ਲਾਵਾਰਿਸਾਂ ਦੇ ਵਾਰਿਸ ਨੂੰ ਜਾਣਦਿਆਂ…

ਬਲਤੇਜ ਗਿੱਲ
ਸੰਤ ਰਾਮ ਉਦਾਸੀ ਇੱਕ ਥਾਂ ਲਿਖਦੇ ਹਨ,
ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ
ਹੋਣਾ ਨਹਿਰ ਜਾਂ ਕਿਸੇ ਡਰੇਨ ਦਾ ਪੁਲ।
ਮੇਰੀ ਅੰਮੀਏ, ਕੇਹਾ ਮੁਕਾਬਲਾ ਹੈ!
ਸੌ ਬੋਕ ਤੇ ਇੱਕ ਸਰੋਂ ਦਾ ਫੁੱਲ।
ਆਪਣੇ ਬੋਲਾਂ ‘ਤੇ ਖਰੇ ਉਤਰਦੇ ਸੰਤ ਰਾਮ ਉਦਾਸੀ ਦੀ ਲਾਸ਼ ਵੀ 1986 ਵਿਚ ਨਾਂਦੇੜ ਦੇ ਰੇਲਵੇ ਸਟੇਸ਼ਨ ‘ਤੇ ਮਿਲਦੀ ਹੈ, ਪਰਿਵਾਰ ਦੇ ਲੱਖ ਕਹਿਣ ‘ਤੇ ਵੀ ਸਰਕਾਰ ਲਾਸ਼ ਨਹੀਂ ਲਿਆਉਂਦੀ। ਇਵੇਂ ਹੀ ਜਸਵੰਤ ਸਿੰਘ ਖਾਲੜਾ 25 ਫਰਵਰੀ 1995 ਦੇ ‘ਪੰਜਾਬੀ ਟ੍ਰਿਬਿਊਨ’ ਵਿਚ ਇੱਕ ਪ੍ਰੈਸ ਨੋਟ ਵਿਚ ਆਪਣੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕਰਦੇ ਹਨ। ਉਨ੍ਹਾਂ ਦੇ ਜਾਣ-ਪਛਾਣ ਵਾਲੇ ਦੱਸਦੇ ਨੇ, ਉਹ ਜਾਣਦਾ ਸੀ ਕਿ ਅਣਪਛਾਤੀਆਂ ਲਾਛਾਂ ਦੇ ਸਿਰਨਾਂਵੇਂ ਲੱਭਦਿਆਂ ਉਹਨੇ ਆਪ ਇੱਕ ਅਣਪਛਾਤੀ ਲਾਸ਼ ਬਣ ਜਾਣਾ ਏ।

ਆਪਣੀ ਮੌਤ ਬਾਰੇ ਇੰਜ ਲਿਖਣਾ ਜਾਂ ਬੋਲਣਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਜਾਂ ਕਹਿ ਲਉ ਕਿ ਹਰ ਬੰਦਾ ਆਪਣੀ ਮੌਤ ਨਹੀਂ ਚੁਣ ਸਕਦਾ। ਮਰਨਾ ਹਰੇਕ ਨੇ ਹੈ, ਚੁੱਪ ਰਹਿਣ ਵਾਲਿਆਂ ਨੇ ਵੀ, ਅਣਜਾਣਾਂ ਨੇ ਵੀ ਅਤੇ ਸਿਰਫ ਆਪਣੇ ਵਾਸਤੇ ਜਿਉਣ ਵਾਲਿਆਂ ਨੇ ਵੀ ਮਰ ਹੀ ਜਾਣਾ ਹੈ, ਪਰ ਆਪਣੀ ਮੌਤ ਚੁਣ ਸਕਣਾ ਹਰ ਕਿਸੇ ਦੇ ਹਿੱਸੇ ਨਹੀਂ ਆ ਸਕਦਾ। ਜੋ ਲੋਕ ਆਪਣੀ ਜ਼ਿੰਦਗੀ ਆਪਣੇ ਅਕੀਦਿਆਂ ‘ਤੇ ਚੁਣਨਾ ਜਾਣਦੇ ਹਨ, ਉਹ ਜ਼ਿੰਦਗੀ ਦੇ ਮੁੱਢਲੇ ਸਫਰਾਂ ਵਿਚ ਹੀ ਇਹਦਾ ਅੰਤ ਵੀ ਦੇਖ ਰਹੇ ਹੁੰਦੇ ਹਨ। ਵੈਸੇ ਕਿਸੇ ਅਜਿਹੇ ਦੌਰ ਵਿਚ ਬਹਾਦਰ ਬਣਨਾ ਬੜਾ ਸੌਖਾ ਹੁੰਦਾ, ਜਦੋਂ ਜਿੱਤ ਦੀ ਆਸ ਹੋਵੇ ਜਾਂ ਬਚਣ ਦੀ ਆਸ ਹੋਵੇ, ਮੌਤ ਬਾਰੇ ਪਤਾ ਹੁੰਦਿਆਂ ਵੀ ਬਹਾਦਰ ਬਣਨਾ ਇਹ ਅਸਲ ਚੁਣੌਤੀ ਹੁੰਦੀ ਹੈ।
