ਪੰਜਾਬ ਦੇ ਜਿਲਿਆਂ ਤੇ ਡਿਵੀਜ਼ਨਾਂ ਦਾ ਮਸਲਾ

ਗੁਲਜ਼ਾਰ ਸਿੰਘ ਸੰਧੂ
ਮਹਾਮਾਰੀ ਦੇ ਦੁੱਖਾਂ ਦਾ ਅੰਤ ਨਹੀਂ, ਪਰ ਇਹ ਸਾਨੂੰ ਨਵੀਆਂ ਗੱਲਾਂ ਵੀ ਸੁਝਾਉਂਦੀ ਹੈ। ਮੈਂ ਯੂਟਿਊਬ ‘ਤੇ ਜਾਣੇ-ਪਛਾਣੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਵੀਡੀਓ ‘ਦਰਦ ਦਾ ਦਰਿਆ’ ਵੇਖ ਕੇ ਹਟਿਆ ਹਾਂ। ਅਚਾਨਕ ਥੋਪੀ ਤਾਲਾਬੰਦੀ ਕਾਰਨ ਪੈਦਾ ਹੋਏ ਪਰਵਾਸੀ ਮਜ਼ਦੂਰਾਂ ਦੇ ਸੰਤਾਪ ਬਾਰੇ ਏਧਰ ਮੇਰੇ ਸਾਹਮਣੇ ਇੰਡੀਅਨ ਸਟੈਟਿਸਟੀਕਲ ਲਾਇਬਰੇਰੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ‘ਪੰਜਾਬ ਦੇ ਨਵੇਂ ਜਿਲੇ, ਤਹਿਸੀਲਾਂ ਤੇ ਬਲਾਕ’ ਨਾਂ ਦੀ ਪੋਥੀ ਵੀ ਪਈ ਹੈ। ਦੋਵੇਂ ਧਿਆਨ ਮੰਗਦੀਆਂ ਹਨ। ਪਹਿਲਾਂ ਪੰਜਾਬ ਦੀ ਗੱਲ ਤੇ ਫੇਰ ਪਰਵਾਸੀ ਕਾਮਿਆਂ ਦੀ।

ਸਟੈਟਿਸਟੀਕਲ ਲਾਇਬਰੇਰੀ ਦੀ ਪੋਥੀ ਅਨੁਸਾਰ ਪੰਜਾਬ ਸਰਕਾਰ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਪ੍ਰਬੰਧਕੀ ਢਾਂਚੇ ਵਿਚ ਕਈ ਤਬਦੀਲੀਆਂ ਕੀਤੀਆਂ। ਪ੍ਰਬੰਧਕੀ ਢਾਂਚੇ ਦੀਆਂ ਡਿਵੀਜ਼ਨਾਂ, ਜਿਲੇ, ਤਹਿਸੀਲਾਂ, ਸਬ-ਤਹਿਸੀਲਾਂ ਅਤੇ ਡਿਵੈਲਪਮੈਂਟ ਬਲਾਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ। ਨਤੀਜੇ ਵਜੋਂ ਡਿਵੀਜ਼ਨਾਂ ਦੀ ਗਿਣਤੀ ਚਾਰ ਤੋਂ ਵੱਧ ਕੇ ਪੰਜ ਅਤੇ ਜਿਲਿਆਂ ਦੀ ਗਿਣਤੀ ਵੀਹ ਤੋਂ ਵੱਧ ਕੇ ਬਾਈ ਹੋ ਗਈ। ਚਾਰ ਸਬ-ਤਹਿਸੀਲਾਂ ਨੂੰ ਤਹਿਸੀਲਾਂ ਦਾ ਦਰਜਾ ਦਿੱਤਾ ਗਿਆ ਅਤੇ ਗਿਆਰਾਂ ਨਵੀਆਂ ਸਬ-ਤਹਿਸੀਲਾਂ ਬਣਾਈਆਂ ਗਈਆਂ। ਬਲਾਕਾਂ ਦੀ ਗਿਣਤੀ ਵੀ 142 ਤੋਂ ਵੱਧ ਕੇ 145 ਹੋ ਗਈ।
ਚੋਣਾਂ ਤੋਂ ਥੋੜ੍ਹਾ ਪਹਿਲਾਂ ਰੂਪਨਗਰ (ਰੋਪੜ) ਤੇ ਅਜੀਤਗੜ੍ਹ (ਮੁਹਾਲੀ/ਐਸ਼ ਏ. ਐਸ਼ ਨਗਰ) ਸਿਰਫ ਦੋ ਜਿਲਿਆਂ ਦੀ ਨਵੀਂ (ਪੰਜਵੀਂ) ਡਿਵੀਜ਼ਨ ਬਣਾਉਣ ਪਿੱਛੇ ਕਿਹੜੀ ਸੋਚ ਕੰਮ ਕਰਦੀ ਸੀ? ਇਹ ਤਾਂ ਅਕਾਲੀ ਸਰਕਾਰ ਹੀ ਜਾਣੇ, ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਇਸ ਨੂੰ ਹੁਣ ਤੱਕ ਜਿਉਂ ਦੀ ਤਿਉਂ ਮਾਨਤਾ ਦਈ ਰੱਖਣਾ ਉਕਾ ਹੀ ਸਮਝੋਂ ਬਾਹਰ ਹੈ। ਅੱਜ ਦੇ ਦਿਨ ਪਟਿਆਲਾ, ਫਿਰੋਜ਼ਪੁਰ ਤੇ ਫਰੀਦਕੋਟ ਵਿਚ ਕ੍ਰਮਵਾਰ ਪੈਂਦੇ ਪੰਜ, ਚਾਰ ਤੇ ਤਿੰਨ ਜਿਲਿਆਂ ਦੇ ਟਾਕਰੇ ਉਤੇ ਜਲੰਧਰ ਡਿਵੀਜ਼ਨ ਵਿਚ ਅੱਠ ਜਿਲੇ ਤੇ ਰੂਪਨਗਰ ਡਿਵੀਜ਼ਨ ਵਿਚ ਸਿਰਫ ਦੋ ਜਿਲੇ ਹਨ। ਜੇ ਕਾਂਗਰਸ ਸਰਕਾਰ ਅਕਾਲੀ-ਭਾਜਪਾ ਸਰਕਾਰ ਜਿੰਨਾ ਵੱਡਾ ਫੈਸਲਾ ਨਹੀਂ ਲੈ ਸਕਦੀ ਤਾਂ ਉਨ੍ਹਾਂ ਦੀ ਕਾਣੀ ਵੰਡ ਤਾਂ ਸੋਧ ਸਕਦੀ ਹੈ।
ਇਹ ਮੇਰਾ ਵਿਸ਼ਾ ਤਾਂ ਨਹੀਂ, ਪਰ ਮੇਰਾ ਮਨ ਮੈਨੂੰ ਚੁੱਪ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਮਸਲੇ ਦਾ ਹੱਲ ਵੀ ਸੌਖਾ ਹੈ। ਜਲੰਧਰ ਡਿਵੀਜ਼ਨ ਦੇ ਦੋ ਹਿੱਸੇ ਕਰਕੇ ਅੰਮ੍ਰਿਤਸਰ ਨਾਂ ਦਾ ਨਵਾਂ ਡਿਵੀਜ਼ਨ ਬਣਾਇਆ ਜਾ ਸਕਦਾ ਹੈ। ਬਿਆਸ ਨਦੀ ਦੋਹਾਂ ਡਿਵੀਜ਼ਨਾਂ ਦੀ ਸਾਂਝੀ ਹੱਦ ਹੋ ਸਕਦੀ ਹੈ। ਅੰਮ੍ਰਿਤਸਰ ਡਿਵੀਜ਼ਨ ਵਿਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਤਰਨਤਾਰਨ ਜਿਲੇ ਚਲੇ ਜਾਣ ਨਾਲ ਜਲੰਧਰ ਡਿਵੀਜ਼ਨ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਰਹਿ ਜਾਣਗੇ। ਦੋਹਾਂ ਡਿਵੀਜ਼ਨਾਂ ਵਿਚ ਚਾਰ ਚਾਰ ਜਿਲੇ ਹੋ ਜਾਣਗੇ। ਬਰੋਬਰਾਬਰ, ਦੋ ਤੋਂ ਵੱਧ ਤੇ ਪੰਜ ਤੋਂ ਘੱਟ।
