ਵਰਤਮਾਨ ਪ੍ਰਸਥਿਤੀਆਂ ਅਤੇ ਆਲਮੀ ਅਖਬਾਰੀ ਉਦਯੋਗ:ਖਬਰ ਵੀ ਖਤਰੇ ‘ਚ ਹੈ!

ਐਸ਼ ਅਸ਼ੋਕ ਭੌਰਾ
ਸਰਕਾਰਾਂ ਨੂੰ ਹਮੇਸ਼ਾ ਅਖਬਾਰਾਂ ਚਲਾਉਂਦੀਆਂ ਆਈਆਂ ਹਨ, ਨਾ ਕਿ ਪਾਰਟੀਆਂ। ਬਹੁਮਤ ਹਾਸਲ ਸਰਕਾਰਾਂ ਨੂੰ ਆਪਹੁਦਰੀਆਂ ਕਰਨ ਦਾ ਕਦੇ ਮੌਕਾ ਨਹੀਂ ਮਿਲਦਾ, ਕਿਉਂਕਿ ਅਖਬਾਰਾਂ ਹੀ ਦੱਸਦੀਆਂ ਹਨ ਕਿ ਦਿਸ਼ਾ ਠੀਕ ਰੱਖੋ, ਦਸ਼ਾ ਤਾਂ ਸੁਧਰੇਗੀ। ਲੋਕ ਰਾਜੀ ਮੁਲਖਾਂ ਵਿਚ ਅਖਬਾਰੀ ਮੀਡੀਆ ਚੌਥੇ ਥੰਮ੍ਹ ਦੀ ਥਾਂ ਲੈਂਦਾ ਹੀ ਰਹੇਗਾ ਤੇ ਹੋ ਸਕਦੈ ਜਦੋਂ ਦੇ ਚੈਨਲ ਜਾਂ ਫਿਰ ਕਾਰੋਬਾਰੀ ਤੇ ਜਾਂ ਸਰਕਾਰੀ ਸਰਪ੍ਰਸਤੀ ਵਾਲੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ‘ਚ ਹਨ ਤਾਂ ਸ਼ਾਇਦ ਚੌਥੇ ਥੰਮ੍ਹ ਦੀ ਧਾਰਨਾ ਨੂੰ ਉਹ ਅਰਥ ਨਾ ਮਿਲਦੇ ਹੋਣ। ਇਸ ਵੇਲੇ ਕਰੋਨਾ ਵਾਇਰਸ ਦਾ ਜੇ ਮੀਡੀਏ ‘ਤੇ ਕੋਈ ਵੱਡਾ ਹਮਲਾ ਹੈ ਤਾਂ ਉਹ ਅਖਬਾਰੀ ਸਨਅਤ ‘ਤੇ ਹੈ। ਜੇ ਕੋਈ ਟੀ. ਵੀ. ਚੈਨਲ ਇਸ ਦੌਰ ਵਿਚ ਵੀ ਆਪਣੀ ਟੀ. ਆਰ. ਪੀ ਵਧਣ ਦਾ ਇਹ ਕਹਿ ਕੇ ਹੋਕਾ ਦੇਵੇ ਕਿ ‘ਉਸ ਦੇ ਦਰਸ਼ਕ ਕਰੋੜਾਂ ਵਿਚ ਬਣ ਗਏ ਹਨ’ ਤਾਂ ਲੱਗਦਾ ਨਹੀਂ ਕਿ ਕਰੋਨਾ ਵਾਇਰਸ ਦੀਆਂ ਖਬਰਾਂ ਉਨ੍ਹਾਂ ਦੇ ਰਾਸ ਆ ਰਹੀਆਂ ਹਨ?

ਵਰਲਡ ਐਸੋਸੀਏਸ਼ਨ ਆਫ ਨਿਊਜ਼ ਪੇਪਰਜ਼ ਐਂਡ ਨਿਊਜ਼ ਪਬਲਿਸ਼ਰਜ਼ ਦੀ 2011 ਦੀ ਰਿਪੋਰਟ ਅਨੁਸਾਰ ਪੂਰੀ ਦੁਨੀਆਂ ਵਿਚ 330 ਮਿਲੀਅਨ ਰੋਜ਼ਾਨਾ ਅਖਬਾਰਾਂ ਦੀਆਂ ਕਾਪੀਆਂ ਛਪਦੀਆਂ ਹਨ। ਇਸ ਰਿਪੋਰਟ ਵਿਚ ਚੀਨ 93.5 ਮਿਲੀਅਨ ਨਾਲ ਪਹਿਲੇ ਨੰਬਰ ‘ਤੇ, 78.8 ਨਾਲ ਭਾਰਤ ਦੂਜੇ, 70.4 ਨਾਲ ਜਾਪਾਨ ਤੀਜੇ, 48.3 ਮਿਲੀਅਨ ਨਾਲ ਅਮਰੀਕਾ ਚੌਥੇ ਅਤੇ 22.1 ਮਿਲੀਅਨ ਰੋਜ਼ਾਨਾ ਕਾਪੀਆਂ ਨਾਲ ਜਰਮਨ 5ਵੇਂ ਨੰਬਰ ‘ਤੇ ਹੈ। ਜੇ ਦੁਨੀਆਂ ਦੇ ਪਹਿਲੇ ਪੰਜ ਵੱਡੇ ਅਖਬਾਰਾਂ ਦੀ ਗੱਲ ਕਰਨੀ ਹੋਵੇ ਤਾਂ ਅਮਰੀਕਾ ਦੇ ‘ਨਿਊ ਯਾਰਕ ਟਾਈਮਜ਼’, ‘ਵਾਲ ਸਟਰੀਟ ਜਰਨਲ’ ਤੇ ‘ਵਾਸ਼ਿੰਗਟਨ ਪੋਸਟ’ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਹਨ। ਚੌਥਾ ਸਥਾਨ ਭਾਰਤ ਦੇ ਪ੍ਰਮੁੱਖ ਅੰਗਰੇਜ਼ੀ ‘ਟਾਈਮਜ਼ ਆਫ ਇੰਡੀਆ’ ਦਾ ਹੈ ਅਤੇ 5ਵਾਂ ਨੰਬਰ ਬਰਤਾਨੀਆ ਦੇ ‘ਗਾਰਡੀਅਨ’ ਦਾ। ਇਸ ਵੇਲੇ ਚੀਨ ਨੂੰ ਛੱਡ ਕੇ ਇਹ ਮੁਲਕ ਵੀ ਦੁਨੀਆਂ ਦੇ 70 ਫੀਸਦੀ ਮੁਲਕਾਂ ਵਾਂਗ ਕਰੋਨਾ ਵਾਇਰਸ ਦੀ ਮਾਰ ਹੇਠ ਹਨ ਅਤੇ ਇਸ ਵੇਲੇ ਆਰਥਕ ਮਾਮਲੇ ਦੀ ਗੱਲ ਹੀ ਨਹੀਂ, ਸਗੋਂ ਅਖਬਾਰਾਂ ਦੀ ਹੋਂਦ ਨੂੰ ਬਚਾਉਣ ਵਿਚ ਲੱਗੀਆਂ ਹੋਈਆਂ ਹਨ।