ਕੈਨੇਡਾ ਦੇ ਇੱਕ ਭਾਸ਼ਣ ਵਿਚ ਜਸਵੰਤ ਸਿੰਘ ਖਾਲੜਾ ਇੱਕ ਲਘੂ ਕਥਾ ਸੁਣਾਉਂਦੇ ਹਨ, “ਜਦ ਸੂਰਜ ਪਹਿਲੀ ਵਾਰ ਅਸਤਨ ਲੱਗਾ ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ, ਚਾਨਣ ਘਟ ਰਿਹਾ ਸੀ, ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸਨ। ਕਹਿੰਦੇ ਆ ਲੋਕਾਂ ‘ਚ ਹਾਹਾਕਾਰ ਮੱਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨੇਰਾ ਪੱਸਰ ਜਾਊਗਾ, ਕਿਸੇ ਨੂੰ ਕੁਝ ਦਿਸੂ ਨਾ, ਤੇ ਸਾਡਾ ਕੀ ਬਣੂਗਾ। ਦੁਨੀਆਂ ਫਿਕਰਮੰਦ ਸੀ। ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੋਰ ਵਿਖਾਉਣ ਲਈ ਧਰਤੀ ‘ਤੇ ਪੈਰ ਪਾਇਆ। ਪਰ ਕਹਿੰਦੇ ਆ ਕਿ ਦੂਰ ਕਿਸੇ ਝੌਂਪੜੀ ‘ਚੋਂ ਇੱਕ ਦੀਪਕ ਨੇ ਸਿਰ ਚੁੱਕਿਆ, ਉਹਨੇ ਕਿਹਾ ਮੈਂ ਹਨੇਰੇ ਨੂੰ ਚੈਲੇਂਜ ਕਰਦਾਂ। ਹੋਰ ਕੁਝ ਨਹੀਂ ਤਾਂ ਆਪਣੇ ਆਲੇ-ਦੁਆਲੇ ਤਾਂ ਇਸ ਨੂੰ ਆਉਣ ਨਹੀਂ ਦਿਆਂਗਾ, ਆਪਣੇ ਆਲੇ-ਦੁਆਲੇ ਤਾਂ ਚਾਨਣ ਕਾਇਮ ਕਰਾਂਗਾ। ਉਸ ਦੀਪਕ ਨੂੰ ਦੇਖ ਕੇ ਕਹਿੰਦੇ ਆ ਕਿ ਹਰ ਝੁੱਗੀ ਝੌਂਪੜੀ ਵਿਚ ਇੱਕ ਦੀਪਕ ਉਠਿਆ ਤੇ ਦੁਨੀਆਂ ਹੈਰਾਨ ਰਹਿ ਗਈ ਕਿ ਇਨ੍ਹਾਂ ਦੀਪਕਾਂ ਨੇ ਹਨੇਰੇ ਨੂੰ ਪਸਰਨੋਂ ਰੋਕਿਆ ਤੇ ਦੁਨੀਆਂ ਦੇਖ ਸਕੀ। ਮੈਂ ਸਮਝਦਾਂ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜੋਰ ਦੇ ਨਾਲ ਸੱਚ ਉਤੇ ਫਤਿਹ ਪਾਉਣ ਲਈ ਲਲਕਾਰ ਰਿਹਾ ਤਾਂ ਹੋਰ ਕੁਝ ਨਹੀਂ ਤਾਂ ਮੈਂ ਕਹੂੰਗਾ ਕਿ ਅਣਖੀਲਾ ਪੰਜਾਬ ਇੱਕ ਦੀਪਕ ਦੀ ਤਰ੍ਹਾਂ ਇਸ ਨੂੰ ਚੈਲੇਂਜ ਕਰ ਰਿਹਾ, ਮੈਂ ਅਰਦਾਸ ਕਰਦਾਂ ਸਤਿਗੁਰੂ ਇਸ ਨੂੰ ਜਗਦਾ ਰੱਖੇ।”
