ਅਕਲਾ ਤਖਤ ਦੇ ਜਥੇਦਾਰ ਵਲੋਂ ਖਾਲਿਸਤਾਨ ਦੀ ਮੰਗ ਦੀ ਹਮਾਇਤ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਵੱਲੋਂ ਵੱਖਰੇ ਰਾਜ ਦੀ ਮੰਗ ਖਾਲਿਸਤਾਨ ਅਤੇ ਇਸ ਸਬੰਧੀ ਨਾਅਰਿਆਂ ਨੂੰ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਨੀਤੀ ਤੇ ਨੀਯਤ ਠੀਕ ਹੋਣੀ ਚਾਹੀਦੀ ਹੈ ਅਤੇ ਇਸ ਵਾਸਤੇ ਸਮੁੱਚੀ ਕੌਮ ਸਿਰ ਜੋੜ ਕੇ ਬੈਠੇ।
ਸ੍ਰੀ ਅਕਾਲ ਤਖਤ ਦੇ ਸਕੱਤਰੇਤ ‘ਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਜੇਕਰ ਸਿੱਖਾਂ ਨੂੰ ਖਾਲਿਸਤਾਨ ਮਿਲਦਾ ਹੈ ਤਾਂ ਇਸ ਨਾਲੋਂ ਚੰਗਾ ਕੀ ਹੋਵੇਗਾ, ‘ਅੰਨ੍ਹਾ ਕੀ ਚਾਹੇ ਦੋ ਅੱਖਾਂ’।

ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਵੀ ਇਸ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਆਖਿਆ ਕਿ ਹਰ ਸਿੱਖ ਦੀ ਇਹੀ ਮੰਗ ਹੈ। ਸਿੱਖ ਨੌਜਵਾਨਾਂ ਵੱਲੋਂ ਲਾਏ ਜਾਂਦੇ ਖਾਲਿਸਤਾਨ ਪੱਖੀ ਨਾਅਰਿਆਂ ਬਾਰੇ ਉਨ੍ਹਾਂ ਆਖਿਆ ਕਿ ਸਮਾਗਮ ਦੌਰਾਨ ਇਹ ਨਹੀਂ ਲਾਏ ਜਾਣੇ ਚਾਹੀਦੇ ਹਨ। ‘ਇਸ ਨਾਲ ਸਮਾਗਮ ਵਿਚ ਵਿਘਨ ਪੈਂਦਾ ਹੈ ਪਰ ਜੇਕਰ ਇਹ ਨਾਅਰੇ ਸਮਾਗਮ ਤੋਂ ਬਾਅਦ ਲਾਏ ਜਾਂਦੇ ਹਨ ਤਾਂ ਇਹ ਨੌਜਵਾਨਾਂ ਦੇ ਜੋਸ਼ ਦਾ ਪ੍ਰਤੀਕ ਹੈ।’ ਸਾਕਾ ਨੀਲਾ ਤਾਰਾ ਬਾਰੇ ਇਕ ਪੁਖਤਾ ਦਸਤਾਵੇਜ਼ ਤਿਆਰ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸਿੱਖ ਵਿਦਵਾਨਾਂ ਦਾ ਇਕ ਪੈਨਲ ਤਿਆਰ ਕਰੇ, ਜੋ ਇਸ ਸਬੰਧੀ ਦਸਤਾਵੇਜ਼ ਤਿਆਰ ਕਰੇ, ਜਿਸ ਵਿਚ ਉਨ੍ਹਾਂ ਵਿਅਕਤੀਆਂ ਦੇ ਬਿਆਨ ਵੀ ਸ਼ਾਮਲ ਹੋਣ, ਜਿਨ੍ਹਾਂ ਨੇ ਇਸ ਫੌਜੀ ਹਮਲੇ ਨੂੰ ਹੰਢਾਇਆ ਹੈ।
‘ਦਸਤਾਵੇਜ਼ ਤਿਆਰ ਹੋਣ ਮਗਰੋਂ ਇਸ ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਤਿਆਰ ਕੀਤਾ ਜਾਵੇ ਤਾਂ ਜੋ ਇਹ ਆਉਣ ਵਾਲੀ ਪੀੜ੍ਹੀ ਲਈ ਇਕ ਯਾਦਗਾਰ ਬਣੇ।’ ਉਨ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਨੂੰ ਜਿਉਂਦਾ ਰੱਖਣ ਵਾਸਤੇ ਵੀ ਇਸ ਦਸਤਾਵੇਜ਼ ਨੂੰ ਮਦਦਗਾਰ ਦੱਸਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਸਾਕਾ ਨੀਲਾ ਤਾਰਾ ਸਮੇਂ ਹੋਏ ਨੁਕਸਾਨ ਦੀ ਭਰਪਾਈ ਦੇ ਮੁਆਵਜ਼ੇ ਵਜੋਂ ਕੀਤੇ ਗਏ ਸੌ ਕਰੋੜ ਮੁਆਵਜ਼ੇ ਦੇ ਕੇਸ ਵਿਚ ਗੱਲ ਨੂੰ ਅਗਾਂਹ ਤੋਰਨ ਲਈ ਯਤਨ ਕੀਤਾ ਜਾਵੇਗਾ। ਵੇਰਵਿਆਂ ਮੁਤਾਬਕ ਇਸ ਸਬੰਧੀ ਅਦਾਲਤ ਵੱਲੋਂ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵਾਂ ਧਿਰਾਂ ਨੂੰ ਗੱਲਬਾਤ ਨਾਲ ਮਸਲਾ ਹੱਲ ਕਰਨ ਲਈ ਆਖਿਆ ਗਿਆ ਹੈ।
