ਜਿੱਥੇ ਚਾਹ, ਉਥੇ ਰਾਹ

ਅੰਮ੍ਰਿਤ ਕੌਰ, ਬਡਰੁੱਖਾਂ
ਫੋਨ: 91-98767-14004
“ਭਾਈ ਆਪ ਦੇ ਜਵਾਕਾਂ ਨੂੰ ਸੰਭਾਲ ਕੇ ਰੱਖੋ। ਸਮਾਂ ਮਾੜਾ ਚੱਲ ਰਿਹੈ।” ਬੂਹੇ ਅੱਗੋਂ ਲੰਘਦੇ ਗਿਆਨੀ ਜੀ ਨੇ ਜਰਨੈਲ ਸਿੰਘ ਨੂੰ ਸਾਹਮਣੇ ਬੈਠਾ ਦੇਖ ਕੇ ਕਿਹਾ।
“ਅਜੇ ਤੱਕ ਤਾਂ ਗਿਆਨੀ ਜੀ ਕਿਰਪੈ ਮਾਲਕ ਦੀ। ਫਿਰ ਉਹਦੀ ਮਰਜ਼ੀ।” ਜਰਨੈਲ ਸਿੰਘ ਨੇ ਰਸਮੀ ਜਿਹਾ ਜਵਾਬ ਦਿੱਤਾ।

ਗਿਆਨੀ ਜੀ ਤਾਂ ਜਰਨੈਲ ਸਿੰਘ ਦੀ ਗੱਲ ਸੁਣ ਕੇ ਅੱਗੇ ਲੰਘ ਗਏ, ਪਰ ਜਰਨੈਲ ਸਿੰਘ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ। ਗਿਆਨੀ ਜੀ ਨੂੰ ਸਾਰੇ ਪਿੰਡ ਦੀ ਖਬਰ ਰਹਿੰਦੀ ਹੈ, ਫਿਰ ਉਨ੍ਹਾਂ ਮੈਨੂੰ ਦੇਖ ਕੇ ਹੀ ਇਹ ਗੱਲ ਕਿਉਂ ਆਖੀ? ਉਹ ਸੋਚ ਰਿਹਾ ਸੀ, ਕਿਤੇ ਉਸ ਦਾ ਪੁੱਤਰ ਪਾਲੀ ਮਾੜੀ ਸੰਗਤ…? ਨਹੀਂ, ਨਹੀਂ! ਪਾਲੀ ਨੂੰ ਤਾਂ ਪੜ੍ਹਾਈ ਤੋਂ ਹੀ ਵਿਹਲ ਨਹੀਂ। ਉਸ ਦਾ ਸੋਚਣ ਨੂੰ ਵੀ ਦਿਲ ਨਹੀਂ ਸੀ ਕਰਦਾ ਕਿ ਉਸ ਦਾ ਪੁੱਤ ਗਲਤ ਪਾਸੇ ਜਾ ਸਕਦਾ ਏ।
ਕਹਿੰਦੇ ਕਹਾਉਂਦੇ ਘਰਾਂ ਦੇ ਜਵਾਨ ਮੁੰਡੇ ਨਸ਼ੇੜੀ ਬਣ ਕੇ ਜਵਾਨ ਹੋਣ ਤੋਂ ਪਹਿਲਾਂ ਹੀ ਬੁੱਢੇ ਹੋ ਚੁਕੇ ਸਨ। ਨਸ਼ਿਆਂ ਨੇ ਅੱਧੋਂ ਵੱਧ ਪਿੰਡ ਦੇ ਪਰਿਵਾਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਹੁਣ ਤਾਂ ਨਸ਼ੇ ਵੀ ਸ਼ਰਾਬ, ਭੁੱਕੀ, ਅਫੀਮ ਤੋਂ ਅੱਗੇ ਵੱਧ ਕੇ ਸਮੈਕ, ਚਿੱਟਾ ਹੋਰ ਪਤਾ ਨਹੀਂ ਕੀ ਕੀ ਹੋ ਗਏ। ਕਈ ਘਰਾਂ ਵਿਚ ਤਾਂ ਪਹਿਲਾਂ ਤੋਂ ਹੀ ਸ਼ਰਾਬ ਪੀਤੀ ਜਾਂਦੀ ਸੀ, ਪਰ ਜਦੋਂ ਬਜੁਰਗਾਂ ਨੇ ਛੱਡੀ ਤਾਂ ਉਦੋਂ ਤੱਕ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਆਦਤ ਲੱਗ ਚੁਕੀ ਸੀ। ਅਜਿਹੇ ਪਰਿਵਾਰਾਂ ਵਿਚ ਜਦੋਂ ਬਜੁਰਗ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਅੱਗੋਂ ਸੁਣਨ ਨੂੰ ਮਿਲਦਾ ਕਿ ਉਹ ਆਪਣੇ ਦਿਨ ਯਾਦ ਕਰਨ। ਅਦਬ ਸਤਿਕਾਰ ਤਾਂ ਜਿਵੇਂ ਖਤਮ ਹੀ ਹੋ ਚੁਕਾ ਸੀ।
ਮਿੰਟਾਂ-ਸਕਿੰਟਾਂ ਵਿਚ ਜਰਨੈਲ ਸਿੰਘ ਦੀਆਂ ਅੱਖਾਂ ਅੱਗੋਂ ਸਾਰੇ ਪਿੰਡ ਦੇ ਘਰਾਂ ਦੀ ਹਾਲਤ ਲੰਘ ਗਈ। ਜੇ ਉਸ ਦੇ ਵੱਸ ਹੁੰਦਾ ਤਾਂ ਉਹ ਆਪਣੇ ਬੱਚੇ ਨੂੰ ਲੈ ਕੇ ਅਜਿਹੀ ਥਾਂ ਚਲਾ ਜਾਂਦਾ, ਜਿੱਥੇ ਨਸ਼ੇ ਨਾ ਹੋਣ। ਕਹਿੰਦੇ ਨੇ, ਜੇ ਸਰਕਾਰ ਚਾਹੇ ਤਾਂ ਨਸ਼ੇ ਬੰਦ ਹੋ ਸਕਦੇ ਹਨ, ਪਰ ਜਦੋਂ ਅਜਿਹੀਆਂ ਗੱਲਾਂ ਸੁਣਨ ਵਿਚ ਆਉਂਦੀਆਂ ਹਨ ਕਿ ਨਸ਼ਿਆਂ ਨੂੰ ਵੇਚਣ ਵਾਲਿਆਂ ਦੀ ਪਿੱਠ ‘ਤੇ ਲੀਡਰਾਂ ਤੇ ਸਰਕਾਰੀ ਅਫਸਰਾਂ ਦਾ ਹੱਥ ਹੈ ਤਾਂ ਇਸ ਤੋਂ ਅੱਗੇ ਨਿਰਾਸ਼ਾ ਦਾ ਘੋਰ ਅੰਧਕਾਰ ਹੀ ਦਿੱਸਦਾ ਹੈ। ਜਿੱਥੇ ਵਾੜ ਹੀ ਖੇਤ ਨੂੰ ਖਾਵੇ ਤਾਂ ਉਹ ਖੇਤ ਨਹੀਂ ਬਚਦੇ।
ਜਰਨੈਲ ਸਿੰਘ ਨੂੰ ਸੋਚੀਂ ਪਿਆ ਦੇਖ ਕੇ ਉਸ ਦੀ ਮਾਂ ਨੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ, “ਕੀ ਗੱਲ ਪੁੱਤ ਸੁੱਖ ਤਾਂ ਹੈ?”
“ਹਾਂ ਬੇਬੇ, ਸੁੱਖ ਤਾਂ ਹੈ, ਪਰ ਜਿਹੜੇ ਆਹ ਭਾਂਤ ਭਾਂਤ ਦੇ ਨਸ਼ੇ ਚੱਲ ਪਏ, ਇਨ੍ਹਾਂ ਨੇ ਕਹਿੰਦੇ-ਕਹਾਉਂਦੇ ਘਰਾਂ ਨੂੰ ਬਲ੍ਹੇਟਾ ਪਾ ਲਿਆ, ਅਸੀਂ ਕੀਹਦੇ…।” ਜਰਨੈਲ ਸਿੰਘ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ, ਬੇਬੇ ਬੋਲ ਪਈ, “ਨਾ ਪੁੱਤ, ਐਂ ਨਹੀਂ ਸੋਚੀਦਾ। ਆਪਣੇ ਪਾਲੀ ਦਾ ਮਨ ਐਨਾ ਕਮਜ਼ੋਰ ਨਹੀਂ ਕਿ ਉਹਨੂੰ ਕੋਈ ਆਪਣੇ ਪਿੱਛੇ ਲਾ ਲਵੇ। ਨਾਲੇ ਉਹਦੀ ਪੜ੍ਹਾਈ ਹੋਰ ਹੈ। ਉਹਨੂੰ ਵਿਹਲ ਕਿੱਥੇ?”
