ ਸਾਹਿਬ ਦੀਵਾਨ ਹਾਲ ਵਿਚ ਚਲੇ ਜਾਂਦੇ ਤੇ ਵੰਨ-ਸੁਵੰਨੀਆਂ ਤਕਰੀਰਾਂ ਸੁਣਦੇ। ਖੁਸ਼ਵੰਤ ਸਿੰਘ ਨੂੰ ਪਹਿਲੀ ਵਾਰ ਮੈਂ ਇੱਥੇ ਦੇਖਿਆ ਸੀ। ਸਟੇਜ ਸਕੱਤਰ ਇਕਬਾਲ ਸਿੰਘ ਲਾਂਧੜਾ ਦੀ ਭਰਵੀਂ ਤੇ ਗੂੰਜਵੀਂ ਅਵਾਜ਼ ਸਾਨੂੰ ਕੀਲ ਲੈਂਦੀ। ਦੀਵਾਨ ਹਾਲ ਦੇ ਸਪੀਕਰਾਂ ‘ਚੋਂ ਉਹਦਾ ਐਲਾਨ ਕਿ “ਹੁਣ ਤੁਹਾਡੇ ਸਾਹਮਣੇ ਆ ਰਹੇ ਹਨ ਡਿਕਟੇਟਰ ਧਰਮ-ਯੁੱਧ ਮੋਰਚਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੰਤ ਬਾਬਾ ਹਰਚੰਦ ਸਿੰਘ ਸਿੰਘ ਲੌਭਗੋਵਾਲ” ਸੁਣ ਕੇ ਸਾਡੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਤੇ ਕੰਨਾਂ ‘ਚ ਕੀੜੇ ਜਿਹੇ ਬੋਲਣ ਲੱਗ ਜਾਂਦੇ।
ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਸਵੇਰੇ ਸਵੇਰੇ ਅਖਬਾਰਾਂ ਵਾਲੇ ਬਜਾਜੀ ਵਾਲਿਆਂ ਵਾਂਗ ਸਾਈਕਲ ਲੱਦ ਕੇ ਲਿਆਉਂਦੇ ਤੇ ਮਿੰਟੋ ਮਿੰਟੀ ਵਿਹਲੇ ਹੋ ਜਾਂਦੇ। ਅਖਬਾਰ ਲੈਣ ਲਈ ਉਥੇ ਖੜ੍ਹਨਾ ਪੈਂਦਾ ਸੀ। ਇਕ ਦਿਨ ਸ਼ ਲਾਂਧੜਾ ਅਖਬਾਰ ਲੈ ਰਹੇ ਸਨ ਤਾਂ ਮੈਂ ਫਤਿਹ ਬੁਲਾ ਦਿਤੀ। ਉਨ੍ਹਾਂ ਮੇਰਾ ਪਿੰਡ ਪੁੱਛਿਆ ਤੇ ਮੈਂ ਉਨ੍ਹਾਂ ਦਾ। ਉਹ ਕਹਿਣ ਲੱਗੇ, ‘ਥਲੇ ਦੇ ਕੋਲ ਹੈ।’ ਮੈਂ ਖੁਸ਼ ਹੋ ਗਿਆ, ਕਿਉਂਕਿ ਉਹ ਥਲੇ ਤੋਂ ਮੇਰੇ ਫੁੱਫੜ ਮਿਲਖਾ ਸਿੰਘ ਨੂੰ ਜਾਣਦੇ ਸਨ। ਉਹ ਸਾਨੂੰ ਆਪਣੇ ਕਮਰੇ ਵਿਚ ਲੈ ਗਏ। ਉਨ੍ਹਾਂ ਆਪਣੇ ਕਮਰੇ ‘ਚ ਆਪ ਚਾਹ ਬਣਾਈ ਤੇ ਸਾਨੂੰ ਪਿਲਾਈ।