ਕਰੀਬ 33 ਕਰੋੜ ਜਨਸੰਖਿਆ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਅਖਵਾਉਣ ਵਾਲੇ ਅਮਰੀਕਾ ਦਾ ਅਖਬਾਰੀ ਕਾਰੋਬਾਰ ਵੀ ਬਹੁਤ ਵੱਡਾ ਹੈ। ਮੌਜੂਦਾ ਸਥਿਤੀ ਇਹ ਹੈ ਕਿ ਅਖਬਾਰਾਂ ਦੀਆਂ ਕਰੀਬ 56 ਮਿਲੀਅਨ ਕਾਪੀਆਂ ਰੋਜ਼ ਪ੍ਰਕਾਸ਼ਿਤ ਹੁੰਦੀਆਂ ਹਨ। ਅਖਬਾਰੀ ਸਨਅਤ ਅਮਰੀਕਾ ਵਿਚ ਵੀ ਕਰੋਨਾ ਵਾਇਰਸ ਦੇ ਦੌਰ ਦੀ ਬਹੁਤ ਵੱਡੀ ਪੀੜਾ ਹੰਢਾ ਰਹੀ ਹੈ, ਜਦੋਂ ਕਿ ਅਮਰੀਕੀ ਅਖਬਾਰੀ ਉਦਯੋਗ ਪਹਿਲਾਂ ਹੀ ਭਾਰੀ ਤਣਾਓ ਹੇਠ ਸੀ ਤਾਂ ਇਸ ਵਾਇਰਸ ਨਾਲ ਹੋਰ ਵੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਠਕ ਪਹਿਲਾਂ ਨਾਲੋਂ ਕਿਤੇ ਵੱਧ ਹੱਤਾਸ਼ ਹਨ ਤੇ ਉਹ ਜਾਣਨਾ ਚਾਹੁੰਦੇ ਹਨ ਕਿ ਕਰੋਨਾ ਵਾਇਰਸ ਦੀ ਅਮਰੀਕਾ ‘ਚ ਸਥਿਤੀ ਕੀ ਹੈ, ਟੈਸਟਿੰਗ ਕਿਵੇਂ ਹੋ ਰਹੀ ਹੈ, ਆਰਥਿਕ ਪ੍ਰਭਾਵ ਕੀ ਹਨ? ਪਰ ਅਖਬਾਰਾਂ ਇਹ ਕਹਿੰਦੀਆਂ ਹਨ ਕਿ ਆਨਲਾਈਨ ਭੀੜ ਵਧਣ ਕਾਰਨ ਵਪਾਰ ਵਧਿਆ ਹੈ ਅਤੇ ਇਹੀ ਕਾਰਨ ਹੈ ਅਖਬਾਰਾਂ ਅਤੇ ਹੋਰ ਪ੍ਰਕਾਸ਼ਨ ਇਸ਼ਤਿਹਾਰਾਂ ਦੇ ਠੇਕੇਦਾਰਾਂ ਦੇ ਦਬਾਅ ਹੇਠ ਹਨ। ਉਹ ਨੌਕਰੀਆਂ, ਸਟਾਫ ਦੇ ਘੰਟੇ ਕੱਟ ਰਹੇ ਹਨ। ਪ੍ਰਿੰਟ ਐਡੀਸ਼ਨ ਬੰਦ ਕੀਤੇ ਜਾ ਰਹੇ ਹਨ ਤੇ ਕਈ ਦਰਮਿਆਨੇ ਅਖਬਾਰ ਤਾਂ ਉਜੜਨ ਦੇ ਕਿਨਾਰੇ ‘ਤੇ ਹਨ।
ਅਮਰੀਕਾ ਦੀ ਇਕ ਵੱਡੀ ਅਖਬਾਰ ਦੇ ਕਾਰਜਕਾਰੀ ਪ੍ਰਬੰਧਕ ਨੇ ਆਪਣਾ ਨਾਮ ਨਾ ਨਸ਼ਰ ਕਰਨ ਦੀ ਸ਼ਰਤ ‘ਤੇ ਕਿਹਾ ਹੈ ਕਿ ਕਾਰੋਬਾਰਾਂ ਦੇ ਬੰਦ ਹੋਣ ਨਾਲ ਇਸ ਵਾਇਰਸ ਨੇ ਅਖਬਾਰਾਂ ਦੀ ਵਿਕਰੀ ਦਾ ਘੇਰਾ ਏਨਾ ਛੋਟਾ ਕਰ ਦਿੱਤਾ ਹੈ ਕਿ ਦਫਤਰਾਂ ‘ਚ ਨਿਊਜ਼ਰੂਮ ਕਰਮਚਾਰੀ ਹੀ ਬਚੇ ਹਨ। ਉਤਰੀ ਕੈਰੋਲਾਈਨਾ ਯੂਨੀਵਰਸਿਟੀ ਦੇ ਉਦਯੋਗ ਬਾਰੇ ਅਧਿਐਨ ਕਰਨ ਵਾਲੇ ਪ੍ਰੋਫੈਸਰ ਪੇਨਲੋਨ ਅਵਰਨੈਥੀ ਨੇ ਤਾਂ ਇਕ ਚਿਤਾਵਨੀ ਵਿਚ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਰਥ ਸ਼ਾਸ਼ਤਰੀਆਂ ਨੇ ਜਿਸ ਅਗਾਮੀ ਮੰਦੀ ਦੀ ਚਿੰਤਾ ਜਾਹਰ ਕੀਤੀ ਹੈ, ਉਸ ਨਾਲ ਤਾਂ ਏਦਾਂ ਲੱਗਦਾ ਹੈ ਕਿ ਅਖਬਾਰਾਂ ਕਿਤੇ ਅਲੋਪ ਹੀ ਨਾ ਹੋ ਜਾਣ। ਪਿਛਲੇ ਵਰ੍ਹਿਆਂ ਵਿਚ ਗੂਗਲ ਅਤੇ ਫੇਸਬੁੱਕ ਨੇ ਜੋ ਡਿਜੀਟਲ ਇਸ਼ਤਿਹਾਰਬਾਜ਼ੀ ਦੀ ਝਲਕ ਪਾਈ ਸੀ, ਉਹ ਨਿਊਜ਼ ਅਦਾਰਿਆਂ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਬਣ ਰਹੀ ਹੈ। ਇਨ੍ਹਾਂ ਨੇ ਪੱਤਰਕਾਰੀ ਉਦਯੋਗ ਨੂੰ ਅਜਿਹੀ ਦੁਨੀਆਂ ਵਿਚ ਬਦਲਣ ਦਾ ਯਤਨ ਕੀਤਾ, ਜੋ ਆਨਲਾਈਨ ਖਬਰਾਂ ਪ੍ਰਾਪਤ ਕਰਨ ਲੱਗੀ ਹੋਈ ਹੈ। ਲਿਹਾਜ਼ਾ ਪ੍ਰਿੰਟ ਅਡੀਸ਼ਨ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵੀ ਘਟੀ ਅਤੇ 2004 ਤੋਂ 2018 ਦੌਰਾਨ ਕਰੀਬ 1800 ਅਖਬਾਰ ਬੰਦ ਹੋ ਗਏ। ਮੌਜੂਦਾ ਹਾਲਾਤ ਵਿਚ ਕਰੋਨਾ ਵਾਇਰਸ ਕਾਰਨ ਵੱਡੇ ਅਖਬਾਰ 30 ਤੋਂ 60 ਫੀਸਦੀ ਇਸ਼ਤਿਹਾਰ ਗੁਆ ਰਹੇ ਹਨ ਅਤੇ ਦੁਨੀਆਂ ਭਰ ਵਿਚ ਖੇਤਰੀ ਜਾਂ ਭਾਸ਼ਾਈ ਅਖਬਾਰਾਂ ਇਹ ਨੁਕਸਾਨ 90 ਫੀਸਦੀ ਝੱਲ ਰਹੀਆਂ ਹਨ। ਅੱਗੇ ਕੀ ਹੋਵੇਗਾ, ਸਮਝ ਨਹੀਂ ਆ ਰਹੀ। ‘ਲਾਸ ਏਂਜਲਸ ਟਾਈਮਜ਼’ ਨੇ ਆਪਣੀ ਇਕ ਸੰਪਾਦਕੀ ਵਿਚ ਟਿੱਪਣੀ ਕੀਤੀ ਹੈ, “ਕਰੋਨਾ ਵਾਇਰਸ ਦੇ ਦਿਨਾਂ ‘ਚ ਖਬਰਾਂ ਜਾਣਨ ਦੀ ਉਤਸੁਕਤਾ ਵਧੀ ਹੈ, ਪਰ ਇਹ ਰੇਟਿੰਗ ਸਿਰਫ ਖਬਰਾਂ ਦੇ ਖਾਤੇ ਵਿਚ ਚਲੀ ਗਈ ਹੈ, ਅਖਬਾਰਾਂ ਨੇ ਅੱਜ ਤੱਕ ਇਹ ਦਿਨ ਕਦੇ ਵੀ ਨਹੀਂ ਸਨ ਵੇਖੇ।”
ਕਰੋਨਾ ਵਾਇਰਸ ਦੀ ਕਹਾਣੀ ਵਿਸ਼ਵ ਪੱਧਰੀ ਹੈ। ਲੋਕ ਘਰਾਂ ‘ਚ ਬੰਦ ਹਨ, ਮੌਤ ਦਾ ਡਰ ਪਿਆ ਹੋਇਐ। ਉਹ ਜਾਣਨਾ ਚਾਹੁੰਦੇ ਹਨ ਕਿ ਹੋਰ ਕਿੰਨੇ ਕੇਸ ਆਏ ਹਨ, ਦੁਨੀਆਂ ‘ਚ ਕੀ ਹੋ ਰਿਹੈ, ਸਿਹਤ ਬਾਰੇ ਕੀ ਸਲਾਹ ਹੈ? ਪਰ ਇਹ ਸਭ ਕੁਝ ਉਨ੍ਹਾਂ ਨੂੰ ਘਰ ‘ਚ ਡਿਜੀਟਲ ਮੀਡੀਆ ਜਾਂ ਚੈਨਲ ਪ੍ਰਦਾਨ ਕਰ ਰਹੇ ਹਨ। ਅਖਬਾਰਾਂ ਦਾ ਸੰਤਾਪ ਤੇ ਦਰਦ ਇਹ ਬਣ ਗਿਐ ਕਿ ਲੋਕ ਵਹਿਮ ਕਰਨ ਲੱਗੇ ਹਨ ਕਿ ਕਿਤੇ ਇਹ ਵਾਇਰਸ ਅਖਬਾਰਾਂ ਜ਼ਰੀਏ ਉਨ੍ਹਾਂ ਦੇ ਘਰ ਨਾ ਆ ਜਾਵੇ, ਜਦੋਂ ਕਿ ਅਜਿਹਾ ਹੈ ਹੀ ਨਹੀਂ। ਅਸਲ ਵਿਚ ਸੱਚਾਈ ਇਹ ਹੈ ਕਿ ਕਰੀਬ 200 ਸਾਲ ਪੁਰਾਣਾ ਅਖਬਾਰੀ ਮਾਡਲ ਟੁੱਟਦਾ ਜਾ ਰਿਹਾ ਹੈ। ਸਥਾਨਕ ਖਬਰਾਂ ਵਾਲਾ ਢਾਂਚਾ ਹੀ ਨਹੀਂ ਰਿਹਾ।
ਪ੍ਰੋ. ਅਵਰਨੈਥੀ ਨੇ 2018 ਵਿਚ ਆਪਣੀ ਇਕ ਰਿਪੋਰਟ ਰਾਹੀਂ ਦੱਸਿਆ ਸੀ ਕਿ ਸਥਿਤੀ ਖਬਰਾਂ ਦਾ ਮਾਰੂਥਲ ਵਰਗੀ ਬਣਦੀ ਜਾ ਰਹੀ ਹੈ। ਚਿੰਤਾ ਇਹ ਵੀ ਜਾਹਰ ਕੀਤੀ ਕਿ ਕਿੰਨੀ ਦੁੱਖ ਦੀ ਗੱਲ ਹੈ ਕਿ ਆਨਲਾਈਨ ਖਬਰਾਂ ਬਿਨਾ ਸਮਾਚਾਰ ਸੰਪਾਦਕਾਂ ਜਾਂ ਮੀਡੀਆ ਮਾਹਿਰਾਂ ਦੀ ਨਿਗਰਾਨੀ ਤੋਂ ਹੀ ਲੋਕਾਂ ਵਿਚ ਜਾ ਰਹੀਆਂ ਹਨ ਤਾਂ ਕਿਵੇਂ ਇਨ੍ਹਾਂ ਵਿਚ ਭਰੋਸੇਯੋਗਤਾ ਕਾਇਮ ਰਹਿ ਸਕਦੀ ਹੈ? ਅਖਬਾਰਾਂ ਲਈ ਇਹ ਵੀ ਬਰਦਾਸ਼ਤ ਕਰਨਾ ਕਿੰਨਾ ਔਖਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਕਰੋਨਾ ਵਾਇਰਸ ਦੀ ਇਸ ਸੁਨਾਮੀ ਨੇ ਅਮਰੀਕੀ ਅਖਬਾਰਾਂ ਦੇ ਨਿਊਜ਼ਰੂਮ ਧੋ ਦਿੱਤੇ ਹਨ। ਇਹ ਉਹੀ ਵਕਤ ਹੈ, ਜਦੋਂ ‘ਟੈਪਾਂ ਬੇ ਟਾਈਮ’ ਨੇ 11 ਪੱਤਰਕਾਰਾਂ ਦੀ ਛੁੱਟੀ ਕਰ ਦਿੱਤੀ ਹੈ ਅਤੇ ਪੰਜ ਪ੍ਰਿੰਟ ਅਡੀਸ਼ਨ ਬੰਦ ਕਰ ਦਿੱਤੇ ਹਨ। ‘ਡੈਨਵਰ ਪੋਸਟ’, ‘ਬੋਸਟਨ ਹੈਰਲਡ’ ਅਤੇ ‘ਡੈਲਸ ਮੌਰਨਿੰਗ ਨਿਊਜ਼’ ਨੇ ਅਖਬਾਰੀ ਕਾਮਿਆਂ ਦੀ ਉਜਰਤ ਵਿਚ ਵੱਡੀ ਕਟੌਤੀ ਕੀਤੀ ਹੈ। ਡੈਨਵਰ ਪੋਸਟ ਨੇ ਆਪਣੀ ਸੰਪਾਦਕੀ ਵਿਚ ਇਕ ਹੋਰ ਪੀੜਾ ਜਾਹਰ ਕੀਤੀ ਹੈ ਕਿ ਜਦੋਂ ਦਾ ਪਾਠਕਾਂ ਨੇ ਆਨਲਾਈਨ ਖਬਰ ਸਰੋਤਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ, ਇਸ਼ਤਿਹਾਰਾਂ ਦੇ ਸ਼ਿਕਾਰੀਆਂ ਨੇ ਰਾਸ਼ਟਰੀ ਵੈਬ ਵਿਗਿਆਨ ਵਿਚ ਘੁਸਪੈਠ ਕਰਕੇ ਵੱਡੀ ਹਿੱਸੇਦਾਰੀ ‘ਤੇ ਕਬਜ਼ਾ ਕਰ ਲਿਆ ਹੈ। ਨਤੀਜਾ ਤਬਾਹੀ ਹੈ, ਕਿਉਂਕਿ ਪਾਏਦਾਰ ਤੇ ਖੋਜੀ ਸਟੋਰੀਆਂ ਕਵਰ ਨਹੀਂ ਕੀਤੀਆਂ ਜਾ ਰਹੀਆਂ। ਇਨ੍ਹਾਂ ਨੂੰ ਕਵਰ ਕਰਨ ਵਾਲੇ ਰਿਪੋਰਟਰ ਬਹੁਤ ਘੱਟ ਰਹਿ ਗਏ ਹਨ।
ਸਥਿਤੀ ਕੈਸੀ ਤਬਾਹਕੁਨ ਬਣੀ ਹੋਈ ਹੈ ਕਿ ‘ਟੈਂਪਾ ਬੇ ਨਿਊਜ਼’ ਦੇ ਚੇਅਰਮੈਨ ਅਤੇ ਚੀਫ ਐਗਜ਼ੀਕਿਊਟਿਵ ਪਾਲ ਤਾਸ਼ ਨੇ ਆਪਣੇ ਮੁੱਖ ਪੰਨੇ ‘ਤੇ ਪੀੜਾ ਜਾਹਰ ਕੀਤੀ ਹੈ ਕਿ ਅਖਬਾਰ ਦੇ 96 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪਿੰ੍ਰਟ ਐਡੀਸ਼ਨ ਬੰਦ ਹੋਏ ਹਨ। ਤਾਲਾਬੰਦੀ ਨੇ ਏਨਾ ਪਲਟਾ ਮਾਰਿਆ ਹੈ ਕਿ ਜਦੋਂ ਕਾਰੋਬਾਰ ਮੂਧੇ ਹੋ ਗਏ ਹਨ ਅਤੇ ਇਸ਼ਤਿਹਾਰ ਆਉਣਗੇ ਕਿੱਥੋਂ? ਭਵਿੱਖ ਦੀ ਸਥਿਤੀ ਵੱਲ ਵੇਖ ਕੇ ਹੌਲ ਉਠਦੇ ਹਨ। ਕਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪੀੜਤ ਅਖਬਾਰਾਂ ਨੇ ਆਪਣੇ ਖੇਡ, ਫਿਲਮੀ ਅਤੇ ਹੋਰ ਕਾਲਮ ਨਵੀਸਾਂ ਨੂੰ ਆਮ ਅਸਾਈਨਮੈਂਟ ਪੱਤਰਕਾਰ ਬਣਾ ਦਿੱਤਾ ਹੈ, ਕਿਉਂਕਿ ਸਟੋਰੀਆਂ ਹੁਣ ਕਰੋਨਾ ਵਾਇਰਸ ਦੀਆਂ ਹਨ, ਖੇਡਾਂ ਜਾਂ ਫਿਲਮਾਂ ਦੀਆਂ ਨਹੀਂ। ਅਖਬਾਰੀ ਇਤਿਹਾਸ ਹੀ ਬਦਲ ਰਿਹਾ ਹੈ। ਸੈਂਕੜੇ ਸਾਲਾਂ ਤੋਂ ਚੱਲੀਆਂ ਆ ਰਹੀਆਂ ਅਖਬਾਰੀ ਪਰੰਪਰਾਵਾਂ ਟੁੱਟ ਰਹੀਆਂ ਹਨ।
ਇਹ ਮੰਨਣਾ ਪਵੇਗਾ ਕਿ ਕਰੋਨਾ ਵਾਇਰਸ ਤੋਂ ਪਹਿਲਾਂ ਹੋਰ ਵੀ ਪਲੈਟਫਾਰਮ ਤਿਆਰ ਹੋ ਚੁਕੇ ਹਨ/ਸਨ, ਜੋ ਅਖਬਾਰਾਂ ਨੂੰ ਪਿੱਛੇ ਧੱਕਣ ਵਿਚ ਲੱਗੇ ਹੋਏ ਸਨ, ਗੂਗਲ, ਫੇਸਬੁੱਕ ਤੇ ਅਮਾਜ਼ੋਨ ਨੇ ਪਿਛਲੇ ਵਰ੍ਹੇ ਡਿਜੀਟਲ ਇਸ਼ਤਿਹਾਰਬਾਜ਼ੀ ‘ਤੇ 70 ਫੀਸਦੀ ਕਬਜ਼ਾ ਕੀਤਾ ਤੇ ਬਾਕੀਆਂ ਲਈ ਸਿਰਫ ਰਹਿੰਦ-ਖਹੁੰਦ ਹੀ ਛੱਡੀ ਹੈ। ਸ਼ਾਇਦ ਕਈਆਂ ਨੂੰ ਪਤਾ ਹੀ ਨਾ ਹੋਵੇ ਕਿ ਅਮਾਜ਼ੋਨ ਦਾ ਮਾਲਕ ਜੈਫ ਬੋਜੇਸ ਅਖਬਾਰੀ ਦੁਨੀਆਂ ਨਾਲ ਵੀ ਸਬੰਧਿਤ ਹੈ। ਅਮਰੀਕਾ ਦੀ ਤੀਜੀ ਵੱਡੀ ‘ਵਾਸ਼ਿੰਗਟਨ ਪੋਸਟ’ ਉਸੇ ਦੀ ਮਾਲਕੀ ਵਾਲੀ ਅਖਬਾਰ ਹੈ। ਗੂਗਲ ਦੀ ਸਰਦਾਰੀ ਇਹ ਵੀ ਹੈ ਕਿ ਉਹ ਸਭ ਤੋਂ ਵੱਡਾ ਡਿਜੀਟਲ ਵਿਗਿਆਪਨ ਨੈਟਵਰਕ ਦਾ ਸੰਚਾਲਨ ਵੀ ਕਰਦਾ ਹੈ, ਜੋ ਇਕ ਨੀਤੀ ਤਹਿਤ ਹੋਰ ਸਾਈਟਾਂ ਅਤੇ ਵੈਬਸਾਈਟਾਂ ਨੂੰ ਇਸ਼ਤਿਹਾਰ ਦਿੰਦਾ ਹੈ। ਉਸ ਦੀ ਲਿਸਟ ਵਿਚ ਅਖਬਾਰਾਂ ਨਹੀਂ ਹਨ। ਉਹ ਇਨ੍ਹਾਂ ਨੂੰ ਇਸ਼ਤਿਹਾਰ ਮੁਹੱਈਆ ਵੀ ਕਿਉਂ ਕਰਵਾਵੇ, ਜੋ ਇਸ਼ਤਿਹਾਰਾਂ ਤੋਂ ਪਹਿਲਾਂ ਸੰਕਟ ਜਾਂ ਬਿਮਾਰੀ ਦੀਆਂ ਖਬਰਾਂ ਜਾਂ ਮਹਾਮਾਰੀ ਦੇ ਲੇਖ ਪ੍ਰਕਾਸ਼ਿਤ ਕਰਦੀਆਂ ਹਨ?