ਉਹ ਅਜੇ ਗੱਲਾਂ ਕਰ ਹੀ ਰਹੇ ਸਨ ਤਾਂ ਗਲੀ ਵਿਚੋਂ ਰੌਲੇ ਦੀਆਂ ਅਵਾਜ਼ਾਂ ਆਈਆਂ। ਪਾਲੀ ਦੀ ਮਾਂ ਨੇ ਦੇਖਿਆ, ਲੋਕ ਨੰਬਰਦਾਰਾਂ ਦੇ ਘਰ ਵੱਲ ਨੂੰ ਭੱਜੇ ਜਾ ਰਹੇ ਸਨ। ਪੁੱਛਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦਾ ਜਵਾਈ ਪੂਰਾ ਹੋ ਗਿਆ। ਕਹਿੰਦੇ ਨੇ, ਵਿਆਹ ਤੋਂ ਪਹਿਲਾਂ ਦਾ ਨਸ਼ੇ ਕਰਦਾ ਸੀ। ਘਰਦਿਆਂ ਨੇ ਵਿਆਹ ਦਿੱਤਾ, ਬਈ ਆਪੇ ਸੁਧਰ ਜੂ। ਪਹਿਲਾਂ ਤਾਂ ਕੁੜੀ ਨੇ ਵੀ ਲੁਕੋ ਰੱਖਿਆ, ਪਰ ਜਦੋਂ ਟੂੰਮਾਂ ਜਾਣ ਲੱਗੀਆਂ ਤਾਂ ਮਾਂ ਨੂੰ ਦੱਸਿਆ। ਫਿਰ ਬਥੇਰੇ ਇਲਾਜ ਕਰਵਾਏ, ਪਰ ਨਹੀਂ ਬਚਿਆ। ਚਾਰ ਸਾਲਾਂ ਵਿਚ ਦੋ ਜਵਾਕ ਹੋ ਗਏ, ਹੁਣ ਨਰਕ ਭੋਗੂ ਵਿਚਾਰੀ। ਜਿੰਨੇ ਮੂੰਹ, ਓਨੀਆਂ ਗੱਲਾਂ ਕਰ ਰਹੇ ਸਨ ਲੋਕ। ਸੁਣ ਕੇ ਜਰਨੈਲ ਸਿੰਘ ਦੀ ਜਿਵੇਂ ਜਾਨ ਨਿਕਲ ਗਈ।
“ਪਾਲੀ ਨ੍ਹੀਂ ਆਇਆ ਅਜੇ?” ਉਸ ਨੇ ਘਬਰਾਹਟ ਵਿਚ ਪੁੱਛਿਆ।
“ਆਉਂਦਾ ਈ ਹੋਊ, ਦਸ ਮਿੰਟ ਰਹਿੰਦੇ ਨੇ, ਉਹਦੇ ਆਉਣ ‘ਚ।” ਪਾਲੀ ਦੀ ਮਾਂ ਨੇ ਕਿਹਾ।
“ਬੇਬੇ ਤੂੰ ਜਾਹ ਨੰਬਰਦਾਰਾਂ ਦੇ, ਮੈਂ ਆਉਨਾਂ।” ਫਿਰ ਪਤਾ ਨਹੀਂ ਕੀ ਸੋਚ ਕੇ ਆਪਣੀ ਮਾਂ ਦੇ ਨਾਲ ਹੀ ਤੁਰ ਪਿਆ। ਰਾਤ ਨੂੰ ਦੋਵੇਂ ਮਾਂ-ਪੁੱਤ ਘਰ ਵਾਪਸ ਆਏ। ਦੋਵੇਂ ਬਹੁਤ ਉਦਾਸ ਸਨ। ਹੱਥ-ਮੂੰਹ ਧੋ ਕੇ ਫਿਰ ਨੰਬਰਦਾਰਾਂ ਨਾਲ ਵਰਤੇ ਭਾਣੇ ਦੀਆਂ ਗੱਲਾਂ ਕਰਨ ਲੱਗ ਪਏ।
