ਅਜਮੇਰ ਔਲਖ ਨੂੰ ਯਾਦ ਕਰਦਿਆਂ

ਪ੍ਰਿੰ. ਸਰਵਣ ਸਿੰਘ
ਪ੍ਰੋ. ਅਜਮੇਰ ਸਿੰਘ ਔਲਖ ਨੂੰ ਗੁਜ਼ਰਿਆਂ ਤਿੰਨ ਵਰ੍ਹੇ ਹੋ ਗਏ, ਪਰ ਉਹ ਮੁੜ ਮੁੜ ਯਾਦ ਆ ਜਾਂਦੈ। ਉਹ ਨਿਮਨ ਕਿਸਾਨੀ ਦਾ ਹਮਦਰਦ ਨਾਟਕਕਾਰ ਸੀ। ਉਸ ਦੇ ਤਿੰਨ ਦਰਜਨ ਤੋਂ ਵੱਧ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਸਨ, ਜਿਨ੍ਹਾਂ ਤੋਂ ਲੱਖਾਂ ਲੋਕਾਂ ਨੇ ਸੰਘਰਸ਼ ਕਰਨ ਦੀ ਸੇਧ ਲਈ। 2015 ਵਿਚ ਹਜ਼ਾਰਾਂ ਲੋਕਾਂ ਦੇ ‘ਕੱਠ ਨੇ ਉਹਦਾ ਲੋਕ ਸਨਮਾਨ ਕੀਤਾ ਸੀ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ, ਭਾਰਤੀ ਸੰਗੀਤ ਤੇ ਨਾਟਕ ਅਕਾਦਮੀ ਅਵਾਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ, ਪੰਜਾਬੀ ਸਾਹਿਤ ਅਕਾਦਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਅਵਾਰਡ ਅਤੇ ਹੋਰ ਅਨੇਕਾਂ ਮਾਨ ਸਨਮਾਨ ਮਿਲੇ ਸਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਨੂੰ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ; ਪਰ ਉਹ ਅਜਿਹੇ ਮਾਨਾਂ ਸਨਮਾਨਾਂ ਤੋਂ ਉਤੇ ਸੀ। ਸੈਕੂਲਰ ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਦੇ ਮੁੱਦੇ ਉਤੇ ਉਸ ਨੇ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮੋੜ ਵੀ ਦਿੱਤਾ ਸੀ। ਉਸ ਦੇ ਨਾਟਕ ਪੰਜਾਬ ਤੇ ਹਰਿਆਣੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਤੋਂ ਲੈ ਕੇ, ਚੰਡੀਗੜ੍ਹ, ਦਿੱਲੀ, ਕੋਲਕਾਤਾ, ਮੁੰਬਈ ਅਤੇ ਅਮਰੀਕਾ/ਕੈਨੇਡਾ ਤਕ ਖੇਡੇ ਗਏ ਅਤੇ ਯੂਨੀਵਰਸਿਟੀਆਂ ਤੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ਵਿਚ ਪੜ੍ਹਾਏ ਗਏ। ਉਨ੍ਹਾਂ ਬਾਰੇ ਅਨੇਕਾਂ ਖੋਜ ਲੇਖ ਤੇ ਖੋਜ ਪ੍ਰਬੰਧ ਲਿਖੇ ਗਏ। ਉਹ ਨਾਟਕ ਤੇ ਰੰਗ ਮੰਚ ਦਾ ਤੁਰਿਆ ਫਿਰਦਾ ਇਨਸਾਈਕਲੋਪੀਡੀਆ ਸੀ।
