ਮੋਦੀ ਸਰਕਾਰ ਵਲੋਂ ਹੁਣ ਲੌਕਡਾਊਨ ਵਿਚੋਂ ਨਿਕਲਣ ਲਈ ਅਜ਼ਮਾਇਸ਼ਾਂ

ਨਵੀਂ ਦਿੱਲੀ: ਭਾਰਤ ਨੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਾਪਿੰਗ ਮਾਲਜ਼, ਧਾਰਮਿਕ ਸਥਾਨ ਤੇ ਦਫਤਰ ਖੋਲ੍ਹ ਕੇ 75 ਦਿਨ ਦੇ ‘ਲੌਕਡਾਊਨ’ ਵਿਚੋਂ ਬਾਹਰ ਨਿਕਲਣ ਦੀ ਅਹਿਮ ਅਜ਼ਮਾਇਸ਼ ਆਰੰਭ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਸਖਤ ਸ਼ਰਤਾਂ ਲਾਗੂ ਹਨ। ਲੋਕਾਂ ਦਾ ਦਾਖਲਾ ਸੀਮਤ ਕੀਤਾ ਗਿਆ ਤੇ ਸੈਨੇਟਾਈਜ਼ੇਸ਼ਨ ਅਤੇ ਸਾਫ-ਸਫਾਈ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਕੋਵਿਡ-19 ਨਾਲ ਨਜਿੱਠ ਰਹੇ ਲੋਕਾਂ ਲਈ ਸ਼ਾਪਿੰਗ, ਕੰਮਕਾਰ ਤੇ ਪੂਜਾ-ਅਰਦਾਸ ਕਰਨ ਦਾ ਇਹ ਆਪਣੀ ਤਰ੍ਹਾਂ ਦਾ ਬਿਲਕੁਲ ਨਵਾਂ ਤਜਰਬਾ ਹੋ ਨਿੱਬੜਿਆ।

ਕਈ ਥਾਵਾਂ ਉਤੇ ਸੈਨੇਟਾਈਜ਼ੇਸ਼ਨ ਟਨਲ ਲਾਈ ਗਈ, ਸਾਰੀਆਂ ਥਾਵਾਂ ਉਤੇ ਤਾਪਮਾਨ ਜਾਂਚਿਆ ਗਿਆ, ਟੋਕਨ ਦੇ ਆਧਾਰ ਉਤੇ ਦਾਖਲਾ ਯਕੀਨੀ ਬਣਾਇਆ ਗਿਆ। ਧਾਰਮਿਕ ਥਾਵਾਂ ਉਤੇ ਪ੍ਰਸ਼ਾਦ ਨਹੀਂ ਵੰਡਿਆ ਗਿਆ, ਨਾ ਹੀ ਖਰੀਦਦਾਰੀ ਵੇਲੇ ਕੱਪੜੇ ਪਹਿਨ ਕੇ ਦੇਖਣ ਦੀ ਇਜਾਜ਼ਤ ਦਿੱਤੀ ਗਈ। ਗੈਰ ਕੰਟੇਨਮੈਂਟ ਜ਼ੋਨਾਂ ਵਿਚ ਬਹੁਤ ਸਾਰੇ ਮਾਲਜ਼ ‘ਚ ਦੁਕਾਨਾਂ ਦੇ ਸ਼ਟਰ 25 ਮਾਰਚ ਮਗਰੋਂ ਪਹਿਲੀ ਵਾਰ ਖੁੱਲ੍ਹੇ, ਪਰ ਜ਼ਿਆਦਾਤਰ ਰਿਟੇਲ ਕਾਰੋਬਾਰੀ ਥਾਵਾਂ ਸੁੰਨੀਆਂ ਹੀ ਰਹੀਆਂ। ਲੋਕ ਮਾਲਜ਼ ਵਿਚ ਘੱਟ ਹੀ ਨਜ਼ਰ ਆਏ। ਰੈਸਤਰਾਂ ‘ਚ ਵੇਟਰ ਫੇਸ ਸ਼ੀਲਡ ਪਹਿਨੇ ਤੇ ਗਾਹਕ ਮਾਸਕ ਪਾ ਕੇ ਸੁਰੱਖਿਅਤ ਦੂਰੀ ਬਣਾ ਕੇ ਬੈਠੇ ਨਜ਼ਰ ਆਏ। ਦੁਕਾਨਾਂ ਤੇ ਰੈਸਤਰਾਂ ਉਤੇ ਡਿਜੀਟਲ ਤਕਨੀਕ ਨੂੰ ਤਰਜੀਹ ਦਿੱਤੀ ਗਈ ਤੇ ਸਰੀਰਕ ਸੰਪਰਕ ਘੱਟ ਤੋਂ ਘੱਟ ਰੱਖਣ ਦਾ ਯਤਨ ਕੀਤਾ ਗਿਆ। ਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ 820 ਸਮਾਰਕ ਖੋਲ੍ਹਣ ਦੀ ਮਨਜ਼ੂਰੀ ਵੀ ਦਿੱਤੀ ਸੀ। ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਤੇ ਗਿਰਜਾ ਘਰਾਂ ਨੇ ਵੀ ਦਿੱਲੀ, ਪੱਛਮੀ ਬੰਗਾਲ ਤੇ ਕਰਨਾਟਕ ਸਣੇ ਕਈ ਸੂਬਿਆਂ ਵਿਚ ਲੋਕਾਂ ਲਈ ਬੂਹੇ ਖੋਲ੍ਹ ਦਿੱਤੇ।
