ਜੂਨ 84 ਦਾ ਘੱਲੂਘਾਰਾ, ਕੇ. ਜੀ. ਬੀ. ਅਤੇ ਪੰਜਾਬ ਦੇ ਖੱਬੇਪੱਖੀ

ਸਿੱਖ ਹਲਕਿਆਂ ਦਾ ਇਕ ਹਿੱਸਾ ਸਿੱਖਾਂ ਅਤੇ ਪੰਜਾਬ ਦੀ ਸਿਆਸਤ ਅੰਦਰ ਪੰਜਾਬ ਦੇ ਖੱਬੇਪੱਖੀਆਂ ਦੀ ਭੂਮਿਕਾ ਬਾਰੇ ਗਾਹੇ-ਬਗਾਹੇ ਟਿੱਪਣੀਆਂ ਕਰਦਾ ਰਿਹਾ ਹੈ। ਨੌਜਵਾਨ ਵਿਦਵਾਨ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਇਸ ਲੇਖ ਵਿਚ ਰੂਸ ਦੀ ਖੁਫੀਆ ਏਜੰਸੀ ਕੇ. ਜੀ. ਬੀ. ਦੇ ਏਜੰਟ ਰਹੇ ਵਾਸਿਲੀ ਮਿਤਰੋਖਿਨ ਦੇ ਹਵਾਲੇ ਨਾਲ ਖੱਬੇਪੱਖੀਆਂ ਵੱਲ ਸਵਾਲਾਂ ਦੀ ਵਾਛੜ ਕੀਤੀ ਹੈ। ਲੇਖ ਵਿਚ ਉਸ ਨੇ ਪੰਜਾਬ ਦੇ ਖੱਬੇਪੱਖੀਆਂ ਦੀਆਂ ਤਿੰਨ ਸ਼੍ਰੇਣੀਆਂ ਦਾ ਉਚੇਚਾ ਜ਼ਿਕਰ ਕੀਤਾ ਹੈ।

-ਸੰਪਾਦਕ

ਪ੍ਰਭਸ਼ਰਨਬੀਰ ਸਿੰਘ

ਜੂਨ 1984 ਵਿਚ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਦਰਜਨਾਂ ਹੋਰ ਗੁਰਦੁਆਰਾ ਸਾਹਿਬਾਨ ਉਤੇ ਕੀਤਾ ਗਿਆ ਹਮਲਾ ਆਧੁਨਿਕ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੈ। ਕਿਸੇ ਕੌਮ ਦੇ ਸਭ ਤੋਂ ਪਵਿੱਤਰ ਅਸਥਾਨ ਉਤੇ ਫੌਜ ਚਾੜ੍ਹ ਕੇ ਉਥੇ ਆਈ ਸੰਗਤ ਦਾ ਕਤਲੇਆਮ ਕਰਨਾ, ਗੁਰਧਾਮਾਂ ਦੀ ਬੇਅਦਬੀ ਕਰਨੀ ਅਤੇ ਫਿਰ ਇਸ ਕਾਲੇ ਕਾਰੇ ਨੂੰ ਜਾਇਜ਼ ਦੱਸਣਾ, ਇਹਦੀ ਹੋਰ ਕਿਤੇ ਕੋਈ ਮਿਸਾਲ ਨਹੀਂ ਮਿਲਦੀ।
ਸਿੱਖ ਇਤਿਹਾਸ ਵਿਚ ਘੱਲੂਘਾਰਾ ਕੋਈ ਨਵੀਂ ਗੱਲ ਨਹੀਂ। ਅਠਾਰ੍ਹਵੀਂ ਸਦੀ ਵਿਚ ਲੱਖਪਤ ਰਾਏ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਸਿੱਖਾਂ ਉਤੇ ਘੱਲੂਘਾਰਿਆਂ ਦੇ ਕਹਿਰ ਢਾਹੇ, ਪਰ ਜੂਨ 1984 ਦੇ ਘੱਲੂਘਾਰੇ ਵਿਚ ਇੱਕ ਗੱਲ ਵੱਖਰੀ ਹੈ। ਇਸ ਘੱਲੂਘਾਰੇ ਤੋਂ ਬਾਅਦ ਸਰਕਾਰ ਨੇ ਇਸ ਦਾ ਦੋਸ਼ ਵੀ ਸਿੱਖਾਂ ਦੇ ਸਿਰ ਹੀ ਮੜ੍ਹ ਦਿੱਤਾ। ਸਰਕਾਰ ਦੇ ਇਸ ਕੰਮ ਵਿਚ ਪੰਜਾਬ ਦੇ ਖੱਬੇਪੱਖੀਆਂ ਨੇ ਭਰਪੂਰ ਯੋਗਦਾਨ ਪਾਇਆ। ਉਸ ਵੇਲੇ ਸਰਕਾਰ ਸਿੱਖਾਂ ਦੇ ਮਨਾਂ ਵਿਚੋਂ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਸੀ। ਸਰਕਾਰ ਦੀ ਗੱਲ ਕਿਸੇ ਨੇ ਨਹੀਂ ਸੀ ਸੁਣਨੀ। ਇਸੇ ਲਈ ਸਰਕਾਰ ਨੂੰ ਕਿਸੇ ਤੀਜੀ ਧਿਰ ਦੀ ਲੋੜ ਸੀ ਜਿਹੜੀ ਲੋਕਾਂ ਵਿਚ ਸਰਕਾਰ ਦਾ ਪ੍ਰਚਾਰ ਕਰਦੀ। ਇਹ ਭੂਮਿਕਾ ਖੱਬੇਪੱਖੀਆਂ ਨੇ ਪੂਰੀ ਤਨਦੇਹੀ ਨਾਲ ਨਿਭਾਈ। ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ, ਕਿਉਂਕਿ ਫਲਸਤੀਨ ਤੋਂ ਲੈ ਕੇ ਕਸ਼ਮੀਰ ਤੱਕ, ਖੱਬੇਪੱਖੀ ਆਮ ਕਰਕੇ ਮਜ਼ਲੂਮ ਧਿਰ ਨਾਲ ਖੜ੍ਹਦੇ ਹਨ ਪਰ ਪੰਜਾਬ ਦੇ ਮਸਲੇ ਉਤੇ ਉਨ੍ਹਾਂ ਦਾ ਰੁਖ ਉਲਟਾ ਸੀ। ਉਹ ਸਰਕਾਰ ਦੇ ਬੁਲਾਰਿਆਂ ਵਜੋਂ ਵਿਚਰੇ। ਅਜਿਹਾ ਕਿਉਂ ਵਾਪਰਿਆ, ਇਹ ਜਾਨਣ ਲਈ ਇਤਿਹਾਸ ਦੀਆਂ ਕੁਝ ਪਰਤਾਂ ਫਰੋਲਣ ਦੀ ਲੋੜ ਹੈ।
ਉਸ ਵੇਲੇ ਅਮਰੀਕਾ ਅਤੇ ਸੋਵੀਅਤ ਸੰਘ ਵਿਚਾਲੇ ਠੰਢੀ ਜੰਗ ਚੱਲ ਰਹੀ ਸੀ। ਸਾਰਾ ਸੰਸਾਰ ਦੋ ਕੈਂਪਾਂ ਵਿਚ ਵੰਡਿਆ ਹੋਇਆ ਸੀ। ਕੁਝ ਮੁਲਕ ਅਮਰੀਕਾ ਵੱਲ ਸਨ ਤੇ ਕੁਝ ਰੂਸ ਵੱਲ। ਭਾਰਤ ਦਾ ਝੁਕਾਅ ਵੀ ਰੂਸ ਵੱਲ ਹੀ ਸੀ। ਭਾਰਤ ਨੇ ਭਾਵੇਂ ਗੁੱਟ-ਨਿਰਲੇਪ ਅੰਦੋਲਨ ਨਾਂ ਦੀ ਲਹਿਰ ਚਲਾਈ ਸੀ ਪਰ ਇਸ ਦਾ ਝੁਕਾਅ ਬਹੁਤਾ ਕਰਕੇ ਰੂਸ ਵੱਲ ਹੀ ਰਹਿੰਦਾ ਸੀ। ਰੂਸ ਵੀ ਭਾਰਤ ਦੇ ਹਰ ਜਾਇਜ਼-ਨਾਜਾਇਜ਼ ਕੰਮ ਦੀ ਹਾਮੀ ਭਰਦਾ ਸੀ। ਨਾਲ ਹੀ ਰੂਸ ਦੀ ਗੁਪਤਚਰ ਸੰਸਥਾ ਕੇ.ਜੀ.ਬੀ. ਅਜਿਹੀਆਂ ਚਾਲਾਂ ਚਲਦੀ ਰਹਿੰਦੀ ਸੀ ਜਿਸ ਨਾਲ ਉਸ ਦੇ ਸਿਆਸੀ ਮਕਸਦ ਪੂਰੇ ਹੁੰਦੇ ਹੋਣ।
ਕੇ.ਜੀ.ਬੀ. ਦਾ ਇਕ ਏਜੰਟ ਸੀ ਜਿਸ ਦਾ ਨਾਂ ਸੀ ਵਾਸਿਲੀ ਮਿਤਰੋਖਿਨ। 1991 ਵਿਚ ਸੋਵੀਅਤ ਸੰਘ ਟੁੱਟਣ ਤੋਂ ਬਾਅਦ ਉਹ ਗੁਪਤ ਦਸਤਾਵੇਜ਼ਾਂ ਦਾ ਜ਼ਖੀਰਾ ਲੈ ਕੇ ਇੰਗਲੈਂਡ ਆ ਗਿਆ ਜਿਥੇ ਉਸ ਨੇ ਯੂਨੀਵਰਸਿਟੀ ਆਫ ਕੈਂਬਰਿਜ ਦੇ ਪ੍ਰੋਫੈਸਰ ਕ੍ਰਿਸਟੋਫਰ ਐਂਡ੍ਰਿਊ ਨਾਲ ਮਿਲ ਕੇ ਕੁਝ ਕਿਤਾਬਾਂ ਲਿਖੀਆਂ। ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਕਿਤਾਬ ਦਾ ਨਾਂ ਹੈ ‘ਦਿ ਮਿਤਰੋਖਿਨ ਆਰਕਾਈਵਜ਼’। ਇਹ ਵੱਡ-ਆਕਾਰੀ ਪੁਸਤਕ ਦੋ ਭਾਗਾਂ ਵਿਚ ਛਪੀ। ਦੂਜੇ ਭਾਗ ਵਿਚ ਭਾਰਤ ਬਾਰੇ ਕਾਫੀ ਜਾਣਕਾਰੀ ਹੈ ਜਿਸ ਵਿਚ ਸਿੱਖਾਂ ਦਾ ਵੀ ਜ਼ਿਕਰ ਆਉਂਦਾ ਹੈ।
ਇਸ ਪੁਸਤਕ ਵਿਚ ਮਿਤਰੋਖਿਨ ਲਿਖਦਾ ਹੈ, “One of the main aims of KGB active measures in the early 1980s was to manufacture evidence that the CIA and Pakistani intelligence were behind the growth of Sikh separatism in the Punjab.”