________________________________________
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਵਲੋਂ ਪ੍ਰੋੜਤਾ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਜਦੋਂ ਖਾਲਿਸਤਾਨ ਦੀ ਮੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੀ ਸਿੰਘ ਸਾਹਿਬ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਕੋਈ ਸਿੱਖ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਜੂਨ 1984 ਦਾ ਘੱਲੂਘਾਰਾ ਦਿਵਸ ਕੌਮ ਰਹਿੰਦੀ ਦੁਨੀਆਂ ਤੱਕ ਮਨਾਉਂਦੀ ਰਹੇਗੀ। ਇਸ ਫੌਜੀ ਹਮਲੇ ਤੋਂ ਬਾਅਦ ਆਜ਼ਾਦ ਭਾਰਤ ਪ੍ਰਤੀ ਸਿੱਖਾਂ ਦਾ ਭਰੋਸਾ ਤਿੜਕ ਗਿਆ ਹੈ ਅਤੇ ਅੱਜ ਤੱਕ ਸਿੱਖ ਆਪਣੇ ਹੀ ਦੇਸ਼ ‘ਚ ਬੇਗਾਨਗੀ ਦਾ ਅਹਿਸਾਸ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਘੱਲੂਘਾਰਾ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਇਕ ਹਜ਼ਾਰ ਕਰੋੜ ਰੁਪਏ ਦੇ ਦਾਅਵੇ ਦਾ ਕੇਸ ਸੁਪਰੀਮ ਕੋਰਟ ਵਿਚ ਦਾਇਰ ਕੀਤਾ ਹੋਇਆ ਹੈ ਤੇ ਆਉਂਦੇ ਦਿਨਾਂ ‘ਚ ਇਸ ਦੀ ਸਮੀਖਿਆ ਕੀਤੀ ਜਾਵੇਗੀ।
_______________________________________
ਦਲ ਖਾਲਸਾ ਨੇ ਸਵਾਗਤ ਕੀਤਾ
ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਵਲੋਂ ਖਾਲਿਸਤਾਨ ਬਾਰੇ ਦਿੱਤੇ ਬਿਆਨ ਸਬੰਧੀ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਵੱਲੋਂ ਦਿੱਤੇ ਬਿਆਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਖਾਲਿਸਤਾਨ ਪ੍ਰਤੀ ਦਿੱਤਾ ਬਿਆਨ ਚੇਤੇ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ 6 ਜੂਨ ਨੂੰ ਪਹਿਲਾਂ ਹੀ ਖਾਲਿਸਤਾਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ, ਜਿਸ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੋਹਰ ਲਗਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਪੁਲਿਸ ਵਲੋਂ ਕੀਤੀ ਗਈ ਨਾਕਾਬੰਦੀ ਅਤੇ ਸੰਗਤਾਂ ਨੂੰ ਜਾਣ ਤੋਂ ਰੋਕੇ ਜਾਣ ਦੀ ਨਿੰਦਾ ਕੀਤੀ।