ਇਸੇ ਤਕਰੀਰ ਵਿਚ ਉਹ ਅੱਗੇ ਕਹਿੰਦੇ ਹਨ, “ਮੈਂ ਕੋਈ ਸਿਆਸੀ ਲੀਡਰ ਨਹੀਂ, ਮੈ ਤਾਂ ਮਨੁੱਖੀ ਅਧਿਕਾਰ ਕਾਰਕੁਨ ਹਾਂ, ਖਾਲਸਾ ਹੋਰਾਂ ਦੇ ਮਨੁੱਖੀ ਅਧਿਕਾਰ ਬਚਾਉਣ ਲਈ ਸਾਜਿਆ ਗਿਆ ਸੀ ਤੇ ਜੇ ਅਸੀਂ ਅੱਜ ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕੇ ਤਾਂ ਦੁਨੀਆਂ ਵਿਚ ਤੁਸੀਂ ਖਾਲਸੇ ਨੂੰ ਪ੍ਰਭਾਸ਼ਿਤ ਨਹੀਂ ਕਰ ਸਕੋਗੇ।”
ਜਸਵੰਤ ਸਿੰਘ ਖਾਲੜਾ ਬਾਰੇ ਬਹੁਤੇ ਪੰਜਾਬੀਆਂ ਨੂੰ, ਸਮੇਤ ਮੇਰੇ, ਉਦੋਂ ਪਤਾ ਲੱਗਿਆ ਸੀ, ਜਦੋਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਖਾਲੜਾ ਚੋਣ ਮੈਦਾਨ ਵਿਚ ਉਤਰੇ ਸਨ। 1990ਵਿਆਂ ਵਿਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਵਕੀਲ ਨੀਤੀਆ ਰਾਮਾਕ੍ਰਿਸ਼ਨਾ ਇੱਕ ਥਾਂ ਆਖਦੇ ਹਨ, “ਪੰਜਾਬ ਵਿਚ ਹਾਲਾਤ ਇਹ ਹੋ ਗਏ ਹਨ ਕਿ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ ਤੁਹਾਨੂੰ ਅਤਿਵਾਦੀ ਕਿਹਾ ਜਾਂਦਾ ਹੈ।” ਪੰਜਾਬ ਦੇ ਪੁਲਿਸ ਮੁਖੀ ਅਫਸਰ ਕੇ. ਪੀ. ਐਸ ਗਿੱਲ (ਮਰਹੂਮ) ‘ਤੇ ਜਦੋਂ ਝੂਠੇ ਮੁਕਾਬਲਿਆਂ ਦੇ ਦੋਸ਼ ਲੱਗਦੇ ਹਨ ਤਾਂ ਉਹ ਇੱਕ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਆਖਦਾ ਹੈ, “ਇਹ ਜਿੰਨੇ ਵੀ ਮਨੁੱਖੀ ਅਧਿਕਾਰਾਂ ਦੇ ਝੰਡਾਬਰਦਾਰ ਬਣੇ ਫਿਰਦੇ ਹਨ, ਇਹ ਪ੍ਰਾਪੇਗੰਡਾ ਕਰ ਰਹੇ ਹਨ।”
ਜਸਵੰਤ ਸਿੰਘ ਖਾਲੜਾ ਕੌਣ ਸੀ? ਵਿਕੀਪੀਡੀਆ ਛੋਟੀ ਜਿਹੀ ਟਿੱਪਣੀ ਦਿੰਦਾ ਹੈ, “ਉਹ ਸਿੱਖਾਂ ਦਾ ਮਨੁੱਖੀ ਅਧਿਕਾਰ ਕਾਰਕੁਨ ਸੀ।” ਇਹ ਟਿੱਪਣੀ ਬਹੁਤ ਸਟੀਕ ਹੈ। ਮਨੁੱਖੀ ਅਧਿਕਾਰ ਕਾਰਕੁਨ ਹੋਣਾ ਅਤੇ ਸਿੱਖਾਂ ਦਾ ਮਨੁੱਖੀ ਅਧਿਕਾਰ ਕਾਰਕੁਨ ਹੋਣਾ, ਫਰਕ ਤਾਂ ਦਿਖਦਾ ਹੈ। ਜਸਵੰਤ ਸਿੰਘ ਖਾਲੜਾ 1990 ਪਿਛੋਂ ਇੰਗਲੈਂਡ ਤੋਂ ਆਏ ਇੱਥੇ ਇੱਕ ਬੈਂਕ ਵਿਚ ਨੌਕਰੀ ਕਰ ਰਹੇ ਸਨ। ਬੀਬੀ ਖਾਲੜਾ ਯੂਨੀਵਰਸਿਟੀ ਵਿਚ ਸੇਵਾਵਾਂ ਨਿਭਾ ਰਹੇ ਸਨ। ਕੀ ਲੋੜ ਸੀ? ਜ਼ਿਆਦਾ ਹੀ ਕੁਝ ਸੀ ਤਾਂ ਛੋਟੀਆਂ ਮੋਟੀਆਂ ਟਿੱਪਣੀਆਂ ਕਰਦੇ ਰਹਿੰਦੇ, ਹੋਰ ਨਹੀਂ ਤਾਂ ਹੁਣ ਤੱਕ ‘ਕਾਲਮ ਨਵੀਸ’ ਤਾਂ ਬਣ ਹੀ ਜਾਂਦੇ। ਪਰ ਪਤਾ ਨਹੀਂ ਕਿਉਂ?… ਚਲੋ ਛੱਡੋ, ਹੋਇਆ ਇੰਜ ਕਿ ਜਸਵੰਤ ਸਿੰਘ ਖਾਲੜਾ ਬੈਂਕ ਵਿਚ ਡਾਇਰੈਕਟਰ ਸਨ। ਉਨ੍ਹਾਂ ਦੇ ਦੋ ਸਹਿ-ਕਰਮੀ ਲਾਪਤਾ ਹੋ ਗਏ। ਉਨ੍ਹਾਂ ਦਾ ਪਤਾ ਭਾਲਦਿਆਂ ਉਥੋਂ ਦੀਆਂ ਮੜੀਆਂ ਤੱਕ ਪਹੁੰਚੇ। ਮੜੀਆਂ ‘ਚ ਜਾ ਕੇ ਪਤਾ ਲੱਗਾ ਕਿ ਇੱਥੇ ਤਾਂ ਰੋਜ਼ ਕਈ ਡੋਲੇ ਉਤਰਦੇ ਹਨ, ਤੁਸੀਂ ਕਿਹੜੇ ਦੀ ਰਾਖ ਭਾਲਦੇ ਹੋ? ਹਾਲਾਤ ਦਾ ਮੋਟਾ ਮੋਟਾ ਅੰਦਾਜ਼ਾ ਲੱਗ ਗਿਆ ਸੀ, ਪਰ ਬਿਨਾ ਕਿਸੇ ਤੱਥਾਂ, ਅੰਕੜਿਆਂ ਤੋਂ ਇਹ ਸਾਬਿਤ ਕਰਨਾ ਔਖਾ ਸੀ। ਆਖਿਰਕਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਅਣਪਛਾਤੀਆਂ ਲਾਸ਼ਾਂ ਦਾ ਖਰਚਾ ਮਿਊਂਸਿਪਲ ਕਮੇਟੀ ਚੁੱਕਦੀ ਹੈ, ਮਿਊਂਸਿਪਲ ਕਮੇਟੀ ਤੋਂ ਲੱਕੜਾਂ ਦਾ ਹਿਸਾਬ ਦੇਖਿਆ ਤਾਂ ਪਤਾ ਲੱਗਾ ਕਿ ਸਿਰਫ ਤਿੰਨ ਸ਼ਮਸ਼ਾਨ ਘਾਟਾਂ ਵਿਚ 6017 ਲਾਸ਼ਾਂ ਲਾਵਾਰਿਸ ਆਈਆਂ ਸਨ। 6017 ਲੋਕ ਤਿੰਨ ਸ਼ਮਸਾਨ ਘਾਟਾਂ ਵਿਚ ਸਨ, ਪੂਰੇ ਪੰਜਾਬ ਵਿਚ ਕਿੰਨੇ ਹੋਣਗੇ? ਕੁਝ ਹੋਰ ਥਾਂਈਂ ਤਫਤੀਸ਼ ਦੌਰਾਨ ਪਤਾ ਲੱਗਾ ਕਿ ਕੁੱਲ 25,000 ਲਾਸ਼ਾਂ ਸਨ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਉਨ੍ਹਾਂ ਨੇ ਇਸ ਬਾਰੇ ਜਦੋਂ ਹਾਈਕੋਰਟ ਅਪੀਲ ਕੀਤੀ ਤਾਂ ਹਾਈਕੋਰਟ ਨੇ ਇਹ ਕਹਿ ਕੇ ਖਾਰਿਜ ਕਰ ਦਿੱਤੀ ਕਿ ਇਹ ‘ਪਬਲਿਕ ਇੰਟਰਸਟ ਲਿਟਿਗੇਸ਼ਨ’ ਨਹੀਂ ਬਣਦਾ ਯਾਨਿ ਲੋਕ ਹਿੱਤ ਮੁਕੱਦਮਾ ਨਹੀਂ ਬਣਦਾ। ਇਹਦੇ ਲਈ ਲਾਸ਼ਾਂ ਦੇ ਵਾਰਿਸ ਆਪ ਆਉਣ।
1993 ਵਿਚ ਲੁਧਿਆਣੇ ਔਰਤ ਦਿਵਸ ‘ਤੇ ਬੋਲਦਿਆਂ ਖਾਲੜਾ ਇੱਕ ਵਿਥਿਆ ਸੁਣਾਉਂਦੇ ਹਨ, “ਗੁਰਬਚਨ ਸਿੰਘ ਦੀ ਮਾਤਾ ਗੁਰਮੇਜ਼ ਕੌਰ ਦੀ ਵਿੱਥਿਆ ਇੱਕ ਦਿਨ ਜਦੋਂ ਆਪਣੇ ਘਰੋਂ ਬੇਘਰ ਰੁਲ ਰਹੀ ਸੀ ਤਾਂ ਉਸ ਨੂੰ ਕਿਸੇ ਨੇ ਦੱਸਿਆ ਕਿ ਉਹਦਾ ਪੁੱਤ ਚਲ ਵਸਿਆ, ਨੁਸ਼ਹਿਰੇ ਪੰਨੂਆਂ ਵਿਚ ਕੋਈ ਘਰ ਵੈਣ ਪਾਉਣ ਨੂੰ ਉਸ ਨੂੰ ਇਜਾਜ਼ਤ ਨਹੀਂ ਸੀ ਦਿੰਦਾ ਤਾਂ ਕੁਦਰਤੀ ਅਸੀਂ ਉਥੇ ਗਏ ਸੀ, ਆਪਣੀ ਭੈਣ ਦੇ ਘਰ। ਉਥੇ ਰਾਤ ਨੂੰ ਦਰਵਾਜਾ ਖੜਕਿਆ ਤੇ ਮਾਤਾ ਅੰਦਰ ਆਈ ਤੇ ਕਿਹਾ ਬੀਬੀ ਮੈਨੂੰ ਅੰਦਰ ਵੜ ਕੇ ਰੋ ਲੈਣ ਦੇ, ਮੇਰਾ ਪੁੱਤ ਮਰਿਆ ਹੈ।” ਇਹ ਕਹਿੰਦਿਆਂ ਖਾਲੜਾ ਦੀ ਅਵਾਜ਼ ਥਿੜਕ ਰਹੀ ਸੀ।
25,000 ਲਾਸ਼ਾਂ ਦਾ ਵਾਰਿਸ ਕੌਣ ਸੀ? ਕੌਣ ਬਚਿਆ ਸੀ, ਜੋ ਸਿਵਿਆਂ ‘ਚੋਂ ਸਵਾਹ ਫੋਲ ਫੋਲ ਕੇ ਢਿੱਡ ਨਾਲ ਲਾਉਂਦਾ ਕਿ ਇਹ ਮੇਰਾ ਵਾਰਿਸ ਹੈ। ਕਿੰਨੀਆਂ ਹੀ ਮਾਂਵਾਂ ਉਡੀਕ ਰਹੀਆਂ ਸਨ ਕਿ ਉਨ੍ਹਾਂ ਦੇ ਪੁੱਤਾਂ ਦਾ ਜਿਉਣ ਮਰਨ ਦਾ ਕੋਈ ਸੁਨੇਹਾ ਆਵੇ। ਕੇ. ਪੀ. ਐਸ਼ ਗਿੱਲ ਕਹਿ ਰਿਹਾ ਸੀ ਕਿ ਇਹ ਸਭ ਗੁੰਮਸ਼ੁਦਾ ਲੋਕ ਕੈਨੇਡਾ, ਅਮਰੀਕਾ, ਯੁਰਪ ਭੱਜ ਗਏ ਹਨ। ਜਸਵੰਤ ਸਿੰਘ ਖਾਲੜਾ ਦਾ ਗੁਨਾਹ ਸੀ ਕਿ ਉਹ 25,000 ਲਵਾਰਿਸਾਂ ਦਾ ਵਾਰਿਸ ਬਣ ਰਿਹਾ ਸੀ, ਤੇ ਅੰਦਰ ਵੜ ਕੇ ਰੋਣ ਦੀ ਥਾਂ ਦੁਨੀਆਂ ਭਰ ਵਿਚ ਇਨ੍ਹਾਂ ਜ਼ਰਵਾਣਿਆਂ ਦੀਆਂ ਕਰਤੂਤਾਂ ਦੱਸ ਰਿਹਾ ਸੀ।
ਜਦੋਂ ਇਨ੍ਹਾਂ ਖਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਲਿਆ ਖੜਾ ਕੀਤਾ ਹੋਇਆ ਸੀ, ਉਦੋਂ ਖਾਲੜਾ ਨੂੰ ਧਮਕੀਆਂ ਮਿਲ ਰਹੀਆਂ ਸਨ, ਕਹਿ ਰਹੇ ਸਨ ਕਿ 25,000 ‘ਚ ਜੇ ਇੱਕ ਹੋਰ ਜੁੜ ਜਾਵੇ ਤਾਂ ਕੋਈ ਫਰਕ ਪੈ ਸਕਦਾ ਭਲਾ? ਇੰਜ ਹੀ ਹੋਇਆ, ਖਾਲੜਾ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਧੋਂਦਿਆਂ ਪੁਲਿਸ ਨੇ ਚੁੱਕ ਲਿਆ। ਜੋ ਹੁਣ ਬਹੁਤੀ ਥਾਂਵੇਂ ਕਥਿਤ ਤੌਰ ‘ਤੇ ਹੀ ਲਿਖਿਆ ਆਉਂਦਾ ਹੈ, ਕਿਉਂਕਿ ਪੁਲਿਸ ਨੇ ਕਿਤੇ ਵੀ ਇਹ ਮੰਨਿਆ ਨਹੀਂ। ਮੈਂ ਵੀ ਸ਼ਾਇਦ ਹੁਣ ਕਥਿਤ ਤੌਰ ਜਾਂ ਸ਼ੱਕ ਸ਼ੰਸਿਆਂ ਵਿਚ ਲਿਖਦਾ, ਜੇ 3 ਸਾਲ ਬਾਅਦ ਕੁਲਦੀਪ ਸਿੰਘ ਬਚੜੇ ਦਾ ਬਿਆਨ ਨਾ ਆ ਜਾਂਦਾ। 1998 ਵਿਚ ਝਬਾਲ ਠਾਣੇ ਦੇ ਐਸ਼ ਐਚ. ਓ. ਰਹੇ ਸਤਨਾਮ ਸਿੰਘ ਦੇ ਗੰਨਮੈਨ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜੇ ਨੂੰ ਪੁਲਿਸ ਨੇ ਝਬਾਲ ਠਾਣੇ ਰੱਖਿਆ ਸੀ ਅਤੇ ਲਾਸ਼ ਹਰੀਕੇ ਦਰਿਆ ਵਿਚ ਸੁੱਟ ਦਿੱਤੀ ਸੀ। ਗਵਾਚਿਆਂ ਨੂੰ ਭਾਲਦਾ ਇੱਕ ਦੀਪਕ ਹਨੇਰੇ ਵਿਚ ਉਚਾ ਉਠਿਆ, ਬਾਕੀ ਦੀਪਕਾਂ ਦੀ ਝਾਕ ਵਿਚ ਤਾਰਾ ਬਣ ਗਿਆ।
