ਗੱਦੀ ਲਈ ਟਰੰਪ ਨੇ ‘ਜੈ ਮੌਤ’ ਵਾਲੀ ਪਹੁੰਚ ਅਪਨਾਈ

ਹੁਣ ਜਦੋਂ ਪੁਲਿਸ ਦੀ ਨਸਲਵਾਦੀ ਹਿੰਸਾ ਵਿਰੁਧ ਰੋਸ ਮੁਜਾਹਰੇ ਜ਼ੋਰਾਂ ‘ਤੇ ਹਨ, ਵ੍ਹਾਈਟ ਹਾਊਸ ਵਿਚ ਫਾਸ਼ੀਵਾਦ ਦੀ ਪੂਰੀ ਚੜ੍ਹਾਈ ਹੈ ਅਤੇ ਕੋਵਿਡ-19 ਅਜੇ ਵੀ ਬਜ਼ਿੱਦ ਹੈ ਤਾਂ ਮੁਲਕ ਲਈ ਇਹ ਫੈਸਲਾਕੁਨ ਘੜੀ ਹੈ। ਇਤਿਹਾਸ ਦੇ ਇਸ ਵਿਸਫੋਟਕ ਮੋੜ ਬਾਰੇ ਪ੍ਰੋਫੈਸਰ ਜੌਰਜ ਯੈਂਸੀ ਨੇ ਆਧੁਨਿਕ ਭਾਸ਼ਾ ਵਿਗਿਆਨ ਦੇ ਪਿਤਾਮਾ ਨੋਮ ਚੌਮਸਕੀ ਨਾਲ ਗੱਲਬਾਤ ਕੀਤੀ ਹੈ। ਚੌਮਸਕੀ ਦੁਨੀਆਂ ਦੇ ਉਘੇ ਬੁੱਧੀਜੀਵੀਆਂ ਵਿਚੋਂ ਹਨ। ਇਸ ਗੱਲਬਾਤ ਵਿਚ ਚੌਮਸਕੀ ਦੱਸਦੇ ਹਨ ਕਿ ਮੌਜੂਦਾ ਚੁਣੌਤੀ ਦਾ ਅਸੀਂ ਬਿਹਤਰੀਨ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਅਤੇ ਭਵਿਖ ਲਈ ਕਿਵੇਂ ਤਿਆਰ ਹੋ ਸਕਦੇ ਹਾਂ। ਇਸ ਵਾਰ ਇਸ ਗੱਲਬਾਤ ਦਾ ਪਹਿਲਾ ਹਿੱਸਾ ਛਾਪਿਆ ਜਾ ਰਿਹਾ ਹੈ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਜੌਰਜ ਯੈਂਸੀ: ਇਸ ਤੋਂ ਪਹਿਲਾਂ ਕਿ ਕੋਵਿਡ-19 ਬਾਰੇ ਸਵਾਲ ਕਰਾਂ, ਮੈਂ ਜੌਰਜ ਫਲਾਇਡ ਦੇ ਹੌਲਨਾਕ ਕਤਲ ਅਤੇ ਇਸ ਬਾਰੇ ਤੁਹਾਡੇ ਵਿਚਾਰ ਜਾਨਣ ਤੋਂ ਸ਼ੁਰੂ ਕਰਨਾ ਚਾਹਾਂਗਾ ਕਿ ਅਮਰੀਕਾ ਅਤੇ ਦੁਨੀਆਂ ਭਰ ਵਿਚ ਹੋ ਰਹੇ ਰੋਸ ਮੁਜ਼ਾਹਰਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ। ਮੇਰੀ ਦਿਲਚਸਪੀ ਖਾਸ ਤੌਰ ‘ਤੇ ਕਥਿਤ ਬਗਾਵਤ ਨੂੰ ਕੁਚਲਣ ਲਈ ਟਰੰਪ ਦੀ ਫੌਜ ਲਾਉਣ ਦੀ ਲੱਫਾਜ਼ੀ ਬਾਰੇ ਤੁਹਾਡੇ ਹੁੰਗਾਰੇ ਵਿਚ ਹੈ।
ਨੋਮ ਚੌਮਸਕੀ: Ḕਹੌਲਨਾਕ ਕਤਲ’ ਤਾਂ ਸਹੀ ਹੈ। ਲੇਕਿਨ ਹੁਣ ਜੋ ਕਾਲੇ ਅਮਰੀਕਨਾਂ ਦੇ ਕਤਲ ਹੋ ਰਹੇ ਹਨ, ਉਨ੍ਹਾਂ ਬਾਰੇ ਅਸੀਂ ਸਪਸ਼ਟ ਰਹੀਏ। ਮਿਨੀਆਪੋਲਸ ਵਿਚ ਕੁਝ ਨਸਲਵਾਦੀ ਪੁਲਸੀਆਂ ਦੀ ਵਹਿਸ਼ਤ ਤਾਂ ਅਸਲ ਜੁਰਮ ਦਾ ਬਹੁਤ ਨਿੱਕਾ ਜਿਹਾ ਹਿੱਸਾ ਹੈ। ਇਹ ਦੇਖਿਆ ਗਿਆ ਹੈ ਕਿ ਮਹਾਮਾਰੀ ਨਾਲ ਮੌਤਾਂ ਦੀ ਦਰ ਸਿਆਹਫਾਮ ਲੋਕਾਂ ਵਿਚ ਕਿਤੇ ਜ਼ਿਆਦਾ ਹੈ। ਇਕ ਹਾਲੀਆ ਅਧਿਐਨ ਵਿਚ ਖੁਲਾਸਾ ਹੋਇਆ ਕਿ “ਔਸਤ ਤੋਂ ਜ਼ਿਆਦਾ ਗੋਰੀ ਵਸੋਂ ਵਾਲੀਆਂ ਕਾਊਂਟੀਆਂ ਦੇ ਮੁਕਾਬਲੇ ਔਸਤ ਤੋਂ ਜ਼ਿਆਦਾ ਸਿਆਹਫਾਮ ਵਸੋਂ ਵਾਲੀਆਂ ਕਾਊਂਟੀਆਂ ਵਿਚ ਕਰੋਨਾਵਾਇਰਸ ਨਾਲ ਮੌਤਾਂ ਹੋਣ ਦੀ ਸੰਭਾਵਨਾ ਤਿੰਨ ਗੁਣਾਂ ਜ਼ਿਆਦਾ ਹੈ। ਸਿਆਹਫਾਮ ਲੋਕਾਂ ਦੇ ਇਹ ਕਤਲ ਅੰਸ਼ਕ ਤੌਰ ‘ਤੇ ਇਸ ਤੱਥ ਦਾ ਨਤੀਜਾ ਹਨ ਕਿ ਸੰਕਟ ਨਾਲ ਨਜਿੱਠਣ ਲਈ ਜ਼ਿਆਦਾਤਰ “ਗੋਰਿਆਂ ਅਤੇ ਵਧੇਰੇ ਸਰਦੇ-ਪੁੱਜਦੇ ਲੋਕਾਂ ਦੇ ਇਲਾਕਿਆਂ ਵਿਚ” ਵਸੀਲਿਆਂ ਦੀ ਵਰਤੋਂ ਕਿਵੇਂ ਕੀਤੀ ਗਈ; ਲੇਕਿਨ ਇਸ ਦੀ ਵਧੇਰੇ ਡੂੰਘੀ ਜੜ੍ਹ ਦੁਸ਼ਟ ਨਸਲਵਾਦ ਦੇ ਚਾਰ ਸਦੀਆਂ ਦੇ ਲੁਕਵੇਂ ਰਿਕਾਰਡ ਵਿਚ ਪਈ ਹੈ। ਮਨੁੱਖੀ ਇਤਿਹਾਸ ਵਿਚ ਗੁਲਾਮੀ ਦੀ ਸਿਰੇ ਦੀ ਕਰੂਰ ਵਿਵਸਥਾ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਪਲੇਗ ਵੱਖੋ-ਵੱਖਰੀਆਂ ਸ਼ਕਲਾਂ ਅਖਤਿਆਰ ਕਰਦੀ ਆਈ ਹੈ (ਜੋ ਮੁਲਕ ਦੀ ਸਨਅਤ, ਵਿਤ, ਵਣਜ ਅਤੇ ਆਮ ਖੁਸ਼ਹਾਲੀ ਮੂਲ ਅਧਾਰ ਸੀ), ਲੇਕਿਨ ਉਸ ਦਾ ਅਸਰ ਤਾਂ ਘਟਾ ਦਿੱਤਾ ਗਿਆ, ਕਦੇ ਉਸ ਦਾ ਇਲਾਜ ਨਹੀਂ ਕੀਤਾ ਗਿਆ।
ਅਮਰੀਕਨ ਗੁਲਾਮਦਾਰੀ ਆਪਣੀ ਕਰੂਰਤਾ ਕਾਰਨ ਹੀ ਨਹੀਂ ਸਗੋਂ ਚਮੜੀ ਦੇ ਰੰਗ ਨਾਲ ਜੁੜੀ ਹੋਣ ਕਾਰਨ ਵੀ ਵਿਲੱਖਣ ਸੀ। ਇਸ ਵਿਵਸਥਾ ਦੇ ਅੰਦਰ, ਹਰ ਸਿਆਹਫਾਮ ਚਿਹਰੇ ਦੀ ਨਿਸ਼ਾਨਦੇਹੀ ਇਸ ਤਰ੍ਹਾਂ ਕਰ ਦਿੱਤੀ ਗਈ- Ḕਤੁਹਾਡੀ ਫਿਤਰਤ ਹੀ ਗੁਲਾਮ ਹੋਣ ਦੀ ਹੈ।’
ਹੋਰ ਹਿੱਸਿਆਂ ਨਾਲ ਵੀ ਕਠੋਰ ਸਲੂਕ ਕੀਤਾ ਗਿਆ ਹੈ। ਇਕ ਸਦੀ ਪਹਿਲਾਂ ਯਹੂਦੀ ਅਤੇ ਇਤਾਲਵੀ ਲੋਕ ਐਨੇ ਖੌਫਜ਼ਦਾ ਅਤੇ ਦੁਰਕਾਰੇ ਹੋਏ ਸਨ ਕਿ 1924 ਦਾ ਨਸਲਵਾਦੀ ਆਵਾਸੀ ਕਾਨੂੰਨ ਉਨ੍ਹਾਂ ਨੂੰ ਆਉਣ ਤੋਂ ਰੋਕਣ ਲਈ ਬਣਾਇਆ ਗਿਆ ਸੀ। ਇਸ ਨੇ ਬਹੁਤ ਸਾਰੇ ਯਹੂਦੀ ਕਬਰਸਤਾਨ ਪਹੁੰਚਾ ਦਿੱਤੇ। ਆਪਣੇ ਹੱਕ ਵਿਚ ਉਦੋਂ ਦੇ ਨਸਲਵਾਦੀ ਇਹ ਦਲੀਲ ਦੇ ਸਕਦੇ ਸਨ ਕਿ ਸਾਨੂੰ ਮੁੱਖ ਮੁਜਰਿਮ ਸਿੰਡੀਕੇਟਾਂ ਚਲਾਉਣ ਵਾਲੇ ਯਹੂਦੀਆਂ ਅਤੇ ਇਤਾਲਵੀਆਂ, ਮੇਯਰ ਲਾਂਸਕੀ, ਅਲ ਕੈਪੋਨ ਅਤੇ ਬੁਗਸੀ ਸੀਜਲ ਵਰਗਿਆਂ ਤੋਂ ਬਚਣ ਲਈ ਇਹ ਕਰਨਾ ਪੈਣਾ ਸੀ; ਲੇਕਿਨ ਓੜਕ ਉਹ ਬਾਕੀ ਸਮਾਜ ‘ਚ ਰਚ-ਮਿਚ ਗਏ। ਇਹੋ ਆਇਰਸ਼ਾਂ ਨਾਲ ਵਾਪਰਿਆ।
ਸਿਆਹਫਾਮਾਂ ਨਾਲ ਵੱਖਰੀ ਤਰ੍ਹਾਂ ਵਾਪਰਿਆ। ਉਨ੍ਹਾਂ ਨੂੰ ਨਸਲਵਾਦ ਅਤੇ ਗੋਰੀ ਸ਼੍ਰੇਸ਼ਟਤਾ ਨਾਲ ਸੰਤਾਪੇ ਸਮਾਜ ਵਿਚ ਰਚਣ-ਮਿਚਣ ਦੇ ਪੱਕੇ ਤੌਰ ‘ਤੇ ਅਯੋਗ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਇਨ੍ਹਾਂ ਅਸਰਾਂ ਦੇ ਨਾਲ ਸੰਤਾਪ ਦੀਆਂ ਪੈਦਾ ਕੀਤੀਆਂ ਸਦੀਵੀ ਸਮਾਜੀ-ਆਰਥਕ ਖਾਈਆਂ ਦੀ ਪੀੜਾ ਵੀ ਝੱਲਣੀ ਪੈਂਦੀ ਹੈ। ਪਿਛਲੇ ਚਾਲੀ ਸਾਲਾਂ ਦੇ ਨਵਉਦਾਰ ਹਮਲੇ ਨਾਲ ਇਹ ਹੋਰ ਵੀ ਤਿੱਖੀ ਹੋ ਗਈ ਹੈ ਜੋ ਸਿਖਰਲੇ ਅਮੀਰਾਂ ਲਈ ਮਹਾਂ ਵਰਦਾਨ ਹੈ ਜਦਕਿ ਅਤਿ ਕਮਜ਼ੋਰ ਹਿੱਸਿਆਂ ਲਈ ਆਫਤ ਹੈ।