ਭਾਵ ਇਹ ਕਿ 1980ਵਿਆਂ ਦੇ ਸ਼ੁਰੂ ਵਿਚ ਕੇ.ਜੀ.ਬੀ. ਦਾ ਮੁਖ ਮਕਸਦ ਫਰਜ਼ੀ ਦਸਤਾਵੇਜ਼ਾਂ ਰਾਹੀਂ ਇਹ ਸਾਬਤ ਕਰਨਾ ਸੀ ਕਿ ਸੀ.ਆਈ.ਏ. (ਅਮਰੀਕੀ ਗੁਪਤਚਰ ਸੰਸਥਾ) ਅਤੇ ਪਾਕਿਸਤਾਨੀ ਗੁਪਤਚਰ ਸੰਸਥਾਵਾਂ ਰਲ ਕੇ ਪੰਜਾਬ ਵਿਚ ਸਿੱਖ ਵੱਖਵਾਦ ਫੈਲਾ ਰਹੀਆਂ ਹਨ। ਮਿਤਰੋਖਿਨ ਵਾਰ-ਵਾਰ ਇਸ ਗੱਲ ਦੇ ਸਬੂਤ ਪੇਸ਼ ਕਰਦਾ ਹੈ ਕਿ ਇਹ ਸਾਰਾ ਝੂਠ ਅਸੀਂ ਫੈਲਾ ਰਹੇ ਸੀ। ਭਾਰਤੀ ਹਕੂਮਤ ਨੂੰ ਇਹ ਗੱਲ ਰਾਸ ਆਉਂਦੀ ਸੀ। ਉਨ੍ਹਾਂ ਨੇ ਜਾਣ ਬੁਝ ਕੇ ਵੀ ਇਸ ਝੂਠੀ ਜਾਣਕਾਰੀ ਨੂੰ ਸਿੱਖਾਂ ਦੇ ਖਿਲਾਫ ਵਰਤਿਆ; ਸਿੱਖ ਆਪਣੇ ਬੁਨਿਆਦੀ ਹੱਕਾਂ ਲਈ ਸੰਘਰਸ਼ ਕਰ ਰਹੇ ਸਨ ਤੇ ਭਾਰਤੀ ਹਕੂਮਤ ਉਨ੍ਹਾਂ ਨੂੰ ਬਦੇਸੀ ਤਾਕਤਾਂ ਦੇ ਕਰਿੰਦੇ ਬਣਾ ਕੇ ਪੇਸ਼ ਕਰ ਰਹੀ ਸੀ।
ਮਿਤਰੋਖਿਨ ਲਿਖਦਾ ਹੈ ਕਿ ਜਦੋਂ ਜੁਲਾਈ 1983 ਵਿਚ ਰਾਜੀਵ ਗਾਂਧੀ ਮਾਸਕੋ ਗਿਆ ਤਾਂ ਅਸੀਂ ਉਸ ਨੂੰ ਇਹ ਗੱਲ ਮਨਵਾ ਲਈ ਕਿ ਪੰਜਾਬ ਵਿਚ ਗੜਬੜ ਅਮਰੀਕਾ ਕਰ ਰਿਹਾ ਹੈ ਤੇ ਉਸ ਨੇ ਵਾਪਸ ਆਉਂਦਿਆਂ ਹੀ ਪਹਿਲਾ ਬਿਆਨ ਇਹ ਦਿੱਤਾ ਕਿ ਪੰਜਾਬ ਦੇ ਮਸਲੇ ਨੂੰ ਵਿਗਾੜਨ ਲਈ ਅਮਰੀਕਾ ਜ਼ਿੰਮੇਵਾਰ ਹੈ; ਹਾਲਾਂਕਿ ਅਮਰੀਕਾ ਦੀ ਸਾਰੇ ਮਸਲੇ ਵਿਚ ਕੋਈ ਭੂਮਿਕਾ ਨਹੀਂ ਸੀ ਅਤੇ ਨਾ ਹੀ ਅਮਰੀਕਾ ਨੇ ਕਦੇ ਸਿੱਖਾਂ ਦੀ ਕੋਈ ਅਜਿਹੀ ਮਦਦ ਕੀਤੀ ਹੈ।
ਮਿਤਰੋਖਿਨ ਆਖਦਾ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਸੋਵੀਅਤ ਸੰਘ ਅਤੇ ਸੀ.ਪੀ.ਆਈ. ਦੋਹਾਂ ਨੇ ਇਸ ਦੀ ਹਮਾਇਤ ਕੀਤੀ: “The Soviet Union, like the CPI, quickly expressed ‘full understanding of the steps taken by the Indian government to curb terrorism’.” ਲਗਪਗ ਸਾਰੀ ਦੁਨੀਆਂ ਵਿਚੋਂ ਰੂਸ ਹੀ ਅਜਿਹੀ ਵੱਡੀ ਤਾਕਤ ਸੀ ਜਿਸ ਨੇ ਦਰਬਾਰ ਸਾਹਿਬ ‘ਤੇ ਹਮਲੇ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ।
ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਕਿ ਪੰਜਾਬ ਅਤੇ ਭਾਰਤ ਦੇ ਬਹੁਤ ਸਾਰੇ ਖੱਬੇਪੱਖੀਆਂ ਨੂੰ ਉਸ ਵੇਲੇ ਰੂਸ ਤੋਂ ਹੁਕਮ ਮਿਲਦੇ ਸਨ। ਕਈ ਤਾਂ ਉਨ੍ਹਾਂ ਦੇ ਤਨਖਾਹਦਾਰ ਮੁਲਾਜ਼ਮ ਵੀ ਸਨ। ਉਨ੍ਹਾਂ ਨੂੰ ਇਸ ਝੂਠ ਦਾ ਪ੍ਰਚਾਰ ਕਰਨ ਲਈ ਰੂਸ ਤੋਂ ਹੁਕਮ ਆਉਂਦੇ ਸਨ। ਇਸੇ ਨੀਤੀ ਤੇ ਚਲਦਿਆਂ ਉਨ੍ਹਾਂ ਨੇ ਸਿੱਖਾਂ ਖਿਲਾਫ ਰੱਜ ਕੇ ਪ੍ਰਚਾਰ ਕੀਤਾ। ਸਿੱਖ ਹੱਕਾਂ ਲਈ ਲੜਨ ਵਾਲਾ ਹਰ ਵਿਅਕਤੀ ਉਨ੍ਹਾਂ ਨੂੰ ਅਮਰੀਕਾ ਦਾ ਏਜੰਟ ਲਗਦਾ ਸੀ ਪਰ ਅਸਲ ਵਿਚ ਉਹ ਖੁਦ ਰੂਸੀ ਤੇ ਭਾਰਤੀ ਹਕੂਮਤਾਂ ਦੇ ਏਜੰਟ ਬਣ ਕੇ ਵਿਚਰ ਰਹੇ ਸਨ।
ਖੱਬੇਪੱਖੀਆਂ ਦੀ ਤਾਕਤ ਇਹ ਸੀ ਕਿ ਉਨ੍ਹਾਂ ਦਾ ਮੀਡੀਆ, ਵਿਦਿਅਕ ਸੰਸਥਾਵਾਂ, ਅਤੇ ਸਾਹਿਤਕ ਹਲਕਿਆਂ ਉਤੇ ਲਗਪਗ ਮੁਕੰਮਲ ਕਬਜ਼ਾ ਸੀ। ਇਹੀ ਤਿੰਨ ਖੇਤਰ ਲੋਕ ਰਾਏ ਪੈਦਾ ਕਰਨ ਲਈ ਜ਼ਰੂਰੀ ਹੁੰਦੇ ਹਨ। ਖੱਬੇਪੱਖੀਆਂ ਨੇ ਸਰਕਾਰੀ ਪੱਖ ਨੂੰ ਸਹੀ ਸਾਬਤ ਕਰਨ ਲਈ ਆਪਣੀ ਪੂਰੀ ਪ੍ਰਾਪੇਗੰਡਾ ਤਾਕਤ ਝੋਕ ਦਿੱਤੀ। ਪੰਜਾਬ ਦੇ ਬਹੁ-ਗਿਣਤੀ ਸਿੱਖਾਂ ਨੇ ਭਾਵੇਂ ਇਨ੍ਹਾਂ ਗੱਲਾਂ ਨੂੰ ਨਕਾਰਨ ਦੇ ਨਾਲ-ਨਾਲ ਖੱਬੇਪੱਖੀਆਂ ਨੂੰ ਵੀ ਨਕਾਰ ਦਿੱਤਾ, ਫਿਰ ਵੀ ਖੱਬੇਪੱਖੀਆਂ ਦੇ ਪ੍ਰਚਾਰ ਦਾ ਸਿੱਖਾਂ ਨੂੰ ਕਾਫੀ ਨੁਕਸਾਨ ਹੋਇਆ। ਜਿਸ ਕਿਸਮ ਦੀ ਲਹਿਰ ਸਿੱਖਾਂ ਦੇ ਹੱਕ ਵਿਚ ਅੰਤਰਰਾਸ਼ਟਰੀ ਪੱਧਰ ਉਤੇ ਬਣਨੀ ਚਾਹੀਦੀ ਸੀ, ਉਹ ਨਾ ਬਣ ਸਕੀ। ਸਰਕਾਰ ਨੂੰ ਸਿੱਖਾਂ ਦਾ ਕਤਲੇਆਮ ਕਰਨ ਦੀ ਖੁੱਲ੍ਹੀ ਛੁੱਟੀ ਮਿਲ ਗਈ। ਸਿੱਖ ਮਰਦੇ ਰਹੇ ਤੇ ਖੱਬੇਪੱਖੀ ਸਿੱਖਾਂ ਦੀਆਂ ਲਾਸ਼ਾਂ ‘ਤੇ ਭੰਗੜੇ ਪਾਉਂਦੇ ਰਹੇ।
ਖੱਬੇਪੱਖੀਆਂ ਦੀ ਬੇਹਯਾਈ ਇਸ ਕਦਰ ਵਧ ਗਈ ਸੀ ਕਿ ਇਨ੍ਹਾਂ ਦਾ ਇੱਕ ਉਘਾ ਆਗੂ ਸਤਪਾਲ ਡਾਂਗ ਆਪਣੀ ਕਿਤਾਬ ‘ਟੈਰਰਿਜ਼ਮ ਇਨ ਪੰਜਾਬ’ ਵਿਚ ਸ਼ਰ੍ਹੇਆਮ ਲਿਖਦਾ ਹੈ ਕਿ ਜਿਨ੍ਹਾਂ ਖਾੜਕੂਆਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ, ਉਨ੍ਹਾਂ ਨੂੰ ਹਿਰਾਸਤ ਵਿਚ ਹੀ ਮਾਰ ਦੇਣਾ ਚਾਹੀਦਾ ਹੈ। ਉਨ੍ਹਾਂ ਉਤੇ ਮੁਕੱਦਮੇ ਨਹੀਂ ਚਲਾਉਣੇ ਚਾਹੀਦੇ ਕਿਉਂਕਿ ਜੱਜ ਡਰਦੇ ਸਜ਼ਾਵਾਂ ਨਹੀਂ ਕਰਦੇ। ਸਰਕਾਰੀ ਜਬਰ ਦੀ ਇੰਨੀ ਸਿੱਧੀ ਹਮਾਇਤ ਦੀ ਸ਼ਾਇਦ ਹੀ ਕਿਤੇ ਹੋਰ ਮਿਸਾਲ ਮਿਲਦੀ ਹੋਵੇ। ਜਗਜੀਤ ਆਨੰਦ ਨੇ ਤਾਂ ਪੁਲਿਸ ਅਫਸਰ ਐਸ਼ਐਸ਼ਪੀ. ਗੋਬਿੰਦ ਰਾਮ ਦੇ ਹੱਕ ਵਿਚ ਸੈਮੀਨਾਰ ਵੀ ਕੀਤਾ ਸੀ ਤੇ ਉਸ ਦੇ ਹੱਕ ਵਿਚ ਕਿਤਾਬ ਵੀ ਛਪਵਾਈ ਸੀ। ਖੱਬੇਪੱਖੀਆਂ ਦੀ ਅਜਿਹੀ ਭੂਮਿਕਾ ਦੀਆਂ ਸੈਂਕੜੇ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਸਿਤਮ ਇਹ ਹੈ ਕਿ ਸਥਿਤੀ ਅੱਜ ਵੀ ਇਹੀ ਹੈ। ਖੱਬੇਪੱਖੀ ਸਿੱਖਾਂ ਦੀ ਹਰ ਲਹਿਰ ਨੂੰ ਅਸਫਲ ਬਣਾਉਣ ਦੀ ਹਰ ਕੋਸ਼ਿਸ਼ ਕਰਦੇ ਹਨ ਅਤੇ ਆਪਣੀ ਬਿਰਤਾਂਤਕ ਸ਼ਕਤੀ ਦੇ ਸਹਾਰੇ ਬਹੁਤ ਹੱਦ ਤੱਕ ਕਾਮਯਾਬ ਵੀ ਹੋ ਜਾਂਦੇ ਹਨ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਨਿੱਕੀ-ਨਿੱਕੀ ਗੱਲ ‘ਤੇ ਧਰਨੇ ਮੁਜ਼ਾਹਰੇ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਖਾਂ ਦੇ ਪੂਰਨ ਰੂਪ ਵਿਚ ਸ਼ਾਂਤਮਈ ਵਿਰੋਧ ਨੂੰ ਇਹ ਕਹਿ ਕੇ ਰੱਦ ਕਰਦੇ ਸਨ ਕਿ ਇਸ ਨਾਲ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਨਕਲਾਬ ਨੂੰ ਬੰਦੂਕ ਦੀ ਗੋਲੀ ਵਿਚੋਂ ਕੱਢਣ ਵਾਲੇ ਸਿੱਖਾਂ ਨੂੰ ਹਿੰਸਕ ਕਹਿ ਕੇ ਰੱਦ ਕਰਦੇ ਰਹੇ। ਖੱਬੇਪੱਖੀਆਂ ਦਾ ਸਿੱਖ ਮਸਲੇ ਤੇ ਰਵੱਈਆ ਐਨਾ ਕੁ ਗਲਤ ਹੈ ਕਿ ਬਹੁਤੀਆਂ ਦਲੀਲਾਂ ਦੇਣ ਦੀ ਵੀ ਲੋੜ ਨਹੀਂ ਪੈਂਦੀ।
ਪਰ ਇਸ ਨਾਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਐਨਾ ਝੂਠ ਪੰਜਾਬ ਵਿਚ ਐਨੇ ਲੰਮੇ ਸਮੇਂ ਤੋਂ ਕਿਵੇਂ ਚੱਲ ਰਿਹਾ ਹੈ। ਉਸ ਦਾ ਸਿੱਧਾ ਕਾਰਨ ਹੈ, ਖੱਬੇਪੱਖੀਆਂ ਦੀ ਪੰਜਾਬ ਦੇ ਬੌਧਿਕ ਅਤੇ ਸਾਹਿਤਕ ਹਲਕਿਆਂ ਉਤੇ ਮਾਫੀਏ ਵਰਗੀ ਮੁਕੰਮਲ ਅਜਾਰੇਦਾਰੀ। ਖੱਬੇਪੱਖੀ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਵਿਭਾਗਾਂ ਨੂੰ ਵਰ੍ਹਿਆਂ ਤੋਂ ਮਾਫੀਏ ਦੇ ਗਰੋਹਾਂ ਵਾਂਗੂੰ ਚਲਾ ਰਹੇ ਹਨ। ਇਹੀ ਪੰਜਾਬ ਦੀ ਬੌਧਿਕ ਕੰਗਾਲੀ ਦਾ ਮੁੱਖ ਕਾਰਨ ਹੈ। ਜਿੰਨਾ ਚਿਰ ਇਹ ਮਾਫੀਆ ਸਭਿਆਚਾਰ ਜੜ੍ਹੋਂ ਨਹੀਂ ਉਖੜਦਾ, ਪੰਜਾਬ ਦਾ ਭਲਾ ਨਹੀਂ ਹੋ ਸਕਦਾ।
ਅਗਲਾ ਮੁੱਖ ਸੁਆਲ ਇਹ ਹੈ ਕਿ ਇਸ ਸਥਿਤੀ ਦਾ ਕੀਤਾ ਕੀ ਜਾਵੇ? ਇਸ ਲਈ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਖੱਬੇਪੱਖੀਆਂ ਦੀਆਂ ਵੱਖ-ਵੱਖ ਵੰਨਗੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਦੇ ਸਿੱਖਾਂ ਪ੍ਰਤੀ ਵਤੀਰੇ ਵਿਚ ਕੀ ਫਰਕ ਹਨ, ਇਸਨੂੰ ਸਮਝਿਆ ਜਾਵੇ। ਮੇਰੀ ਜਾਚੇ ਸਿੱਖਾਂ ਬਾਰੇ ਉਨ੍ਹਾਂ ਦੀ ਪਹੁੰਚ ਦੇ ਆਧਾਰ ਉਤੇ ਖੱਬੇਪੱਖੀਆਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ।
