ਸੁਖਦੇਵ ਸਿੱਧੂ
ਵਲੈਤ ਦਾ ਵੱਡਾ ਹਿੱਸਾ ਇਤਿਹਾਸ ਧੱਕਾ ਜ਼ੋਰੀ ਤੇ ਜ਼ੁਲਮਾਂ ਨਾਲ ਤਰੋ ਤਰ ਹੈ। ਵਡੇਰੇ ਰਾਜ ਪਸਾਰੇ ਚ ਅਨਿਆਂ ਵੀ ਬਥੇਰਾ ਹੋਇਆ। ਏਸ ਰਾਜ ਦੀ ਮੁੱਖ ਟੇਕ ਤਾਂ ਦੂਜਿਆਂ ਦੀ ਲੁਟ ਕਰਕੇ ਆਪਣਾ ਢਿੱਡ ਭਰਨਾ ਹੀ ਸੀ। ਲੋਕਾਂ ਦਾ ਭਲਾ ਕਰਨ ਲਈ ਕੋਈ ਦੂਰ ਦੁਰੇਡੇ ਕਿਉਂ ਭਾਉਂਦਾ ਫਿਰੇ! ਸਿੱਟਾ ਸਭ ਦੇ ਸਾਹਮਣੇ ਹੈ।
ਬ੍ਰਿਟਿਸ਼ ਰਾਜ ਦੇ ਕਾਰਿੰਦਿਆਂ ਤੇ ਨਾਗਰਿਕਾਂ ਨੇ 1640 ਤੋਂ ਲੈ ਕੇ 1807 ਤੀਕ ਤੀਹ ਲੱਖ ਕਾਲੇ ਅਫਰੀਕਨਾਂ ਨੂੰ ਗੁਲਾਮ ਬਣਾ ਕੇ ਰਾਜ ਦੀਆਂ ਦੂਜੀਆਂ ਕਾਲੋਨੀਆਂ ‘ਚ ਪਹੁੰਚਾਇਆ, ਹੋਰ ਥਾਂਈਂ ਵੀ ਵੇਚਿਆ ਗਿਆ। ਇਨ੍ਹਾਂ ‘ਚੋਂ ਤੀਹ ਹਜ਼ਾਰ ਦੇ ਕਰੀਬ ਰਾਹ ‘ਚ ਹੀ ਪਾਣੀ ਵਾਲੇ ਜਹਾਜਾਂ ਦੇ ਸਫਰ ਦੌਰਾਨ ਮਾਰੇ ਗਏ। ਇਨ੍ਹਾਂ ‘ਚੋਂ ਹੋਈ ਕਮਾਈ ਨਾਲ ਵਲੈਤ ਦੀਆਂ ਕਈ ਨਾਮੀ ਇਮਾਰਤਾਂ ਤੇ ਹੋਰ ਅਦਾਰਿਆਂ ‘ਤੇ ਅਸਰ ਦਿਸਦੇ ਹਨ। ਦਸਤਾਵੇਜ਼ਾਂ ਮੁਤਾਬਕ ਜੋਹਨ ਲੋਕ ਨੇ ਗੁਲਾਮ ਖਰੀਦਣ ਵੇਚਣ ਦੀ ਪਹਿਲ 1555 ‘ਚ ਕੀਤੀ। ਇਹਨੇ ਪੰਜ ਗੁਲਾਮ ਵਲੈਤ ਨੂੰ ਲਿਆਂਦੇ। ਵਿਲੀਅਮ ਟਾਵਰਸਨ ਨੇ ਵੀ ਬੈਰ੍ਹੀ ਜਹਾਜਾਂ ਦੇ ਸਫਰਾਂ ਦੌਰਾਨ 1656 ਤੋਂ 1657 ਤੀਕ ਗੁਲਾਮ ਖਰੀਦਣ ਵੇਚਣ ਦਾ ਧੰਦਾ ਕੀਤਾ, ਪਰ ਇਸ ਕਰਤੂਤ ਦੀ ਰਹਿਨੁਮਾਈ ਦਾ ਸਿਹਰਾ ਜੋਹਨ ਹੋਕਿਨਜ਼ ਦੇ ਸਿਰ ਟਿਕਦਾ ਹੈ। ਇਸ ਨੂੰ ਹੀ ਇਸ ਕੰਮ ਦਾ ਮੋਢੀ ਮਿਥਿਆ ਗਿਆ ਹੈ। ਇਹਨੇ ਇਕੱਲੇ ਨੇ 1200 ਗੁਲਾਮ ਸੀਐਰਾ ਲੀਓਨ ਤੋਂ ਲਿਆ ਕੇ ਡੋਮੀਨਿੱਕ ਰੀਪਬਲਿਕ ਤੇ ਹੇਤੀ ‘ਚ ਵੇਚੇ। ਵਲੈਤ ਤੋਂ ਅਫਰੀਕਾ ਨੂੰ ਤੁਰੇ ਜਹਾਜ ਸੋਨੇ, ਹਾਥੀਦੰਦ ਦੇ ਇਵਜ਼ ‘ਚ ਗੁਲਾਮ ਖਰੀਦ ਲੈਂਦੇ। ਅਫਰੀਕਾ ਤੋਂ ਸਿੱਧਾ ਕੈਰਿਬੀਅਨ ਤੇ ਅਮਰੀਕੀ ਮੁਲਕਾਂ ‘ਚ ਜਾ ਕੇ ਵੇਚ ਦਿੰਦੇ; ਜਦ ਜਹਾਜ ਵਾਪਸ ਵਲੈਤ ਨੂੰ ਮੁੜਦੇ ਤਾਂ ਆਉਂਦੇ ਹੋਏ ਯੂਰਪੀਅਨਾਂ ਲਈ ਤੰਬਾਕੂ, ਖੰਡ ਤੇ ਰੰਮ ਲਈ ਆਉਂਦੇ ਯਾਨਿ ਦੋਹਰੀ-ਤੀਹਰੀ ਲੁੱਟ ਕੀਤੀ ਜਾਂਦੀ। ਇਨ੍ਹਾਂ ਵਪਾਰੀਆਂ ਦਾ ਛੇਤੀ ਅਮੀਰ ਹੋ ਜਾਣਾ, ਹੈਰਾਨ ਕਰਨ ਵਾਲਾ ਨਹੀਂ ਹੈ।
ਸਮਾਂ ਬੜਾ ਬਲਵਾਨ ਹੈ, ਬੇਕਿਰਕ ਵੀ ਹੈ। ਬ੍ਰਿਟਿਸ਼ ਸਾਮਰਾਜ ਦਾ ਦੀਵਾ ਹੌਲੀ ਹੌਲੀ ਗੁੱਲ ਹੋ ਗਿਆ। ਕਿਸੇ ਨੂੰ ਕੀ ਪਤਾ ਸੀ ਕਿ ਕਾਲੇ ਅਫਰੀਕੀਆਂ ਨੂੰ ਵੇਚ-ਵੱਟ ਕੇ ਵਲੈਤ ‘ਚ ਰੁਤਬੇ ਪਾਉਣ ਵਾਲਿਆਂ ਦੇ ਬੁਰੇ ਦਿਨ ਵੀ ਆ ਜਾਣਗੇ।
ਪੁਰਾਣਾ ਵਾਕਿਆ ਹੈ। ਮੇਰਾ ਬਾਪ ਦਸਦਾ ਹੈ ਕਿ ਸਾਡੇ ਪਿੰਡਾਂ ਲਾਗੇ ਸਤਲੁਜ ਦਰਿਆ ਕੰਢੇ ਵਸਦੇ ਕਿਸੇ ਪਿੰਡ ‘ਚ ਚੋਰ ਆ ਵੜੇ। ਘਰ ਦਾ ਬਜੁਰਗ ਊਂ ਈਂ ਦੇਖਣ ਲਈ ਉਠਿਆ ਕਿ ਕੋਈ ਜੰਗਲੀ ਜਾਨਵਰ ਤਾਂ ਨਹੀਂ ਆ ਵੜਿਆ। ਦਰਿਆ ਕੰਢੇ ਬੇਆਬਾਦ ਜ਼ਮੀਨ ‘ਚ ਜੰਗਲ ਹੀ ਜੰਗਲ ਸੀ। ਜੰਗਲੀ ਜਾਨਵਰ ਰਾਤ ਨੂੰ ਫਸਲਾਂ ਤਾਂ ਖਾਂਦੇ ਹੀ ਸੀ, ਘਰੀਂ ਵੀ ਆ ਵੜਦੇ ਸਨ। ਚੋਰ ਕੱਚੇ ਸੀ, ਬਾਬੇ ਤੋਂ ਡਰ ਗਏ। ਉਨ੍ਹਾਂ ‘ਚੋਂ ਕਿਸੇ ਨੇ ਘੁਮਾ ਕੇ ਡਾਂਗ ਮਾਰੀ; ਬੁੜੇ ਦੀ ਪੁੜਪੁੜੀ ‘ਚ ਜਾ ਵੱਜੀ। ਹੰਭਿਆ ਸਰੀਰ ਸੀ। ਉਮਰ ਵੀ ਲੱਗੀ ਹੋਈ ਸੀ। ਸੱਟ ਔਹਰੇ ਥਾਂ ਵੱਜ ਗਈ ਤੇ ਬਜੁਰਗ ਭੂਆਂਟਣੀ ਖਾ ਕੇ ਡਿੱਗਾ ਤੇ ਸਰੀਰ ਛੱਡ ਗਿਆ। ਰੌਲਾ ਪੈ ਗਿਆ। ਓ ਰਾਤੀਂ ਡਾਕਾ ਪੈ ਗਿਆ, ਓ ਰਾਤੀਂ ਡਾਕਾ ਪੈ ਗਿਆ। ਸਰਦਾਰਾਂ ਦਾ ਬੁੜਾ ਮਰ ਗਿਆ। ਵਿਚੋਂ ਹੀ ਕਹਿਣ ਲੱਗ ਪਏ; ਨਹੀਂ, ਨਹੀਂ, ਉਹ ਤਾਂ ਡਾਕੂਆਂ ਨਾਲ ਲੜਦਾ-ਭਿੜਦਾ ਸ਼ਹੀਦ ਹੋ ਗਿਆ। ਪਿੰਡ ਵਾਲੇ ਸੱਚ ਜਾਣਦੇ ਸਨ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵੀ, ਪਰ ਘਰ ਤਕੜਾ ਸੀ। ਸਿਆਸੀ ਅਸਰ ਰਸੂਖ ਵੀ ਸੀ। ਯਾਦਗਾਰੀ ਪ੍ਰੋਗਰਾਮ ਰੱਖ ਲਿਆ। ਭੀਮ ਸੈਨ ਸੱਚਰ ਦੀ ਸਰਕਾਰ ਸੀ। ਅਜੇ ਗੋਰੇ ਮੁਲਕ ‘ਚੋਂ ਗਏ ਹੀ ਸਨ ਤੇ ਭਾਰਤੀਆਂ ਹੱਥ ਤਾਕਤ ਨਵੀਂ ਨਵੀਂ ਆਈ ਸੀ; ਪਰ ਅਫਸਰਸ਼ਾਹੀ ਅੰਗਰੇਜ਼ੀ ਭਾਅ ਦੀ ਸੀ, ਸਰਕਾਰੀ ਅਮਲੇ ਫੈਲੇ ਨੇ ਸਕੂਲਾਂ ‘ਚੋਂ ਨਿਆਣੇ ਸੱਦ ਲਏ। ਭੀਮ ਸੈਨ ਸੱਚਰ ਇਲਾਕੇ ‘ਚ ਆਪਣੀ ਸਿਆਸੀ ਸਾਖ ਖੜੀ ਕਰਨ ਖਾਤਿਰ ਆਇਆ ਸੀ। ਵੇਲੇ ਦਾ ਮੁੱਖ ਮੰਤਰੀ ਸੀ। ਪੱਛੜੇ ਪਿੰਡ ਆਇਆ ਸੀ। ਸ਼ਹੀਦ ਦੇ ਨਾਂ ਯਾਦਗਾਰ ਸਥਾਪਿਤ ਕਰ ਗਿਆ। ਨਵੇਂ ਬਣੇ ਮੁੱਖ ਮੰਤਰੀ ਨੇ ਸ਼ਹੀਦ ਦੀ ਬਹਾਦਰੀ ਦੀ ਮਹਿਮਾ ਕੀਤੀ। ਸੱਚਰ ਦੀ ਇਲਾਕੇ ‘ਚ ਜੈ ਜੈ ਕਾਰ ਹੋ ਗਈ। ਹੁਣ ਕਿਸੇ ਨੂੰ ਚਿੱਤ ਚੇਤਾ ਨਹੀਂ, ਉਹ ‘ਸ਼ਹੀਦ’ ਕੌਣ ਸੀ, ਯਾਦਗਾਰ ਕਿਤੇ ਹੈ ਨਹੀਂ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਬੁੱਤ ਲਾਉਣ ਤੇ ਯਾਦਗਾਰਾਂ ਬਣਾਉਣ ਦਾ ਚਾਅ ਚੜ੍ਹਿਆ ਹੋਇਆ ਹੈ। ਜਿਨ੍ਹਾਂ ਦੀ ਸਾਰੀ ਉਮਰ ਕਦੇ ਪੁੱਛ ਪ੍ਰਤੀਤ ਨਾ ਹੋਈ, ਉਨ੍ਹਾਂ ਦੇ ਬੁੱਤ ਲੱਗ ਗਏ ਹਨ ਤੇ ਕਈ ਯਾਦਗਾਰਾਂ ਬਣ ਗਈਆਂ ਹਨ। ਇਹਦੇ ਪਿਛਲੀ ਭਾਵਨਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਇਹ ਲੁਕੀ ਛਿਪੀ ਨਹੀਂ ਹੈ।
