ਸ਼ੰਕਰ ਮਹਿਰਾ, ਲੁਧਿਆਣਾ
ਫੋਨ: 91-99888-98227
ਸਮਾਜ ਵਿਚ ਵਿਚਰਦਿਆਂ ਮਨੁੱਖ ਕਈ ਰਿਸ਼ਤੇ ਨਿਭਾਉਂਦਾ ਹੈ। ਇਨ੍ਹਾਂ ਵਿਚੋਂ ਪਿਉ-ਪੁੱਤ ਦਾ ਰਿਸ਼ਤਾ ਬੜਾ ਅਹਿਮ ਹੈ। ਜਿੱਥੇ ਮਾਂ ਦੀ ਬੱਚੇ ਨੂੰ ਰੱਬ ਜਿਹੀ ਦੇਣ ਹੁੰਦੀ ਹੈ, ਉਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿਚ ਖਾਸ ਰੋਲ ਹੁੰਦਾ ਹੈ। ਮਾਂ ਬੱਚੇ ਨੂੰ ਨੌਂ ਮਹੀਨੇ ਪੇਟ ਵਿਚ ਰੱਖ ਕੇ ਆਪਣੇ ਲਹੂ ਨਾਲ ਸਿੰਜਦੀ ਹੈ, ਪਿਤਾ ਬੱਚੇ ਨੂੰ ਦਿਮਾਗ ਵਿਚ ਪਾਲਦਾ ਹੈ। ਮਾਂ ਸਾਨੂੰ ਜੀਵਨ ਦਿੰਦੀ ਹੈ ਤੇ ਪਿਤਾ ਸਾਡਾ ਜੀਵਨ ਸੰਵਾਰਦਾ ਹੈ। ਮਾਂ ਬੱਚੇ ਦੀ ਜਾਨ ਦੀ ਫਿਕਰ ਕਰਦੀ ਹੈ, ਪਿਤਾ ਉਸ ਦੇ ਭਵਿੱਖ ਪ੍ਰਤੀ ਫਿਕਰਮੰਦ ਹੁੰਦਾ ਹੈ। ਪਿਤਾ ਦਾ ਭਾਵੇਂ ਅਧਿਕਾਰ ਅਤੇ ਅਨੁਸ਼ਾਸਨੀ ਰੋਅਬ ਪਰਿਵਾਰ ਵਿਚ ਮੰਨਿਆ ਗਿਆ ਹੈ, ਪਰ ਹਿਰਦੇ ਤੋਂ ਪਿਤਾ ਵੀ ਬਹੁਤ ਕੋਮਲ ਭਾਵੀ ਹੁੰਦਾ ਹੈ। ਉਸ ਦਾ ਵੀ ਆਪਣੇ ਬੱਚਿਆਂ ਪ੍ਰਤੀ ਪਿਆਰ ਮਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦਾ, ਪਰ ਉਸ ਨੂੰ ਪ੍ਰਗਟਾਉਣ ਦਾ ਵੱਲ ਮਾਂ ਜਿੰਨਾ ਨਹੀਂ।
ਪਿਓ ਲੋਰੀ ਵੀ ਹੈ, ਮੋਹ ਭਿੱਜੀ ਘੂਰੀ ਵੀ; ਪਿਓ ਰਾਗ ਵੀ ਹੈ, ਤੋਤਲੇ ਬੋਲ ਵੀ; ਪਿਓ ਗਢ੍ਹੀਰਾ ਵੀ ਹੈ, ਘਨ੍ਹੇੜੀ ਵੀ। ਪਿਤਾ ਸਿਰਫ ਬੱਚੇ ਨੂੰ ਜਨਮ ਹੀ ਨਹੀਂ ਦਿੰਦਾ, ਸਗੋਂ ਉਸ ਦਾ ਪਾਲਣ ਪੋਸ਼ਣ ਵਧੀਆ ਤੋਂ ਵਧੀਆ ਤਰੀਕੇ ਨਾਲ ਕਰਨ ਲਈ ਸਾਰੀ ਉਮਰ ਸਖਤ ਮਿਹਨਤ ਕਰਦਾ ਹੈ ਤਾਂ ਜੋ ਬੱਚਿਆਂ ਨੂੰ ਦੁਨੀਆਂ ਦੀ ਹਰ ਸੁਖ ਸਹੂਲਤ ਦੇ ਸਕੇ। ਉਨ੍ਹਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ। ਉਨ੍ਹਾਂ ਦੀ ਸੁਖ ਸਹੂਲਤ ਲਈ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਲਈ ਉਹ ਹਰ ਤਰ੍ਹਾਂ ਦਾ ਤਿਆਗ ਕਰਦਾ ਹੈ। ਆਪਣੇ ਬੱਚੇ ਦਾ ਭਵਿੱਖ ਸੰਵਾਰਨ ਲਈ ਆਪਣਾ ਵਰਤਮਾਨ ਕੁਰਬਾਨ ਕਰ ਦਿੰਦਾ ਹੈ। ਬਾਪ ਦਾ ਹੱਥ ਢਾਲ ਬਣ ਕੇ ਬੱਚੇ ਦੇ ਹਮੇਸ਼ਾ ਅੰਗ-ਸੰਗ ਰਹਿੰਦਾ ਹੈ, ਕਦੀ ਸਿਰ ਥੱਲੇ ਸਿਰਹਾਣਾ ਬਣ ਕੇ ਅਤੇ ਕਦੀ ਸਿਰ ‘ਤੇ ਅਸ਼ੀਰਵਾਦ ਬਣ ਕੇ। ਬੱਚੇ ਦੇ ਜਨਮ ਤੋਂ ਹੀ ਪਿਤਾ ਉਸ ਦੇ ਵੱਡੇ ਹੋਣ, ਸਿੱਖਿਆ, ਨੌਕਰੀ, ਵਿਆਹ ਤਕ ਦੇ ਸੁਪਨੇ ਦੇਖ ਲੈਂਦਾ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ‘ਚ ਰੱਖਦਾ ਹੈ। ਉਹ ਆਪਣੇ ਬੱਚੇ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ।
ਇਕ ਪਿਤਾ ਰਾਹ ਦਸੇਰਾ ਜਾਂ ਮਾਰਗ ਦਰਸ਼ਕ ਬਣ ਕੇ ਆਪਣੇ ਬੱਚਿਆਂ ਨੂੰ ਦੁਨੀਆਂ ਨਾਲ ਜਾਣੂ ਕਰਵਾਉਂਦਾ ਹੈ; ਗੁਰੂ ਬਣ ਕੇ ਗਿਆਨ ਦਿੰਦਾ ਹੈ, ਮਿੱਤਰ ਬਣ ਕੇ ਮੁਸੀਬਤ ‘ਚ ਚੱਟਾਨ ਵਾਂਗ ਖੜ੍ਹਾ ਹੁੰਦਾ ਹੈ; ਲੋੜ ਪੈਣ ‘ਤੇ ਹਨੇਰੇ ‘ਚ ਪ੍ਰਕਾਸ਼ ਥੰਮ੍ਹ ਬਣ ਜਾਂਦਾ ਹੈ ਅਤੇ ਬੱਚਿਆਂ ਨੂੰ ਉਨ੍ਹਾਂ ਸਭ ਮੁਸੀਬਤਾਂ ਤੇ ਕਮਜ਼ੋਰੀਆਂ ਤੋਂ ਦੂਰ ਰੱਖਣਾ ਚਾਹੁੰਦਾ ਹੈ, ਜਿਸ ਨੂੰ ਉਹ ਆਪਣੇ ਬਚਪਨ ‘ਚ ਝੱਲ ਚੁਕਾ ਹੁੰਦਾ ਹੈ। ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੁੰਦਾ ਹੈ ਤੇ ਉਨ੍ਹਾਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ ‘ਚ ਅਧੂਰੇ ਰਹਿ ਗਏ ਹੁੰਦੇ ਹਨ, ਉਹ ਆਪਣੇ ਬੱਚਿਆਂ ਰਾਹੀਂ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ।