ਇਸੇ ਤਰ੍ਹਾਂ ਪਟਿਆਲਾ ਡਿਵੀਜ਼ਨ ਵਿਚੋਂ ਜਿਲਾ ਫਤਿਹਗੜ੍ਹ ਸਾਹਿਬ ਕੱਢ ਕੇ ਰੂਪਨਗਰ ਡਿਵੀਜ਼ਨ ਵਿਚ ਮਿਲਾਇਆਂ ਉਨ੍ਹਾਂ ਡਿਵੀਜ਼ਨਾਂ ਦੇ ਜਿਲਿਆਂ ਦੀ ਨਿਸਬਤ ਵੀ 5-2 ਦੀ ਥਾਂ 4-3 ਹੋ ਜਾਵੇਗੀ। ਨਿਕਟਤਾ ਬਣੀ ਰਹੇਗੀ ਤੇ ਕਾਣੀ ਵੰਡ ਖਤਮ ਹੋ ਜਾਵੇਗੀ।
ਉਂਜ ਵੀ ਨਵੇਂ ਡਿਵੀਜ਼ਨ ਦਾ ਨਾਂ ਗੁਰੂਨਗਰੀ ਅੰਮ੍ਰਿਤਸਰ ਰੱਖਿਆਂ ਪੰਜਾਬੀ ਭਾਈਚਾਰਾ ਖਿੜੇ ਮੱਥੇ ਪ੍ਰਵਾਨ ਕਰੇਗਾ। ਕਰੋ ਤੇ ਜੱਸ ਖੱਟੋ ਨਵੀਂ ਸਰਕਾਰ ਦੇ ਚਾਲਕੋ! ਜੇ ਸਾਹਿਤਕਾਰ ਦੀ ਨਹੀਂ ਸੁਣਨੀ ਤਾਂ ਸਟੈਟਿਸਟੀਕਲ ਲਾਇਬਰੇਰੀ ਦੇ ਵਰਕੇ ਪਰਤੋ, ਮਾਮਲਾ ਸਪਸ਼ਟ ਹੋ ਜਾਵੇਗਾ।
ਤਾਲਾਬੰਦੀ ਵਾਲੇ ਤਵੇ ਦਾ ਪੁੱਠਾ ਪਾਸਾ: ਅਚਾਨਕ ਲਾਏ ਕਰਫਿਊ ਅਤੇ ਤਾਲਾਬੰਦੀ ਦੇ ਫੈਸਲੇ ਨੇ ਮੁਹੰਮਦ ਤੁਗਲਕ ਤਾਂ ਕੀ, ਹਿਟਲਰ ਅਤੇ ਹਿੰਦੁਸਤਾਨ ਦੀ ਵੰਡ ਕਰਵਾਉਣ ਵਾਲੇ ਮੂਰਖ ਵੀ ਚੇਤੇ ਕਰਵਾ ਦਿੱਤੇ ਹਨ। ਮੈਂ ਦੇਸ਼ ਵੰਡ ਦੇ ਸੰਤਾਪ ਦਾ ਚਸ਼ਮਦੀਦ ਗਵਾਹ ਹਾਂ, ਪਰ ਜੋ ਨਕਸ਼ਾ ਸਤਨਾਮ ਸਿੰਘ ਮਾਣਕ ਨੇ ਅਚਾਨਕ ਥੋਪੀ ਤਾਲਾਬੰਦੀ ਦਾ ਖਿੱਚਿਆ ਹੈ, ਅੰਤਾਂ ਦਾ ਦੁਖਦਾਈ ਹੈ। ਇਸ ਗੀਤ ਵਾਲੀ ਵੀਡੀਓ ‘ਦਰਦ ਦਾ ਦਰਿਆ’ ਰਾਹੀਂ। ਸਮਝ ਨਹੀਂ ਆਉਂਦੀ ਕਿ ਉਸ ਦਰਦ ਦੀ ਤਲਾਫੀ ਕੀ ਹੋਵੇ, ਜੋ ਪਰਵਾਸੀ ਜਿੰਦਾਂ ਨੇ ਭੋਗਿਆ ਹੈ। ਮਾਣਕ ਦੇ ਬੋਲ ਧੁਰ ਅੰਦਰ ਤੱਕ ਅਸਰ ਕਰਦੇ ਹਨ,
ਇਹ ਦਰਦ ਦਾ ਦਰਿਆ ਹੈ
ਕੋਈ ਤਰੇ ਤਾਂ ਕਿੰਜ ਤਰੇ?
