ਪਿਛਲੇ ਕੁਝ ਸਮੇਂ ਤੋਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਮਸਲਿਆਂ ਬਾਰੇ ਵੇਲੇ ਸਿਰ ਪਹਿਲਕਦਮੀ ਕਰਕੇ ਚੰਗੀ ਭੱਲ ਬਣਾਈ ਹੈ। ਅਸਲ ਵਿਚ ਜਦੋਂ ਤੋਂ ਬਾਦਲ ਪਰਿਵਾਰ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਉਤੇ ਕਾਬਜ਼ ਹੋਇਆ ਹੈ ਅਤੇ ਇਸ ਨੇ ਜਿਸ ਢੰਗ ਨਾਲ ਇਸ ਸੰਸਥਾ ਨੂੰ ਆਪਣੇ ਨਿੱਜੀ ਮੁਫਾਦ ਲਈ ਵਰਤਿਆ ਹੈ, ਉਸ ਨੇ ਸਿੱਖ ਹਲਕਿਆਂ ਅੰਦਰ ਨਿਰਾਸ਼ਾ ਅਤੇ ਅੱਧੋਗਤੀ ਵਾਲਾ ਆਲਮ ਤਾਰੀ ਕਰ ਦਿੱਤਾ ਸੀ। ਇਸ ਸੰਸਥਾ ਉਤੇ ਬਾਦਲਾਂ ਦਾ ਸਿਆਸੀ ਕਬਜ਼ਾ ਤੁੜਵਾਉਣ ਦੀ ਕਵਾਇਦ ਵਜੋਂ ਹੀ ਸਰਬੱਤ ਖਾਲਸਾ ਹੋਂਦ ਵਿਚ ਆਇਆ ਸੀ ਅਤੇ ਉਸ ਵਕਤ ਸੰਗਤ ਦੀ ਹਾਜ਼ਰੀ ਵਿਚ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ ਗਿਆ ਸੀ।
ਇਸ ਮਾਮਲੇ ਵਿਚ ਗੱਲ ਬਹੁਤੀ ਅਗਾਂਹ ਤਾਂ ਨਹੀਂ ਤੁਰ ਸਕੀ, ਪਰ ਜਦੋਂ ਤੋਂ ਗਿਆਨੀ ਗਰਪ੍ਰੀਤ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਦਾ ਕਾਰਜਕਾਰੀ ਪਦ-ਭਾਰ ਸੰਭਾਲਿਆ ਹੈ, ਉਨ੍ਹਾਂ ਦੀਆਂ ਕੀਤੀਆਂ ਕਈ ਪਹਿਲਕਦਮੀਆਂ ਨੂੰ ਭਰਪੂਰ ਹੁੰਗਾਰਾ ਮਿਲਿਆ। ਕੁਝ ਸਿੱਖ ਹਲਕੇ ਤਾਂ ਇਸ ਗੱਲੋਂ ਹੈਰਾਨ ਸਨ ਕਿ ਜਥੇਦਾਰ, ਜਿਸ ਨੂੰ ਬਾਦਲਾਂ ਦੀ ਕਬਜ਼ੇ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਮਜ਼ਦ ਕੀਤਾ ਹੈ, ਅਜਿਹੇ ਐਲਾਨ ਕਿਸ ਤਰ੍ਹਾਂ ਕਰ ਰਹੇ ਹਨ! ਕੁਝ ਮਾਮਲਿਆਂ ਵਿਚ ਜਥੇਦਾਰ ਨੇ ਬਾਦਲਾਂ ਨੂੰ ਕਸੂਤੀ ਹਾਲਤ ਵਿਚ ਵੀ ਫਸਾਇਆ। ਕਈ ਵਾਰ ਜਥੇਦਾਰ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤੇ ਜਾਣ ਬਾਰੇ ਵੀ ਚਰਚਾ ਛਿੜੀ, ਪਰ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਾਰਟੀ ਅੰਦਰਲੀ ਟੁੱਟ-ਭੱਜ ਅਤੇ ਬੇਅਦਬੀ ਕਾਂਡ ਕਾਰਨ ਹੋਈ ਬਦਨਾਮੀ ਕਾਰਨ ਇਸ ਕਦਰ ਨਿਢਾਲ ਹੋਈ ਪਈ ਹੈ ਕਿ ਇਸ ਨੇ ਮਸਲੇ ਨੂੰ ਹੋਰ ਵਧਾਉਣਾ ਸ਼ਾਇਦ ਠੀਕ ਨਾ ਸਮਝਿਆ ਹੋਵੇ। ਉਧਰ, ਸਿੱਖਾਂ ਦੇ ਤੱਤੇ ਆਖੇ ਜਾਂਦੇ ਹਿੱਸੇ ਵਲੋਂ ਜਥੇਦਾਰ ਨੂੰ ਗਾਹੇ-ਬਗਾਹੇ ਹਮਾਇਤ ਮਿਲਦੀ ਰਹੀ, ਜਿਸ ਦੇ ਸਿੱਟੇ ਵਜੋਂ ਸਿੱਖਾਂ ਦੇ ਕਰੀਬ ਸਾਰੇ ਹਲਕਿਆਂ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਖਾਸ ਜਗ੍ਹਾ ਬਣਾ ਲਈ। ਅਜਿਹਾ ਇਸ ਕਰਕੇ ਹੀ ਵਾਪਰ ਸਕਿਆ, ਕਿਉਂਕਿ ਉਹ ਸਿੱਖਾਂ ਦੇ ਵੱਖ-ਵੱਖ ਹਲਕਿਆਂ ਨਾਲ ਆਪਣੇ ਪੱਧਰ ‘ਤੇ ਰਾਬਤਾ ਰੱਖਦੇ ਆ ਰਹੇ ਹਨ।
ਜੂਨ ਮਹੀਨਾ ਸੰਸਾਰ ਭਰ ਦੇ ਸਿੱਖਾਂ ਲਈ ਅੰਤਾਂ ਦਾ ਦਰਦ ਲੈ ਕੇ ਆਉਂਦਾ ਹੈ। ਕਰੀਬ ਸਾਢੇ ਤਿੰਨ ਦਹਾਕੇ ਪਹਿਲਾਂ ਇੰਦਰਾ ਸਰਕਾਰ ਨੇ ਅਕਾਲ ਤਖਤ ‘ਤੇ ਹਮਲਾ ਕਰਕੇ ਜਿਸ ਤਰ੍ਹਾਂ ਸਿੱਖ ਹਿਰਦਿਆਂ ਨੂੰ ਵਲੂੰਧਰ ਸੁੱਟਿਆ ਸੀ, ਉਹ ਜ਼ਖਮ ਅਜੇ ਵੀ ਰਿਸ ਰਹੇ ਹਨ। ਸ਼ਰਧਾਲੂ ਸਿੱਖ ਹਿਰਦਿਆਂ ਦੇ ਇਸ ਦਰਦ ਅਤੇ ਫਿਰ ਪੁਲਿਸ ਦੀਆਂ ਜ਼ਿਆਦਤੀਆਂ ਨੇ ਪੰਜਾਬ ਅੰਦਰ ਉਹ ਸਮਾਂ ਵੀ ਲਿਆਂਦਾ, ਜਿਸ ਵਿਚ ਕਤਲੋਗਾਰਤ ਹਰ ਸੀਮਾ ਪਾਰ ਕਰ ਗਈ, ਤੇ ਘਰਾਂ ਦੇ ਘਰ ਉਜੜ ਗਏ। ਇਹੀ ਉਹ ਮਸਾਂ ਸੀ, ਜਿਸ ਨੇ ਪੰਜਾਬ ਦੇ ਹਰ ਮਰਹੱਲੇ ਉਤੇ ਆਪਣਾ ਅਸਰ ਛੱਡਿਆ। ਉਸ ਵਕਤ ਬੇਕਿਰਕ ਸਿਆਸਤ ਨੇ ਲੋਕਾਂ ਦਾ ਭਰੋਸਾ ਤੋੜ ਸੁੱਟਿਆ। ਖੈਰ! ਉਹ ਸਮਾਂ ਵੀ ਲੰਘਿਆ ਅਤੇ ਅੱਜ ਸਿੱਖ, ਸੰਸਾਰ ਦੇ ਵੱਖ-ਵੱਖ ਹਿੱਸਿਆਂ ਅੰਦਰ ਆਪਣੋ-ਆਪਣੇ ਢੰਗ ਨਾਲ ਵਿਚਰ ਰਹੇ ਹਨ ਅਤੇ ਉਸ ਦੌਰ ਦੀਆਂ ਘਟਨਾਵਾਂ-ਦੁਰਘਟਨਾਵਾਂ ਨੂੰ ਯਾਦ ਕਰਦੇ ਹਨ। ਅਜਿਹੇ ਹਾਲਾਤ ਦੌਰਾਨ ਜਿਸ ਤਰ੍ਹਾਂ ਦਾ ਬਿਆਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਹੈ, ਉਸ ਨੇ ਉਨ੍ਹਾਂ ਦੀ ਭੂਤ ਤੇ ਭਵਿੱਖ ਦੀ ਪਹੁੰਚ ਬਾਰੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਬੇਸ਼ੱਕ, ਖਾਲਿਸਤਾਨ ਜਾਂ ਸਿੱਖਾਂ ਨਾਲ ਜੁੜੀਆਂ ਅਜਿਹੀਆਂ ਹੋਰ ਮੰਗਾਂ ਹਰ ਕਿਸੇ ਦਾ ਬੁਨਿਆਦੀ ਹੱਕ ਹੈ, ਪਰ ਅੱਜ ਸਿੱਖ ਜਗਤ ਜਿਨ੍ਹਾਂ ਸਮੱਸਿਆਵਾਂ ਤੇ ਮੁਸੀਬਤਾਂ ਨਾਲ ਦੋ-ਚਾਰ ਹੋ ਰਿਹਾ ਹੈ, ਖਾਲਿਸਤਾਨ ਦੀ ਮੰਗ ਬਾਰੇ ਬਿਆਨ ਕੀ ਉਨ੍ਹਾਂ ਵਿਚੋਂ ਸਭ ਤੋਂ ਅਹਿਮ ਹੈ? ਸਿੱਖ ਸਮਾਜ ਦੀ ਅਧੋਗਤੀ ਅੱਜ ਕਿਸੇ ਤੋਂ ਲੁਕੀ ਹੋਈ ਨਹੀਂ। ਇਸ ਦਾ ਸਭ ਤੋਂ ਵੱਡਾ ਕਾਰਨ ਸਿੱਖਾਂ ਦੀ ਲੀਡਰਸ਼ਿਪ ਹੈ। ਦੂਜੇ ਬੰਨੇ, ਮੋਦੀ ਸਰਕਾਰ ਦੀ ਆਮਦ ਪਿਛੋਂ ਘੱਟ ਗਿਣਤੀਆਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਸਾਹਮਣੇ ਆਇਆ ਹੈ, ਉਸ ਪ੍ਰਸੰਗ ਵਿਚ ਜਥੇਦਾਰ ਦੇ ਇਸ ਬਿਆਨ ਦੇ ਕੀ ਮਾਇਨੇ ਬਣਦੇ ਹਨ?
