ਮੁੰਬਈ ਨੂੰ ਕੁਦਰਤੀ ਆਫਤਾਂ ਦੀ ਮਾਰ ਤੋਂ ਕਿਵੇਂ ਬਚਾਇਆ ਜਾਵੇ

ਡਾ. ਗੁਰਿੰਦਰ ਕੌਰ, ਪਟਿਆਲਾ
ਅਰਬ ਸਾਗਰ ਤੋਂ ਉਠਿਆ ਨਿਸਰਗ ਚੱਕਰਵਤੀ ਤੂਫਾਨ 3 ਜੂਨ ਨੂੰ ਦਿਨ ਦੇ 12.30 ਵਜੇ ਮਹਾਰਾਸ਼ਟਰ ਦੇ ਜਿਲਾ ਰਾਏਗੜ੍ਹ ਦੇ ਅਲੀਬਾਗ ਕਸਬੇ ਦੇ ਤੱਟ ਨਾਲ ਟਕਰਾ ਗਿਆ, ਜਿਸ ਨਾਲ ਅਲੀਬਾਗ ਕਸਬੇ, ਇਸ ਦੇ ਆਸ-ਪਾਸ ਦੇ ਖੇਤਰਾਂ ਅਤੇ ਜਿਲਾ ਰਾਏਗੜ੍ਹ ਵਿਚ ਘਰਾਂ, ਦਰੱਖਤਾਂ, ਬਿਜਲੀ ਦੇ ਖੰਭਿਆਂ ਆਦਿ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। 4 ਵਿਅਕਤੀਆਂ ਦੀ ਤਾਂ ਮੌਤ ਹੋ ਗਈ ਅਤੇ ਕਈ ਵਿਅਕਤੀ ਜ਼ਖਮੀ ਵੀ ਹੋ ਗਏ ਹਨ।

ਇਸ ਚੱਕਰਵਤੀ ਤੂਫਾਨ ਤੋਂ ਮੁੰਬਈ ਸ਼ਹਿਰ ਨੂੰ ਬਹੁਤ ਖਤਰਾ ਬਣਿਆ ਹੋਇਆ ਸੀ, ਜਿਸ ਕਰਕੇ ਮੁੰਬਈ ਦੇ ਤੱਟਵਰਤੀ ਖੇਤਰਾਂ ਵਿਚ ਰਹਿੰਦੇ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਉਤੇ ਪਹੁੰਚਾਇਆ ਗਿਆ। ਕੁਝ ਹਵਾਈ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਅਤੇ ਰੇਲ ਗੱਡੀਆਂ ਦੇ ਚੱਲਣ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ, ਪਰ ਕੁਦਰਤੀ ਤੌਰ ਉਤੇ ਹੀ ਮੁੰਬਈ ਸ਼ਹਿਰ ਨਿਸਰਗ ਤੂਫਾਨ ਦੇ ਕਹਿਰ ਦੀ ਮਾਰ ਤੋਂ ਬਚ ਗਿਆ। ਸ਼ਹਿਰ ਦਾ ਬਚਾਅ ਦੋ ਕਾਰਨਾਂ ਕਰਕੇ ਹੋਇਆ, ਇਕ ਤਾਂ ਨਿਸਰਗ ਦਾ ਤੱਟ ਨਾਲ ਟਕਰਾਉਣ ਦਾ ਕੇਂਦਰਬਿੰਦੂ ਮੁੰਬਈ ਤੋਂ 80 ਕਿਲੋਮੀਟਰ ਦੂਰ ਸੀ ਅਤੇ ਦੂਜਾ ਇਸ ਤੂਫਾਨ ਦੇ ਸੰਭਾਵਿਤ ਰਸਤੇ ਵਿਚ ਅਚਾਨਕ ਬਦਲਾਅ ਆ ਗਿਆ।
ਇਹ ਇਕ ਬਹੁਤ ਹੀ ਰਾਹਤ ਦੇਣ ਵਾਲੀ ਗੱਲ ਹੈ ਕਿ ਕਰੋਨਾ ਦੀ ਮਾਰ ਝੱਲ ਰਹੇ ਮੁੰਬਈ ਸ਼ਹਿਰ ਦਾ ਚੱਕਰਵਾਤੀ ਤੂਫਾਨ ਤੋਂ ਬਚਾਓ ਹੋ ਗਿਆ। ਅਸਲ ਵਿਚ ਮੁੰਬਈ ਵਿਚ ਅਜਿਹੇ ਚੱਕਰਵਾਤੀ ਤੂਫਾਨ ਦੀ ਆਮਦ ਬਹੁਤ ਹੀ ਘੱਟ ਹੈ। ਇਸ ਤੋਂ ਪਹਿਲਾਂ ਇਕ ਭਿਆਨਕ ਚੱਕਰਵਾਤੀ ਤੂਫਾਨ 1891 ਅਤੇ ਦੂਜਾ ਉਸ ਪਿਛੋਂ 1948 ਵਿਚ ਆਇਆ ਸੀ। ਇਸ ਤੂਫਾਨ ਤੋਂ ਬਚਾਓ ਹੋ ਜਾਣ ਨਾਲ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਮੁੰਬਈ ਤੇ ਇਸ ਦੇ ਨਾਲ ਲੱਗਦੇ ਖੇਤਰਾਂ ਤੋਂ ਸਮੁੰਦਰ ਨਾਲ ਸਬੰਧਿਤ ਕੁਦਰਤੀ ਆਫਤਾਂ ਤੋਂ ਸਦਾ ਲਈ ਖਤਰਾ ਟਲ ਗਿਆ ਹੈ। ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਦੇ ਨਾਲ ਨਾਲ ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵੀ ਵਾਧਾ ਹੋ ਰਿਹਾ ਹੈ।
ਅਮਰੀਕਾ ਦੀ ਨੌਆ ਏਜੰਸੀ ਦੀ ਇਕ ਰਿਪੋਰਟ ਅਨੁਸਾਰ ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵਾਧੇ ਅਤੇ ਸਮੁੰਦਰ ਦੇ ਜਲ ਪੱਧਰ ਦੇ ਉਚਾ ਹੋਣ ਨਾਲ ਚੱਕਰਵਾਤਾਂ ਅਤੇ ਸੁਨਾਮੀ ਜਿਹੀਆਂ ਕੁਦਰਤੀ ਆਫਤਾਂ ਦੀ ਆਮਦ ਦੀ ਗਿਣਤੀ ਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਰਿਪੋਰਟ ਅਨੁਸਾਰ ਅਰਬ ਸਾਗਰ ਵਿਚ ਚੱਕਰਵਾਤਾਂ ਦੀ ਆਮਦ ਦੀ ਵਧਦੀ ਗਿਣਤੀ ਵੀ ਧਰਤੀ ਦੇ ਔਸਤ ਤਾਪਮਾਨ ਵਿਚ ਵਾਧੇ ਕਾਰਨ ਹੀ ਹੈ। ਮੁੰਬਈ ਸ਼ਹਿਰ ਨੂੰ ਸਮੁੰਦਰੀ ਆਫਤਾਂ ਤੋਂ ਖਤਰੇ ਬਾਰੇ ਤਾਂ ਸਪੇਨ ਦੇ ਬੈਸਕਿਊ ਸੈਂਟਰ ਫਾਰ ਕਲਾਈਮੇਟ ਚੇਂਜ, ਯੂਨਾਈਟਿਡ ਕਿੰਗਡਮ ਦੇ ਲਿਵਰਪੂਲ ਦੇ ਓਸ਼ਨੋਗਰਾਫਿਕ ਸੈਂਟਰ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਦੀ ਇਕ ਖੋਜ ਨੇ ਬਹੁਤ ਚਿੰਤਾਜਨਕ ਅੰਕੜੇ ਪੇਸ਼ ਕੀਤੇ ਹਨ। ਇਨ੍ਹਾਂ ਸੰਸਥਾਵਾਂ ਨੇ ਦੁਨੀਆਂ ਦੇ 136 ਤੱਟਵਰਤੀ ਇਲਾਕਿਆਂ ਵਿਚ ਵੱਸੇ ਸ਼ਹਿਰਾਂ ਦਾ ਸਰਵੇਖਣ ਕੀਤਾ ਸੀ ਅਤੇ ਇਨ੍ਹਾਂ ਦੀ ਖੋਜ ਅਨੁਸਾਰ ਮੁੰਬਈ ਸ਼ਹਿਰ ਆਉਣ ਸਮੇਂ ਵਿਚ ਸਮੁੰਦਰ ਆਫਤਾਂ ਦੀ ਮਾਰ ਖਾਣ ਵਾਲੇ ਦਰਜੇ ਅਨੁਸਾਰ ਦੁਨੀਆਂ ਦਾ ਦੂਜਾ ਸ਼ਹਿਰ ਹੋਵੇਗਾ ਅਤੇ ਚੀਨ ਦਾ ਗੁਆਨਜੋਆ ਸ਼ਹਿਰ ਪਹਿਲੇ ਨੰਬਰ ‘ਤੇ ਹੋਵੇਗਾ।
ਇਸ ਰਿਪੋਰਟ ਉਤੇ ਸ਼ੱਕ ਕਰਨ ਦਾ ਕੋਈ ਸਵਾਲ ਤਾਂ ਉਠਦਾ ਹੀ ਨਹੀਂ, ਕਿਉਂਕਿ ਇਕ ਤਾਂ 2014 ਵਿਚ ਆਈ. ਪੀ. ਸੀ. ਸੀ. ਦੀ ਆਈ ਪਹਿਲੀ ਰਿਪੋਰਟ ਅਨੁਸਾਰ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਦੇ ਖਤਰਿਆਂ ਤੋਂ ਭਾਰਤ ਤੇ ਚੀਨ ਬਾਕੀ ਦੇਸ਼ਾਂ ਨਾਲੋਂ ਵੱਧ ਸਨਮੁੱਖ ਹੋਣਗੇ ਅਤੇ ਦੂਜਾ ਸਾਡੇ ਦੇਸ਼ ਦੇ ਦੱਖਣ ਵੱਲ ਤਿੰਨ ਪਾਸੇ ਸਮੁੰਦਰ ਲੱਗਦਾ ਹੈ, ਜਿਸ ਕਰਕੇ ਭਾਰਤ ਦੇ ਦਸ ਰਾਜ ਤੇ ਚਾਰ ਕੇਂਦਰੀਸ਼ਾਸ਼ਤ ਰਾਜ ਸਮੁੰਦਰ ਦੇ ਤੱਟਵਰਤੀ ਖੇਤਰਾਂ ਵਿਚ ਸਥਿਤ ਹਨ। ਤਾਪਮਾਨ ਵਿਚ ਲਗਾਤਾਰ ਵਾਧੇ ਨਾਲ ਪਹਾੜਾਂ ਅਤੇ ਧਰੁਵਾਂ ਉਤੇ ਜੰਮੀ ਬਰਫ ਤੇਜ਼ੀ ਨਾਲ ਪਿਘਲ ਰਹੀ ਹੈ ਅਤੇ ਸਮੁੰਦਰ ਦੇ ਜਲ ਪੱਧਰ ਨੂੰ ਉਚਾ ਕਰ ਰਹੀ ਹੈ। ਆਈ. ਪੀ. ਸੀ. ਸੀ. ਦੀ 2014 ਦੀ ਇਕ ਰਿਪੋਰਟ ਅਨੁਸਾਰ 1901 ਤੋਂ 2010 ਤੱਕ ਦੇ ਸਮੇਂ ਵਿਚ ਸਮੁੰਦਰ ਦਾ ਜਲ ਪੱਧਰ 19 ਸੈਂਟੀਮੀਟਰ ਉਚਾ ਹੋ ਗਿਆ ਹੈ।
ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ਨ ਇਨਫਰਮੇਸ਼ਨ ਸਰਵਿਸ ਆਫ ਹੈਦਰਾਬਾਦ ਅਨੁਸਾਰ ਭਾਰਤ ਦੇ ਤੱਟਵਰਤੀ ਖੇਤਰਾਂ ਨਾਲ ਲੱਗਦੇ ਸਮੁੰਦਰ ਦਾ ਜਲ ਪੱਧਰ ਔਸਤਨ 1.6-1.7 ਮਿਲੀਮੀਟਰ ਦੀ ਦਰ ਨਾਲ ਪ੍ਰਤੀ ਸਾਲ ਵਧ ਰਿਹਾ ਹੈ। ਨੇਚਰ ਕਮਿਊਨੀਕੇਸ਼ਨ ਨਾਂ ਦੀ ਖੋਜ ਪ੍ਰਤਿਕਾ ਵਿਚ ਛਪੀ ਇੱਕ ਖੋਜ ਅਨੁਸਾਰ ਸਮੁੰਦਰ ਦਾ ਜਲ ਪੱਧਰ ਉਚਾ ਹੋਣ ਨਾਲ 2050 ਤੱਕ ਭਾਰਤ ਦੀ 36 ਮਿਲੀਅਨ ਆਬਾਦੀ, ਜੋ ਤੱਟਵਰਤੀ ਖੇਤਰਾਂ ਵਿਚ ਵੱਸੀ ਹੋਈ ਹੈ, ਸਮੁੰਦਰੀ ਹੜ੍ਹਾਂ ਦੀ ਲਪੇਟ ਵਿਚ ਆ ਜਾਵੇਗੀ ਅਤੇ ਸਦੀ ਦੇ ਅੰਤ ਤੱਕ 44 ਮਿਲੀਅਨ ਭਾਰਤੀ ਇਸ ਆਫਤ ਦੀ ਮਾਰ ਵਿਚ ਆ ਸਕਦੇ ਹਨ। ਇਸ ਦੇ ਨਾਲ-ਨਾਲ ਤੱਟਵਰਤੀ ਖੇਤਰਾਂ ਵਿਚਲੇ ਟਾਪੂ ਸਮੁੰਦਰ ਵਿਚ ਸਮਾ ਸਕਦੇ ਹਨ। ਬੰਗਾਲ ਦੀ ਖਾੜੀ ਵਿਚ ਵੱਸੇ ਨਿਊਮਰ ਅਤੇ ਲੋਹਚਾਗ ਨਾਂ ਦੇ ਦੋ ਟਾਪੂ ਕ੍ਰਮਵਾਰ 1970 ਅਤੇ 1980 ਵਿਚ ਸਮੁੰਦਰ ਵਿਚ ਸਮਾ ਚੁਕੇ ਹਨ ਅਤੇ ਹੁਣ ਘੋਰਾਮਾਗ ਨਾਂ ਦਾ ਟਾਪੂ ਹੌਲੀ ਹੌਲੀ ਆਪਣਾ ਵਜੂਦ ਖੋ ਰਿਹਾ ਹੈ। ਅਰਬ ਸਾਗਰ ਵਿਚ ਮੁੰਬਈ ਕੋਲ ਸਮੁੰਦਰ ਦੇ ਜਲ ਪੱਧਰ ਦੀ ਉਚਾ ਹੋਣ ਦੀ ਦਰ 1.2 ਮਿਲੀਮੀਟਰ ਪ੍ਰਤੀ ਸਾਲ ਹੈ, ਜੋ ਮੁੰਬਈ ਲਈ ਇਕ ਭਿਆਨਕ ਖਤਰੇ ਦਾ ਸੰਕੇਤ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਮੁੰਬਈ ਦਾ ਵੱਡਾ ਹਿੱਸਾ ਸਮੁੰਦਰ ਵਿਚ ਸਮਾ ਸਕਦਾ ਹੈ।
ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵਾਧਾ ਹੋਣ ਨਾਲ ਸਮੁੰਦਰੀ ਤੂਫਾਨਾਂ (ਚੱਕਰਵਾਤਾਂ ਤੇ ਸੁਨਾਮੀਆਂ) ਦੀ ਆਮਦ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿਚ ਕਈ ਗੁਣਾ ਵਾਧਾ ਹੋ ਜਾਂਦਾ ਹੈ। ਡੇਨੀਅਲ ਲੈਵਿਟ ਅਤੇ ਨਿਕੋ ਕੈਮਨੈਡਾ ਦੀ ਇਕ ਖੋਜ ਅਨੁਸਾਰ ਜੇ ਸਮੁੰਦਰੀ ਪਾਣੀ ਦੇ ਤਾਪਮਾਨ ਵਿਚ ਇਕ ਡਿਗਰੀ ਦਾ ਵਾਧਾ ਹੁੰਦਾ ਹੈ ਤਾਂ ਸਮੁੰਦਰੀ ਤੂਫਾਨ ਵਿਚਲੀ ਹਵਾ ਦੀ ਗਤੀ ਵਿਚ 5 ਫੀਸਦ ਵਾਧਾ ਹੁੰਦਾ ਹੈ ਅਤੇ ਵੱਧ ਗਤੀ ਵਾਲੀ ਹਵਾ ਵਾਲਾ ਤੂਫਾਨ ਵੱਧ ਤਬਾਹੀ ਮਚਾਉਂਦਾ ਹੈ, ਜਿਸ ਦੀਆਂ ਪੁਖਤਾ ਮਿਸਾਲਾਂ ਹਾਲ ਵਿਚ ਭਾਰਤ ਦੇ ਰਾਜ ਪੱਛਮੀ ਬੰਗਾਲ ਵਿਚ ਆਏ ਅਮਫਾਨ ਅਤੇ 2017 ਵਿਚ ਤਾਮਿਲਨਾਡੂ ਵਿਚ ਓਖੀ ਚੱਕਰਵਾਤੀ ਤੂਫਾਨਾਂ ਦੇ ਨਾਲ ਨਾਲ ਅਮਰੀਕਾ ਵਿਚ ਪਿਛਲੇ ਸਾਲਾਂ ਵਿਚ ਆਏ ਹਾਰਵੇ, ਇਰਮਾ, ਮਾਰੀਆ, ਫੋਲਰੈਂਸ ਆਦਿ ਹਨ। ਸਮੁੰਦਰ ਦੇ ਪਾਣੀ ਦੇ ਔਸਤ ਤਾਪਮਾਨ ਵਿਚ ਵਾਧਾ ਹੋਣ ਨਾਲ ਤੱਟਵਰਤੀ ਇਲਾਕੇ ਚੱਕਰਵਾਤਾਂ ਦੇ ਨਾਲ ਨਾਲ ਇਕ ਹੋਰ ਸਮੁੰਦਰੀ ਆਫਤ ਸੁਨਾਮੀ ਦੀ ਮਾਰ ਵੀ ਝੱਲਣਗੇ। ਸਮੁੰਦਰੀ ਜਲ ਪੱਧਰ ਉਚਾ ਹੋਣ ਨਾਲ ਸਿੰਗਾਪੁਰ ਦੀ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ ਸਮੁੰਦਰੀ ਜਲ ਪੱਧਰ ਵਿਚ 0.5 ਮੀਟਰ ਦੇ ਵਾਧੇ ਨਾਲ ਸੁਨਾਮੀ ਦੇ ਆਉਣ ਦੇ ਖਤਰੇ ਵਿਚ 2.4 ਗੁਣਾ ਅਤੇ ਇਕ ਮੀਟਰ ਦੇ ਵਾਧੇ ਨਾਲ 4.7 ਗੁਣਾ ਵਾਧਾ ਹੋ ਸਕਦਾ ਹੈ। ਹੁਣ ਤੋਂ 16 ਸਾਲ ਪਹਿਲਾਂ 2004 ਵਿਚ ਆਈ ਸੁਨਾਮੀ ਨਾਲ ਭਾਰਤ ਵਿਚ 10,000 ਲੋਕ ਮਾਰੇ ਗਏ ਸਨ। ਉਸ ਪਿਛੋਂ ਲਗਾਤਾਰ ਧਰਤੀ ਅਤੇ ਸਮੁੰਦਰ ਦੇ ਔਸਤ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਜੇ ਅਸੀਂ ਨਾ ਸੰਭਲੇ ਤਾਂ ਇਹ ਵਰਤਾਰਾ ਭਾਰਤ ਵਿਚ ਭਿਆਨਕ ਤਬਾਹੀ ਲਿਆ ਸਕਦਾ ਹੈ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਔਰੇਗਾਨ ਯੂਨੀਵਰਸਿਟੀ ਦੀ ਇਕ ਖੋਜ ਅਨੁਸਾਰ ਹਿੰਦ ਮਹਾਸਾਗਰ ਦਾ ਪਾਣੀ ਹੋਰ ਸਮੁੰਦਰਾਂ ਦੇ ਮੁਕਾਬਲੇ ਤੇਜ਼ੀ ਨਾਲ ਗਰਮ ਹੋ ਰਿਹਾ ਹੈ, ਜੋ ਬਹੁਤ ਚਿੰਤਾ ਵਾਲੀ ਗੱਲ ਹੈ, ਜਿਸ ਨਾਲ ਹਿੰਦ ਮਹਾਸਾਗਰ ਵਿਚ ਪੈਦਾ ਹੋਣ ਵਾਲੇ ਚੱਕਰਵਾਤਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਆਮ ਤੌਰ ‘ਤੇ ਇੱਥੇ ਹਰ ਸਾਲ ਪੈਦਾ ਹੋਣ ਵਾਲੇ ਚੱਕਰਵਾਤਾਂ ਦੀ ਔਸਤਨ ਗਿਣਤੀ 5 ਹੁੰਦੀ ਸੀ, ਪਰ ਪਿਛਲੇ ਦੋ ਸਾਲਾਂ ਵਿਚ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 2019 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 8 ਹੋ ਗਈ ਸੀ। ਡਬਲਿਊ. ਐਮ. ਓ. ਅਤੇ ਯੂਰਪੀਨ ਸੈਂਟਰ ਫਾਰ ਮੀਡੀਅਮ ਰੇਂਜ ਫੋਰਕਾਸਟ ਸੰਸਥਾਵਾਂ ਅਨੁਸਾਰ ਚੱਕਰਵਾਤਾਂ ਦੀ ਗਿਣਤੀ ਵਿਚ ਵਾਧਾ ਵਾਤਾਵਰਨ ਵਿਚ ਤਾਪਮਾਨ ਅਤੇ ਨਮੀ ਦੇ ਵਾਧੇ ਕਾਰਨ ਹੋ ਰਿਹਾ ਹੈ। ਆਮ ਤੌਰ ‘ਤੇ ਭਾਰਤ ਦਾ ਪੂਰਬੀ ਤੱਟ ਭਾਵ ਬੰਗਾਲ ਦੀ ਖਾੜੀ ਵਾਲਾ ਖੇਤਰ ਪੱਛਮੀ ਤੱਟ (ਅਰਬ ਸਾਗਰ) ਵਾਲੇ ਖੇਤਰ ਨਾਲੋਂ ਚੱਕਰਵਾਤਾਂ ਦੀ ਵੱਧ ਮਾਰ ਝੱਲਦਾ ਹੈ, ਪਰ 2019 ਦੌਰਾਨ 8 ਵਿਚੋਂ 5 ਚੱਕਰਵਾਤੀ ਤੂਫਾਨ ਅਰਬ ਸਾਗਰ ਵਿਚ ਆਏ, ਜੋ ਔਸਤ ਤੋਂ 400 ਫੀਸਦ ਵੱਧ ਸਨ ਅਤੇ ਬੰਗਾਲ ਦੀ ਖਾੜੀ ਵਿਚ ਸਿਰਫ 3 ਆਏ, ਜੋ ਔਸਤ ਨਾਲੋਂ ਘੱਟ ਸਨ। ਚੱਕਰਵਾਤਾਂ ਦੀ ਆਮਦ ਵਿਚ ਬਦਲਦਾ ਵਰਤਾਰਾ ਵੀ ਇਹ ਮੰਗ ਕਰਦਾ ਹੈ ਕਿ ਹੁਣ ਅਰਬ ਸਾਗਰ ਦੇ ਤੱਟ ਨਾਲ ਵੱਸੇ ਭਾਰਤੀ ਰਾਜ ਚੱਕਰਵਾਤਾਂ ਦੀ ਮਾਰ ਤੋਂ ਬਚਣ ਲਈ ਪੁਖਤਾ ਤੌਰ ‘ਤੇ ਉਪਰਾਲੇ ਕਰਨ ਜਿਵੇਂ ਉੜੀਸਾ ਕਰ ਰਿਹਾ ਹੈ।
