ਗੁਲਜ਼ਾਰ ਸਿੰਘ ਸੰਧੂ
ਮੈਂ ਲਾਸ਼ਾਂ ਦੇ ਯੁੱਗ ਦੀ ਉਪਜ ਹਾਂ। ਦੂਜੇ ਵਿਸ਼ਵ ਯੁੱਧ, ਸੰਤਾਲੀ ਦੀ ਦੇਸ਼ ਵੰਡ, ਪੰਜਾਬ ਦੇ ਕਾਲੇ ਦਿਨਾਂ ਤੇ ਦਿੱਲੀ ਦੰਗਿਆਂ ਦਾ ਚਸ਼ਮਦੀਦ ਗਵਾਹ। ਅਗਸਤ 1947 ਦੇ ਅੰਤਲੇ ਦਿਨਾਂ ਵਿਚ ਆਪਣੇ ਜੱਦੀ ਪਿੰਡ ਸੂਨੀ (ਹੁਸ਼ਿਆਰਪੁਰ) ਵਿਚ ਮੈਂ ਦੋ ਦਰਜਨ ਮੁਸਲਮਾਨਾਂ ਦੀਆਂ ਸਜਰੀਆਂ ਲਾਸ਼ਾਂ ਅਤੇ ਚਾਰ ਮਹੀਨੇ ਪਿਛੋਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਨੂੰ ਜਾਂਦਿਆਂ ਅਬਦੁੱਲਾਪੁਰ ਦੇ ਉਜੜੇ ਹੋਏ ਮੁਸਲਿਮ ਪਿੰਡ ਵਿਚ ਸਲਵਾਰ-ਕਮੀਜ਼ਾਂ ਤੇ ਭੋਖਿਆਂ ਵਿਚ ਲਿਪਟੀਆਂ ਲਾਸ਼ਾਂ ਦੇ ਪਿੰਜਰਾਂ ਨੂੰ ਚੇਤੇ ਕਰਕੇ ਮੈਨੂੰ ਅੱਜ ਵੀ ਧੁੜਧੁੜੀ ਆ ਜਾਂਦੀ ਹੈ। ਮੇਰੇ ਪਿੰਡ ਦੀਆਂ ਮੁਸਲਮਾਨ ਲਾਸ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਸ਼ਤੀਰੀਆਂ ਤੇ ਬਾਲੇ ਲਾਹ ਕੇ ਉਨ੍ਹਾਂ ਦਾ ਸਸਕਾਰ ਕਰਨ ਵਾਲੇ ਤਾਂ ਅਸੀਂ ਆਪ ਹੀ ਸਾਂ। ਉਨ੍ਹਾਂ ਦੇ ਕਤਲ ਤੋਂ ਚਾਰ ਕੁ ਦਿਨ ਪਹਿਲਾਂ ਉਹ ਅੰਮ੍ਰਿਤ ਛੱਕ ਕੇ ਮੁਸਲਮਾਨਾਂ ਤੋਂ ਸਿੱਖ ਹੋ ਚੁੱਕੇ ਸਨ। ਸਿੱਖੀ ਮਰਿਆਦਾ ਅਨੁਸਾਰ ਉਨ੍ਹਾਂ ਦਾ ਸਸਕਾਰ ਕਰਨਾ ਸਾਡੇ ਲਈ ਸੌਖਾ ਵੀ ਸੀ। ਪਰ ਅਬਦੁੱਲਾਪੁਰ ਵਾਲਿਆਂ ਨੂੰ ਦਫਨਾਉਣ ਵਾਲਾ ਕੋਈ ਵੀ ਨਹੀਂ ਸੀ ਰਿਹਾ। ਕਾਤਲ ਤੇ ਲੁਟੇਰੇ ਜਾ ਚੁੱਕੇ ਸਨ ਤੇ ਮੁਰਦਿਆਂ ਦੇ ਵਾਰਿਸ ਲੱਭਣ ਦਾ ਸਵਾਲ ਹੀ ਨਹੀਂ ਸੀ। ਸੰਨ ਚੁਰਾਸੀ ਦੇ ਦਿੱਲੀ ਦੰਗਿਆਂ ਵਾਲੀਆਂ ਲਾਸ਼ਾਂ ਦਾ ਕੀ ਬਣਿਆ, ਸੱਜਣ ਕੁਮਾਰ ਦਾ ਕੇਸ ਪੜ੍ਹਨ ਤੇ ਜਾਨਣ ਵਾਲੇ ਜਾਣ ਚੁੱਕੇ ਹਨ।
ਲਾਵਾਰਸ ਲਾਸ਼ਾਂ ਦੀ ਇਹ ਗਾਥਾ ਮੈਨੂੰ ਪਾਕਿਸਤਾਨ ਦੇ ਅਨਿਨ ਸਮਾਜ ਸੇਵੀ ਅਬਦੁੱਲ ਸੱਤਾਰ ਈਦੀ ਦੀ ਆਤਮ ਕਥਾ ਨੇ ਚੇਤੇ ਕਰਵਾ ਦਿੱਤੀ ਹੈ। ਇਸ ਦੀ ਲੇਖਿਕਾ 18 ਜ਼ੁਬਾਨਾਂ ਵਿਚ ਛਪਣ ਵਾਲੀ ਸਵੈ-ਜੀਵਨੀ ‘ਮਾਈ ਫਿਊਡਲ ਲਾਰਡ’ ਲਿਖਣ ਵਾਲੀ ਤਹਿਮੀਨਾ ਦੁਰਾਨੀ ਹੈ। ਇਸ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵਾਲਿਆਂ ਨੇ ਡਾæ ਛੀਨਾ ਤੋਂ ਅਨੁਵਾਦ ਕਰਵਾਇਆ ਹੈ। ਇਹ ਆਤਮ ਕਥਾ ਮੇਰੇ ਵਰਗੇ ਉਨ੍ਹਾਂ ਸਭ ਬੰਦਿਆਂ ਦੀਆਂ ਅੱਖਾਂ ਖੋਲ੍ਹਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਕਿਸੇ ਪੜਾਅ ਉਤੇ ਕਿਸੇ ਲਾਵਾਰਸ ਲਾਸ਼ ਦੀ ਦੁਰਦਸ਼ਾ ਤੱਕੀ ਹੋਵੇ। ਬਚਪਨ ਵਿਚ ਫੇਰੀ ਲਾ ਕੇ ਪੈਂਸਲਾਂ ਤੇ ਤੀਲਾਂ ਦੀਆਂ ਡੱਬੀਆਂ ਵੇਚਣ ਵਾਲੇ ਅਬਦੁਲ ਸੱਤਾਰ ਨੇ 1951 ਵਿਚ ਮਿਠਾਦਾਰ ਦੇ ਸਥਾਨ ‘ਤੇ ਇੱਕ ਛੋਟੀ ਜਿਹੀ ਡਿਸਪੈਂਸਰੀ ਬਣਾਈ ਅਤੇ ਸਮੁੰਦਰ ਵਿਚੋਂ ਅਜਿਹੀਆਂ ਲਾਸ਼ਾਂ ਕੱਢੀਆਂ ਜੋ ਡੁੱਬ ਕੇ ਫੁੱਲ ਚੁੱਕੀਆਂ ਸਨ। ਏਨੀਆਂ ਖਰਾਬ ਕਿ ਇਨ੍ਹਾਂ ਦਾ ਮਾਸ ਹੱਥ ਲਾਉਂਦੇ ਸਾਰ ਖਿਲਰ ਜਾਂਦਾ ਸੀ। ਇਸ ਤੋਂ ਪਿਛੋਂ ਉਸ ਨੂੰ ਲਾਸ਼ਾਂ ਤੋਂ ਬੂ ਆਉਣੋਂ ਹਟ ਗਈ। ਉਸ ਨੇ 1957 ਵਿਚ ਮਲੀਰ ਵਿਚ ਹਾਂਗ ਕਾਂਗ ਫਲੂ ਦੇ ਸ਼ਿਕਾਰ ਮਰੀਜ਼ਾਂ ਲਈ 13 ਕੈਂਪ ਲਾਏ ਤੇ ਮੁਰਦਿਆਂ ਦੀਆਂ ਲਾਸ਼ਾਂ ਸਾਂਭੀਆਂ। 1972 ਵਿਚ ਬੀਸ਼ਮ (ਸਰਹੱਦੀ ਸੂਬਾ) ਭੁਚਾਲ ਦਾ ਸ਼ਿਕਾਰ ਹੋਇਆ ਤਾਂ ਆਪਣੀ ਟੀਮ ਲੈ ਕੇ ਉਥੇ ਵੀ ਪਹੁੰਚਿਆ। ਇਸ ਤੋਂ ਪਹਿਲਾਂ ਉਹ 1965 ਤੇ 1971 ਦੀ ਭਾਰਤ-ਪਾਕਿਸਤਾਨ ਲੜਾਈ ਦੇ ਉਜਾੜੇ ਲੋਕਾਂ ਦੀ ਸੇਵਾ ਕਰ ਚੁੱਕਿਆ ਹੈ। ਮੁਰਦਾ ਦੇਹਾਂ ਨੂੰ ਸੜਕਾਂ ਦੇ ਕੰਢਿਆਂ ਤੋਂ ਚੁੱਕਣਾ, ਨਦੀ, ਨਾਲਿਆਂ ਤੇ ਖੂਹਾਂ ਵਿਚੋਂ ਕੱਢਣਾ ਤੇ ਮੇਨ-ਹੋਲਾਂ ਤੇ ਗਟਰਾਂ ਵਿਚੋਂ ਧਰੂ ਕੇ ਸਪੁਰਦ-ਏ-ਖਾਕ ਕਰਨਾ ਉਸ ਦਾ ਸੁਭਾਅ ਬਣ ਗਿਆ।
