ਸਿੱਖ ਸਿਆਸਤ ਦੀ ਵੰਗਾਰ

ਭਾਰਤ ਵਿਚ ਕੌਮੀਅਤਾਂ ਦਾ ਮਸਲਾ ਬਹੁਤ ਗੁੰਝਲਦਾਰ ਬਣਿਆ ਹੋਇਆ ਹੈ, ਜਾਂ ਕਹੋ ਕਿ ਸਿਆਸਤਦਾਨਾਂ ਨੇ ਆਪਣੀ ਸੌੜੀ ਸਿਆਸਤ ਕਾਰਨ ਉਲਝਾ ਦਿੱਤਾ ਹੈ। ਪ੍ਰਸਿੱਧ ਅਮਰੀਕੀ ਲਿਖਾਰੀ ਕੇਟ ਬਰਾਊਨ ਨੇ ਆਪਣੀ ਅਹਿਮ ਕਿਤਾਬ ‘ਏ ਬਾਇਓਗ੍ਰਾਫੀ ਆਫ ਨੋ ਪਲੇਸ’ ਵਿਚ ਕੌਮੀਅਤਾਂ ਦੇ ਮਸਲੇ ਬਾਰੇ ਕੁਝ ਵੱਖਰੇ ਢੰਗ ਨਾਲ ਗੱਲਾਂ ਕੀਤੀਆਂ ਹਨ। ਇਸ ਕਿਤਾਬ ਨੂੰ ਆਧਾਰ ਬਣਾ ਕੇ ਮਰਹੂਮ ਵਿਦਵਾਨ ਸੁਰਜੀਤ ਹਾਂਸ ਨੇ ਸਿੱਖ ਸਿਆਸਤ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਸਨ, ਜਿਨ੍ਹਾਂ ਬਾਰੇ ਅਕਸਰ ਚਰਚਾ ਅਤੇ ਬਹਿਸ ਚੱਲਦੀ ਰਹਿੰਦੀ ਹੈ।

ਇਹ ਲਿਖਤ ਦੱਸਦੀ ਹੈ ਕਿ ਸਿਆਸਤ ਕਿਸ ਤਰ੍ਹਾਂ ਰੂਪ ਵਟਾਉਂਦੀ ਹੈ ਅਤੇ ਆਮ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਹੈ। -ਸੰਪਾਦਕ

ਸੁਰਜੀਤ ਹਾਂਸ

ਪ੍ਰੇਮ ਭਾਟੀਆ ‘ਟ੍ਰਿਬਿਊਨ’ ਦਾ ਐਡੀਟਰ ਹੁੰਦਾ ਸੀ ਤਾਂ ਕਿਸੇ ਦਿਨ ਖਾਲਿਸਤਾਨ ਦੇ ਖਤਰੇ ਦੀ ਖਬਰ ਛਪਣੀ ਤਾਂ ਦੂਜੇ ਦਿਨ ਖਬਰ ਲੱਗਣੀ ਕਿ ਖਾਲਿਸਤਾਨੀ ਤਰੱਦਦ ਠੁੱਸ ਹੋ ਗਿਆ। ਮਰਹੂਮ ਹਰਭਜਨ ਹਲਵਾਰਵੀ ਨੇ ਕਹਿਣਾ ਕਿ ਖਾਲਿਸਤਾਨ ਬਣੇ ਚਾਹੇ ਨਾ ਬਣੇ, ਪਰ ਭਾਟੀਏ ਨੇ ਜ਼ਰੂਰ ਬਣਾ ਦੇਣਾ ਹੈ।
ਹੁਣ ਵੀ ਖਾਲਿਸਤਾਨ ਦਾ ਖਤਰਾ ਕੈਨੇਡਾ ਵਿਚ ਰਹਿੰਦਾ ਹੈ। ਜੇ ਕੈਨੇਡਾ ਵਿਚ ਸਿੱਖ ਵਜ਼ੀਰ ਬਣੇ ਹਨ ਤਾਂ ਉਨ੍ਹਾਂ ਦੀ ਉਪਾਧੀ ਦਾ ਤੁਅੱਲਕ ਕੈਨੇਡਾ ਦੇ ਹਾਲਾਤ ਨਾਲ ਹੋਣਾ ਹੈ, ਨਾ ਕਿ ਪੰਜਾਬ ਵਿਚ ਖਾਲਿਸਤਾਨ ਬਣਾਉਣ ਨਾਲ। ਉਂਜ ਭਾਰਤੀ ਮੂਲ ਦੇ ਬੰਦਿਆਂ ਦੀਆਂ ਕੈਨੇਡਾ-ਅਮਰੀਕਾ ਵਿਚ ਨਿੱਕੀਆਂ ਮੋਟੀਆਂ ਪ੍ਰਾਪਤੀਆਂ ਦੀਆਂ ਖੁਸ਼ਖਬਰੀਆਂ ਛਪਦੀਆਂ ਰਹਿੰਦੀਆਂ ਹਨ।
ਮੇਰਾ ਸੰਦੇਹ ਹੈ ਕਿ ਵਸੋਂ ਅਤੇ ਮਹੱਤਤਾ ਦੇ ਅਨੁਪਾਤ ਤੋਂ ਬਾਹਰੀ ਸਿੱਖਾਂ ਦੀ ਕਿਉਂ ਚਰਚਾ ਹੁੰਦੀ ਰਹਿੰਦੀ ਹੈ? ਗੈਰ-ਸਿੱਖਾਂ ਨੂੰ ਕੋਈ ਤਕਲੀਫ ਮਹਿਸੂਸ ਹੋ ਰਹੀ ਹੈ, ਜੋ ਸਿੱਖਾਂ ਲਈ ਖਤਰਨਾਕ ਹੈ।
ਪੱਕੇ ਪ੍ਰਤੀਕਰਮ ਜਾਂ ਰਵੱਈਏ ਦੀ ਗੱਲ ਹੈ। ਕੋਈ ਅਖਬਾਰ, ਵਕਤਾ, ਲਿਖਾਰੀ ਜਦੋਂ ’84 ਦੇ ਸਿੱਖ-ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦਾ ਹੈ ਤਾਂ ਨਾਲ ਹੀ ਜ਼ਰੂਰ ‘ਇੰਦਰਾ ਗਾਂਧੀ ਦੇ ਕਤਲ ਮਗਰੋਂ’ ਲਿਖਦਾ ਹੈ। ਕੋਈ ਨਹੀਂ ਲਿਖਦਾ ‘ਇੰਦਰਾ ਗਾਂਧੀ ਦਾ ਕਤਲ ਦਰਬਾਰ ਸਾਹਿਬ ਉਤੇ ਹਮਲੇ ਮਗਰੋਂ।’ ਮੇਰੇ ‘ਤੇ ਦੋਸ਼ ਲੱਗੇਗਾ, ਜੋ ਮੈਂ ਇੰਦਰਾ ਦੇ ਕਤਲ ਨੂੰ ਠੀਕ ਸਮਝਦਾਂ। ਮੇਰਾ ਵੀ ਇਹੀ ਦੋਸ਼ ਹੈ, ਜੋ ’84 ਦੇ ਦੰਗਿਆਂ ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਕਹਿਣ ਵਾਲੇ ਇਨ੍ਹਾਂ ਨੂੰ ਜਾਇਜ਼ ਠਹਿਰਾਉਂਦੇ ਹਨ।
ਸਿਤਮਜ਼ਰੀਫੀ ਦੀ ਗੱਲ ਹੈ ਕਿ ਘੜੀ ਮੁੜੀ ’84 ਦੀ ਤਫਤੀਸ਼ ਕਰਵਾਉਣ ਦੇ ਬਿਆਨਾਂ ਨਾਲ ਸਿੱਖਾਂ ‘ਤੇ ਅਹਿਸਾਨ ਕਰਦੇ ਹਨ, ਪਰ ਚਿੱਲੜ (ਹਰਿਆਣਾ), ਚਿੱਠੀਸਿੰਘਪੁਰਾ (ਜੰਮੂ ਕਸ਼ਮੀਰ) ਬਾਰੇ ਬਿਆਨ ਦੇਣ ਜਾਂ ਤਫਤੀਸ਼ ਕਰਾਉਣ ਤੋਂ ਸ਼ਰਮਾਉਂਦੇ ਹਨ।
ਸਿੱਖ ਸਿਆਸਤ ਦੀ ਵੰਗਾਰ ਉਸ ਰਾਸ਼ਟਰੀ ਤੱਥ ਤੋਂ ਬਚ ਕੇ ਰਹਿਣਾ ਹੈ। ਨਾਲੇ ਰਾਜਨੀਤੀ ਦੇ ਹਾਲਾਤ ਹੋਰ ਬਦਲ ਗਏ ਹਨ।