ਜਸਵੰਤ ਸਿੰਘ ਖਾਲੜਾ ਗਵਾਚ ਗਿਆ, ਅਦਾਲਤੀ ਕਾਰਵਾਈਆਂ ਚੱਲੀਆਂ। 2005 ਵਿਚ ‘ਇਨਸਾਫ’ ਹੋ ਗਿਆ। ਉਸ ਇਨਸਾਫ ਨੂੰ ਖਾਲੜਾ ਪਰਿਵਾਰ ਅਤੇ ਜਥੇਬੰਦੀਆਂ ਨੇ ਮੁੜ ਮੁੜ ਚੈਲੇਂਜ ਕੀਤਾ। ਅੱਜ ਜਦੋਂ ਖਾਲੜਾ ਜਾਂ ਅਜਿਹੇ ਹੋਰ ਮਨੁੱਖੀ ਅਧਿਕਾਰ ਕਾਰਕੁਨ ਸਿਰਫ ਖਾਸ ਧਿਰਾਂ ਨੂੰ ਹੀ ਯਾਦ ਆਉਂਦੇ ਹਨ, ਤਾਂ ਮੈਨੂੰ ਵਾਲਤੇਅਰ ਯਾਦ ਆਉਂਦਾ ਹੈ, “ਭਾਵੇਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਾ ਵੀ ਹੋਵਾਂ, ਪਰ ਤੁਸੀਂ ਆਪਣੀ ਗੱਲ ਕਹਿ ਸਕੋ, ਇਸ ਲਈ ਮੈਂ ਜਾਨ ਵੀ ਦੇ ਸਕਦਾ ਹਾਂ।” ਸਿਆਸੀ ਤੌਰ ‘ਤੇ ਖਾਲੜਾ ਆਧੁਨਿਕ ਸਰਮਾਏਦਾਰੀ ਅਤੇ ਮਾਰਕਸਵਾਦ-ਦੋਹਾਂ ਦੇ ਹੀ ਵਿਰੋਧੀ ਸਨ, ਉਹ ਕਿਸੇ ਧਾਰਮਿਕ ਰਾਜ ਦੀ ਕਲਪਨਾ ਕਰਦੇ ਸਨ, ਪਰ ਇਹ ਲੇਖ ਲਿਖਣ ਦਾ ਸਵਾਲ ਇਹ ਹੈ ਹੀ ਨਹੀਂ। ਆਪਣੇ ਓਟਾਵਾ ਦੇ ਭਾਸ਼ਣ ਵਿਚ ਉਹ ਇੱਕ ਥਾਂ ਕਹਿੰਦੇ ਹਨ, “ਤੁਸੀਂ ਸਾਡੇ ਨਾਲ ਸਿਆਸੀ ਤੌਰ ‘ਤੇ ਮਤਭੇਦ ਰੱਖ ਸਕਦੇ ਹੋ, ਵੱਖਰੇ ਹੋ ਸਕਦੇ ਹੋ, ਪਰ ਘੱਟੋ ਘੱਟ ਸਾਡੇ ਮੌਲਿਕ ਹੱਕਾਂ ਲਈ ਸਾਡੇ ਨਾਲ ਖੜੇ ਹੋਵੋ। ਇੱਕ ਤਾਂ ਸਾਨੂੰ ਸਾਡਾ ਧਰਮ ਆਜ਼ਾਦੀ ਨਾਲ ਮੰਨਣ ਦਾ ਹੱਕ, ਦੂਜਾ ਸਾਨੂੰ ਵਿਚਾਰ ਪ੍ਰਗਟਾਉਣ ਦਾ ਹੱਕ।”
ਆਪਣੇ ਉਸੇ ਭਾਸ਼ਣ ਵਿਚ ਉਹ ਕਹਿੰਦੇ ਹਨ, “ਭਾਰਤ ਨੇ ਮਿਜ਼ੋਰਮ, ਨਾਗਾਲੈਂਡ, ਕਸ਼ਮੀਰ ਤੇ ਪੰਜਾਬ ਵਿਚ ਫੌਜਾਂ ਚਾੜ੍ਹ ਕੇ ਇਨ੍ਹਾਂ ਸੂਬਿਆਂ ਦੀ ਸਵੈ-ਨਿਰਣੈ ਦੀ ਮੰਗ ਨੂੰ ਕੁਚਲਿਆ ਹੈ। ਉਹ ਮੰਗ, ਜੋ ਕਾਨੂੰਨੀ ਹੈ ਅਤੇ ਭਾਰਤ ਸਰਕਾਰ ਨੇ ਆਪਣੇ ਹੀ ਬਣਾਏ ਹੋਏ ਕਾਨੂੰਨਾਂ ਨੂੰ ਇਨ੍ਹਾਂ ਸੂਬਿਆਂ ਵਿਚ ਛਿੱਕੇ ਟੰਗ ਰੱਖਿਆ ਹੈ।”