ਹਾਲਤ ਬਦਲੇ ਤਾਂ ਅੰਦਰੋਂ ਜ਼ੋਰ ਪੈਣਾ ਸ਼ੁਰੂ ਹੋ ਗਿਆ ਸੀ। ਗੁਲਾਮਾਂ ਦੇ ਵਪਾਰ ਦੀ ਹਮਾਇਤ ਕਰਨ ਵਾਲਿਆਂ ਦਾ ਦਾਅਵਾ ਸੀ ਕਿ ਇਸ ਸਦਕਾ, ਵਲੈਤ ਦੇ ਅਰਥਚਾਰੇ ਨੂੰ ਬੜਾਵਾ ਮਿਲਿਆ ਹੈ ਤੇ ਲੋਕਾਂ ਦੀ ਹਾਲਤ ਸੁਧਰੀ ਹੈ; ਤਾਂ ਵੀ ਵਲੈਤ ਦੀ ਪਾਰਲੀਮੈਂਟ ਨੇ ਗੁਲਾਮ ਤਜਾਰਤ ਦੇ ਖਾਤਮੇ ਦਾ ਕਦਨੂੰਨ ਪਾਸ ਕਰ ਦਿੱਤਾ। ਇਸ ਕਦਨੂੰਨ ਰਾਹੀਂ ਸਰਕਾਰ ਨੇ 1807 ‘ਚ ਗੁਲਾਮਾਂ ਦਾ ਖਰੀਦਣਾ-ਵੇਚਣਾ ਗੈਰਕਦਨੂੰਨੀ ਕਰ ਦਿੱਤਾ, ਪਰ ਅਸਲ ‘ਚ ਗੁਲਾਮਾਂ ਦੀ ਖਰੀਦੋ ਫਰੋਖਤ 1838 ਤੀਕ ਵੀ ਹੁੰਦੀ ਰਹੀ। ਖੱਟੀ ਵੀ ਹੁੰਦੀ ਰਹੀ।
ਪਾ ਲਾ ਕੇ ਬਹੱਤਰ ਐਸੇ ਬੁੱਤ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਗੁਲਾਮਾਂ ਦੀ ਤਜ਼ਾਰਤ ਜਾਂ ਬਸਤੀਵਾਦ ਨਾਲ ਰਿਹਾ ਹੈ। ਇਨ੍ਹਾਂ ‘ਚੋਂ ਵੀਹ ਇਕੱਲੇ ਲੰਡਨ ‘ਚ ਹਨ। ਹੁਣ ਇਨ੍ਹਾਂ ਦੀ ਸ਼ਾਮਤ ਆਈ ਹੋਈ ਹੈ। ਭਾਰਤ ਨਾਲ ਸਬੰਧਿਤ ਰੌਬਰਟ ਕਲਾਈਵ ਤੇ ਲਾਰਡ ਕਿਚਨਰ ਵੀ ਲਿਸਟ ‘ਤੇ ਹਨ। ਹੋਰ ਕਿਸ ਕਿਸ ਦੀ ਵਾਰੀ ਕਦ ਕਦ ਆਉਂਦੀ ਹੈ, ਬਲਵਾਨ ਸਮਾਂ ਦੱਸ ਦਏਗਾ। ਵਲੈਤ ਦੀ ਸਰਕਾਰ ਨੇ ਚਰਚਿਲ ਦੇ ਬੁੱਤ ਦੁਆਲੇ ਰੱਖਿਆ ਪਹਿਰਾ ਕਾਇਮ ਕਰ ਦਿੱਤਾ ਹੈ ਤੇ ਸਰਕਾਰ ਨੇ ਤਾਬੜਤੋੜ ਬਿਆਨਬਾਜ਼ੀ ਵਾਧੂ ਕਰ ਦਿੱਤੀ ਹੈ।