ਕੌਮ ਤਾਂ ਜਨ ਦੀ ਹੁੰਦੀ ਹੈ, ਰਿਆਸਤ ਸਰਕਾਰ ਦੀ। ਕੌਮੀ ਰਿਆਸਤ ਦਾ ਮੁੱਢ ਯੂਰਪ ਵਿਚ 1648 ਦੇ ਵੈਸਟਫੇਲੀਆ (ਜਰਮਨੀ) ਦੇ ਸਮਝੌਤੇ ਨਾਲ ਸ਼ੁਰੂ ਹੋਇਆ। ਰਿਆਸਤਾਂ ਨੇ ਇਕ ਦੂਜੇ ਵਿਚ ਦਖਲ ਦੇਣਾ ਬੰਦ ਕਰ ਦਿੱਤਾ ਅਤੇ ਰਿਆਸਤ ਆਪਣੀ ਖੁਦਮੁਖਤਾਰੀ ਅਨੁਸਾਰ ਆਪਣਾ ਕਾਰੋਬਾਰ ਚਲਾ ਸਕਦੀ ਸੀ। ਇਹਦੇ ਦੋ ਫੌਰੀ ਪਰਿਣਾਮ ਸਨ: ਇਕ ਤਾਂ ਇਹ ਆਪਣੇ ਭੂਖੰਡ ‘ਤੇ ਸਾਂਝੇ ਤੌਰ-ਤਰੀਕੇ ਦਾ ਰਾਜ ਚਲਾਉਣ ਲੱਗੀ; ਦੂਜਾ, ਰਿਆਸਤੀ ਕਾਰਵਾਈ ਸਮਾਜ ਵਿਚ ਵਧੇਰੇ ਡੂੰਘੀ ਹੁੰਦੀ ਗਈ। ਅਮਰੀਕਾ ਦੀ 1776 ਦੀ ਸੁਤੰਤਰਤਾ ਅਤੇ 1789 ਦੇ ਫਰਾਂਸੀਸੀ ਇਨਕਲਾਬ ਨੇ ਦੁਨੀਆਂ ਵਿਚ ਰਾਸ਼ਟਰਵਾਦ ਦਾ ਹੀ ਲਕਸ਼ ਬਣਾ ਦਿੱਤਾ। ਇਸੇ ਵਿਚ ਕੌਮੀ ਸਵੈ-ਨਿਰਣੇ ਦਾ ਬਦਲ ਉਪਜਿਆ, ਜਿਸ ਤਹਿਤ ਜੇ ਕੋਈ ਜਨ-ਸਮੂਹ ਕੌਮ ਦਾ ਰੂਪ ਧਾਰਦਾ ਹੈ, ਤਾਂ ਆਪਣਾ ਦੇਸ਼ ਬਣਾ ਸਕਦਾ ਹੈ। ਕੌਮੀ ਰਿਆਸਤ ਜਾਂ ਰਾਸ਼ਟਰ ਸਰਵ-ਸ਼ਕਤੀਮਾਨ ਹੋ ਗਿਆ, ਜੋ ਆਪਣੇ ਖੰਡ ਵਿਚ ਕਿਸੇ ਬਾਹਰੀ ਰੁਕਾਵਟ ਜਾਂ ਦਖਲ ਤੋਂ ਮੁਕਤ ਸੀ। ਇਹਦੇ ਤਿੰਨ ਮੁੱਖ ਗੁਣ ਸਨ, ਦੇਸ਼ (ਸਪੇਸ) ਦੀ ਖੰਡ-ਬੰਦੀ (ਹੱਦਬੰਦੀ) ਅਤੇ ਆਬਾਦੀ ਦੀ ਮਿਥਤ ਸਮਾਨ-ਭਾਵਨਾ। ਕਲਪਿਤ ਸਮਾਨ-ਭਾਵਨਾ ਪੂਰੀ ਸੂਰੀ ਨਾ ਹੋਵੇ, ਪਰ ਤਰੀਕਾ-ਏ-ਜ਼ਿੰਦਗੀ ਜਾਂ ਸੰਸਕ੍ਰਿਤੀ ਦਾ ਪਹਿਰਨ ਇਹਦੀ ਪੂਰਤੀ ਨਜ਼ਰ ਆਉਂਦੀ ਸੀ। ਵਸੋਂ ਦੀ ਸਮਾਨ-ਭਾਵਨਾ ਦਾ ਕੋਈ ਵਿਚਾਰ ਨਹੀਂ ਸੀ।
ਪੂਰਵ-ਰਾਸ਼ਟਰ ਸਮਾਜ ਨਸਲੀ (ਐਥਨਿਕ) ਭਿੰਨਤਾ ਦਾ ਸੰਗ੍ਰਿਹ ਸੀ, ਜਿਸ ਦੀ ਸਮ-ਦ੍ਰਿਸ਼ਤਾ ਦੀ ਕੋਈ ਲੋੜ ਨਹੀਂ ਸੀ, ਨਾ ਜੀਵਨ ਦੇ ਵਿਹਾਰ ਦੀ ਸਮਾਨਤਾ ਦਾ ਲਕਸ਼ ਸੀ। ਰਾਸ਼ਟਰੀ ਰਿਆਸਤ ਨੇ ਹੌਲੀ-ਹੌਲੀ ਦੇਸ਼ ‘ਚ ਸੰਸਕ੍ਰਿਤਕ ਭਿੰਨਤਾ ਘਟਾ ਲਈ, ਨਾਲੇ ਇਹਦੇ ਉਲਟ ਕੌਮਾਂਤਰੀ ਭਿੰਨਤਾ ਵਧਾ ਲਈ, ਜੋ ਹਰ ਦੇਸ਼ ਦਾ ਆਪਣਾ ਵਿਲੱਖਣ ਕਲਚਰ ਹੋ ਗਿਆ।
ਰਾਸ਼ਟਰਵਾਦ ਦੀ ਦੂਜੀ ਸਟੇਜ ਦੋ ਵਿਸ਼ਵ ਜੰਗਾਂ ਵਿਚਕਾਰ (1918-45) ਦੀ ਹੈ। ਇਕ ਤਾਂ ਤਿੰਨ ਸਾਮਰਾਜ ਹੈਬਸਬਰਗ (ਜਰਮਨ), ਉਸਮਾਨ (ਤੁਰਕੀ) ਅਤੇ ਰੂਸ ਦਾ ਸਾਮਰਾਜ ਜਾਂਦੇ ਲੱਗੇ, ਜਿਨ੍ਹਾਂ ਦੀ ਥਾਂ ਕਈ ਰਾਸ਼ਟਰਾਂ ਨੇ ਲੈ ਲਈ, ਪਰ ਸਮੁੰਦਰ-ਆਧਾਰਤ ਸਾਮਰਾਜ ਅੰਗਰੇਜ਼ੀ, ਫਰਾਂਸੀਸੀ ਵਧੇਰੇ ਅਹਿਮ ਹੋ ਗਏ। ਇਨ੍ਹਾਂ ਦਾ ਰਾਸ਼ਟਰਵਾਦ ਖਾਸ ਯਾਨਿ ਕੁਲੀਨ ਦੀ ਉਪਜ ਸੀ, ਜੋ ਆਵਾਮ ਨੇ ਗ੍ਰਹਿਣ ਕਰ ਲਿਆ। ਅਹਿਮ ਤੱਥ ਹੈ ਕਿ ਦੂਜੀ ਸਟੇਜ ਦਾ ਰਾਸ਼ਟਰਵਾਦ ਪਾਰ-ਵਿਚਾਰਧਾਰਾ (ਵਿਚਾਰਧਾਰਾ ਤੋਂ ਪਾਰ) ਸੀ, ਜਿਸ ‘ਤੇ ਲੈਨਿਨ ਅਤੇ ਵੁਡਰੋ ਵਿਲਸਨ ਸਹਿਮਤ ਸਨ। ਇਸ ਨਾਲ ਰਾਸ਼ਟਰੀ ਰਿਆਸਤਾਂ (ਸਟੇਟਾਂ) ਦੀ ਗਿਣਤੀ ਵਿਚ ਡਰਾਮਾਈ ਵਾਧਾ ਹੋਇਆ, ਨਾਲੇ ਆਪਸੀ ਨਿਰਭਰਤਾ ਵੀ ਹੋ ਗਈ। ਲੀਗ ਆਫ ਨੇਸ਼ਨਜ਼ ਨੇ ਰਾਜਨੀਤੀ-ਕਲਾ ਦੇ ਨਿਯਮ ਅਤੇ ਇਹਦੀ ਬੁਨਿਆਦ ਦੀਆਂ ਜ਼ਰੂਰੀ ਸ਼ਰਤਾਂ ਉਲੀਕੀਆਂ। ਆਪਸੀ ਨਿਰਭਰਤਾ ਇਨ੍ਹਾਂ ਦੀ ਸਮਰੂਪਤਾ ਤੋਂ ਨਜ਼ਰ ਆਉਂਦੀ ਹੈ, ਜੋ ਮੁਲਕਾਂ ਦੀ ਵਿੱਦਿਆ, ਆਰਥਕਤਾ ਅਤੇ ਤਕਨੀਕ-ਤੰਤਰ (ਜੁਗਤ-ਪ੍ਰਣਾਲੀ) ਇਕੋ ਜਿਹੇ ਹੋ ਗਏ।
ਰਾਸ਼ਟਰਵਾਦ ਦੀ ਭਾਵੁਕ ਗਹਿਰਾਈ ਨੇ ਦੇਸ਼ ਦੇ ਪ੍ਰਤੱਖਣ, ਅਰਥਾਤ ਗ੍ਰਹਿਣ ‘ਚ ਫਰਕ ਪਾਇਆ। ਪੂਰਵ-ਰਾਸ਼ਟਰੀ ਗ੍ਰਹਿਣ ਸਮਾਜ ਵਿਗਿਆਨਕ ਸੀ, ਜਿਵੇਂ ਵਾਰਿਸ ਸ਼ਾਹ ਕੇਵਲ ਵਸਦੇ ਸਥਾਨ ਨੂੰ ਹੀ ਦੇਸ਼ (ਵਤਨ) ਸਮਝਦਾ ਹੈ ਅਤੇ ਜੰਗਲ ਨੂੰ ਜਹਾਨ ਤੋਂ ਬਾਹਰਾ ਮੰਨਦਾ ਹੈ। ਰਾਸ਼ਟਰਵਾਦ ਨੇ ਵਸਦੀ ਅਤੇ ਉਜਾੜ ਨੂੰ ਇਕੋ ਸਪੇਸ ‘ਚ ਰੱਖ ਦਿੱਤਾ, ਜਿਸ ਵਿਚ ਨਕਸ਼ਾ-ਕਸ਼ੀ ਦੀ ਵਿੱਦਿਆ ਨੇ ਸਹਾਇਤਾ ਕੀਤੀ। ਰਾਸ਼ਟਰਵਾਦ ਦਾ ਉਦੇਸ਼ ਆਪਣੀ ਸਪੇਸ, ਅਰਥਾਤ ਇਲਾਕੇ ਨੂੰ ਵੱਧ ਤੋ ਵੱਧ ਅਪਨਾਉਣਾ ਸੀ, ਜੋ ਸਪੇਸ ਦੀ ਭਿੰਨਤਾ ਨਾ ਰਹੀ, ਪਰ ਸਾਮਾਨਯ ਹੋ ਗਈ। ਪੂਰਵ-ਰਾਸ਼ਟਰ ਸਪੇਸ ਵਿਚ ਸਾਮਰਾਜਾਂ ਵਿਚਕਾਰ ਅਨਿਸ਼ਚਿਤ ਇਲਾਕੇ ਹੁੰਦੇ ਸਨ, ਜਿਨ੍ਹਾਂ ਦੇ ਅਖੌਤੀ ਵਾਰਿਸ ਸਥਾਨਕ ਲੋਕ ਹੀ ਸਨ। ਇਹਦੀ ਅਜੋਕੀ ਮਿਸਾਲ ਕਾਰਗਿਲ ਹੈ, ਜਿਸ ਦੀ ਖਾਤਰ ਹਿੰਦ-ਪਾਕਿਸਤਾਨ ਦੀ ਲੜਾਈ ਹੋਈ, ਕਿਉਂ ਜੋ ਇਹ ਨਕਸ਼ੇ ਤੋਂ ਬਾਹਰਾ ਸੀ, ਉਹ ਵੀ ਇਸ ਕਰਕੇ, ਜੋ ਇਥੇ ਕਿਸੇ ਨੇ ਕੀ ਕਰਨ ਜਾਣਾ ਹੈ!
