ਵਿਦਿਅਕ ਸੁਧਾਰਾਂ ਬਿਨਾਂ ਨਹੀਂ ਬਚੇਗਾ ਪੰਜਾਬ

ਪੰਜਾਬ ਦੇ ਪੁਨਰ-ਨਿਰਮਾਣ ਦਾ ਉਤਰ-ਪੂੰਜੀਵਾਦੀ ਏਜੰਡਾ
ਪੰਜਾਬ ਵਿਚ ਨਵੀਂ ਵਿਦਿਆ ਦੀ ਲੋੜ ਬਾਰੇ ਸ਼ ਅਮਰਜੀਤ ਸਿੰਘ ਗਰੇਵਾਲ ਨੇ ਲੰਮਾ ਲੇਖ ਭੇਜਿਆ ਹੈ। ਅੱਜ ਆਰਥਕ ਨਾਬਰਾਬਰੀ ਕਾਰਨ ਪੰਜਾਬ ਦੇ ਬਹੁਤੇ ਤਬਕੇ ਵਿਦਿਆ ਹਾਸਲ ਕਰਨ ਤੋਂ ਵੀ ਵਿਰਵੇ ਰਹਿ ਰਹੇ ਹਨ, ਪਰ ਲਿਖਾਰੀ ਨੇ ਆਪਣੀ ਇਸ ਲਿਖਤ ਵਿਚ ਸੰਸਾਰ ਪੱਧਰ ‘ਤੇ ਚੱਲ ਰਹੀ ਉਥਲ-ਪੁਥਲ ਨੂੰ ਧਿਆਨ ਵਿਚ ਰੱਖ ਕੇ ਦਾਅਵਾ ਪੇਸ਼ ਕੀਤਾ ਹੈ ਕਿ ਹੁਣ ਨਵੀਂ ਵਿਦਿਆ ਦੇ ਪਸਾਰ ਤੋਂ ਬਗੈਰ ਪੰਜਾਬ ਕੋਈ ਉਡਾਣ ਭਰ ਸਕਣ ਦੇ ਯੋਗ ਨਹੀਂ ਹੋ ਸਕੇਗਾ। ਇਸ ਲੰਮੇ ਲੇਖ ਦੀ ਪਹਿਲੀ ਕਿਸ਼ਤ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ, ਜਿਸ ਵਿਚ ਉਨ੍ਹਾਂ ਇਸ ਵਿਦਿਆ ਦੇ ਆਧਾਰ ਬਾਰੇ ਕੁਝ ਨੁਕਤੇ ਸਾਂਝੇ ਕੀਤੇ ਹਨ।

-ਸੰਪਾਦਕ

ਅਮਰਜੀਤ ਸਿੰਘ ਗਰੇਵਾਲ

ਕਰੋਨਾ ਦੇ ਸੰਕਟ ਨੇ ਸਾਬਤ ਕਰ ਦਿੱਤਾ ਹੈ ਕਿ ਕੇਵਲ ਸਰਮਾਏ, ਗਿਆਨ, ਤਕਨਾਲੋਜੀ, ਕਿਰਤ, ਵਸਤੂਆਂ ਅਤੇ ਸੇਵਾਵਾਂ ਦਾ ਹੀ ਨਹੀਂ, ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜਾਂ ਦਾ ਵੀ ਵਿਸ਼ਵੀਕਰਨ ਹੋ ਰਿਹਾ ਹੈ। ਦੁਨੀਆਂ ਦੇ ਦੁਖ-ਸੁਖ; ਸੰਕਟ, ਸਮਾਧਾਨ ਤੇ ਸੁਪਨੇ ਸਭ ਸਾਂਝੇ ਹੋ ਗਏ ਹਨ। ਸਾਂਝ ਦਾ ਅਰਥ ਸਮਰੂਪੀਕਰਨ ਨਹੀਂ, ਸਹਿਯੋਗ ਅਤੇ ਸਾਂਝੀਵਾਲਤਾ ਹੈ। ਇਸ ਲੇਖ ਵਿਚ ਅਸੀਂ ਦੁਨੀਆਂ ਦੀ ਨਹੀਂ, ਭਾਰਤੀ ਪੰਜਾਬ ਦੇ ਭਵਿਖ ਦੀ ਗੱਲ ਕਰਨੀ ਹੈ। ਇਹ ਭਾਵੇਂ ਪੰਜਾਬ ਦੀਆਂ ਸਮੱਸਿਆਵਾਂ ਹੋਣ, ਤੇ ਭਾਵੇਂ ਉਨ੍ਹਾਂ ਦੇ ਸਮਾਧਾਨ, ਇਨ੍ਹਾਂ ਨੂੰ ਹੁਣ ਗਲੋਬਲੀ ਪ੍ਰਸੰਗ ਵਿਚ ਹੀ ਦੇਖਣਾ ਹੋਵੇਗਾ।
ਪੰਜਾਬ ਦੇ ਭਵਿਖ ਬਾਰੇ ਸੋਚਣ ਲਈ ਇਸ ਦੇ ਮੌਜੂਦਾ ਸੰਕਟ ਨੂੰ ਸਮਝਣਾ ਜ਼ਰੂਰੀ ਹੈ। ਸੰਕਟ ਵਿਚੋਂ ਹੀ ਸੰਭਾਵਨਾਵਾਂ ਨੇ ਜਨਮ ਲੈਣਾ ਹੁੰਦਾ ਹੈ। ਸੁਰਜੀਤ ਪਾਤਰ ਦੀ ਕਵਿਤਾ ‘ਪੰਛੀ ਤਾਂ ਉਡ ਗਏ ਨੇ’ ਇਸ ਸੰਕਟ ਦੇ ਲੱਛਣਾਂ ਵੱਲ ਸੰਕੇਤ ਕਰਦੀ ਹੈ:
ਪੰਛੀ ਤਾਂ ਉਡ ਗਏ ਨੇ
ਰੁੱਖ ਵੀ ਸਲਾਹਾਂ ਕਰਨ
ਚਲੋ ਏਥੋਂ ਚੱਲੀਏ

ਘਰ ਘਰ ਪੁੱਤ ਕਹਿਣ
ਛੱਡ ਬਾਪੂ ਹੁਣ ਕੀ ਏ
ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚੱਲ ਏਥੋਂ ਚੱਲੀਏ

ਤੂੰ ਨੀ ਸੁਣੇ, ਟਿਕੀ ਰਾਤੇ
ਪਿੰਡ ਦੇ ਉਜਾੜਾਂ ਵਿਚ
ਮੋਏ ਕਿਰਸਾਨ ਸਾਰੇ
