ਬੂਟਾ ਸਿੰਘ
ਫੋਨ: 91-94634-74342
ਨਿੱਕੇ ਹੁੰਦਿਆਂ ਨੇੜੇ-ਤੇੜੇ ਜਿਥੇ ਕਿਤੇ ਵੀ ਗੁਰਸ਼ਰਨ ਭਾਜੀ ਦੇ ਨਾਟਕਾਂ ਦਾ ਪ੍ਰੋਗਰਾਮ ਹੁੰਦਾ, ਅਸੀਂ ਚਾਅ ਨਾਲ ਦੇਖਣ ਜਾਂਦੇ ਸੀ। ਇਕ ਵਾਰ (1980 ‘ਚ) ਅਸੀਂ ਗੁਆਂਢੀ ਪਿੰਡ ਝਿੰਗੜਾਂ (ਬੰਗਾ ਨੇੜੇ) ਵਿਖੇ ਮਹਾਨ ਸ਼ਹੀਦ ਬਾਬਾ ਕਰਮ ਸਿੰਘ ਬੱਬਰ ਦੀ ਬਰਸੀ ‘ਤੇ ਨਾਟਕ ਦੇਖਣ ਗਏ ਤਾਂ ਨਾਟਕਾਂ ਦਰਮਿਆਨ ਢਾਡੀ ਜਥੇ ਵਲੋਂ ਸ਼ਹੀਦੀ ਪ੍ਰਸੰਗ ਦੀ ਭੂਮਿਕਾ ਦੌਰਾਨ ਸ਼ਹੀਦ ਦੀ ਜੋ ਰੌਚਕ ਕਥਾ ਸੁਣਾਈ ਗਈ, ਉਹ ਉਦੋਂ ਭਾਵੇਂ ਸਾਨੂੰ ਆਪਣੀ ਅਗਿਆਨਤਾ ਕਾਰਨ ਕੋਰੀ ‘ਗੱਪ’ ਹੀ ਲੱਗਦੀ ਰਹੀ ਪਰ ਬਾਅਦ ਵਿਚ ਜ਼ਿੰਦਗੀ ਦੇ ਤਜਰਬੇ ‘ਚੋਂ ਗੁਜ਼ਰਦਿਆਂ ਉਹ ਦੋ ਸੌ ਫ਼ੀ ਸਦੀ ਸੱਚ ਜਾਪਦੀ ਹੈ। ਇਨ੍ਹੀਂ ਦਿਨੀਂ ਜਦੋਂ ਭਿੱਖੀਵਿੰਡ ਵਾਲੇ ਸਰਬਜੀਤ ਦਾ ਪਰਿਵਾਰ ਇਕ ਪਾਸੇ ਕਹਿ ਰਿਹਾ ਸੀ ਕਿ ਉਹ ‘ਖਾਧੀ-ਪੀਤੀ’ ਦੇ ਸਰੂਰ ਵਿਚ ਸਰਹੱਦ ਪਾਰ ਕਰ ਕੇ ਗ਼ਲਤੀ ਨਾਲ ਗੁਆਂਢੀ ਮੁਲਕ ‘ਚ ਚਲਾ ਗਿਆ ਸੀ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਉਸ ਨੂੰ ਸ਼ਹੀਦ ਵੀ ਕਰਾਰ ਦੇ ਦਿੱਤਾ ਹੈ ਤਾਂ ਉਨ੍ਹਾਂ ਢਾਡੀ ਵੀਰਾਂ ਦੀ ਦੂਰ-ਅੰਦੇਸ਼ੀ ਦੇ ਬਲਿਹਾਰੇ ਜਾਣ ਨੂੰ ਜੀ ਕਰਦਾ ਸੀ ਜੋ ਉਦੋਂ ਖ਼ਲਕਤ ਦੀ ਸੋਚ ਨੂੰ ਹਲੂਣਾ ਦੇਣ ਦੇ ਯਤਨ ਕਰ ਰਹੇ ਸਨ।
ਉਸ ਢਾਡੀ ਜਥੇ ਵਲੋਂ ਸੁਣਾਈ ਕਥਾ ਇਸ ਤਰ੍ਹਾਂ ਸੀ: ਜਦੋਂ ਉਹ ਕਿਸੇ ਨਗਰ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਮਾਈ ਖੇਤ ਦੇ ਖੂੰਜੇ ‘ਚ ਬਣਾਈ ਮੜ੍ਹੀ ਨੂੰ ਸਫ਼ੈਦੀ ਕਰ ਰਹੀ ਸੀ। ਰਾਹ ਪੁੱਛਣ ਸਮੇਂ ਢਾਡੀਆਂ ਦੀ ਘੋਖਵੀਂ ਅੱਖ ਨੇ ਮੜ੍ਹੀ ਉੱਪਰ ਲਿਖਿਆ ਸ਼ਹੀਦ ਫਲਾਣਾ ਸਿੰਘ ਦਾ ਨਾਂ ਪੜ੍ਹ ਕੇ ਉਸ ਜਣੇ ਦਾ ‘ਇਤਿਹਾਸ’ ਜਾਣਨਾ ਚਾਹਿਆ ਤਾਂ ਮਾਈ ਨੇ ਚਾਨਣਾ ਪਾਇਆ ਕਿ ਉਨ੍ਹਾਂ ਦੇ ‘ਪੱਪੂ’ ਦਾ ਘੋਰੀ ਬਾਪ ਇਕ ਦਿਨ ਕਿਤੇ ਰੋਜ਼ਾਨਾ ਕੋਟੇ ਨਾਲੋਂ ਵੱਧ ‘ਮਾਵਾ’ ਖਾ ਕੇ ਅਕਾਲ ਪੁਰਖ਼ ਦੇ ਚਰਨਾਂ ‘ਚ ਜਾ ਬਿਰਾਜਿਆ ਸੀ। ਸੰਸਾਰਕ ਰੀਤਾਂ ਨਿਭਾਅ ਕੇ ਪਰਿਵਾਰ ਆਮ ਜ਼ਿੰਦਗੀ ‘ਚ ਗ੍ਰਸਤ ਹੋ ਕੇ ਉਸ ਨੂੰ ਭੁੱਲ ਭੁਲਾ ਗਿਆ ਤਾਂ ਉਸ ਨੇ ਉਨ੍ਹਾਂ ਦੇ ‘ਸਿਰ ਆਉਣਾ’ ਸ਼ੁਰੂ ਕਰ ਦਿੱਤਾ ਕਿ ਮੇਰੀ ‘ਜਗ੍ਹਾ’ ਬਣਾਉ। ਸੋ, ਉਨ੍ਹਾਂ ਖੇਤ ਦੇ ਖੂੰਜੇ ਇਹ ਮੜ੍ਹੀ ਬਣਾ ਦਿੱਤੀ ਅਤੇ ਹੁਣ ‘ਸ਼ਹੀਦ’ ਦਾ ਪੂਜਾ-ਪਾਠ ਕਰਨਾ ਕਦੇ ਨਹੀਂ ਭੁੱਲਦੇ। ਕਹਿਣ ਦੀ ਲੋੜ ਨਹੀਂ ਕਿ ਸਾਡੇ ਅਵਾਮ ਦੇ ਸ਼ਹੀਦਾਂ ਦੀ ਫ਼ਹਿਰਸਤ ਵਿਚ ਪੱਪੂ ਦੇ ਬਾਪ ਵਰਗੇ ਸ਼ਹੀਦਾਂ ਦੀ ਤਦਾਦ ਖ਼ਾਸੀ ਵੱਡੀ ਹੈ। ਖ਼ਾਸ ਕਰ ਕੇ ਅੱਜ ‘ਜੱਟਾਂ’ ਦਾ ਸ਼ਾਇਦ ਹੀ ਕੋਈ ਖੇਤ ਜਾਂ ਖੂਹ ਦਾ ਤੌੜ ਅਜਿਹੀਆਂ ‘ਸ਼ਹੀਦੀ ਯਾਦਗਾਰਾਂ’ ਤੋਂ ਮਹਿਰੂਮ ਹੋਵੇਗਾ।
ਮੇਰਾ ਨਾਨਕਾ ਪਰਿਵਾਰ ਚਾਰ ਦਹਾਕੇ ਪਹਿਲਾਂ ਜ਼ਮੀਨ ਦੀ ਤੰਗੀ ਕਾਰਨ ਜ਼ੱਦੀ ਪਿੰਡ ਦੀ ਜ਼ਮੀਨ ਵੇਚ ਕੇ ਯੂæਪੀæ ਚਲਾ ਗਿਆ ਸੀ, ਪਰ ਉਹ ਆਪਣੇ ਪੁਰਖੇ ‘ਸ਼ਹੀਦਾਂ’ ਦਾ ਸਤਿਕਾਰ ਕਰਨਾ ਨਹੀਂ ਭੁੱਲੇ ਸਨ। ਪਿੰਡ ਨੂੰ ਅਲਵਿਦਾ ਆਖ ਕੇ ਉਨ੍ਹਾਂ ਦੇ ਆਪਣੇ ਸ਼ਹੀਦਾਂ ਪ੍ਰਤੀ ਮੋਹ ਤੇ ਸ਼ਰਧਾ ‘ਚ ਕਮੀ ਨਹੀਂ ਆਈ ਸੀ ਸਗੋਂ ਆਪਣੀ ਮਿੱਟੀ ਦੇ ਹੇਰਵੇ ਨੇ ਇਸ ਵਿਚ ਵਾਧਾ ਹੀ ਕੀਤਾ ਸੀ। ਜੱਦੀ ਜ਼ਮੀਨ ‘ਚ ਬਣੀ ਸ਼ਹੀਦ ਪੁਰਖੇ ਦੀ ਮੜ੍ਹੀ ਦੀਆਂ ਕੁਝ ਇੱਟਾਂ ਵੀ ਉਹ ਨਾਲ ਹੀ ਲੈ ਗਏ ਸਨ ਅਤੇ ਆਪਣੀ ਸ਼ਰਧਾ ਅਨੁਸਾਰ ਨਵੀਂ ਖ਼ਰੀਦੀ ਜ਼ਮੀਨ ‘ਚ ਉੱਥੇ ਵੀ ਸ਼ਹੀਦਾਂ ਸਿੰਘਾਂ ਦਾ ਸਥਾਨ ਉਸਾਰ ਲਿਆ ਸੀ, ਪਰ ਜਦੋਂ ਟੱਬਰ ਦਾ ਕੋਈ ਜੀਅ ਪੰਜਾਬ ਆਉਂਦਾ, ਤਾਂ ਮੂਲ ਮੜ੍ਹੀ ਨੂੰ ਮੱਥਾ ਟੇਕਣਾ ਕਦੇ ਨਹੀਂ ਭੁੱਲਦਾ। ਲਗਦੇ ਹੱਥ ਉਹ ਸਾਲ ਵਿਚ ਇਕ-ਦੋ ਵਾਰ ਇਸ ਇਲਾਕੇ ਵਿਚ ਸਥਿਤ ਦੁਆਬੇ ਦੇ ਉਸ ਬਹੁਤ ਵੱਡੇ ਸਥਾਨ ਉੱਪਰ ਅਖੰਡ ਪਾਠ ਵੀ ਕਰਵਾ ਜਾਂਦੇ ਹਨ ਜਿੱਥੇ ਇਕੋਤਰ ਸੌ ਜਾਂ ਪੰਜ ਸੌ ਇਕ ਪਾਠਾਂ ਦੀ ਲੜੀ ਅਕਸਰ ਚਲਦੀ ਰਹਿੰਦੀ ਹੈ। ਇਸ ਸਿਲਸਿਲੇ ਜ਼ਰੀਏ ਗੁਰਬਾਣੀ ਦਾ ਚਾਨਣ ਖ਼ਲਕਤ ਦੀ ਸੋਚ ਨੂੰ ਕਿਥੋਂ ਤੱਕ ਪ੍ਰਭਾਵਿਤ ਕਰ ਰਿਹਾ ਹੈ, ਇਹ ਵੱਖਰੀ ਸੋਚ-ਵਿਚਾਰ ਦਾ ਵਿਸ਼ਾ ਹੈ, ਪਰ ਇਕ ਹਾਸਲ ਉੱਭਰਵੇਂ ਰੂਪ ‘ਚ ਸਾਫ਼ ਨਜ਼ਰ ਆ ਰਿਹਾ ਹੈ। ਅਖੰਡ ਪਾਠ ਕਰਨ ਦੇ ਨਾਂ ‘ਤੇ ਇਕ ਪੂਰਾ ਕਾਰੋਬਾਰ ਅਤੇ ਇਸ ‘ਚ ਸ਼ਾਮਲ ਪੁਜਾਰੀ ਤਬਕਾ ਪੂਰਾ ਪ੍ਰਫੁੱਲਤ ਹੋਇਆ ਹੈ। ਇਹ ਅਖੰਡ ਪਾਠ ਸਰਵਣ ਕਰਨ ਵਾਲੀ ਸੰਗਤ ਉਹ ਹੈ ਜੋ ਅਕਸਰ ਬਾਬੇ ਬਾਲਕ ਨਾਥ ਦੇ ਸੰਗ ‘ਚ ਹਾਜ਼ਰ ਹੁੰਦੀ ਹੈ, ਜਗਦੰਬੇ ਮਾਂ ਦਾ ਜਗਰਾਤਾ ਕਰਾਉਣਾ ਵੀ ਨਹੀਂ ਭੁੱਲਦੀ, ਸਵੇਰੇ ਸ਼ਾਮ ਮੜ੍ਹੀਆਂ ‘ਤੇ ਵੀ ਮੱਥੇ ਟੇਕਦੀ ਹੈ ਅਤੇ ਸ਼ਹੀਦੀ ਜੋੜ ਮੇਲਿਆਂ ‘ਚ ਵੀ ਹਾਜ਼ਰੀ ਭਰਦੀ ਹੈ।
ਇਕ ਦਹਾਕਾ ਪਹਿਲਾਂ ਇਸ ਪਰਿਵਾਰ ਦਾ ਨੌਜਵਾਨ ਬੇਟਾ ਸੜਕ ਹਾਦਸੇ ‘ਚ ਦਿਮਾਗੀ ਤੌਰ ‘ਤੇ ਨਕਾਰਾ ਹੋ ਗਿਆ ਤਾਂ ਉਨ੍ਹਾਂ ਨੇ ਪਿੰਡ ਦੀ ਮੜ੍ਹੀ ਉੱਪਰ ਅਖੰਡ ਪਾਠ ਸਾਹਿਬ ਦੀ ਸੁੱਖਣਾ ਸੁੱਖ ਲਈ। ਅਖੰਡ ਪਾਠ ਦਾ ਭੋਗ ਪਾਏ ਜਾਣ ਦੇ ਦਿਨ ਉੱਥੇ ਬਾਕੀ ਧਾਰਮਿਕ ਰਸਮਾਂ ਦੇ ਨਾਲ-ਨਾਲ ਗਿਆਨ ਵਿਹੂਣੀ ਖ਼ਲਕਤ ਨੇ ਸ਼ਰਧਾ ਦੀ ਜੋ ਨੁਮਾਇਸ਼ ਲਾਈ, ਉਸ ਦੀ ਤਫ਼ਸੀਲ ਦੇਣ ਲਈ ਪੂਰੇ ਲੇਖ ਜਿੰਨੀ ਥਾਂ ਚਾਹੀਦੀ ਹੈ। ਇਥੇ ਸਿਰਫ਼ ਇੰਨਾ ਦੱਸਣਾ ਹੀ ਕਾਫ਼ੀ ਹੈ ਕਿ ਗ੍ਰੰਥੀ ਸਿੰਘ ਵੱਲੋਂ ਕੀਤੀ ਅਰਦਾਸ ਵਿਚ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਦੇ ਨਾਲ-ਨਾਲ ਮੜ੍ਹੀ ਵਾਲੇ ‘ਸ਼ਹੀਦ ਸਿੰਘ’ ਦੇ ਸਥਾਨਾਂ ਉੱਪਰ ਸੁੱਖੀ ਸੁੱਖਣਾ ਲਾਹੁਣ ਦਾ ਉਚੇਚਾ ‘ਤੇ ਵਾਰ-ਵਾਰ ਜ਼ਿਕਰ ਕੀਤਾ ਗਿਆ।
