ਜਥੇਦਾਰ ਦੇ ਬਿਆਨ ਨਾਲ ਸਿਆਸਤ ਅੰਦਰ ਹਲਚਲ

ਖਾਲਿਸਤਾਨ ਦੀ ਮੰਗ ‘ਤੇ ਉਠੇ ਸਵਾਲ
ਚੰਡੀਗੜ੍ਹ: ਸਾਕਾ 84 ਦੀ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਖਾਲਿਸਤਾਨ ਦੀ ਮੰਗ ਬਾਰੇ ਦਿੱਤੇ ਗਏ ਬਿਆਨ ਨੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਗਰਮ ਖਿਆਲ ਧੜੇ ਉਨ੍ਹਾਂ ਦੇ ਇਸ ਬਿਆਨ ਤੋਂ ਬਾਗੋ-ਬਾਗ ਹਨ ਜਦਕਿ ਕੁਝ ਹਲਕਿਆਂ ਦਾ ਆਖਣਾ ਹੈ ਕਿ ਜਿਸ ਤਰ੍ਹਾ ਦਾ ਮਾਹੌਲ ਚੱਲ ਰਿਹਾ ਹੈ, ਇਸ ਬਿਆਨ ਨੇ ਨਾ ਸਿਰਫ ਸਿੱਖਾਂ ਅੰਦਰ ਭੰਬਲਭੂਸਾ ਪੈਦਾ ਕੀਤਾ ਹੈ, ਸਗੋਂ ਸਿਆਸੀ ਧਿਰਾਂ ਨੂੰ ਪੰਜਾਬ ਵਿਚ ਅਤਿਵਾਦ ਦੇ ਨਾਂ ਉਤੇ ਸਿਆਸਤ ਕਰਕੇ ਸਿੱਖਾਂ ਉਤੇ ਹੋਰ ਸ਼ਿਕੰਜਾ ਕੱਸਣ ਦਾ ਇਕ ਹੋਰ ਮੌਕਾ ਦੇ ਦਿੱਤਾ ਹੈ।

ਆਮ ਆਦਮੀ ਪਾਰਟੀ ਜਿਥੇ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਆਪ ਉਤੇ ਗਰਮਖਿਆਲੀਆਂ ਦੀ ਹਮਾਇਤ ਦੇ ਲੱਗੇ ਠੱਪੇ ਨੂੰ ਅਕਾਲੀਆਂ ਸਿਰ ਮੜ੍ਹਨ ਦੇ ਯਤਨਾਂ ਵਿਚ ਲੱਗੀ ਹੈ, ਉਥੇ ਕਾਂਗਰਸ ਵੀ ਬਾਦਲਾਂ ਅੱਗੇ ਤਿੱਖੇ ਸਵਾਲ ਲੈ ਕੇ ਖੜ੍ਹ ਗਈ ਹੈ। ਸ਼੍ਰੋਮਣੀ ਅਕਾਲੀ ਦਲ ਇਸ ਨੂੰ ਅਕਾਲ ਤਖਤ ਸਾਹਿਬ ਦੇ ਨਿੱਜੀ ਵਿਚਾਰ ਦੱਸ ਕੇ ਮਾਮਲੇ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਹੁਣ ਬਾਦਲਾਂ ਨੂੰ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਸੱਤਾ ‘ਤੇ ਕਾਬਜ਼ ਸੀ ਤਾਂ ਉਦੋਂ ਦਸ ਸਾਲਾਂ ਦੇ ਸਮੇਂ ਦੌਰਾਨ ਅਕਾਲ ਤਖਤ ਦੇ ਕਿਸੇ ਵੀ ਜਥੇਦਾਰ ਨੇ ਖਾਲਿਸਤਾਨ ਦੀ ਮੰਗ ਕਿਉਂ ਨਹੀਂ ਕੀਤੀ?
ਦੂਜੇ ਪਾਸੇ ਸਿੱਖ ਚਿੰਤਕ ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਸਵਾਲ ਕਰ ਰਹੇ ਹਨ ਕਿ ਮਸਲਾ ਖਾਲਿਸਤਾਨ ਦੀ ਜਾਇਜ਼ ਜਾਂ ਨਾਜਾਇਜ਼ ਮੰਗ ਦਾ ਨਹੀਂ, ਮੌਕੇ ਦੀ ਨਜ਼ਾਕਤ ਦਾ ਹੈ। ਇਹ ਉਹ ਸਮਾਂ ਹੈ, ਜਦੋਂ ਸਿੱਖਾਂ ਦੇ ਅਣਗਿਣਤ ਮਸਲੇ ਮੂੰਹ ਅੱਡੀ ਖੜ੍ਹੇ ਹਨ, ਪਰ ਕੌਮ ਦੀ ਅਗਵਾਈ ਕਰ ਰਹੀਆਂ ਇਹ ਸਿੱਖ ਸੰਸਥਾਵਾਂ ਇਸ ਪਾਸੇ ਕੰਨ ਕਰਨ ਲਈ ਭੋਰਾ ਵੀ ਤਿਆਰ ਨਹੀਂ ਹਨ। ਯਾਦ ਰਹੇ ਕਿ ਸਾਕਾ 84 ਦੀ ਬਰਸੀ ਮੌਕੇ ਹਰ ਸਾਲ ਦਰਬਾਰ ਸਾਹਿਬ ਵਿਚ ਗਰਮਖਿਆਲੀਆਂ ਅਤੇ ਸ਼੍ਰੋਮਣੀ ਕਮੇਟੀ ਆਗੂਆਂ ਵਿਚ ਟਕਰਾਅ ਸਿੱਖਾਂ ਲਈ ਸਦਾ ਨਮੋਸ਼ੀ ਬਣਦਾ ਰਿਹਾ ਹੈ। ਸ਼੍ਰੋਮਣੀ ਕਮੇਟੀ ਹਰ ਵਾਰ ਗਰਮਖਿਆਲੀਆਂ ਵਲੋਂ ਦਰਬਾਰ ਸਾਹਿਬ ਅੰਦਰ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਮਾਰਨ ਉਤੇ ਇਤਰਾਜ਼ ਕਰਦੀ ਹੈ ਜੋ ਇਸ ਟਕਰਾਅ ਦਾ ਕਾਰਨ ਬਣਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਵਾਰ ਇਕ ਪਾਸੇ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੂੰ ‘ਤੱਤੇ ਨਾਅਰੇ’ ਲਾਉਣ ਲਈ ਦਰਬਾਰ ਸਾਹਿਬ ਜਾਣ ਤੋਂ ਰੋਕ ਦਿੱਤਾ ਗਿਆ ਤੇ ਦੂਜੇ ਪਾਸੇ ਜਥੇਦਾਰ ਨੇ ਹੀ ਖਾਲਿਸਤਾਨ ਦਾ ਹੋਕਾ ਦੇ ਦਿੱਤਾ। ਬਾਅਦ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਸ ਦੀ ਪ੍ਰੋੜ੍ਹਤਾ ਕਰ ਦਿੱਤੀ। ਹੁਣ ਸਵਾਲ ਇਹ ਹੈ ਕਿ ਜਥੇਦਾਰ ਦਾ ਇਹ ਐਲਾਨ ਪਹਿਲਾਂ ਤੋਂ ਹੀ ਤੈਅ ਰਣਨੀਤੀ ਮੁਤਾਬਕ ਸੀ?