ਮਿਜ਼ੋਰਮ, ਨਾਗਾਲੈਂਡ, ਕਸ਼ਮੀਰ, ਜਸਵੰਤ ਸਿੰਘ ਖਾਲੜਾ ਤੇ ਸੰਤ ਰਾਮ ਉਦਾਸੀ ਸਾਰੇ ਵੱਖੋ-ਵੱਖਰੀਆਂ ਲੀਹਾਂ ‘ਤੇ ਸਨ, ਪਰ ਸਭ ਦਾ ਹਸ਼ਰ ਇੱਕੋ ਜਿਹਾ ਦਿਖਦਾ ਹੈ। ਸੱਤਾ ਦਾ ਕਿਰਦਾਰ ਸਭ ਲਈ ਇੱਕੋ ਜਿਹਾ ਦਿਖਦਾ ਹੈ। ਸੱਤਾ ਨੇ ਇਨ੍ਹਾਂ ਸਾਰਿਆਂ ਦੇ ਫਰਕ ਨੂੰ ਉਘਾੜ ਕੇ ਆਪਣੇ ਹਿੱਤਾਂ ਲਈ ਵੇਲੇ-ਕੁਵੇਲੇ ਵਰਤਿਆ ਵੀ ਤੇ ਹੁਣ ਵੀ ਵਰਤ ਲੈਂਦੇ ਹਨ, ਪਰ ਸਾਡੀ ਪੀੜ੍ਹੀ ਦੀ ਇਹ ਚੁਣੌਤੀ ਹੋਵੇਗੀ ਕਿ ਅਸੀਂ ਆਪਣੀਆਂ ਸਾਂਝਾਂ ਕਿੱਥੋਂ ਪਛਾਣੀਏ, ਕਿਹੜੇ ਧਰਾਤਲ ‘ਤੇ ਖੜੇ ਹੋ ਕੇ ਅਸੀਂ ਇੱਕ ਦੂਜੇ ਦਾ ਦਰਦ ਮਹਿਸੂਸ ਕਰੀਏ।
ਖੈਰ, ਜਸਵੰਤ ਸਿੰਘ ਖਾਲੜਾ ਨੇ ਜਿਨ੍ਹਾਂ ਲਾਵਾਰਿਸ ਲੋਕਾਂ ਦਾ ਮੁੱਦਾ ਚੁੱਕਿਆ ਸੀ, ਬਾਅਦ ਵਿਚ ਸੁਪਰੀਮ ਕੋਰਟ ਨੇ ਮਨੁੱਖੀ ਅਧਿਕਾਰ ਕਮਿਸ਼ਨ ਬਣਾ ਕੇ ਉਹਦੀ ਜਾਂਚ ਕਰਨ ਨੂੰ ਕਿਹਾ। ਉਨ੍ਹਾਂ ਸਿਰਫ ਅਮ੍ਰਿਤਸਰ ਜਿਲੇ ਵਿਚ ਹੀ ਜਾਂਚ ਕੀਤੀ ਤੇ ਪੀੜਤਾਂ ਨੂੰ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ। ਆਪਣੇ ਕੈਨੇਡਾ ਵਾਲੇ ਭਾਸ਼ਣ ਵਿਚ ਉਹ ਕਹਿੰਦੇ ਸਨ, “ਚਾਹੇ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ, ਚਾਹੇ ਕੋਈ ਕਾਨੂੰਨੀ ਕਾਰਵਾਈ ਕਰਾਂਗੇ, ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਹੈ ਤੇ ਅਸੀਂ ਲੋਕਾਂ ਦੀ ਕਚਹਿਰੀ ਵਿਚ ਹੁਣ ਦੁਨੀਆਂ ਪੱਧਰ ‘ਤੇ ਜਾਣਾ ਚਾਹੁੰਨੇ ਆ। ਐ ਦੁਨੀਆਂ ਵਾਲਿਓ, ਤੁਸਾਂ ਸਾਨੂੰ ਅਤਿਵਾਦੀ ਆਖਿਆ, ਤਸਾਂ ਸਾਨੂੰ ਫਿਰਕਾਪ੍ਰਸਤ ਆਖਿਆ, ਪਰ ਜਿਨ੍ਹਾਂ ਨੂੰ ਤੁਸੀਂ ਅਮਨ ਦੇ ਮਸੀਹੇ ਆਖਿਆ ਸੀ, ਜਿਨ੍ਹਾਂ ਨੂੰ ਤੁਸੀਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ, ਉਨ੍ਹਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਿਰ ਅਤਿਵਾਦੀ ਕੌਣ ਏ ਤੇ ਸੱਤਵਾਦੀ ਕੌਣ ਏ?”