ਮੈਂ ਉਨ੍ਹਾਂ ਨੂੰ ਮੋਰਚੇ ਦੀ ਕਾਮਯਾਬੀ ਬਾਰੇ ਪੁੱਛਿਆ। ਕਹਿਣ ਲੱਗੇਮ “ਮੋਰਚਾ ਤਾਂ ਕਾਮਯਾਬ ਹੋ ਜਾਣਾ ਸੀ, ਪਰ ਆਹ ਸਾਧੜੇ ਨੇ ਕੰਮ ਖਰਾਬ ਕਰ ਦਿੱਤਾ। ਟੈਮ ਇਹਨੂੰ ਦੇਣਾ ਪੈਂਦਾ ਤੇ ਇਹ ਟੌਂਕਣ ਲੱਗ ਪੈਂਦਾ। ਮੋਰਚੇ ਦਾ ਸੱਤਿਆਨਾਸ ਮਾਰ ਕੇ ਰੱਖ ਦਿੱਤਾ, ਸੰਤ ਜੀ ਬਹੁਤ ਪ੍ਰੇਸ਼ਾਨ ਰਹਿੰਦੇ ਹਨ।” ਉਹ ਗਾਲ੍ਹਾਂ ਬਿਲਕੁਲ ਨਹੀਂ ਸੀ ਕੱਢਦਾ, ਪਰ ਉਹਤੋਂ ਉਰੇ ਉਰੇ ਦੇ ਕੌੜੇ ਲਫਜ਼ ਸਾਰੇ ਬੋਲ ਦਿੱਤੇ। ਉਹਨੇ ਸਾਨੂੰ ਉਥੇ ਤੁਰੀ ਫਿਰਦੀ ਅਸ਼ਲੀਲ ਅਫਵਾਹ ਬਾਬਤ ਵੀ ਚਾਨਣਾ ਪਾਇਆ ਕਿ ਉਹ ਰਾਤ ਨੂੰ ਕਿੱਥੇ ਹੁੰਦੀ ਹੈ ਤੇ ਦਿਨੇ ਕਿੱਥੇ! ਉਹਨੇ ਸਾਨੂੰ ਇਹ ਵੀ ਦੱਸਿਆ ਕਿ ਉਹ ਅਫਵਾਹਾਂ ਦੀ ਮਲਿਕਾ ਕਿਹਨੂੰ ਕਿਹਨੂੰ ਮੂਰਖ ਬਣਾਉਂਦੀ ਹੈ ਤੇ ਕਿਹਦੇ ਕਿਹਦੇ ਤੋਂ ਖੁਦ ਮੂਰਖ ਬਣਦੀ ਹੈ। ਉਹਦੀਆਂ ਗੱਲਾਂ, ਜੋ ਅਸੀਂ ਸੁਣੀਆਂ ਸਨ, ਉਨ੍ਹਾਂ ਨੂੰ ਮੇਰੇ ਲਈ ਲਿਖਣਾ ਵੀ ਮੁਸ਼ਕਿਲ ਹੈ ਤੇ ਕਿਸੇ ਲਈ ਪੜ੍ਹਨਾ ਉਹਤੋਂ ਵੀ ਮੁਸ਼ਕਿਲ।
ਫਿਰ ਅਸੀਂ ਅਕਸਰ ਉਹਦੇ ਕਮਰੇ ਵਿਚ ਜਾਣ ਲੱਗ ਪਏ। ਉਹਦੀਆਂ ਗੱਲਾਂ ਤੋਂ ਅਸੀਂ ਸ਼ਸ਼ੋਪੰਜ ਵਿਚ ਪੈ ਜਾਂਦੇ ਤੇ ਮੋਰਚੇ ਦੇ ਠੀਕ ਜਾਂ ਗਲਤ ਹੋਣ ਦਾ ਕੱਖ ਪਤਾ ਨਾ ਲੱਗਦਾ। ਅੰਦਰ ਦਾ ਹੀਜ-ਪਿਆਜ ਜਾਣ ਕੇ ਸਾਡੇ ਜਜ਼ਬਾਤ ਰੁੰਡ ਮਰੁੰਡ ਹੋ ਗਏ ਸਨ ਤੇ ਅਸੀਂ ਲੁੱਟੇ ਲੁੱਟੇ ਜਿਹੇ ਮਹਿਸੂਸ ਕਰਦੇ। ਨਾ ਸਾਨੂੰ ਉਥੇ ਕੀਰਤਨ ਵਾਲੀ ਸਿੱਖੀ ਦੇ ਦਰਸ਼ਨ ਹੁੰਦੇ ਤੇ ਨਾ ਢਾਡੀ ਵਾਰਾਂ ਵਾਲੇ ਇਤਿਹਾਸ ਦੇ। ਜੋ ਕੁਝ ਉਥੇ ਸੀ, ਉਹ ਕੁਝ ਬੰਦਿਆਂ ਦੀ ਹੈਂਕੜ ਸੀ, ਜਿਹਨੂੰ ਉਹ ਨਫਰਤ ਦੀ ਚਾਸ਼ਣੀ ਵਿਚ ਰਾੜ੍ਹਦੇ ਰਹਿੰਦੇ ਸਨ ਤੇ ਇਹਨੂੰ ਉਹ ਸਿੱਖ ਸਿਆਸਤ ਸਮਝਦੇ ਸਨ।
ਮੇਰੇ ਮਨ ਵਿਚ ਸੀ ਕਿ ਜੇ ਕੋਈ ਸਿਆਣਾ ਵਿਦਵਾਨ ਹੋਵੇ ਤਾਂ ਮੋਰਚੇ ਨੂੰ ਬੰਨੇ ਕੰਢੇ ਲਾਉਣ ਲਈ ਇਨ੍ਹਾਂ ਨੂੰ ਸੁਮੱਤ ਦੇਵੇ। ਇਕ ਦਿਨ ਅਚਾਨਕ ਖਬਰ ਲੱਗੀ ਕਿ ਅਕਾਲੀ ਦਲ ਨੇ ਬੁੱਧੀਜੀਵੀਆਂ ਨੂੰ ਬੁਲਾਇਆ ਹੈ ਕਿ ਉਹ ਮੰਝਧਾਰ ‘ਚ ਫਸੇ ਮੋਰਚੇ ਨੂੰ ਕੰਢੇ ਲਾਉਣ ਲਈ ਕੋਈ ਸੁਝਾ ਦੇਣ। ਬੰਗੇ ਤੋਂ ਮੇਰੇ ਅਧਿਆਪਕ ਪ੍ਰੋ. ਹਰਪਾਲ ਸਿੰਘ ਮੈਨੂੰ ਮਿਲਣ ਆਏ ਹੋਏ ਸਨ ਤੇ ਅਸੀਂ ਸੋਚ ਰਹੇ ਸਾਂ ਕਿ ਕਿਸੇ ਨੂੰ ਕਹੀਏ ਬੁੱਧੀ-ਜੀਵੀਆਂ ਦੀ ਉਸ ਮੀਟਿੰਗ ਵਿਚ ਭਾਈ ਸਾਹਿਬ ਕਪੂਰ ਸਿੰਘ ਨੂੰ ਜ਼ਰੂਰ ਬੁਲਾਇਆ ਜਾਵੇ।
ਇਕ ਸ਼ਾਮ ਨੂੰ ਅਸੀਂ ਮੁੱਖ ਗੇਟ ਦੇ ਬਾਹਰ ਅੰਮ੍ਰਿਤਸਰ ਦਾ ਮਸ਼ਹੂਰ ਮਲਾਈ ਵਾਲਾ ਦੁੱਧ ਪੀ ਕੇ ਵਾਪਸ ਆ ਰਹੇ ਸਾਂ ਕਿ ਸਰਾਂ ਦੇ ਬਾਹਰ ਸਾਨੂੰ ਕੁਝ ਵਿਦਿਆਰਥੀ ਮਿਲੇ, ਜੋ ਤਾਮਿਲਨਾਡੂ ਤੋਂ ਆਏ ਸਨ। ਪ੍ਰੋ. ਸਾਹਿਬ ਤੇ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਏ। ਅਸੀਂ ਬੜੇ ਹੈਰਾਨ ਹੋਏ ਕਿ ਉਹ ਧਰਮ-ਯੁੱਧ ਮੋਰਚੇ ਤੋਂ ਬੜੇ ਹੀ ਉਤਸ਼ਾਹਿਤ ਸਨ ਤੇ ਸੰਤ ਲੌਂਗੋਵਾਲ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਉਸੇ ਵਕਤ ਤੇਜਾ ਸਿੰਘ ਸਮੁੰਦਰੀ ਹਾਲ ਦੇ ਉਸ ਕਮਰੇ ਵਿਚ ਲੈ ਗਏ, ਜਿਥੇ ਸੰਤ ਲੌਂਗੋਵਾਲ ਰਹਿੰਦੇ ਸਨ।
ਦਰਬਾਨ ਨੂੰ ਪੁੱਛ ਕੇ ਅਸੀਂ ਅੰਦਰ ਚਲੇ ਗਏ। ਅਸੀਂ ਦੇਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਝਿਲਮਿਲ ਝਿਲਮਿਲ ਕਰਦਾ ਖੂਬਸੂਰਤ ਨਜ਼ਾਰਾ ਉਸ ਕਮਰੇ ਦੀ ਖਿੜਕੀ ਦੇ ਐਨ ਸਾਹਮਣੇ ਸੀ। ਸੰਤ ਲੌਂਗੋਵਾਲ ਦੇ ਨਾਲ ਉਸ ਕਮਰੇ ਵਿਚ ਬਲਵੰਤ ਸਿੰਘ ਰਾਮੂਵਾਲੀਆ ਬੈਠਾ ਸੀ। ਤਾਮਿਲ ਵਿਦਿਆਰਥੀਆਂ ਦੇ ਮਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਤੇ ‘ਕੱਲੇ ‘ਕੱਲੇ ਨੇ ਸੰਤ ਲੌਂਗੋਵਾਲ ਦੇ ਪੈਰਾਂ ਨਾਲ ਆਪਣੇ ਮੱਥੇ ਸਪਰਸ਼ ਕੀਤੇ। ਉਨ੍ਹਾਂ ਨੇ ਸਾਨੂੰ ਸਭ ਨੂੰ ਦੁੱਧ ਛਕਾਇਆ।
ਪ੍ਰੋ. ਹਰਪਾਲ ਸਿੰਘ ਨੇ ਮਲਕੜੇ ਜਿਹੇ ਗੱਲ ਸ਼ੁਰੂ ਕੀਤੀ ਕਿ ਬੁੱਧੀਜੀਵੀਆਂ ਦੀ ਮੀਟਿੰਗ ਵਿਚ ਭਾਈ ਕਪੂਰ ਸਿੰਘ ਨੂੰ ਵੀ ਬੁਲਾਇਆ ਜਾਵੇ। ਸੰਤ ਲੌਂਗੋਵਾਲ ਕਹਿਣ ਲੱਗੇ, “ਬੁਲਾ ਤਾਂ ਲਈਏ, ਪਰ ਉਹ ਹੋਰ ਹੀ ਗੱਲਾਂ ਕਰਨ ਲੱਗ ਪੈਂਦੇ ਨੇ।” ਉਨ੍ਹਾਂ ਦੀ ਗੱਲ ਨੂੰ ਵਿਚੇ ਟੋਕ ਕੇ ਸ਼ ਰਾਮੂਵਾਲੀਆ ਕਹਿਣ ਲੱਗੇ, “ਬੁਲਾਂਵਾਂਗੇ, ਬੁਲਾਂਵਾਂਗੇ, ਜ਼ਰੂਰ ਬੁਲਾਂਵਾਂਗੇ, ਕਿਉਂ ਨਹੀਂ ਬੁਲਾਂਵਾਂਗੇ!” ਇਹ ਜਵਾਬ ਸੁਣ ਕੇ ਤਾਮਿਲ ਵਿਦਿਆਰਥੀ ਵੀ ਚਲੇ ਗਏ ਤੇ ਅਸੀਂ ਵੀ ਬਾਹਰ ਆ ਗਏ। ਸਾਨੂੰ ਯਕੀਨ ਹੋ ਗਿਆ ਕਿ ਇਹ ਕਿਸੇ ਕੀਮਤ ‘ਤੇ ਵੀ ਭਾਈ ਕਪੂਰ ਸਿੰਘ ਨੂੰ ਨਹੀਂ ਬੁਲਾਉਣਗੇ, ਕਿਉਂਕਿ ਉਨ੍ਹਾਂ ਲਈ ਵੱਡੇ ਤੋਂ ਵੱਡਾ ਬੁੱਧੀਜੀਵੀ ਪ੍ਰੋ. ਬੱਲੂਆਣਾ ਸੀ।
ਅਸੀਂ ਅਕਸਰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਕੇ ਸੱਚਖੰਡ ਵਿਖੇ ਭਾਈ ਸਾਹਿਬਾਨ ਦੇ ਐਨ ਸਾਹਮਣੇ ਬਿਰਾਜ ਜਾਂਦੇ। ਕੀਰਤਨ ਦਾ ਅਨੰਦ ਮਾਣਦੇ, ਆਪਣੇ ਵਿਚਾਰਾਂ ਨੂੰ ਸ਼ਬਦ ਦੀ ਸਾਣ ‘ਤੇ ਚਾੜ੍ਹਦੇ ਤੇ ਵਿਗੜੇ ਹੋਏ ਜਜ਼ਬਾਤ ਨੂੰ ਥਾਂ ਸਿਰ ਕਰਨ ਦੀ ਕੋਸ਼ਿਸ਼ ਕਰਦੇ। ਅਰਦਾਸ ਵਿਚ ਸ਼ਾਮਲ ਹੋ ਕੇ ਮਨ ਸ਼ਾਂਤ ਹੋ ਜਾਂਦਾ ਅਤੇ ਹੁਕਮਨਾਮਾ ਸੁਣ ਕੇ ਦਿਲ ਨੂੰ ਰਾਹਤ ਮਿਲਦੀ ਤੇ ਧਰਮ-ਯੁੱਧ ਵਿਚ ਯਕੀਨ ਬੱਝਦਾ। ਰੋਜ਼ ਇਹੀ ਸਿਲਸਿਲਾ ਚੱਲਦਾ ਰਹਿੰਦਾ। ਖੂਹ ਦੀਆਂ ਟਿੰਡਾਂ ਵਾਂਗ ਇੱਧਰੋਂ ਭਰ ਕੇ ਉਧਰ ਚਲੇ ਜਾਂਦੇ ਤੇ ਉਧਰੋਂ ਖਾਲੀ ਹੋ ਕੇ ਇਧਰ ਆ ਜਾਂਦੇ।
ਮੋਰਚੇ ਵਾਲੇ ਪਾਸੇ ਬਹੁਤੇ ਲੋਕ ਇਤਿਹਾਸ ਦੇ ਗਲਤ ਤੱਥਾਂ ਦੇ ਅੰਨ੍ਹੇ ਜੋਸ਼ ਤੇ ਅਨੋਭੜ ਜਜ਼ਬਾਤ ਨਾਲ ਭਰੇ ਭਕੁੰਨੇ ਮਿਲਦੇ ਸਨ। ਕੋਈ ਸਵਾਲ ਕਰ ਦੇਵੇ ਤਾਂ ਸਿਰ ਪਾੜਨ ਨੂੰ ਪੈਂਦੇ। ਕਿਸੇ ਪਾਸੇ ਦੀਰਘ ਵਿਚਾਰ, ਤਹੰਮਲ ਜਾਂ ਠਹਿਰਾਓ ਨਜ਼ਰ ਨਹੀਂ ਸੀ ਆਉਂਦੀ। ਜਿਵੇਂ ਗੁਰਬਾਣੀ ਦੇ ਹਰ ਸ਼ਬਦ ਵਿਚ ਰਹਾਉ ਹੈ, ਇਵੇਂ ਸਿੱਖ ਦੇ ਹਰ ਕਦਮ ਵਿਚ ਠਹਿਰਾਓ ਹੋਣਾ ਜ਼ਰੂਰੀ ਹੈ। ਅਸੀਂ ਆਪਣੀ ਜ਼ਿੰਦਗੀ ‘ਚੋਂ ਰਹਾਉ ਖਾਰਜ ਕਰ ਦਿੱਤੀ ਹੈ। ਮੈਂ ਸਮਝਦਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਰਹਾਉ ਨੂੰ ਵੀ ਕੇਂਦਰੀ ਉਪਦੇਸ਼ ਵਜੋਂ ਲਿਆ ਜਾ ਸਕਦਾ ਹੈ।
ਮੇਰੇ ਕਹੇ ਜਾਂ ਚਿਤਵੇ ਕੁਝ ਵੀ ਹੋਣ ਵਾਲਾ ਨਹੀਂ ਸੀ। ਇਕ ਦਿਨ ਅਸੀਂ ਫਿਰ ਜਲੰਧਰ ਦੇ ਕਿਸੇ ਜਥੇ ਨਾਲ ਗ੍ਰਿਫਤਾਰੀ ਦੇ ਦਿੱਤੀ। ਪੁਲਿਸ ਸਾਨੂੰ ਬੱਸਾਂ ਵਿਚ ਚਾੜ੍ਹ ਕੇ ਨਸਰਾਲੇ ਦੇ ਸਰਕਾਰੀ ਸਕੂਲ ਵਿਚ ਲੈ ਗਈ। ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ‘ਮਰਜੀਵੜੇ’ ਆਏ ਹਨ, ਉਨ੍ਹਾਂ ਨੇ ਜੀ ਭਰ ਕੇ ਲੰਗਰ ਲਾ ਦਿੱਤੇ। ਖੀਰ, ਕੜਾਹ ਮੁੱਕਣ ‘ਚ ਨਾ ਆਉਂਦੇ। ਲੋਕ ਸਾਨੂੰ ਦੂਰੋਂ ਦੂਰੋਂ ਦੇਖਣ ਆਉਂਦੇ। ਸਾਨੂੰ ਕੋਈ ਰੋਕ-ਟੋਕ ਨਹੀਂ ਸੀ। ਪਾਲਾ ਮੇਰਾ ਜੀ ਲਾਈ ਰੱਖਦਾ ਤੇ ਮੈਂ ਉਹਦਾ। ਦਿਨੇ ਅਸੀਂ ਟਿੱਬਿਆਂ ‘ਚ ਘੁੰਮ ਫਿਰ ਆਉਂਦੇ। ਖੇਤਾਂ ‘ਚ ਚਲਦੀ ਬੰਬੀ ‘ਤੇ ਨਹਾ ਆਉਂਦੇ ਤੇ ਆ ਕੇ ਲੰਗਰ ਪਾਣੀ ਛਕ ਕੇ ਸੌਂ ਜਾਂਦੇ।
