ਪ੍ਰੀਤਮ ਸਿੰਘ ਕੁਮੇਦਾਨ ਨੇ ਇਹ ਵਿਚਾਰ ਕੁ ਸਾਲ ਪਹਿਲਾਂ ਇਕ ਮੁਲਾਕਾਤ ਵਿਚ ਪ੍ਰਗਟਾਏ ਸਨ। ਸ਼ ਪ੍ਰੀਤਮ ਸਿੰਘ ਕੁਮੇਦਾਨ ਪੰਜਾਬ ਦੇ ਪਾਣੀਆਂ ਦੇ ਮਸਲੇ ਬਾਰੇ ਆਪਣੇ ਵਿਚਾਰ ਬੜੇ ਧੜੱਲੇ ਨਾਲ ਰੱਖਦੇ ਰਹੇ ਹਨ। ਇਸ ਲੇਖ ਵਿਚ ਉਨ੍ਹਾਂ ਖਾਲਿਸਤਾਨ ਦੀ ਹਕੀਕਤ ਬਾਰੇ ਵਿਚਾਰ ਸਾਂਝੇ ਕੀਤੇ ਹਨ।
-ਸੰਪਾਦਕ
ਪ੍ਰੀਤਮ ਸਿੰਘ ਕੁਮੇਦਾਨ
ਈਮੇਲ: ਪਸ।ਕੁਮeਦਅਨ@ਗਮਅਲਿ।ਚੋਮ
ਅਖਬਾਰਾਂ ਵਿਚ ਛਪੀਆਂ ਰਿਪੋਰਟਾਂ ਮੁਤਾਬਿਕ ਅਮਰੀਕਾ ਆਧਾਰਿਤ ਸੰਸਥਾ ‘ਸਿੱਖਸ ਫਾਰ ਜਸਟਿਸ’ ਲੰਡਨ ਵਿਚ 12 ਅਗਸਤ 2018 ਨੂੰ ਪਾਕਿਸਤਾਨ ਦੇ ਭਾਰਤ ਤੋਂ ਵੱਖ ਹੋਣ ਦੇ ਨਕਸ਼ੇ-ਕਦਮ ‘ਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਉਦੇਸ਼ ਨੂੰ ਲੈ ਕੇ ਰਾਇਸ਼ੁਮਾਰੀ ‘ਰੈਫਰੈਂਡਮ 2020’ ਕਰ ਰਹੀ ਹੈ।
ਇਹ ਇਸ ਸੰਸਥਾ ਅਤੇ ਖਾਲਿਸਤਾਨ ਦੇ ਹੋਰ ਹਮਾਇਤੀਆਂ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲਾਂ, ਹੁਣੇ ਹੀ, ਦੁਨੀਆਂ ਭਰ ਦੇ ਸਿੱਖਾਂ ਤੇ ਹੋਰ ਲੋਕਾਂ ਨੂੰ ਆਜ਼ਾਦ ਖਾਲਿਸਤਾਨ ਰਾਜ ਦੀ ਪ੍ਰਾਪਤੀ ਤੋਂ ਮਗਰੋਂ ਖਾਲਿਸਤਾਨ ਅਤੇ ਇਸ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸੰਭਾਵੀ ਮੁਸ਼ਕਿਲਾਂ ਤੇ ਔਖਿਆਈਆਂ ਬਾਰੇ ਦੱਸਣ ਅਤੇ ਇਹ ਵੀ ਦੱਸਣ ਕਿ ਖਾਲਿਸਤਾਨ ਉਨ੍ਹਾਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੇਗਾ। ਫਰਜ਼ ਕਰੋ ਕਿ ਭਾਰਤ ਫੈਸਲਾ ਕਰਦਾ ਹੈ ਕਿ ਰਾਤੋ-ਰਾਤ ‘ਖਾਲਿਸਤਾਨ ਹੁਣੇ ਦਿੱਤਾ ਜਾਂਦਾ ਹੈ’ ਅਤੇ ਨਾਲ ਹੀ ਇਹ ਦੱਸ ਦਿੰਦਾ ਹੈ ਕਿ ਹੁਣ ਤੋਂ ਮਗਰੋਂ ਭਾਰਤ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੋਵੇਗਾ, ਸਭ ਗੱਲਬਾਤ ਬੰਦ, ਸਾਰੇ ਸਬੰਧ ਖਤਮ। ਖਾਲਿਸਤਾਨ ਨੇਪਾਲ ਵਾਂਗ ਸਭ ਪਾਸਿਆਂ ਤੋਂ ਘਿਰਿਆ ਅਜਿਹਾ ਮੁਲਕ ਹੋਵੇਗਾ, ਜਿਸ ਦੀ ਬਾਕੀ ਦੁਨੀਆਂ ਤੱਕ ਪਹੁੰਚ ਕੇਵਲ ਪਾਕਿਸਤਾਨ ਰਾਹੀਂ ਹੀ ਹੋ ਸਕਦੀ ਹੋਵੇਗੀ। ਭਾਰਤ ਸੰਚਾਰ ਦੇ ਸਾਰੇ ਸਾਧਨ, ਸੜਕਾਂ, ਰੇਲ, ਟੈਲੀਫੋਨ, ਇਥੋਂ ਤੱਕ ਕਿ ਹਵਾਈ ਸੰਪਰਕ ਵੀ ਬੰਦ ਕਰ ਦਿੰਦਾ ਹੈ। ਬਾਰਡਰ ਸੀਲ, ਵੀਜ਼ਾ ਸਿਸਟਮ ਲਾਗੂ ਹੋ ਜਾਂਦਾ ਹੈ।
ਸੰਭਾਵੀ ਮੁਸ਼ਕਿਲਾਂ ਅਤੇ ਸਮੱਸਿਆਵਾਂ
ਸਭ ਤੋਂ ਪਹਿਲੀਆਂ ਚੀਜ਼ਾਂ ਜਿਨ੍ਹਾਂ ਬਾਰੇ ਭਾਰਤ ਅਤੇ ਖਾਲਿਸਤਾਨ ਸਰਕਾਰਾਂ ਨੂੰ ਫੈਸਲਾ ਕਰਨਾ ਪਵੇਗਾ, ਉਹ ਇਹ ਹੋਣਗੀਆਂ:
ਇਲਾਕਾਈ ਵੰਡ: ਹਿੰਦੂ ਬਹੁਗਿਣਤੀ ਵਾਲੇ ਜਿਲੇ ਤੇ ਤਹਿਸੀਲਾਂ ਵਿਚੋਂ ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ ਤੇ ਫਾਜ਼ਿਲਕਾ ਜਿਲੇ ਅਤੇ ਅਨੰਦਪੁਰ ਤੇ ਨੰਗਲ ਤਹਿਸੀਲਾਂ ਭਾਰਤ ਨੂੰ ਮਿਲਣਗੇ। ਬਾਕੀ ਰਹਿੰਦਾ ਪੰਜਾਬ ਖਾਲਿਸਤਾਨ ਨੂੰ ਮਿਲ ਜਾਵੇਗਾ। ਨਹਿਰੀ ਹੈੱਡਵਰਕਸ ਅਤੇ ਹਾਈਡਲ ਪਾਵਰ ਪ੍ਰਾਜੈਕਟ, ਜੋ ਇਨ੍ਹਾਂ ਇਲਾਕਿਆਂ ਵਿਚ ਸਥਿਤ ਹਨ, ਭਾਰਤ ਨੂੰ ਮਿਲ ਜਾਣਗੇ। ਰੋਪੜ ਅਤੇ ਹਰੀਕੇ ਹੈੱਡਵਰਕਸ ਖਾਲਿਸਤਾਨ ਨੂੰ ਮਿਲਣਗੇ। ਕੋਈ ਹਾਈਡਲ ਪਾਵਰ ਹਾਊਸ ਖਾਲਿਸਤਾਨ ਵਿਚ ਨਹੀਂ ਹੋਵੇਗਾ।
ਵੰਡ ਦਾ ਢੰਗ-ਤਰੀਕਾ: ਇਹ ਪਾਕਿਸਤਾਨ ਦੀ ਤਰਜ਼ ‘ਤੇ ਹੋ ਸਕਦੀ ਹੈ, ਜਦੋਂ ਦੋਹਾਂ ਪਾਸਿਆਂ ਤੋਂ ਦਸ ਲੱਖ ਲੋਕ ਮਾਰੇ ਗਏ ਸਨ, ਲੱਖਾਂ ਔਰਤਾਂ ਅਗਵਾ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤੇ ਗਏ ਸਨ। ਬਹੁਤ ਸਾਰੀ ਜਾਇਦਾਦ ਅਤੇ ਹੋਰ ਨੁਕਸਾਨ ਹੋਏ ਸਨ। ਹੁਣ ਮਰਜ਼ੀ ਖਾਲਿਸਤਾਨੀਆਂ ਦੀ ਹੈ। ਜੇ ਸ਼ਾਂਤੀਪੂਰਨ ਤਬਾਦਲੇ ਦੀ ਵੀ ਕਲਪਨਾ ਕੀਤੀ ਜਾਂਦੀ ਹੈ, ਕੀ ਕੋਈ ਜਣਾ ਗਾਰੰਟੀ ਦੇ ਸਕਦਾ ਹੈ ਕਿ ਇਹ ਵੰਡ ਤੇ ਰਾਹਾਂ ਦਾ ਅੱਡ-ਅੱਡ ਹੋਣਾ ਹਿੰਸਕ ਨਹੀਂ ਹੋਵੇਗਾ ਅਤੇ ਦੋਹਾਂ ਸਰਕਾਰਾਂ ਦੀਆਂ ਸਰਬੋਤਮ ਕੋਸ਼ਿਸ਼ਾਂ ਦੇ ਬਾਵਜੂਦ ਇਹ ਹਿੰਸਕ ਤੇ ਸਰਕਾਰ ਦੇ ਕੰਟਰੋਲ ਤੋਂ ਬਾਹਰ ਨਹੀਂ ਹੋ ਜਾਵੇਗਾ?
ਆਬਾਦੀ ਦਾ ਆਦਾਨ-ਪ੍ਰਦਾਨ: ਜੇ ਇਥੇ ਆਬਾਦੀ ਦਾ ਆਦਾਨ-ਪ੍ਰਦਾਨ ਹੋਣਾ ਹੈ, ਜਿਵੇਂ ਪਾਕਿਸਤਾਨ ਦੇ ਮਾਮਲੇ ਵਿਚ ਹੋਇਆ ਸੀ, 50 ਲੱਖ, ਜ਼ਿਆਦਾਤਰ ਰੱਜੇ ਪੁੱਜੇ, ਸਿੱਖਾਂ ਨੂੰ ਅਥਾਹ ਜਾਇਦਾਦ ਅਤੇ ਸੰਪਤੀ ਭਾਰਤ ‘ਚ ਛੱਡ ਕੇ ਖਾਲਿਸਤਾਨ ਵੱਲ ਪਰਵਾਸ ਕਰਨਾ ਪੈ ਸਕਦਾ ਹੈ। ਬਰਾਬਰ ਦੀ ਹਿੰਦੂਆਂ ਦੀ ਗਿਣਤੀ, ਬਹੁਤੇ ਕੰਮਕਾਰੀ ਵਰਗ ਦੇ ਹਰੀਜਨ ਹਿੰਦੂਆਂ ਅਤੇ ਮਜ਼ਦੂਰਾਂ ਨੂੰ ਭਾਰਤ ਜਾਣਾ ਪਵੇਗਾ ਤੇ ਭਾਰਤ ਵਿਚ ਅਮੀਰ ਸਿੱਖਾਂ ਦੁਆਰਾ ਛੱਡੇ ਮਕਾਨਾਂ ‘ਤੇ ਕਬਜ਼ਾ ਕਰਨਾ ਪਵੇਗਾ, ਜਿਵੇਂ 1947 ਦੀ ਵੰਡ ਵੇਲੇ ਹੋਇਆ ਸੀ।
