ਜ਼ਿੰਦਗੀ ਨਾਲ ਮੋਹ-ਮੁਹੱਬਤ ਅਤੇ ਫਿਲਮ ’24 ਫਰੇਮਜ਼’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ eਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਇਸ ਵਾਰ ਇਰਾਨ ਦੇ ਫਿਲਮਸਾਜ਼ ਅੱਬਾਸ ਕਇਰੋਸਤਮੀ ਦੀ ਫਿਲਮ ’24 ਫਰੇਮਜ਼’ ਬਾਰੇ ਗੱਲ ਕੀਤੀ ਗਈ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਇਰਾਨੀ ਫਿਲਮਸਾਜ਼ ਅੱਬਾਸ ਕਰਿਓਸਤਮੀ ਦੀ ਫਿਲਮ ’24 ਫਰੇਮਜ਼’ ਦੇ ਸ਼ੁਰੂ ਤੋਂ ਹੀ ਦਰਸ਼ਕ ਇਸ ਗੱਲ ਦੀ ਹੈਰਾਨੀ ਵਿਚ ਡੁੱਬ ਜਾਂਦਾ ਹੈ ਕਿ ਉਸ ਨੇ ਇਸ ਫਿਲਮ ਨੂੰ ਸੋਚਿਆ ਕਿਵੇਂ ਹੋਵੇਗਾ। ਇਹ ਅੱਬਾਸ ਦੀ ਤਿੰਨ ਸਾਲਾਂ ਦੀ ਮਿਹਨਤ ‘ਤੇ ਆਧਾਰਿਤ ਅਜਿਹੀ ਫਿਲਮ ਹੈ ਜਿਸ ਵਿਚ ਚੌਵੀ ਛੋਟੀਆਂ ਫਿਲਮਾਂ ਸੰਗੀਤ ਅਤੇ ਕਵਿਤਾ ਦੀ ਤਰਜ਼ ‘ਤੇ ਸੋਚੀਆਂ ਅਤੇ ਫਿਲਮਾਈਆਂ ਗਈਆਂ ਹਨ। ਇਨ੍ਹਾਂ ਫਿਲਮਾਂ ਵਿਚ ਆਪਸੀ ਬਿਰਤਾਂਤ ਦੀ ਲਗਾਤਾਰਤਾ ਕੈਮਰਾ ਘੜਦਾ ਹੈ। ਦਰਸ਼ਕ ਨੂੰ ਫਰੇਮ ਵਿਚ ਜੜੀ ਫੋਟੋ ਖਿੱਚਣ ਤੋਂ ਪਹਿਲਾਂ ਉਸ ਵਿਚ ਪਈਆਂ ਚੀਜ਼ਾਂ ਅਤੇ ਕਿਰਦਾਰਾਂ ਨੂੰ ਫੋਟੋ ਦੇ ਮੁਕੰਮਲ ਹੋ ਜਾਣ ਜਾਂ ਖਿੱਚੇ ਜਾਣ ਤੋਂ ਬਾਅਦ ਦੀ ਹਾਲਤ ਦਾ ਅੰਦਾਜ਼ਾ ਕੈਮਰੇ ਰਾਹੀ ਸਪਸ਼ਟ ਕਰਨ ਦਾ ਮੌਕਾ ਮਿਲਦਾ ਹੈ। ਅੱਬਾਸ ਅਨੁਸਾਰ, “ਕੋਈ ਫੋਟੋ ਜਾਂ ਚਿੱਤਰ ਖਿੱਚੇ ਜਾਂ ਵਾਹੇ ਜਾਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਹੁੰਦਾ ਹੈ? ਇਸ ਦੇ ਖਿੱਚੇ ਅਤੇ ਵਾਹੇ ਜਾਣ ਤੋਂ ਬਾਅਦ ਇਹ ਕਿਸ ਤਰ੍ਹਾਂ ਦਾ ਹੋਵੇਗਾ?” ਇਹ ਮਹਤੱਵਪੁਰਨ ਸਵਾਲ ਹਰ ਘੜੀ, ਹਰ ਚੀਜ਼ ਬਾਰੇ ਦਿਮਾਗ ਵਿਚ ਘੁੰਮਦੇ ਰਹਿੰਦੇ ਹਨ। ਅਸੀਂ ਤਾਂ ਸਿਰਫ ਉਸ ਚੀਜ਼ ਜਾਂ ਸਮੇਂ ਦਾ ਨਿੱਕਾ ਜਿਹਾ ਟੋਟਾ ਹੀ ਫੜ ਸਕਦੇ ਹਾਂ ਪਰ ਇਸ ਨਾਲ ਉਸ ਦੀ ਗਤੀ ਜਾਂ ਹਾਲਤ ‘ਤੇ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ।
ਇਸ ਫਿਲਮ ਵਿਚ ਐਨੀਮੇਸ਼ਨ ਅਤੇ ਗ੍ਰਾਫਿਕਸ ਦੀ ਵਰਤੋਂ ਕੀਤੀ ਗਈ ਹੈ ਜਿਹੜੀ ਅੱਬਾਸ ਦੀ ਕਿਸੇ ਹੋਰ ਫਿਲਮ ਵਿਚ ਦੇਖਣ ਨੂੰ ਨਹੀਂ ਮਿਲਦੀ। ਇਸ ਫਿਲਮ ਦਾ ਹਰ ਫਰੇਮ ਖਾਲੀ ਸਟਿੱਲ ਇਮੇਮ ਤੋਂ ਸ਼ੁਰੂ ਹੁੰਦਾ ਹੈ ਅਤੇ ਅਨੰਤਤਾ ਨੂੰ ਫੜਨ ਦੀ ਕੋਸ਼ਿਸ ਕਰਦਾ ਹੈ। ਇਸ ਵਿਚ ਗਤੀਸ਼ੀਲਤਾ ਦੀ ਹੋਣੀ ਵੀ ਸਥਿਰਤਾ ਵਿਚ ਲੋਪ ਹੋ ਜਾਣ ਦੀ ਹੈ। ਖਿੜਕੀ ਤੋਂ ਬਾਹਰ ਦਰੱਖਤ ਲਹਿਰਾ ਰਿਹਾ ਹੈ, ਦਰੱਖਤਾਂ ਦੇ ਅੱਗਿਉਂ ਕੁਝ ਜਾਨਵਰ ਭੱਜੇ ਜਾ ਰਹੇ ਹਨ, ਚਿਮਨੀਆਂ ਵਿਚੋਂ ਧੂੰਆਂ ਉਠ ਰਿਹਾ ਹੈ, ਸਮੁੰਦਰ ਦੀਆਂ ਲਹਿਰਾਂ ਉਪਰ ਬਾਰਿਸ਼ ਦੀਆਂ ਬੂੰਦਾਂ ਡਿਗ ਕੇ ਉਸ ਵਿਚ ਜਜ਼ਬ ਹੋ ਰਹੀਆਂ ਹਨ। ਕਿਤੇ ਵੀ ਕੁਝ ਨਹੀਂ ਬਦਲ ਰਿਹਾ ਅਤੇ ਕਿਤੇ ਸਾਰਾ ਕੁਝ ਹੀ ਬਦਲ ਗਿਆ ਹੈ। ਇਸ ਬਦਲਣ ਅਤੇ ਨਾ-ਬਦਲਣ ਦੇ ਵਿਚਕਾਰ ਹੀ ਸੰਗੀਤ ਇਸ ਸਾਰੇ ਦ੍ਰਿਸ਼ ਦੀ ਕਲਪਨਾ ਨੂੰ ਜ਼ੁਬਾਨ ਦਿੰਦਾ ਹੈ। ਇਸ ਫਿਲਮ ਦੇ ਚੌਥੇ ਫਰੇਮ ਵਿਚ ਬਹੁਤ ਸਾਰੇ ਦਰੱਖਤਾਂ ਦੇ ਅੱਗਿਉਂ ਜਾਨਵਰ ਭੱਜੇ ਜਾ ਰਹੇ ਹਨ। ਦਰਸ਼ਕ ਨੂੰ ਨਹੀਂ ਪਤਾ ਇਹ ਕਿੱਥੋਂ ਆਏ ਹਨ, ਦਰਸ਼ਕ ਨੂੰ ਨਹੀਂ ਪਤਾ ਇਹ ਕਿੱਥੇ ਜਾ ਰਹੇ ਹਨ; ਇਹੀ ਟਿੱਪਣੀ ਸਾਡੀ ਆਪਣੀ ਜ਼ਿੰਦਗੀ ਦਾ ਕੌੜਾ ਸੱਚ ਹੈ।
’24 ਫਰੇਮ’ ਦਾ ਛੇਵਾਂ ਫਰੇਮ ਆਪਣੀ ਗਤੀਸ਼ੀਲਤਾ ਅਤੇ ਖੂਬਸੂਰਤੀ ਦੇ ਦਮ ‘ਤੇ ਹਮੇਸ਼ਾ ਦਰਸ਼ਕਾਂ ਦੇ ਚੇਤਿਆਂ ਵਿਚ ਟਿਕਿਆ ਰਹਿ ਸਕਦਾ ਹੈ। ਇਸ ਦੀ ਕਹਾਣੀ ਸਿਰਫ ਇੰਨੀ ਹੈ ਕਿ ਇੱਕ ਖਿੜਕੀ ਹੈ ਜਿਸ ਦੇ ਬਾਹਰ ਦਰਖੱਤ ਹੈ। ਤੇਜ਼ ਹਵਾ ਚੱਲਣ ਨਾਲ ਇਸ ਦਰੱਖਤ ਵਿਚ ਇੰਨੀ ਜਾਨ ਆ ਗਈ ਹੈ ਕਿ ਇਸ ਨੇ ਆਪਣੀ ਲਹਿਰਾਉਣ ਦੀ ਗਤੀ ਦੇ ਬਲ ‘ਤੇ ਇਸ ਫਰੇਮ ਵਿਚ ਸ਼ਾਮਿਲ ਸਾਰੀਆਂ ਚੀਜ਼ਾਂ ਤੋਂ ਅੱਖ ਦਾ ਧਿਆਨ ਹਟਾ ਕੇ ਆਪਣੇ ‘ਤੇ ਕੇਂਦਰਿਤ ਕਰ ਲਿਆ ਹੈ। ਤੁਸੀਂ ਫਿਲਮਸਾਜ਼, ਦਰਸ਼ਕ, ਕੈਮਰੇ ਜਾਂ ਅੱਖ ਵਜੋਂ ਇਸ ਨੂੰ ਆਪਣੇ ਧਿਆਨ ਵਿਚੋਂ ਬੇਦਖਲ ਨਹੀਂ ਕਰ ਸਕਦੇ ਹਨ। ਤੁਸੀਂ ਇਸ ਵੱਲ ਪਿੱਠ ਭੁਆ ਕੇ ਖੜ੍ਹੇ ਨਹੀਂ ਰਹਿ ਸਕਦੇ। ਇਸ ਦੀ ਖੂਬਸੂਰਤੀ ਇਸ ਦੀ ਛਿਣ-ਭੰਗਰਤਾ ਵਿਚ ਹੈ। ਥੋੜ੍ਹੀ ਦੇਰ ਤੱਕ ਇਸ ਤੂਫਾਨ ਨੇ ਥੰਮ੍ਹ ਜਾਣਾ ਹੈ। ਇਸ ਦਰਖੱਤ ਨੂੰ ਵੀ ਉਸ ਦੇ ਨਾਲ ਹੀ ਰੁਕਣਾ ਪੈਣਾ ਹੈ। ਸਾਡੀ ਅੱਖ ਅਤੇ ਚੇਤੇ ਨੇ ਵੀ ਵਾਪਸ ਪਰਤਣਾ ਹੈ। ਇਹ ਰੋਜ਼ ਨਹੀਂ ਹੋਣਾ ਪਰ ਇਸ ਦੇ ਦੁਬਾਰਾ ਵਾਪਰਨ ਦੀ ਉਮੀਦ ਉਦੋਂ ਤੱਕ ਬਣੀ ਰਹਿਣੀ ਹੈ, ਜਦੋਂ ਤੱਕ ਇਹ ਦਰੱਖਤ ਇੱਥੇ ਹੈ, ਇਹ ਖਿੜਕੀ ਇੱਥੇ ਹੈ, ਸਾਡੀ ਅੱਖ ਜਿਊਂਦੀ ਹੈ ਅਤੇ ਇਸ ਧਰਤੀ ‘ਤੇ ਹਵਾ ਦੀ ਹੋਂਦ ਹੈ।