ਜਿਥੇ ਪੱਛਮੀ ਯੂਰਪੀ ਦੇਸ਼ਾਂ ਦਾ ਰਾਸ਼ਟਰੀ ਵਿਕਾਸ ਸਮ-ਉਪਜ ਸੀ, ਉਥੇ ਦੂਜੀ ਸਟੇਜ ਦੇ ਰਾਸ਼ਟਰ ਸੋਚ-ਵਿਚਾਰ ਆਧਾਰਤ, ਮਸਨੂਈ (ਬਨਾਵਟੀ) ਢਾਂਚੇ ਉਤੇ ਖੜ੍ਹੇ ਹੋਏ, ਜੋ ਹੌਲੀ-ਹੌਲੀ, ਹੀਣ-ਵਾਧਿਆਂ ਨਾਲ ਸਵੈ-ਉਤਪੰਨ ਨਹੀਂ ਹੋਏ। ਨਤੀਜੇ ਵਜੋਂ ਇਨ੍ਹਾਂ ਦਾ ਸਮ-ਭਾਵਨ ਅਣ-ਚਿੰਤਿਤ, ਅਕਸਮਾਤੀ, ਨਿਯਮਹੀਣ ਹਾਲਾਤ ਦੀ ਪੈਦਾਵਾਰ ਨਹੀਂ ਸੀ। ਰਿਆਸਤ ਨੇ ਸਰਗਰਮੀ ਨਾਲ ਆਪਣੀ ਆਬਾਦੀ ਦੀਆਂ ਸਾਂਝੇਦਾਰੀਆਂ ਤੋੜ ਕੇ ਇਹਦੀ ਭਾਸ਼ਾ ਅਤੇ ਕਾਨੂੰਨ ਰਾਹੀਂ ਸਮ-ਹੋਂਦ ਬਣਾਈ, ਜੋ ਵਪਾਰ, ਆਵਾਜਾਈ ਅਤੇ ਸੰਚਾਰ ਇਹਦੇ ਸਹਾਈ ਹੋਏ। ਸਮ-ਭਾਵਨ ਦਾ ਕਾਰਜ ਨਸਲ ਦਾ ਮਜਬੂਰੀ ਜਾਂ ਇੱਛਤ ਪਰਵਾਸ ਵਰਤਾ ਕੇ ਕੀਤਾ। ਇਹਦੀ ਖਾਤਰ ਚਿੰਨ੍ਹਾਤਮਕ, ਵਿੱਦਿਅਕ, ਸੰਚਾਰੀ ਉਦਮਾਂ ਦੀ ਲੋੜ ਪਈ, ਜਿਸ ਦੀ ਤੋੜ ਜਨ-ਘਾਤ ਸੀ। ਭਾਵੇਂ ਆਬਾਦੀ ਦਾ ਸਮ-ਭਾਵਨ ਹੁੰਦਾ ਰਿਹਾ, ਪਰ ਵਿਸ਼ਵ ਦਾ ਕੌਮ-ਰਿਆਸਤੀ (ਨੇਸ਼ਨ ਸਟੇਟ) ਪ੍ਰਬੰਧ ਵਧੇਰੇ ਪ੍ਰਤੱਖ ਹੋ ਗਿਆ।
ਕੌਮ-ਰਿਆਸਤੀ ਸੰਸਥਾ ਦੀ ਤੀਜੀ ਸਟੇਜ ਸਮਾਜਵਾਦ ਦੇ ਪਤਨ ਅਤੇ ਬਸਤੀਵਾਦ ਤੋਂ ਛੁਟਕਾਰੇ ਵਾਲੇ ਦੇਸ਼ਾਂ ਦੀ ਹੈ, ਜਿਨ੍ਹਾਂ ਬਾਰੇ ਇਹੀ ਕਹਿਣਾ ਯੋਗ ਹੈ ਜੋ, ‘ਅਸਹੁ ਸ੍ਰ ਨਾਉ ਸਮੁੰਦ੍ਰ ਮਹਿ’ ਹੈ।

ਦੂਜੀ ਸਟੇਜ ਦੇ ਰਾਸ਼ਟਰਵਾਦ ਦਾ ਮੁੱਖ ਲੱਛਣ ਘੱਟ ਗਿਣਤੀਆਂ ਦੀ ਸਮਾਪਤੀ ਹੈ। ਇਹਦੀ ਇਤਿਹਾਸਕ ਉਪਜ 1912-13 ਦੀ ਉਸਮਾਨੀ ਸਾਮਰਾਜ ਅਤੇ ਬਲਕਾਨ (ਦੱਖਣ-ਪੂਰਬੀ ਯੂਰਪ) ਦੀ ਜੰਗ ਸੀ, ਜਿਸ ਵਿਚ ਥਰੇਸ (ਦੱਖਣ-ਪੂਰਬੀ ਯੂਰਪ ਦਾ ਉਹ ਇਲਾਕਾ, ਜੋ ਅੱਜ ਕੱਲ ਬੁਲਗਾਰੀਆ, ਯੂਨਾਨ ਤੇ ਤੁਰਕੀ ਵਿਚਾਲੇ ਵੰਡਿਆ ਗਿਆ ਹੈ) ਤੋਂ ਬਿਨਾ ਯੂਰਪ ‘ਚ ਉਸਮਾਨੀ ਦਖਲ ਨਾ ਰਿਹਾ, ਬਲਕਾਨ ਵਿਚ ਮੁਸਲਮਾਨ ਵੀ ਮੁੱਕ ਗਏ। 1914 ਵਿਚ ਹਾਰੇ ਤੁਰਕੀ ਨੇ ਜਰਮਨੀ ਦਾ ਸਾਥ ਦਿੱਤਾ।
1919 ਵਿਚ ਬਰਤਾਨੀਆ ਨੇ ਯੂਨਾਨ ਤੋਂ ਤੁਰਕੀ ‘ਤੇ ਹਮਲਾ ਕਰਵਾ ਦਿੱਤਾ, ਪਰ 1922 ਵਾਲੇ ਮੋੜਵੇਂ ਹਮਲੇ ਨੇ ਯੂਨਾਨੀਆਂ ਨੂੰ ਹਰਾ ਦਿੱਤਾ, ਜੋ ਪਿੱਛੇ ਹਟਦੇ ਯੂਨਾਨੀ ਮੁਸਲਿਮ ਆਬਾਦੀ ਨੂੰ ਲੁੱਟਦੇ, ਮਾਰਦੇ, ਜਲਾਉਂਦੇ ਰਹੇ। ਯੂਨਾਨੀ ਸ਼ਹਿਰ ਸਮਿਰਨਾ ਦੀ ਬੰਦਰਗਾਹ ‘ਤੇ ਤੁਰਕਾਂ ਨੇ ਉਹ ਕੁਝ ਕੀਤਾ, ਜੋ ਉਨ੍ਹਾਂ ਨਾਲ ਹੁੰਦਾ ਆਇਆ ਸੀ। ਬਰਤਾਨੀਆ ਦੇ 21 ਜੰਗੀ ਜਹਾਜ ਨਿੱਸਲ ਖੜ੍ਹੇ ਰਹੇ। ਝੂਠੀ ਆਸ ਤਾਂ ਉਹਦੇ ਵਲੋਂ ਜੰਗ ‘ਚ ਮਦਦ ਦੀ ਸੀ, ਜਿਨ੍ਹਾਂ ਕਿਸੇ ਡੁੱਬਦੇ ਯੂਨਾਨੀ ਨੂੰ ਬਚਾਇਆ ਵੀ ਨਾ। ਅੰਦਾਜ਼ਾ ਹੈ, ਦੋ ਹਫਤਿਆਂ ਵਿਚ ਕੋਈ 30 ਹਜ਼ਾਰ ਯੂਨਾਨੀ, ਆਰਮੀਨੀਅਨ ਮਾਰੇ ਗਏ।
ਜਨ-ਘਾਤ (ਜੀਨੋਸਾਈਡ) ਲਈ ਨਸਲੀ ਸਫਾਇਆ ਦਾ ਸ਼ਬਦ ਮਨੋਵਿਗਿਆਨਕ ਵੀ ਹੈ, ਜੋ ਬਹੁ ਗਿਣਤੀ ਦੇ ਘੱਟ ਗਿਣਤੀ ਪ੍ਰਤੀ ਰਵੱਈਏ ਦਾ ਲਖਾਇਕ ਹੈ। ਇਹਦੇ ਲਈ ਤੁਰਕਮਿਨਸਤਾਨੀ ਲਫਜ਼ ‘ਤਸਫੀਆ’ ਹੈ, ਜੋ ਦੋ ਧਿਰਾਂ ਦੇ ‘ਫੈਸਲੇ’ ਨੂੰ ਵੀ ਕਹਿੰਦੇ ਹਨ। ਸੋ ਜਨ-ਘਾਤ ਤਾਂ ਘੱਟ ਗਿਣਤੀ ਜਾਂ ਬਹੁ ਗਿਣਤੀ ਦਾ ਠੀਕ ਫੈਸਲਾ ਕਰ ਦਿੰਦਾ ਹੈ। ਜਨ-ਘਾਤ ਲਈ ਜ਼ਰੂਰੀ ਸ਼ਰਤ ਹੈ, ਜੋ ਘੱਟ ਗਿਣਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇ, ਜੋ ਅੱਗੇ ਜਾ ਕੇ ਘੱਟ ਗਿਣਤੀ ਨੂੰ ਧ੍ਰੋਹੀ ਬਣਾ ਦਿੰਦੀ ਹੈ।
ਇਹਦੇ ਲਈ ਪਹਿਲੀ ਵਿਸ਼ਵ ਜੰਗ ਦੇ ਡਰਾਮਾਈ ਖਾਤਮੇ ਨੇ ਯੋਗਦਾਨ ਪਾਇਆ। ਰੂਸੀ ਇਨਕਲਾਬ ਕਾਰਨ ਡਿੱਗੀ ਜ਼ਾਰਸ਼ਾਹੀ ਨੂੰ ਜਰਮਨੀ ਨੇ ਆਪਣੀ ਜਲਦ ਹੋਣਹਾਰ ਜਿੱਤ ਸਮਝਿਆ, ਪਰ ਕੁਝ ਮਹੀਨਿਆਂ ਅੰਦਰ ਸ਼ਿਕਸਤ ਖਾ ਗਿਆ, ਜੋ ਮੁਲਕ ਨੂੰ ਸਮਝ ਨਾ ਲੱਗੇ, ਖਾਸਕਰ ਉਸ ਭੂਦ੍ਰਿਸ਼ ਵਿਚ, ਜੋ ਪ੍ਰਾਜਿਤ ਜਰਮਨੀ ਵਿਚ ਜਯਤਾ-ਸੰਘ ਦਾ ਕੋਈ ਸਿਪਾਹੀ ਵੀ ਨਜ਼ਰ ਨਹੀਂ ਸੀ ਆਉਂਦਾ। ਤਾਂ ਹੀ ਮਨੋਵਿਗਿਆਨ ਬਣ ਗਿਆ ਕਿ ਜਰਮਨੀ ਨਹੀਂ ਹਾਰਿਆ, ਅੰਦਰੂਨੀ ਦੁਸ਼ਮਣ ਦੀ ਜਿੱਤ ਹੋਈ ਹੈ। ਇਹਦੇ ‘ਤੇ ਅਮਲ ਕਰਦਿਆਂ ਜਰਮਨੀ ਨੇ ਅੰਦਰੂਨੀ ਦੁਸ਼ਮਣ ਨੂੰ ਦੂਜੀ ਵਿਸ਼ਵ ਜੰਗ ਤਕ ਅੰਤ ਵਿਚ ਮਾਰਿਆ।
ਹੋਰ ਮੁਲਕਾਂ ਨੇ ਵੀ ਘੱਟ ਗਿਣਤੀਆਂ ‘ਤੇ ਧ੍ਰੋਹ ਦਾ ਪੋਸ਼ਾਕਾ ਪਾ ਦਿੱਤਾ। ਇੰਜ ਦੂਜੀ ਸਟੇਜ ਦਾ ਰਾਸ਼ਟਰਵਾਦ ਨਸਲਪ੍ਰਸਤ ਜਾਂ ਖਾਸ ਮਜ਼ਹਬ-ਦੁਸ਼ਮਣ ਹੋ ਗਿਆ। ਅੱਜ ਦੇ ਸਮੇਂ ਵਿਚ ਵਿਦਵਾਨਾਂ ਨੇ ਰਾਸ਼ਟਰਵਾਦ ਦੇ ਕਲੂ-ਕਾਲੇ ਪੱਖ ਨੂੰ ਉਘਾੜਿਆ ਹੈ। ਸ਼ੁਰੂ ਵਿਚ ਰਾਸ਼ਟਰਵਾਦ ਮੁਕਤੀ-ਕਾਰਕ ਸੀ, ਜਿਸ ਦਾ ਆਦਰਸ਼ਵਾਦੀ ਦਾ ਪੱਖ ਸੀ, ਜੋ ਹਰ ਇਕ ਨਾਲ ਏਕਤਾ ਵਾਲਾ ਸਮਾਜੀ, ਆਰਥਕ ਅਤੇ ਵਿਹਾਰਕ ਵਰਤਾਉ ਕਰਨਾ ਹੈ।

ਸਿੱਖ ਸਿਆਸਤ ‘ਤੇ ਨਵਾਂ ਪ੍ਰਭਾਵ ਪਿਆ ਹੈ, ਜੋ ਪਹਿਲਾਂ ਅਸਰ-ਅੰਦਾਜ਼ ਨਹੀਂ ਸੀ। ਇਹ ਹੈ ਕਰਤਾਰਪੁਰ ਸਾਹਿਬ ਦੀ ਬਾਬੇ ਨਾਨਕ ਲਈ ਸ਼ਰਧਾ ਦੀ ਉਸਾਰੀ, ਜੋ ਗੁਰਦੁਆਰੇ ਦੇ ਆਸੇ ਪਾਸੇ ਸਿੱਖ ਵਸੋਂ ਤੋਂ ਕਸਬਾ, ਕਸਬੇ ਤੋਂ ਸ਼ਹਿਰ ਬਣ ਜਾਂਦਾ ਹੈ। ਦੂਜਾ ਪਾਕਿਸਤਾਨ ਵਿਚ ਪੰਜਾਬੀ ਦੀ ਮਾਨਤਾ ਅਤੇ ਵਿਕਾਸ ਹੈ। ਪੰਜਾਬੀ ਸਾਹਿਤ ਲਈ ਸਭ ਤੋਂ ਵੱਡਾ ਇਨਾਮ ਦੇਣ ਵਾਲੀ ਕੈਨੇਡਾ ਦੀ ‘ਢਾਹਾਂ’ ਪੰਜਾਬੀ ਸੰਸਥਾ ਤਾਂ ਇਕ ਇਨਾਮ ਫਾਰਸੀ ਲਿੱ\ਪੀ ਵਿਚ ਛਪੀ ਕਿਤਾਬ ਯਾਨਿ ਪਾਕਿਸਤਾਨੀ ਪੰਜਾਬੀ ਲਈ ਦਿੰਦੀ ਹੈ। ਜੇ ਸਮੱਸਿਆ ਦਾ ਸਾਧਾਰਨੀਕਰਨ ਕਰਨਾ ਹੋਵੇ ਤਾਂ ਇਹ ਸੀਮਾ ਪਾਰ ਸਹਾਨੁਭੂਤੀ ਹੈ। ਇਹਦੀ ਮਿਸਾਲ ਸੋਵੀਅਤ ਰੂਸ ਦੀ ਯੂਕਰੇਨ ਦੇ ਪੱਛਮੀ ਬਾਰਡਰ ਮਾਰਸ਼ਲੈਵਿਸਕ ਪੋਲਿਸ਼ ਖੁਦਮੁਖਤਾਰ ਖੇਤਰ, ਪੋਲੀਨ ਜਰਮਨ ਖੁਦਮੁਖਤਾਰ ਖੇਤਰ ਅਤੇ ਸੈਆਂ ਯਹੂਦੀ, ਪੋਲਿਸ਼ ਅਤੇ ਜਰਮਨ ਨਗਰ ਅਤੇ ਗ੍ਰਾਮ ਕੌਂਸਲਾਂ ਦੀ ਹੈ। ਉਨ੍ਹਾਂ ਵਰਗੀ ਅਲਪ ਹੋਣੀ ਅਟੱਲ ਨਹੀਂ, ਪਰ ਵਰਤ ਸਕਦੀ ਹੈ, ਜੋ ਅਜਿਹੇ ਪੱਖ ਦਾ ਸਿੱਖ ਚਿੰਤਕਾਂ ਨੂੰ ਫਿਕਰ ਹੋਣਾ ਚਾਹੀਦਾ ਹੈ। ਸੋਵੀਅਤ ਰੂਸ ਨੇ ਇਹ ਖੁਦਮੁਖਤਾਰ ਸੰਸਥਾਵਾਂ ਇਸ ਲਈ ਬਣਾਈਆਂ ਸਨ, ਤਾਂ ਜੋ ਦੁਨੀਆਂ ਦੇਖ ਲਏ ਕਿ ਰੂਸ ਵਿਚ ਅਲਪਾਂ ‘ਤੇ ਹੋਰ ਮੁਲਕਾਂ ਵਾਂਗੂੰ ਬਹੁ-ਗਣ ਜਾਂ ਕੁਲੀਨ ਵਰਗ ਦਾ ਧੱਕਾ ਨਹੀਂ ਹੁੰਦਾ। ਆਪਣੇ ਵੇਲੇ ਇਹ ਪੱਛਮੀ ਜਗਤ ਵਿਚ ਪ੍ਰਗਤੀਸ਼ੀਲ-ਤਮ ਕੌਮੀਅਤ (ਨੈਸ਼ਨੈਲਿਟੀ) ਦੀ ਪਾਲਸੀ ਸੀ।
‘ਕੌਮੀਅਤ’ ਰਾਸ਼ਟਰਤਾ (ਨੈਸ਼ਨਲਿਜ਼ਮ) ਨਹੀਂ, ਸਗੋਂ ਰਾਸ਼ਟਰ ਬਹੁ-ਕੌਮੀਅਤੀ ਹੋ ਸਕਦਾ ਹੈ, ਸੀ ਵੀ, ਹੁਣ ਵੀ ਹਨ (ਮਿਸਾਲ ਵਜੋਂ ਕੈਨੇਡਾ, ਸਵਿਟਜ਼ਰਲੈਂਡ)।
ਮਾਰਸ਼ਲੈਵਿਸਕ ਪੋਲਿਸ਼ ਖੁਦਮੁਖਤਾਰ ਇਲਾਕੇ ਦਾ ਕੇਂਦਰ ਬਣਿਆ, ਜਿਸ ਦੀ 70 ਫੀਸਦੀ ਆਬਾਦੀ ਪੋਲ ਸੀ। ਸਾਲਿਵਿਚ ਇਹਦਾ ਬਾਨੀ ਕਿਹਾ ਜਾ ਸਕਦਾ ਹੈ, ਜੋ ਯੂਕਰੇਨ ਦੇ ਅਲਪ ਕੌਮੀਅਤ ਮਾਮਲਿਆਂ ਦੇ ਕਮਿਸ਼ਨ ਦਾ ਉਪ-ਨਿਰਦੇਸ਼ਕ ਸੀ।
1930 ਵਿਚ ਸੋਵੀਅਤ ਪੋਲਿਸ਼ ਜੰਗ ਵਿਚ ਸੋਵੀਅਤ ਸਫਲਤਾ ਦੀ ਪੰਜਵੀਂ ਸਾਲਗਿਰ੍ਹਾ ਮਨਾਈ ਗਈ। ਉਸ ਜਰਨੈਲ ਨੇ ਪ੍ਰਮੁੱਖ ਭਾਸ਼ਨ ਦਿੱਤਾ, ਜਿਸ ਨੇ 1920 ਵਿਚ ਪੋਲਿਸ਼ ਹਮਲੇ ਨੂੰ ਮਾਰਸ਼ਲੈਵਿਸਕ ਰੋਕ ਪਾਈ ਸੀ। ਨਾਲ ਦੇ ਜਰਮਨ ਪੋਲਿਨ ਜਰਮਨ ਖੁਦਮੁਖਤਾਰ ਜਰਮਨ ਇਲਾਕੇ ਦੇ ਮੁਖੀ ਨੇ ਕਿਹਾ, ਜੋ ਹੁਣ ਸਾਡਾ ਪੁਰਾਣਾ ਦਲਦਲ ਵਾਲਾ ਨਿਰਾਸਾ, ਪਛੜਿਆ ਖੰਡ ਨਹੀਂ ਰਿਹਾ। ਮਾਰਸ਼ਲੈਵਿਸਕ ਦਾ ਅਖਬਾਰ ਉਦਮ, ਆਸ਼ਾਵਾਦ ਦਾ ਲਖਾਇਕ ਸੀ, ਜੋ ਆਦਰਸ਼ਕ ਨਬਜ਼-ਤੇਜ਼ ਪ੍ਰੇਰਨਾ ਵਾਲਾ ਸੀ। ਭਾਵੇਂ ਪਦਾਰਥਕ ਗਰੀਬੀ ਸੀ, ਪਰ ਕਲਪਨਾ ਦੀ ਅਮੀਰੀ ਸੀ।