ਸਿਆਹਫਾਮ ਅਮਰੀਕਨਾਂ ਦੇ ਕਤਲ ਨਿਗਰਾਨੀ ਹੇਠ ਹੁੰਦੇ ਹਨ। ਬੇਹੱਦ ਕਪਟੀ ਰਾਸ਼ਟਰਪਤੀ (ਟਰੰਪ) ਮਹਾਮਾਰੀ ਉਪਰ ਕੇਂਦਰਤ ਹੋਣ ਦਾ ਲਾਹਾ ਲੈ ਕੇ ਆਪਣੀ ਮੁੱਖ ਹਮਾਇਤੀ ਧਿਰ, ਚੋਟੀ ਦੇ ਅਮੀਰਾਂ ਅਤੇ ਕਾਰਪੋਰੇਟ ਤਾਕਤ ਦੀ ਸੇਵਾ ਵਿਚ ਜੁਟਿਆ ਹੋਇਆ ਹੈ। ਇਸ ਦਾ ਇਕ ਤਰੀਕਾ ਅਵਾਮ ਦੀ ਸੁਰੱਖਿਆ ਕਰਨ, ਲੇਕਿਨ ਮੁਨਾਫਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਇਦੇ-ਕਾਨੂੰਨਾਂ ਦਾ ਖਾਤਮਾ ਕਰਨਾ ਹੈ। ਹਾਲੀਆ ਮਹਾਮਾਰੀ ਦੌਰਾਨ ਟਰੰਪ ਹਵਾ ਪ੍ਰਦੂਸ਼ਣ ਵਧਾਉਣ ਦੇ ਰਾਹ ਤੁਰ ਪਿਆ ਜਿਸ ਨੇ ਕੋਵਿਡ-19 ਨੂੰ ਐਨਾ ਜ਼ਿਆਦਾ ਘਾਤਕ ਬਣਾ ਦਿੱਤਾ ਹੈ ਕਿ ਇਹ ਦਹਿ-ਹਜ਼ਾਰਾਂ ਅਮਰੀਕਨ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇਹ ਆਮ ਮੌਤਾਂ ਦੀ ਤਰ੍ਹਾਂ ਨਹੀਂ ਹੈ: Ḕਇਸ ਦਾ ਸਭ ਤੋਂ ਵੱਧ ਸ਼ਿਕਾਰ ਘੱਟ ਆਮਦਨੀ ਵਾਲੇ ਸਮੂਹ ਅਤੇ ਗੈਰ-ਗੋਰੇ ਲੋਕ ਹੋ ਰਹੇ ਹਨ’, ਜੋ ਸਭ ਤੋਂ ਖਤਰਨਾਕ ਇਲਾਕਿਆਂ ਵਿਚ ਰਹਿਣ ਲਈ ਮਜਬੂਰ ਹਨ।
ਇਸ ਨੂੰ ਜਾਰੀ ਰੱਖਣਾ ਬਹੁਤ ਸੌਖਾ ਹੈ। ਮੁਜ਼ਾਹਰਾਕਾਰੀ ਇਹ ਭਲੀਭਾਂਤ ਜਾਣਦੇ ਹਨ। ਇਸ ਲਈ ਕਿਸੇ ਅਧਿਐਨ ਦੀ ਲੋੜ ਨਹੀਂ। ਕਈਆਂ ਦਾ ਇਹ ਹੱਡੀਂ ਹੰਢਾਇਆ ਤਜਰਬਾ ਹੈ। ਉਹ ਸਿਰਫ ਸਿਆਹਫਾਮ ਸਮੂਹਾਂ ਉਪਰ ਪੁਲਿਸ ਵਹਿਸ਼ਤ ਦੇ ਖਾਤਮੇ ਦੀ ਨਹੀਂ ਸਗੋਂ ਸਮਾਜੀ ਤੇ ਆਰਥਕ ਸੰਸਥਾਵਾਂ ਦੀ ਮੁੱਢੋਂ ਮੁੜ ਢਾਂਚਾਬੰਦੀ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੂੰ ਲੋਹੜੇ ਦੀ ਹਮਾਇਤ ਮਿਲ ਰਹੀ ਹੈ, ਇਹ ਨਾ ਸਿਰਫ ਅਸੀਂ ਪੂਰੇ ਮੁਲਕ ਵਿਚ ਇਕਮੁੱਠਤਾ ਕਾਰਵਾਈਆਂ ਤੋਂ ਸਗੋਂ ਪੋਲ ਸਰਵੇਖਣਾਂ ਤੋਂ ਵੀ ਦੇਖ ਸਕਦੇ ਹਾਂ। ਜੂਨ ਦੇ ਸ਼ੁਰੂ ਦੇ ਇਕ ਪੋਲ ਸਰਵੇਖਣ ਤੋਂ ਸਾਹਮਣੇ ਆਇਆ ਕਿ 64ਫੀਸਦੀ ਬਾਲਗ ਅਮਰੀਕਨਾਂ ਦੀ ਮੁਜ਼ਾਹਰਾਕਾਰੀ ਲੋਕਾਂ ਨਾਲ ਹਮਦਰਦੀ ਹੈ, ਜਦਕਿ 27ਫੀਸਦੀ ਨੇ ਹਮਦਰਦੀ ਨਹੀਂ ਦਿਖਾਈ ਅਤੇ 9 ਫੀਸਦੀ ਇਸ ਬਾਰੇ ਜੱਕੋਤੱਕੀ ਵਿਚ ਸਨ।
ਇਸ ਦੀ ਤੁਲਨਾ ਇਸੇ ਤਰ੍ਹਾਂ ਦੇ ਮੁਜ਼ਾਹਰਿਆਂ ਨਾਲ ਕੀਤੀ ਜਾ ਸਕਦੀ ਹੈ ਜੋ 1992 ‘ਚ ਰੋਡਨੀ ਕਿੰਗ ਨੂੰ ਕੁੱਟ-ਕੁੱਟ ਕੇ ਅਧਮੋਇਆ ਕਰ ਦੇਣ ਵਾਲੇ ਲਾਸ ਏਂਜਲਸ ਦੇ ਪੁਲਿਸ ਅਫਸਰਾਂ ਨੂੰ ਬਰੀ ਕਰ ਦਿੱਤੇ ਜਾਣ ‘ਤੇ ਹੋਏੇ। ਇਸ ਪਿੱਛੋਂ ਇਕ ਹਫਤਾ ਫਸਾਦ ਹੁੰਦੇ ਰਹੇ, 60 ਤੋਂ ਉਪਰ ਮੌਤਾਂ ਹੋਈਆਂ ਅਤੇ ਆਖਿਰਕਾਰ ਰਾਸ਼ਟਰਪਤੀ ਦੇ ਬੁਸ਼ ਫੈਡਰਲ ਦਸਤਿਆਂ ਦੀ ਮਦਦ ਨਾਲ ਨੈਸ਼ਨਲ ਗਾਰਡਾਂ ਨੇ ਇਹ ਦਬਾ ਦਿੱਤੇ। ਰੋਸ-ਮੁਜ਼ਾਹਰੇ ਜ਼ਿਆਦਾਤਰ ਲਾਸ ਏਂਜਲਸ ਤਕ ਸੀਮਤ ਸਨ, ਅੱਜ ਵਰਗੇ ਬਿਲਕੁਲ ਨਹੀਂ ਸਨ।
ਟਰੰਪ ਉਪਰ ਸਿਰਫ ਆਪਣੇ ਹਿਤ ਦਾ ਭੂਤ ਸਵਾਰ ਹੈ ਕਿ ਉਹ ਆਪਣੇ ਵੋਟ ਆਧਾਰ ਦੇ ਘੋਰ ਨਸਲਵਾਦੀ ਅਤੇ ਫਸਾਦੀ ਹਿੱਸਿਆਂ ਨੂੰ ਭੜਕਾਉਣ ਲਈ ਇਸ ਤਾ੍ਰਸਦੀ ਦਾ ਲਾਹਾ ਕਿਵੇਂ ਲੈ ਸਕਦਾ ਹੈ। ਹਿੰਸਕ ਸੱਦੇ ਦੇਣਾ ਉਸ ਦੀ ਕੁਦਰਤੀ ਪ੍ਰਵਿਰਤੀ ਹੈ: ਮਸਲਨ Ḕਸਭ ਤੋਂ ਦੁਸ਼ਟ ਕੁੱਤੇ, ਸਭ ਤੋਂ ਮਨਹੂਸ ਹਥਿਆਰ, ਜੋ ਮੈਂ ਕਦੇ ਨਹੀਂ ਦੇਖੇ।’ ਅਤੇ Ḕਗੰਦ’ ਨੂੰ ਐਸਾ ਸਬਕ ਸਿਖਾਉਣ ਲਈ ਫੌਜ ਭੇਜੋ ਜੋ ਉਹ ਕਦੇ ਨਾ ਭੁੱਲ ਸਕਣ।
ਟਰੰਪ ਦੀ ਗੁਸਤਾਖ ਵਸੋਂ ਉਪਰ ਹਿੰਸਾ ਨਾਲ Ḕਕਾਬੂ ਪਾਉਣ’ ਦੀ ਯੋਜਨਾ ਕਾਰਨ ਮੁਜ਼ਾਹਰਾਕਾਰੀਆਂ ਲਈ ਹਮਦਰਦੀ ਦੇ ਇਜ਼ਹਾਰਾਂ ਦੇ ਨਾਲ-ਨਾਲ ਵਿਆਪਕ ਰੋਹ ਪੈਦਾ ਹੋ ਗਿਆ, ਸਖਤ ਨਿਖੇਧੀ ਕਰਨ ਵਾਲਿਆਂ ‘ਚ ਜਾਇੰਟ ਚੀਫ ਆਫ ਸਟਾਫ ਦਾ ਸਾਬਕਾ ਚੇਅਰਮੈਨ ਵੀ ਸ਼ਾਮਲ ਹੈ। ਸਾਬਕਾ ਚੇਅਰਮੈਨ ਐਡਮਿਰਲ ਮਾਈਕ ਮੁਲਨ ਨੇ ਲਿਖਿਆ: “ਗੋਰਾ ਹੋਣ ਕਰਕੇ ਮੈਂ ਅਫਰੀਕੀ ਅਮਰੀਕਨਾਂ ਦੇ ਅਜੋਕੇ ਡਰ ਅਤੇ ਗੁੱਸੇ ਨੂੰ ਪੂਰੀ ਤਰ੍ਹਾਂ ਸਮਝ ਲੈਣ ਦਾ ਦਾਅਵਾ ਤਾਂ ਨਹੀਂ ਕਰ ਸਕਦਾ æææ ਥੋੜ੍ਹਾ ਵਾਹ-ਵਾਸਤਾ ਹੋਣ ਕਰਕੇ ਮੈਨੂੰ ਇਹ ਸਮਝਣ ਲਈ ਕਾਫੀ ਜਾਣਕਾਰੀ ਹੈ – ਅਤੇ ਮੈਂ ਕਾਫੀ ਦੇਖ ਚੁੱਕਾ ਹਾਂ – ਕਿ ਉਹ ਭਾਵਨਾਵਾਂ ਸੱਚੀਆਂ ਹਨ ਅਤੇ ਇਨ੍ਹਾਂ ਦਾ ਆਧਾਰ ਬਹੁਤ ਹੀ ਦੁਖਦਾਈ ਹੈ।’ ਬੀਤੇ ਦੋ ਦਹਾਕਿਆਂ ਦੇ ਬਦਲਾਓ ਸ਼ਾਇਦ ਇਸ ਦਾ ਸੰਕੇਤ ਹਨ ਕਿ ਵਸੋਂ ਦੇ ਵੱਡੇ ਹਿੱਸਿਆਂ ਨੇ ਸਾਡੇ ਸਮਾਜ ਦੀਆਂ ਲੰਮੇ ਸਮੇਂ ਤੋਂ ਲੁਕੀਆਂ ਸਚਾਈਆਂ ਨੂੰ ਬੁੱਝਣਾ ਸ਼ੁਰੂ ਕਰ ਦਿੱਤਾ ਹੈ, ਇਹ ਘੁੱਪ ਹਨੇਰ ਸਮਿਆਂ ਵਿਚ ਚਾਨਣ ਦੀ ਕਿਰਨ ਹੈ।
ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੈ। ਸਾਡੀ ਪਰਵਰਿਸ਼ Ḕਅਮਰੀਕਨ ਵਿਸ਼ੇਸ਼ਵਾਦ’ ਦੀ ਖੁਰਾਕ ਦੇ ਕੇ ਕੀਤੀ ਜਾਂਦੀ ਹੈ। ਆਲਮੀ ਪੱਧਰ ‘ਤੇ ਕੋਵਿਡ-19 ਨਾਲ ਸਭ ਤੋਂ ਵੱਧ ਮੌਤਾਂ ਸਾਡੇ ਹੋਈਆਂ ਹਨ। ਸਾਡਾ ਪ੍ਰਬੰਧ ਇਸ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ। ਇਸ ਨਾਕਾਬਲੀਅਤ ਦੀ ਵਿਆਖਿਆ ਤੁਸੀਂ ਕਿਵੇਂ ਕਰਦੇ ਹੋ, ਅਤੇ ਇਸ ਸਭ ਕਾਸੇ ਵਿਚ ਟਰੰਪ ਕੀ ਭੂਮਿਕਾ ਰਹੀ ਹੈ?