ਇਸ ਫਿਲਮ ਦਾ ਹਰ ਫਰੇਮ ਚਾਰ ਮਿੰਟ ਸਕਰੀਨ ‘ਤੇ ਰਹਿੰਦਾ ਹੈ। ਫਿਲਮ ਦੇ 15ਵੇਂ ਫਰੇਮ ਵਿਚ ਵੀ ਪੂਰੀ ਫਿਲਮ ਵਾਪਰਦੀ ਹੈ। ਆਈਫਲ ਟਾਵਰ ਦੇ ਸਾਹਮਣੇ ਬਣੇ ਪੁਲ ਦੀ ਕੰਧੀ ‘ਤੇ ਕੈਮਰੇ ਵੱਲ ਪਿੱਠ ਕਰੀ ਤਿੰਨ ਬਜ਼ੁਰਗ ਔਰਤਾਂ ਅਤੇ ਤਿੰਨ ਬਜ਼ੁਰਗ ਮਰਦ ਖੜ੍ਹੇ ਹਨ। ਉਹ ਸਾਹਮਣੇ ਦੇ ਦ੍ਰਿਸ਼ ਵਿਚ ਪੂਰੀ ਤਰ੍ਹਾਂ ਖੁੱਭੇ ਹੋਏ ਹਨ। ਇਹ ਸਟਿੱਲ ਫੋਟੋ ਹੈ। ਇਸ ਵਿਚ ਫਿਲਮਸਾਜ਼ ਕੰਪਿਊਟਰ ਅਤੇ ਗ੍ਰਾਫਿਕ ਡਿਜ਼ਾਈਨਿੰਗ ਦੀ ਮਦਦ ਨਾਲ ਜ਼ਿੰਦਗੀ ਦੀਆਂ ਕਤਰਨਾਂ ਜੋੜਦਾ ਚਲਾ ਜਾਂਦਾ ਹੈ। ਉਨ੍ਹਾਂ ਸਾਰੇ ਬੁਜ਼ਰਗਾਂ ਦੀ ਪਿੱਠ ਪਿਛੇ ਇੱਕ ਕੰਮਕਾਜੀ ਕੁੜੀ ਫੁਰਤੀ ਨਾਲ ਗੁਜ਼ਰਦੀ ਹੈ। ਇੱਕ ਦੋ ਜੋੜੇ ਮਟਰਗਸ਼ਤੀ ਕਰਦਿਆਂ ਲੰਘਦੇ ਹਨ। ਇੱਕ ਮਾਂ ਆਪਣੇ ਬੱਚੇ ਨਾਲ ਲਾਡ ਕਰਦਿਆਂ ਉਥੋਂ ਗੁਜ਼ਰਦੀ ਹੈ। ਹੁਣ ਬਰਫ ਪੈਣੀ ਸ਼ੁਰੂ ਹੋ ਗਈ ਹੈ। ਕੋਈ ਸੰਗੀਤਕਾਰ ਆਪਣਾ ਆਰਕੇਡੀਅਨ ਵਜਾਉਂਦਾ ਉਥੋਂ ਗੁਜ਼ਰ ਰਿਹਾ ਹੈ। ਇੱਦਾਂ ਹੀ ਸਭ ਗੁਜ਼ਰ ਜਾਂਦਾ ਹੈ ਇੱਕ ਦਿਨ … ਯਾਦਾਂ ਵੀ। ਅੱਬਾਸ ਗੁਜ਼ਰਨ ਦੇ ਇਸ ਅਹਿਸਾਸ ਨੂੰ ਵੀ ਸੰਗੀਤ ਦੀ ਘੁੰਡੀ ਨਾਲ ਫੜ ਲੈਂਦਾ ਹੈ ਅਤੇ ਇਸ ਦ੍ਰਿਸ਼ ਦਾ ਗੁਜ਼ਰਨਾ ਕੁਝ ਦੇਰ ਲਈ ਚੇਤਿਆਂ ਵਿਚੋਂ ਵੀ ਮਨਸੂਖ ਹੋ ਜਾਂਦਾ ਹੈ।