1. ਪਹਿਲੇ ਉਹ ਜਿਹੜੇ ਸਿੱਧਾ ਸਟੇਟ ਦੇ ਸੰਦ ਬਣ ਕੇ ਵਿਚਰਦੇ ਹਨ ਅਤੇ ਸਿੱਖਾਂ ਉਤੇ ਹੋ ਰਹੇ ਸਰਕਾਰੀ ਜਬਰ ਦੀ ਸਿਰਫ ਹਮਾਇਤ ਹੀ ਨਹੀਂ ਕਰਦੇ ਬਲਕਿ ਅੱਗੇ ਵਧ ਕੇ ਇਸ ਵਿੱਚ ਹਿੱਸਾ ਵੀ ਪਾਉਂਦੇ ਹਨ। ਇਨ੍ਹਾਂ ਵਿਚ ਸੀ.ਪੀ.ਆਈ. ਅਤੇ ਹੋਰ ਰਵਾਇਤੀ ਖੱਬੇਪੱਖੀ ਧਿਰਾਂ ਸ਼ਾਮਲ ਹਨ ਅਤੇ ਇਨ੍ਹਾਂ ਦਾ ਜ਼ੋਰ ਅੱਜਕੱਲ੍ਹ ਕੁਝ ਘਟਿਆ ਹੈ।
2. ਦੂਜੇ ਉਹ ਹਨ ਜਿਹੜੇ ਇਹ ਗੱਲ ਤਾਂ ਮੰਨਦੇ ਹਨ ਕਿ ਸਿੱਖਾਂ ਨਾਲ ਵੀ ਹੋਰਨਾਂ ਘੱਟ-ਗਿਣਤੀਆਂ ਵਾਂਗ ਧੱਕਾ ਹੁੰਦਾ ਹੈ ਪਰ ਸਿੱਖੀ ਦੀ ਵੱਖਰੀ ਰਾਜਨੀਤਕ ਹਸਤੀ ਨੂੰ ਪ੍ਰਵਾਨ ਨਹੀਂ ਕਰਦੇ ਅਤੇ ਧਰਮ ਨੂੰ ਬੰਦੇ ਦਾ ਨਿੱਜੀ ਮਸਲਾ ਮੰਨਦੇ ਹਨ। ਇਹ ਉਪਰੋਂ ਵੇਖਣ ਨੂੰ ਤਾਂ ਭਾਵੇਂ ਸਿੱਖਾਂ ਦੇ ਹਮਦਰਦ ਲੱਗਦੇ ਹਨ ਪਰ ਭੁਗਤਦੇ ਹਮੇਸ਼ਾ ਸਿੱਖਾਂ ਦੇ ਵਿਰੁੱਧ ਹੀ ਹਨ। ਜਿਵੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਹੋਈਆਂ ਤਾਂ ਇਨ੍ਹਾਂ ਤੋਂ ਸਿੱਧਾ ਸਿੱਖਾਂ ਦੇ ਹੱਕ ਵਿਚ ਨਹੀਂ ਖੜ੍ਹਿਆ ਗਿਆ ਸਗੋਂ ਸੁਖਬੀਰ ਬਾਦਲ ਵਾਂਗੂੰ ਸਦਭਾਵਨਾ ਮਾਰਚ ਕੱਢਣ ਲੱਗ ਪਏ ਸਨ। ਇਨ੍ਹਾਂ ਲਈ ਸੈਕੂਲਰ ਨੈਰੇਟਿਵ ਹੀ ਸਾਰਾ ਕੁਝ ਹੈ। ਇਨ੍ਹਾਂ ਦੀ ਮਾਰਕਸਵਾਦ, ਸੈਕੂਲਰਵਾਦ, ਧਰਮ, ਅਤੇ ਜਾਤ-ਪਾਤ ਵਰਗੇ ਅਹਿਮ ਮੁੱਦਿਆਂ ਉਤੇ ਸਮਝ ਬਹੁਤ ਸਤਹੀ ਹੈ ਅਤੇ ਇਹ ਸੋਸ਼ਲ ਮੀਡੀਆ ਸਰਗਰਮੀਆਂ ਵਿਚ ਹੀ ਜਿਆਦਾ ਦਿਲਚਸਪੀ ਰੱਖਦੇ ਹਨ। ਇਨ੍ਹਾਂ ਵਿਚ ਪ੍ਰਮੁੱਖ ਤੌਰ ਉਤੇ ਅੱਜ ਕੱਲ ਦੀਆਂ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਹਨ ਅਤੇ ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਇਨ੍ਹਾਂ ਦਾ ਕੁਝ ਆਧਾਰ ਹੈ।
3. ਤੀਜੇ ਉਹ ਹਨ ਜਿਹੜੇ ਸਿੱਖੀ ਦਾ ਨਕਾਬ ਪਹਿਨ ਕੇ ਸੈਕੂਲਰ ਨੈਰੇਟਿਵ ਨੂੰ ਸਿੱਖਾਂ ਦੇ ਸੰਘੋਂ ‘ਠਾਂਹ ਕਰਨਾ ਚਾਹੁੰਦੇ ਹਨ। ਸਿੱਖੀ ਦੇ ਬੁਰਕੇ ਹੇਠ ਵਿਚਰਦੇ ਹੋਣ ਕਰਕੇ ਇਨ੍ਹਾਂ ਦੀ ਪਛਾਣ ਕਰਨੀ ਸਭ ਤੋਂ ਔਖੀ ਹੈ। ਇਹ ਉਪਰੋਂ ਦੇਖਣ ਨੂੰ ਸਿੱਖ ਪੱਖੀ ਲੱਗਦੇ ਹਨ ਪਰ ਅੰਦਰੋਂ ਸਭ ਤੋਂ ਵੱਧ ਜੜ੍ਹਾਂ ਵੱਢਦੇ ਹਨ। ਇਨ੍ਹਾਂ ਦੀ ਪਹੁੰਚ ਇਹ ਹੈ ਕਿ ਗੁਰਬਾਣੀ ਅਤੇ ਸਿੱਖ ਸ਼ਹੀਦਾਂ ਬਾਰੇ ਕੁਝ ਪ੍ਰਸ਼ੰਸਾਮਈ ਟਿੱਪਣੀਆਂ ਕਰਕੇ ਸਿੱਖਾਂ ਵਿਚ ਆਪਣੀ ਥਾਂ ਬਣਾਈ ਜਾਵੇ ਅਤੇ ਬਾਅਦ ਵਿਚ ਇਸ ਪ੍ਰਭਾਵ ਨੂੰ ਵਰਤ ਕੇ ਸਿੱਖਾਂ ਨੂੰ ਉਨ੍ਹਾਂ ਦੇ ਮੌਜੂਦਾ ਸੰਘਰਸ਼ ਨਾਲੋਂ ਤੋੜ ਕੇ ਸੈਕੂਲਰ ਧਿਰਾਂ ਦੇ ਇਕ ਨਿਗੂਣੇ ਅੰਸ਼ ਵਜੋਂ ਵਿਚਰਨ ਲਾਇਆ ਜਾਵੇ। ਇਸ ਚਾਲ ਨੂੰ ਸਿਰੇ ਚੜ੍ਹਾਉਣ ਲਈ ਮੁਖ ਤੌਰ ਉਤੇ ਨੇਸ਼ਨ-ਸਟੇਟ ਦੀ ਆਲੋਚਨਾ ਨੂੰ ਖਾਲਿਸਤਾਨ ਦੇ ਖਿਆਲ ਨੂੰ ਰੱਦ ਕਰਨ ਲਈ ਵਰਤਿਆ ਜਾਂਦਾ ਹੈ। ਨੇਸ਼ਨ-ਸਟੇਟ ਦੀ ਆਲੋਚਨਾ ਕੀ ਹੈ ਅਤੇ ਇਸ ਦੀਆਂ ਕੀ ਸਮੱਸਿਆਵਾਂ ਹਨ, ਇਸ ਲਈ ਇੱਕ ਵੱਖਰੇ ਲੇਖ ਵਿਚ ਚਰਚਾ ਕਰਨ ਦੀ ਲੋੜ ਹੈ। ਇਸ ਧਿਰ ਦੀ ਜ਼ਾਹਰਾ ਖੱਬੇਪੱਖੀਆਂ ਨਾਲ ਜਾਤ-ਪਾਤ ਦੇ ਮਸਲੇ ਉਤੇ ਵੀ ਸਹਿਮਤੀ ਹੈ। ਇਨ੍ਹਾਂ ਦਾ ਆਗੂ ਅਜਮੇਰ ਸਿੰਘ ਹੈ। ਇਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ‘ਸੰਵਾਦ’ ਫੋਰਮ ਦੇ ਨਾਂ ਹੇਠ ਸਰਗਰਮੀ ਆਰੰਭੀ ਹੋਈ ਹੈ ਪਰ ‘ਸੰਵਾਦ’ ਦੀ ਸਰਗਰਮੀ ਵੇਖ ਕੇ ਲੱਗਦਾ ਹੈ ਕਿ ਇਹ ਸੰਵਾਦ ਥੋੜ੍ਹਾ ਅਤੇ ਇਕਵਾਦ ਜ਼ਿਆਦਾ ਹੈ ਕਿਉਂਕਿ ਅਜਮੇਰ ਸਿੰਘ ਨਾਲ ਥੋੜ੍ਹੀ ਜਿਹੀ ਅਸਹਿਮਤੀ ਰੱਖਣ ਵਾਲੇ ਕਿਸੇ ਵੀ ਖਿਆਲ ਨੂੰ ਇਹ ਕੋਈ ਜਗ੍ਹਾ ਨਹੀਂ ਦਿੰਦੇ। ਜਗ੍ਹਾ ਦੇਣੀ ਤਾਂ ਦੂਰ ਦੀ ਗੱਲ, ਇਹ ਸਮਝਦੇ ਹਨ ਕਿ ਕਿਸੇ ਨੂੰ ਕੋਈ ਹੱਕ ਹੀ ਨਹੀਂ ਕਿ ਉਹ ਅਜਮੇਰ ਸਿੰਘ ਨੂੰ ਕੋਈ ਸੁਆਲ ਵੀ ਕਰ ਜਾਵੇ। ਜੇ ਕੋਈ ਅਜਿਹੀ ਹਿਮਾਕਤ ਕਰਦਾ ਹੈ ਤਾਂ ਉਸਨੂੰ ਜਾਅਲੀ ਆਈਡੀਆਂ ਦੇ ਸਹਾਰੇ ਸੋਸ਼ਲ ਮੀਡੀਆ ‘ਤੇ ਖੱਜਲ ਕੀਤਾ ਜਾਂਦਾ ਹੈ। ਇਨ੍ਹਾਂ ਦੀ ਸਰਗਰਮੀ ਵੀ ਮਾਫੀਆ ਗਰੋਹਾਂ ਵਰਗੀ ਹੈ ਕਿ ਜਾਂ ਤਾਂ ਸਾਡੇ ਨਾਲ ਚੱਲੋ ਨਹੀਂ ਤਾਂ ਸਾਡੀ ਦੁਸ਼ਮਣੀ ਸਹੇੜੋ।
ਸਪਸ਼ਟ ਹੈ ਕਿ ‘ਸੰਵਾਦ’ ਸ਼ੁਰੂ ਕਰਨ ਵਾਸਤੇ ਦੋ ਧਿਰਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਆਪਸ ਵਿਚ ਪੂਰੀ ਜਾਂ ਕੁਝ ਹੱਦ ਤੱਕ ਅਸਹਿਮਤੀ ਹੋਵੇ। ਫਿਰ ਹੀ ਸੰਵਾਦ ਸ਼ੁਰੂ ਹੁੰਦਾ ਹੈ ਤੇ ਕਈ ਵਾਰ ਗੱਲ ਕਿਸੇ ਨਵੇਂ ਮੁਕਾਮ ਨੂੰ ਹਾਸਲ ਕਰਦੀ ਹੈ ਪਰ ਜਦੋਂ ਗੇਂਦ ਨੂੰ ਰੱਖਣਾ ਹੀ ਆਪਣੇ ਪਾਲੇ ਵਿਚ ਹੈ ਤਾਂ ਖੇਡ ਕਿਵੇਂ ਸ਼ੁਰੂ ਹੋਵੇ?