ਜਵਾਬ: ਤਿਆਰੀ ਦੀ ਘਾਟ ਦੇ ਬੁਨਿਆਦੀ ਕਾਰਨ ਤਿੰਨ ਹਨ-ਪੂੰਜੀਵਾਦੀ ਤਰਕ, ਨਵਉਦਾਰ ਮੱਤ ਅਤੇ ਰਾਜਨੀਤਕ ਲੀਡਰਸ਼ਿਪ ਦਾ ਚਰਿੱਤਰ। ਇਨ੍ਹਾਂ ਨੂੰ ਸੰਖੇਪ ‘ਚ ਵਾਰੋ-ਵਾਰੀ ਲੈਂਦੇ ਹਾਂ।
2003 ਦੀ ਸਾਰਸ ਮਹਾਮਾਰੀ ਉਪਰ ਕਾਬੂ ਪਾ ਲੈਣ ਤੋਂ ਬਾਦ ਵਿਗਿਆਨੀ ਭਲੀਭਾਂਤ ਜਾਣਦੇ ਸਨ ਕਿ ਹੋਰ ਮਹਾਮਾਰੀ ਫੈਲ ਸਕਦੀ ਹੈ ਅਤੇ ਇਸ ਦੀ ਵਜ੍ਹਾ ਹੋਰ ਕਰੋਨਾ ਵਾਇਰਸ ਬਣੇਗਾ। ਉਹ ਤਿਆਰੀ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਜਾਣਦੇ ਸਨ; ਲੇਕਿਨ ਗਿਆਨ ਹੀ ਕਾਫੀ ਨਹੀਂ ਹੈ। ਕੋਈ ਇਸ ਨੂੰ ਵਰਤਣ ਵਾਲਾ ਵੀ ਹੋਣਾ ਚਾਹੀਦਾ ਹੈ। ਪ੍ਰਤੱਖ ਉਮੀਦਵਾਰ ਦਵਾ ਕੰਪਨੀਆਂ ਹਨ ਜਿਹਨਾਂ ਕੋਲ Ḕਮੁਕਤ ਵਪਾਰ’ ਸਮਝੌਤਿਆਂ ਦੀ ਬਦੌਲਤ ਵੱਡੀ ਮਾਤਰਾ ‘ਚ ਤਮਾਮ ਲੋੜੀਂਦੇ ਵਸੀਲੇ ਅਤੇ ਬੇਥਾਹ ਮੁਨਾਫੇ ਹਨ; ਉਨ੍ਹਾਂ ਦਾ ਰਾਹ ਪੂੰਜੀਵਾਦੀ ਤਰਕ ਰੋਕੀ ਬੈਠਾ ਸੀ। ਆਫਤ ਦੀ ਸੰਭਾਵਨਾ ਦੀ ਤਿਆਰੀ ਕਰਨ ‘ਚ ਮੁਨਾਫੇ ਨਹੀਂ ਮਿਲਣੇ ਸਨ – ਅਤੇ ਜਿਵੇਂ ਚਾਲੀ ਸਾਲ ਪਹਿਲਾਂ ਨਵਉਦਾਰ ਯੁੱਗ ਦੇ ਉਦੈ ਹੋਣ ਵੇਲੇ ਅਰਥ ਸ਼ਾਸਤਰੀ ਮਿਲਟਨ ਫਰੀਡਮੈਨ ਨੇ ਜ਼ੋਰ ਦਿੱਤਾ ਸੀ, ਕਾਰਪੋਰੇਸ਼ਨ ਦੀ ਇਕੋ-ਇਕ ਜ਼ਿੰਮੇਵਾਰੀ ਸ਼ੇਅਰਹੋਲਡਰਾਂ ਦਾ ਮੁੱਲ ਵਧਾਉਣਾ (ਅਤੇ ਦੌਲਤ ਦੀ ਮੈਨੇਜਮੈਂਟ) ਹੈ। 2017 ‘ਚ ਮੁੱਖ ਦਵਾ ਕੰਪਨੀਆਂ ਨੇ ਕਰੋਨਾਵਾਇਰਸ ਸਮੇਤ ਪੈਥੋਜ਼ੈਨਾਂ ਉਪਰ ਤੇਜ਼ੀ ਨਾਲ ਖੋਜ ਕਰਨ ਦੀ ਤਜਵੀਜ਼ ਰੱਦ ਕਰ ਦਿੱਤੀ।
ਦੂਜਾ ਉਮੀਦਵਾਰ ਸਰਕਾਰ ਹੈ, ਜਿਸ ਕੋਲ ਲੋੜੀਂਦੇ ਵਸੀਲੇ ਹਨ ਅਤੇ ਜਿਸ ਨੇ ਵੈਕਸੀਨ ਅਤੇ ਦਵਾਈਆਂ ਵਿਕਸਤ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਲੇਕਿਨ ਇਸ ਦਾ ਰਾਹ ਰੀਗਨ ਦੇ ਜ਼ਮਾਨੇ ਤੋਂ ਭਾਰੂ ਨਵਉਦਾਰ ਮੱਤ ਨੇ ਰੋਕਿਆ ਹੋਇਆ ਹੈ ਜਿਸ ਨੇ ਸਾਨੂੰ ਦੱਸਿਆ ਕਿ ਸਮੱਸਿਆ ਤਾਂ ਸਰਕਾਰ ਹੈ – ਭਾਵ ਜੋ ਫੈਸਲੇ ਕਿਸੇ ਹੱਦ ਤਕ ਨਾਗਰਿਕਾਂ ਦੇ ਪ੍ਰਭਾਵ ਵਾਲੇ ਹਨ ਉਹ ਸਰਕਾਰ ਕੋਲੋਂ ਲੈ ਕੇ ਗ਼ੈਰਜਵਾਬਦੇਹ ਨਿੱਜੀ ਨਿਰੰਕੁਸ਼ ਤਾਕਤਾਂ ਦੇ ਸਪੁਰਦ ਕਰ ਦੇਣੇ ਚਾਹੀਦੇ ਹਨ ਜੋ ਨਵਉਦਾਰ ਜਿੱਤ ਦੇ ਮੁੱਖ ਏਜੰਟ (ਲਾਭਪਾਤਰ) ਸਨ। ਸੋ, ਸਰਕਾਰ ਨੂੰ ਵੀ ਰੋਕ ਦਿੱਤਾ ਗਿਆ।
ਤੀਜਾ ਕਾਰਕ ਵਿਅਕਤੀਗਤ ਸਰਕਾਰਾਂ ਹਨ। ਰਾਸ਼ਟਰਪਤੀ ਨੂੰ ਅਹਿਮ ਵਿਗਿਆਨਕ ਮੁੱਦਿਆਂ ਤੋਂ ਸੁਚੇਤ ਕਰਨ ਲਈ ਰਾਸ਼ਟਰਪਤੀ ਜੌਰਜ ਐਚæ ਡਬਲਯੂæ ਬੁਸ਼ ਨੇ ਸਾਇੰਸ ਅਤੇ ਤਕਨਾਲੋਜੀ ਬਾਰੇ ਸਲਾਹਕਾਰਾਂ ਦੀ ਕੌਂਸਲ (ਪੀæਸੀæਏæਐਸ਼ਟੀæ) ਦੀ ਸਥਾਪਨਾ ਕੀਤੀ ਸੀ। 2009 ‘ਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਓਬਾਮਾ ਦੀ ਇਕ ਪਹਿਲੀ ਕਾਰਵਾਈ ਇਹ ਅਧਿਐਨ ਕਰਾਉਣਾ ਸੀ ਕਿ ਮਹਾਮਾਰੀ ਨਾਲ ਕਿਵੇਂ ਨਜਿੱਠਣਾ ਹੈ। ਥੋੜ੍ਹੇ ਹਫਤੇ ਬਾਅਦ ਹੀ ਇਹ ਅਧਿਐਨ ਵ੍ਹਾਈਟ ਹਾਊਸ ਦੇ ਸਪੁਰਦ ਕਰ ਦਿੱਤਾ ਗਿਆ। ਵਿਗਿਆਨ-ਮੁਖੀ ਓਬਾਮਾ ਪ੍ਰਸ਼ਾਸਨ ਨੇ ਇਕ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਜਿਸ ਨੇ ਲਾਗ ਦੇ ਰੋਗਾਂ ਦੇ ਖਤਰੇ ਪ੍ਰਤੀ ਅਗਾਊਂ ਹੁੰਗਾਰੇ ਦੀ ਯੋਜਨਾ ਬਣਾਈ। ਇਹ 20 ਜਨਵਰੀ 2017 ਨੂੰ ਟਰੰਪ ਦੇ ਰਾਸ਼ਟਰਪਤੀ ਬਣਨ ਤਕ ਚੱਲਦਾ ਰਿਹਾ। ਫਿਰ ਦਿਨਾਂ ਵਿਚ ਹੀ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਸਮੇਤ ਕਾਰਜਕਾਰੀ ਬਰਾਂਚ ਬਨਾਮ ਇਸ ਸਮੁੱਚੇ ਬੁਨਿਆਦੀ ਢਾਂਚੇ ਦਾ ਭੋਗ ਪਾਉਣ ਦਾ ਅਮਲ ਵਿੱਢ ਦਿੱਤਾ ਗਿਆ। ਅਸਲ ਵਿਚ ਤਾਂ ਦੂਜੇ ਆਲਮੀ ਯੁੱਧ ਤੋਂ ਲੈ ਕੇ ਜੋ ਦੁਵੱਲੇ ਸਹਿਯੋਗ ਵਾਲੀ ਪਹਿਲਕਦਮੀਂ ਚਲੀ ਆ ਰਹੀ ਸੀ, ਸਾਇੰਸ ਦੀ ਨੀਤੀ ਘਾੜਿਆਂ ਨੂੰ ਜਾਣਕਾਰੀ ਦੇਣ ਦੀ ਉਸ ਭੂਮਿਕਾ ਨੂੰ ਪੁੱਠਾ ਗੇੜਾ ਦੇਣ ਦਾ ਅਮਲ ਵਿੱਢ ਦਿੱਤਾ ਗਿਆ ਜਿਸ ਦੀ ਆਧੁਨਿਕ ਹਾਈਟੈੱਕ ਆਰਥਿਕਤਾ ਦੇ ਵਿਕਾਸ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ।