ਗੁਲਾਮਾਂ ਦੇ ਵਪਾਰ ਸਿਰੋਂ ਅਮੀਰ ਤਰੀਨ ਹੋਏ ਐਡਵਰਡ ਕੋਲਸਟਨ ਦਾ ਬੁੱਤ ਬ੍ਰਿਸਟਲ ਸ਼ਹਿਰ ‘ਚ ਸੀ। ਜੋ ਹਾਲ ਬੁੱਤ ਦਾ ਹੋਇਆ, ਸਭ ਨੇ ਤੱਕਿਆ। ਇਹ ਸਬਰ ਟੁੱਟਣ ਦਾ ਝਲਕਾਰਾ ਹੈ। ਇਹ ਗੋਰਾ ਅਫਰੀਕੀ ਨਸਲ ਦੇ ਮਨੁੱਖਾਂ ਦਾ ਵਪਾਰੀ ਸੀ। ਵੈਸਟ ਇੰਡੀਜ਼ ‘ਚ ਗੁਲਾਮ ਅਫਰੀਕਨਾਂ ਨੂੰ ਵੇਚਦਾ ਸੀ। ਇਸ ਨੇ ਮਨੁੱਖੀ ਤਸਕਰੀ ਤੋਂ ਏਨੀ ਖੱਟੀ ਕੀਤੀ ਕਿ ਇਹਨੇ ਆਪਣੀ ਕੰਪਨੀ ‘ਲੰਡਨ ਡੌਕਸ’ ਬਣਾ ਲਈ। ਬੁੱਤ ਲੱਗਣ ਵੇਲੇ ਸਰਮਾਏ ਤੇ ਹੋਰ ਅਸਰ ਰਸੂਖ ਕਾਰਨ ਬੁੱਤ ਲਾਇਆ ਤਾਂ ਗੁਣਗਾਨ ਕੀਤਾ ਗਿਆ। ਇਹ ਹਾਲ ਦੇਖ ਕੇ ਲੰਡਨ ਦੇ ਮਿਊਜ਼ੀਅਮ ਮੂਹਰੇ ਲੱਗੇ ਰੌਬਰਟ ਮਿਲੀਗਨ ਦੇ ਬੁੱਤ ਨੂੰ ਸਰਕਾਰ ਨੇ ਆਪੇ ਲਾਹ ਲਿਆ ਹੈ। ਕਈ ਹੋਰਾਂ ਦੇ ਲਾਹੁਣ ਦਾ ਅਮਲ ਜਾਰੀ ਹੈ ਤੇ ਕਈਆਂ ਦੁਆਲੇ ਰੱਖਿਆ ਕੱਸੀ ਗਈ ਹੈ।
ਆਕਸਫੋਰਡ ਯੂਨੀਵਰਸਿਟੀ ਦੇ ਓਰੀਅਲ ਕਾਲਜ ਨਾਲ ਸੈਸੱਲ ਰੋਡਜ਼ ਦਾ ਲਾਗਾ ਦੇਗਾ ਹੈ; ਇਹਦੇ ਨਾਂ ਦੇ ਸਕਾਲਰਸ਼ਿਪ ਵੀ ਚਲਦੀ ਹੈ। ਸ਼ਹਿਰ ‘ਚ ਲੱਗਾ ਬੁੱਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁਜਾਹਰੇ ਹੋਈ ਜਾ ਰਹੇ ਹਨ। ਪੁਲਿਸ ਪਹਿਰੇ ‘ਤੇ ਖੜੀ ਰਹਿੰਦੀ ਹੈ ਕਿ ਕਿਤੇ ਬ੍ਰਿਸਟਲ ਵਾਲੀ ਨਾ ਹੋ ਜਾਏ। ਆਕਸਫੋਰਡ ‘ਚ ਵਿਦਿਆਰਥੀ ਬਹੁਤ ਗਿਣਤੀ ਚ ਹੁੰਦੇ ਹਨ ਤੇ ਜੋੜ ਮੇਲਾ ਫੁਰਤੀ ਨਾਲ ਹੋ ਜਾਂਦਾ ਹੈ। ਬਿਜਲੱਈ ਜੁੱਗ ਚ ਇਹ ਹੋਰ ਸੌਖਾ ਹੋ ਗਿਆ ਹੈ। ਪੁਲਸ ਤੇ ਬੁੱਤ ਵਿਰੋਧੀਆਂ ਚ ਚੂਹੇ ਬਿੱਲੀ ਵਾਲੀ ਲੱਗੀ ਰਹਿੰਦੀ ਹੈ। ਸਮਾਂ ਹੈ, ਆਪਣਾ ਰੰਗ ਦਿਖਾਉਂਦਾ ਹੀ ਰਹਿੰਦਾ ਹੈ। ਗੁਲਾਮਾਂ ਦੀ ਕੀਤੀ ਖੱਟੀ ਕਮਾਈ ਚੋਂ ਏਸੇ ਦੇ ਨਾਂ ਤੇ ਚਲਦੇ ਟਰੱਸਟ ਨੇ ਸਕਾਲਰਸ਼ਿਪ ਵੀ ਲਾਈਆਂ ਹੋਈਆ ਹਨ।