ਭਾਰਤ ਵਿਚ ਮੀਂਹ ਦਾ ਜ਼ਿਆਦਾਤਰ ਹਿੱਸਾ ਵੀ ਮੌਨਸੂਨ ਪੌਣਾਂ ਨਾਲ ਹੀ ਪੈਂਦਾ ਹੈ ਅਤੇ ਮੌਨਸੂਨ ਪੌਣਾਂ ਦੀ ਆਮਦ ਤੇ ਉਨ੍ਹਾਂ ਦੁਆਰਾ ਮੀਂਹ ਪੈਣ ਦੀ ਮਾਤਰਾ ਸਮੁੰਦਰੀ ਪਾਣੀ ਦੇ ਤਾਪਮਾਨ ਉਤੇ ਨਿਰਭਰ ਕਰਦੀ ਹੈ। ਤਾਪਮਾਨ ਵਿਚ ਵਾਧੇ ਨਾਲ ਮੌਨਸੂਨ ਪੌਣਾਂ ਦੀ ਆਮਦ ਅਤੇ ਮੀਂਹ ਪੈਣ ਦੀ ਪ੍ਰਕ੍ਰਿਆ ਵੀ ਬੁਰੀ ਤਰ੍ਹਾਂ ਗੜਬੜਾ ਗਈ ਹੈ। 2015 ਵਿਚ ਚੇਨੱਈ ਤੇ 2018 ਵਿਚ ਕੇਰਲ ਵਿਚ ਪਾਏ ਭਾਰੀ ਮੀਂਹ ਅਤੇ 2017 ਤੇ 2018 ਵਿਚ ਮੁੰਬਈ ਵਿਚ ਆਏ ਹੜ੍ਹਾਂ; ਮਹਾਰਾਸ਼ਟਰ ਤੇ ਗੁਜਰਾਤ ਵਿਚ ਹਰ ਸਾਲ ਪੈਂਦਾ ਸੋਕਾ ਅਤੇ ਸਮੁੰਦਰੀ ਤੂਫਾਨਾਂ ਦੀਆਂ ਵਧਦੀਆਂ ਘਟਨਾਵਾਂ ਸਾਨੂੰ ਸੁਚੇਤ ਕਰ ਰਹੀਆਂ ਹਨ ਕਿ ਅਸੀਂ ਇਨ੍ਹਾਂ ਕੁਦਰਤੀ ਆਫਤਾਂ ਨਾਲ ਸਿੱਝਣ ਲਈ ਤਿਆਰ ਰਹੀਏ ਅਤੇ ਜੇ ਅਸੀਂ ਮੁੰਬਈ ਤੇ ਹੋਰ ਪੱਛਮੀ ਤੱਟਵਰਤੀ ਖੇਤਰਾਂ ਨੂੰ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਕੁਦਰਤੀ ਆਫਤਾਂ ਦੀ ਮਾਰ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੌਮਾਂਤਰੀ ਪੱਧਰ ਦੇ ਨਾਲ ਨਾਲ ਸਥਾਨਕ ਪੱਧਰ ‘ਤੇ ਉਪਰਾਲੇ ਕਰਨ ਦੀ ਸਖਤ ਲੋੜ ਹੈ। ਸਭ ਤੋਂ ਪਹਿਲਾਂ ਤਾਂ ਮੁੰਬਈ ਨੂੰ ਸਮੁੰਦਰੀ ਆਫਤਾਂ ਦੀ ਮਾਰ ਤੋਂ ਬਚਾਉਣ ਲਈ ਮਹਾਰਾਸ਼ਟਰ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹਿਰ ਦੇ ਆਰਥਕ ਵਿਕਾਸ ਦੇ ਨਾਂ ਉਤੇ ਇੱਥੋਂ ਦੇ ਆਰੇ ਵਰਗੇ ਜੀਵ-ਵਿਭਿੰਨਤਾ ਭਰਪੂਰ ਜੰਗਲਾਂ ਅਤੇ ਮੁੰਬਈ ਵਿਚਲੀਆਂ ਜਲਗਾਹਾਂ ਦਾ ਉਜਾੜਾ ਨਾ ਕਰਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕਰੇ। ਇਸ ਦੇ ਨਾਲ ਨਾਲ ਪੱਛਮੀ ਘਾਟਾਂ ਦੇ ਖੇਤਰ ਵਿਚਲੇ ਸਾਰੇ ਰਾਜਾਂ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਗੋਆ ਅਤੇ ਕੇਰਲ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਵਿਗਿਆਨੀ ਮਾਧਵ ਗਾਡਗਿੱਲ ਦੀ 2011 ਵਿਚ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਗਈ ਇਕ ਰਿਪੋਰਟ ਅਨੁਸਾਰ ਹੀ ਵਿਕਾਸ ਯੋਜਨਾਵਾਂ ਬਣਾਉਣ। ਆਰਥਕ ਵਿਕਾਸ ਦੇ ਨਾਂ ਉਤੇ ਵਾਤਾਵਰਨ ਸੰਵੇਦਨਸ਼ੀਲ ਖੇਤਰਾਂ ਦਾ ਉਜਾੜਾ ਨਾ ਕਰਨ ਤੇ ਇਨ੍ਹਾਂ ਖੇਤਰਾਂ ਵਿਚ ਨਵੇਂ ਸ਼ਹਿਰ ਅਤੇ ਡੈਮ ਬਣਾਉਣ ਤੋਂ ਗੁਰੇਜ਼ ਕਰਨ ਦੇ ਨਾਲ ਨਾਲ ਜਲਗਾਹਾਂ ਤੇ ਦਰਿਆਵਾਂ ਉਤੇ ਉਸਾਰੀਆਂ, ਸੈਰ-ਸਪਾਟਾ ਵਿਭਾਗ ਦੇ ਪਸਾਰੇ ਅਤੇ ਖਣਿਜਾਂ ਆਦਿ ਦੀ ਖੁਦਾਈ ਆਦਿ ਉਤੇ ਰੋਕ ਲਾਉਣ। ਕੇਰਲ ਤੋਂ ਲੈ ਕੇ ਗੁਜਰਾਤ ਤੱਕ ਦੇ ਸਾਰੇ ਰਾਜ ਤੱਟਵਰਤੀ ਵਾਤਾਵਰਨ ਸੰਵੇਦਨਸ਼ੀਲ ਖੇਤਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਉਸਾਰੀ ਉਤੇ ਪੂਰਨ ਤੌਰ ‘ਤੇ ਰੋਕ ਲਾਉਣ, ਕਿਉਂਕਿ ਤੱਟਵਰਤੀ ਖੇਤਰਾਂ ਦੀ ਕੁਦਰਤੀ ਬਨਸਪਤੀ, ਜਲਗਾਹਾਂ, ਰੇਤਲੇ ਮੈਦਾਨ ਆਦਿ ਕੁਦਰਤ ਵੱਲੋਂ ਬਣਾਏ ਗਏ ਆਫਤ ਨਿਰੋਧਕ ਹਨ। ਜੇ ਅਸੀਂ ਇਨ੍ਹਾਂ ਨੂੰ ਉਜਾੜ ਦੇਵਾਂਗੇ ਤਾਂ ਅਸੀਂ ਹੋਰ ਵੱਧ ਕੁਦਰਤੀ ਆਫਤਾਂ ਦਾ ਸ਼ਿਕਾਰ ਹੋਵਾਂਗੇ।