ਏਹੀ ਵ੍ਰਿੰਦਗਾਨ ਗਾਉਂਦੇ
ਚਲੋ ਏਥੋਂ ਚੱਲੀਏ

ਏਹੀ ਹੈ ਵ੍ਰਿੰਦਗਾਨ
ਏਹੀ ਹੈ ਸਮੂਹ-ਗਾਨ
ਚਲੋ ਏਥੋਂ ਚੱਲੀਏ

ਇਹ ਜਿਹੜੇ
ਨਸ਼ਿਆਂ ਦੇ ਉਡਣ-ਖਟੋਲੇ ਵਿਚ ਬੈਠ ਜਾਂਦੇ
ਓਨ੍ਹਾਂ ਨੇ ਵੀ
ਬੱਸ ਏਥੋਂ ਜਾਣ ਦਾ ਹੀ ਰਾਹ ਜਾਣੀਂ ਲੱਭਿਆ।
ਕੇਵਲ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਅਤੇ ਨਸ਼ਿਆਂ ਵਿਚ ਦਮ ਤੋੜ ਰਹੀ ਨੌਜੁਆਨ ਪੀੜ੍ਹੀ ਹੀ ਨਹੀਂ, ਪੰਜਾਬ ਵਿਚ ਫੈਲ ਰਹੇ ਜੁਰਮ, ਪ੍ਰਦੂਸ਼ਣ, ਬੇਰੁਜ਼ਗਾਰੀ, ਨਾਬਰਾਬਰੀ, ਭ੍ਰਿਸ਼ਟਾਚਾਰ ਅਤੇ ਸਮਾਜਕ ਕਦਰਾਂ ਕੀਮਤਾਂ ਨੂੰ ਲੱਗਣ ਵਾਲਾ ਖੋਰਾ ਆਦਿ ਪੰਜਾਬ ਦੇ ਉਸ ਸੰਕਟ ਦੀਆਂ ਅਲਾਮਤਾਂ ਹਨ ਜਿਸ ਕਾਰਨ ‘ਚਲੋ ਏਥੋਂ ਚੱਲੀਏ’ ਦਾ ਸਮੂਹ-ਗਾਨ ਗਾ ਰਿਹਾ ਪੰਜਾਬ ਆਖਦਾ ਹੈ ਕਿ ‘ਵੇਚ ਕੇ ਸਿਆੜ ਚਾਰ, ਕਰ ਕੇ ਜੁਗਾੜ ਕੋਈ, ਚੱਲ ਏਥੋਂ ਚੱਲੀਏ।’
ਕਵਿਤਾ ਅਖੀਰ ਵਿਚ ਇਹ ਸੁਆਲ ਛੱਡ ਜਾਂਦੀ ਹੈ ਕਿ ਪੰਜਾਬ ਦੀ ਧਰਤੀ ਨੂੰ ਮੁੜ ਤੋਂ ਵਸਣਯੋਗ ਅਤੇ ਰਸਣਯੋਗ ਕਿਵੇਂ ਬਣਾਇਆ ਜਾਵੇ? ਇਸ ਸੁਆਲ ਦਾ ਜੁਆਬ ਢੂੰਡਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਉਸ ਸੰਕਟ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਸ ਸੰਕਟ ਦੀਆਂ ਅਲਾਮਤਾਂ ਦਾ ਇਸ ਕਵਿਤਾ ਵਿਚ ਜ਼ਿਕਰ ਹੋਇਆ ਹੈ।
ਕਿਸਾਨ ਕੇਵਲ ਇਸ ਲਈ ਖੁਦਕੁਸ਼ੀਆਂ ਨਹੀਂ ਕਰ ਰਹੇ ਕਿ ਉਨ੍ਹਾਂ ਦੇ ਸਿਰਾਂ ‘ਤੇ ਕਰਜ਼ੇ ਦਾ ਭਾਰ ਹੈ। ਇਹ ਭਾਰ ਤਾਂ ਉਨ੍ਹਾਂ ‘ਤੇ ਹਮੇਸ਼ਾ ਰਿਹਾ ਹੈ। ਪਹਿਲਾਂ ਇਸ ਭਾਰ ਨੂੰ ਉਤਾਰਨ ਲਈ ਉਨ੍ਹਾਂ ਕੋਲ ਭਰੋਸੇਯੋਗ ਫਾਰਮੂਲਾ ਹੁੰਦਾ ਸੀ: ਦੱਬ ਕੇ ਅਕਲ ਨਾਲ ਵਾਹ ਤੇ ਰੱਜ ਕੇ ਖਾਹ; ਭਾਵ ਜੇ ਤੁਸੀਂ ਸਖਤ ਮਿਹਨਤ ਨਾਲ ਯੂਨੀਵਰਸਟੀ/ਸਰਕਾਰ ਦੀਆਂ ਸਿਫਾਰਸ਼ਾਂ ਉਪਰ ਅਮਲ ਕਰਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ: ਪੰਜਾਬ/ਭਾਰਤ ਦੀ ਆਰਥਕ-ਰਾਜਨੀਤਕ ਵਿਵਸਥਾ ਤੁਹਾਡਾ ਖਿਆਲ ਆਪ ਰੱਖੇਗੀ।
ਹੁਣ ਜਦੋਂ ਇਹ ਫਾਰਮੂਲਾ ਫੇਲ੍ਹ ਹੋ ਚੁਕਿਆ ਹੈ; ਜਦੋਂ ਪਰੰਪਰਾਗਤ ਤਕਨਾਲੋਜੀ ਅਤੇ ਕਿਸਾਨਾਂ ਦੀ ਸਖਤ ਮਿਹਨਤ ਉਨ੍ਹਾਂ ਲਈ ਸਨਮਾਨਯੋਗ ਜ਼ਿੰਦਗੀ ਦਾ ਪ੍ਰਬੰਧ ਕਰਨ ਵਿਚ ਅਸਮਰੱਥ ਹੋ ਗਏ ਹਨ; ਪੰਜਾਬ/ਭਾਰਤ ਦੀ ਆਰਥਕ-ਰਾਜਨੀਤਕ ਵਿਵਸਥਾ ਵੀ ਉਨ੍ਹਾਂ ਦੀ ਕੋਈ ਮੱਦਦ ਨਹੀਂ ਕਰ ਪਾ ਰਹੀ, ਤਾਂ ਇਨ੍ਹਾਂ ਕਿਸਾਨ ਪਰਿਵਾਰਾਂ ਨੇ ਆਪਣੇ ਬੱਚਿਆਂ ਦੀ ਪੇਸ਼ੇਵਰ ਸਿਖਿਆ (ਪ੍ਰੋਫੈਸ਼ਨਲ ਐਜੂਕੇਸ਼ਨ) ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਇੰਜਨੀਅਰਿੰਗ, ਮੈਨੇਜਮੈਂਟ, ਬੀ.ਐਡ, ਫਾਰਮੇਸੀ ਅਤੇ ਨਰਸਿੰਗ ਕਾਲਜ ਖੁੰਬਾਂ ਵਾਂਗ ਉਗ ਆਏ।