ਔਕਸਫਰਡ ਯੂਨੀਵਰਸਿਟੀ ਦੇ ਚਾਂਸਲਰ ਨੇ ਸੈਸੱਲ ਦਾ ਬੁੱਤ ਹਟਾਉਣ ਦੀ ਮੰਗ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਹੈ। ਉਸ ਨੇ ਕਿਹਾ ਹੈ ਕਿ ਇਹ ਬੁੱਤ ਨਹੀਂ ਹਟੇਗਾ। ਚਾਂਸਲਰ ਬਣਨ ਤੋਂ ਪਹਿਲਾਂ ਇਹ ਟੋਰੀ ਪਾਰਟੀ ਦਾ ਵੱਡਾ ਸਿਆਸਤਦਾਨ ਰਿਹਾ ਹੈ ਤੇ ਪਾਰਟੀ ਦਾ ਚੈਅਰਮੈਨ ਵੀ। ਇਹ ਥੈਚਰ ਦੀ ਸਰਕਾਰ ‘ਚ ਮੰਤਰੀ ਵੀ ਰਿਹਾ। ਇਹ ਮੰਗ 2016 ‘ਚ ਵੀ ਉਠੀ ਸੀ ਤੇ ਏਸੇ ਚਾਂਸਲਰ ਦਾ ਕਹਿਣਾ ਸੀ ਕਿ ਜਿਨ੍ਹਾਂ ਨੂੰ ਸੈਸੱਲ ਰੋਡਜ਼ ਚੰਗਾ ਨਹੀਂ ਲੱਗਦਾ, ਓਹ ਕਿਸੇ ਹੋਰ ਯੂਨੀਵਰਸਿਟੀ ‘ਚ ਜਾ ਕੇ ਪੜ੍ਹ ਲੈਣ। ਆਕਸਫੌਰਡ ਯੂਨੀਵਰਸਿਟੀ ਦੀ ਡੀਬੇਟਿੰਗ ਸੁਸਾਇਟੀ ‘ਚ ਹੋਈ ਬਹਿਸ ਸਮੇਂ 457 ‘ਚੋਂ 245 ਵੋਟਰਾਂ ਨੇ ਬੁੱਤ ਲਾਹੇ ਜਾਣ ਦੇ ਹੱਕ ‘ਚ ਵੋਟ ਪਾਈ। ਅਫਰੀਕਾ ‘ਚ ਪਹਿਲਾਂ ਹੀ ਸੈਸੱਲ ਦਾ ਬੁੱਤ ਹਟਾਇਆ ਜਾ ਚੁੱਕਾ ਹੈ; ਅਫਰੀਕਾ ‘ਚ ਹੀ ਇਹਨੇ ਸੋਨੇ ਤੇ ਹੀਰਿਆਂ ਦੀਆਂ ਖਾਣਾਂ ਹਥਿਆ ਕੇ ਪੈਸਾ ਬਣਾਇਆ ਸੀ। ਆਕਸਫੌਰਡ ‘ਚ ਬੁੱਤ ਹਟਾਉਣ ਜਾਂ ਲੱਗੇ ਰਹਿਣ ਦਾ ਫੈਸਲਾ ‘ਕੱਲੇ ਚਾਂਸਲਰ ਦਾ ਨਹੀਂ ਹੋਣਾ। ਲੋਕ ਰਾਏ ਦੀ ਅਹਿਮੀਅਤ ਵੀ ਹੁੰਦੀ ਹੈ। ਵੱਡੀ ਦਲੀਲ ਤਾਂ ਇਹੋ ਹੈ ਕਿ ਅਣਮਨੁੱਖੀ ਕਰਤੂਤ ਕਰਨ ਵਾਲਿਆਂ ਦਾ ਨਾਂ ਇਤਿਹਾਸ ‘ਚ ਤਾਂ ਰਹਿਣਾ ਹੈ, ਪਰ ਇਨ੍ਹਾਂ ਦੀ ਏਨੀ ਮਹਿਮਾ ਕਿਉਂ ਕੀਤੀ ਜਾਵੇ? ਇਨ੍ਹਾਂ ਦਾ ਇਹ ਰੁੱਤਬਾ ਕਿਸ ਲਈ? ਮਨੁੱਖਾਂ ਦਾ ਏਨਾ ਜੀਆਘਾਤ ਕਰਨ ਵਾਲੇ ਇਸ ਦੇ ਹੱਕਦਾਰ ਹਨ! ਜੇ ਇਹੋ ਗੱਲ ਹੈ ਤਾਂ ਸੱਦਾਮ ਹੁਸੈਨ ਦੇ ਬੁੱਤ ਕਿਉਂ ਤੁੜਵਾਏ ਗਏ?