ਜਦੋਂ ਬੱਚਾ ਆਪਣੇ ਪਿਤਾ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਅਜਿਹੇ ਪਲਾਂ ਵਿਚ ਪਿਤਾ ਦੀ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈ। ਪਿਤਾ ਬੱਚੇ ਨੂੰ ਉਸ ਦੀਆਂ ਕੀਤੀਆਂ ਗਲਤੀਆਂ ਲਈ ਟੋਕਦਾ ਹੈ ਤਾਂ ਜੋ ਬੱਚਾ ਜ਼ਿੰਦਗੀ ਦੀਆਂ ਕੁਰਾਹਾਂ ਤੋਂ ਬਚਿਆ ਰਹੇ। ਪਿਤਾ ਦੀ ਘੁਰਕੀ ਵਿਚ ਵੀ ਲਾਡ ਦੀ ਮਹਿਕ ਹੁੰਦੀ ਹੈ, ਜੋ ਜ਼ਿੰਦਗੀ ਦੀਆਂ ਮੁਸੀਬਤਾਂ ਝੱਲਣ ਦੇ ਸਮਰੱਥ ਬਣਾਉਂਦੀ ਹੈ। ਬੱਚੇ ਦੀਆਂ ਗਲਤੀਆਂ ਨੂੰ ਪਿਤਾ ਭੁਲਾ ਕੇ ਉਸ ਨੂੰ ਫਿਰ ਪਿਆਰ ਭਰੀ ਗਲਵੱਕੜੀ ਵਿਚ ਲੈ ਲੈਂਦਾ ਹੈ ਅਤੇ ਭਵਿੱਖ ਵਿਚ ਆਪਣੀ ਭੁੱਲ ਸੁਧਾਰਨ ਦੀ ਸਲਾਹ ਦਿੰਦਾ ਹੈ।
ਗੁਰੂ ਅਰਜਨ ਦੇਵ ਫੁਰਮਾਉਂਦੇ ਹਨ,
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥
ਪਿਤਾ ਦੀ ਦੁਤਕਾਰ ਵਿਚ ਵੀ ਉਸ ਦਾ ਪਿਆਰ ਛਿਪਿਆ ਹੁੰਦਾ ਹੈ। ਸਿਆਣੇ ਕਹਿੰਦੇ ਹਨ-ਮਾਪਿਆਂ ਦੀਆਂ ਗਾਲ੍ਹਾਂ, ਘਿਓ ਦੀਆਂ ਨਾਲਾਂ।
ਮਾਂ ਦੇ ਦੁਲਾਰ ਅਤੇ ਪਿਤਾ ਦੀ ਡਾਂਟ-ਫਿਟਕਾਰ ਰੂਪੀ ਪਿਆਰ ਨਾਲ ਬੱਚਾ ਵੱਡਾ ਹੁੰਦਾ ਹੈ। ਸ਼ਾਇਦ ਇਸੇ ਕਰਕੇ ਬੱਚਾ ਵਧੇਰੇ ਆਪਣੀ ਮਾਂ ਦੇ ਨੇੜੇ ਹੁੰਦਾ ਹੈ, ਪਿਤਾ ਦਾ ਸੁਭਾਅ ਨਾਰੀਅਲ ਜਿਹਾ ਹੁੰਦਾ ਹੈ-ਬਾਹਰੋਂ ਸਖਤ ਅਤੇ ਅੰਦਰੋਂ ਨਰਮ। ਸ਼ਾਇਦ ਇਸੇ ਕਰਕੇ ਪਿਤਾ ਨੂੰ ਮਾਂ ਨਾਲੋਂ ਵੱਧ ਜ਼ਿੰਦਗੀ ਦੇ ਕੌੜੇ ਯਥਾਰਥਾਂ ਦਾ ਗਿਆਨ ਹੁੰਦਾ ਹੈ। ਪਿਤਾ ਦੀ ਡਾਂਟ ਘੁਮਿਆਰ ਦੀ ਉਸ ਚੋਟ ਵਾਂਗ ਹੁੰਦੀ ਹੈ, ਜੋ ਉਹ ਆਪਣੇ ਭਾਂਡੇ ਨੂੰ ਇਸ ਲਈ ਦਿੰਦਾ ਹੈ ਤਾਂ ਜੋ ਉਹ ਕਿਸੇ ਘਰ ਦਾ ਸ਼ਿੰਗਾਰ ਬਣ ਸਕੇ। ਇਸ ਪਿੱਛੇ ਪਿਤਾ ਦਾ ਇੱਕੋ ਇੱਕ ਮਕਸਦ ਇਹ ਹੁੰਦਾ ਹੈ ਕਿ ਉਸ ਦਾ ਬੱਚਾ ਜ਼ਿੰਦਗੀ ਵਿਚ ਕੋਈ ਚੰਗਾ ਮੁਕਾਮ ਹਾਸਿਲ ਕਰ ਸਕੇ। ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਪਿਛੋਂ ਸਮਝ ਆਉਂਦਾ ਹੈ।