ਚਾਰ ਪੰਜ ਦਿਨ ਉਥੇ ਰਹੇ ਹੋਵਾਂਗੇ ਕਿ ਅਚਾਨਕ ਸਾਨੂੰ ਫਿਰ ਬੱਸਾਂ ਵਿਚ ਚਾੜ੍ਹ ਲਿਆ ਗਿਆ। ਸ਼ਾਮ ਵੇਲੇ ਬੱਸਾਂ ਚੱਲੀਆਂ ਤੇ ਸਾਨੂੰ ਅੱਧੀ ਰਾਤ ਨੂੰ ਐਵੇਂ ਹੀ ਕਿਤੇ ਉਤਾਰ ਦਿੱਤਾ। ਪੁੱਛ ਪੁਛਾ ਕੇ ਪਤਾ ਲੱਗਾ ਤਾਂ ਉਹ ਜਾਡਲਾ ਸੀ। ਇੱਥੋਂ ਸਾਡਾ ਪਿੰਡ ਚਾਰ-ਪੰਜ ਮੀਲ ਹੀ ਸੀ। ਪਿੰਡ ਨੇ ਸਾਨੂੰ ਆਪਣੇ ਵੱਲ ਖਿੱਚ ਲਿਆ ਤੇ ਅਸੀਂ ਤੜਕੇ ਜਿਹੇ ਆਪਣੇ ਘਰ ਚਲੇ ਗਏ।
ਘਰ ਦੇ ਬੜੇ ਖੁਸ਼ ਹੋਏ ਕਿ ਅਸੀਂ ਸਾਬਤ ਸਬੂਤੇ ਘਰ ਮੁੜ ਆਏ ਹਾਂ, ਪਰ ਉਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਅਸੀਂ ਜਿਹੋ ਜਿਹੇ ਗਏ ਸਾਂ, ਉਹੋ ਜਿਹੇ ਵਾਪਸ ਨਹੀਂ ਮੁੜੇ; ਖਾਲਸ ਗਏ ਸਾਂ ਤੇ ਖਲਾਸ ਹੋ ਕੇ ਪਰਤੇ ਸਾਂ। ਅਸੀਂ ਉਲਝੇ ਹੋਏ ਸਾਂ, ਟੁੱਟੇ ਹੋਏ ਤੇ ਬਿਖਰੇ ਹੋਏ ਸਾਂ। ਪਾਲਾ ਤੇ ਮੈਂ ਰੋਜ਼ ਮਿਲਦੇ ਤੇ ਮੋਰਚੇ ਦੀਆਂ ਗੱਲਾਂ ਕਰਕੇ ਹੱਸਦੇ ਰਹਿੰਦੇ। ਘਰ ਆ ਕੇ ਮੈਂ ਚੁੱਪ ਹੋ ਜਾਂਦਾ।
ਪਿਤਾ ਜੀ ਕਿਸੇ ਨਾਲ ਪੰਥ ਦੀਆਂ ਗੱਲਾਂ ਕਰਦੇ ਤਾਂ ਮੈਂ ਉਦਾਸ ਹੋ ਜਾਂਦਾ ਕਿ ਉਹ ਕਿਹੜੇ ਪੰਥ ਤੇ ਕਿਹੜੇ ਧਰਮ-ਯੁੱਧ ਦੀਆਂ ਗੱਲਾਂ ਕਰਦੇ ਹਨ। ਇਹ ਤਾਂ ਚੰਦ ਸਿਰਾਂ ਦੀ ਖਹਿਬਾਜ਼ੀ ਹੈ, ਜੋ ਇਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਨਿਕਲਣਾ ਚਾਹੁੰਦੇ ਹਨ। ਇਨ੍ਹਾਂ ਦਰਮਿਆਨ ਚਾਪਲੂਸਾਂ ਦੀ ਫੌਜ ਹੈ, ਜੋ ਇਨ੍ਹਾਂ ਦੇ ਭੇੜ ਵਿਚੋਂ ਕੁਝ ਨਾ ਕੁਝ ਹਥਿਆ ਲੈਣ ਦੀ ਤਾਕ ਵਿਚ ਬਲੀ ਦੇ ਬੱਕਰੇ ਬਣਦੇ ਹਨ ਤੇ ਹੱਥ ਪੱਲੇ ਕਿਸੇ ਦੇ ਕੱਖ ਨਹੀਂ ਲੱਗਦਾ।
ਜਿਸ ਦਿਨ ਮੈਂ ਮੋਰਚੇ ਨੂੰ ਤੁਰਿਆ ਸਾਂ ਤਾਂ ਬਹੁਤ ਸਾਰੇ ਨੀਲੇ ਲਿਫਾਫੇ ਨਾਲ ਲੈ ਗਿਆ ਸਾਂ। ਜਿੱਥੇ ਕਿਤੇ ਵੀ ਸਮਾਂ ਮਿਲਦਾ, ਮੈਂ ਕਿਸੇ ਨਾ ਕਿਸੇ ਨੂੰ ਖਤ ਲਿਖ ਦਿੰਦਾ। ਕਈ ਦਰਜਨ ਖਤ ਮੈਂ ਆਪਣੇ ਘਰ ਨੂੰ ਲਿਖੇ, ਜੋ ਮੇਰੇ ਵੱਡੇ ਭਾਈ ਨੇ ਸੰਭਾਲੇ ਹੋਏ ਸਨ। ਉਹਨੇ ਦੱਸਿਆ ਕਿ ਜਦ ਮੇਰਾ ਖਤ ਆਉਂਦਾ ਸੀ ਤਾਂ ਉਹਨੂੰ ਸੁਣਨ ਲਈ ਅੱਧਾ ਪਿੰਡ ‘ਕੱਠਾ ਹੋ ਜਾਂਦਾ ਸੀ। ਸੁਣ ਸੁਣ ਕੇ ਕਿਸੇ ਨੂੰ ਜੋਸ਼ ਚੜ੍ਹ ਜਾਂਦਾ ਸੀ ਤੇ ਕਿਸੇ ਦੀਆਂ ਅੱਖਾਂ ‘ਚੋਂ ਨੀਰ ਸਿੰਮ ਪੈਂਦਾ ਸੀ।
ਮੈਂ ਆਪਣੇ ਭਾਈ ਤੋਂ ਉਹ ਖਤ ਲੈ ਲਏ ਤੇ ਇਕ ਇਕ ਕਰਕੇ ਪੜ੍ਹਨ ਲੱਗਾ। ਮੈਂ ਦੇਖਿਆ ਕਿ ਉਹ ਖਤ ਗਲਤ ਇਤਿਹਾਸਕ ਤੱਥਾਂ ‘ਚੋਂ ਪੈਦਾ ਹੋਏ ਅੰਨੇ ਜੋਸ਼ ਤੇ ਅਨੋਭੜ ਜਜ਼ਬਾਤ ਦੀ ਉਪਜ ਸਨ। ਨਾ ਲਿਖਾਈ ਚੱਜਦੀ, ਨਾ ਸ਼ਬਦ-ਜੋੜ ਸਹੀ ਤੇ ਨਾ ਵਾਕ-ਬਣਤਰ। ਲੋਕਾਂ ਲਈ ਉਹ ਇਤਿਹਾਸਕ ਦਸਤਾਵੇਜ਼ ਸਨ, ਪਰ ਮੇਰੇ ਲਈ ਉਹ ਮੇਰੀ ਨਿਆਣਮੱਤ ਤੋਂ ਵਧ ਕੇ ਕੁਝ ਨਹੀਂ ਸਨ। ਮੈਂ ਉਹ ਸਾਰੇ ਖਤ ਪੜ੍ਹ ਵੀ ਨਾ ਸਕਿਆ ਤੇ ਉਸੇ ਤਰ੍ਹਾਂ ਲਪੇਟ ਕੇ ਰੱਖ ਦਿੱਤੇ। ਉਹ ਮੈਂ ਹੁਣ ਵੀ ਕਿਤੇ ਬੇਮਤਲਬ ਸਾਂਭ ਕੇ ਰੱਖੇ ਹੋਏ ਹਨ।