ਨਸਲੀ ਨਫਰਤ ਖਿਲਾਫ ਰੋਹ ਪੂਰੀ ਦੁਨੀਆਂ ਵਿਚ ਫੈਲਿਆ

ਵਾਸ਼ਿੰਗਟਨ: ਪੁਲਿਸ ਹਿਰਾਸਤ ਵਿਚ ਅਫਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਖਿਲਾਫ ਸ਼ਾਂਤੀਪੂਰਨ ਮੁਜ਼ਾਹਰੇ ਅਮਰੀਕਾ ਸਣੇ ਪੂਰੀ ਦੁਨੀਆਂ ਵਿਚ ਸ਼ੁਰੂ ਹੋ ਗਏ ਹਨ। ਹਫਤਾ ਪਹਿਲਾਂ ਸ਼ੁਰੂ ਹੋਏ ਹਿੰਸਕ ਰੋਸ ਮੁਜ਼ਾਹਰੇ ਹੁਣ ਸ਼ਾਂਤੀਪੂਰਨ ਪ੍ਰਦਰਸ਼ਨਾਂ ਵਿਚ ਤਬਦੀਲ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨੈਸ਼ਨਲ ਗਾਰਡਜ਼ ਨੂੰ ਰਾਜਧਾਨੀ ਵਾਸ਼ਿੰਗਟਨ ਵਿਚੋਂ ਹਟਣ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ‘ਬਿਲਕੁਲ ਕਾਬੂ’ ਹੇਠ ਹੈ। ਹਜ਼ਾਰਾਂ ਲੋਕਾਂ ਨੇ ਪੂਰਬੀ ਤੇ ਪੱਛਮੀ ਕੋਸਟ ਦੇ ਇਲਾਕਿਆਂ ਵਿਚ ਮੁਜ਼ਾਹਰੇ ਕੀਤੇ ਅਤੇ ਉਤਰੀ ਕੈਰੋਲੀਨਾ ਵਿਚ ਵੱਡਾ ਇਕੱਠ ਹੋਇਆ।

ਬਹੁਤੇ ਸ਼ਹਿਰਾਂ ਵਿਚ ਲਾਇਆ ਗਿਆ ਕਰਫਿਊ ਹੁਣ ਹਟਾ ਲਿਆ ਗਿਆ ਹੈ ਤੇ ਗ੍ਰਿਫਤਾਰੀਆਂ ਵੀ ਜ਼ਿਆਦਾ ਨਹੀਂ ਕੀਤੀਆਂ ਜਾ ਰਹੀਆਂ। ਰੋਸ ਮੁਜ਼ਾਹਰੇ ਹੋਰਨਾਂ ਮਹਾਦੀਪਾਂ ਵਿਚ ਵੀ ਹੋ ਰਹੇ ਹਨ।
ਯੂਕੇ ਤੇ ਫਰਾਂਸ ਵਿਚ ਵੀ ਰੋਸ ਮੁਜ਼ਾਹਰੇ ਹੋਏ ਹਨ। ਸਿਆਟਲ ਵਿਚ ਪੁਲਿਸ ਨੇ ਲੋਕਾਂ ਨੂੰ ਖਿੰਡਾਉਣ ਲਈ ਮਿਰਚਾਂ ਵਾਲੀ ਸਪਰੇਅ ਤੇ ਫਲੈਸ਼ ਬੈਂਗ ਡਿਵਾਈਸ ਵਰਤੇ। ਰੋਸ ਪ੍ਰਗਟਾਉਣ ਲਈ ਸਭ ਤੋਂ ਵੱਡਾ ਇਕੱਠ ਵਾਸ਼ਿੰਗਟਨ ਵਿਚ ਹੋਇਆ ਤੇ ਲੋਕਾਂ ਨੇ ਸ਼ਹਿਰ ਦੀਆਂ ਸੜਕਾਂ ਭਰ ਦਿੱਤੀਆਂ। ਲੋਕਾਂ ਨੇ ਕਿਹਾ ਕਿ ਉਹ ਪੁਲਿਸ ਦੀ ਜ਼ਿੰਮੇਵਾਰੀ ਹੋਰ ਵੱਡੇ ਪੱਧਰ ਉਤੇ ਤੈਅ ਕਰਨ ਦੀ ਮੰਗ ਕਰ ਰਹੇ ਹਨ। 37 ਸਾਲਾ ਇਕ ਅਫਰੀਕੀ-ਅਮਰੀਕੀ ਅਧਿਆਪਕ ਨੇ ਕਿਹਾ ਕਿ ਪੁਲਿਸ ਨੂੰ ਗਲ ਦੁਆਲੇ ਮਜ਼ਬੂਤ ਪਕੜ ਬਣਾ ਕੇ ਸਾਹ ਰੋਕਣ ਤੇ ਬਾਡੀ ਕੈਮਰਾ ਪਾਉਣ ਜਿਹੇ ਹੱਕ ਮਿਲੇ ਹੋਏ ਹਨ। ਇਨ੍ਹਾਂ ਉਤੇ ਰੋਕ ਲੱਗਣੀ ਚਾਹੀਦੀ ਹੈ।
__________________________________
ਗੂਗਲ ਨਸਲਵਾਦ ਦੇ ਟਾਕਰੇ ਲਈ 3.7 ਕਰੋੜ ਦੇਵੇਗਾ
ਵਾਸ਼ਿੰਗਟਨ: ਗੂਗਲ ਵੱਲੋਂ ਨਸਲਵਾਦ ਦੇ ਟਾਕਰੇ ਲਈ 3.7 ਕਰੋੜ ਡਾਲਰ ਦਿੱਤੇ ਜਾਣਗੇ। ਅਮਰੀਕਾ ‘ਚ ਸਿਆਹਫਾਮ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਮਗਰੋਂ ਦੇਸ਼ ‘ਚ ਹੋਏ ਪ੍ਰਦਰਸ਼ਨਾਂ ਮਗਰੋਂ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ (47) ਨੇ ਇਹ ਐਲਾਨ ਕੀਤਾ ਹੈ। ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਰਾਹੀਂ ਇਹ ਜਾਣਕਾਰੀ ਦਿੰਦਿਆਂ ਗੂਗਲ ਅਤੇ ਅਲਫਾਬੈਟ ਦੇ ਭਾਰਤੀ-ਅਮਰੀਕੀ ਸੀ.ਈ.ਓ. ਨੇ ਬੇਨਤੀ ਕੀਤੀ ਕਿ ਉਹ ਜਾਨਾਂ ਗੁਆਉਣ ਵਾਲੇ ਸਿਆਹਫਾਮਾਂ ਦੀ ਯਾਦ ‘ਚ 8 ਮਿੰਟ ਅਤੇ 46 ਸੈਕਿੰਡ ਤੱਕ ਇਕੱਠਿਆਂ ਮੌਨ ਧਾਰਨ ਕਰਨ। ਫਲਾਇਡ ਇੰਨੇ ਹੀ ਮਿੰਟ ਸਾਹ ਲੈਣ ਲਈ ਤੜਫਦਾ ਰਿਹਾ ਸੀ।
_____________________________________
ਸੜਕਾਂ ‘ਤੇ ਉਤਰੇ ਆਸਟਰੇਲੀਆ ਵਾਸੀ
ਮੈਲਬਰਨ: ਆਸਟਰੇਲੀਆ ਵਿਚ ਤਕਰੀਬਨ 30,000 ਤੋਂ ਵੱਧ ਲੋਕਾਂ ਨੇ ਨਸਲੀ ਹਿੰਸਾ ਅਤੇ ਪੁਲਿਸ ਬੇਰਹਿਮੀ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ। ਸਿਡਨੀ ਮੈਲਬਰਨ, ਬ੍ਰਿਸਬੇਨ, ਐਡੀਲੇਡ ਅਤੇ ਹੋਬਾਰਟ ਸ਼ਹਿਰਾਂ ਦੀਆਂ ਸੜਕਾਂ ਉਤੇ ਮਾਰਚ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਆਸਟਰੇਲੀਆ ਦੇ ਮੂਲ ਵਾਸੀਆਂ ਵਿਰੁੱਧ ਹਿੰਸਾ ਅਤੇ ਨਸਲਵਾਦ ਖਤਮ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਮਰੀਕਾ ਵਿਚ ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਦੀ ਨਿੰਦਾ ਕਰਦਿਆਂ ਰੋਸ ਪ੍ਰਗਟਾਵਾ ਕੀਤਾ ਅਤੇ ਆਸਟਰੇਲੀਆ ਵਿਚ ਸਿਆਹਫਾਮ ਤੇ ਹੋਰ ਪਰਵਾਸੀ ਭਾਈਚਾਰਿਆਂ ਨਾਲ ਹੋ ਰਹੇ ਨਸਲੀ ਭੇਦਭਾਵ ਨੂੰ ਰੋਕਣ ਦੀ ਅਪੀਲ ਕਰਦਿਆਂ ਨਾਅਰੇਬਾਜ਼ੀ ਕੀਤੀ।