ਕੋਈ ਸਮਾਂ ਸੀ, ਜਦੋਂ ਇਨ੍ਹਾਂ ਕਿਸਾਨ ਪਰਿਵਾਰਾਂ ਦੇ ਮੁੰਡੇ ਕੁੜੀਆਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਸਿੱਧੇ ਐਸ਼ਡੀ.ਓ. ਲਗਦੇ ਸਨ। ਸਰਕਾਰੀ ਨੌਕਰੀਆਂ ਦੀ ਸੀਮਾ ਹੁੰਦੀ ਹੈ। ਪ੍ਰਾਈਵੇਟ ਉਦਯੋਗ ਵਿਕਸਤ ਨਾ ਹੋਇਆ। ਨਤੀਜੇ ਵਜੋਂ ਅੱਜ ਦੇ ਬੱਚੇ ਜਦੋਂ ਉਹੋ ਡਿਗਰੀਆਂ ਹਾਸਲ ਕਰਕੇ ਦਿਹਾੜੀਦਾਰ ਕਾਮੇ ਤੋਂ ਵੀ ਘੱਟ ਤਨਖਾਹ ਲੈਂਦੇ ਹਨ ਤਾਂ ਉਨ੍ਹਾਂ ਦਾ ਆਪਣੇ ਮਾਪਿਆਂ ਨੂੰ ਇਹ ਕਹਿਣਾ ਜਾਇਜ਼ ਹੋ ਜਾਂਦਾ ਹੈ:
ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚੱਲ ਏਥੋਂ ਚੱਲੀਏ।
ਬੇਕਾਰੀ ਦੇ ਇਸ ਮਾਹੌਲ ਵਿਚ ਜਦੋਂ ਸੰਭਾਵਨਾਵਾਂ ਦੇ ਉਹ ਦੁਆਰ ਜੋ ਪੰਜਾਬ/ਭਾਰਤ ਵਿਚ ਬੰਦ ਹੋ ਗਏ ਸਨ, ਕੈਨੇਡਾ ਵਰਗੇ ਮੁਲਕਾਂ ਵਿਚ ਖੁੱਲ੍ਹੇ ਪਏ ਹੋਣ ਤਾਂ ਪੰਜਾਬ ਦੇ ਉਸ ਸੰਕਟ ਦੀ ਨਿਸ਼ਾਨਦੇਹੀ ਵੀ ਹੋ ਜਾਂਦੀ ਹੈ ਜਿਸ ਸੰਕਟ ਦੇ ਦੁਖਾਂ ਦਾ ਇਹ ਸਮੂਹ-ਗਾਨ ਅੱਜ ਸਾਰਾ ਪੰਜਾਬ ਗਾ ਰਿਹਾ ਹੈ। ਮੇਰੇ ਪਿੰਡ ਦੇ ਨਿਰਾਸ਼ਾ ਵਿਚ ਘਿਰੇ ਇਕ ਕਿਸਾਨ ਨੇ ਇਸ ਸੰਕਟ ਨੂੰ ਕੁਝ ਇਸ ਤਰ੍ਹਾਂ ਦੇ ਲਫਜ਼ਾਂ ਵਿਚ ਬਿਆਨ ਕੀਤਾ:
“ਇਛਾਵਾਂ ਨਾਲ ਭਰੇ ਜੀਵਨ ਵਿਚ ਬੇਕਾਰੀ ਦੀ ਭਾਵਨਾ ਬੰਦੇ ਨੂੰ ਜੀਣ ਜੋਗਾ ਨਹੀਂ ਛੱਡਦੀ; ਖਾਸ ਕਰਕੇ ਉਸ ਵਕਤ ਜਦੋਂ ਉਸ ਨੂੰ ਇਹ ਪਤਾ ਹੋਵੇ ਕਿ ਏਥੇ ਕੁਝ ਵੀ ਨਹੀਂ ਹੋ ਸਕਦਾ ਪਰ ਬੱਚਿਆਂ ਨੂੰ ਪਤਾ ਹੋਵੇ ਕਿ ਬਾਹਰ ਸਭ ਸੰਭਵ ਹੈ।” ਹਰੇ ਇਨਕਲਾਬ ਦੌਰਾਨ ਖੁਸ਼ਹਾਲੀ ਦਾ ਝਲਕਾਰਾ ਲੈ ਚੁਕੇ ਪੰਜਾਬੀ ਬੰਦੇ ਦਾ ਬੱਸ ਇਹੋ ਸੰਕਟ ਹੈ।
ਪੰਜਾਬ ਦੇ ਬਰੈਂਡ ਤੋਂ ਗੱਲ ਸ਼ੁਰੂ ਕਰਦੇ ਹਾਂ। ਹਰੇ ਇਨਕਲਾਬ ਦੌਰਾਨ ਪੰਜਾਬ ਨੂੰ ‘ਅੰਨ ਦਾਤਾ’ ਕਿਹਾ ਜਾਂਦਾ ਸੀ। ਭਾਰਤ ਵਿਚ ਪੰਜਾਬ ਦੀ ਪ੍ਰਤੀ ਜੀਅ ਆਮਦਨ ਸਾਰੇ ਰਾਜਾਂ ਨਾਲੋਂ ਵੱਧ ਸੀ। ਪੰਜਾਬੀ ਕੇਵਲ ਖਾਣ-ਪੀਣ ਵਿਚ ਹੀ ਨਹੀਂ, ਹਰ ਖੇਤਰ ਵਿਚ ਅੱਗੇ ਸਨ। ਉਨ੍ਹਾਂ ਨੇ ਜ਼ਿੰਦਗੀ ਦਾ ਜਸ਼ਨ ਮਨਾਉਣ ਦੀ ਜਾਚ ਵੀ ਸਿੱਖ ਲਈ ਸੀ। ਉਹ ਭਾਰਤ ਦੇ ਸਭ ਤੋਂ ਖੁਸ਼ਹਾਲ ਲੋਕ ਸਨ। ਉਨ੍ਹਾਂ ਦੀਆਂ ਚਾਹਤਾਂ ਅਸਮਾਨ ਛੂਹ ਰਹੀਆਂ ਸਨ। ਹਰੇ ਇਨਕਲਾਬ ਦੀ ਚਮਕ ਮੱਧਮ ਪੈਣ ਨਾਲ ਪੰਜਾਬ ਦਾ ਵਰਤਮਾਨ ਦੌਰ ਸ਼ੁਰੂ ਹੁੰਦਾ ਹੈ। ਬੌਲੀਵੁਡ ਨੇ ਇਸ ਨੂੰ ‘ਉਡਤਾ ਪੰਜਾਬ’ ਨਾਮ ਦਿੱਤਾ ਹੈ। ਖੁਸ਼ਹਾਲੀ ਦਾ ਅਨੁਭਵ ਮਾਣ ਚੁਕੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਸਾਂਭਣ ਲਈ, ਕਿਉਂਕਿ ਪੰਜਾਬ ਵਿਚ ਆਧੁਨਿਕ ਸਨਅਤੀ ਸੈਕਟਰ ਦਾ ਨਿਰਮਾਣ ਹੀ ਨਹੀਂ ਸੀ ਕੀਤਾ ਗਿਆ, ਇਸ ਲਈ ਕੁਝ ਦੇਰ ਇਧਰ ਉਧਰ ਭਟਕਣ ਤੋਂ ਬਾਅਦ ਇਹ ਬੇਰੁਜ਼ਗਾਰੀ, ਨਸ਼ਿਆਂ ਅਤੇ ਜੁਰਮ ਦੀ ਦਲਦਲ ਵਿਚ ਡੁਬਦੀ ਗਈ।
ਹਰ ਕਿਸੇ ਦੀ ਇਹੋ ਇਛਾ ਹੈ ਕਿ ਇਸ ਬਰੈਂਡ ਨੂੰ ਬਦਲਿਆ ਜਾਵੇ। ਪੰਜਾਬ ਦਾ ਨਵਾਂ ਬਰੈਂਡ ਕੀ ਹੋਵੇ ਅਤੇ ਉਸ ਨੂੰ ਕਿਵੇਂ ਹਾਸਲ ਕਰਨਾ ਹੈ, ਇਸ ਲਿਖਤ ਰਾਹੀਂ ਇਹੋ ਖੋਜਣ ਦਾ ਯਤਨ ਕੀਤਾ ਜਾਵੇਗਾ।
ਵਿਦੇਸ਼ਾਂ ਨੂੰ ਦੌੜ ਰਹੀ ਨੌਜਵਾਨ ਪੀੜ੍ਹੀ ਇਸ ਗੱਲ ਦੀ ਗਵਾਹ ਹੈ ਕਿ ਉਹ ਦਰਵਾਜ਼ੇ ਜੋ ਪੰਜਾਬ ਵਿਚ ਬੰਦ ਹਨ, ਕੈਨੇਡਾ ਵਰਗੇ ਮੁਲਕਾਂ ਵਿਚ ਖੁੱਲ੍ਹੇ ਪਏ ਹਨ। ਇਸ ਲਈ ਸਭ ਤੋਂ ਪਹਿਲਾਂ ਵਿਸ਼ਵ ਪ੍ਰਸੰਗ ਵਿਚ ਕਿਰਤ ਦੀਆਂ ਸੰਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੂਸਰੇ ਨੰਬਰ ‘ਤੇ ਇਹ ਸਮਝਣ ਦਾ ਯਤਨ ਕਰਾਂਗੇ ਕਿ ਪੰਜਾਬ ਵਿਚ ਉਨ੍ਹਾਂ ਸੰਭਾਵਨਾਵਾਂ ਦੇ ਬੂਹੇ ਬੰਦ ਕਿਉਂ ਹਨ। ਜਦੋਂ ਬੰਦ ਬੂਹਿਆਂ ਦੇ ਕਾਰਨਾਂ ਦੀ ਸਮਝ ਪੈ ਗਈ, ਫੇਰ ਉਨ੍ਹਾਂ ਨੂੰ ਖੋਲ੍ਹਣ ਦੀ ਨੀਤੀ ਤਿਆਰ ਕਰਨੀ ਮੁਸ਼ਕਿਲ ਨਹੀਂ ਹੋਵੇਗੀ। ਮਿਹਨਤ ਨਾਲ ਵਿਕਸਤ ਕਰਨ ਲਈ ਪੰਜਾਬ ਦਾ ਨਵਾਂ ਬਰੈਂਡ ਵੀ ਮਿਲ ਜਾਵੇਗਾ।
1. ਵਿਸ਼ਵ ਪ੍ਰਸੰਗ
1.1 ਬੇਕਾਰੀ: ਸਮੱਸਿਆ ਬੇਰੁਜ਼ਗਾਰੀ ਦੀ ਨਹੀਂ, ਬੇਕਾਰੀ ਦੀ ਹੈ। ਬੇਰੁਜ਼ਗਾਰ ਬੰਦੇ/ਔਰਤ ਵਿਚ ਰੁਜ਼ਗਾਰ ਹਾਸਲ ਕਰਨ ਦੀ ਕਾਬਲੀਅਤ ਤਾਂ ਹੁੰਦੀ ਹੈ ਪਰ ਸਮਾਜ ਵਿਚ ਸਹੂਲਤਾਂ ਦੀ ਘਾਟ ਕਾਰਨ ਉਸ ਨੂੰ ਅਜੇ ਰੁਜ਼ਗਾਰ ਪ੍ਰਾਪਤ ਨਹੀਂ ਹੋਇਆ ਹੁੰਦਾ। ਬੇਕਾਰ ਬੰਦਾ ਉਹ ਹੁੰਦਾ ਹੈ ਜਿਸ ਵਿਚ ਰੁਜ਼ਗਾਰ ਹਾਸਲ ਕਰਨ ਦੀ ਕਾਬਲੀਅਤ ਹੀ ਨਾ ਰਹੀ ਹੋਵੇ। ਉਸ ਦੇ ਪੁਰਾਣੇ ਹੁਨਰ ਦਾ ਸਮਾਜ ਵਿਚ ਕੋਈ ਮੁੱਲ ਨਾ ਰਹਿ ਗਿਆ ਹੋਵੇ ਅਤੇ ਨਵਾਂ ਹੁਨਰ ਸਿਖਣ ਦੀ ਲੋੜ ਸਿਰ ‘ਤੇ ਆ ਪਵੇ। ਬੇਕਾਰੀ ਕੋਈ ਲਾਇਲਾਜ ਬਿਮਾਰੀ ਨਹੀਂ। ਪ੍ਰਾਸੰਗਿਕ ਹੁਨਰ ਗ੍ਰਹਿਣ ਕਰਨ ਨਾਲ ਖਤਮ ਹੋ ਜਾਂਦੀ ਹੈ। ਇਹ ਸੰਭਵ ਹੈ ਕਿ ਤੇਜ਼ ਗਤੀ ਨਾਲ ਤਬਦੀਲ ਹੋ ਰਹੇ ਸੰਸਾਰ ਵਿਚ ਪੰਜ ਸੱਤ ਸਾਲਾਂ ਬਾਅਦ ਇਸ ਹੁਨਰ ਦਾ ਵੀ ਕੋਈ ਮੁੱਲ ਨਾ ਰਹੇ ਅਤੇ ਕੋਈ ਹੋਰ ਨਵਾਂ ਹੁਨਰ ਸਿਖਣ ਦੀ ਲੋੜ ਪੈ ਜਾਵੇ। ਕਿਰਤ ਅਤੇ ਸਿਖਿਆ ਉਮਰ ਭਰ ਲਈ ਰਿਸ਼ਤੇ ਵਿਚ ਬੱਝ ਗਏ ਹਨ।