ਨਿਊਜ਼ ਮੀਡੀਆ ਦੀ ਡੁੱਬਦੀ ਬੇੜੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਖੁਸ਼ੀ ਵਾਲੀ ਹੋ ਸਕਦੀ ਹੈ, ਕਿਉਂਕਿ ਨਿਊ ਯਾਰਕ ਟਾਈਮਜ਼ ਵਿਚ ਇਸ਼ਤਿਹਾਰਬਾਜ਼ੀ ਘਟ ਗਈ ਹੈ, ਵਾਸ਼ਿੰਗਟਨ ਪੋਸਟ ਜ਼ਿਆਦਾ ਪਾਏਦਾਰ ਨਹੀਂ ਰਿਹਾ ਅਤੇ ਇਸੇ ਨੇ ਟਵੀਟ ਕੀਤਾ ਹੈ ਕਿ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ ਕਿ ਕਰੋਨਾ ਵਾਇਰਸ ਕਿਸ ਨੂੰ ਹਰਾਏਗਾ, ਕਿਉਂਕਿ ਜਾਣਕਾਰੀ ਦੇ ਫੇਕ ਖਬਰ ਸਰੋਤ ਭਾਰੂ ਹੋ ਗਏ ਹਨ। ਨਵੰਬਰ ‘ਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਕਦੇ ‘ਸੀ. ਐਨ. ਐਨ.’ ਅਤੇ ਹੋਰ ਮੀਡੀਆ ਅਦਾਰਿਆਂ ਨਾਲ ਟਰੰਪ ਦੀ ਖਹਿਬਾਜ਼ੀ ਝਲਕਦੀ ਰਹੀ ਹੈ। ਹੁਣ ਇਹ ਵੀ ਬਿਨਾ ਬੋਲੇ ਕਈ ਕੁਝ ਕਹਿ ਰਹੇ ਹਨ। ਅਸਲ ਵਿਚ ਅਮਰੀਕਾ ‘ਚ ਇਕ ਵਾਇਰਸ ਇਨ੍ਹਾਂ ਚੋਣਾਂ ਦਾ ਵੀ ਹੈ। ‘ਵਾਲ ਸਟਰੀਟ ਜਰਨਲ’ ਅਤੇ ‘ਦਾ ਪੋਸਟ ਆਫ ਟਾਈਮਜ਼’ ਤੁਲਨਾਤਮਕ ਤੌਰ ‘ਤੇ ਬਹੁਤ ਸਿਹਤਮੰਦ ਸਥਿਤੀ ਵਿਚ ਹਨ ਤੇ ਇਨ੍ਹਾਂ ਦੇ ਲੱਖਾਂ ਡਿਜੀਟਲ ਗਾਹਕ ਵੀ ਹਨ ਅਤੇ ਰਾਸ਼ਟਰੀ ਇਸ਼ਤਿਹਾਰ ਦੇਣ ਵਾਲੇ ਵੀ ਇਨ੍ਹਾਂ ‘ਤੇ ਟਰੰਪ ਕਰਕੇ ਮਿਹਰਬਾਨ ਹੋਏ ਹਨ। ਚਲੋ ਵੱਡੀਆਂ ਮੱਛੀਆਂ ਛੋਟੀਆਂ ਨੂੰ ਪਹਿਲਾਂ ਤੋਂ ਖਾਂਦੀਆਂ ਆਈਆਂ ਹਨ। ਕਹਿ ਸਕਦੇ ਹਾਂ ਕਿ ਇਸ ਵਕਤ ਸਮੁੱਚੇ ਰੂਪ ਵਿਚ ਅਮਰੀਕਾ ਦੇ ਅਖਬਾਰੀ ਉਦਯੋਗ ਦੀ ਸਥਿਤੀ ਬੇਹੱਦ ਡਾਵਾਂਡੋਲ ਹੈ ਅਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਕਿਹਾ ਜਾ ਰਿਹਾ ਹੈ ਕਿ ਅਮਰੀਕਾ 2008 ਤੋਂ ਵੀ ਵੱਧ ਮੰਦੀ ਦੀ ਮਾਰ ਝੱਲੇਗਾ ਤਾਂ ਅਖਬਾਰਾਂ ਇਹਦੇ ਵਿਚ ਬਲੀ ਦਾ ਬੱਕਰਾ ਬਣਨਗੀਆਂ ਹੀ।
ਵਿਸ਼ਵ ਵਿਚ ਅਖਬਾਰਾਂ ਦੀ ਵਿਕਰੀ ਦਾ ਦੂਜੇ ਨੰਬਰ ਦਾ ਅੰਕੜਾ ਭਾਰਤ ਦੇ ਖਾਤੇ ਵਿਚ ਡਿੱਗਦਾ ਹੈ, ਪਰ ਕਰੋਨਾ ਵਾਇਰਸ ਕਰਕੇ ਅਖਬਾਰੀ ਉਦਯੋਗ ਇੱਥੇ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕਈ ਅਖਬਾਰਾਂ ਏਨੀਆਂ ਸੁੰਗੜ ਗਈਆਂ ਹਨ ਕਿ ਉਨ੍ਹਾਂ ਦੇ ਆਨਲਾਈਨ ਅਡੀਸ਼ਨ ਹੋਰ ਛੋਟੇ ਲੱਗਦੇ ਹਨ। ਆਏ ਦਿਨ ਅਖਬਾਰਾਂ ਵਿਚ ਇਸ਼ਤਿਹਾਰਾਂ ਦੀ ਨਾਮਾਤਰ ਆਮਦ ਦੇ ਬਾਵਜੂਦ ਇਹ ਬਿਨਾ ਧੜ ਤੋਂ ਲੜਾਈ ਲੜ ਰਹੀਆਂ ਹਨ। ‘ਟਾਈਮਜ਼ ਆਫ ਇੰਡੀਆ’, ‘ਹਿੰਦੋਸਤਾਨ ਟਾਈਮਜ਼’, ‘ਦਾ ਹਿੰਦੂ’, ‘ਅਮਰ ਉਜਾਲਾ’, ‘ਨਵ ਭਾਰਤ ਟਾਈਮਜ਼’, ‘ਦੈਨਿਕ ਭਾਸਕਰ’, ‘ਪੰਜਾਬ ਕੇਸਰੀ’; ਪੂਨੇ ਤੋਂ ਮਰਾਠੀ ‘ਚ ਛਪਣ ਵਾਲੀ ‘ਸਕਾਲ’, ਗੁਜਰਾਤ ਦੀ ‘ਦਿੱਵਿਆ ਭਾਸਕਰ’, ਕਰਨਾਟਕ ਦੀ ਕੰਨੜ ‘ਚ ‘ਵਿਜੇ ਬਾਣੀ’, ਚੰਡੀਗੜ੍ਹ ਦੀ ‘ਦਾ ਟ੍ਰਿਬਿਊਨ’, ਕੋਲਕਾਤਾ ਦੀ ਬੰਗਾਲੀ ‘ਚ ‘ਅਨੰਦ ਵਿਹਾਰ ਪੱਤ੍ਰਿਕਾ’, ਤਾਮਿਲ ਦੀ ‘ਦੀਨਾ ਮਲਾਰ’, ਤੈਲਗੂ ‘ਚ ਹੈਦਰਾਬਾਦ ਤੋਂ ਛਪਣ ਵਾਲੀ ‘ਸਾਖਸ਼ੀ’, ਅਤੇ ‘ਦੈਨਿਕ ਜਾਗਰਣ’ ਜਿਹੀਆਂ ਅਖਬਾਰਾਂ, ਜੋ ਆਪਣੇ ਪ੍ਰਿੰਟ ਅਡੀਸ਼ਨ ਤਾਂ ਦੇ ਰਹੀਆਂ ਹਨ, ਪਰ ਉਨ੍ਹਾਂ ਦੀ ਗਿਣਤੀ ਪੰਜਵਾਂ, ਛੇਵਾਂ ਹਿੱਸਾ ਵੀ ਨਹੀਂ ਰਹੀ। ਦਿੱਲੀ ਸਮੇਤ ਉਤਰੀ ਤੇ ਦੱਖਣੀ ਰਾਜ ਕਰੋਨਾ ਵਾਇਰਸ ਦਾ ਪੂਰਾ ਸੰਤਾਪ ਭੋਗ ਰਹੇ ਹਨ।
ਭਾਰਤ ਵਿਚ ਸ਼ਹਿਰਾਂ ਦੀਆਂ ਬਾਲਕੋਨੀਆਂ, ਪਿੰਡਾਂ ਦੇ ਵਿਹੜੇ ਉਨ੍ਹਾਂ ਲੋਕਾਂ ਨੂੰ ਵਿਰਾਨ ਥਾਂਵਾਂ ਜਾਪਦੀਆਂ ਹਨ, ਜਿਨ੍ਹਾਂ ਨੂੰ ਸਵੇਰੇ ਅੱਖ ਪੱਟਣ ਦੇ ਨਾਲ ਹੀ ਇੱਥੇ ਅਖਬਾਰ ਪਈ ਆਉਂਦੀ ਸੀ, ਕਰੋਨਾ ਵਾਇਰਸ ਫੈਲਣ ਦੇ ਡਰ ਕਾਰਨ ਅਖਬਾਰਾਂ ਸ਼ਹਿਰਾਂ ਦੇ ਕਈ ਕੰਪਲੈਕਸਾਂ ਅਤੇ ਪਿੰਡਾਂ ਦੀਆਂ ਜੂਹਾਂ ‘ਚ ਦਾਖਲ ਹੋਣ ਲਈ ਤਰਸ ਰਹੀਆਂ ਹਨ। ਹਾਲਾਂਕਿ ਪਿਛਲੇ ਇਕ ਦਹਾਕੇ ਵਿਚ ਭਾਰਤ ਦਾ ਉਦਯੋਗ ਪਿੰ੍ਰਟ ਮੀਡੀਆ ਲਈ ਇਕ ਜਗਦੀ ਜੋਤ ਬਣ ਕੇ ਸਾਹਮਣੇ ਆਇਆ, ਜੋ ਪੱਛਮੀ ਦੇਸ਼ਾਂ ਵਿਚ ਇੰਟਰਨੈਟ ਦੀ ਮਾਰ ਕਾਰਨ ਬੁਝਣ ਕਿਨਾਰੇ ਸੀ। ਇੰਡੀਅਨ ਰੀਡਰਸ਼ਿਪ ਸਰਵੇ (ਆਈ. ਆਰ. ਐਸ਼) ਅਨੁਸਾਰ ਅਖਬਾਰ ਦਾ ਪਾਠਕ ਵਰਗ 2017 ਦੇ ਮੁਕਾਬਲੇ 2019 ਵਿਚ 407 ਤੋਂ 425 ਮਿਲੀਅਨ ਹੋ ਗਿਆ ਸੀ, ਜੋ ਇਸ ਵਕਤ ਕਰੋਨਾ ਵਾਇਰਸ ਨੇ ਅਪਾਹਜ ਬਣਾ ਦਿੱਤਾ ਹੈ।
ਸੋਸ਼ਲ ਨੈਟਵਰਕ ਜ਼ਰੀਏ ਅਜਿਹੇ ਸੁਨੇਹੇ ਭੇਜੇ ਜਾ ਰਹੇ ਹਨ ਕਿ ਅਖਬਾਰਾਂ ਦੀ ਸਤ੍ਹਾ ਵਾਇਰਸ ਫੈਲਾ ਸਕਦੀ ਹੈ, ਇਹੋ ਕਾਰਨ ਹੈ, ਮੁੰਬਈ, ਪੂਨਾ, ਚੇਨੱਈ, ਹੈਦਰਾਬਾਦ, ਕੋਲਕਾਤਾ, ਬੈਂਗਲੂਰੂ ਅਤੇ ਦਿੱਲੀ ਦੀਆਂ ਰਿਹਾਇਸ਼ੀ ਸੁਸਾਇਟੀਆਂ, ਕਾਲੋਨੀਆਂ ‘ਚ ਅਖਬਾਰ ਪਹੁੰਚ ਹੀ ਨਹੀਂ ਰਹੀ। 