ਇੱਥੇ ਭਾਵੇਂ ਹੋਰ ਵੀ ਬਹੁਤ ਸਾਰੀਆਂ ਗੱਲਾਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਬਾਰੇ ਦੱਸਣ ਦੀ ਲੋੜ ਹੈ, ਪਰ ਉਨ੍ਹਾਂ ਸੈਂਕੜੇ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਪਾਸੇ ਛੱਡ ਕੇ ਅਸੀਂ ਸੰਪਤੀਆਂ ਅਤੇ ਦੇਣਦਾਰੀਆਂ ਦੀ ਵੰਡ ਤੇ ਹੋਰ ਅਜਿਹੀਆਂ ਮਹੱਤਵਪੂਰਨ ਸਮੱਸਿਆਵਾਂ ਬਾਰੇ ਗੱਲਦੇ ਹਾਂ।
ਭਾਰਤ ਸਾਰੇ ਸਿੱਖਾਂ ਨੂੰ ਸੈਨਾ, ਏਅਰਫੋਰਸ, ਕੇਂਦਰੀ ਪੁਲਿਸ ਬਲਾਂ ਅਤੇ ਅਜਿਹੀਆਂ ਹੋਰ ਸੇਵਾਵਾਂ ਸਮੇਤ ਕੇਂਦਰੀ ਸੇਵਾਵਾਂ ਤੋਂ ਮੁਕਤ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਖਾਲਿਸਤਾਨ ਜਾਣ ਲਈ ਕਹਿ ਦਿੰਦਾ ਹੈ। ਖਾਲਿਸਤਾਨ ਨੂੰ ਏਅਰ ਫੋਰਸ ਸਮੇਤ ਸਾਰੇ ਮਿਲਟਰੀ ਸਟੋਰਾਂ ਵਿਚੋਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਿਚੋਂ ਕਰੀਬ 1% ਹਿੱਸਾ ਮਿਲਦਾ ਹੈ। ਸਿਰਫ ਇੱਕੋ ਹਲਵਾਰਾ ਦਾ ਹਵਾਈ ਅੱਡਾ ਹੀ ਖਾਲਿਸਤਾਨ ਵਿਚ ਰਹਿੰਦਾ ਹੈ।
ਹਾਈਡਲ ਬਿਜਲੀ: ਭਾਖੜਾ, ਪੌਂਗ, ਦੇਹਰ ਜੋਗਿੰਦਰ ਨਗਰ ਪਹਿਲਾਂ ਹੀ ਭਾਰਤ ਵਿਚ ਹੋਣਗੇ। ਇਲਾਕਾਈ ਤਬਾਦਲੇ ਨਾਲ ਥੀਨ ਡੈਮ, ਅਨੰਦਪੁਰ ਸਾਹਿਬ, ਹਾਈਡਲ ਚੈਨਲ, ਕੋਟਲਾ, ਗੰਗੂਵਾਲ, ਮੁਕੇਰੀਆਂ ਵੀ ਭਾਰਤ ਨੂੰ ਚਲੇ ਜਾਂਦੇ ਹਨ।
ਥਰਮਲ ਬਿਜਲੀ: ਸਾਰੇ ਥਰਮਲ ਪਾਵਰ ਸਟੇਸ਼ਨ ਖਾਲਿਸਤਾਨ ਵਿਚ ਰਹਿੰਦੇ ਹਨ, ਪਰ ਭਾਰਤ ਕੋਲੇ ਦੀ ਸਪਲਾਈ ਬੰਦ ਕਰ ਦਿੰਦਾ ਹੈ। ਕੋਲੇ ਦੀ ਦਰਾਮਦ ਸੰਭਵ ਨਹੀਂ ਹੋਵੇਗੀ। ਖਾਲਿਸਤਾਨ ਵਿਚਲੇ ਸਾਰੇ ਥਰਮਲ ਪਲਾਂਟ ਕੋਲੇ ਦੀ ਉਪਲਬਧੀ ਨਾ ਹੋਣ ਕਾਰਨ ਬੰਦ ਹੋ ਜਾਣਗੇ।