ਤਬਦੀਲੀ ਦੀ ਗਤੀ ਜ਼ਰੂਰ ਵਧੀ ਹੈ, ਤੇਜ਼ੀ ਨਾਲ ਵਧ ਵੀ ਰਹੀ ਹੈ। ਨਵੇਂ ਹਾਲਾਤ ਵਿਚ ਢਲਣ ਲਈ ਵਕਤ ਦੀ ਘਾਟ ਕਾਰਨ ਮੁਸ਼ਕਿਲਾਂ ਵੀ ਬਹੁਤ ਆ ਰਹੀਆਂ ਹਨ ਪਰ ਇਹ ਕੋਈ ਨਵੀਂ ਗੱਲ ਨਹੀਂ, ਹਮੇਸ਼ਾ ਇਸੇ ਤਰ੍ਹਾਂ ਹੁੰਦਾ ਆਇਆ ਹੈ। ਜੇ ਸਮੱਸਿਆਵਾਂ ਦੀ ਗਤੀ ਵਧੀ ਹੈ ਤਾਂ ਸਮਾਧਾਨ (ਹੱਲ) ਵੀ ਤੇਜ਼ ਹੋ ਜਾਣਗੇ ਪਰ ਯੂਵਲ ਹਰਾਰੀ ਵਰਗੇ ਲੋਕ ਆਪਣੀਆਂ ਕਿਤਾਬਾਂ ਵੇਚਣ ਲਈ ਲੋਕਾਂ ਅੰਦਰ ਇਹ ਸਨਸਨੀ ਫੈਲਾਅ ਰਹੇ ਹਨ ਕਿ ਤਕਨਾਲੋਜੀ ਕੇਵਲ ਉਨ੍ਹਾਂ ਦਾ ਰੁਜ਼ਗਾਰ ਹੀ ਨਹੀਂ ਸਗੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵੀ ਖਾ ਜਾਵੇਗੀ। ਜੇ ਉਹ ਤਕਨਾਲੋਜੀ ਦੀਆਂ ਸੀਮਾਵਾਂ ਨੂੰ ਨਹੀਂ ਦੇਖਣਾ ਚਾਹੁੰਦੇ ਤਾਂ ਨਾ ਦੇਖਣ। ਕੋਈ ਗੱਲ ਨਹੀਂ ਪਰ ਮਾਨਵ ਚੇਤਨਾ ਦੀਆਂ ਸੰਭਾਵਨਾਵਾਂ ਨੂੰ ਘਟਾ ਕੇ ਦੇਖਣਾ ਤਾਂ ਨਿਸ਼ਚੇ ਹੀ ਗਲਤ ਹੈ।
1.2 ਕਿਰਤ: ਯੂਰਪ ਦੀਆਂ ਕਈ ਵੱਡੀਆਂ ਕੰਪਨੀਆਂ ਲਈ ਸੂਝਵਾਨ ਸਹਾਇਕ (ਇੰਟੈਲੀਜੈਂਟ ਅਸਿਸਟੈਂਟ) ਦਾ ਕੰਮ ਕਰਨ ਵਾਲੀ ਆਮੀਲੀਆ ਜੋ ਇਕ ਦਰਜਨ ਤੋਂ ਵੀ ਵੱਧ ਜ਼ੁਬਾਨਾਂ ਵਿਚ ਇਕੋ ਸਮੇਂ ਹਜ਼ਾਰਾਂ ਲੋਕਾਂ ਦੁਆਰਾ ਵੱਖੋ-ਵੱਖਰੀਆਂ ਟੈਲੀਫੋਨ ਲਾਈਨਾਂ ‘ਤੇ ਪੁੱਛੇ ਸੁਆਲਾਂ ਦਾ ਤਸੱਲੀ ਨਾਲ ਜੁਆਬ ਦਿੰਦੀ ਹੈ, ਕੇਵਲ ਸਮਾਰਟ ਰੋਬੋ ਹੀ ਹੋ ਸਕਦੀ ਹੈ।
ਅਮਰੀਕਾ ਵਿਚ ਰਹਿੰਦੇ ਚੇਤਨ ਦੂਬੇ ਦੀ ਵਿਕਸਤ ਕੀਤੀ ਏ.ਆਈ. (ਆਰਟੀਫੀਸ਼ਲ ਇੰਟੈਲੀਜੈਂਸ-ਮਸਨੂਈ ਬੌਧਿਕਤਾ) ਨਾਲ ਲੈਸ, ਬਿਨਾ ਤਨਖਾਹ ਦੇ ਕੰਮ ਕਰਨ ਵਾਲੀ ਇਸ ਰੋਬੋ ਨੇ ਆਪੋ-ਆਪਣੇ ਦਫਤਰਾਂ ਵਿਚ ਸੁਰੱਖਿਅਤ ਬੈਠੇ ਲੱਖਾਂ ਕਰੋੜਾਂ ਚਿਟ-ਕਪੜੀਏ ਕਾਮਿਆਂ ਦੇ ਕੰਨਾਂ ਵਿਚ ਖਤਰੇ ਦੀਆਂ ਘੰਟੀਆਂ ਵਜਾ ਦਿੱਤੀਆਂ ਹਨ। ਇਹ ਸੂਝਵਾਨ ਮਸ਼ੀਨਾਂ ਤਨਖਾਹਦਾਰ ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਨਹੀਂ, ਉਨ੍ਹਾਂ ਦੀ ਥਾਂ ਲੈਣ ਲਈ ਆ ਰਹੀਆਂ ਹਨ।