24 ਤੋਂ 48 ਘੰਟਿਆਂ ਤੱਕ ਦੀ ਸਤ੍ਹਾ ‘ਤੇ ਵਾਇਰਸ ਰਹਿਣ ਦੇ ਫੇਕ ਸੁਨੇਹਿਆਂ ਵਿਰੁੱਧ ਦੇਸ਼ ਭਰ ਦੀਆਂ ਅਖਬਾਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ, ਇੱਥੋਂ ਤੱਕ ਕਿ ‘ਟਾਈਮਜ਼ ਆਫ ਇੰਡੀਆ’ ਨੇ ਵੀਡੀਓ ਇਸ਼ਤਿਹਾਰ ਵੀ ਦਿੱਤੇ, ਪਰ ਅਫਸੋਸ, ਕਰੋਨਾ ਵਾਇਰਸ ਦੇ ਦਹਿਸ਼ਤ ਭਰੇ ਮਾਹੌਲ ਵਿਚ ਇਨ੍ਹਾਂ ਦਾ ਕੋਈ ਅਸਰ ਨਾ ਹੋਇਆ ਤੇ ਵਪਾਰਕ ਇਸ਼ਤਿਹਾਰਾਂ ਦੀ ਆਮਦ ਰੁਕਣ ਕਾਰਨ ਮਾਲੀਆ ਆਉਣਾ ਵੱਡੇ ਪੱਧਰ ‘ਤੇ ਬੰਦ ਹੋ ਗਿਆ। ਸਿੱਟੇ ਇਹ ਹਨ ਕਿ ‘ਇੰਡੀਅਨ ਐਕਸਪ੍ਰੈਸ’ ਜਿਹੇ ਮੀਡੀਆ ਅਦਾਰਿਆਂ ਵਲੋਂ ਆਪਣੇ ਕਾਮਿਆਂ ਦੀਆਂ ਤਨਖਾਹਾਂ ਵਿਚ ਕਟੌਤੀ ਕਰਨੀ ਪੈ ਰਹੀ ਹੈ। ਇੰਡੀਆ ਉਦਯੋਗ ਸੰਗਠਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਦੋ ਸਾਲ ਟੈਕਸ ਦੀ ਛੋਟ ਅਤੇ ਨਿਊਜ਼ ਪ੍ਰਿੰਟ ‘ਤੇ ਦਰਾਮਦ ਪਾਬੰਦੀਆਂ ਹਟਾਉਣ ਦੀ ਮੰਗ ਕਰਦਿਆਂ ਲਿਖਿਆ ਹੈ ਕਿ ਘਰੇਲੂ ਭਾਰਤੀ ਪ੍ਰਿੰਟ ਉਦਯੋਗ ਬਿਮਾਰ ਹੈ, ਖਤਰੇ ਵੱਲ ਵਧ ਰਿਹਾ ਹੈ। ਹਾਲਾਤ ਇੱਥੋਂ ਤੱਕ ਪੁੱਜ ਗਏ ਹਨ ਕਿ ਆਸਾਮ ਹਾਕਰਜ਼ ਐਸੋਸੀਏਸ਼ਨ ਨੇ ਅਖਬਾਰਾਂ ਦਾ ਉਤਰ ਪੂਰਬੀ ਰਾਜ ਵਿਚ ਵਿਤਰਣ ਬੰਦ ਕਰ ਦਿੱਤਾ ਹੈ।
ਅਨੁਭਵੀ ਪੱਤਰਕਾਰ ਅਤੇ ਮੀਡੀਆ ਵਿਸ਼ਲੇਸ਼ਕ ਪ੍ਰਾਣ ਜੌਏ ਨੇ ਕਿਹਾ ਕਿ ਪਹਿਲਾਂ ਹੀ ਆਰਥਕ ਤੂਫਾਨਾਂ ਦਾ ਟਾਕਰਾ ਕਰ ਰਹੇ ਅਖਬਾਰੀ ਉਦਯੋਗਾਂ ਨੂੰ ਸਰਕਾਰ ਸਬਸਿਡੀਆਂ ਦੇਵੇ, ਕਿਉਂਕਿ ਅਖਬਾਰ ਉਸ ਸੂਰਜ ਵਾਂਗ ਹੈ, ਜੋ ਨਿੱਤ ਚੜ੍ਹਦਾ ਹੈ, ਵਰਨਾ ਲੋਕ ਰਾਜ ਦਾ ਇਹ ਚੌਥਾ ਥੰਮ੍ਹ ਡਿੱਗ ਪਵੇਗਾ। 2008 ਤੋਂ ਬਾਅਦ ਖਬਰਾਂ ਦੇ ਡਿਜੀਟਲ ਰੂਪ ਨੇ ਅਖਬਾਰ ਉਦਯੋਗ ਨੂੰ ਇਸ਼ਤਿਹਾਰਾਂ ਦੇ ਖੇਤਰ ‘ਚ ਵੱਡੀ ਸੱਟ ਮਾਰੀ ਹੈ, ਪਰ ਇਹ ਕਦੇ ਵੀ ਨਹੀਂ ਹੋਵੇਗਾ ਕਿ ਲੋਕ ਕਾਗਜ਼ ਦੀ ਛੋਹ ਦੇ ਅਨੰਦ ਨੂੰ ਤਿਆਗ ਦੇਣ। ਸਰਕਾਰਾਂ ਨੇ ਅਖਬਾਰਾਂ ਦੀ ਬਾਂਹ ਨਾ ਫੜੀ ਤਾਂ ਆਪਹੁਦਰੀਆਂ ਤੇ ਗੈਰਜ਼ਿੰਮੇਵਾਰ ਖਬਰਾਂ ਦੀ ਬਹੁਤਾਤ ਸਮਾਜ ਨੂੰ ਖਤਰੇ ਵੱਲ ਲੈ ਜਾਵੇਗੀ। ਭਾਵੇਂ ਕਰੋਨਾ ਵਾਇਰਸ ਦਾ ਪ੍ਰਭਾਵ ਅਸਥਾਈ ਹੋਵੇ, ਪਰ ਜੇ ਅਖਬਾਰਾਂ ਦੀ ਗੱਲ ਨਾ ਸੁਣੀ ਗਈ ਤਾਂ ਇਸ ਉਦਯੋਗ ਦੇ ਆਰਥਕ ਪ੍ਰਭਾਵ ਸਥਾਈ ਹੋਣਗੇ।
‘ਨਿਊ ਇੰਗਲੈਂਡ ਜਨਰਲ ਆਫ ਮੈਡੀਕਲ ਸਾਇੰਸ’ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਨਿਊਜ਼ ਪਿੰ੍ਰਟ ਉਤੇ ਵਾਇਰਸ 66 ਮਿੰਟ ਤੋਂ ਵੱਧ ਤੱਕ ਟਿਕ ਹੀ ਨਹੀਂ ਸਕਦਾ ਤੇ ਕਰੋਨਾ ਵਾਇਰਸ ਮੈਟਲ ਜਾਂ ਸਟੇਨਲੈਸ ਸਟੀਲ ‘ਤੇ ਹੀ ਲੰਬਾ ਸਮਾਂ ਰਹਿੰਦਾ ਹੈ। ਇਹ ਤਾਂ ਗੱਤੇ ‘ਤੇ ਵੀ ਤੁਰੰਤ ਮਰ ਜਾਂਦਾ ਹੈ। ਅਖਬਾਰ ਦੀ ਪਤਲੀ ਸਤ੍ਹਾ ‘ਤੇ ਕਿਵੇਂ ਜਿਉਂਦਾ ਰਹਿ ਸਕਦਾ ਹੈ? ਅਖਬਾਰਾਂ ਨੇ ਆਪਣਾ ਢਿੱਡ ਪਿੱਟਿਆ ਹੈ ਕਿ ਅਖਬਾਰਾਂ ਰਾਹੀਂ ਵਾਇਰਸ ਨਹੀਂ ਫੈਲਦਾ, ਪਰ ਸਰਕਾਰਾਂ ਨੇ ਇਸ ਪ੍ਰਚਾਰ ਲਈ ਕੋਈ ਵੀ ਦਿਲਚਸਪੀ ਨਹੀਂ ਦਿਖਾਈ।