ਜ਼ਿੰਦਗੀ ਦੀਆਂ ਜੋ ਮੌਜਾਂ, ਬਹਾਰਾਂ, ਬੇਫਿਕਰੀ, ਲਾਪ੍ਰਵਾਹੀ ਭਰੇ ਪਲ ਬੱਚਾ ਆਪਣੇ ਮਾਤਾ-ਪਿਤਾ ਦੇ ਸਿਰ ‘ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲ ਸਕਦੀਆਂ। ਕਿਸੇ ਨੇ ਸੱਚ ਹੀ ਕਿਹਾ ਹੈ,
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ।
ਮਾਂ ਦੇ ਸਿਰ ‘ਤੇ ਐਸ਼ਾਂ ਹੁੰਦੀਆਂ
ਪਿਉ ਦੇ ਸਿਰ ‘ਤੇ ਰਾਜ।
ਜਦੋਂ ਪਿਓ ਦੀ ਜੁੱਤੀ ਪੁੱਤ ਦੇ ਪੈਰ ਵਿਚ ਆਉਣ ਲੱਗ ਜਾਵੇ ਤਾਂ ਉਹ ਦੋਸਤ ਵਾਂਗ ਬਣ ਜਾਂਦਾ ਹੈ। ਪੁੱਤ ਚਾਹੇ ਜਿੰਨਾ ਮਰਜੀ ਵੱਡਾ ਅਫਸਰ ਹੋਵੇ, ਪਰ ਪਿਓ ਦੀ ਥਾਂ ਕਦੇ ਨਹੀਂ ਲੈ ਸਕਦਾ। ਪਿਓ ਨਾ ਹੋਣ ਦਾ ਦੁੱਖ ਤਾਂ ਉਹੀ ਦੱਸ ਸਕਦਾ ਹੈ, ਜਿਸ ਦੇ ਸਿਰ ਤੋਂ ਪਿਓ ਦਾ ਹੱਥ ਉਠ ਜਾਂਦਾ ਹੈ। ਮਾਪਿਆਂ ਦੀ ਅਣਹੋਂਦ ਵਿਚ ਉਸ ਬੱਚੇ ਦੀ ਸ਼ਖਸੀਅਤ ਪੂਰਨ ਵਿਕਸਿਤ ਨਹੀਂ ਹੋ ਸਕਦੀ, ਜਿਸ ਨੂੰ ਮਾਂ ਜਾਂ ਪਿਤਾ ਦੇ ਪਿਆਰ ਤੋਂ ਵਾਂਝਾ ਰਹਿਣਾ ਪਿਆ ਹੋਵੇ। ਪਿਓ ਬਾਰੇ ਇੱਕ ਗੀਤਕਾਰ ਨੇ ਲਿਖਿਆ ਹੈ,
ਰੁੱਖਾਂ ਦੀ ਜੜ੍ਹਾਂ ਨਾਲ, ਪੰਛੀ ਦੀ ਪਰਾਂ ਨਾਲ
ਗੱਲ ਗੂੜ੍ਹੇ ਰਿਸ਼ਤੇ ਦੀ ਜੋੜ ਹੁੰਦੀ ਏ,
ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਏ।
ਪਿਓ ਦੇ ਚਲੇ ਜਾਣ ਪਿਛੋਂ ਹੀ ਉਸ ਦੀਆਂ ਕਮੀਆਂ ਮਹਿਸੂਸ ਹੁੰਦੀਆਂ ਹਨ। ਸੱਚ ਤਾਂ ਇਹ ਹੈ ਕਿ ਇੱਕ ਪਿਤਾ ਜੋ ਪਰਿਵਾਰ ਲਈ ਕਰਦਾ ਹੈ, ਉਹ ਹੋਰ ਕੋਈ ਪਰਿਵਾਰ ਦਾ ਜੀਅ ਨਹੀਂ ਕਰ ਸਕਦਾ। ਦੀਪ ਸਿੰਘ ਲੁਧਿਆਣਵੀ ਨੇ ਇੱਕ ਕਵਿਤਾ ਵਿਚ ਪਿਤਾ ਦੀ ਵਡਿਆਈ ਇਉਂ ਕੀਤੀ ਹੈ,
ਧੰਨ ਭਾਗ ਨੇ ਮੇਰੇ ਜੋ
ਦੇਵਤੇ ਘਰ ਜਨਮ ਲਿਆ
ਇੱਕੋ ਕੰਮ ਨੇਕ ਰਿਹਾ।
ਉਸ ਰੱਬ ਦੇ ਹੀ ਵਾਂਗੂੰ
ਨਿਰਸਵਾਰਥ ਇਹ ਦਾਤਾ