ਹੁਣ ਤੱਕ ਅਸੀਂ ਇਹੋ ਸੋਚਦੇ ਰਹੇ ਕਿ ਆਟੋਮੇਸ਼ਨ ਤੋਂ ਕੇਵਲ ਖੇਤਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹੀ ਖਤਰਾ ਹੈ। ਸੇਵਾ ਸੈਕਟਰ ਵਿਚ ਬੈਠੇ ਪ੍ਰੋਫੈਸ਼ਨਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਰਹੇ। ਉਨ੍ਹਾਂ ਨੂੰ ਵਹਿਮ ਸੀ ਕਿ ਸੋਚ ਵਿਚਾਰ ਵਾਲਾ, ਪੜ੍ਹਨ ਲਿਖਣ ਅਤੇ ਫੈਸਲੇ ਕਰਨ ਦਾ ਕੰਮ ਮਸ਼ੀਨਾਂ ਨਹੀਂ ਕਰ ਸਕਦੀਆਂ; ਕੇਵਲ ਮਨੁੱਖ ਹੀ ਕਰਨਗੇ। ਦੂਸਰੀਆਂ ਮਸ਼ੀਨਾਂ ਵਾਂਗ ਇਹ ਵੀ ਮਨੁੱਖ ਦੀ ਕਾਰਜ ਕੁਸ਼ਲਤਾ ਹੀ ਵਧਾ ਸਕਦੀਆਂ ਹਨ, ਉਸ ਦੀ ਥਾਂ ਨਹੀਂ ਲੈ ਸਕਦੀਆਂ। ਮਸ਼ੀਨ ਲਰਨਿੰਗ ਨੇ ਇਨ੍ਹਾਂ ਮਸ਼ੀਨਾਂ ਨੂੰ ਪੜ੍ਹਨ, ਲਿਖਣ, ਬੋਲਣ, ਸੁਣਨ, ਪਛਾਨਣ ਅਤੇ ਖੁਦ ਫੈਸਲੇ ਕਰਨ ਦੀ ਸਮਰੱਥਾ ਦੇ ਦਿੱਤੀ ਹੈ। ਮਾਨਵਜਾਤੀ ਦਾ ਬੌਧਿਕ ਏਕਾਧਿਕਾਰ ਖਤਮ ਹੋ ਰਿਹਾ ਹੈ।
ਕੇਵਲ ਵਿਕਸਤ ਮੁਲਕਾਂ ਵਿਚ ਹੀ ਨਹੀਂ, ਇਹ ਭਾਣਾ ਤਾਂ ਹੁਣ ਸਾਰੀ ਦੁਨੀਆਂ ਵਿਚ ਵਾਪਰੇਗਾ। ਤਨਖਾਹਦਾਰ ਮੁਲਾਜ਼ਮ ਭਲਾ ਇਨ੍ਹਾਂ ਡਿਜੀਟਲ ਕਾਮਿਆਂ ਦਾ ਕੀ ਮੁਕਾਬਲਾ ਕਰਨਗੇ। ਨਾ ਇਨ੍ਹਾਂ ਨੂੰ ਕਿਸੇ ਛੁਟੀ ਦੀ ਲੋੜ ਹੈ, ਨਾ ਕੰਮ ਕਰਨ ਦੀ ਸੀਮਾ। ਬਿਮਾਰੀ-ਸ਼ੁਮਾਰੀ, ਰਿਹਾਇਸ਼, ਆਵਾਜਾਈ, ਜਣੇਪੇ, ਕਿਰਤ ਕਾਨੂੰਨ ਅਤੇ ਯੂਨੀਅਨਵਾਦ ਵਰਗੇ ਵੀ ਕੋਈ ਝੰਜਟ ਨਹੀਂ।
ਵਿਸ਼ਵ ਪੱਧਰ ‘ਤੇ ਵਾਪਰ ਰਹੀ ਇਹ ਵਿਘਨਕਾਰੀ ਤਬਦੀਲੀ ਸਾਡੇ ਸਾਹਮਣੇ ਕਈ ਸੁਆਲ ਖੜ੍ਹੇ ਕਰਦੀ ਹੈ ਜਿਨ੍ਹਾਂ ਦੇ ਜੁਆਬ ਢੂੰਡਣੇ ਅਤਿ ਜਰੂਰੀ ਹੋ ਗਏ ਹਨ। ਉਨੀਵੀਂ ਸਦੀ ਸਨਅਤੀ ਉਤਪਾਦਨ ਦੀ ਸਦੀ ਸੀ; ਹੱਥ ਪ੍ਰਧਾਨ ਸੀ ਪਰ ਵੀਹਵੀਂ ਸਦੀ ਵਿਚ ਗਿਆਨ ਅਤੇ ਸੰਚਾਰ ਤਕਨਾਲੋਜੀ ਆਉਣ ਨਾਲ ਸਨਅਤੀ ਉਤਪਾਦਨ ਦੀ ਥਾਂ ਸੇਵਾ ਸੈਕਟਰ ਪ੍ਰਧਾਨ ਹੋ ਗਿਆ। ਸਨਅਤੀ ਸੈਕਟਰ ਦੀਆਂ ਜਿੰਨੀਆਂ ਨੌਕਰੀਆਂ ਜਾ ਰਹੀਆਂ ਸਨ, ਉਸ ਤੋਂ ਕਿਤੇ ਵਧੇਰੇ ਸੇਵਾ ਸੈਕਟਰ ਵਿਚ ਆ ਰਹੀਆਂ ਸਨ। ਨਤੀਜੇ ਵਜੋਂ ਵੀਹਵੀਂ ਸਦੀ ਵਿਚ ਆ ਕੇ ਹੱਥ ਦੀ ਥਾਂ ਦਿਮਾਗ ਦੀ ਚੌਧਰ ਸਥਾਪਤ ਹੋ ਗਈ। ਕੇਵਲ ਉਹੋ ਨੌਕਰੀਆਂ ਸੁਰੱਖਿਅਤ ਰਹਿ ਗਈਆਂ ਜੋ ਦਿਮਾਗ ਨਾਲ ਜੁੜੀਆਂ ਹੋਈਆਂ ਸਨ।
ਇੰਝ ਮਹਿਸੂਸ ਕੀਤਾ ਜਾ ਰਿਹਾ ਹੈ, ਜਿਵੇਂ ਉਹ ਦਿਨ ਆਉਣ ਵਾਲਾ ਹੈ, ਜਦੋਂ ਆਰਟੀਫੀਸ਼ਲ ਇੰਟੈਲੀਜੈਂਸ, ਇੰਟਰਨੈਟ ਆਫ ਥਿੰਗਜ਼, ਬਿਗ ਡੇਟਾ ਐਨਾਲਿਟਕਸ, 3ਡੀ ਪਰਿੰਟਿੰਗ, ਨੈਨੋ ਤਕਨਾਲੋਜੀ, ਸਿੰਥੈਟਿਕ ਬਾਇਆਲੋਜੀ ਅਤੇ ਬਲੌਕ ਚੇਨ ਵਰਗੀਆਂ ਤਕਨੀਕਾਂ ਮਨੁੱਖ ਦੀ ਦਿਮਾਗੀ ਸਮਰੱਥਾ (ਕੇਵਲ ਦਿਮਾਗੀ ਸਮਰੱਥਾ, ਮਨੁੱਖੀ ਸਮਰੱਥਾ ਨਹੀਂ) ਨੂੰ ਪਾਰ ਕਰ ਜਾਣਗੀਆਂ। ਰੇਅ ਕੁਰਜ਼ਵੇਲ ਨੇ ਇਸ ਨੂੰ ਸਿੰਗੂਲੈਰਿਟੀ ਦਾ ਨਾਮ ਦਿੱਤਾ ਹੈ; ਭਾਵ ਅਜਿਹਾ ਯੁਗ ਆਉਣ ਵਾਲਾ ਹੈ ਜਦੋਂ ਮਸ਼ੀਨ ਇੰਟੈਲੀਜੈਂਸ ਇਨ੍ਹਾਂ ਤਕਨੀਕਾਂ ਵਿਚ ਘਾਤਕ (ਐਕਸਪੋਨੈਂਸ਼ੀਅਲ) ਵਾਧੇ ਰਾਹੀਂ ਮਾਨਵ ਬੁਧੀ (ਹਿਊਮਨ ਇੰਟੈਲੀਜੈਂਸ) ਨੂੰ ਪਛਾੜ ਦੇਵੇਗੀ।
ਕੀ ਸਚਮੁਚ ਹੀ ਉਹ ਵਕਤ ਆਉਣ ਵਾਲਾ ਹੈ, ਜਦੋਂ ਮਸ਼ੀਨਾਂ ਬੰਦਿਆਂ ਨੂੰ ਕੰਟਰੋਲ ਕਰਿਆ ਕਰਨਗੀਆਂ। ਇਸ ਸੁਆਲ ਦਾ ਜੁਆਬ ਬੰਦੇ ‘ਤੇ ਹੀ ਨਿਰਭਰ ਹੈ। ਜੇ ਉਹ ਚਾਹੁੰਦਾ ਹੈ ਕਿ ਆਰਟੀਫੀਸ਼ਲ ਇੰਟੈਲੀਜੈਂਸ ਉਸ ਨੂੰ ਕੰਟਰੋਲ ਨਾ ਕਰੇ ਤਾਂ ਉਸ ਨੂੰ ਦੂਸਰੇ ਸੰਦਾਂ ਵਾਂਗ ਹੀ ਇਸ ਨਵੀਂ ਤਕਨਾਲੋਜੀ ਨੂੰ ਵੀ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਇਸਤੇਮਾਲ ਕਰਨ ਦੀ ਜਾਚ ਸਿਖਣੀ ਹੋਵੇਗੀ।
ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਆਖਿਆ ਜਾ ਰਿਹਾ ਹੈ ਕਿ ਇਨ੍ਹਾਂ ਨਵੀਆਂ ਮਸ਼ੀਨਾਂ ਸਾਹਮਣੇ ਮਨੁੱਖ ਦਾ ਉਹੋ ਰੁਤਬਾ ਹੋਣ ਵਾਲਾ ਹੈ ਜੋ ਅੱਜ ਦੇ ਮਨੁੱਖ ਸਾਹਮਣੇ ਬੰਦਰ ਅਤੇ ਚਿੰਪੈਂਜ਼ੀ ਵਰਗੇ ਉਸ ਦੇ ਪੁਰਖਿਆਂ ਦਾ ਹੈ। ਨਿਰਸੰਦੇਹ, ਸਰੀਰਕ ਸਮਰੱਥਾ ਵਾਂਗ ਬੁਧੀ ਵੀ ਮਨੁੱਖ ਦੀਆਂ ਸੰਭਾਵਨਾਵਾਂ ਉਜਾਗਰ ਕਰਨ ਵਾਲੀ ਇਕ ਹੋਰ ਸਮਰੱਥਾ ਹੀ ਹੈ ਜਿਸ ਨੂੰ ਏ.ਆਈ. ਵਰਗੇ ਬੌਧਿਕ ਸੰਦ (ਕੌਗਨਿਟਵ ਟੂਲ) ਉਵੇਂ ਵਧਾ ਰਹੇ ਹਨ, ਜਿਵੇਂ ਮਸ਼ੀਨੀ ਟੂਲ ਸਰੀਰਕ ਸਮਰੱਥਾ ਨੂੰ ਵਧਾਉਂਦੇ ਸਨ। ਨਾ ਸਰੀਰ ਦਾ ਮਹੱਤਵ ਘਟਿਆ ਹੈ, ਨਾ ਬੁਧੀ ਦਾ ਘਟੇਗਾ। ਇਨ੍ਹਾਂ ਦੀ ਸਮਰੱਥਾ ਵਧਾਉਣ ਲਈ ਨਵੇਂ-ਨਵੇਂ ਸੰਦ ਆਉਂਦੇ ਰਹਿਣਗੇ।
ਇਹ ਠੀਕ ਹੈ ਕਿ ਪੇਚਕਸ ਹੱਥ ਦੀ ਥਾਂ ਲੈਣ ਲਈ ਨਹੀਂ ਸੀ ਆਇਆ, ਉਸ ਦੀ ਸਮਰੱਥਾ ਵਧਾਉਣ ਲਈ ਆਇਆ ਸੀ ਪਰ ਹੌਲੀ-ਹੌਲੀ ਹੱਥ ਦੇ ਕੰਮਾਂ ਨੂੰ ਆਟੋਮੇਟ ਕਰਕੇ ਬੁਧੀ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਹੈ। ਉਵੇਂ ਹੀ ਅੱਜ ਏ.ਆਈ. (ਆਰਟੀਫੀਸ਼ਲ ਇੰਟੈਲੀਜੈਂਸ) ਵੀ ਮਾਨਵ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਹੀ ਆਈ ਹੈ ਪਰ ਲੋਕ ਸੁਆਲ ਕਰਦੇ ਹਨ ਕਿ ਜਿਵੇਂ ਹੱਥ ਦੇ ਕੰਮਾਂ ਨੂੰ ਬੁੱਧੀ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਸੀ, ਉਸੇ ਤਰ੍ਹਾਂ ਹੁਣ ਜਦੋਂ ਬੁਧੀ ਦੇ ਕੰਮ ਆਟੋਮੇਟ ਹੋਏ ਤਾਂ ਇਨ੍ਹਾਂ ਨੂੰ ਕਿਹੜੀ ਮਾਨਵੀ ਸਮਰੱਥਾ ਕੰਟਰੋਲ ਕਰੇਗੀ?