ਦਿੱਲੀ ਦਾ ਛਤਰਪੁਰ ਮੰਦਰ ਕੰਪਲੈਕਸ, ਹੈਦਰਾਬਾਦ ਦਾ ਭਗਵਾਨ ਵੈਂਕਟੇਸ਼ਵਰ ਮੰਦਰ, ਪਟਨਾ ਦਾ ਮਹਾਵੀਰ ਮੰਦਰ, ਭੱਦਰਚਲਮ ਦਾ ਸ੍ਰੀ ਰਾਮ ਮੰਦਰ ਤੇ ਉਡੁਪੀ ਦਾ ਮੂਕੰਬਿਕਾ ਮੰਦਰ ਅੱਜ ਲੋਕਾਂ ਲਈ ਖੋਲ੍ਹ ਦਿੱਤੇ ਗਏ। ਦਿੱਲੀ ਦੀ ਜਾਮਾ ਮਸਜਿਦ ਤੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਵਿਚ ਵੀ ਲੋਕਾਂ ਦਾ ਸਵਾਗਤ ਕੀਤਾ ਗਿਆ। ਹਰ ਥਾਂ ਨੇਮਾਂ ਦੀ ਪਾਲਣਾ ਯਕੀਨੀ ਬਣਾਈ ਗਈ। ਅਯੁੱਧਿਆ ਸਥਿਤ ਰਾਮ ਜਨਮਭੂਮੀ ਮੰਦਰ ਵੀ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਮਾਸਕ ਪਹਿਨਣ ਤੇ ਫਾਸਲਾ ਬਰਕਰਾਰ ਰੱਖਣ ਦਾ ਖਾਸ ਖਿਆਲ ਰੱਖਿਆ ਗਿਆ। ਦਿੱਲੀ ਸਥਿਤ ਛਤਰਪੁਰ ਮੰਦਰ ਸਵੇਰੇ 8.45 ਉਤੇ ਖੁੱਲ੍ਹਿਆ ਤੇ ਕਰੀਬ 300 ਸ਼ਰਧਾਲੂ ਪਹਿਲੇ ਹੀ ਘੰਟੇ ਨਤਮਸਤਕ ਹੋਏ। ਗੁਰਦੁਆਰਿਆਂ ਦੇ ਦੁਆਰ ਖੁੱਲ੍ਹੇ ਪਰ ਪਹਿਲਾਂ ਵਰਗੀ ਰੌਣਕ ਨਹੀਂ ਸੀ। ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ‘ਚ ਬਹੁਤ ਘੱਟ ਲੋਕ ਨਜ਼ਰ ਆਏ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਕੀਨੀ ਬਣਾਇਆ ਕਿ ਲੋਕ ਜ਼ਿਆਦਾ ਸਮਾਂ ਗੁਰਦੁਆਰੇ ਅੰਦਰ ਨਾ ਬਿਤਾਉਣ। ਕਈ ਮਸਜਿਦਾਂ ਨੇ ਨਮਾਜ਼ ਮੈਟ ਮੁਹੱਈਆ ਨਹੀਂ ਕਰਵਾਏ ਤੇ ਲੋਕਾਂ ਨੂੰ ਘਰੋਂ ਹੀ ਨਮਾਜ਼ ਅਦਾ ਕਰਨ ਲਈ ਕਿਹਾ ਗਿਆ।
______________________________________________
ਧਾਰਮਿਕ ਸਥਾਨਾਂ ‘ਚ ਘੱਟ ਰਹੀ ਸ਼ਰਧਾਲੂਆਂ ਦੀ ਆਮਦ