ਮੀਠਾਦਾਰ ਦੀ ਡਿਸਪੈਂਸਰੀ ਤੋਂ ਫਾਊਂਡੇਸ਼ਨ ਦਾ ਰੂਪ ਧਾਰਨ ਵਾਲੀ ਇਸ ਸੰਸਥਾ ਨੇ 2005 ਤੱਕ ਪਾਕਿਸਤਾਨ ਵਿਚ 250 ਹਸਪਤਾਲਾਂ ਦੇ ਦੌਰੇ ਕੀਤੇ ਜਿਹੜੇ ਹਰ 25ਵੇਂ ਕਿਲੋਮੀਟਰ ਉਤੇ ਦੇਖੇ ਜਾ ਸਕਦੇ ਹਨ। ਸਾਢੇ ਸੱਤ ਸੌ ਐਂਬੂਲੈਂਸਾਂ ਤੇ ਸੱਤ ਹਵਾਈ ਐਂਬੂਲੈਂਸਾਂ ਹਰ ਵੇਲੇ ਹਾਦਸਾਗ੍ਰਸਤ ਲੋਕਾਂ ਦੀ ਸਾਂਭ-ਸੰਭਾਲ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ। ਲੱਖਾਂ ਲਾਸ਼ਾਂ ਨੂੰ ਸਪੁਰਦ-ਏ-ਖਾਕ ਕਰਨ ਤੋਂ ਬਿਨਾ ਚਾਲੀ ਹਜ਼ਾਰ ਵਿਧਵਾ ਔਰਤਾਂ ਤੇ ਮੁੜ ਵਸੇਬੇ, 1500 ਲਾਵਾਰਸ ਬਚਿਆਂ ਦੇ ਪਾਲਣ-ਪੋਸਣ ਤੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਅਤੇ ਹਜ਼ਾਰਾਂ ਦਿਮਾਗੀ ਮਰੀਜ਼ਾਂ ਨੂੰ ਸਾਂਭਣਾ ਇਸ ਫਾਊਂਡੇਸ਼ਨ ਦੀ ਕਾਰਗੁਜ਼ਾਰੀ ਵਿਚ ਸ਼ਾਮਲ ਹੈ। ਇਸ ਫਾਊਂਡੇਸ਼ਨ ਦੇ ਵੱਡੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਪਾਕਿਸਤਾਨ ਦੀ ਜਨਰਲ ਜ਼ਿਆ ਉਲ ਹੱਕ ਸਰਕਾਰ ਨੇ ਜਦੋਂ ਈਦੀ ਨੂੰ ਮਜ਼ਲੂਮ-ਏ-ਸ਼ੂਰਾਂ ਦਾ ਮੈਂਬਰ ਨਾਮਜ਼ਦ ਕੀਤਾ ਤਾਂ ਉਸ ਨੇ ਇਕ ਮਹੀਨੇ ਪਿਛੋਂ ਹੀ ਅਸਤੀਫਾ ਦੇ ਦਿੱਤਾ। ਉਹ ਸਨਮਾਨ ਲੈਣ ਤੋਂ ਏਨਾ ਕਤਰਾਂਦਾ ਹੈ ਕਿ ਜਦੋਂ ਉਸ ਨੂੰ ਫਿਲੀਪਾਈਨ ਸਰਕਾਰ ਨੇ ਮੈਗਾਸਾਸੇ ਐਵਾਰਡ ਲਈ ਚੁਣਿਆ ਤਾਂ ਉਥੇ ਜਾਣ ਲਈ ਮਨਾਉਣ ਵਾਸਤੇ ਉਸ ਦੀ ਪਤਨੀ ਬਿਲਕਿਆਸ ਨੂੰ ਅੰਤਾਂ ਦਾ ਜ਼ੋਰ ਲਾਉਣਾ ਪਿਆ ਸੀ।
ਪਾਕਿਸਤਾਨ ਵਰਗੇ ਆਰਥਕ ਤੌਰ ‘ਤੇ ਪਛੜੇ ਤੇ ਵਿਕਾਸ ਕਰ ਰਹੇ ਦੇਸ਼ ਵਿਚ ਈਦੀ ਫਾਊਂਡੇਸ਼ਨ ਇੱਕ ਚਾਨਣ ਮੁਨਾਰਾ ਹੈ। ਈਦੀ ਦੀ ਆਤਮ ਕਥਾ ਇਸ ਦੀ ਸਥਾਪਤੀ ਦਾ ਸੋਮਾ ਤੇ ਆਧਾਰ ਬਣਨ ਵਿਚ ਉਸ ਦੇ ਪਿਤਾ ਦੀ ਪਹੁੰਚ ਅਤੇ ਮਾਂ ਦੀ ਮਮਤਾ ਉਤੇ ਵੀ ਚਾਨਣਾ ਪਾਉਂਦੀ ਹੈ। ਈਦੀ ਦੇ ਪਿਤਾ ਨੇ ਉਸ ਨੂੰ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਤਨ ਤੇ ਮਨ ਦੀ ਕਿਰਤ ਕਰਨ ਲਈ ਏਨਾ ਪ੍ਰੇਰਿਆ ਸੀ ਕਿ ਉਸ ਨੇ ਕਦੀ ਪਿੱਛੇ ਪਰਤ ਕੇ ਨਹੀਂ ਦੇਖਿਆ। ਕਟੱੜਤਾ ਤੋਂ ਮੁਕਤ ਉਸ ਦੀ ਉਦਾਰ ਬਿਰਤੀ ਨੇ ਉਸ ਉਤੇ ਕਮਿਊਨਿਸਟ ਹੋਣ ਦਾ ਦੋਸ਼ ਹੀ ਨਹੀਂ ਲਵਾਇਆ, ਪਾਕਿਸਤਾਨ ਦੀ ਬਹੁਗਿਣਤੀ ਵਸੋਂ ਨੂੰ ਉਸ ਦੀ ਸੇਵਾ ਦਾ ਵਿਰੋਧ ਕਰਨ ਲਈ ਵੀ ਉਕਸਾਇਆ। ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਪਿੱਛੋਂ ਜਦੋਂ ਉਨ੍ਹਾਂ ਨੇ ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਉਸ ਵੇਲੇ ਈਦੀ ਦੀ ਟਿੱਪਣੀ ਕਮਾਲ ਦੀ ਸੀ,
“ਮੁਸਲਮਾਨਾਂ ਨੇ ਭਾਰਤ ਉਤੇ 1200 ਸਾਲ ਰਾਜ ਕੀਤਾ ਹੈ ਅਤੇ ਉਸ ਦੇਸ਼ ਵਿਚ ਰਹਿਣ ਵਾਲੇ ਮੁਸਲਮਾਨਾਂ ਦੀ ਗਿਣਤੀ ਹਾਲੇ ਵੀ 20 ਕਰੋੜ ਹੈ। ਜੇ ਉਥੋਂ ਦੇ ਮੁਸਲਮਾਨਾਂ ਨੇ ਇਸਲਾਮ ਨੂੰ ਸੱਚੇ ਤੇ ਸੁੱਚੇ ਢੰਗ ਨਾਲ ਅਪਨਾਇਆ ਹੁੰਦਾ ਤਾਂ ਉਥੋਂ ਦੇ 75 ਪ੍ਰਤੀਸ਼ਤ ਹਿੰਦੂਆਂ ਨੇ ਮੁਸਲਮਾਨਾਂ ਦੇ ਉਸ ਵਿਸ਼ਵਾਸ ਨੂੰ ਸਹਿਜੇ ਹੀ ਅਪਨਾ ਲੈਣਾ ਸੀ ਜਿਹੜਾ ਉਨ੍ਹਾਂ ਦੀ ਜ਼ਾਤੀ ਵੰਡ ਵਾਲੀ ਪ੍ਰਣਾਲੀ ਦੇ ਟਾਕਰੇ ਉਤੇ ਬਰਾਬਰੀ ਵਾਲਾ ਸੀ। ਬਾਬਰੀ ਮਸਜਿਦ ਵਾਲੀ ਘਟਨਾ ਇਸਲਾਮ ਦੇ ਉਲਟੇ ਅਮਲ ਦੇ ਸਤਿਕਾਰ ਦੀ ਕਮੀ ਕਾਰਨ ਵਾਪਰੀ। ਸਪਸ਼ਟ ਹੈ ਕਿ ਭਾਰਤ ਵਿਚ ਇਸਲਾਮ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੋਇਆ।”
ਇਹ ਉਸ ਅਬਦੁਲ ਸੱਤਾਰ ਈਦੀ ਦੀ ਟਿਪਣੀ ਹੈ ਜੋ ਕੁਰਾਨ ਮਜੀਦ ਦੇ ਇੱਕ ਇੱਕ ਅੱਖਰ ਦੀ ਪੈਰਵੀ ਕਰਦਾ ਹੋਵੇ ਜਾਂ ਨਾ, ਇਨਸਾਨੀਅਤ ਨੂੰ ਅੰਦਰਲੇ ਮਨੋ ਪਿਆਰ ਕਰਦਾ ਹੈ। ਇਥੋਂ ਤੱਕ ਕਿ ਉਸ ਨੇ ਆਪਣੀ ਆਤਮ ਕਥਾ ਵਿਚ ਆਦਮੀ ਦੀ ਇੱਕ ਤੋਂ ਵਧ ਔਰਤਾਂ ਨਾਲ ਵਿਆਹ ਕਰਨ ਦੀ ਪ੍ਰਥਾ ਨੂੰ ਇਸਤਰੀ ਜਾਤੀ ਦੇ ਵਿਕਾਸ ਦਾ ਠੁਮਣਾ ਤੇ ਭਰੂਣ ਹੱਤਿਆ ਨੂੰ ਠੱਲ ਪਾਉਣ ਦਾ ਸੋਮਾ ਗਰਦਾਨਿਆ ਹੈ।
ਈਦੀ ਦੀ ਆਤਮ ਕਥਾ ਪੜ੍ਹਨ, ਮਾਨਣ ਤੇ ਵਿਚਾਰਨ ਵਾਲੀ ਹੈ। ਪਿੰਗਲਵਾੜੇ ਦੀ ਡਾæ ਇੰਦਰਜੀਤ ਕੌਰ ਵਲੋਂ ਇਸ ਨੂੰ ਡਾæ ਐਸ ਐਸ ਛੀਨਾ ਤੋਂ ਅਨੁਵਾਦ ਕਰਵਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਮੁਫਤ ਵੰਡਣਾ ਇਸ ਦੀ ਪੁਸ਼ਟੀ ਕਰੇਗਾ। ਜੇ ਹੋਰ ਪੁਸ਼ਟੀ ਦੀ ਲੋੜ ਹੋਵੇ ਤਾਂ ਤਹਿਮੀਨਾ ਦੁਰਾਨੀ ਦੀ ਆਪਣੀ ਆਤਮ ਕਥਾ ‘ਮਾਈ ਫਿਊਡਲ ਲਾਰਡ’ ਦੇ ਕਿਸੇ ਪਾਠਕ ਤੋਂ ਪੁੱਛ ਵੇਖੋ। ਈਦੀ ਦੀ ਆਤਮ ਕਥਾ ਨੂੰ ਤਹਿਮੀਨਾ ਦੁਰਾਨੀ ਵਰਗੀ ਸੁਲਝੀ ਹੋਈ ਔਰਤ ਵਲੋਂ ਆਪਣੇ ਹੱਥ ਵਿਚ ਲੈਣਾ ਹੀ ਇਸ ਦੇ ਮਹੱਤਵ ਉਤੇ ਮੋਹਰ ਲਾਉਂਦਾ ਹੈ।
ਅੰਤਿਕਾ:
(ਮੌਲਾਨਾ ਅਲਤਾਫ ਹੁਸੈਨ ਹਾਲੀ)
ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਨਨਾ
ਮਗਰ ਇਸ ਮੇਂ ਪੜਤੀ ਹੈ ਮਿਹਨਤ ਜ਼ਿਆਦਾ।
Leave a Reply