ਔਲਖ ਦੇ ਪੂਰੇ ਨਾਟਕਾਂ ਦੇ ਨਾਂ ਹਨ: ਸੱਤ ਬਗਾਨੇ, ਕਿਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਵਾਨ, ਝਨਾਂ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ, ਭੱਜੀਆਂ ਬਾਹਾਂ ਤੇ ਨਿਉਂ ਜੜ੍ਹ। ਇਕਾਂਗੀ ਨਾਟਕ ਹਨ: ਬਾਲ ਨਾਥ ਦੇ ਟਿੱਲੇ ‘ਤੇ, ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ, ਜਦੋਂ ਬੋਹਲ ਰੋਂਦੇ ਹਨ, ਅੰਨ੍ਹੇ ਨਿਸ਼ਾਨਚੀ, ਸਿੱਧਾ ਰਾਹ ਵਿੰਗਾ ਰਾਹ, ਢਾਂਡਾ, ਐਸੇ ਰਚਿਉ ਖਾਲਸਾ, ਆਪਣਾ-ਆਪਣਾ ਹਿੱਸਾ, ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ, ਹਰਿਉ ਬੂਟ, ਅੰਨ੍ਹੇਰ-ਕੋਠੜੀ ਤੇ ਹਾਏ ਨੀ ਮਨਮੀਤ ਕੁਰੇ। ਲਘੂ ਨਾਟਕ ਹਨ: ਅਰਬਦ ਨਰਬਦ ਧੁੰਦੂਕਾਰਾ, ਬੇਗਾਨੇ ਬੋਹੜ ਦੀ ਛਾਂ, ਸੁੱਕੀ ਕੁੱਖ, ਇੱਕ ਰਮਾਇਣ ਹੋਰ, ਭੱਠ ਖੇੜਿਆਂ ਦਾ ਰਹਿਣਾ, ਗਾਨੀ, ਤੇੜਾਂ, ਲੋਹੇ ਦਾ ਪੁੱਤ, ਐਇੰ ਨੀ ਹੁਣ ਸਰਨਾ, ਉਂਈ-ਮੂੰਈਂ ਦਾ ਕੁਸ ਨੀ ਹੁੰਦਾ, ਕਉਲੇ ਉਤੇ ਰੱਖਿਆ ਕੌਲਾ, ਚੱਲ ਵੀਰਨਾ ਵੇ ਉਥੇ ਚੱਲੀਏ, ਬੰਦ ਬੂਹਿਆਂ ਵਾਲੀ ਹਵੇਲੀ ਤੇ ਪੱਪੂ ਦੀ ਪੈਂਟ ਆਦਿ। ਉਸ ਨੇ ਹੋਰਨਾਂ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕੀ ਰੂਪ ਦਿੱਤਾ ਸੀ।
ਔਲਖ ਦਾ ਜਨਮ 19 ਅਗਸਤ 1942 ਨੂੰ ਜਿਲਾ ਸੰਗਰੂਰ ਦੇ ਪਿੰਡ ਕੁੰਭੜਵਾਲ ਵਿਚ ਪਿਤਾ ਕੌਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। ਕੁੰਭੜਵਾਲ ਉਦੋਂ ਰਿਆਸਤੀ ਪਿੰਡ ਸੀ ਤੇ ਹਿੰਦੁਸਤਾਨ ਅੰਗਰੇਜ਼ਾਂ ਦਾ ਗੁਲਾਮ ਸੀ। ਉਤੋਂ ਦੂਜੀ ਵਿਸ਼ਵ ਜੰਗ ਲੱਗੀ ਹੋਈ ਸੀ। ਕਿਸਾਨੀ ਦਾ ਬੁਰਾ ਹਾਲ ਸੀ। ਉਹਦਾ ਬਾਬਾ ਹਰਨਾਮ ਸਿੰਘ 1944-45 ਵਿਚ ਪਰਿਵਾਰ ਸਮੇਤ ਕੁੰਭੜਵਾਲ ਤੋਂ ਉਠ ਕੇ ਭੀਖੀ ਨੇੜੇ ਪਿੰਡ ਕਿਸ਼ਨਗੜ੍ਹ ਫਰਵਾਹੀ ਜਾ ਬੈਠਾ ਸੀ। ਅਜਮੇਰ ਸਿੰਘ ਕਿਸ਼ਨਗੜ੍ਹ ਫਰਵਾਹੀ ਤੋਂ ਚਾਰ, ਭੀਖੀ ਤੋਂ ਦਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਐਮ. ਏ. ਕਰ ਕੇ 1965 ਤੋਂ 2000 ਤਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਪੰਜਾਬੀ ਦਾ ਲੈਕਚਰਾਰ ਰਿਹਾ ਅਤੇ ਉਥੇ ਹੀ ਆਪਣਾ ਘਰ ਪਾ ਲਿਆ। ਉਥੇ ਹੀ ਉਹ ਨਾਟਕਕਾਰ, ਪ੍ਰੋਡਿਊਸਰ, ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨੇ ਧੀਆਂ ਨੂੰ ਅਦਾਕਾਰ ਬਣਾਇਆ। ਉਥੇ ਹੀ ਉਸ ਨੇ 1976 ਵਿਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ। ਮਾਨਸਾ ਵਿਚਲੇ ਘਰ ਤੋਂ ਬਿਨਾ ਉਹਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਬਚੀ। ਨਿਮਨ ਕਿਸਾਨੀ ਦਾ ਦੁੱਖ-ਦਰਦ ਉਸ ਨੇ ਆਪਣੇ ਹੱਡੀਂ ਹੰਢਾਇਆ ਸੀ।
ਉਹ 2008 ਤੋਂ ਨਾਮੁਰਾਦ ਬਿਮਾਰੀ ਕੈਂਸਰ ਵਿਰੁੱਧ ਜੂਝਦਾ ਆ ਰਿਹਾ ਸੀ। ਕਦੇ ਮਾਨਸਾ, ਕਦੇ ਦਿੱਲੀ, ਕਦੇ ਫਰੀਦਕੋਟ ਤੇ ਕਦੇ ਫੋਰਟਿਸ ਹਸਪਤਾਲ ਮੁਹਾਲੀ ਵਿਚ ਉਹਦਾ ਇਲਾਜ ਚਲਦਾ ਰਿਹਾ। ਮਹਿੰਗੇ ਇਲਾਜ ‘ਤੇ ਲੱਖਾਂ ਰੁਪਏ ਲੱਗੇ, ਜਿਸ ਵਿਚ ਸੰਗੀਆਂ ਸਾਥੀਆਂ ਨੇ ਵੀ ਪਰਿਵਾਰ ਦੀ ਬਣਦੀ ਸਰਦੀ ਮਾਇਕ ਮਦਦ ਕੀਤੀ। ਵਿਚ ਵਿਚਾਲੇ ਉਹ ਆਰਜ਼ੀ ਤੌਰ ‘ਤੇ ਠੀਕ ਵੀ ਹੋ ਜਾਂਦਾ ਰਿਹਾ, ਪਰ ਆਖਰ 15 ਜੂਨ 2017 ਦੇ ਵੱਡੇ ਤੜਕੇ ਉਹਦਾ ਦੇਹਾਂਤ ਹੋ ਗਿਆ। ਉਸ ਦੀ ਪਤਨੀ ਮਨਜੀਤ ਕੌਰ ਦੇ ਦੱਸਣ ਮੂਜਬ ਤਿੰਨ ਵਜੇ ਉਸ ਨੂੰ ਪਾਸਾ ਦੁਆਇਆ ਗਿਆ ਸੀ ਤੇ ਚਾਰ ਵਜੇ ਦੂਜਾ ਪਾਸਾ ਦੁਆਉਣ ਤੋਂ ਪਹਿਲਾਂ ਹੀ ਉਹਦਾ ਭੌਰ ਉਡਾਰੀ ਮਾਰ ਚੁਕਾ ਸੀ।
ਕੈਂਸਰ ਫੇਫੜਿਆਂ ਵਿਚ ਪਹੁੰਚ ਜਾਣ ਅਤੇ ਆਸ ਮੁੱਕ ਜਾਣ ‘ਤੇ 10 ਜੂਨ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਤੋਂ ਉਹਨੂੰ ਮਾਨਸਾ ਆਪਣੇ ਘਰ ਲੈ ਆਂਦਾ ਗਿਆ ਸੀ ਕਿ ਹੁਣ ਘਰ ਹੀ ਸੇਵਾ ਕਰੀਏ। ਜਿਹੜੇ ਹਾਲ ਚਾਲ ਪੁੱਛਣ ਆਉਂਦੇ, ਮੁਸਕਰਾ ਕੇ ਚੰਗਾ ਹੀ ਦੱਸਦਾ। ਜਾਂਦੀ ਵਾਰ ਦੀਆਂ ਤਿੰਨ ਇੱਛਾਵਾਂ ਦੱਸੀਆਂ। ਅਖੇ ਧੀਆਂ ਚਿਖਾ ਨੂੰ ਅਗਨੀ ਲਾਉਣ, ਕਿਸੇ ਧਾਰਮਿਕ ਰਸਮ ਦੀ ਲੋੜ ਨਹੀਂ, ਕੇਵਲ ਸਾਦਾ ਸ਼ਰਧਾਂਜਲੀ ਸਮਾਗਮ ਹੋਵੇ, ਜਿਸ ਵਿਚ ਕੁਝ ਇਕ ਸਾਥੀ ਤੇ ਲੇਖਕ ਹੀ ਬੋਲਣ ਅਤੇ ਸਮਾਗਮ ਬੇਲੋੜਾ ਲੰਮਾ ਨਾ ਕੀਤਾ ਜਾਵੇ। ਜੀਵਨ ਸਾਥਣ ਮਨਜੀਤ ਕੌਰ ਦੇ ਵਾਰੇ ਜਾਈe, ਜੋ ਆਪਣੇ ਜੀਵਨ ਸਾਥੀ ਦਾ ਇਲਾਜ ਕਰਾਉਣ ਲਈ ਉਸ ਨੂੰ ਥਾਂ ਥਾਂ ਲਈ ਫਿਰੀ।
ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ, ਉਸ ਨੂੰ ਤਾਂ ਹਰ ਵੇਲੇ ਦੱਬੇ-ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ। ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ। ਉਹ ਅਕਸਰ ਕਹਿੰਦਾ ਸੀ, ਬਿਮਾਰੀ-ਬਮੂਰੀ ਦਾ ਮੈਨੂੰ ਆਪ ਨ੍ਹੀਂ ਪਤਾ, ਮਨਜੀਤ ਨੂੰ ਪੁੱਛ ਲਓ। ਕੈਂਸਰ ਦਾ ਪਤਾ 2008 ਵਿਚ ਲੱਗਾ ਸੀ, ਕੀ ਪਤਾ ਜੜ੍ਹ ਕਦੋਂ ਦੀ ਲੱਗੀ ਹੋਵੇ? ਉਹ ਤਾਂ ਨਿਉਂ-ਜੜ੍ਹ ਵਰਗੇ ਨਾਟਕ ਖੇਡਣ ਵਿਚ ਹੀ ਮਗਨ ਸੀ। ਉਹ ਆਪਣੇ ਪਿਛੇ ਪਤਨੀ, ਧੀਆਂ, ਜੁਆਈਆਂ ਤੇ ਦੋਹਤੇ-ਦੋਹਤੀਆਂ ਦਾ ਭਰਿਆ ਪਰਿਵਾਰ ਛੱਡ ਗਿਆ ਸੀ।
ਆਪਣੀ ਸਵੈਜੀਵਨੀ ਦਾ ਨਾਂ ਉਸ ਨੇ ‘ਨੰਗਾ ਢਿੱਡ’ ਚਿਤਵਿਆ ਸੀ, ਜਿਸ ਦੇ ਕੁਝ ਕੁ ਕਾਂਡ ਲਿਖੇ ਗਏ, ਜੋ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਵਿਚ ਛਪੇ ਹਨ। ਜਦੋਂ ਉਹਦਾ ਬਾਬਾ ਕਿਸ਼ਨਗੜ੍ਹ ਫਰਵਾਹੀ ਆਇਆ ਸੀ, ਉਦੋਂ ਉਹ ਜਗੀਰਦਾਰਾਂ ਦਾ ਮੁਜਾਰਾ ਪਿੰਡ ਸੀ। ਪਿੰਡ ਦੀ ਸਾਰੀ ਜ਼ਮੀਨ ਦੇ ਮਾਲਕ ਦੋ ਜਗੀਰਦਾਰ ਸਨ। ਮਾਰੂਸੀ ਤੇ ਗੈਰ-ਮਾਰੂਸੀ ਕਿਸਾਨ ਉਨ੍ਹਾਂ ਦੇ ਮੁਜਾਰੇ ਬਣ ਕੇ ਖੇਤੀ ਕਰਦੇ ਸਨ। ਹਰਨਾਮ ਸਿੰਘ ਦਾ ਪਰਿਵਾਰ ਇਕ ਜਗੀਰਦਾਰ ਦੀ ਅੱਠ ਕਿੱਲੇ ਜ਼ਮੀਨ ਵਾਹੁਣ ਲੱਗਾ ਸੀ, ਜਿਸ ‘ਚੋਂ ਜਗੀਰਦਾਰ ਦੀ ਵਟਾਈ ਦੇ ਕੇ ਪਰਿਵਾਰ ਦਾ ਗੁਜ਼ਾਰਾ ਮਸਾਂ ਚਲਦਾ। ਉਨ੍ਹਾਂ ਦਿਨਾਂ ਵਿਚ ਖੇਤਾਂ ਦੀ ਉਪਜ ਵੀ ਘੱਟ ਹੀ ਹੁੰਦੀ ਸੀ। ਕਿਸੇ ਖੇਤ ਨੂੰ ਪਾਣੀ ਲੱਗਦਾ, ਕਿਸੇ ਨੂੰ ਨਹੀਂ ਸੀ ਲੱਗਦਾ। ਹਰਨਾਮ ਸਿੰਘ ਦੇ ਪਰਿਵਾਰ ‘ਚ ਦੋ ਪੁੱਤ ਤੇ ਅੱਗੋਂ ਉਨ੍ਹਾਂ ਦੀ ਔਲਾਦ ਸੀ। ਅੱਠ ਕਿੱਲਿਆਂ ਵਾਲਾ ਮੁਜਾਰਾ ਥੁੜ੍ਹਿਆ-ਟੁੱਟਿਆ ਕਿਸਾਨ ਹੀ ਵੱਜਦਾ ਸੀ।