ਦਾਤਾਂ ਦੇ ਅਨੇਕ ਰਿਹਾ।
ਜੰਮਦਿਆਂ ਛੱਤ ਦਿੱਤੀ
ਲੀੜਾ-ਲੱਤਾ, ਅੰਨ੍ਹ ਦਿੱਤਾ
ਸਿਰ ‘ਤੇ ਸਦਾ ਟੇਕ ਰਿਹਾ।
ਹੌਸਲੇ ਦੇ ਖੰਭ ਦਿੱਤੇ
ਗਿਆਨ ਦੇ ਨੇਤਰ ਦਿੱਤੇ
ਜਿਨ੍ਹਾਂ ਨਾਲ ਜਗ ਵੇਖ ਰਿਹਾ।
ਹਰ ਰੀਝ ਪੁਗਾਈ ਮੇਰੀ
ਹਰ ਜ਼ਿਦ ਓਸ ਨੇ ਮੰਨੀ
ਦੇਹ ਖੁਸ਼ੀ ਹਰੇਕ ਰਿਹਾ।
ਹਵਾ ਤੱਤੀ ਨਾ ਲੱਗੇ
ਓਹ ਸਦਾ ਹੀ ਸਿਰ ਉਤੇ
ਖੜਿਆ ਬਣ ਧਰੇਕ ਰਿਹਾ।
ਹਰ ਕਾਮਯਾਬੀ ਪਿੱਛੇ
ਓਸੇ ਦੀਆਂ ਨਸੀਹਤਾਂ
ਓਹ ਮਿਰੇ ਲਿਖ ਲੇਖ ਰਿਹਾ।
ਹਰ ਪਿਤਾ ਆਪਣੇ ਬੱਚਿਆਂ ਲਈ ਚੰਗਾ ਘਰ, ਚੰਗਾ ਪਹਿਰਾਵਾ, ਚੰਗੇ ਰਹਿਣ-ਸਹਿਣ ਲਈ ਸੁਖ-ਸਹੂਲਤਾਂ ਦਾ ਉਚਿਤ ਪ੍ਰਬੰਧ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ। ਆਪ ਉਹ ਸਾਈਕਲ ਉਤੇ ਸਾਰੀ ਉਮਰ ਕੱਟ ਲੈਂਦਾ ਹੈ, ਪਰ ਬੱਚਿਆਂ ਲਈ ਸੁਖ ਦੇਣ ਵਾਲੇ ਸਾਧਨਾਂ ਲਈ ਪੂਰੀ ਮਿਹਨਤ ਕਰਦਾ ਹੈ। ਉਹ ਆਪਣੇ ਬੱਚਿਆਂ ਲਈ ਆਪਣੀਆਂ ਭਾਵਨਾਵਾਂ, ਆਪਣੇ ਸੁਪਨੇ ਤੱਕ ਤਿਆਗ ਦਿੰਦਾ ਹੈ। ਉਹ ਬੱਚਿਆਂ ਦੇ ਵੇਖੇ ਸੁਪਨੇ ਵੀ ਬਿਨਾ ਦੱਸੇ ਹੀ ਪੂਰੇ ਕਰਨ ਲਈ ਜ਼ੋਰ ਲਾ ਦਿੰਦਾ ਹੈ। ਦਰਅਸਲ ਉਹ ਆਪਣੇ ਲਈ ਨਹੀਂ, ਸਗੋਂ ਸੁਪਨੇ ਵੀ ਆਪਣੇ ਬੱਚਿਆਂ ਲਈ ਹੀ ਵੇਖਦਾ ਹੈ। ਬਲਜੀਤ ਮਾਲਵੇ ਦਾ ਗਾਇਆ ਗੀਤ ਵੀ ਗਵਾਹੀ ਭਰਦਾ ਹੈ,
ਬਾਬਲ ਸਾਡਾ ਜਾਨ ਤੋੜ ਕੇ
ਕਰਦਾ ਰਿਹਾ ਕਮਾਈਆਂ ਜੀ।
ਬਈ ਸਾਡਾ ਕੰਮ ਸੀ ਬੁੱਲ੍ਹੇ ਵੱਢਣਾ
ਐਸ਼ਾਂ ਖੂਬ ਉਡਾਈਆਂ ਸੀ।
ਅਲਬੇਲੀ ਉਮਰ ਦੀਆਂ ਖੇਡਾਂ
ਚੇਤੇ ਆਉਂਦੀਆਂ ਬੜੀਆਂ।
ਉਹ ਮੌਜਾਂ ਭੁੱਲਣੀਆਂ ਨਹੀਂ
ਜੋ ਬਾਪੂ ਦੇ ਸਿਰ ‘ਤੇ ਕਰੀਆਂ।
