ਘੱਲੂਘਾਰਾ ਦਿਵਸ: ਗਰਮਖਿਆਲੀਆਂ ਅਤੇ ਪੁਲਿਸ ਵਿਚਾਲੇ ਖਿੱਚ-ਧੂਹ

ਅੰਮ੍ਰਿਤਸਰ: ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਅਕਾਲ ਤਖਤ ਉਤੇ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਕੁਝ ਗਰਮ ਖਿਆਲੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਇਸ ਦੌਰਾਨ ਸਿੱਖ ਕਾਰਕੁਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਦਾਖਲ ਹੋਣ ਤੋਂ ਰੋਕਣ ‘ਤੇ ਪੁਲਿਸ ਅਤੇ ਸਿੱਖਾਂ ਵਿਚਾਲੇ ਤਿੱਖੀ ਬਹਿਸ ਅਤੇ ਖਿੱਚ-ਧੂਹ ਵੀ ਹੋਈ।

ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਸਮੁੱਚੇ ਆਲੇ-ਦੁਆਲੇ ਦੀ ਬੈਰੀਕੇਡ ਲਾ ਕੇ ਨਾਕਾਬੰਦੀ ਕੀਤੀ ਗਈ ਸੀ ਅਤੇ ਕਿਸੇ ਨੂੰ ਵੀ ਇਸ ਖੇਤਰ ਵਿਚ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਮੀਡੀਆ ਨੂੰ ਵੀ ਸ੍ਰੀ ਅਕਾਲ ਤਖਤ ‘ਤੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਘੱਲੂਘਾਰਾ ਦਿਵਸ ਸਬੰਧੀ ਸ੍ਰੀ ਅਕਾਲ ਤਖਤ ਉਤੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਅਰਦਾਸ ਮਗਰੋਂ ਸ੍ਰ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਆਖਿਆ ਕਿ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ‘ਤੇ ਹਮਲਾ ਸੀ ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਹੈ ਅਤੇ ਇਹ ਦਿਹਾੜਾ ਹਮੇਸ਼ਾ ਮਨਾਇਆ ਜਾਂਦਾ ਰਹੇਗਾ। ਉਨ੍ਹ੍ਹਾਂ ਆਖਿਆ ਕਿ ਸਿੱਖ ਕੌਮ ਨੇ ਉਸ ਵੇਲੇ ਕੁਝ ਟੀਚੇ ਮਿਥੇ ਸਨ। ਇਨ੍ਹਾਂ ਟੀਚਿਆਂ ਬਾਰੇ ਹੁਣ ਤੱਕ ਕੀ ਕੀਤਾ ਗਿਆ ਅਤੇ ਭਵਿੱਖ ਵਿਚ ਕੀ ਕਰਨਾ ਹੈ, ਇਸ ਲਈ ਸਮੁੱਚੀ ਕੌਮ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।
ਟੀਚਿਆਂ ਦੀ ਪ੍ਰਾਪਤੀ ਲਈ ਚੰਗੀ ਨੀਤੀ ਅਤੇ ਚੰਗੀ ਨੀਯਤ ਦੀ ਵੀ ਲੋੜ ਹੈ। ਉਨ੍ਹਾਂ ਸਮੁੱਚੀ ਕੌਮ ਨੂੰ ਆਪਸੀ ਫੁੱਟ ਨੂੰ ਦੂਰ ਰਖਦਿਆਂ ਇਕਜੁੱਟ ਹੋਣ ਅਤੇ ਰਲ-ਮਿਲ ਕੇ ਬੈਠਣ ਦੀ ਅਪੀਲ ਕੀਤੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮਿਲ ਕੇ ਸ਼ਹੀਦਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ੍ਰੀ ਲੌਂਗੋਵਾਲ ਨੇ ਸਾਕਾ ਨੀਲਾ ਤਾਰਾ ਨੂੰ ਸਮੇਂ ਦੀ ਹਕੂਮਤ ਦਾ ਵਹਿਸ਼ੀ ਕਾਰਾ ਕਰਾਰ ਦਿੱਤਾ। ਜਿਵੇਂ ਹੀ ਇਹ ਸਮਾਗਮ ਖਤਮ ਹੋਇਆ ਤਾਂ ਕੁਝ ਗਰਮਖਿਆਲੀ ਆਗੂਆਂ ਵੱਲੋਂ ਸ਼ਹੀਦੀ ਯਾਦਗਾਰ ਨੇੜੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ ਅਤੇ ਖਾਲਿਸਤਾਨੀ ਝੰਡੇ ਵੀ ਲਹਿਰਾਏ ਗਏ। ਕਰੋਨਾ ਮਹਾਮਾਰੀ ਕਾਰਨ ਸੰਗਤ ਨੂੰ ਪਹਿਲਾਂ ਹੀ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਗਈ ਸੀ।
ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਥਾਂ ‘ਤੇ ਉਨ੍ਹਾਂ ਦਾ ਬੇਟਾ ਇਮਾਨ ਸਿੰਘ, ਹਰਬੀਰ ਸਿੰਘ ਸੰਧੂ, ਬਲਵੰਤ ਸਿੰਘ ਗੋਪਾਲਾ ਤੇ ਹੋਰ ਸਮਰਥਕ ਇਥੇ ਪੁੱਜੇ ਹੋਏ ਸਨ। ਜਿਵੇਂ ਹੀ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਉਥੇ ਤਾਇਨਾਤ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਸਿੱਟੇ ਵਜੋਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਤਕਰਾਰ ਵੀ ਹੋਈ ਅਤੇ ਮਗਰੋਂ ਖਿੱਚ-ਧੂਹ ਦੀ ਨੌਬਤ ਵੀ ਆਈ। ਸਮਾਗਮ ਦੌਰਾਨ ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੀ ਪੁੱਜੇ ਹੋਏ ਸਨ ਪਰ ਉਨ੍ਹਾਂ ਇਸ ਵਾਰ ਸ੍ਰੀ ਅਕਾਲ ਤਖਤ ‘ਤੇ ਕੋਈ ਸੰਦੇਸ਼ ਨਹੀਂ ਪੜ੍ਹਿਆ। ਸਮਾਗਮ ਦੀ ਸਮਾਪਤੀ ਮਗਰੋਂ ਉਹ ਬਾਹਰ ਆ ਗਏ ਅਤੇ ਆਪਣਾ ਸੰਦੇਸ਼ ਪੜ੍ਹਿਆ ਅਤੇ ਜਾਰੀ ਕੀਤਾ।
________________________________________
ਖਾਲਿਸਤਾਨ ਪੱਖੀ ਨਾਅਰੇਬਾਜ਼ੀ
ਅੰਮ੍ਰਿਤਸਰ: ਸ਼ਹੀਦੀ ਸਮਾਗਮ ਉਪਰੰਤ ਯੂਨਾਈਟਡ ਅਕਾਲੀ ਦਲ ਅਤੇ ਹੋਰਨਾਂ ਆਗੂਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਨੇੜੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਉਸਾਰੀ ਗਈ ਸ਼ਹੀਦੀ ਯਾਦਗਾਰ ‘ਤੇ ਮੱਥਾ ਟੇਕਣ ਉਪਰੰਤ ਪੌੜੀਆਂ ਵਿਚ ਖੜ੍ਹੇ ਹੋ ਕੇ ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੱਖੀ ਨਾਅਰੇਬਾਜ਼ੀ ਕੀਤੀ ਅਤੇ ਖਾਲਿਸਤਾਨ ਦੇ ਝੰਡੇ ਲਹਿਰਾਏ। ਇਸ ਦੌਰਾਨ ਯੂਨਾਈਟਡ ਅਕਾਲੀ ਦਲ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਵੱਲੋਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸੰਦੇਸ਼ ਪੜ੍ਹਿਆ ਗਿਆ।
____________________________________
ਹਮਲੇ ਦਾ ਦਰਦ ਰਹਿੰਦੀ ਦੁਨੀਆਂ ਤੱਕ ਰਹੇਗਾ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਹਮਲਾ ਸਿੱਖ ਮਾਨਸਿਕਤਾ ‘ਤੇ ਹਮਲਾ ਸੀ, ਜਿਸ ਦੀ ਪੀੜ ਰਹਿੰਦੀ ਦੁਨੀਆਂ ਤੱਕ ਸਿੱਖ ਮਨਾਂ ਵਿਚ ਬਣੀ ਰਹੇਗੀ। ਉਨ੍ਹਾਂ ਆਖਿਆ ਕਿ ਜੂਨ 1984 ‘ਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਖਾਤਰ ਸ਼ਹੀਦ ਹੋਏ ਸਾਡੇ ਕੌਮੀ ਜਰਨੈਲਾਂ ਨੇ ਜਿਨ੍ਹਾਂ ਟੀਚਿਆਂ ਲਈ ਆਪਣੀਆਂ ਜਾਨਾਂ ਵਾਰੀਆਂ ਸਨ, ਅੱਜ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਰਾਜਨੀਤਕ ਅਤੇ ਜਥੇਬੰਦਕ ਧੜੇਬੰਦੀਆਂ ਤੋਂ ਉੱਪਰ ਉੱਠਦਿਆਂ ਸਿਰ ਜੋੜ ਕੇ ਬੈਠਣ ਅਤੇ ਨੀਤੀ ਤੇ ਨੀਅਤ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਵਿਚ ਸਾਡੀਆਂ ਸਾਰੀਆਂ ਖੁਆਰੀਆਂ ਅਤੇ ਚੁਣੌਤੀਆਂ ਦਾ ਹੱਲ ਕੌਮੀ ਇੱਕਜੁੱਟਤਾ ਨਾਲ ਹੀ ਸੰਭਵ ਹੈ। ਉਨ੍ਹਾਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।