ਕਰੋਨਾ ਮਹਾਮਾਰੀ ਨੇ ਲੋਕਾਂ ਨੂੰ ਸਾਦੇ ਵਿਆਹਾਂ ਵਲ ਮੋੜਿਆ

ਚੰਡੀਗੜ੍ਹ: ਕਰੋਨਾ ਮਹਾਮਾਰੀ ਨੇ ਲੋਕਾਂ ਨੂੰ ਸਾਦੇ ਵਿਆਹਾਂ ਵੱਲ ਮੋੜਿਆ ਹੈ। ਪੰਜਾਬ ਵਿਚ ਵਿਆਹਾਂ ਉਤੇ ਬੇਹਿਸਾਬੇ ਖਰਚੇ ਪਿਛਲੇ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਮਹਿੰਗੇ ਅਤੇ ਆਲੀਸ਼ਾਨ ਕਿਸਮ ਦੇ ਮੈਰਿਜ ਪੈਲੇਸ ਵੱਡੇ ਸ਼ਹਿਰਾਂ ਤੋਂ ਹੁੰਦੇ ਹੋਏ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਵੀ ਆ ਵੜੇ ਹਨ। ਜਿਥੇ ਮਹਿੰਗੇ ਵਿਆਹਾਂ ਅਤੇ ਪੈਲੇਸ ਰਿਵਾਜ ਨੇ ਪੇਂਡੂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਆਰਥਿਕ ਪੱਖੋਂ ਵੀ ਇਸ ਰੁਝਾਨ ਨੇ ਲੋਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਹੁਣ ਜਦੋਂ ਕਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆਂ ਦੀ ਅਰਥਵਿਵਸਥਾ ਅਤੇ ਸਮਾਜਿਕ ਤਾਣਾ-ਬਾਣਾ ਪ੍ਰਭਾਵਿਤ ਹੋਇਆ ਹੈ ਤਾਂ ਇਸ ਮਹਾਮਾਰੀ ਦੇ ਡਰ ਦੌਰਾਨ ਸਰਕਾਰ ਦੀ ਤਾਲਾਬੰਦੀ ਨੇ ਜਿਥੇ ਲੋਕਾਂ ਨੂੰ ਸਾਦੇ ਜੀਵਨ ਤੇ ਪੁਰਾਣੀ ਵਿਰਾਸਤ ਦਾ ਚੇਤਾ ਕਰਵਾ ਦਿੱਤਾ, ਉਥੇ ਹੀ ਸਮਾਜ ਵਿਚ ਸਾਦੇ ਵਿਆਹਾਂ ਦਾ ਮੁੜ ਤੋਂ ਮੁੱਢ ਬੱਝਦਾ ਨਜ਼ਰ ਆਉਣ ਲੱਗਾ ਹੈ। ਹਾਲ ਹੀ ਵਿਚ ਕਰਫਿਊ ਦੌਰਾਨ ਸਾਦੇ ਢੰਗ ਤੇ ਸੀਮਤ ਸਾਧਨਾਂ ਰਾਹੀਂ ਨੇਪਰੇ ਚੜੇ ਵਿਆਹ ਕਾਰਜਾਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੀਮਤ ਸਮੇਂ ਵਿਚ ਹੀ ਬਣਿਆ ਸਾਦੇ ਵਿਆਹਾਂ ਦਾ ਮਾਹੌਲ ਜਿਥੇ ਹੁਣ ਸਭ ਕੁਝ ਸੰਭਵ ਹੋਣ ਦਾ ਸੁਨੇਹਾ ਦੇਣ ਲੱਗਾ ਹੈ, ਉਥੇ ਹੀ ਮੌਕੇ ਦਾ ਲਾਹਾ ਲੈਂਦੇ ਹੋਏ ਸਾਦੇ ਵਿਆਹਾਂ ਦੀ ਪਿਰਤ ਨੂੰ ਪੱਕਿਆਂ ਕਰਨ ਲਈ ਵੀ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਆਵਾਜ਼ ਉਠਾਉਣ ਲੱਗੇ ਹਨ।
ਤਾਲਾਬੰਦੀ ਦੌਰਾਨ ਲੱਖਾਂ ਰੁਪਏ ਦੇ ਖਰਚ ਤੋਂ ਉਲਟ ਕਿਸੇ ਸ਼ਹਿਰ ਵਿਚ 38 ਰੁਪਏ ਵਿਚ ਤੇ ਕਿਧਰੇ 437 ਰੁਪਏ ਵਿਚ ਵਿਆਹ ਦਾ ਕਾਰਜ ਨੇਪਰੇ ਚਾੜ੍ਹਨ ਦੀਆਂ ਰਸਮਾਂ ਵੀ ਸਾਹਮਣੇ ਆਈਆਂ ਹਨ। ਲਾੜੇ ਵਲੋਂ ਮੋਟਰਸਾਈਕਲ, ਟਰੈਕਟਰ ਤੇ ਹੋਰ ਵੱਖਰੇ ਸਾਧਨਾਂ ਜ਼ਰੀਏ ਦੁਲਹਨ ਵਿਆਹ ਕੇ ਲਿਆਉਣ ਦੀਆਂ ਖਬਰਾਂ ਵੀ ਆਈਆਂ ਹਨ। ਗਿਣਵੇਂ ਬਰਾਤੀਆਂ ਨਾਲ ਆਪਣੇ ਲੜਕਿਆਂ ਦਾ ਅਨੰਦ ਕਾਰਜ ਕਰਕੇ ਘਰ ਪਰਤੇ ਮਾਪੇ ਜਿਥੇ ਢਿੱਡੋਂ ਸੰਤੁਸ਼ਟ ਦਿੱਸੇ, ਉਥੇ ਕਰਜ਼ ਲੈ ਕੇ ਧੀ ਵਿਆਹੁਣ ਵਾਲੇ ਕਈ ਮਾਪਿਆਂ ਦੇ ਵੀ ਸਾਦੇ ਵਿਆਹਾਂ ਨੇ ਲੱਖਾਂ ਰੁਪਏ ਬਚਾਅ ਦਿੱਤੇ। ਸਾਦੇ ਵਿਆਹ ਕਰਕੇ ਲੱਖਾਂ ਰੁਪਏ ਬਚਾਉਣ ਵਾਲੇ ਮਾਪਿਆਂ ਨੇ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਕਈ ਥਾਈਂ ਮਾਸਕ, ਸੈਨੇਟਾਈਜ਼ਰ ਤੇ ਲੋੜਵੰਦਾਂ ਲਈ ਰਾਸ਼ਨ ਵੰਡਣ ਦੀਆਂ ਕਈ ਉਦਾਹਰਨਾਂ ਵੀ ਪੇਸ਼ ਕੀਤੀਆਂ ਹਨ। ਹੁਣ ਜਦੋਂ ਤਾਲਾਬੰਦੀ ਦੌਰਾਨ ਸਾਦੇ ਵਿਆਹਾਂ ਦਾ ਮਜਬੂਰਨ ਰੁਝਾਨ ਵਧਣ ਲੱਗਾ ਹੈ ਤਾਂ ਇਸ ਨੂੰ ਦੇਖਦੇ ਹੋਏ ਬਹੁਤੇ ਮਾਪਿਆਂ ਨੇ ਸਮੇਂ ਦਾ ਲਾਹਾ ਲੈਣ ਦੀ ਤਾਕ ‘ਚ ਆਪਣੇ ਧੀਆਂ-ਪੁੱਤਰਾਂ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਹਨ। ਤਾਲਾਬੰਦੀ ਦੌਰਾਨ ਹੀ ਵਿਆਹ ਦਾ ਕਾਰਜ ਸਿਰੇ ਚਾੜ੍ਹਨ ਦੀ ਇੱਛਾ ਕਾਰਨ ਰਿਸ਼ਤਿਆਂ ਦੀ ਵੀ ਮੰਗ ਵਧੀ ਹੈ। ਤਾਲਾਬੰਦੀ ਤੋਂ ਪਹਿਲਾਂ ਤੋਂ ਤੈਅ ਵਿਆਹ ਕਾਰਜਾਂ ਤੋਂ ਇਲਾਵਾ ਕਈ ਲੋਕਾਂ ਵਲੋਂ ਤਾਲਾਬੰਦੀ ਦੌਰਾਨ ਹੀ ਰਿਸ਼ਤੇ ਕਰਨ ਤੋਂ ਇਲਾਵਾ ਵਿਆਹ ਕਾਰਜ ਵੀ ਨੇਪਰੇ ਚਾੜ ਦਿੱਤੇ ਗਏ ਹਨ। ਲੋਕਾਂ ‘ਚ ਇਹ ਚਰਚਾ ਆਮ ਛਿੜ ਪਈ ਹੈ ਕਿ ਤਾਲਾਬੰਦੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਵਿਆਹ ਕਾਰਜ ਨਿਪਟਾਉਣ ਲਈ ਲੱਖਾਂ ਰੁਪਏ ਦੇ ਬੇਲੋੜੇ ਖਰਚ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਸਰਕਾਰ ਵਲੋਂ ਤਾਲਾਬੰਦੀ ਦੇ ਜਾਰੀ ਨਵੇਂ ਹੁਕਮਾਂ ‘ਚ ਭਾਵੇਂ ਵਿਆਹ ਕਾਰਜਾਂ ‘ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਗਿਣਤੀ 50 ਤੱਕ ਕਰ ਦਿੱਤੀ ਗਈ ਹੈ ਪਰ ਪਿਛਲੇ ਹਫਤਿਆਂ ‘ਚ ਵਿਆਹ ਕਾਰਜਾਂ ‘ਚ ਸਿਰਫ 10 ਵਿਅਕਤੀਆਂ ਦੀ ਸ਼ਰਤ ਹੋਣ ਕਾਰਨ ਘਰਾਂ ਵਿਚ ਹੀ ਵਿਆਹ ਕਾਰਜ ਨੇਪਰੇ ਚੜ੍ਹ ਗਏ।