ਇਸ ਦੇ ਕੱਫਣ ਵਿਚ ਹੋਰ ਕਿੱਲ ਠੋਕਦੇ ਹੋਏ ਟਰੰਪ ਨੇ ਉਨ੍ਹਾਂ ਪ੍ਰੋਗਰਾਮਾਂ ਦਾ ਭੋਗ ਪਾ ਦਿੱਤਾ ਜਿਹਨਾਂ ਵਿਚ ਵਿਗਿਆਨੀ ਚੀਨੀ ਵਿਗਿਆਨੀਆਂ ਨਾਲ ਮਿਲ ਕੇ ਕਰੋਨਾ ਵਾਇਰਸਾਂ ਦੀ ਜਾਂਚ ਕਰਦੇ ਸਨ। ਹਰ ਸਾਲ ਉਹ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀæਡੀæਸੀæ) ਨੂੰ ਫੰਡਾਂ ਤੋਂ ਵਾਂਝੇ ਕਰਦਾ ਗਿਆ। ਉਸ ਦੇ ਫਰਵਰੀ 2020 ਦੇ ਬਜਟ ਪ੍ਰਸਤਾਵ ਤਕ ਇਹ ਅਮਲ ਜਾਰੀ ਰਿਹਾ। ਜਦ ਮਹਾਮਾਰੀ ਫੈਲ ਰਹੀ ਸੀ ਉਦੋਂ ਵੀ ਉਹ ਸੀæਡੀæਸੀæ ਫੰਡਾਂ ਵਿਚ ਹੋਰ ਕਟੌਤੀ ਕਰਨ (ਪਰ ਨਾਲ ਹੀ ਫੌਸਿਲ ਫਿਊਲ ਸਨਅਤਾਂ ਦੀਆਂ ਸਬਸਿਡੀਆਂ ਵਧਾਉਣ) ਦੇ ਹੋਕੇ ਦੇ ਰਿਹਾ ਸੀ। ਵਿਗਿਆਨੀਆਂ ਦੀ ਥਾਂ ਸਨਅਤੀ ਅਧਿਕਾਰੀ ਲਾ ਦਿੱਤੇ ਗਏ ਜੋ ਨਿੱਜੀ ਕਾਰੋਬਾਰੀਆਂ ਦੇ ਵੱਧ ਤੋਂ ਵੱਧ ਮੁਨਾਫੇ ਯਕੀਨੀਂ ਬਣਾਉਣਗੇ, ਅਵਾਮ ਉਪਰ ਚਾਹੇ ਇਸ ਦਾ ਕੋਈ ਵੀ ਅਸਰ ਪਵੇ।
ਟਰੰਪ ਦੇ ਫੈਸਲੇ ਉਸ ਦੇ ਚਹੇਤੇ ਪੰਡਿਤ ਰਸ਼ ਲਿੰਬਾਗ ਦੇ ਨਿਰਣੇ ਦੇ ਅਨੁਸਾਰ ਸਨ ਜਿਸ ਨੂੰ ਉਸ ਨੇ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਨਾਲ ਨਿਵਾਜਿਆ ਸੀ। ਉਹ ਸਾਨੂੰ ਨਸੀਹਤ ਦਿੰਦਾ ਹੈ ਕਿ ਵਿਦਵਾਨਾਂ, ਮੀਡੀਆ ਅਤੇ ਸਰਕਾਰ ਦੇ ਨਾਲ “ਚੌਮੁਖੀ ਧੋਖੇਬਾਜ਼ੀ” ਦਾ ਚੌਥਾ ਮੂੰਹ ਸਾਇੰਸ ਹੈ Ḕਜਿਨ੍ਹਾਂ ਦੀ ਹੋਂਦ ਧੋਖੇ ਦੇ ਸਿਰ ‘ਤੇ ਹੈ।’ ਪ੍ਰਸ਼ਾਸਨ ਦੇ ਰਾਹ-ਦਰਸਾਵਾ ਅਸੂਲ ਫਰਾਂਕੋ ਦੇ ਮੁੱਖ ਜਨਰਲ ਨੇ 1936 ‘ਚ ਹੀ ਘੜ ਦਿੱਤੇ ਸਨ: “ਬੌਧਿਕਤਾ ਦਾ ਨਾਸ਼ ਹੋਵੇ! ਮੌਤ ਦੀ ਜੈ!” ਇਸ ਦਾ ਨਤੀਜਾ ਇਹ ਹੋਇਆ ਕਿ ਜਦ ਮਹਾਮਾਰੀ ਨੇ ਹੱਲਾ ਬੋਲਿਆ ਤਾਂ ਸੰਯੁਕਤ ਰਾਜ ਦਾ ਪ੍ਰਬੰਧ ਨਜਿੱਠਣ ਲਈ ਤਿਆਰ ਨਹੀਂ ਸੀ।
ਸਵਾਲ: ਫਰਵਰੀ ਵਿਚ ਟਰੰਪ ਨੇ ਕਿਹਾ ਕਿ ਕੋਵਿਡ-19 ਛੂ-ਮੰਤਰ ਹੋ ਜਾਵੇਗਾ, ਕਿ Ḕਇਕ ਦਿਨ ਇਹ ਚਮਤਕਾਰ ਵਾਂਗ ਛੂ-ਮੰਤਰ ਹੋ ਜਾਵੇਗਾ।’ ਉਸ ਨੇ ਬੱਜਰ ਗਲਤੀ ਕੀਤੀ ਅਤੇ ਬਿਮਾਰੀ ਨੂੰ ਨਸਲਵਾਦੀ ਰੰਗਤ ਦੇ ਕੇ ਇਸ ਦਾ ਠੀਕਰਾ ਚੀਨ ਦੇ ਸਿਰ ਭੰਨ ਦਿੱਤਾ। ਕੁਝ ਲੋਕ ਤਾਂ ਇਹ ਦਾਅਵਾ ਵੀ ਕਰਨਗੇ ਕਿ ਕੋਵਿਡ-19 ਪ੍ਰਤੀ ਗਲਤ ਪਹੁੰਚ ਅਖਤਿਆਰ ਕਰਨ ਦੇ ਕਾਰਨ ਟਰੰਪ ਦੇ ਹੱਥ ਲਹੂ ਨਾਲ ਲਿੱਬੜੇ ਹੋਏ ਹਨ। ਤੁਹਾਡੀ ਸੋਚ ਕੀ ਹੈ?