ਕਿਸੇ ਵੀ ਲੇਖਕ ਨੂੰ ਸਮਝਣ ਲਈ ਉਹਦਾ ਪਰਿਵਾਰਕ ਪਿਛੋਕੜ ਜਾਣਨਾ ਜ਼ਰੂਰੀ ਹੁੰਦਾ ਹੈ। ਲੇਖਕ ਦਾ ਬਚਪਨ ਜਿਨ੍ਹਾਂ ਹਾਲਤਾਂ ਵਿਚ ਦੀ ਗੁਜ਼ਰਿਆ ਹੋਵੇ, ਉਨ੍ਹਾਂ ਦਾ ਅਸਰ ਉਹਦੀ ਸ਼ਖਸੀਅਤ ਅਤੇ ਉਹਦੀ ਸਾਹਿਤਕਾਰੀ ‘ਤੇ ਵੀ ਪੈਂਦਾ ਹੈ। ਅਜਮੇਰ ਔਲਖ ਦਾ ਪਛੜੇ ਇਲਾਕੇ ਦੇ ਇਕ ਮੁਜਾਰਾ ਪਰਿਵਾਰ ਵਿਚ ਜੰਮ ਕੇ ਐਮ. ਏ. ਤਕ ਪੜ੍ਹ ਸਕਣਾ, ਲੈਕਚਰਾਰ ਲੱਗ ਸਕਣਾ ਅਤੇ ਸਫਲ ਨਾਟਕਕਾਰ ਬਣ ਸਕਣਾ, ਔਲਖ ਦੇ ਕਹਿਣ ਵਾਂਗ ‘ਮਹਿਜ਼ ਇਕ ਇਤਫਾਕ’ ਦੀ ਗੱਲ ਸੀ।
ਉਸ ਨੇ ਆਪਣੀ ਸਾਹਿਤਕ ਸਵੈਜੀਵਨੀ ‘ਮੇਰੀ ਨਾਟ-ਯਾਤਰਾ’ ਵਿਚ ਲਿਖਿਆ: ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣਨ ਤਕ ਦੇ ਸਾਹਿਤਕ ਸਫਰ ਉਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵੱਲ ਰੁਚਿਤ ਹੋਣ ਦਾ ਵਰਤਾਰਾ ਮੈਨੂੰ ‘ਮਹਿਜ਼ ਇਕ ਇਤਫਾਕ’ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਆਉਂਦਾ। ਆਪਣੀ ਉਮਰ ਦੇ 27-28 ਵਰ੍ਹਿਆਂ ਤਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਾਹਿਤ-ਜਗਤ ਵਿਚ ਮੇਰੀ ਪਛਾਣ ‘ਇੱਕ ਨਾਟਕਕਾਰ’ ਦੇ ਰੂਪ ਵਿਚ ਹੋਵੇਗੀ। ਮੈਂ ਪਹਿਲਾਂ ਕਵਿਤਾ/ਗੀਤ ਲਿਖਣੇ ਸ਼ੁਰੂ ਕੀਤੇ ਸਨ। ਜਦ ਮੈਂ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ-ਗੁਣਾਉਂਦਿਆਂ ਕਾਗਜ਼ਾਂ ਉਤੇ ਉਤਾਰਨ ਲੱਗ ਪਿਆ। ਮੈਂ ਆਪਣੀ ਪਹਿਲੀ ਸਾਹਿਤਕ ਰਚਨਾ ਕਦੋਂ ਤੇ ਕਿੰਨੀ ਉਮਰ ਵਿਚ ਕੀਤੀ, ਇਸ ਬਾਰੇ ਮੈਨੂੰ ਕੁਝ ਪੱਕਾ ਯਾਦ ਨਹੀਂ। ਜਿਥੋਂ ਤਕ ਮੈਨੂੰ ਯਾਦ ਹੈ, ਮੈਂ ਐਨੀ ਕੁ ਗੱਲ ਵਿਸ਼ਵਾਸ ਨਾਲ ਕਹਿ ਸਕਦਾਂ ਕਿ ਮੈਂ 8-10 ਸਾਲ ਦੀ ਉਮਰ ਵਿਚ ਕੁਝ ਨਾ ਕੁਝ ਤੁਕਬੰਦੀ ਕਰ ਕੇ ਉਸ ਨੂੰ ਗਾਉਣ ਲੱਗ ਪਿਆ ਸੀ।