ਚੀਨ, ਜਿਸ ਦੇ ਸ਼ਹਿਰ ਵੁਹਾਨ ਤੋਂ ਕਰੋਨਾ ਵਾਇਰਸ ਦੁਨੀਆਂ ਭਰ ਵਿਚ ਫੈਲਿਆ ਹੈ, ਉਹ ਵਿਸ਼ਵ ਦਾ ਸਭ ਤੋਂ ਵੱਡਾ ਅਖਬਾਰੀ ਉਦਯੋਗ ਦਾ ਦੇਸ਼ ਹੈ, ਜਿੱਥੇ ਹਾਲੇ ਵੀ ਅਖਬਾਰਾਂ ਉਸੇ ਤਾਦਾਦ ਵਿਚ ਛਪਦੀਆਂ ਹਨ, ਇਸ਼ਤਿਹਾਰਾਂ ਦੀ ਕਮੀ ਨਹੀਂ ਆਈ ਅਤੇ ਜਾਪਾਨ ਜਿਹੇ ਆਪਣੇ ਹੀ ਸੁਭਾਅ ਦੇ ਮਾਲਕ ਮੁਲਕ ਵਿਚ ਵੀ ਅਖਬਾਰਾਂ ਦੀ ਸਥਿਤੀ ਅਜਿਹੀ ਹੀ ਹੈ; ਪਰ ਅਖਬਾਰੀ ਦੁਨੀਆਂ ‘ਚ ਵਿਸ਼ਵ ਦਾ ਚੌਥੇ ਨੰਬਰ ਦਾ ਦੇਸ਼ ਜਰਮਨ ਕਰੋਨਾ ਵਾਇਰਸ ਦਾ ਪੀੜਤ ਹੀ ਨਹੀਂ ਹੈ, ਸਗੋਂ ਉਸ ਦੀ ਅਖਬਾਰੀ ਦੁਨੀਆਂ ਦਾ ਥੰਮ੍ਹ ਹੀ ਹਿੱਲ ਗਿਆ ਹੈ। ਉਸ ਦੀ ਵੱਖੀ ‘ਚ ਇਕ ਛੋਟਾ ਜਿਹਾ ਦੇਸ਼ ‘ਆਸਟਰੀਆ’, ਜਿੱਥੇ ਕੁਝ ਅਖਬਾਰਾਂ ਸਵੇਰੇ ਤੇ ਕੁਝ ਸ਼ਾਮ ਵੇਲੇ ਵੀ ਛਪਦੀਆਂ ਹਨ। ਇਨ੍ਹਾਂ ਅਖਬਾਰਾਂ ਦੀ ਛਪਣ ਗਿਣਤੀ ਤੇ ਇਸ਼ਤਿਹਾਰ ਪਹਿਲਾਂ ਵਾਲੇ ਰੰਗ ਵਿਚ ਹੀ ਹਨ ਅਤੇ ਉਂਜ ਵੀ ਇਸ ਛੋਟੇ ਜਿਹੇ ਦੇਸ਼ ਨੇ ਕਰੋਨਾ ਵਾਇਰਸ ‘ਤੇ ਲਗਭਗ ਕਾਬੂ ਪਾ ਲਿਆ ਹੈ। ਚੀਨ ਦੀ ‘ਦ ਗਲੋਬਲ ਟਾਈਮਜ਼’, ਸਾਊਦਰਨ ਮੈਟਰੋਪਾਲਿਟਨ ਡੇਅਲੀ, ਰੈਂਫਰੈਂਸ ਨਿਊਜ਼ ਆਦਿ ਅਖਬਾਰਾਂ, ਅਖਬਾਰੀ ਦੁਨੀਆਂ ਅਤੇ ਕਰੋਨਾ ਵਾਇਰਸ ਦੇ ਦੁੱਖ ‘ਤੇ ਫਹੇ ਰੱਖ ਕੇ ਫੂਕਾਂ ਵੀ ਨਹੀਂ ਮਾਰ ਰਹੀਆਂ, ਪਰ ਜਾਪਾਨ ਦੀਆਂ ਅਖਬਾਰਾਂ ‘ਆਸਾਹੀ ਸ਼ਿੰਮਬਨ’ ਤੇ ‘ਜਾਪਾਨ ਟਾਈਮਜ਼’ ਦੁਨੀਆਂ ਦੇ ਦੁੱਖ ਨੂੰ ਰੋ ਕੇ ਦੱਸ ਰਹੀਆਂ ਹਨ। ਪਾਕਿਸਤਾਨ ਦੀ ‘ਡਾਨ’, ‘ਨਿਊਜ਼ ਇੰਟਰਨੈਸ਼ਨਲ’ ਅਤੇ ‘ਨਵਾਏ ਵਕਤ’ ਇਸ ਵੇਲੇ ਲਗਭਗ ਇਕ ਲੱਤ ਭਾਰ ਹੀ ਖੜ੍ਹੀਆਂ ਹਨ।
ਜਿਵੇਂ ਅਮਰੀਕਾ ਨੇ ਪੇਅ-ਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਤਹਿਤ ਕਾਰੋਬਾਰੀ ਅਦਾਰਿਆਂ ਦੀ ਵੱਡੇ ਪੱਧਰ ‘ਤੇ ਮਾਲੀ ਮਦਦ ਕੀਤੀ ਹੈ, ਇਵੇਂ ਹੀ ਭਾਰਤ ਸਰਕਾਰ ਨੂੰ ਵੀ ਅਖਬਾਰੀ ਉਦਯੋਗ ਦੇ ਖਾਸ ਤੌਰ ‘ਤੇ ਖੇਤਰੀ ਤੇ ਭਾਸ਼ਾਈ ਅਖਬਾਰਾਂ ਨੂੰ ਅੱਗੇ ਹੋ ਕੇ ਸਬਸਿਡੀ ਅਤੇ ਮਾਲੀ ਇਮਦਾਦ ਦੇਣੀ ਹੀ ਪਵੇਗੀ ਤੇ ਦੇਣੀ ਵੀ ਚਾਹੀਦੀ ਹੈ, ਕਿਉਂਕਿ ਲੋਕ ਰਾਜ ਦਾ ਚੌਥਾ ਥੰਮ੍ਹ ਫਿਰ ਹੀ ਆਪਣੇ ਭਾਰ ਅਡੋਲ ਖੜ੍ਹਾ ਰਹੇਗਾ ਅਤੇ ਸਹੀ ਅਰਥ ਪ੍ਰਦਾਨ ਕਰ ਸਕੇਗਾ।