ਜਰਨੈਲ ਸਿੰਘ ਨੇ ਦੇਖਿਆ, ਪਾਲੀ ਥੋੜ੍ਹਾ ਚਿਰ ਉਨ੍ਹਾਂ ਕੋਲ ਬੈਠ ਕੇ ਮੋਬਾਈਲ ਹੱਥ ਵਿਚ ਫੜੀ ਚੁਬਾਰੇ ‘ਚ ਜਾ ਵੜਿਆ। ਜਰਨੈਲ ਸਿੰਘ ਨੂੰ ਪਾਲੀ ਦੀ ਹਰੇਕ ਹਰਕਤ ‘ਤੇ ਸ਼ੱਕ ਹੋ ਰਿਹਾ ਸੀ। ਉਹ ਪੜ੍ਹਦਾ ਘੱਟ ਤੇ ਮੋਬਾਈਲ ‘ਤੇ ਵੱਧ ਸਮਾਂ ਲੱਗਾ ਰਹਿੰਦਾ। ਕਦੇ ਕਮਰੇ ਦਾ ਦਰਵਾਜਾ ਬੰਦ ਕਰਕੇ ਕਿੰਨਾ ਚਿਰ ਗੱਲਾਂ ਕਰਦਾ ਰਹਿੰਦਾ। ਕਦੇ ਕੰਨਾਂ ਵਿਚ ਡਾਟ ਜਿਹੇ ਫਸਾਈ ਕਿੰਨਾ ਕਿੰਨਾ ਚਿਰ ਗਾਣੇ ਸੁਣਦਾ ਰਹਿੰਦਾ। ਫੀਸਾਂ ਤਾਂ ਕਾਲਜ ਵਾਲਿਆਂ ਨੇ ਉਨੀਆਂ ਹੀ ਲੈ ਲੈਣੀਆਂ ਨੇ, ਥੱਬਾ ਨੋਟਾਂ ਦਾ-ਕੋਈ ਪੜ੍ਹੇ, ਭਾਵੇਂ ਨਾ; ਪਰ ਸ਼ੱਕ ਦੇ ਆਧਾਰ ‘ਤੇ ਜਵਾਨ ਪੁੱਤ ਨੂੰ ਕੁਝ ਕਿਹਾ ਵੀ ਨਹੀਂ ਜਾ ਸਕਦਾ।
ਜਰਨੈਲ ਸਿੰਘ ਦਾ ਮਨ ਘੁੰਮਣ-ਘੇਰੀਆਂ ਵਿਚ ਫਸਿਆ ਰਹਿੰਦਾ। ਉਸ ਨੇ ਗਿਆਨੀ ਜੀ ਨੂੰ ਜਾ ਕੇ ਪੁੱਛਿਆ ਤਾਂ ਉਨ੍ਹਾਂ ਨੇ ਇਹ ਜਵਾਬ ਦਿੱਤਾ ਕਿ ਇੱਕ ਦਿਨ ਪਿੰਡ ਦੇ ਵਿਹਲੜ ਮੁੰਡਿਆਂ ਕੋਲ ਪਾਲੀ ਨੂੰ ਬੈਠਿਆਂ ਦੇਖਿਆ ਸੀ। ਹੋਰ ਕੁਝ ਨਹੀਂ ਸੁਣਿਆ। ਇੱਕ ਦਿਨ ਤਾਂ ਹੱਦ ਈ ਹੋ ਗਈ। ਪਿੰਡ ਦੇ ਵਿਹਲੜ ਮੁੰਡੇ ਪਾਲੀ ਨੂੰ ਕਹਿ ਰਹੇ ਸਨ ਕਿ ਉਹ ਆਪਣੇ ਬਾਪੂ ਕੋਲੋਂ ਮੋਟਰਸਾਈਕਲ ਤੇ ਵਧੀਆ ਮੋਬਾਈਲ ਮੰਗ ਲਵੇ। ‘ਡਿਗਰੀ ਪੂਰੀ ਹੋ ਲਵੇ, ਫਿਰ ਦੇਖ ਲਾਂਗੇ।’ ਪਾਲੀ ਦਾ ਜਵਾਬ ਸੀ।