ਇਹ ਬੇਬਸੀ ਦਾ ਆਲਮ ਏ
ਕੋਈ ਕਰੇ ਤਾਂ ਕੀ ਕਰੇ?
ਉਹ ਜੋ ਸਨਅਤਾਂ ਦੇ ਪਹੀਏ ਘੁਮਾਉਂਦੇ ਰਹੇ
ਉਹ ਜੋ ਖੇਤਾਂ ‘ਚ ਫਸਲਾਂ ਉਗਾਉਂਦੇ ਰਹੇ
ਉਹ ਜੋ ਭੰਨ ਤੋੜ ਸੜਕਾਂ ਬਣਾਉਂਦੇ ਰਹੇ
ਉਹ ਜੋ ਕਿਰਤਾਂ ਦੀ ਮਹਿਕ ਫੈਲਾਉਂਦੇ ਰਹੇ
ਗਮ ਉਨ੍ਹਾਂ ਦੀ ਜੁਦਾਈ ਦਾ ਜਰੇ ਤਾਂ ਕਿੰਜ ਜਰੇ?
ਇਸ ਵੀਡੀਓ ਵਿਚ ਉਪਰੋਕਤ ਬੋਲਾਂ ਨੂੰ ਪੇਸ਼ ਕਰਦੀਆਂ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ, ਜੋ ਦਿਲ ਕੰਬਾਊ ਹਨ; ਪਰ ਸਮੇਂ ਦੇ ਹਾਕਮਾਂ ਨੂੰ ਹੋਸ਼ ਆਉਂਦੀ ਹੈ ਜਾਂ ਨਹੀਂ! ਇਸ ਬੇਹੁਦਰੀ ਕਾਰਵਾਈ ਨੇ ਪੱਤਰਕਾਰ ਸਤਨਾਮ ਸਿੰਘ ਦੇ ਸੰਗੀਤਮਈ ਮਨ ਦਾ ਪਰਵਾਹ ਬਾਹਰ ਲੈ ਆਂਦਾ ਹੈ। ਵੇਖੋ, ਸੁਣੋ ਤੇ ਵਿਚਾਰੋ!
ਅੰਤਿਕਾ: ਮਿਰਜ਼ਾ ਗਾਲਿਬ
ਮੇਰੀ ਕਿਸਮਤ ਮੇਂ ਗਮ ਗਰ ਇਤਨਾ ਥਾ
ਦਿਲ ਭੀ ਐ ਰੱਬ! ਕਈ ਦੀਏ ਹੋਤੇ,
ਆ ਹੀ ਜਾਤਾ ਵੁਹ ਰਾਹ ਪਰ ਗਾਲਿਬ
ਕੋਈ ਦਿਨ ਔਰ ਭੀ ਜੀਏ ਹੋਤੇ।