ਨਤੀਜਾ: ਟਿਊਬਵੈੱਲ ਚਲਾਉਣ ਲਈ ਬਿਜਲੀ ਨਹੀਂ ਹੋਵੇਗੀ, ਖਾਲਿਸਤਾਨ ਦੇ ਸਾਰੇ ਟਿਊਬਵੈੱਲ ਨਾਕਾਮ; ਨਾ ਘਰਾਂ ਲਈ ਬਿਜਲੀ ਹੋਵੇਗੀ, ਨਾ ਪੱਖੇ, ਨਾ ਏਅਰਕੰਡੀਸ਼ਨਰ, ਨਾ ਫਰਿੱਜ, ਨਾ ਫੈਕਟਰੀਆਂ ਚਲਾਉਣ ਲਈ ਬਿਜਲੀ। ਖਾਲਿਸਤਾਨ ਵਿਚ ਸਾਰੇ ਨਿਰਮਾਣ ਰੁਕ ਜਾਣਗੇ। ਖਾਲਿਸਤਾਨ ਦੇ ਜਸ਼ਨ ਮਨਾਉਣ ਲਈ ਵੀ ਬਿਜਲੀ ਨਹੀਂ ਹੋਵੇਗੀ।
ਉਦਯੋਗ: ਫੈਕਟਰੀਆਂ ਚਲਾਉਣ ਲਈ ਕੋਈ ਬਿਜਲੀ ਨਹੀਂ, ਕੋਈ ਡੀਜ਼ਲ ਨਹੀਂ ਹੋਵੇਗਾ। ਸਾਰੇ ਨਿਰਮਾਣ ਰੁਕ ਜਾਣਗੇ। ਫੈਕਟਰੀਆਂ ਬੰਦ ਹੋ ਜਾਣਗੀਆਂ। ਮਜ਼ਦੂਰ ਘਰਾਂ ਨੂੰ ਚਲੇ ਜਣਗੇ। ਸ਼ੂਗਰ ਮਿੱਲਾਂ ਕੰਮ ਕਰਨਾ ਬੰਦ ਕਰ ਦੇਣਗੀਆਂ। ਗੰਨੇ ਦੀ ਫਸਲ ਖੇਤਾਂ ਵਿਚ ਸੜ ਜਾਵੇਗੀ। ਨਾਜਾਇਜ਼ ਸ਼ਰਾਬ ਬਣਾਉਣ ਲਈ ਬਹੁਤ ਸਾਰਾ ਗੁੜ ਨਹੀਂ ਹੋਵੇਗਾ। ਲੁਧਿਆਣੇ ਦਾ ਸਾਈਕਲ ਉਦਯੋਗ, ਹੌਜ਼ਰੀ ਉਦਯੋਗ ਬੰਦ ਹੋ ਜਾਣਗੇ। ਕੱਚੇ ਮਾਲ ਦੀ ਕੋਈ ਦਰਾਮਦ ਨਹੀਂ ਹੋਵੇਗੀ ਅਤੇ ਪਹਿਲਾਂ ਤੋਂ ਇਕੱਠੇ ਹੋਏ ਸਟਾਕਾਂ ਦੀ ਕੋਈ ਬਰਾਮਦ ਨਹੀਂ ਹੋਵੇਗੀ।
ਆਵਾਜਾਈ: ਭਾਰਤ ਸਾਰੇ ਟਰੱਕਾਂ, ਸਿੱਖ ਟਰਾਂਸਪੋਰਟ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੂੰ ਵਾਪਸ ਖਾਲਿਸਤਾਨ ਭੇਜ ਦੇਵੇਗਾ। ਸੜਕਾਂ ‘ਤੇ ਲੱਖਾਂ ਟਰੱਕ ਹੋਣਗੇ, ਪਾਰਕਿੰਗ ਲਈ ਕੋਈ ਜਗ੍ਹਾ ਉਪਲਬਧ ਨਹੀਂ ਹੋਵੇਗੀ। ਟਰੱਕ ਚਲਾਉਣ ਲਈ ਕੋਈ ਡੀਜ਼ਲ ਨਹੀਂ। ਬੱਸਾਂ ਚਲਾਉਣ ਲਈ ਕੋਈ ਡੀਜ਼ਲ ਨਹੀਂ। ਕਾਰਾਂ, ਸਕੂਟਰ ਆਦਿ ਚਲਾਉਣ ਲਈ ਪੈਟਰੋਲ ਨਹੀਂ ਹੋਵੇਗਾ। ਸਾਰੀ ਸੜਕੀ ਆਵਾਜਾਈ ਖੜ੍ਹੀ ਹੋ ਜਾਵੇਗੀ। ਇੱਥੋਂ ਤੱਕ ਕਿ ਦਫਤਰਾਂ ਵਿਚ ਜਾਣ ਲਈ ਵੀ ਵਾਹਨ ਨਹੀਂ ਹੋਣਗੇ। ਲੋਕ ਘਰਾਂ ਵਿਚ ਵਿਹਲੇ ਬੈਠਣਗੇ। ਟੈਲੀਵਿਜ਼ਨ, ਪੱਖੇ ਅਤੇ ਹੋਰ ਘਰੇਲੂ ਕੰਮਾਂ ਲਈ ਬਿਜਲੀ ਨਹੀਂ ਹੋਵੇਗੀ।
ਸਿੰਜਾਈ: ਸਿੰਜਾਈ ਲਈ ਕੋਈ ਪਾਣੀ ਉਪਲਬਧ ਨਹੀਂ ਹੋਣਾ। ਪਹਿਲਾਂ ਤੋਂ ਬੀਜੀਆਂ ਫਸਲਾਂ ਸੁੱਕੀਆਂ ਜਾਣਗੀਆਂ। ਨਾ ਕਿਸੇ ਨਵੀਂ ਫਸਲ ਦੀ ਬਿਜਾਈ ਹੋਵੇਗੀ, ਕਿਉਂਕਿ ਨਾ ਪਾਣੀ, ਨਾ ਟਰੈਕਟਰ, ਨਾ ਟਿਊਬਵੈੱਲ, ਨਾ ਡੀਜ਼ਲ ਹੋਣਾ ਹੈ। ਭਾਰਤ ਮਾਧੋਪੁਰ ਹੈੱਡਵਰਕਸ, ਨੰਗਲ, ਪੌਂਗ ਆਦਿ ਤੋਂ ਨਹਿਰੀ ਪਾਣੀ ਦੀ ਸਪਲਾਈ ਬੰਦ ਕਰ ਦੇਵੇਗਾ; ਜਿਵੇਂ ਅਸੀਂ ਪਹਿਲੀ ਅਪਰੈਲ 1948 ਨੂੰ ਅੱਪਰ ਬਾਰੀ ਦੁਆਬ ਅਤੇ ਦਿਪਾਲਪੁਰ ਨਹਿਰਾਂ ਬੰਦ ਕਰ ਕੇ ਪਾਕਿਸਤਾਨ ਨਾਲ ਕੀਤਾ ਸੀ।
ਅਨਾਜ: ਪੰਜਾਬ ਬਾਕੀ ਭਾਰਤ ਨੂੰ ਅਨਾਜ ਸਪਲਾਈ ਕਰਨ ਵਿਚ ਮਾਣ ਮਹਿਸੂਸ ਕਰਦਾ ਹੈ। ਪੰਜਾਬ ਹਰ ਸਾਲ ਕੇਂਦਰੀ ਭੰਡਾਰ ਵਿਚ ਕਰੀਬ 3 ਕਰੋੜ ਟੰਨ ਕਣਕ ਅਤੇ ਝੋਨੇ ਦਾ ਯੋਗਦਾਨ ਪਾਉਂਦਾ ਹੈ। ਭਾਰਤ ਖਰੀਦਣ ਤੋਂ ਇਨਕਾਰ ਕਰ ਦੇਵੇਗਾ। ਫਿਰ ਕੋਈ ਖਰੀਦਦਾਰ ਨਹੀਂ ਹੋਵੇਗਾ। ਅਗਲੇ ਸਾਲ ਅਨਾਜ ਵੇਚਣ ਦੀ ਕੋਈ ਸਮੱਸਿਆ ਨਹੀਂ, ਕਿਉਂਕਿ ਖਾਲਿਸਤਾਨ ਵਿਚ ਕੋਈ ਦਾਣਾ ਨਹੀਂ ਉੱਗੇਗਾ।
ਜਲ ਸਪਲਾਈ: ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸਿਸਟਮ ਚੌਪਟ ਹੋ ਜਾਵੇਗਾ, ਕਿਉਂਕਿ ਬਿਜਲੀ ਦੀ ਅਣਹੋਂਦ ਵਿਚ ਸਾਰੇ ਟਿਊਬਵੈੱਲ ਕੰਮ ਕਰਨਾ ਬੰਦ ਕਰ ਦੇਣਗੇ। ਖੂਹ ਅਤੇ ਨਲਕੇ ਸਾਰੇ ਪੰਜਾਬ ਵਿਚ ਪਾਣੀ ਦੇ ਸਥਲ ਬਹੁਤ ਥੱਲੇ ਚਲੇ ਜਾਣ ਕਾਰਨ ਪਹਿਲਾਂ ਹੀ ਬੇਕਾਰ ਹੋਏ ਪਏ ਹਨ। ਨਹਿਰਾਂ ਸੁੱਕੀਆਂ ਹਨ। ਸਾਰੇ ਪੰਜਾਬ ਵਿਚ ਪੀਣ ਵਾਲਾ ਪਾਣੀ ਮਿਲਦਾ ਨਹੀਂ। ਸਾਰੇ ਪੰਜਾਬ ਵਿਚ ਪਾਣੀ ਦੀ ਸਪਲਾਈ ਦਾ ਇੱਕੋ-ਇੱਕ ਸਰੋਤ ਟਿਊਬਵੈਲ ਦਾ ਪਾਣੀ ਹੈ ਅਤੇ ਸਾਰੇ ਰਾਜ ਵਿਚ ਪਾਣੀ ਦੇ ਸਥਲ ਬਹੁਤ ਹੇਠਾਂ ਚਲੇ ਜਾਣ ਕਾਰਨ ਰਾਜ ਵਿਚ ਇਕ ਵੀ ਖੂਹ ਜਾਂ ਨਲਕਾ ਕੰਮ ਨਹੀਂ ਕਰ ਰਿਹਾ।
ਪਾਕਿਸਤਾਨ ਨਾਲ ਸਬੰਧ: ਖਾਲਿਸਤਾਨ ਨਾਲ ਚੰਗੇ ਸਬੰਧ ਰੱਖਣ ਵਾਲਾ ਸਿਰਫ ਇਕ ਹੀ ਦੇਸ਼ ਪਾਕਿਸਤਾਨ ਹੋਵੇਗਾ, ਜਿਸ ਦੀ ਸਹਾਇਤਾ ‘ਤੇ ਖਾਲਿਸਤਾਨ ਨੂੰ ਨਿਰਭਰ ਕਰਨਾ ਪਏਗਾ। ਪਾਕਿਸਤਾਨ ਪਹਿਲਾਂ ਹੀ ਹਰ ਮੁਹਾਜ਼ ‘ਤੇ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਦਦ ਕਰਨ ਤੋਂ ਇਨਕਾਰ ਕਰ ਸਕਦਾ ਹੈ। ਉਹ ਖਾਲਿਸਤਾਨ ਨੂੰ ਕੋਈ ਸਹਾਇਤਾ ਦੇਣ ਦੇ ਯੋਗ ਨਹੀਂ।
ਸਿੱਖਸ ਫਾਰ ਜਸਟਿਸ ਨੂੰ ਬੇਨਤੀ: ਕਿਰਪਾ ਕਰ ਕੇ ਕਿਸੇ ਇਕ ਵੀ ਔਖਿਆਈ ਦਾ ਹੱਲ ਦੱਸੋ ਜਾਂ ਫਿਰ ਇਹ ਤਮਾਸ਼ਾ ਬੰਦ ਕਰ ਦਿਉ ਅਤੇ ਆਪਣੇ ਗੁਰੂਆਂ ਕੋਲੋਂ ਮੁਆਫੀ ਮੰਗ ਲਉ, ਜਿਵੇਂ ਅਸੀਂ ਰੋਜ਼ ਅਰਦਾਸ ਕਰਦੇ ਹਾਂ: ‘ਅਬ ਕੀ ਬਾਰ ਬਖਸਿ ਬੰਦੇ ਕਉ’ ਅਤੇ ਮੁੜ ਕਦੇ ਉਵੇਂ ਨਾ ਕਹਿਉ। ਅਮਰੀਕਾ ਪਰਤਣ ‘ਤੇ ਸਾਰੀ ਦੁਨੀਆਂ ਨੂੰ ਦੱਸੋ, ਜਿਵੇਂ ਕਬੀਰ ਸਾਹਿਬ ਗੁਰਬਾਣੀ ‘ਚ ਆਖਦੇ ਹਨ, “ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰ ਸਕੈ ਸਰੀਰੁ॥”