ਜਰਨੈਲ ਸਿੰਘ ਨੇ ਆਪਣੇ ਕੰਨਾਂ ਨਾਲ ਸਭ ਕੁਝ ਸੁਣਿਆ ਸੀ, ਜਾਂਦੇ ਹੋਏ ਉਨ੍ਹਾਂ ਵਿਚੋਂ ਇੱਕ ਨੇ ਕਿਹਾ, “ਐਤਕੀਂ ਏਹ ਪਾਸ ਨ੍ਹੀਂ ਹੁੰਦਾ। ਪੇਪਰਾਂ ਵੇਲੇ ਆਪਾਂ ਨੇ ਇਹਨੂੰ ਪੜ੍ਹਨ ਤਾਂ ਦਿੱਤਾ ਨ੍ਹੀਂ, ਇੰਜੀਨੀਅਰ ਬਣੂ ਏਹ।” ਸਾਰੇ ਤਾੜੀ ਮਾਰ ਕੇ ਹੱਸ ਪਏ। ਇਹ ਬੋਲ ਜਰਨੈਲ ਸਿੰਘ ਦੇ ਕੰਨਾਂ ਵਿਚ ਹਥੌੜੇ ਵਾਂਗ ਵੱਜੇ। ਨਾਲ ਹੀ ਉਸ ਦੇ ਮੂੰਹੋਂ ਗਾਲ੍ਹ ਨਿਕਲੀ। ਇਨ੍ਹਾਂ ਨੂੰ ਘਰੋਂ ਆਉਣੋਂ ਕਿਵੇਂ ਹਟਾਵੇ? ਉਹ ਸੋਚ ਰਿਹਾ ਸੀ। ਕਦੇ ਸੋਚਦਾ, ਉਨ੍ਹਾਂ ਦੇ ਮਾਪਿਆਂ ਨੂੰ ਉਲਾਂਭਾ ਦੇਵੇ, ਪਰ ਆਪਣੇ ਮਾਪਿਆਂ ਦੀ ਗੱਲ ਕਿੱਥੇ ਮੰਨਣ ਵਾਲੀ ਸੀ ਇਹ ਰਾਹੋਂ ਭਟਕੀ ਮੁੰਡੀਰ੍ਹ! ਜੇ ਸਿੱਧਾ ਕਿਹਾ ਤਾਂ ਇਹ ਪਾਲੀ ਨੂੰ ਪਤਾ ਨਹੀਂ ਕੀ ਪੁੱਠੀ ਪੱਟੀ ਪੜ੍ਹਾਉਣਗੇ। ਉਹ ਬੜਾ ਲਾਚਾਰ ਸੀ ਤੇ ਪਹਿਲਾਂ ਤਾਂ ਉਸ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ, ਪਰ ਉਹ ਚੁੱਪ ਵੀ ਕਿਵੇਂ ਰਹਿ ਸਕਦਾ ਸੀ। ਉਸ ਦੇ ਮਨ ਨੂੰ ਚੈਨ ਨਹੀਂ ਸੀ। ਉਹ ਕਈ ਵਾਰੀ ਪਾਲੀ ਨਾਲ ਵੀ ਰੁੱਖਾ ਬੋਲਦਾ। ਪਾਲੀ ਆਪਣੀ ਮਾਂ ਤੇ ਦਾਦੀ ਦਾ ਬਹੁਤ ਲਾਡਲਾ ਸੀ। ਜਦੋਂ ਮਾਂ ਤੇ ਦਾਦੀ ਨਾਲ ਬੱਚਿਆਂ ਵਾਂਗ ਸ਼ਰਾਰਤਾਂ ਕਰਦਾ ਤਾਂ ਜਰਨੈਲ ਸਿੰਘ ਥੋੜ੍ਹਾ ਦੂਰ ਜਾ ਕੇ ਬੈਠ ਜਾਂਦਾ, ਅੰਦਰੋ-ਅੰਦਰੀ ਖਿੱਝਦਾ।
ਇੱਕ ਦਿਨ ਪਾਲੀ ਫੋਨ ‘ਤੇ ਖੁਸ਼ ਹੋ ਕੇ ਕਿਸੇ ਨਾਲ ਗੱਲ ਕਰ ਰਿਹਾ ਸੀ, ਫੋਨ ਬੰਦ ਕਰਕੇ ਉਸ ਨੇ ਆਪਣੀ ਮਾਂ ਤੇ ਦਾਦੀ ਨੂੰ ਇਕੱਠਿਆਂ ਹੀ ਜੱਫੀ ਪਾਈ ਅਤੇ ਖੁਸ਼ ਹੁੰਦਿਆਂ ਆਖਿਆ, “ਬੇਬੇ ਮੇਰਾ ਨਤੀਜਾ ਆ ਗਿਆ, ਵਧੀਆ ਨੰਬਰ ਲੈ ਕੇ ਪਾਸ ਹੋ ਗਿਆ ਮੈਂ।” ਦਾਦੀ ਨੇ ਸੌ ਸੌ ਅਸੀਸਾਂ ਦਿੱਤੀਆਂ। ਮਾਂ ਨੇ ਢੇਰ ਸਾਰਾ ਪਿਆਰ ਦਿੱਤਾ।