ਸਾਲਿਵਿਚ 1897 ਵਿਚ ਪੋਲੈਂਡ ਦੇ ਕਰੈਸੀ ਖੰਡ ਵਿਚ ਕੁਲੀਨ ਘਰਾਣੇ ‘ਚ ਪੈਦਾ ਹੋਇਆ, ਜਿਸ ਨੇ ਆਪਣਾ ਜੀਵਨ ਕਿਰਸਾਨ ਮਜ਼ਦੂਰ ਦੀ ਖਿਦਮਤ ਲਈ ਅਰਪਨ ਕੀਤਾ ਸੀ। ਵਿਸ਼ਵ ਲੜਾਈ, ਰੂਸੀ ਇਨਕਲਾਬ, ਸੋਵੀਅਤ ਪੋਲੈਂਡ ਜੰਗ 1921 ‘ਚ ਮੁੱਕੀ ਜੋ ਯੂਕਰੇਨ ਦਾ ਸੱਜਾ ਪਾਸਾ ਬਾਲਸ਼ਵਿਕਾਂ ਦਾ ਹੋ ਗਿਆ, ਇਥੋਂ ਦੇ ਬਹੁਤ ਸਾਰੇ ਪੋਲ-ਭੂਪਤੀ ਪੋਲੈਂਡ ਭੱਜ ਗਏ ਅਤੇ ਕੁਝ ਸੋਵੀਅਤ ਇੰਤਜ਼ਾਮੀਏ ‘ਚ ਰਲ ਗਏ।
ਪੋਲੈਂਡ ‘ਚ ਲਿਖਾਰੀਆਂ ਦਾ ਕਰੈਸੀ ਸਕੂਲ (ਜੁੰਡੀ) ਪੈਦਾ ਹੋਇਆ, ਜੋ ਪੋਲਿਸ਼ ਸੋਵੀਅਤ ਜੰਗ ਨੂੰ ਧਰਮ ਯੁੱਧ ਸਮਝਦਾ ਸੀ, ਇਸਾਈ ਕਿਸਾਨਾਂ ਨੂੰ ਪੂਰਬੀ ਕਾਫਿਰਾਂ ਤੋਂ ਬਚਾਉਣਾ ਸੀ, ਜੋ ਹੁਣ ਕਾਫਿਰ ਮਜ਼ਹਬੀ ਨਹੀਂ, ਵਿਚਾਰਧਾਰਾ ਦੇ ਸਨ। ਕਰੈਸੀ ਚਿੱਤਰਕਾਰੀ ਵੀ ਸ਼ੁਰੂ ਹੋਈ, ਜੋ ਨਦੀ ਨਾਲਿਆਂ ਵਾਲੇ ਪਿਛੋਕੜ ਵਿਚ ਉਪਜਾਊ ਧਰਤ ‘ਤੇ ਯੁਵਤੀਆਂ ਸੁੱਤੀਆਂ ਪਈਆਂ ਹਨ।
ਸਾਲਿਵਿਚ 1914 ਵਿਚ ਖਾਰਕੋਵ ਦੇ ਕ੍ਰਿਸ਼ੀ ਇੰਸਟੀਚਿਊਟ ਵਿਚ ਦਾਖਲ ਹੋ ਗਿਆ, ਜੋ ਯੂਕਰੇਨ ਵਿਚ ਬਾਲਸ਼ਵਿਕ ਤਹਿਰੀਕ ਦਾ ਗੜ੍ਹ ਸੀ। ਸਾਲਿਵਿਚ ਆਪਣੀ ਭੋਇੰ ਭੁੱਲ ਪੋਲਿਸ਼ ਸੋਸ਼ਲਿਸਟ ਯੂਨੀਅਨ ‘ਚ ਦਾਖਲ ਹੋ ਗਿਆ। ਲਾਲ ਫੌਜ ਨੇ ਉਹਦੇ ਜਮਪਲ ਇਲਾਕੇ ‘ਤੇ ਕਬਜ਼ਾ ਕਰ ਲਿਆ ਤਾਂ ਇਹ ਆਪਣੇ ਗ੍ਰਾਮ ‘ਚ ਸੋਵੀਅਤੇ ਰਾਜ ਸਥਾਪਤ ਕਰਨ ਲਈ ਲਾਲ ਫੌਜ ਵਿਚ ਭਰਤੀ ਹੋ ਗਿਆ ਅਤੇ ਸ਼ਵੇਤ (ਕ੍ਰਾਂਤੀ-ਵਿਰੋਧੀ) ਫੌਜ ਖਿਲਾਫ ਲੜਦਾ ਰਿਹਾ।
ਸਾਲਿਵਿਚ ਬਹੁਤ ਸੁਹਣੀ ਪੋਲਿਸ਼ ਅਤੇ ਰੂਸੀ ਲਿਖਦਾ ਸੀ। ਲਗਦਾ ਹੈ ਕਿ ਜਰਮਨ ਪੜ੍ਹ ਸਕਦਾ ਸੀ, ਸੰਭਵ ਹੈ ਕਿ ਯਿੱਡਿਸ਼ (ਯਹੂਦੀ ਭਾਸ਼ਾ) ਵੀ ਸਮਝ ਸਕਦਾ ਸੀ। ਉਹਨੇ ਰਫਲ ਛੱਡ ਕੇ ਜੋ ਕਲਮ ਧਾਰੀ ਤਾਂ ਹੋਰ ਸਾਥੀਆਂ ਵਾਂਗ ਟੁੱਟੇ, ਖਿੰਡੇ, ਅਨਪੜ੍ਹ, ਮੱਧ-ਯੁਗੀ ਲੋਕ ਦਾ ਸੁਧਾਰ ਕਰਨ ਲੱਗਾ; ਜ਼ਮੀਨ ਦਾ ਸੁਧਾਰ, ਫਸਲਾਂ ਦਾ ਤਬਾਦਲਾ, ਸਾਖਰਤਾ, ਅਰੋਗਤਾ ਅਤੇ ਸਫਾਈ।
ਭਾਸ਼ਾ ਜਾਂ ਕੌਮੀਅਤ ਦੇ ਖੁਦਮੁਖਤਾਰ ਖੰਡ ਬਣਾਉਣ ਲਈ ਜਨ ਦੀ ਕੌਮੀਅਤ ਨਿਰਧਾਰਤ ਕਰ ਕੇ ਉਨ੍ਹਾਂ ਦੀ ਗਿਣਤੀ ਕਰਨੀ ਪੈਂਦੀ ਸੀ। ਜਰਮਨਾਂ, ਯਹੂਦੀਆਂ ਦੀ ਗਿਣਤੀ ਸੌਖੀ ਸੀ, ਜੋ ਪਹਿਲੀ ਲੜਾਈ ‘ਚ ਜ਼ਾਰ ਨੇ ਉਨ੍ਹਾਂ ਨੂੰ ਦੇਸ਼-ਬਦਰ ਕਰਨ ਦਾ ਹੁਕਮ ਦੇ ਦਿੱਤਾ ਸੀ। ਪੋਲ ਰੋਮਨ ਕੈਥੋਲਿਕ ਧਰਮ ਕਰਕੇ ਪਛਾਣੇ ਜਾਂਦੇ। ਬਾਕੀ ਥੋੜ੍ਹੇ ਜਾਂ ਬਹੁਤੇ ਯੂਕਰੇਨੀ ਲਗਦੇ ਸਨ, ਜਿਹਾ ਦੇਸ ਤਿਹਾ ਭੇਸ। ਨਾਲੇ ਉਨ੍ਹਾਂ ਦੀ ਬੋਲਚਾਲ ਵਿਚ ਕੇਵਲ ਆਪਣੇ ਆਪਣੇ ਪਿਛੋਕੜ ਦਾ ਆਂਸ਼ਿਕ ਉਚਾਰਨ ਸੀ। ਮੁਸ਼ਕਿਲ ਇਹ ਹੈ ਕਿ ਚਿੰਤਨੀ ਵਿਕਲਪ ਗ੍ਰਹਿਣ-ਯੋਗ ਰੂਪ ਵਿਚ ਸਨਮਾਨ ‘ਚ ਦਰਸ਼ਨੀ ਨਹੀਂ ਹੁੰਦੇ। ਰਾਸ਼ਟਰ ਹੋਵੇ ਜਾਂ ਰਾਸ਼ਟਰਵਾਦੀ ਹੋਣ; ਚਿੰਤਕੀ ਰਾਸ਼ਟਰਵਾਦ ਦੇ ਤਾਂ ਕੇਵਲ ‘ਰੋਸ਼ਨ ਖਿਆਲ’ ਬੰਦੇ ਹੁੰਦੇ ਹਨ, ਜੋ ਪ੍ਰਤੱਖ ਰਾਸ਼ਟਰਵਾਦੀ ਨਹੀਂ ਦਿਸਦੇ। ਏਹੀ ਹਾਲ ‘ਕੌਮੀਅਤ’ ਦਾ ਹੈ।
ਅਜਿਹੀ ਮੁਸ਼ਕਿਲ ਏਸ਼ੀਆ ‘ਚ ਉਜ਼ਬੇਕਿਸਤਾਨ ਤੁਰਕਮਿਨਸਤਾਨ ‘ਚ ਆਈ, ਜੋ ਸ਼ਰੀਕੇ (ਸਾਂਝੇ) ਸਮਾਜ ਦਾ ਸ਼੍ਰੈਣਿਕ ਵਿਸ਼ਲੇਸ਼ਣ ਮੁਸ਼ਕਿਲ ਹੈ। ਊਚਤਾ, ਨੀਚਤਾ ਦਾ ਕਾਰਨ ਪੈਦਾਵਾਰ ਦਾ ਸਾਧਨ ਨਹੀਂ, ਸਗੋਂ ਪੈਦਾਵਾਰ ਦੇ ਸਾਧਨ ਊਚਤਾ ਨੀਚਤਾ ‘ਤੇ ਨਿਰਭਰ ਹਨ। ਸ਼ਰੀਕੇ ‘ਚ ਦੁਸ਼ਮਣੀ ਤਾਂ ਹੋ ਸਕਦੀ ਹੈ, ਪਰ ਸ਼੍ਰੈਣਿਕ ਅਨੁਭਵ ਨਹੀਂ ਹੁੰਦਾ। ਜੇ ਯੂਕਰੇਨ ‘ਚ ਕੌਮੀਅਤ ਪ੍ਰਤੱਖ ਨਹੀਂ ਸੀ ਤਾਂ ਏਸ਼ੀਆ ‘ਚ ਕੌਮੀਅਤ ਤਾਂ ਪ੍ਰਤੱਖ ਸੀ, ਪਰ ਸ਼੍ਰੈਣਿਕ ਸੰਘਰਸ਼ ਦ੍ਰਿਸ਼ਟਮਾਨ ਨਹੀਂ ਸੀ। 1920-22 ਵਿਚ ਲੋਕ ਆਪਣੇ ਆਪ ਨੂੰ ਪੋਲਿਸ਼ ਕਹਿਣ ਤੋਂ ਡਰਦੇ ਸਨ। ਜਿਵੇਂ ਸਾਡੇ ਹੁੰਦਾ ਹੈ ਕਿ ਕਿਸੇ ਫਿਰਕੇ ਦੀ ਗਿਣਤੀ ਹੁੰਦੀ ਹੈ ਤਾਂ ਦੂਜੇ ਫਿਰਕੇ ਨੂੰ ਆਪਣੀ ਗਿਣਤੀ ਦਾ ਫਿਕਰ ਲੱਗ ਜਾਂਦਾ ਹੈ। ਇੰਜ ਪੋਲਾਂ ਦੀ ਭਾਲ ਕਰਦੀ ਸੰਸਥਾ ਨੇ ਯੂਕਰੀਨਾਂ ਨੂੰ ਕਹਿਣ ਲਾ ਦਿੱਤਾ ਕਿ ਸਾਨੂੰ ਮੱਲੋ-ਮੱਲੀ ਪੋਲ ਬਣਾਇਆ ਜਾ ਰਿਹਾ। ਕਰੈਸੀ ਵਿਚ ਪੁਲਿਸ ਨੇ ਮਾਮਲਾ ਤੈਅ ਕੀਤਾ, ਜੋ ਭਾਸ਼ਾ ਤੋਂ ਵੱਧ ਦੇਸ਼ ਦੀ ਸੁਰੱਖਿਆ ਦੀ ਗੱਲ ਹੈ, ਪਰ ਫੈਸਲਾ ਪੋਲਾਂ ਦੇ ਹੱਕ ਵਿਚ ਸੀ।
1923 ਵਿਚ ਯੂਕਰੇਨ ਵਿਚ 90 ਹਜ਼ਾਰ ਪੋਲ ਸਨ, ਜੋ 1925 ਵਿਚ 3 ਲੱਖ 9 ਹਜ਼ਾਰ ਹੋ ਗਏ। ਇਹ ਸੋਵੀਅਤ ਰਿਆਸਤ ਦੇ 1922 ਦੇ ਕੌਮੀਅਤ ਦੀ ਖੁਦਮੁਖਤਾਰ ਖੰਡਾਂ ਦੇ ਹੁਕਮ ਦੀ ਪਾਲਣਾ ਦਾ ਨਤੀਜਾ ਸੀ। 1927 ਵਿਚ ਜੰਗ ਦਾ ਖਤਰਾ ਸੀ, ਜੋ ਪੱਛਮੀ ਯੂਕਰੇਨ ਵਿਚ ਕੌਮੀਅਤਾਂ ‘ਤੇ ਭਰੋਸੇ ਦਾ ਫਿਕਰ ਖੜ੍ਹਾ ਹੋ ਗਿਆ।
1932 ਵਿਚ ਕ੍ਰਿਸਾਨ ਕ੍ਰਿਸ਼ੀ ਦੇ ਸਮੂਹਿਕ ਕਾਰਜ ਦੀ ਰਾਸ਼ਟਰੀ ਔਸਤ 58.8 ਫੀਸਦੀ ਸੀ। ਮਾਰਸ਼ਲੈਵਿਸਕ ਦੀ ਸਿਰਫ 7 ਫੀਸਦੀ। 1933-34 ਵਿਚ ਹੋਰ ਕੌਮੀਅਤੀ ਖੰਡਾਂ ਵਿਚ ਮਾਲ ਡੰਗਰ ਵਿਚ ਵਾਧਾ ਹੋਇਆ; ਮਾਰਸ਼ਲੈਵਿਸਕ ਦੇ ਘੋੜੇ, ਸੂਰ, ਭੇਡਾਂ 40 ਫੀਸਦੀ ਘਟ ਗਏ।
1934 ਵਿਚ ਇਥੋਂ ਦੇ 1789 ਟੱਬਰ ਸਰਕਾਰੀ ਕਾਗਜ਼ਾਂ ਜਾਂ ਪਾਸਪੋਰਟਾਂ ਬਿਨਾ ਹੀ ਭੱਜ ਗਏ। ਜੋ 1930-35 ਵਿਚਕਾਰ 1500 ਤੋਂ ਵੱਧ ਟੱਬਰ ‘ਵਿਸ਼ੇਸ਼’ ‘ਦੁਸ਼ਮਣ ਰਵੱਈਏ’ ਕਾਰਨ ਖੰਡ ਬਦਰ ਕੀਤੇ ਗਏ। ਇਕ ਤਰੀਕੇ ਕਿਹਾ ਜਾ ਸਕਦਾ ਹੈ, ਇਨਕਲਾਬੀ ਖੜੋਤ ਸਦਕਾ ਸਦੀਆਂ ਦੇ ਪਛੜੇਪਨ ਦੀ ਚੜ੍ਹਤ ਹੋ ਗਈ। 1936 ਵਿਚ 1500 ਪੋਲਿਸ਼, ਜਰਮਨ ਟੱਬਰਾਂ ਨੂੰ ਕਜ਼ਾਖਿਸਤਾਨ ਜਲਾਵਤਨ ਕਰ ਦਿੱਤਾ। 1935 ਮਗਰੋਂ ਮਾਰਸ਼ਲੈਵਿਸਕ ਦੀ ਹੋਂਦ ਮੁੱਕ ਗਈ, ਜੋ ਇਹਦੀ ਆਯੂ ਕੋਈ ਦਸ ਸਾਲ ਹੀ ਰਹੀ। ਸਾਲਿਵਿਚ ਨੂੰ 1935 ਵਿਚ ਪਾਰਟੀ ਵਿਚੋਂ ਕੱਢ ਦਿੱਤਾ ਗਿਆ, ਜੋ 1937 ਵਿਚ ਫਾਂਸੀ ਲੱਗਿਆ।
ਰੁਮਾਨੀਆ ਨਾਲ ਲਗਦੇ ਮੋਲਦੋਵਾ ਵਿਚ ਜਰਮਨ ਕੌਮੀਅਤ ਨੂੰ ਕੋਈ ਮੁਸ਼ਕਿਲ ਨਹੀਂ ਆਈ, ਕਿਉਂ ਜੋ ਦੁਸ਼ਮਣ ਦੇਸ਼ ਦੀ ਹੱਦ ਨਾਲ ਨਹੀਂ ਲਗਦੀ ਸੀ, ਜੋ ਉਨ੍ਹਾਂ ਤੋਂ ਰਾਸ਼ਟਰ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ। ਰਾਸ਼ਟਰੀ ਸੁਰੱਖਿਆ ਅਧੀਨ ਸਰਕਾਰ ਅਪਵਾਦ ਨੂੰ ਹੀ ਨਿਆਂ ਬਣਾ ਲੈਂਦੀ ਹੈ, ਜੋ ਸ਼ਹਿਰੀ ਕਾਨੂੰਨੀ ਆਜ਼ਾਦੀਆਂ ਦਾ ਹੱਕ ਅਮਲੀ ਤੌਰ ‘ਤੇ ਖਤਮ ਹੋ ਜਾਂਦਾ ਹੈ।

ਕਰਤਾਰਪੁਰ ਗੁਰਦੁਆਰੇ ਦੀ ਸਥਾਪਤੀ ਅਤੇ ਪਾਕਿਸਤਾਨ ਵਿਚ ਪੰਜਾਬੀ ਦੇ ਵਿਕਾਸ ਨੇ ਸਿੱਖਾਂ ਵਿਚ ਪਾਕਿਸਤਾਨ ਨਾਲ ਵੈਰ-ਭਾਵ ਨੂੰ ਆਪਣੇ ਰਾਜਸੀ ਚਿੰਤਨ ਦਾ ਨਵਾਂ ਵਿਸ਼ਾ ਪੇਸ਼ ਕੀਤਾ ਹੈ। ਕੀ ਧਰਮ, ਕੀ ਭਾਸ਼ਾ ਕਰ ਕੇ ਸਿੱਖ ਅਵਲੋਕਨ (ਵੀਜ਼ਨ) ਵਿਚ ਵੈਰ ਨਾਲੋਂ ਸੁਲ੍ਹਾ ਵਧੇਰੇ ਸੁਮੁੱਲ ਹੈ। ਕਈਆਂ ਨੂੰ ਇਹ ਗੱਲ ਨਾ-ਪਸੰਦ ਹੋਵੇ, ਕਿਸੇ ਨੂੰ ਕੀ ਗਿਲਾ ਹੋ ਸਕਦਾ ਹੈ। ਵਿਚਾਰ ਤੇ ਤਫਰਕਾਤ (ਮਤਭੇਦ) ਕਿੰਨੇ ਵੀ ਹੋਣ, ਜਿਵੇਂ ਵਾਰਿਸ ਕਹਿੰਦਾ ਹੈ,
ਸੰਖ ਮੁੱਲਾਂ ਨੂੰ ਬਾਂਗ ਜਿਓ ਬਾਹਮਨਾਂ ਨੂੰ
ਜਿਵੇਂ ਸੰਖੀਆ ਹੁੰਦਾ ਹੈ ਚੂਹਿਆਂ ਨੂੰ।
ਪਰ ਵਿਹਾਰ ਤਾਂ
ਘੁਗ ਵਸਦਿਆਂ ਜੇਡ ਨਾ ਭਲਾ ਕੋਈ
ਬੁਰਾ ਕੰਮ ਨਾ ਕੋਈ ਫਤੂਰ ਜੇਹਾ।
ਸਿੱਖ ਸਿਆਸਤ ਦੇ ਨਵੇਂ ਮੋੜ ਤੋਂ ਮੈਂ ਫੌਰੀ ਲਾਹਾ ਲੈਂਦਾ ਹਾਂ, ਜੋ ਮੈਨੂੰ ਪੰਜਾਬੀ ਭਾਸ਼ਾ ਬਾਰੇ ਭੋਰਾ-ਭਰ ਹੋਰ ਗੱਲ ਕਰਨ ਨੂੰ ਕਹਿੰਦਾ ਹੈ। ਜੇ ਇਤਿਹਾਸਕ ਤੌਰ ‘ਤੇ ਦੇਵਨਾਗਰੀ ਹਿੰਦੂ ਧਰਮ ਦਾ ਅੰਗ ਹੈ, ਜਾਂ ਉਰਦੂ ਫਾਰਸੀ ਲਿਪੀ ਇਸਲਾਮੀ ਹੈ, ਸਿੱਖਾਂ ਦੀ ਗੁਰਮੁਖੀ ਧਾਰਮਿਕ ਹੈ ਤਾਂ ਪੰਜਾਬੀ ਪ੍ਰੇਮੀਆਂ ਨੂੰ ਤਿੰਨੇ ਲਿਪੀਆਂ ਮਨਜ਼ੂਰ-ਇ-ਨਜ਼ਰ ਹੋਣੀਆਂ ਚਾਹੀਦੀਆਂ ਹਨ, ਜੋ ਮੌਕੇ ਤੋਂ ਪਹਿਲਾਂ ਦੱਸਣ ਵਾਲੀ ਗੱਲ ਹੈ। 2020 ਤੋਂ ਐਮ. ਏ. ਪੰਜਾਬੀ ‘ਚ ਦਾਖਲਾ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣਾ ਹੈ, ਜੋ ਤਿੰਨੇ ਸਕਰਿਪਟ (ਲਿਪੀਆਂ) ਜਾਣਦੇ ਹੋਣ। ਸਾਡੇ ਨਾਲ ਜੱਗੋਂ ਤੇਰ੍ਹਵੀਂ ਨਹੀਂ ਹੋਈ। ਪੀਰੂ ਨੂੰ ਵੀ ਆਪਣੇ ਵਾਂਪੀ ਆਦਿਵਾਸੀਆਂ ਦੀ ਖੁਦਮੁਖਤਾਰੀ ਦਾ ਫਿਕਰ ਲੱਗਿਆ ਹੈ, ਕਿਉਂਕਿ ਇਕੁਆਡੋਰ ਅਤੇ ਬੋਲੀਵੀਆ ਵਿਚ ਵੀ ਵਾਂਪੀ ਹਨ।
ਸੀਮਾ-ਪਾਰ ਨਸਲੀ ਸਬੰਧਾਂ ਦਾ ਕੋਈ ਪੱਕਾ ਸੁਭਾਉ ਨਹੀਂ ਹੁੰਦਾ। ਔਖ-ਗ੍ਰਸਤ ਸੋਵੀਅਤ ਸੰਘ ਵਿਚ ਕੌਮੀਅਤ ਦਾ ਵੇਰਵਾ ਪ੍ਰਤਿ-ਪਰਵਾਸ ਦਾ ਟਿਕਟ ਬਣਨ ਲੱਗਿਆ। 1929 ‘ਚ ਪੋਲਿਨ, ਜਰਮਨ ਖੁਦਮੁਖਤਾਰ ਖੰਡ ਵਿਚ ਖੁੱਲ੍ਹਮ ਖੁੱਲ੍ਹਾ ਪ੍ਰਤਿ-ਪਰਵਾਸ ਦਾ ਹੱਕ ਜਤਾਇਆ ਗਿਆ। ਸਰਕਾਰ ਇਸ ਉਦਮ ਦੇ ਖਿਲਾਫ ਸੀ, ਜੋ ਇਹਨੂੰ ਸਰਮਾਏਦਾਰੀ ਦੀ ਹਮਾਇਤ ਸਮਝਦੀ ਸੀ। ਜੋ 1930 ‘ਚ ਸਮੁੱਚ-ਕਰਮਨ (ਸਮੂਹਿਕ) ਦਾ ਦਬਾਉ ਵਧਿਆ, ਉਹ ਵਹੀਰਾਂ ਘੱਤ ਕੇ ਪੋਲਿਸ਼ ਬਾਰਡਰ ਲੰਘਣ ਦੀ ਕੋਸ਼ਿਸ਼ ਕਰਨ ਲੱਗੇ, ਨਾਲੇ ਪੋਲਿਸ਼ ਸਫਾਰਤੀ ਮਦਦ ਮੰਗੀ। ਹਿਟਲਰ ਨਸਲੀ ਜਰਮਨਾਂ ਬਾਰੇ ਭੜਕਾਊ ਭਾਸ਼ਨ ਕਰਨ ਲੱਗਾ। ਇਨ੍ਹਾਂ ਲਈ ‘ਹਿਟਲਰ ਸਹਾਇਤਾ’ ਵਿਦੇਸ਼ੀ ਜਾਸੂਸੀ ਦਾ ਕਾਰਜ ਸੀ। 1934 ਵਿਚ ਉਭਰਦੇ ਕਮਿਊਨਿਸਟ ਨੇਤਾ ਕੀਰੋਫ ਦਾ ਕਤਲ ਹੋ ਗਿਆ, ਜੋ ਸਰਕਾਰ ਜਰਮਨ ਅਤੇ ਪੋਲਿਸ਼ ਪਰਵਾਸੀਆਂ ‘ਤੇ ਸਖਤੀ ਮਾਇਲ ਹੋ ਗਈ। ਗੈਰ ਕਾਨੂੰਨ ਪ੍ਰਤਿ-ਪਰਵਾਸ ਜ਼ੋਰ ਫੜ ਗਿਆ। 1934 ‘ਚ ਪੁਲਿਨ ਸੁਨਿਯਮ ਖੰਡ ਦੀ 14 ਫੀਸਦੀ ਵਸੋਂ ਚਲੀ ਗਈ ਸੀ। ਹੁਣ ਅਸਹਿਮਤੀ ਸ਼੍ਰੈਣਿਕ ਨਹੀਂ ਸੀ, ਜੋ ਕੌਮੀਅਤੀ ਹੋ ਗਈ ਸੀ। ਮਾਰਸ਼ਲੈਵਿਸਕ ਵਿਚ 54 ਫੀਸਦੀ ਕਮਿਊਨਿਸਟ ਮੈਂਬਰਾਂ ਦਾ ਧੋਣ ਹੋਇਆ (ਸੋਧਾ ਲਾਇਆ ਗਿਆ), ਜਦੋਂ ਕਿ ਰਾਸ਼ਟਰੀ ਔਸਤ 94 ਫੀਸਦੀ ਸੀ।
ਮੂਲ ਰਾਸ਼ਟਰ ਦੇ ਆਪਣੇ ਪਾਰ-ਸੀਮਾ ਵਿਲੋਕਾਂ ਲਈ ਸਹਾਨੁਭੂਤੀ ਦਾ ਆਰਥਕ ਪੱਧਰ ਵੀ ਹੁੰਦਾ ਹੈ। ਜਰਮਨੀ ਨੇ 1991 ਤੋਂ ਲੈ ਕੇ ਕਜ਼ਾਕਿਸਤਾਨ ਤੋਂ ਕੋਈ ਦਸ ਲੱਖ ਜਰਮਨਾਂ ਨੂੰ ਪ੍ਰਕਿਰਤਕ ਜਨਮਤ ਦੇ ਉਲਟ ਨਾਗਰਿਕ ਬਣਾਇਆ ਹੈ। ਜਦੋਂ ਕਿ ਕਜ਼ਾਕਿਸਤਾਨ ਦੇ ਇਕ ਲੱਖ ਪੋਲਾਂ ਵਿਚੋਂ 1991-97 ਵਿਚ 300 ਨੂੰ ਪ੍ਰਤਿ-ਪਰਵਾਸ ਦੀ ਆਗਿਆ ਦਿੱਤੀ ਹੈ, ਜੋ ਕੁੱਲ ਦਾ ਅੱਧਾ ਫੀਸਦੀ ਪ੍ਰਤਿ ਸਾਲ ਬਣਦੀ ਹੈ।
ਫੇਰ ਪਾ ਕੇ ਗੱਲ ਕਰਨ ਦੀ ਹਰਜ ਨਹੀਂ, ਜੇ ਗੱਲ ਬਣ ਸਕੇ। ਬਸ ਮਾਮੂਲੀ ਇਤਲਾਹ ਦੇਣੀ ਸੀ, ਜੋ ਭਵਿਖ ਵਿਚ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੀਆਂ ਆਪਸੀ ਨਜ਼ਰਾਂ ਵਿਚ ਇਕ ਦੂਜੇ ਦੀ ਆਰਥਕਤਾ ਦਾ ਪੱਖ ਹੋਵੇਗਾ। ਕਿਤੇ ਇਹ ਨਾ ਹੋਵੇ, ਜਿਵੇਂ ਬੋਲੀ ਕਹਿੰਦੀ ਹੈ, ‘ਦੋਹਾਂ ਨੂੰ ਪੈਣ ਗਸ਼ੀਆਂ’।
ਸਿੱਖ ਸਿਆਸਤ ਨੂੰ ਅਤੇ ਪਾਕਿਸਤਾਨੀ ਪੰਜਾਬੀ ਨੂੰ ਸਾਵਧਾਨੀ ਦੀ ਸਥਾਈ ਲੋੜ ਰਹਿਣੀ ਹੈ, ਜੋ ਦੂਜੇ ਦੇਸ਼ ਦੀ ਖੁਫੀਆ ਏਜੰਸੀ ਨੂੰ ਮੁਕਾਮੀ (ਸਥਾਨਕ) ਸੋਮੇ ਲੱਭਣ ਨਹੀਂ ਦੇਣੇ। ਇਹਦੀ ਮਿਸਾਲ ਹੈ, ਜੋ 1980 ਵਿਚ ਵਲਾਇਤ ‘ਚ ਪੰਜਾਬੀ ਕਾਨਫਰੰਸ ‘ਚ ਪਾਕਿਸਤਾਨੀ ਲਿਖਾਰੀ ਕਹਿਣ ਲੱਗੇ ਕਿ ਸਾਡੇ ਘਰੀਂ ਆ ਕੇ ਸਾਨੂੰ ਪੁਲਿਸ ਪੁੱਛਦੀ ਹੈ, ਜੋ ਅਸੀਂ ਸਿੱਖ ਹਾਂ। ਐਨ ਇਹੀ ਸਥਿਤੀ, ਦੇਖਦੇ ਜਾਓ, ਸਾਡੇ ਵੀ ਵਰਤਣੀ ਹੈ।