ਚੇਤੇ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਬਣਨ ਪਿੱਛੋਂ ਜਿਸ ਤਰ੍ਹਾਂ ਵੱਖ-ਵੱਖ ਮਾਮਲਿਆਂ ਬਾਰੇ ਪਹੁੰਚ ਅਪਣਾਈ, ਉਸ ਨੇ ਸਿੱਖ ਮਸਲਿਆਂ ਦੇ ਹੱਲ ਬਾਰੇ ਵੱਡੀਆਂ ਆਸਾਂ ਜਗਾਈਆਂ ਸਨ। ਘੱਟ ਗਿਣਤੀ ਨਾਲ ਧੱਕੇਸ਼ਾਹੀ, ਖਾਸ ਕਰਕੇ ਜੰਮੂ ਕਸ਼ਮੀਰ ਵਿਚ ਧਾਰਾ 270 ਖਤਮ ਕਰਨ, ਕਰਤਾਰਪੁਰ ਲਾਂਘੇ ਨੂੰ ਅਤਿਵਾਦ ਨਾਲ ਜੋੜਨ, ਆਰæ ਐਸ਼ ਐਸ਼ ਦੀਆਂ ਫਿਰਕੂ ਰਣਨੀਤੀ ਦੇ ਮਸਲੇ ਅੱਗੇ ਉਹ (ਜਥੇਦਾਰ) ਡਟ ਕੇ ਖੜ੍ਹੇ ਹੋਏ। ਹੁਣ ਤਾਜ਼ਾ ਬਿਆਨ ਨੇ ਕੌਮ ਵਿਚ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਜਥੇਦਾਰ ਬਾਅਦ ਵਿਚ ਆਪਣੇ ਇਸ ਬਿਆਨ ਬਾਰੇ ਕੋਈ ਸਪਸ਼ਟੀਕਰਨ ਦੇਣ ਦੀ ਥਾਂ ਚੁੱਪ ਹੀ ਵੱਟ ਗਏ। ਇਥੋਂ ਤੱਕ ਕਿ ਜਥੇਦਾਰ ਦੀ ‘ਹਾਂ ਵਿਚ ਹਾਂ’ ਮਿਲਾਉਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਹੁਣ ਇਸ ਮਸਲੇ ਬਾਰੇ ਕੁਝ ਬੋਲਣ ਤੋਂ ਟਾਲਾ ਵੱਟ ਰਹੇ ਹਨ। ਯਾਦ ਰਹੇ ਕਿ ਸਾਕਾ 84 ਦੀ 36ਵੀਂ ਬਰਸੀ ਦੇ ਮੌਕੇ ‘ਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਾ ਸਿਰਫ ਖਾਲਿਸਤਾਨ ਦੀ ਮੰਗ ਦੀ ਹਮਾਇਤ ਕੀਤੀ ਸਗੋਂ ਇਹ ਵੀ ਆਖ ਦਿੱਤਾ ਕਿ ‘ਜੇਕਰ ਭਾਰਤ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦੇ ਦਿੰਦੀ ਹੈ ਤਾਂ ਉਹ ਇਸ ਨੂੰ ਲੈ ਲੈਣਗੇ, ਇਸ ਤੋਂ ਵੱਡੀ ਖੁਸ਼ੀ ਦੀ ਕੋਈ ਗੱਲ ਹੋ ਹੀ ਨਹੀਂ ਸਕਦੀ। ਦੁਨੀਆਂ ਦਾ ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ।’ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਕੇਂਦਰ ਵਿਚ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਬਾਦਲ ਦੇ ਭਾਈਵਾਲਾਂ ਦੀ ਸਰਕਾਰ ਹੈ ਤੇ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੈ, ਫਿਰ ਇਸ ਮੰਗ (ਖਾਲਿਸਤਾਨ) ਬਾਰੇ ਸਰਕਾਰ ਕੋਲ ਸਿੱਧੀ ਪਹੁੰਚ ਕਰਨ ਵਿਚ ਕੀ ਹਰਜ ਸੀ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਇਸ ਬਾਰੇ ਆਖਿਆ ਹੈ ਕਿ ਜਥੇਦਾਰ ਨੇ ਖਾਲਿਸਤਾਨ ਦੀ ਮੰਗ ਸਬੰਧੀ ਬਿਆਨ ਤਾਂ ਬਹੁਤ ਵੱਡਾ ਦੇ ਦਿੱਤਾ ਹੈ ਜਦਕਿ ਇਸ ਦੇ ਰਾਜਨੀਤਕ ਸਿੱਟਿਆਂ ਬਾਰੇ ਚਿੰਤਨ ਨਹੀਂ ਕੀਤਾ; ਇਸ ਲਈ ਉਹ ਇਹ ਸਪਸ਼ਟ ਕਰਨ ਕਿ ਖਾਲਿਸਤਾਨ ਬਣਨ ਦੀ ਸੂਰਤ ਵਿਚ ਇਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਹਿੰਦੁਸਤਾਨ ਤੋਂ ਸੁਰੱਖਿਆ ਕਿਵੇਂ ਕੀਤੀ ਜਾਵੇਗੀ? ਇਸ ਸਮੇਂ ਪੰਜਾਬ ‘ਚ ਰਹਿੰਦੇ ਗੈਰ-ਸਿੱਖ ਸ਼ਹਿਰੀਆਂ ਦਾ ਖਾਲਿਸਤਾਨ ਵਿਚ ਕੀ ਸਟੇਟਸ ਹੋਵੇਗਾ ਤੇ ਪੰਜਾਬ ਵਿਚ ਵਹਿੰਦੇ ਦਰਿਆਈ ਪਾਣੀ, ਭਾਖੜਾ ਤੇ ਪੌਂਗ ਡੈਮ ਤੇ ਸ੍ਰੀ ਆਨੰਦਪੁਰ ਸਾਹਿਬ, ਖਾਲਿਸਤਾਨ ਵਿਚ ਹੋਣਗੇ ਜਾਂ ਬਾਹਰ? ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ, ਪੰਜਾਬ ਪੁਨਰਗਠਨ ਐਕਟ 1966 ਦੇ ਸੈਕਸ਼ਨ 72 ਤਹਿਤ ਆਪਣੇ ਸਿੱਖ ਭਾਈਚਾਰੇ ਨੂੰ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਣ ਲਈ ਤਿਆਰ ਨਹੀਂ ਹੈ ਜਦਕਿ ਉਹ ਭਾਰਤ ਸਰਕਾਰ ਤੋਂ ਖਾਲਿਸਤਾਨ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਪੰਜਾਬ ਲਈ ਚੰਡੀਗੜ੍ਹ ਦੀ ਬਤੌਰ ਰਾਜਧਾਨੀ ਮੰਗ ਨਹੀਂ ਕੀਤੀ ਤੇ ਖਾਲਿਸਤਾਨ ਦੀ ਮੰਗ ਪ੍ਰਤੀ ਉਹ ਸੱਚਮੁੱਚ ‘ਚ ਗੰਭੀਰ ਹਨ ਜਾਂ ਕੋਈ ਸੁਪਨਾ ਵੇਖ ਰਹੇ ਹਨ?
__________________________
ਖੁਫੀਆ ਵਿੰਗ ਦੀ ਜਥੇਦਾਰ ‘ਤੇ ਨਜ਼ਰ
ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਾਬਕਾ ਜਥੇਦਾਰ ਪ੍ਰੋæ ਮਨਜੀਤ ਸਿੰਘ ਨਾਲ ਬੈਠਕ ਨੇ ਪੰਥਕ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਥੇਦਾਰ ਸ੍ਰੀ ਅਕਾਲ ਤਖਤ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਅਤੇ ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਿੱਧੇ ਪ੍ਰੋæ ਮਨਜੀਤ ਸਿੰਘ ਦੀ ਰਿਹਾਇਸ਼ ਵਿਖੇ ਗੁਪਤ ਮੁਲਾਕਾਤ ਲਈ ਚਲੇ ਗਏ। ਹਾਲਾਂਕਿ ਦੋਵਾਂ ਵਿਚਾਲੇ ਹੋਈ ਗੱਲਬਾਤ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਇਸ ਮੁਲਾਕਾਤ ਨੂੰ ਖਾਲਿਸਤਾਨ ਬਾਰੇ ਆਏ ਬਿਆਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਧਰ, ਪੰਜਾਬ ਪੁਲਿਸ ਦਾ ਖੁਫੀਆ ਵਿੰਗ ਇਸ ਮੁਲਾਕਾਤ ਸਬੰਧੀ ਵੇਰਵੇ ਇਕੱਠੇ ਕਰਨ ਲਈ ਸਾਰਾ ਦਿਨ ਨੱਠ ਭੱਜ ਕਰਦਾ ਰਿਹਾ।