ਜਰਨੈਲ ਸਿੰਘ ਇਸ ਸਮੇਂ ਖੇਤ ਗਿਆ ਹੋਇਆ ਸੀ। ਜਦੋਂ ਉਹ ਖੇਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਮਾਸਟਰ ਜੀ ਮਿਲ ਪਏ, ਜੋ ਕਈ ਸਾਲਾਂ ਤੋਂ ਇਸੇ ਪਿੰਡ ਵਿਚ ਰਹਿ ਰਹੇ ਸਨ। ਪਾਲੀ ਆਮ ਕਰਕੇ ਦੂਜੇ ਤੀਜੇ ਦਿਨ ਮਾਸਟਰ ਜੀ ਕੋਲ ਚਲਾ ਜਾਂਦਾ ਸੀ।
“ਜਰਨੈਲ ਸਿੰਘ ਜੀ ਮੁਬਾਰਕਾਂ।” ਮਾਸਟਰ ਜੀ ਨੇ ਆਖਿਆ।
“ਕਾਹਦੀਆਂ ਮੁਬਾਰਕਾਂ ਜੀ।”
“ਪਾਲੀ ਦੇ ਪਾਸ ਹੋਣ ਦੀਆਂ ਤੇ ਵਧੀਆ ਨੰਬਰ ਲੈਣ ਦੀਆਂ।”
ਜਰਨੈਲ ਸਿੰਘ ਨੂੰ ਯਕੀਨ ਨਹੀਂ ਸੀ ਆ ਰਿਹਾ, ਉਸ ਨੂੰ ਇਹ ਖੁਸ਼ੀ ਹਜ਼ਮ ਨਹੀਂ ਸੀ ਹੋ ਰਹੀ। ਉਸ ਨੇ ਮਾਸਟਰ ਜੀ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ, ਜੋ ਉਸ ਦੇ ਅੰਦਰ ਡਰ ਪੈਦਾ ਕਰ ਰਹੀਆਂ ਸਨ। ਮਾਸਟਰ ਜੀ ਨੇ ਦੱਸਿਆ ਕਿ ਗਿਆਨੀ ਜੀ ਨੇ ਵਿਹਲੜ ਜੁੰਡਲੀ ਨੂੰ ਪਾਲੀ ਨੂੰ ਵਿਗਾੜਨ ਦੀਆਂ ਸ਼ਰਤਾਂ ਲਾਉਂਦੇ ਸੁਣਿਆ ਸੀ ਅਤੇ ਇਸ ਬਾਰੇ ਪਾਲੀ ਨੂੰ ਸੁਚੇਤ ਰਹਿਣ ਲਈ ਵੀ ਕਿਹਾ ਸੀ। ਪਾਲੀ ਨੇ ਆਪਣਾ ਪੜ੍ਹਾਈ ਕਰਨ ਦਾ ਤਰੀਕਾ ਬਦਲ ਲਿਆ ਸੀ। ਉਸ ਨੇ ਆਪਣੀ ਪੜ੍ਹਾਈ ਮੋਬਾਈਲ ਨਾਲ ਜੋੜ ਲਈ। ਜਦੋਂ ਮਾਸਟਰ ਜੀ ਨੇ ਪੜ੍ਹਨ ਦੇ ਤਰੀਕੇ ਬਾਰੇ ਦੱਸਿਆ ਤਾਂ ਜਰਨੈਲ ਸਿੰਘ ਖੁਸ਼ ਵੀ ਸੀ ਤੇ ਹੈਰਾਨ ਵੀ। ਗੱਲਾਂ ਕਰਦਿਆਂ ਦੋਵੇਂ ਘਰ ਪਹੁੰਚ ਗਏ।