ਅੰਮ੍ਰਿਤਸਰ: ਤਾਲਾਬੰਦੀ ਖੋਲ੍ਹਣ ਦੇ ਪਹਿਲੇ ਪੜਾਅ ਹੇਠ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਸੰਗਤ ਲਈ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ ਸ਼ਰਧਾਲੂਆਂ ਦੀ ਆਮਦ ਘੱਟ ਰਹੀ। ਇਸ ਤਹਿਤ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸੰਗਤ ਨੇ ਬਿਨਾਂ ਰੋਕ-ਟੋਕ ਮੱਥਾ ਟੇਕਿਆ। ਇਥੇ ਪ੍ਰਵੇਸ਼ ਦੁਆਰ ਨੇੜੇ ਸਿਹਤ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਰਾਮਦਾਸ ਹਸਪਤਾਲ ਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਪਰਿਕਰਮਾ ਵਿਚ ਦਾਖਲ ਹੋਣ ਤੋਂ ਪਹਿਲਾਂ ਤਾਇਨਾਤ ਸੇਵਾਦਾਰਾਂ ਵੱਲੋਂ ਹੱਥ ਸੈਨੇਟਾਈਜ਼ ਕਰਨ ਜਾਂ ਸਾਬਣ ਨਾਲ ਧੋਣ ਵਾਸਤੇ ਆਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਰਧਾਲੂਆਂ ਨੂੰ ਦੂਰੀ ਬਣਾ ਕੇ ਰੱਖਣ ਲਈ ਕਹਿਣ ਅਤੇ ਸਿਹਤ ਵਿਭਾਗ ਦੇ ਬਾਕੀ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਇਥੇ ਲਗਭਗ 100 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸਰਕਾਰ ਵੱਲੋਂ ਲੰਗਰ ਘਰ ਜਾਂ ਪ੍ਰਸ਼ਾਦ ਵਾਸਤੇ ਭਾਵੇਂ ਮਨ੍ਹਾ ਕੀਤਾ ਗਿਆ ਪਰ ਸਿੱਖ ਗੁਰਧਾਮਾਂ ਵਿਚ ਇਹ ਦੋਵੇਂ ਗੁਰਦੁਆਰਾ ਰਵਾਇਤ ਦਾ ਹਿੱਸਾ ਹਨ ਅਤੇ ਇਸੇ ਤਹਿਤ ਇਥੇ ਵੀ ਇਹ ਦੋਵੇਂ ਰਵਾਇਤਾਂ ਬਾਦਸਤੂਰ ਜਾਰੀ ਰਹੀਆਂ।
____________________________________________
ਲੌਂਗੋਵਾਲ ਨੇ ਮੋਦੀ ਨੂੰ ਪੱਤਰ ਲਿਖਿਆ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੁਰੂ ਘਰਾਂ ਵਿਚ ਪ੍ਰਸ਼ਾਦ ਅਤੇ ਲੰਗਰ ਵਰਤਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਕੋਵਿਡ ਪ੍ਰੋਟੋਕੋਲ ਦੇ ਦਾਇਰੇ ਵਿਚੋਂ ਬਾਹਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਦ ਅਤੇ ਲੰਗਰ ਵਰਤਾਉਣਾ ਸਿੱਖ ਮਰਿਯਾਦਾ ਦਾ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਵਿਖੇ ਹੋਈ ਇਕੱਤਰਤਾ ਮਗਰੋਂ ਸ੍ਰੀ ਲੌਂਗੋਵਾਲ ਨੇ ਕਿਹਾ ਕਿ ਉਹ ਕੇਂਦਰ ਦੇ ਹੁੰਗਾਰੇ ਦੀ ਉਡੀਕ ਕਰਨਗੇ।