ਕੁਝ ਸਿੱਖ ਹਲਕਿਆਂ ਨੇ ਜਥੇਦਾਰ ਦੇ ਇਸ ਬਿਆਨ ਨੂੰ ਕੁਵੇਲੇ ਦਿੱਤਾ ਅਤੇ ਭੰਬਲਭੂਸਾ ਪਾਉਣ ਵਾਲਾ ਕਰਾਰ ਦਿੱਤਾ ਹੈ। ਪਹਿਲਾਂ ਵੀ ਅਜਿਹੇ ਮੌਕੇ ਆਏ ਹਨ, ਜਦੋਂ ਸਿੱਖ ਲੀਡਰਸ਼ਿਪ ਤੋਂ ਆਸ ਕੀਤੀ ਜਾ ਰਹੀ ਸੀ ਕਿ ਉਹ ਹਾਲਾਤ ਨੂੰ ਹੰਘਾਲ ਕੇ ਦਖਲ ਦੇਵੇਗੀ, ਪਰ ਸੌੜੀ ਸਿਆਸਤ ਦੀਆਂ ਸੀਮਾਵਾਂ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਸਿੱਟੇ ਵਜੋਂ ਸਿੱਖਾਂ ਨੂੰ ਖਾਸ ਕਰਕੇ ਅਤੇ ਪੰਜਾਬੀਆਂ ਨੂੰ ਆਮ ਕਰਕੇ ਬਲਦੀ ਦੇ ਬੁੱਥੇ ਪੈਣਾ ਪਿਆ। ਇਸੇ ਕਰਕੇ ਆਸ ਕੀਤੀ ਜਾਂਦੀ ਹੈ ਕਿ ਅਜਿਹੇ ਸੰਜੀਦਾ ਮਸਲਿਆਂ ਬਾਰੇ ਚਲੰਤ ਬਿਆਨਾਂ ਤੋਂ ਪਰਹੇਜ਼ ਕੀਤਾ ਜਾਵੇ। ਇਹ ਅਸਲ ਵਿਚ ਵੱਡੇ ਮਸਲੇ ਹਨ, ਜਿਨ੍ਹਾਂ ਨੂੰ ਬਿਆਨਾਂ ਰਾਹੀ ਸੰਬੋਧਨ ਨਹੀਂ ਹੋਇਆ ਜਾ ਸਕਦਾ। ਅਜਿਹੇ ਕਾਰਜਾਂ ਲਈ ਸਿਰ ਜੋੜਨੇ ਪੈਂਦੇ ਹਨ ਤੇ ਸਿਰ ਜੋੜ ਕੇ ਬੈਠਣ ਲਈ ਅਜਿਹਾ ਮਾਹੌਲ ਤਿਆਰ ਕਰਨਾ ਪੈਂਦਾ ਹੈ, ਜਿਸ ਵਿਚ ਹਰ ਸ਼ਖਸ ਆਪਣੀ ਗੱਲ ਨਿਰਭੈ ਹੋ ਕੇ ਰੱਖ ਸਕੇ। ਜਦੋਂ ਤੱਕ ਅਜਿਹਾ ਮਾਹੌਲ ਨਹੀਂ ਬਣ ਜਾਂਦਾ, ਉਦੋਂ ਤਕ ਅਜਿਹੇ ਬਿਆਨ ਸਿੱਖ ਮਨਾਂ ‘ਚ ਭੰਬਲਭੂਸਾ ਪੈਦਾ ਕਰਦੇ ਰਹਿਣਗੇ ਅਤੇ ਵੱਖ-ਵੱਖ ਰੰਗ ਦੀ ਲੀਡਰਸ਼ਿਪ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਰਹੇਗੀ। ਕੇਂਦਰੀ ਸੱਤਾ ਸਦਾ ਇਹੀ ਚਾਹੁੰਦੀ ਹੈ ਕਿ ਲੋਕਾਂ ਨੂੰ ਭੰਬਲਭੂਸਿਆਂ ਅੰਦਰ ਲਪੇਟ ਕੇ ਆਪਣੇ ਸਾਰੇ ਕਾਰਜ ਸਿੱਧ ਕੀਤੇ ਜਾਣ। ਕਰੋਨਾ ਸੰਕਟ ਨੂੰ ਸੱਤਾ ਜਿਸ ਤਰੀਕੇ ਨਾਲ ਵਰਤ ਰਹੀ ਹੈ, ਜੇ ਉਸ ਨੂੰ ਸਮਝੇ ਬਿਨਾ ਕੋਈ ਅਜਿਹੇ ਬਿਆਨ ਦਾਗਦਾ ਹੈ ਤਾਂ ਆਪੇ ਫਾਥੜੀ ਨੂੰ ਛੁਡਾਉਣ ਵਾਲਾ ਸ਼ਾਇਦ ਕੋਈ ਵੀ ਨਹੀਂ ਹੋ ਸਕਦਾ।