ਮਨੁੱਖਾਂ ਨੂੰ ਗੁਲਾਮ ਬਣਾ ਕੇ ਵਪਾਰ ‘ਚੋਂ ਪੈਸਾ ਬਣਾਉਣ ਵਾਲਿਆਂ ਦੇ ਬੁੱਤਾਂ ਦਾ ਦੱਬੀ ਜ਼ੁਬਾਨੇ ਹੁੰਦਾ ਵਿਰੋਧ ਜ਼ੋਰ ਫੜ ਗਿਆ; ਹੁਣ ਇਹ ਪੂਰੇ ਜਲੌਅ ‘ਤੇ ਹੈ। ਆਮ ਲੋਕ ਰਾਏ ਤਾਂ ਬੁੱਤ ਹਟਾਏ ਜਾਣ ਦੇ ਹੱਕ ‘ਚ ਹੈ। ਹੱਕ ‘ਚ ਬੋਲਣ ਵਾਲੇ ਆਟੇ ‘ਚ ਲੂਣ ਹਨ। ਹੱਕ ‘ਚ ਬੋਲਣ ਵਾਲੇ ਭਾਰਤੀਆਂ ਦੀ ਘਾਟ ਨਹੀਂ। ਜਿਹੜੇ ਬੁੱਤਾਂ ਨੂੰ ਹਟਾਉਣ ਦੇ ਹੱਕ ‘ਚ ਹਨ, ਪਰ ਅਮਲੇ ਫੈਲੇ ਦੀ ਸੁਲਾਹ ਨਾਲ ਬੁੱਤ ਬਾਰੇ ਫੈਸਲਾ ਲੈਣ ਦੇ ਹੱਕ ‘ਚ ਹਨ, ਉਨ੍ਹਾਂ ਲਈ ਔਖ ਦੀ ਘੜੀ ਹੁੰਦੀ ਹੈ। ਕਈ ਬੁੱਤ ਢਾਹੇ ਜਾਣ ‘ਤੇ ਖੁਸ਼ ਤਾਂ ਹੋਏ ਹਨ, ਪਰ ਸਿਆਸੀ ਰੁਤਬਿਆਂ ਕਾਰਨ ਖੁੱਲ੍ਹ ਕੇ ਪ੍ਰਸ਼ੰਸਾ ਨਹੀਂ ਕਰਦੇ।
ਜਿੱਥੇ ਜਿੱਥੇ ਲੇਬਰ ਪਾਰਟੀ ਤਾਕਤ ‘ਚ ਹੈ, ਉਨ੍ਹਾਂ ‘ਚੋਂ ਬਹੁਤਿਆਂ ਨੇ ਬੁੱਤ ਹਟਾਉਣ ਦਾ ਫੈਸਲਾ ਕਰ ਲਿਆ ਹੈ। ਬਾਲਾਦਸਤੀ ਵਾਲਿਆਂ ਦੇ ਬੁੱਤ ਢਹਿ ਰਹੇ ਹਨ। ਹਾਂ, ਹਟਾਉਣ ਦਾ ਫੈਸਲਾ ਹੋ ਗਿਆ ਹੈ।
‘ਹੇਠਲੀ ਉਤੇ ਆਉਣੀ’ ਦੀ ਸਹੀ ਤਸਵੀਰ ਇਹੋ ਹੈ। ਵਲੈਤ ‘ਚ ਕਈ ਥਾਂਈਂ ਨੈਲਸਨ ਮੰਡੇਲਾ ਦੇ ਬੁੱਤ ਲੱਗੇ। ਕਈ ਇਮਾਰਤਾਂ ਦੇ ਨਾਂ ਵੀ ਉਹਦੇ ਨਾਂ ‘ਤੇ ਰੱਖੇ ਗਏ। ਮੇਰੇ ਆਪਣੇ ਸ਼ਹਿਰ, ਨੈਲਸਨ ਆਪ ਆ ਕੇ ਬੁੱਤ ਦਾ ਉਦਘਾਟਨ ਕਰਕੇ ਗਿਆ। ਮੈਂ ਖੁਸ਼ ਸਾਂ। ਇਹਦੀ ਰਿਹਾਈ ਲਈ ਅਸੀਂ ਮੁਜਾਹਰਿਆਂ ‘ਚ ਹਿੱਸਾ ਲੈਂਦੇ ਰਹੇ ਸਾਂ। ਗਾਂਧੀ ਦੇ ਬੁੱਤ ਵੀ ਕਈ ਥਾਂਈਂ ਲੱਗੇ ਹਨ। ਹੋਰ ਤਾਂ ਹੋਰ ਮੁਹੰਮਦ ਅਲੀ ਦੇ ਬੁੱਤ ਲੱਗੇ ਤੇ ਇਮਾਰਤਾਂ ਦੇ ਨਾਂ ਵੀ ਉਹਦੇ ਨਾਂ ‘ਤੇ ਰੱਖੇ ਗਏ।
ਮਨ ਬਚਨ ਕਰਦਾ ਹੈ ਕਿ ਜੇ ਬੁੱਤ ਬੋਲਦੇ ਹੁੰਦੇ ਤਾਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਦੇ ਜਾਂ ਜ਼ਿੱਦ ਕਰਦੇ ਕਿ ਅਸੀਂ ਸਹੀ ਕੀਤਾ ਜਾਂ ਉਸ ਵੇਲੇ ਇਹ ਸਹੀ ਸੀ। ਕੀ ਉਸ ਵੇਲੇ ਕੀਤਾ ਗਲਤ ਕੰਮ ਸਹੀ ਹੁੰਦਾ ਹੈ? ਕੀ ਇਨ੍ਹਾਂ ਤੋਂ ਅਫਰੀਕਾ ਦੇ ਟਰੂਥ ਐਂਡ ਰੀਕੰਸਿਲੀਏਸ਼ਨ ਕਮਿਸ਼ਨ ਦੀ ਤਰਜ਼ ‘ਤੇ ਇਮਾਨਦਰੀ ਨਾਲ ਸਵੈ ਬਿਆਨੀ ਕਰਵਾਈ ਜਾ ਸਕਦੀ? ਪਰ ਬੁੱਤ ਤਾਂ ਬੋਲਦੇ ਨਹੀਂ। ਬੁੱਤਾਂ ਵਾਲਿਆਂ ਦੇ ‘ਕੰਮ’ ਜ਼ਰੂਰ ਬੋਲੀ ਜਾ ਰਹੇ ਹਨ।
ਸਾਡੇ ਪੰਜਾਬੀਆਂ ‘ਚ ਕੀਲੇ ‘ਤੇ ਜ਼ੋਰ ਤੀਂਗੜਨ ਵਾਲੀ ਗੱਲ ਆਮ ਬੋਲੀ-ਦੱਸੀ ਜਾਂਦੀ ਹੈ। ਬੁੱਤ ਵੀ ਕੀਲੇ ਦੇ ਜ਼ੋਰ ‘ਤੇ ਹੀ ਬੋਲਦੇ ਹਨ। ਚੁੱਪ ਵੀ ਕੀਲੇ ਦੇ ਜ਼ੋਰ ਬਿਨਾ ਹੀ ਹੋ ਜਾਂਦੇ ਹਨ। ਭਲਾ ਜੇ ਇਹ ਬੁੱਤ ਬੋਲਣ ਜੋਗੇ ਹੁੰਦੇ ਤਾਂ ਹੁਣ ਕੀ ਕਹਿੰਦੇ?