ਧੀਆਂ ਵੀ ਆਪਣੇ ਬਾਪ ਦੇ ਹੁੰਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੀਆਂ ਹਨ। ਬਾਪ ਨਾਲ ਵੀ ਧੀਆਂ ਦੀ ਦੁੱਖ-ਸੁੱਖ ਦੀ ਸਾਂਝ ਹੁੰਦੀ ਹੈ। ਕੋਈ ਕੁੜੀ ਜਦੋਂ ਵਿਆਹੀ ਜਾਂਦੀ ਹੈ ਤਾਂ ਉਹ ਭਾਵੇਂ ਨਵੇਂ ਜੀਵਨ ਸਾਥੀ ਦੇ ਪਿਆਰ ਵਿਚ ਭਿੱਜ ਜਾਂਦੀ ਹੈ। ਨਵੇਂ ਟੱਬਰ ਵਿਚ ਰੁੱਝ ਜਾਂਦੀ ਹੈ, ਪਰ ਕਦੇ ਵੀ ਆਪਣੇ ਬਾਬਲ ਦਾ ਘਰ ਨਹੀਂ ਭੁੱਲਦੀ ਤੇ ਸਦਾ ਹੀ ਆਪਣੇ ਬਾਬਲ ਦੇ ਘਰ ਦੀ ਸੁੱਖ ਮਨਾਉਂਦੀ ਰਹਿੰਦੀ ਹੈ, “ਵਸਦਾ ਰਹੇ ਬਾਬੁਲ ਦਾ ਵਿਹੜਾ, ਧੀਆਂ ਦੀ ਇਹੀ ਦੁਆ।”
ਅਜਿਹੀ ਹੀ ਇੱਕ ਭਾਵਨਾ ਨੂੰ ਦਰਸਾਉਂਦੀ ਗੁਰਦੀਸ਼ ਕੌਰ ਗਰੇਵਾਲ ਦੀ ਕਵਿਤਾ ਹੈ,
ਸਿਰ ਉਤੇ ਹੱਥ ਧਰ, ਸੀਨੇ ਨਾਲ ਲਾਂਵਦਾ,
ਅਸੀਸ ਉਹਦੀ ਸੁਣ ਕੇ, ਕਲੇਜਾ ਠਰ ਜਾਂਵਦਾ,
ਦੁੱਖ-ਸੁੱਖ ਪੁੱਛਦਾ ਤੇ ਆਪਣਾ ਸੁਣਾਏ ਨੀਂ।
ਅੱਜ ਮੈਨੂੰ ਯਾਦ ਬੜੀ ਬਾਪ ਦੀ ਸਤਾਏ ਨੀਂ।
ਪੁੱਤਾਂ ਸਾਂਭ ਲੈਣੀਆਂ ਜ਼ਮੀਨਾਂ ਜਾਇਦਾਦਾਂ ਨੀ,
ਧੀਆਂ ਕੋਲ ਰਹਿਣਗੀਆਂ, ਮਿੱਠੀਆਂ ਤਾਂ ਯਾਦਾਂ ਨੀ,
‘ਦੀਸ਼’ ਨੇ ਤਾਂ ਮਾਪੇ ਸਦਾ, ਦਿਲ ‘ਚ ਵਸਾਏ ਨੀ।
ਅੱਜ ਮੈਨੂੰ ਯਾਦ ਬੜੀ ਬਾਪ ਦੀ ਸਤਾਏ ਨੀਂ।
ਪੁਰਾਤਨ ਕਾਲ ਤੋਂ ਹੀ ਮਾਪਿਆਂ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ, ਉਸ ਉਤੇ ਅਮਲ ਕਰਨਾ ਅਤੇ ਜਿੱਥੋਂ ਤਕ ਹੋ ਸਕੇ, ਉਨ੍ਹਾਂ ਦੀ ਸੇਵਾ ਕਰਨਾ ਭਾਰਤੀ ਸਭਿਅਤਾ ਦਾ ਇੱਕ ਖੂਬਸੂਰਤ ਅੰਗ ਰਿਹਾ ਹੈ। ਉਪਨਿਸ਼ਦਾਂ ਵਿਚ “ਮਾਤ੍ਰ ਦੇਵੋ ਭਵ:, ਪਿਤ੍ਰ ਦੇਵੋ ਭਵ:” ਕਹਿ ਕੇ ਮਾਤਾ-ਪਿਤਾ ਨੂੰ ਦੇਵਤਿਆਂ ਬਰਾਬਰ ਰੁਤਬਾ ਦਿੱਤਾ ਗਿਆ ਹੈ।
ਪਿਤਾ ਦੇ ਆਦੇਸ਼ ਦਾ ਸਤਿਕਾਰ ਕਰਨ ਲਈ ਹੀ ਸ੍ਰੀ ਰਾਮ ਚੰਦਰ ਰਾਜ ਸਿੰਘਾਸਣ ਤਿਆਗ ਕੇ ਬਾਰਾਂ ਸਾਲ ਬਨਵਾਸ ਦੇ ਕਸ਼ਟ ਸਹਾਰਦੇ ਰਹੇ। ਪਿਤਾ ਦਾ ਸਤਿਕਾਰ ਕਰਦਿਆਂ ਹੀ ਸਰਵਣ ਆਪਣੇ ਅੰਨ੍ਹੇ ਮਾਪਿਆਂ ਨੂੰ ਤੀਰਥਾਂ ‘ਤੇ ਘੁਮਾਉਂਦਾ ਫਿਰਿਆ ਅਤੇ ਇਸੇ ਦੌਰਾਨ ਹੀ ਆਪਣੀ ਜਾਨ ਵੀ ਗੁਆ ਬੈਠਾ।