ਇਨ੍ਹਾਂ ਲਗਾਤਾਰ ਤਾਬੜਤੋੜ ਹਮਲਿਆਂ ਦੀ ਝੰਬੀ ਸਿੱਖ ਕੌਮ ਦੀ ਹਾਲਤ ਹੈੱਡਲਾਈਟਾਂ ਦੇ ਸਾਹਮਣੇ ਆਏ ਹਿਰਨ ਵਰਗੀ ਹੋਈ ਪਈ ਹੈ। ਬਹੁਤੇ ਸਿੱਖਾਂ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਕਿ ਹੋ ਕੀ ਰਿਹਾ ਹੈ। ਸੰਵਾਦ ਸ਼ੁਰੂ ਕਰਨ ਦੀ ਹਰ ਇਮਾਨਦਾਰ ਕੋਸ਼ਿਸ਼ ਕਈ ਲੋਕਾਂ ਨੂੰ ਨਵੇਂ ਵਿਵਾਦ ਪੈਦਾ ਕਰਨ ਵਾਲੀ ਗੱਲ ਲੱਗਦੀ ਹੈ। ਕਾਰਨ ਇਹ ਹੈ ਕਿ ਮਾਫੀਆ ਵਰਗੇ ਗਰੋਹਾਂ ਦੀ ਚਾਰੇ ਪਾਸੇ ਵਧੀ ਹੋਈ ਦਹਿਸ਼ਤ ਨੇ ਪੰਜਾਬ ਵਿਚ ਸੰਵਾਦ ਦਾ ਸਭਿਆਚਾਰ ਪੈਦਾ ਹੀ ਨਹੀਂ ਹੋਣ ਦਿੱਤਾ।
ਸਾਬਕਾ ਕੇ.ਜੀ.ਬੀ. ਹੋਵੇ ਅਤੇ ਭਾਵੇਂ ਪੰਜਾਬ ਦੇ ਮੌਜੂਦਾ ਬੌਧਿਕ-ਸਾਹਿਤਕ ਹਲਕਿਆਂ ਤੇ ਹਾਵੀ ਮਾਫੀਆ ਗਰੋਹ ਹੋਣ, ਇਨ੍ਹਾਂ ਦਾ ਹੱਲ ਇੱਕ ਹੀ ਹੈ ਕਿ ਇਨ੍ਹਾਂ ਦੇ ਕੂੜ-ਪ੍ਰਚਾਰ, ਨਿੱਜੀ-ਹਮਲਿਆਂ, ਅਤੇ ਗੁੱਝੀਆਂ ਚਾਲਾਂ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਦਾ ਪਰਦਾਫਾਸ਼ ਕਰਦੇ ਰਹਿਣਾ ਚਾਹੀਦਾ ਹੈ। ਹਰ ਉਸ ਧੜੇ ਦਾ ਵਿਰੋਧ ਹੋਣਾ ਚਾਹੀਦਾ ਹੈ ਜਿਹੜਾ ਇਹ ਦਾਅਵਾ ਕਰਦਾ ਹੈ ਕਿ ਅੰਤਮ ਸੱਚ ਕੇਵਲ ਉਨ੍ਹਾਂ ਦੇ ਦੋ-ਚਾਰ ਬੰਦਿਆਂ ਕੋਲ ਹੀ ਹੈ। ਇਸ ਅਮਲ ਦੀ ਸ਼ੁਰੂਆਤ ਭਾਵੇਂ ਅਣਸੁਖਾਵੀਂ ਲੱਗ ਸਕਦੀ ਹੈ ਪਰ ਅੰਤ ਨੂੰ ਇਸ ਅਮਲ ਵਿਚੋਂ ਸਾਡੀ ਪਰੰਪਰਾ ਦੇ ਅਟੁੱਟ ਅੰਗ ਗੋਸ਼ਟੀ ਦੇ ਸਭਿਆਚਾਰ ਦਾ ਪੁਨਰ-ਨਿਰਮਾਣ ਹੋਵੇਗਾ। ਜੇ ਕੇ.ਜੀ.ਬੀ. ਆਪਣੇ ਝੂਠਾਂ ‘ਤੇ ਆਧਾਰਿਤ ਮਨਸੂਬਿਆਂ ਨਾਲ ਦੁਨੀਆਂ ਦੀ ਦੂਜੀ ਮਹਾਂ-ਸ਼ਕਤੀ ਸੋਵੀਅਤ ਸੰਘ ਨੂੰ ਨਹੀਂ ਬਚਾ ਸਕੀ ਤਾਂ ਪੰਜਾਬ ਦੇ ਵੱਖੋ-ਵੱਖ ਵੰਨਗੀਆਂ ਵਾਲੇ ਖੱਬੇਪੱਖੀ ਵੀ ਭੁੱਲ ਜਾਣ ਕਿ ਇਹ ਪੰਥਕ ਸਪਿਰਿਟ ਨੂੰ ਕਿਸੇ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਦੇ ਸਾਹਮਣੇ ਝੁਕਾ ਲੈਣਗੇ।