ਜਵਾਬ: ਚੋਟੀ ਦੇ ਅਮੀਰਾਂ ਅਤੇ ਕਾਰਪੋਰੇਟ ਪਾਵਰ ਪ੍ਰਤੀ ਟਰੰਪ ਦੀਆਂ ਸਮਰਪਿਤ ਸੇਵਾਵਾਂ ਦੇ ਨਤੀਜੇ ਵਜੋਂ ਦਹਿ ਹਜ਼ਾਰਾਂ ਅਮਰੀਕਨ ਮੌਤ ਦੇ ਮੂੰਹ ‘ਚ ਜਾ ਪਏ। ਲਾਗ ਫੈਲਣ ਤੋਂ ਬਾਅਦ ਵੀ ਉਸ ਦਾ ਦੋਖੀਪੁਣਾ ਜਾਰੀ ਰਹੀ। ਦਸੰਬਰ ‘ਚ ਪਹਿਲੀਆਂ ਅਲਾਮਤਾਂ ਮਿਲਣ ਤੋਂ ਥੋੜ੍ਹੇ ਹਫਤੇ ਬਾਦ ਹੀ ਚੀਨੀ ਵਿਗਿਆਨੀਆਂ ਨੇ ਵਾਇਰਸ ਦੀ ਸ਼ਨਾਖਤ ਕਰ ਲਈ ਸੀ, ਜੀਨੋਮ ਲੱਭ ਲਿਆ ਸੀ ਅਤੇ ਇਸ ਦੀ ਜਾਣਕਾਰੀ ਡਬਲਿਊæ ਐਚæ ਓæ ਅਤੇ ਦੁਨੀਆ ਨੂੰ ਦੇ ਦਿੱਤੀ ਸੀ। ਏਸ਼ੀਆ ਅਤੇ ਸਮੁੰਦਰੀ ਮੁਲਕ ਤੁਰੰਤ ਹਰਕਤ ‘ਚ ਆਏ ਅਤੇ ਉਨ੍ਹਾਂ ਨੇ ਮੁੱਖ ਤੌਰ ‘ਤੇ ਹਾਲਤ ‘ਤੇ ਕਾਬੂ ਪਾ ਲਿਆ ਹੈ। ਹੋਰ ਮੁਲਕਾਂ ਵਿਚ ਹਾਲਤ ਵੱਖਰੀ ਸੀ। ਟਰੰਪ ਪਿਛੜ ਗਿਆ। ਦੋ ਮਹੀਨੇ ਸੰਯੁਕਤ ਰਾਜ ਦੀਆਂ ਖੁਫੀਆ ਏਜੰਸੀਆਂ ਅਤੇ ਸਿਹਤ ਅਧਿਕਾਰੀ ਵ੍ਹਾਈਟ ਹਾਊਸ ਦਾ ਧਿਆਨ ਇੱਧਰ ਦਿਵਾਉਣ ਲਈ ਵਾਹ ਲਾਉਂਦੇ ਰਹੇ, ਕੋਈ ਫਾਇਦਾ ਨਾ ਹੋਇਆ। ਆਖਿਰਕਾਰ ਟਰੰਪ ਨੇ ਨੋਟਿਸ ਲਿਆ, ਸੰਭਵ ਤੌਰ ‘ਤੇ ਉਦੋਂ ਜਦ ਸਟਾਕ ਮਾਰਕੀਟ ਢਹਿਢੇਰੀ ਹੋ ਗਈ। ਫਿਰ ਤਾਂ ਉਥਲ-ਪੁੱਥਲ ਹੀ ਮੱਚ ਗਈ।
ਇਹ ਹੈਰਾਨੀ ਦੀ ਗੱਲ ਨਹੀਂ ਕਿ ਟਰੰਪ ਅਤੇ ਉਸ ਦੇ ਜੋਟੀਦਾਰ ਕੋਈ ਐਸਾ ਬਲੀ ਦਾ ਬੱਕਰਾ ਲੱਭਣ ਦੇ ਸਿਰਤੋੜ ਯਤਨ ਕਰਨ ‘ਚ ਲੱਗੇ ਰਹੇ ਜਿਸ ਦੇ ਸਿਰ ਅਮਰੀਕਨਾਂ ਵਿਰੁੱਧ ਆਪਣੇ ਜੁਰਮਾਂ ਦਾ ਠੀਕਰਾ ਭੰਨ ਸਕਣ, ਇਸ ਤੋਂ ਬੇਪ੍ਰਵਾਹ ਹੋ ਕੇ ਉਹ ਕਿੰਨੇ ਹੋਰ ਲੋਕਾਂ ਨੂੰ ਮੌਤ ਦੇ ਮੂੰਹ ‘ਚ ਧੱਕ ਰਿਹਾ ਹੈ। ਪਹਿਲਾਂ ਡਬਲਿਊæ ਐਚæ ਓæ ਦੇ ਫੰਡ ਬੰਦ ਕਰਨਾ ਅਤੇ ਫਿਰ ਇਸ ਵਿਚੋਂ ਬਾਹਰ ਆਉਣਾ ਅਫਰੀਕਾ, ਯਮਨ ਅਤੇ ਬਹੁਤ ਸਾਰੇ ਹੋਰ ਗਰੀਬ ਅਤੇ ਮਾਯੂਸ ਮੁਲਕਾਂ ਦੇ ਲੋਕਾਂ ਨੂੰ ਹੋਰ ਸਤਾਉਣ ਵਾਲਾ ਹਮਲਾ ਹੈ ਜਿਨ੍ਹਾਂ ਨੂੰ ਇਸ ਸੰਸਥਾ ਦੀ ਮੈਡੀਕਲ ਸਹਾਇਤਾ ਨੇ ਕਰੋਨਾ ਵਾਇਰਸ ਦੇ ਹਮਲੇ ਤੋਂ ਵੀ ਪਹਿਲਾਂ ਬਿਮਾਰੀਆਂ ਦੀ ਭਰਮਾਰ ਤੋਂ ਬਚਾਇਆ ਹੋਇਆ ਸੀ ਅਤੇ ਹੁਣ ਉਨ੍ਹਾਂ ਨੂੰ ਇਨ੍ਹਾਂ ਨਵੀਆਂ ਆਫਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀਆਂ ਚੋਣ ਸੰਭਾਵਨਾਵਾਂ ਨੂੰ ਸੁਧਾਰਨ ਲਈ ਇੰਞ ਕਰਨਾ ਉਸ ਲਈ ਜ਼ਰੂਰੀ ਹੈ।
ਟਰੰਪ ਨੇ ਡਬਲਿਊæਐਚæਓæ ‘ਤੇ ਦੋਸ਼ ਲਾਏ ਹਨ ਕਿ ਇਸ ਉਪਰ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ। ਇਲਜ਼ਾਮ ਐਨੇ ਬੇਹੂਦਾ ਹਨ ਕਿ ਚਰਚਾ ਕਰਨ ਦੇ ਵੀ ਲਾਇਕ ਨਹੀਂ। ਬਾਹਰ ਆ ਕੇ ਉਹ ਚੀਨ ਦਾ ਰਸੂਖ ਹੀ ਵਧਾ ਰਿਹਾ ਹੈ; ਲੇਕਿਨ ਮੂਰਖਤਾ ਲਈ ਉਸ ਦੀ ਨੁਕਤਾਚੀਨੀ ਕਰਨਾ ਸਹੀ ਨਹੀਂ। ਸਿੱਟਾ ਸਿਰਫ ਇਸੇ ਤੱਥ ਉਪਰ ਮੋਹਰ ਲਾਉਂਦਾ ਹੈ ਕਿ ਉਸ ਨੂੰ ਤਾਂ ਕਦੇ ਇਸ ਦੀ ਪ੍ਰਵਾਹ ਹੀ ਨਹੀਂ ਸੀ।
(ਚਲਦਾ)