ਪਿਓ ਨੇ ਆਪਣੀ ਸਾਰੀ ਉਮਰ ਹੀ ਆਪਣੇ ਬੱਚਿਆਂ ਲਈ ਲਾਈ ਹੁੰਦੀ ਹੈ। ਬਹੁਤ ਸਾਰੇ ਬਲੀਦਾਨ ਕਰਕੇ ਆਪਣੇ ਬੱਚਿਆਂ ਨੂੰ ਮੰਜ਼ਿਲ ਤੱਕ ਪਹੁੰਚਾਇਆ ਹੁੰਦਾ ਹੈ। ਉਸ ਨੂੰ ਬੁਢਾਪੇ ਵਿਚ ਵੱਧ ਤੋਂ ਵੱਧ ਸੁਖ-ਸਹੂਲਤਾਂ ਪ੍ਰਦਾਨ ਕਰਕੇ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਉਸ ਨੇ ਜੋ ਰੀਝਾਂ ਸਾਡੇ ਲਈ ਆਪਣੇ ਮਨ ਵਿਚ ਹੀ ਦਬਾ ਲਈਆਂ ਸਨ, ਸਾਨੂੰ ਉਸ ਦੀਆਂ ਉਹ ਰੀਝਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਪਿਤਾ ਦਾ ਅਸਲੀ ਸਤਿਕਾਰ ਤਾਂ ਲਗਾਤਾਰ ਉਸ ਦੀ ਆਗਿਆ ਦਾ ਪਾਲਣ ਕਰਕੇ, ਬੁਢਾਪੇ ਵਿਚ ਉਸ ਦੀ ਸੇਵਾ ਕਰਕੇ, ਉਸ ਪ੍ਰਤੀ ਹਮੇਸ਼ਾ ਪਿਆਰ ਅਤੇ ਸਤਿਕਾਰ ਭਰੀ ਭਾਸ਼ਾ ਦਾ ਪ੍ਰਯੋਗ ਕਰਕੇ, ਬਜੁਰਗ ਅਵਸਥਾ ਵਿਚ ਉਸ ਦੀਆਂ ਲੋੜਾਂ ਦਾ ਧਿਆਨ ਰੱਖ ਕੇ ਅਤੇ ਆਪਣਾ ਵੱਧ ਤੋਂ ਵੱਧ ਸਮਾਂ ਉਸ ਨੂੰ ਦੇ ਕੇ ਹੀ ਕੀਤਾ ਜਾ ਸਕਦਾ ਹੈ। ਜਿਸ ਮਾਂ-ਬਾਪ ਨੇ ਬਚਪਨ ਵਿਚ ਉਂਗਲ ਫੜ ਕੇ ਤੁਹਾਨੂੰ ਚਲਣਾ ਸਿਖਾਇਆ, ਉਸ ਦਾ ਬੁੱਢੀ ਉਮਰ ਵਿਚ ਹੱਥ ਨਾ ਛੱਡੋ। ਮਾਪਿਆਂ ਦੀ ਅਸੀਸ ਬਟੋਰੋ। ਮਾਂ-ਬਾਪ ਪ੍ਰਤੀ ਹਮੇਸ਼ਾ ਅਹਿਸਾਨਮੰਦ ਰਹੀਏ ਅਤੇ ਉਨ੍ਹਾਂ ਪ੍ਰਤੀ ਕੋਈ ਵੀ ਐਸਾ ਵਤੀਰਾ ਨਾ ਅਪਨਾਈਏ, ਜਿਸ ਕਾਰਨ ਉਨ੍ਹਾਂ ਨੂੰ ਦੁਖੀ ਹੋਣਾ ਪਵੇ।
ਭਾਈ ਗੁਰਦਾਸ ਲਿਖਦੇ ਹਨ,
ਮਾਂ ਪਿਓ ਪਰਹਰਿ ਸੁਣੈ ਵੇਦੁ ਭੇਦੁ ਨ ਜਾਣੈ ਕਹਾਣੀ।
ਮਾਂ ਪਿਓ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ।
ਮਾਂ ਪਿਓ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਸਮਾਣੀ।
ਮਾਂ ਪਿਓ ਪਰਹਰਿ ਨ੍ਹਾਵਣਾ ਅਠਸਠਿ ਤੀਰਥ ਘੁੰਮਣ ਵਾਣੀ।