ਮਾਸਟਰ ਜੀ ਨੇ ਸਭ ਨੂੰ ਵਧਾਈ ਦਿੱਤੀ ਤੇ ਪਾਲੀ ਨੂੰ ਆਪਣਾ ਮੋਬਾਈਲ ਲਿਆਉਣ ਲਈ ਕਿਹਾ। ਮਾਸਟਰ ਜੀ ਨੇ ਜਰਨੈਲ ਸਿੰਘ ਦੇ ਨਾਂਹ ਨਾਂਹ ਕਰਦਿਆਂ ਉਸ ਦੇ ਕੰਨਾਂ ਵਿਚ ਟੂਟੀਆਂ ਜਿਹੀਆਂ ਲਾ ਦਿੱਤੀਆਂ। ਉਹ ਸੁਣ ਕੇ ਹੈਰਾਨ ਵੀ ਹੋ ਰਿਹਾ ਸੀ ਅਤੇ ਖੁਸ਼ ਵੀ।
“ਇਹ ਗਾਣੇ ਨਹੀਂ, ਕੋਈ ਪੜ੍ਹਾਈ ਦੀ ਗੱਲ ਲੱਗਦੀ ਹੈ।” ਥੋੜ੍ਹਾ ਜਿਹਾ ਸੁਣਾ ਕੇ ਮਾਸਟਰ ਜੀ ਨੇ ਫੋਨ ਬੰਦ ਕਰ ਦਿੱਤਾ।
“ਇਹ ਇਸ ਤਰ੍ਹਾਂ ਵੀ ਪੜ੍ਹਿਆ ਜਾ ਸਕਦੈ?” ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਹੇ, ਪਰ ਉਹ ਸਾਰਾ ਕੁਝ ਸਮਝ ਚੁਕਾ ਸੀ ਅਤੇ ਬਹੁਤ ਖੁਸ਼ ਸੀ। ਪਾਲੀ ਦੀ ਦਾਦੀ ਪਾਲੀ ਦੇ ਮੋਢੇ ‘ਤੇ ਹੱਥ ਫੇਰ ਰਹੀ ਸੀ, “ਇਹ ਤਾਂ ਮੇਰਾ ਸੂਰਮਾ ਪੁੱਤ ਹੈ।” ਦਾਦੀ ਦੀ ਗੱਲ ਸੁਣ ਕੇ ਮਾਸਟਰ ਜੀ ਬੋਲੇ, “ਹਾਂ ਮਾਤਾ ਜੀ, ਕੋਈ ਜ਼ਰੂਰੀ ਨਹੀਂ ਹੱਥਾਂ ਵਿਚ ਹਥਿਆਰ ਫੜ ਕੇ ਤੇ ਲੜ ਕੇ ਹੀ ਕੋਈ ਬੰਦਾ ਸੂਰਮਾ ਕਹਾਵੇ। ਜਿਹੜਾ ਬੰਦਾ ਬੁਰਾਈਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੇ, ਉਹ ਵੀ ਸੂਰਮਾ ਹੈ। ਨਾਲੇ ਜਦੋਂ ਕੋਈ ਇਨਸਾਨ ਚੰਗੇ ਕੰਮ ਕਰਨ ਦੀ ਇੱਛਾ ਰੱਖਦਾ ਹੋਵੇ ਤੇ ਕੋਸ਼ਿਸ਼ ਕਰਦਾ ਹੋਵੇ ਤਾਂ ਸੌ ਰਾਹ ਮਿਲ ਜਾਂਦੇ ਨੇ।”