ਸੰਪਾਦਕ ਜੀ,
ਪਿਛਲੇ ਕੁਝ ਸਮੇਂ ਤੋਂ ਪੰਜਾਬ ਟਾਈਮਜ਼ ਵਿਚ ਸਿੱਖ ਸੰਘਰਸ਼ ਬਾਰੇ ਜੋ ਚਰਚਾ ਵਿਦਵਾਨਾਂ ਲੇਖਕਾਂ ਦਰਮਿਆਨ ਚੱਲ ਰਹੀ ਸੀ, ਉਸ ਤੋਂ ਇਹ ਤਾਂ ਸਪਸ਼ਟ ਹੋਇਆ ਕਿ ਯੋਗ ਲੀਡਰਸ਼ਿਪ ਦੀ ਘਾਟ ਕਾਰਨ ਹੀ ਸੰਘਰਸ਼ ਨਾ ਸਿਰਫ ਦਿਸ਼ਾਹੀਣ ਹੋਇਆ ਸਗੋਂ ਕੁਰਾਹੇ ਪੈ ਮਨੁੱਖੀ ਘਾਣ ਦਾ ਵੱਡਾ ਕਾਰਨ ਵੀ ਬਣਿਆ। ਇਹ ਲੀਡਰ ਸ਼ਾਤਰ ਰਾਜਨੀਤਕਾਂ ਦੁਆਰਾ ਕਿਵੇਂ ਵਰਤੇ ਗਏ ਅਤੇ ਵਰਤੇ ਜਾਂਦੇ ਹਨ, ਸਮਝਣਾ ਮੁਸ਼ਕਿਲ ਨਹੀਂ। ਖਾਲਿਸਤਾਨ ਦੀ ਹਮਾਇਤ ਬਾਰੇ ਅਕਾਲ ਤਖਤ ਦੇ ਜਥੇਦਾਰ ਦਾ ਤਾਜ਼ਾ ਬਿਆਨ ਇਸ ਧਾਰਨਾ ਦੀ ਹੋਰ ਪੁਸ਼ਟੀ ਕਰਦਾ ਹੈ।
ਯੋਗ ਲੀਡਰਸ਼ਿਪ ਉਸਾਰੂ ਸੋਚ ਅਤੇ ਸਪਸ਼ਟ ਵਿਜ਼ਨ ਲੈ ਕੇ ਜਿੱਥੇ ਸਾਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਸਕਦੀ ਹੈ, ਉਥੇ ਇਸ ਦੀ ਘਾਟ ਸਾਨੂੰ ਭੰਬਲਭੂਸਿਆਂ ਦੀਆਂ ਦਲਦਲਾਂ ਵਿਚ ਫਸਾ ਸਕਦੀ ਹੈ। ਸਾਡੇ ਧਾਰਮਿਕ ਆਗੂਆਂ ਦੇ ਬਿਆਨ ਅਕਸਰ ਹਾਸੋਹੀਣੇ ਹੀ ਨਹੀਂ, ਵਿਵੇਕਸ਼ੀਲ ਸੋਚ ਤੋਂ ਕੋਹਾਂ ਦੂਰ ਨਜ਼ਰ ਆਉਂਦੇ ਹਨ। ਇਨ੍ਹਾਂ ਦੇ ਬਿਆਨਾਂ ਦੀਆਂ ਕੁਝ ਮਿਸਾਲਾਂ ਦਿੰਦਾ ਹਾਂ। ਇੱਕ ਵਾਰ ਕਿਸੇ ਜਥੇਦਾਰ ਦਾ ਮਸ਼ਵਰਾ ਸੀ ਕਿ ਕਿਉਂਕਿ ਸਿੱਖ ਕੌਮ ਨੂੰ ਭਾਰਤ ਵਿਖੇ ਘੱਟ ਗਿਣਤੀ ਦਾ ਸੰਤਾਪ ਹੰਢਾਉਣਾ ਪੈਂਦਾ ਹੈ, ਇਸ ਲਈ ਹਰ ਸਿੱਖ ਨੂੰ ਘੱਟੋ ਘੱਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਕਰ ਲਓ ਘਿਓ ਨੂੰ ਭਾਂਡਾ! ਵਧ ਰਹੀ ਆਬਾਦੀ ਦਾ ਭਾਰ ਝੱਲ ਰਹੀ ਦੁਨੀਆਂ ਜਾਵੇ ਢੱਠੇ ਖੂਹ ‘ਚ।
ਸਾਰੇ ਭਾਰਤ ਵਿਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਕਾਨੂੰਨੀ ਛੋਟ ਹੈ। ਪਿੱਛੇ ਜਿਹੇ ਚੰਡੀਗੜ੍ਹ ਪੁਲਿਸ ਨੇ ਜਦ ਬਿਨਾ ਹੈਲਮਟ ਸਿੱਖ ਬੀਬੀਆਂ ਦਾ ਚਲਾਨ ਕੱਟਣਾ ਸ਼ੁਰੁ ਕੀਤਾ ਤਾਂ ਜਨਾਬ ਸਾਡੇ ਕਾਬਲ ਜਥੇਦਾਰਾਂ ਨੇ ਇਸ ਦਾ ਵਿਰੋਧ ਕੀਤਾ। ਜੱਜ ਹੋਰਾਂ ਜਾਣਨਾ ਚਾਹਿਆ ਕਿ ਪੁਲਿਸ ਕਿਵੇਂ ਪਤਾ ਕਰੇ ਕਿ ਕੌਣ ਸਿੱਖ ਬੀਬੀ ਹੈ ਤਾਂ ਜਥੇਦਾਰ ਹੋਰਾਂ ਦਾ ਮਸ਼ਵਰਾ ਸੀ ਕਿ ਜਿਸ ਬੀਬੀ ਦੇ ਨਾਂ ਅੱਗੇ ‘ਕੌਰ’ ਹੋਵੇ, ਉਸ ਨੂੰ ਸਿੱਖ ਬੀਬੀ ਮੰਨਿਆ ਜਾਵੇ। ਕੁਝ ਸਮਾਂ ਪਹਿਲਾਂ ਪੋਰਨ ਸਟਾਰ ਸਨੀ ਲਿਓਨੀ ਦੀ ਜੀਵਨੀ ‘ਤੇ ਫਿਲਮ ਬਣਨ ਲੱਗੀ ਤਾਂ ਉਸ ਦਾ ਮੂਲ ਨਾਂ ਕਰਮਜੀਤ ਕੌਰ (ਜਾਂ ਕਰਨਜੀਤ ਕੌਰ ਯਾਦ ਨਹੀਂ) ਵਰਤਿਆ ਜਾਣਾ ਸੀ ਤਾਂ ਜਨਾਬ ਸਾਡੇ ਵਿਦਵਾਨ ਧਾਰਮਿਕ ਆਗੂ ਜਥੇਦਾਰਾਂ ਦਾ ਇਤਰਾਜ਼ ਸੀ ਕਿ ਉਸ ਦੇ ਨਾਂ ਅੱਗੇ ਕੌਰ ਨਾ ਲਾਇਆ ਜਾਵੇ, ਕਿਉਂਕਿ ਇਸ ਨਾਲ ਸਿੱਖਾਂ ਦੀ ਬਦਨਾਮੀ ਹੁੰਦੀ ਹੈ। ਪੁੱਛਣਾ ਬਣਦਾ ਹੈ ਕਿ ਸਿੱਖੀ ਸਰੂਪ ਵਿਚ ਬਦਮਾਸ਼ੀਆਂ ਕਰਨ ਵਾਲੇ ਸਿੰਘਾਂ ਬਾਰੇ ਉਹ ਕੀ ਪੈਂਤੜਾ ਅਪਨਾਉਣਗੇ?
ਸੀਨੀਅਰ ਪੱਤਰਕਾਰ ਕੁਲਦੀਪ ਨੱਈਅਰ ਲੰਮਾ ਸਮਾਂ ਪੰਜਾਬ ਅਤੇ ਪੰਜਾਬੀਅਤ ਨਾਲ ਖੜ੍ਹਦਾ ਰਿਹਾ ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ, ਪਰ ਇਹ ਸਨਮਾਨ ਉਸ ਦੁਆਰਾ ਭਿੰਡਰਾਂਵਾਲਿਆਂ ਦੇ ਹਿੰਸਕ ਵਤੀਰੇ ਦੀ ਆਲੋਚਨਾ ਕਰਨ ‘ਤੇ ਵਾਪਸ ਲੈ ਲਿਆ ਗਿਆ। ਦਰਬਾਰ ਸਾਹਿਬ ਵਿਖੇ ਸਿੱਖ ਬੀਬੀਆਂ ਦੇ ਕੀਰਤਨ ਕਰਨ ਬਾਰੇ ਅਜੇ ਤੱਕ ਸਰੀਰਕ ਵਿਗਿਆਨ ਤੋਂ ਕੋਰੇ ਜਥੇਦਾਰਾਂ ਵਲੋਂ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਸਕਿਆ। ਇਸ ਸਿਲਸਿਲੇ ਵਿਚ ਕਦੇ ਕਿਤੇ ਪੜ੍ਹਿਆ ਲਾਰਡ ਕਨਿੰਘਮ ਦਾ ਸਿੱਖ ਕੌਮ ਬਾਰੇ ਕਿਹਾ ਚੇਤੇ ਆਉਂਦਾ ਹੈ, ‘ਸਿਖਸ ਇਜ਼ ਏ ਰੇਸ ਆਫ ਲਾਇਨਜ਼ ਲੈਡ ਬਾਈ ਐਸਿਜ਼।’ ਜਾਪਦਾ ਇਵੇਂ ਹੈ ਕਿ ਸਿੱਖਾਂ ਦੀ ਆਬਾਦੀ ਨਾਲੋਂ ਇਸ ਧਰਮ ਦੇ ਪਹਿਰੇਦਾਰਾਂ ਦੀ ਗਿਣਤੀ ਵੱਧ ਹੋ ਗਈ ਹੈ, ਜਿਨ੍ਹਾਂ ਦੇ ਰਾਮਰੌਲੇ ਵਿਚ ਕੋਈ ਵੀ ਵਿਵੇਕਸ਼ੀਲ ਪਹੁੰਚ ਨੱਕਾਰਖਾਨੇ ਵਿਚ ਤੂਤੀ ਦੀ ਅਵਾਜ਼ ਬਣ ਕੇ ਰਹਿ ਜਾਂਦੀ ਹੈ।
-ਹਰਜੀਤ ਦਿਓਲ, ਬਰੈਂਪਟਨ