ਜਦੋਂ ਸਮਾਗਮ ਦੀ ਸਮਾਪਤੀ ਹੋ ਗਈ ਤਾਂ ਮੈਂ ਜਗਿਆਸਾ ਵੱਸ ਇਸ ‘ਸ਼ਹੀਦ’ ਦੇ ਇਤਿਹਾਸ ਦੇ ਪੰਨੇ ਫਰੋਲਣ ਦੀ ਰੁਚੀ ਨਾਲ ਗੱਲ ਛੇੜ ਲਈ। ਚਰਚਾ ਦੌਰਾਨ ਜੋ ਬਹੁਮੁੱਲੀ ਜਾਣਕਾਰੀ ਹਾਸਲ ਹੋਈ, ਉਸ ਦਾ ਸੰਖੇਪ ਰੂਪ ਹਾਜ਼ਰ ਹੈ: ਪਰਿਵਾਰ ਦੇ ਪੜਦਾਦਿਆਂ ਤੋਂ ਵੀ ਪਹਿਲੀ ਕਿਸੇ ਪੀੜ੍ਹੀ ਦੇ ਉਨ੍ਹਾਂ ਦੇ ਪੁਰਖੇ ਤਿੰਨ ਭਾਈ ਸਨ। ਦੋ ਵਿਆਹੇ-ਵਰੇ ਤੇ ਇਕ ਛੜਾ-ਛੜਾਂਗ। ਸਮਾਜੀ-ਆਰਥਿਕ ਹਾਲਾਤ ਕਾਰਨ ਉਦੋਂ ਕਿਸਾਨ ਪਰਿਵਾਰਾਂ ‘ਚ ਇਹ ਆਮ ਗੱਲ ਸੀ। ਦੋਵੇਂ ਭਾਈ ਚਾਹੁੰਦੇ ਸਨ ਕਿ ਛੜਾ ਉਨ੍ਹਾਂ ਨਾਲ ਰਹੇ ਤੇ ਉਨ੍ਹਾਂ ਦੇ ਘਰ ਹੀ ਸਵਾਸ ਤਿਆਗੇ ਤਾਂ ਜੋ ਉਸਦੀ ਜ਼ਮੀਨ-ਜਾਇਦਾਦ ਦਾ ਹਿੱਸਾ ਉਨ੍ਹਾਂ ਨੂੰ ਮਿਲ ਜਾਵੇ, ਪਰ ਉਹ ਮਰਜ਼ੀ ਨਾਲ ਵਾਰੋ-ਵਾਰੀ ਕਦੇ ਇਕ ਨਾਲ ਰਲ਼ ਜਾਂਦਾ, ਕਦੇ ਦੂਜੇ ਨਾਲ। ਇਹ ਦੇਖ ਕੇ ਇਕ ਭਾਈ ਦੇ ਮਨ ‘ਚ ਬਦੀ ਆ ਗਈ। ਉਸ ਨੇ ਮਾਂ ਜਾਏ ਨੂੰ ਉਦੋਂ ਖੂਹ ‘ਚ ਧੱਕਾ ਦੇ ਦਿੱਤਾ ਜਦੋਂ ਉਹ ਦੋਵੇਂ ਚਰਸ ਚਲਾ ਕੇ ਖੇਤ ਨੂੰ ਪਾਣੀ ਦੇ ਰਹੇ ਸਨ। ਡੁੱਬ ਰਿਹਾ ਭਾਈ ਜਦੋਂ ਪਾਣੀ ਦੇ ਧੱਕੇ ਨਾਲ ਖੂਹ ਦੇ ਹੇਠੋਂ ਉਪਰ ਵੱਲ ਉੱਛਲ ਆਇਆ ਤਾਂ ਉਸ ਨੇ ਹਿੰਮਤ ਕਰ ਕੇ ਇੱਟਾਂ ਦੇ ਸੰਨ੍ਹ ‘ਚ ਹੱਥ ਪਾ ਲਿਆ ਅਤੇ ਲਟਕ ਗਿਆ। ਕੁਝ ਘੰਟੇ ਬਾਅਦ ਉਸ ਦਾ ਭਰਾ ਇਹ ਦੇਖਣ ਲਈ ਮੁੜ ਖੂਹ ‘ਤੇ ਆਇਆ ਕਿ ਹੁਣ ਤੱਕ ਤਾਂ ਲਾਸ਼ ਪਾਣੀ ਦੇ ਉੱਪਰ ਆ ਗਈ ਹੋਵੇਗੀ ਤੇ ਉਹ ਖ਼ੁਦਕੁਸ਼ੀ ਦਾ ਸ਼ੋਰ ਮਚਾ ਦੇਵੇਗਾ, ਪਰ ਉਥੋਂ ਦਾ ਮੰਜ਼ਰ ਉਸ ਦੀ ਉਮੀਦ ਦੇ ਉਲਟ ਸੀ। ਡੁੱਬ ਰਹੇ ਭਾਈ ਨੇ ਜਾਨ ਬਖ਼ਸ਼ ਦੇਣ ਲਈ ਹਾੜ੍ਹੇ ਕੱਢੇ, ਪਰ ਖੂਹ ‘ਚ ਧੱਕਾ ਦੇਣ ਵਾਲੇ ਨੂੰ ਹੁਣ ਆਪਣੀ ਸਕੀਮ ਫੇਲ੍ਹ ਹੋਣ ਦੇ ਨਾਲ-ਨਾਲ ਆਪਣੀ ਕਰਤੂਤ ਨੰਗੀ ਹੋਣ ਦਾ ਡਰ ਵੀ ਸੀ। ਉਸ ਨੇ ਉਸ ਦੇ ਸਿਰ ਉੱਪਰ ਪੱਥਰ ਮਾਰ ਕੇ ਉਸ ਨੂੰ ਮਾਰ ਦਿੱਤਾ। ਉਹ ਜ਼ਮੀਨ ਦੇ ਵਾਰਿਸ ਤਾਂ ਬਣ ਗਏ, ਪਰ ਹੁਣ ‘ਔਤ’ ਨੇ ਉਨ੍ਹਾਂ ਦੇ ‘ਸਿਰ ਆ ਕੇ’ ਸਤਾਉਣਾ ਸ਼ੁਰੂ ਕਰ ਦਿੱਤਾ ਅਤੇ ਜਗ੍ਹਾ ਮੰਗਣੀ ਸ਼ੁਰੂ ਕਰ ਦਿੱਤੀ। ਮਰਦਾ ਕੀ ਨਾ ਕਰਦਾ! ਆਖ਼ਿਰ ਸ਼ਹੀਦ ਢਿਮਕਾ ਸਿੰਘ ਦਾ ਸਥਾਨ ਉਸਾਰਿਆ ਗਿਆ। ਉਦੋਂ ਤੋਂ ਪੁਸ਼ਤ-ਦਰ-ਪੁਸ਼ਤ ਟੱਬਰ ਜੁਦਾ ਹੁੰਦੇ ਗਏ ਤੇ ਜ਼ਮੀਨ ਅੱਗੇ ਤੋਂ ਅੱਗੇ ਤਕਸੀਮ ਹੁੰਦੀ ਗਈ ਪਰ ਸ਼ਹੀਦ ਦੀ ਸ਼ਰਧਾ ਤੇ ਮਹਿਮਾ ਨਿਰੀ ਬਰਕਰਾਰ ਹੀ ਨਹੀਂ, ਸਗੋਂ ਦੁਆਬੇ ਵਿਚ ਬਾਹਰਲੇ ਪੈਸੇ ਦੀ ਆਮਦ ਦੇ ਵਰਤਾਰੇ ਨਾਲ ਇਹ ਦੂਣ ਸਵਾਈ ਹੁੰਦੀ ਗਈ ਹੈ। ਪੂਰੀ ਕਥਾ ਸੁਣਨ ਪਿੱਛੋਂ ਗ੍ਰੰਥੀ ਸਿੰਘ ਤੇ ਆਪਣੇ ਰਿਸ਼ਤੇਦਾਰ ਨੂੰ ਮੈਂ ਸਿਰਫ਼ ਇਕ ਸਵਾਲ ਹੀ ਪੁੱਛ ਸਕਿਆ ਸੀ: ਜੇ ਤੁਹਾਡਾ ਇਹ ਪੁਰਖਾ ਸ਼ਹੀਦ ਹੈ ਤਾਂ ਫਿਰ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਬੀਰ ਯੋਧੇ ਅਤੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਹੋਰ ਇਨਕਲਾਬੀ ਕੀ ਸਨ? ਉਹ ਲਾਜਵਾਬ ਸਨ। ਇਹ ਗੱਲ ਉਦਾਸ ਤੇ ਪ੍ਰੇਸ਼ਾਨ ਕਰਨ ਵਾਲੀ ਨਹੀਂ ਸੀ। ਗ੍ਰੰਥੀ ਸਿੰਘ ਦੀ ਕਾਰੋਬਾਰੀ ਮਜਬੂਰੀ ਵੀ ਸਮਝ ਆਉਂਦੀ ਸੀ। ਅਸਲ ਵਿਚ ਵੱਧ ਪ੍ਰੇਸ਼ਾਨ ਕਰਨ ਵਾਲਾ ਪੱਖ ਇਹ ਸੀ ਕਿ ਮੇਰਾ ਸਾਧਾਰਨ ਜਿਹਾ ਸਵਾਲ ਉਨ੍ਹਾਂ ਦੀ ਪਥਰਾ ਚੁਕੀ ਸੋਚ ਨੂੰ ਕੋਈ ਹਲੂਣਾ ਦੇਣ ਤੋਂ ਅਸਮਰੱਥ ਰਿਹਾ ਸੀ। ਉਨ੍ਹਾਂ ਲਈ ਇਹ ਕੋਈ ਸੋਚ-ਵਿਚਾਰ ਕਰਨ ਦਾ ਮਸਲਾ ਹੀ ਨਹੀਂ ਸੀ। ਉਨ੍ਹਾਂ ਨੂੰ ਆਪਣੀ ਸੁੱਖਣਾ ਲਾਹ ਕੇ ਪੂਰੀ ਤਸੱਲੀ ਸੀ। ਪਿੱਛੇ ਜਿਹੇ ਇਕ ਹੋਰ ਪਰਿਵਾਰ ਨੇ ਤਾਂ ਸੁੱਖਣਾ ਲਾਹੁਣ ‘ਚ ਹੋਰ ਵੀ ਕਮਾਲ ਕਰ ਦਿੱਤੀ। ਉਨ੍ਹਾਂ ਨੇ ਆਪਣੇ ਕਿਸੇ ਟੱਬਰ ਦੇ ਜੀਅ ਦੇ ਵਿਦੇਸ਼ ਵਿਚ ਪੱਕਾ ਹੋਣ ਦੀ ਖੁਸ਼ੀ ‘ਚ ਗੁੱਗੇ ਦੀ ਮਾੜੀ ਉੱਪਰ ਅਖੰਡ ਪਾਠ ਦੀ ਸੁੱਖਣਾ ਸੁੱਖੀ ਹੋਈ ਸੀ। ਗੁੱਗਾ ਮਾੜੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ‘ਮਰਿਯਾਦਾ’ ਤਹਿਤ ਲਿਜਾ ਕੇ ਧੂਮ-ਧਾਮ ਨਾਲ ਅਖੰਡ ਪਾਠ ਮੁਕੰਮਲ ਕਰ ਕੇ ਭੋਗ ਪਾਇਆ ਗਿਆ। ਉਥੇ ਖ਼ਲਕਤ ਦਾ ਗੁਰੂ ‘ਗੁਰਬਾਣੀ’ ਨਹੀਂ, ਗੁੱਗਾ ਜ਼ਾਹਰ ਪੀਰ ਸੀ! ਸੰਗਤ ਦਾ ਮਾਰਗ ਗੁਰਬਾਣੀ ਦੀ ਫ਼ਿਲਾਸਫ਼ੀ ਨਹੀਂ, ਗੁੱਗੇ ਦੀ ਮਹਿਮਾ ਰੁਸ਼ਨਾ ਰਹੀ ਸੀ। ਗ੍ਰੰਥੀ ਸਿੰਘ ਵੀ ਪੂਰੇ ਖੁਸ਼ ਸਨ ਅਤੇ ਗੁੱਗੇ ਦੇ ਦਰਬਾਰ ਵਿਚ ਪਹੁੰਚੀ ‘ਸੰਗਤ’ ਵੀ ਪਕੌੜੇ ਜਲੇਬੀਆਂ ਛਕ ਕੇ ਬਾਗ਼ੋਬਾਗ ਸੀ।
ਹੁਣ ਹੁਕਮਰਾਨ ਜਦੋਂ ਸਰਬਜੀਤ ਨੂੰ ਕੌਮੀ ਸ਼ਹੀਦ ਦਾ ਰੁਤਬਾ ਦਿੰਦੇ ਹਨ ਅਤੇ ਵਿਧਾਨ ਸਭਾ ਤੇ ਸੰਸਦ ਵਿਚ ਇਸ ਬਾਰੇ ਸਾਰੀਆਂ ਪਾਰਟੀਆਂ ਵਲੋਂ ਸਰਵ-ਸੰਮਤੀ ਨਾਲ ਮਤੇ ਪਾਸ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦਾ ਇਸ ਮੁੱਦੇ ਨੂੰ ਚਲਾਕੀ ਨਾਲ ਵਰਤ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਵੀ ਸਮਝ ਆਉਂਦਾ ਅਤੇ ਸੱਚੇ ਸ਼ਹੀਦਾਂ ਦੇ ਅਕਸ ਨੂੰ ਧੁੰਦਲਾਉਣ ਲਈ ਸ਼ਹਾਦਤ ਦੀ ਧਾਰਨਾ ਨੂੰ ਗੰਧਲਾਉਣ ਅਤੇ ਫਰਜ਼ੀ ਸ਼ਹੀਦ ਖੜ੍ਹੇ ਕਰਨ ਦੀ ਚਲਾਕੀ ਵੀ ਸਾਫ਼ ਜ਼ਾਹਿਰ ਹੈ। ਜੇ ‘ਆਜ਼ਾਦੀ’ ਦੇ ਸਾਢੇ ਛੇ ਦਹਾਕੇ ਬਾਅਦ ਵੀ ਦਿੱਲੀ ਦੀ ਹਿੱਕ ਉੱਪਰ ਅੰਗਰੇਜ਼ਾਂ ਵਲੋਂ ਉਸਾਰੀ ‘ਇੰਡੀਆ ਗੇਟ’ ਨਾਂ ਦੀ ਯਾਦਗਾਰ ਨੂੰ ‘ਆਜ਼ਾਦ ਰਾਜ’ ਪੂਰਨ ਸ਼ਰਧਾ ਨਾਲ ਸਤਿਕਾਰਦਾ ਤੇ ਧਿਆਉਂਦਾ ਹੈ ਜੋ ਫਿਰੰਗੀਆਂ ਨੇ ਉਨ੍ਹਾਂ ਭਾਰਤੀ ਸਿਪਾਹੀਆਂ ਦੀ ਯਾਦ ‘ਚ ਉਸਾਰੀ ਸੀ ਜੋ ਪਹਿਲੀ ਆਲਮੀ ਜੰਗ ‘ਚ ਅੰਗਰੇਜ਼ ਸਲਤਨਤ ਦੇ ਹਿੱਤਾਂ ਲਈ ਤੋਪਾਂ ਦਾ ਖਾਜਾ ਬਣੇ ਸਨ, ਤਾਂ ਇਸ ਤੋਂ ਵੱਧ ਸੱਚੇ ਸ਼ਹੀਦਾਂ ਦਾ ਅਪਮਾਨ ਕੀ ਹੋ ਸਕਦਾ ਹੈ? ਹੁਕਮਰਾਨਾਂ ਦੇ ਦੰਭ ਦਾ ਤਾਂ ਕਹਿਣਾ ਹੀ ਕੀ ਹੈ! ਉਨ੍ਹਾਂ ਅਨੁਸਾਰ ਸਥਾਪਤੀ ਦੇ ਹਿੱਤ ਲਈ ਮਰਨ ਵਾਲੇ ਸਾਰੇ ਸ਼ਹੀਦ ਹਨ ਅਤੇ ਸਥਾਪਤੀ ਨੂੰ ਚੁਣੌਤੀ ਦੇਣ ਵਾਲੇ ਦੇਸ਼ ਧ੍ਰੋਹੀ ਹਨ। ਕੁਝ ਮਾਮਲਿਆਂ ‘ਚ ਅਜੇ ਤੱਕ ਉਨ੍ਹਾਂ ਗ਼ਦਰੀ ਯੋਧਿਆਂ ਦੀ ਜਾਇਦਾਦ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਨਹੀਂ ਕੀਤੀ ਗਈ ਜੋ ਫਿਰੰਗੀਆਂ ਵਲੋਂ ਸੌ ਵਰ੍ਹੇ ਪਹਿਲਾਂ 1915 ਦੇ ਗ਼ਦਰ ਮੌਕੇ ਕੁਰਕ ਕੀਤੀ ਗਈ ਸੀ। ਕਦੇ-ਕਦੇ ਜਦੋਂ ਸਰਕਾਰੀ ਰਿਕਾਰਡ ਦਾ ਕੋਈ ਹਿੱਸਾ ਨਸ਼ਰ ਹੋ ਜਾਂਦਾ ਹੈ ਤਾਂ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਅੰਗਰੇਜ਼ਾਂ ਦੇ ਜ਼ਮਾਨੇ ‘ਚ ਮੁਜਰਮ ਕਰਾਰ ਦਿੱਤੀਆਂ ਫਲਾਣੀਆਂ ਫਲਾਣੀਆਂ ਦੇਸ਼ ਭਗਤ ਤਹਿਰੀਕਾਂ ਹਾਲੇ ਵੀ ਸਰਕਾਰੀ ਕਾਗਜ਼ਾਂ ‘ਚ ਮੁਜਰਮਾਂ ਵਜੋਂ ਦਰਜ ਹਨ। ਹੁਕਮਰਾਨ ਤਾਂ ਪਹਿਲਾਂ ਹੀ ਰੋਜ਼ਗਾਰ ਖ਼ਾਤਰ ਪੁਲਿਸ, ਫ਼ੌਜ ‘ਚ ਭਰਤੀ ਹੋ ਕੇ ਸਥਾਪਤੀ ਵਿਰੋਧੀ ਹੱਕੀ ਲਹਿਰਾਂ ਨੂੰ ਕੁਚਲਦਿਆਂ ਮਰਨ ਵਾਲਿਆਂ ਨੂੰ ਸ਼ਹੀਦਾਂ ਵਜੋਂ ਸਥਾਪਤ ਕਰਦੇ ਤੇ ਇਨ੍ਹਾਂ ਦਾ ਗੁਣ-ਗਾਣ ਕਰਦੇ ਆ ਰਹੇ ਹਨ।
ਸਵਾਲ ਇਹ ਹੈ ਕਿ ਸਿੱਖ ਲਹਿਰ ਤੋਂ ਲੈ ਕੇ ਅੱਜ ਤਕ ਦੀਆਂ ਇਨਕਲਾਬੀ ਲਹਿਰਾਂ ਇਨ੍ਹਾਂ ਕੁਲ ਯੁਗ ਪਲਟਾਊ ਜਦੋਜਹਿਦਾਂ ਦੇ ਸ਼ਾਨਾਮੱਤੇ ਇਤਹਾਸ ਸਿਰਜਣ ਦੇ ਬਾਵਜੂਦ ਸ਼ਹਾਦਤ ਬਾਰੇ ਇਸ ਖਿੱਤੇ ਦੇ ਲੋਕਾਂ ਦੀ ਸਪਸ਼ਟ ਧਾਰਨਾ ਕਿਉਂ ਨਹੀਂ ਬਣਾ ਸਕੀਆਂ ਜਿਥੇ ਸੋਲ੍ਹਵੀਂ ਸਦੀ ਤੋਂ ਲੈ ਕੇ ਸ਼ਾਨਾਮੱਤੀਆਂ ਸ਼ਹਾਦਤਾਂ ਦੀ ਲਗਾਤਾਰ ਲੜੀ ਚਲਦੀ ਆਈ ਹੈ। ਵੱਖ-ਵੱਖ ਲਹਿਰਾਂ ਨਾਲ ਸਬੰਧਤ ਹਿੱਸੇ ਆਪੋ-ਆਪਣੀਆਂ ਲਹਿਰਾਂ ‘ਚ ਜਾਨਾਂ ਦੇਣ ਵਾਲਿਆਂ ਨੂੰ ਆਪਣੇ ਸ਼ਹੀਦ ਕਰਾਰ ਦਿੰਦੇ ਹਨ। ਉਨ੍ਹਾਂ ਨੂੰ ਇਹ ਹੱਕ ਹੈ। ਇਹ ਉਨ੍ਹਾਂ ਦੀ ਖ਼ਾਸ ਸਿਆਸੀ ਲਹਿਰ ਦੇ ਸ਼ਹੀਦ ਹਨ। ਇਸ ਬਾਰੇ ਹੋਰ ਧਿਰਾਂ ਸਹਿਮਤ ਨਹੀਂ ਵੀ ਹੋ ਸਕਦੀਆਂ। ਫਿਰ ਵੀ ਇਨ੍ਹਾਂ ਦਾ ਘੱਟੋ-ਘੱਟ ਵਿਚਾਰਧਾਰਕ ਅਕੀਦਾ ਅਤੇ ਰਾਜਸੀ ਪ੍ਰੋਗਰਾਮ ਹੁੰਦਾ ਹੈ। ਸਮੱਸਿਆ ਤਾਂ ਉਦੋਂ ਹੈ ਜਦੋਂ ਬਿਨਾਂ ਕਿਸੇ ਵਿਚਾਰਧਾਰਕ-ਰਾਜਸੀ ਚੇਤਨਾ ਅਤੇ ਵਚਨਬਧਤਾ ਦੇ ਸਿਰਫ਼ ਰੁਜ਼ਗਾਰ ਦੇ ਨਿੱਜੀ ਹਿੱਤ ਦੀ ਖ਼ਾਤਰ ਸਰਕਾਰੀ ਸੰਸਥਾਵਾਂ ‘ਚ ਭਰਤੀ ਹੋ ਕੇ ਮਾਰੇ ਗਏ ਸਰਕਾਰੀ ਹਿੱਸਿਆਂ ਨੂੰ ਸ਼ਹੀਦ ਵਜੋਂ ਪ੍ਰਵਾਨ ਤੇ ਸਥਾਪਤ ਕੀਤਾ ਜਾਂਦਾ ਹੈ; ਜਾਂ ਜਦੋਂ ਸਰਬਜੀਤ ਵਰਗਿਆਂ ਨੂੰ ਸ਼ਹੀਦ ਕਰਾਰ ਦਿੱਤਾ ਜਾਂਦਾ ਹੈ ਜਿਸ ਵਿਚ ਮੁੱਖ ਧਾਰਾ ਮੀਡੀਆ ਵੀ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਅਸਲ ਵਿਚ ਇਹ ਖ਼ੁਦਗਰਜ਼ ਤਾਕਤਾਂ ਖ਼ਲਕਤ ਦੀ ਅਗਿਆਨਤਾ ਦਾ ਗਿਣ-ਮਿਥ ਕੇ ਫ਼ਾਇਦਾ ਉਠਾਉਂਦੀਆਂ ਹਨ ਅਤੇ ਉਨ੍ਹਾਂ ਅੰਦਰ ਪ੍ਰਚਲਤ ਗ਼ਲਤ ਤੇ ਭੁਲੇਖਾਪਾਊ ਧਾਰਨਾਵਾਂ ਨੂੰ ਪੱਕਾ ਕਰ ਕੇ ਇਨ੍ਹਾਂ ਨੂੰ ਆਪਣੇ ਮੁਫ਼ਾਦਾਂ ਲਈ ਵਰਤਦੀਆਂ ਹਨ।
ਤਸੱਲੀ ਵਾਲੀ ਗੱਲ ਇਹ ਹੋਈ ਕਿ ਜਿਸ ਘਿਣਾਉਣੇ ਢੰਗ ਨਾਲ ਹੁਕਮਰਾਨਾਂ ਨੇ ਸਰਬਜੀਤ ਨੂੰ ਸ਼ਹੀਦ ਐਲਾਨਿਆ, ਉਸ ਨੂੰ ਚਿੰਤਕਾਂ ਦੇ ਇਕ ਹਿੱਸੇ ਨੇ ਸਿਰਫ਼ ਅਪ੍ਰਵਾਨ ਹੀ ਨਹੀਂ ਕੀਤਾ, ਇਸ ਨੂੰ ਚੁਣੌਤੀ ਵੀ ਦਿੱਤੀ ਹੈ। ਉਂਜ ਮਸਲਾ ਮਹਿਜ਼ ਇੰਨਾ ਕੁ ਨਹੀਂ ਹੈ। ਅਸਲ ਵਿਚ ਗਿਆਨ ਵਿਹੂਣੀ ਖ਼ਲਕਤ ਦੀ ਘਚੋਲੇ ਭਰੀ ਸੋਚ ਨਾਲ ਸੰਜੀਦਾ ਸੰਵਾਦ ਛੇੜਨ ਅਤੇ ਸ਼ਹਾਦਤ ਦੀ ਧਾਰਨਾ ਬਾਰੇ ਸਪਸ਼ਟ ਸਮਝ ਬਣਾਉਣ ਦਾ ਅਮਲ ਸ਼ੁਰੂ ਕਰਨ ਦੀ ਲੋੜ ਹੈ।
Leave a Reply