ਸਿੱਖ ਸਿਆਸਤ ਨੂੰ ਪਾਕਿਸਤਾਨ ਨਾਲ ਸਹਾਨੁਭੂਤੀ ਦੀ ਲੋੜ ਅਤੇ ਜ਼ਿੰਮੇਵਾਰੀ ਵੀ ਹੈ। ਦੂਜੇ ਪਾਸੇ ਕੇਂਦਰੀ ਸਰਕਾਰ ਨੂੰ ਪਾਕਿਸਤਾਨ ਨਾਲ ਕਦੇ ਨਾ ਕਦੇ ਦੋਖ ਦੀ ਲੋੜ ਹੋ ਸਕਦੀ ਹੈ। ਸਿੱਖ ਸਿਆਸਤ ਲਈ ਦੋਵੇਂ ਗੱਲਾਂ ਦਾ ਤਵਾਜ਼ਨ ਰੱਖਣਾ ਬੋਲ ਬਾਣੀ, ਵਿਹਾਰ, ਸੋਚ ਸਮਝ ਦੀ ਬਾਰੀਕੀ ਅਤੇ ਰੌਸ਼ਨ ਦਿਮਾਗੀ ਦੀ ਮੰਗ ਕਰਦਾ ਹੈ। ਇਥੇ ਵੀ ‘ਮਨ ਨੀਵਾਂ, ਮੱਤ ਉਚੀ’ ਦੀ ਪਰਖ ਹੋਣੀ ਹੈ। ਜੋ ‘ਬੋਲੇ ਸੋ ਨਿਹਾਲ’ ਜ਼ਰੂਰੀ ਹੈ, ਪਰ ਕਾਫੀ ਨਹੀਂ।

ਸਿੱਖ ਸਿਆਸਤ ਦਾ ਭਾਰਤੀ ਪ੍ਰਸੰਗ ਹੈ। ਅੱਜ ਦੇ ਭਾਰਤ ਦੀ ਦੁਨੀਆਂ ਦੇ ਸੱਜੇ-ਪਿੱਛਾਖੜ ਮੁਲਕਾਂ ਨਾਲ ਸਾਂਝ ਹੈ-ਹੰਗਰੀ, ਤੁਰਕੀ, ਅਮਰੀਕਾ, ਇਜ਼ਰਾਈਲ ਅਤੇ ਬ੍ਰਾਜ਼ੀਲ, ਜਿਨ੍ਹਾਂ ਦਾ ਸੱਜਾ-ਪੱਖੀ ਕੌਮਾਂਤਰਨ (ਇੰਟਰਨੈਸ਼ਨਲ) ਬਣਿਆ ਹੋਇਆ ਹੈ, ਇਕ ਦੂਜੇ ਤੋਂ ਸੱਤਾਵਾਦੀ, ਅਵਾਮੀ ਹੁਕਮ-ਰਵਾਨੀ ਸਿੱਖਦੇ ਹਨ। ਇਨ੍ਹਾਂ ਨੂੰ ਫਾਸ਼ਿਸਟ ਕਹਿਣਾ ਭੁੱਲ ਹੈ, ਜੋ ਰਾਤ-ਪ੍ਰੇਖਣ ਦੀ ਥਾਂਉਂ ਵਰਤਮਾਨੀ ਸਥਿਤੀ ਸਮਝਦੀ ਹੈ। ਇਨ੍ਹਾਂ ਨੂੰ ਇੰਨੀ ਕੁ ਸਮਝ ਹੈ, ਜੋ ਹਿਟਲਰੀ ਵਿਹਾਰ ਲੋਕਤੰਤਰੀ, ਮਨੁੱਖੀ ਅਧਿਕਾਰਾਂ ਵਾਲੀ ਦੁਨੀਆਂ ਨੂੰ ਪਸੰਦ ਨਹੀਂ। ਦੁਖੀ ਵਸੋਂ ਜਗਤ ਨਿਰਭਰ ਨਹੀਂ ਹੋ ਸਕਦੀ, ਜੋ ਆਪਣਾ ਕੰਮ ਆਪ ਸੰਵਾਰਨਾ ਪੈਣਾ ਹੈ। ਭਾਵੇਂ ਦੇਸ਼ ਦਾ ਫੌਜੀ-ਕਰਨ ਨਹੀਂ ਹੋ ਰਿਹਾ, ਪਰ ਅਲਪਾਂ (ਘੱਟ ਗਿਣਤੀਆਂ) ਨਾਲ ਦਵੈਖ ਭਖ ਰਿਹਾ ਹੈ। ਵਿਚੇ ਵਿਚ ਨਸਲੀ ਅਤੇ ਧਾਰਮਿਕ ਦੋਖ ਰੜਕਦਾ ਹੈ, ਜੋ ਉਚ ਰਾਜ-ਭਾਗ ਤੋਂ ਇਹਦੀ ਜਾਇਜ਼-ਕੁਮਰੀ ਹੋ ਰਹੀ ਲਗਦੀ ਹੈ। ਇਨ੍ਹਾਂ ਨੂੰ ‘ਅਸਲੀ’ ਹੰਗੇਰੀਅਨ, ‘ਅਸਲੀ’ ਤੁਰਕ, ‘ਅਸਲੀ’ ਅਮਰੀਕਨ ਅਤੇ ‘ਅਸਲੀ’ ਭਾਰਤੀ ਨੂੰ ਹੋਰਾਂ ਤੋਂ ਵੱਖ ਕਰਨ ਦਾ ਹੀ ਵਿਹਲ ਮਿਲਦਾ ਹੈ।
ਕਿਸੇ ਨੂੰ ਧਮਕੀ, ਕਿਸੇ ਨੂੰ ਫਾਇਦਾ ਪਹੁੰਚਾਉਣ ਦੇ ਹਥਕੰਡਿਆਂ ਨਾਲ ਸਿੱਧੇ ਪੱਧਰੇ ਦਮਨ ਤੋਂ ਬਿਨਾ ਸਮਾਜ ਨੂੰ ਕਾਬੂ ਰਖਿਆ ਜਾ ਸਕਦਾ ਹੈ। ਇਨ੍ਹਾਂ ‘ਚ ਟਰੰਪ, ਉਰਬਾਨ, ਬਲਯੋਨਾਰੋ, ਅਰਡੋਗਾਨ ਦਾ ‘ਖਾਨਦਾਨੀ’ ਰਾਜ ਹੈ, ਜਿਨ੍ਹਾਂ ਵਿਚ ‘ਜਵਾਈਆਂ’ ਦੀ ਖਾਸ ਸ਼ਮੂਲੀਅਤ ਹੈ। ਪਾਠਕ ਹੋਰ ਬਹੁਤ ਮਿਸਾਲਾਂ ਜਾਣਦੇ ਹੋਣਗੇ।
ਇਨ੍ਹਾਂ ਦੀ ਸਿਆਣਪ ਦੇਖੋ, ਜੋ ਇਨ੍ਹਾਂ ਦੀ ਮਾਸੂਮ ਨੂੰ ਤੰਗ ਕਰਨ ਦੀ ਸ਼ਕਤੀ ਥੋੜ੍ਹੀ ਹੈ, ਪਰ ਅਪਰਾਧੀ ਨੂੰ ਬਚਾਉਣ ਦੀ ਤਾਕਤ ਬਹੁਤੀ ਹੈ। ਇਨ੍ਹਾਂ ਦਾ ਕਾਰ-ਵਿਹਾਰ ਤਾਂ ਸਿਆਸੀ ਹੁੰਦਾ ਹੈ, ਪਰ ਇਹਨੂੰ ਆਰਥਕ ਲੋੜ ਵਾਂਗੂੰ ਪੇਸ਼ ਕੀਤਾ ਜਾਂਦਾ ਹੈ।
ਜੇ ਅਦਾਲਤ ਸਰਕਾਰ ਨੂੰ ਨਾ-ਮਨਜ਼ੂਰ ਫੈਸਲਾ ਕਰੇ ਤਾਂ ਸ਼ੋਰ ਸ਼ਰਾਬਾ ਹੁੰਦਾ ਹੈ, ਜੋ ‘ਕਚਹਿਰੀ ਨੂੰ ਕਿਸੇ ਨੇ ਚੁਣਿਆ? ਜੋ ਕਚਹਿਰੀ-ਤੰਤਰ ਨਹੀਂ ਚੱਲਣਾ।’ ਦੱਖਣ ਵਿਚ ਪ੍ਰਸ਼ਾਸਨ ਕਿਸੇ ਮੰਦਰ ਬਾਰੇ ਉਚਤਮ ਨਯਾਲਯਾ ਖਿਲਾਫ ਕਿੰਨਾ ਬੋਲਿਆ ਹੈ, ਜੋ ਰਿਆਸਤ ਦੀਆਂ ਤਿੰਨ ਸੰਸਥਾਵਾਂ (ਪ੍ਰਤਿਨਿਧਤਾ, ਪ੍ਰਸ਼ਾਸਨ ਅਤੇ ਨਯਾਲਯ) ਦੀ ਵੰਡ ਨੂੰ ਭੁੱਲ ਗਿਆ। ਚੋਣ ਦਾ ਮਨੋਰਥ ਜਨਤਕ ਹੁਕਮਨਾਮੇ (ਫਤਵੇ) ‘ਤੇ ਅਮਲ ਨਹੀਂ, ਸਗੋਂ ਦੇਸ਼ ਦੇ ਕਿਸੇ ਭਾਗ ਨੂੰ ਦਬਾਈ ਰੱਖਣਾ ਹੈ। ਬਾਗੀਆਂ ਦੇ ਚੋਣ ਜਿੱਤਦੇ ਸਾਰ ਦੇਸ਼ ਦੀਆਂ ਸੰਸਥਾਵਾਂ ਦੀ ਭੰਨਤੋੜ ਕਰੀ ਜਾਣੀ ਹੈ।
ਭਾਰਤ ਦੀ ਆਧੁਨਿਕਤਾ ਵਿਚ ਚੜ੍ਹਤ ਹੈ, ਜਿਵੇਂ ਹਰ ਗੱਲ ‘ਚ ਹੋਈ ਜਾਂਦੀ ਹੈ। ਵੋਟ ਖਰੀਦਣੀ ਅਪਰਾਧ ਹੈ, ਪਰ ਅਸੈਂਬਲੀ ਦੇ ਮੈਂਬਰ, ਸੂਬਾਈ ਸਰਕਾਰ ਖਰੀਦਣੀ ਪੁੰਨ ਹੈ। ਇੰਡੋਨੇਸ਼ੀਆ ਵਿਚ ਦੁਕਾਨਾਂ ‘ਤੇ ਫੱਟੇ ਲੱਗੇ ਹੁੰਦੇ ਹਨ, ‘ਇਥੇ ਜਾਅਲੀ ਸਰਟੀਫਿਕੇਟ ਵਿਕਦੇ ਹਨ।’ ਅਗਲੀ ਚੋਣ ਵੇਲੇ ਸਾਡੀਆਂ ਦੁਕਾਨਾਂ ‘ਤੇ ਬੋਰਡ ਲੱਗ ਜਾਣੇ ਹਨ, ‘ਇਥੇ ਸਿਆਸਤਦਾਨ ਵਿਕਦੇ ਹਨ।’ ਦੁਨੀਆਂ ਭਾਰਤੀ ‘ਸਿਫਰ’ ਦੀ ਕਾਢ ਦੀ ਦੇਣਦਾਰ ਹੈ; ਅਗਲੀ ਦੇਣ ਰਾਜਨੀਤੀ ਨੂੰ ਵਸਤੂ ਬਣਾਉਣ ਦੀ ਹੈ।