ਮਾਂ ਪਿਓ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮਿ ਭੁਲਾਣੀ।
ਮਾਂ ਪਿਓ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।
ਗੁਰ ਪਰਮੇਸਰੁ ਸਾਰੁ ਨ ਜਾਣੀ॥ (ਵਾਰ 37, ਪਉੜੀ 13ਵੀਂ)
ਭਾਈ ਗੁਰਦਾਸ ਕਹਿ ਰਹੇ ਹਨ, ਜੋ ਮਾਂ-ਪਿਉ ਨੂੰ ਛੱਡ ਕੇ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਫਿਰੇ, ਉਹ ਸਭ ਤੋਂ ਵੱਡਾ ਬੇਈਮਾਨ ਮਨੁੱਖ ਹੈ, ਜੋ ਮਾਂ-ਬਾਪ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਕੇ ਹੋਰ ਫੋਕੇ ਕਰਮਕਾਂਡਾਂ ਦਾ ਦਿਖਾਵਾ ਕਰਦਾ ਹੈ। ਜ਼ਰਾ ਆਪਣੇ ਅੰਦਰ ਝਾਤੀ ਮਾਰੀਏ।
ਮਾਂ ਬਾਪ ਦਾ ਸਾਡੀ ਜ਼ਿੰਦਗੀ ਵਿਚ ਅਹਿਮ ਸਥਾਨ ਹੈ, ਇਹ ਪਰਮਾਤਮਾ ਦੀ ਦਿੱਤੀ ਉਹ ਅਨਮੋਲ ਦਾਤ ਹੈ, ਜੋ ਕਿਤਿਓਂ ਵੀ ਲੱਭਿਆਂ ਨਹੀਂ ਲੱਭਦੀ। ਤਿੰਨ ਰੰਗ ਨਹੀਂ ਲੱਭਣੇ-ਹੁਸਨ, ਜਵਾਨੀ ਤੇ ਮਾਪੇ। ਮਾਂ-ਬਾਪ ਦਾ ਕਰਜਾ ਅਸੀਂ ਸਾਰੀ ਉਮਰ ਨਹੀਂ ਲਾਹ ਸਕਦੇ। ਬਜੁਰਗਾਂ ਦਾ ਹਰ ਹਾਲ ਮਾਣ ਸਤਿਕਾਰ ਕਾਇਮ ਰੱਖਣਾ ਸਾਡਾ ਫਰਜ਼ ਹੈ। ਮਰਨ ਉਪੰਰਤ ਬਜੁਰਗਾਂ ਨਮਿਤ ਕੀਤੇ ਗਏ ਦਿਖਾਵੇ ਵਾਲੇ ਆਡੰਬਰਾਂ ਦਾ ਕੋਈ ਲਾਭ ਨਹੀਂ। ਜੇ ਇਨ੍ਹਾਂ ਦੀ ਸੇਵਾ ਨਹੀਂ ਕਰਨੀ ਤਾਂ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀ। ਬਜੁਰਗ ਘਰ ਦੇ ਤਾਲੇ ਹੁੰਦੇ ਹਨ, ਇਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਬਹੁਤ ਜ਼ਰੂਰੀ ਹੈ।
ਜਸਵਿੰਦਰ ਚਾਹਲ ਦੀ ਕਵਿਤਾ ਦੇ ਬੋਲ ਹਨ,
ਬਜੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ
ਨਾ ਰੌਣਕਾਂ ਘਟਾਇਓ ਸੋਹਣਿਓ।
ਇਹ ਮਾਲੀ ਨੇ ਬੂਟੇ ਲਾਉਣ ਵਾਲੇ
ਧੁੱਪੇ ਨਾ ਬਿਠਾਇਓ ਸੋਹਣਿਓ।