ਇਸ ਫਿਲਮ ਦੇ ਇੱਕ ਹੋਰ, ਫਰੇਮ ਨੰਬਰ 24 ਵਿਚ ਇੱਕ ਖਿੜਕੀ ਹੈ, ਉਸ ਵਿਚ ਪੇਂਟਿੰਗ ਦਿਸਦੀ ਹੈ। ਇਸ ਪੇਂਟਿੰਗ ਨੂੰ ਦੇਖਦਿਆਂ ਜਾਪਦਾ ਹੈ ਕਿ ਇਹ ਬੋਲ ਰਹੀ ਹੈ। ਕੈਮਰਾ ਖਿੜਕੀ ਵਿਚੋਂ ਅੰਦਰ ਛਣ ਕੇ ਆ ਰਹੇ ਰੋਸ਼ਨੀ ਦੇ ਟੁਕੜੇ ‘ਤੇ ਫੋਕਸ ਹੈ। ਇਉਂ ਇਸ ਪੂਰੀ ਫਿਲਮ ਵਿਚ ਅੱਬਾਸ ਵੱਖ-ਵੱਖ ਸਮੇਂ ਅਤੇ ਸਪੇਸ ਵਿਚ ਅਟਕ ਗਏ ਕਿਰਦਾਰਾਂ, ਚੀਜ਼ਾਂ ਅਤੇ ਗਤੀਵਿਧੀਆਂ ਦੀ ਗਵਾਹੀ ਭਰਦਾ ਹੈ। ਹਰ ਫਰੇਮ ਵਿਚਲਾ ਭਾਰਾਪਣ ਸੰਗੀਤ ਜਾਂ ਹਵਾ ਜਾਂ ਰੰਗਾਂ ਦੀ ਗਤੀਸ਼ੀਲਤਾ ਨਾਲ ਟਕਰਾਉ ਵਿਚ ਹੈ।
ਫਿਲਮ ’24 ਫਰੇਮ’ ਵਿਚ ਅੱਬਾਸ ਸਟਿੱਲ ਫੋਟੋਗਰਾਫੀ ਅਤੇ ਸਿਨੇਮਾ ਦੇ ਆਪਸੀ ਲੈਣ-ਦੇਣ ਦੀ ਪ੍ਰਕਿਰਿਆ ਅਤੇ ਲਗਾਤਾਰਤਾ ਬਣਾਈ ਰੱਖਦਾ ਹੈ। ਅੱਬਾਸ ਆਪਣੇ ਫਿਲਮਸਾਜ਼ੀ ਦੀ ਕਲਾ ਤੋਂ ਬਿਨਾਂ ਨਾ ਸਿਰਫ ਬੱਚਿਆਂ ਲਈ ਕਿਤਾਬਾਂ ਦੇ ਸਰਵਰਕ ਤੇ ਸਿਲੇਬਸ ਡਿਜ਼ਾਇਨ ਕਰਦਾ ਰਿਹਾ ਹੈ ਸਗੋਂ ਉਹਨੇ ਗ੍ਰਾਫਿਕਸ ਡਿਜ਼ਾਈਨਿੰਗ ਦੇ ਖੇਤਰ ਵਿਚ ਵੀ ਲੰਮਾ ਸਮਾਂ ਕੰਮ ਕੀਤਾ। ਉਹਨੇ ਸਕੂਲ ਦੇ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਆਧਾਰਿਤ ਕਈ ਛੋਟੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ। ਇਸ ਫਿਲਮ ਵਿਚ ਉਹਦੀ ਸਿਨੇਮਾ ਅਤੇ ਜ਼ਿੰਦਗੀ ਬਾਰੇ ਫਿਲਮਾਂ ਛੋਟੀਆਂ-ਛੋਟੀਆਂ ਪਰ ਆਪਣੇ-ਆਪ ਵਿਚ ਮੁਕੰਮਲ ਹਨ। ਇਹ ਫਿਲਮਾਂ ਬਣਾਉਦਿਆਂ ਅੱਬਾਸ ਆਪਣੀ ਕਵਿਤਾ ਵਾਂਗ ਸਹਿਜ ਅਤੇ ਕੁਦਰਤ ਨਾਲ ਇੱਕ-ਮਿੱਕ ਨਜ਼ਰ ਆਉਂਦਾ ਹੈ। ਇਸ ਵਿਚ ਕੁਦਰਤ ਦੇ ਦ੍ਰਿਸ਼ਾਂ ਵਿਚ ਕੁਝ ਵੀ ਬਦਲਣ ਦੀ ਕੋਸ਼ਿਸ ਕੀਤੇ ਬਿਨਾਂ ਮਨੁੱਖੀ ਕਲਪਨਾ ਦੀ ਸਮਰੱਥਾ ਉਭਾਰਨ ਦਾ ਸਾਰਥਿਕ ਯਤਨ ਹੈ। ਕੁਦਰਤ ‘ਮਾਣਨ’ ਨਾਲੋਂ ਉਸ ਨੂੰ ਸੁਣਨ ਅਤੇ ਸਮਝਣ ਦਾ ਯਤਨ ਹੈ। ਫਿਲਮ ਵਿਚ ਖਾਸ ਕਿਸਮ ਦੀ ਇਕੱਲ ਹੈ, ਗਹਿਰੀ ਅਨਿਸ਼ਚਤਤਾ ਹੈ, ਨਾ-ਮੁੱਕਣ ਵਾਲੀ ਜਗਿਆਸਾ ਹੈ। ਫਿਲਮ ਦੇਖਦਿਆਂ ਇਹ ਮੁਮਕਿਨ ਹੀ ਨਹੀਂ ਕਿ ਦਰਸ਼ਕ ਆਪਣੀਆਂ ਬਹੁਤ ਸਾਰੀਆਂ ਨਵੀਆਂ ਕਹਾਣੀਆਂ ਅਤੇ ਮਿੱਥਾਂ ਨਾ ਘੜੇ। ਇਹ ਸਿਰਜਣਾ ਲਈ ਪ੍ਰੇਰਨ ਵਾਲੀ ਕਲਾ-ਫਿਲਮ ਹੈ। ਫਿਲਮ ਦੇ ਪਹਿਲੇ ਦ੍ਰਿਸ਼ ਵਿਚ ਆਈ ਪੇਂਟਿੰਗ ਹੀ ਅਗਲੇ ਸਾਰੇ ਫਰੇਮਾਂ ਵਿਚ ਖੁੱਲ੍ਹਦੀ ਚਲੀ ਜਾਂਦੀ ਹੈ। ਇਸ ਫਿਲਮ ਨਾਲ ਅੱਬਾਸ ਨੇ ਦਰਸ਼ਕਾਂ ਦੇ ਵਰਗੀਕਰਨ ਦੀ ਮਿੱਥ ਨੂੰ ਵੀ ਤੋੜਿਆ ਹੈ। ਇਸ ਨੂੰ ਨੱਬੇ ਸਾਲਾਂ ਬੁਜ਼ਰਗ ਤੋਂ ਲੈ ਕੇ 3-4 ਸਾਲ ਤੱਕ ਦਾ ਬੱਚਾ ਆਰਾਮ ਨਾਲ ਦੇਖ ਅਤੇ ਸਮਝ ਸਕਦਾ ਹੈ। ਇਹ ਜ਼ਿੰਦਗੀ ਵਾਂਗ ਹੈ। ਇਸ ਵਿਚ ਬਿਰਤਾਂਤ ਘੜਿਆ ਨਹੀਂ ਗਿਆ।
ਹੁਣ ਇਸ ਫਿਲਮ ਦੇ ਅੰਤ ‘ਤੇ ਪਹੁੰਚਦੇ ਹਾਂ। ਇਸ ਵਿਚ ਇਰਾਨ ਦੀ ਸੈਂਸਰਸ਼ਿਪ ਦਾ ਹਵਾਲਾ ਹੈ, ਭਾਵੇਂ ਅੱਬਾਸ ਬਾਰੇ ਮੰਨਿਆ ਜਾਂਦਾ ਹੈ ਕਿ ਉਸ ਦਾ ਸਿਨੇਮਾ ਸਿਆਸੀ ਨਹੀਂ। ਇੱਕ ਗਾਣਾ ਫਿਲਮ ਦੇ ਅੰਤ ਵਿਚ ਵੱਜਦਾ ਹੈ: ਮੁਹੱਬਤ ਕਦੇ ਨਹੀਂ ਮਰਦੀ; ਇਹ ਰਹੇਗੀ, ਤੁਸੀਂ ਰਹੋ ਨਾ ਰਹੋ। … ਅੱਬਾਸ ਦਾ ਸਿਨੇਮਾ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਇਹ ਸਤਰਾਂ ਕਿੰਨੀਆਂ ਸੱਚੀਆਂ ਹਨ।