ਕੀ ਏ.ਆਈ. ਆਪਣੇ ਆਪ ਨੂੰ ਆਪ ਹੀ ਕੰਟਰੋਲ ਕਰੇਗੀ, ਜਾਂ ਫੇਰ ਮਨੁੱਖ ਦੀ ਤੀਸਰੀ ਸਮਰੱਥਾ, ਜਿਸ ਨੂੰ ਮਾਨਵ ਚੇਤਨਾ (ਕਾਨਸ਼ਸਨੈਸ) ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਇਸ ਨੂੰ ਆਪਣੇ ਕੰਟਰੋਲ ਅਧੀਨ ਲੈ ਲਵੇਗੀ। ਅਸੀਂ ਜਾਣਦੇ ਹਾਂ ਕਿ ਬੁਧੀ ਤਾਂ ਪਹਿਲਾਂ ਹੀ ਮਾਨਵ-ਚੇਤਨਾ ਦੀ ਨਿਗਰਾਨੀ ਹੇਠ ਕੰਮ ਕਰਦੀ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਚੇਤਨਾ ਦੀ ਕੋਈ ਥਹੁ ਨਹੀਂ ਪਾ ਸਕੇ, ਇਸ ਲਈ ਅਸੀਂ ਇਸ ਨੂੰ ਬੁਧੀ ਦਾ ਹੀ ਭਾਗ ਮੰਨ ਕੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਏ.ਆਈ. ਦੀ ਸਵੈ-ਚਾਲਕਤਾ ਦਾ ਵਿਚਾਰ ਸਾਡੀ ਮਾਨਵ-ਚੇਤਨਾ ਬਾਰੇ ਅਗਿਆਨਤਾ ਵਿਚੋਂ ਪੈਦਾ ਹੋਇਆ ਹੈ।
ਜਿਵੇਂ ਉਨੀਵੀਂ ਸਦੀ ਵਿਚ ਹੱਥ ਅਤੇ ਵੀਹਵੀਂ ਸਦੀ ਵਿਚ ਦਿਮਾਗ ਦੀ ਚੌਧਰ ਰਹੀ ਹੈ, ਉਸੇ ਤਰ੍ਹਾਂ ਇਕੀਵੀਂ ਸਦੀ ਵਿਚ ਉਸ ਮਾਨਵੀ ਸਮਰੱਥਾ ਦੀ ਚੌਧਰ ਹੋਵੇਗੀ ਜੋ ਆਪਣੀ ਹੋਂਦ ਨੂੰ ਅਰਥ ਦੇਣ ਲਈ ਸਰੀਰ ਅਤੇ ਬੁਧੀ ਦਾ ਸੰਦਾਂ ਵਾਂਗ ਇਸਤੇਮਾਲ ਕਰਦੀ ਹੈ। ਉਸ ਸਮਰੱਥਾ ਨੂੰ ਚੇਤਨਾ ਕਹਿਣਾ ਚਾਹੋ ਤਾਂ ਕਹਿ ਸਕਦੇ ਹੋ ਪਰ ਸੁਰਤ-ਸ਼ਬਦ ਵਧੇਰੇ ਢੁਕਵਾਂ ਨਾਮ ਹੈ। ਇਹ ਨਾਮ ਮਨੁੱਖੀ ਸਮਰੱਥਾ ਨੂੰ ਉਸ ਦੇ ਸੰਸਾਰ ਨਾਲੋਂ ਨਿਖੇੜ ਕੇ ਨਹੀਂ, ਉਸ ਨਾਲ ਜੋੜ ਕੇ ਸਮੁੱਚਤਾ ਵਿਚ ਦੇਖਦਾ ਹੈ। ਸੁਰਤ-ਸ਼ਬਦ ਦੀ ਇਸ ਸਮਰੱਥਾ ਨੂੰ ਵਧਾਉਣ ਲਈ ਕਿਹੜੇ ਹੁਨਰਾਂ, ਕਿਹੜੀਆਂ ਗਿਆਨ ਪਰੰਪਰਾਵਾਂ ਅਤੇ ਕਿਸ ਕਿਸਮ ਦੀ ਵਿਦਿਅਕ ਤਕਨਾਲੋਜੀ ਦੀ ਜ਼ਰੂਰਤ ਹੈ, ਇਸ ਦੀ ਖੋਜ ਕਰਨੀ ਜ਼ਰੂਰੀ ਹੈ।
1.3 ਰਿਜ਼ਕ ਅਤੇ ਰੁਜ਼ਗਾਰ: ਜੀਣ ਲਈ ਰਿਜ਼ਕ ਦੀ ਲੋੜ ਹੁੰਦੀ ਹੈ। ਰਿਜ਼ਕ ਕੁਦਰਤ ਪੈਦਾ ਕਰਦੀ ਹੈ। ਜੀਵ ਕੇਵਲ ਸੰਘਰਸ਼ ਕਰਦੇ ਹਨ ਪਰ ਰੁਜ਼ਗਾਰ ਕੁਦਰਤ ਦੀ ਨਹੀਂ, ਮਨੁੱਖ ਦੀ ਘਾੜਤ ਹੈ। ਰਿਜ਼ਕ ਜੈਵਿਕ ਵਰਤਾਰਾ ਹੈ ਅਤੇ ਰੁਜ਼ਗਾਰ ਸਭਿਆਚਾਰਕ। ਦੋਨਾਂ ਦਾ ਸਬੰਧ ਕਿਰਤ ਨਾਲ ਹੈ। ਰਿਜ਼ਕ ਦਾ ਸਬੰਧ ਜੀਵ ਦੀਆਂ ਜਿੰਦਾ ਰਹਿਣ ਲਈ ਮਹਿਜ਼ ਸਰੀਰਕ ਲੋੜਾਂ ਦੀ ਪੂਰਤੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਰਿਜ਼ਕ ਨੂੰ ਸਮਝਣ ਵਾਸਤੇ ਡਾਰਵਿਨ ਦੇ ਸਿਧਾਂਤਾਂ ਦੀ ਲੋੜ ਪੈਂਦੀ ਹੈ। ਦੂਸਰੇ ਪਾਸੇ ਰੁਜ਼ਗਾਰ ਦਾ ਸਬੰਧ ਸਭਿਆਚਾਰ ਦੁਆਰਾ ਨਿਰਮਿਤ ਮਨੁੱਖ ਦੀਆਂ ਅਸੀਮ ਚਾਹਤਾਂ ਨਾਲ ਜੁੜਿਆ ਹੁੰਦਾ ਹੈ। ਇਸ ਲਈ ਰੁਜ਼ਗਾਰ ਦੇ ਮਸਲਿਆਂ ਨੂੰ ਸਮਝਣ ਵਾਸਤੇ, ਕਿਰਤ ਨਾਲ ਸਬੰਧਤ ਸਭਿਆਚਾਰਕ ਅਤੇ ਆਰਥਕ ਫੈਸਲੇ ਕਰਨ ਵਾਲੀ ਰਾਜਨੀਤੀ ਨੂੰ ਜਾਨਣ ਦੀ ਜ਼ਰੂਰਤ ਹੁੰਦੀ ਹੈ।
ਇਕ ਸੁਆਲ ਕਰਨਾ ਬਣਦਾ ਹੈ। ਜਦੋਂ ਸਰੀਰਕ ਲੋੜਾਂ ਦੀ ਪੂਰਤੀ ਨਾਲ ਜੀਵ ਸੰਸਾਰ ਦਾ ਕੰਮ ਵਧੀਆ ਚੱਲ ਰਿਹਾ ਸੀ, ਫੇਰ ਕੁਦਰਤ ਨੇ ਮਨੁੱਖ ਨੂੰ ਉਸ ਅੰਦਰ ਚਾਹਤਾਂ ਦੀ ਅਸੀਮ ਹਵਸ ਜਗਾ ਕੇ, ਕੁਦਰਤੀ ਵਸੀਲਿਆਂ ਦੀ ਬਰਬਾਦੀ ਦੇ ਰਾਹੇ ਕਿਉਂ ਪਾ ਦਿੱਤਾ? ਦੂਸਰੇ ਜੀਵਾਂ ਵਾਂਗ ਜੰਗਲਾਂ ਵਿਚੋਂ ਆਪਣਾ ਭੋਜਨ ਇਕੱਤਰ ਕਰਕੇ ਮਨੁੱਖ ਵੀ ਚੰਗਾ ਭਲਾ ਜੀਵਨ ਬਤੀਤ ਕਰ ਹੀ ਰਿਹਾ ਸੀ। ਉਸ ਨੂੰ ਖੇਤੀ ਦੇ ਧੰਦੇ ਵਿਚ ਪੈ ਕੇ ਵਾਧੂ ਅਨਾਜ ਉਤਪਾਦਨ ਰਾਹੀਂ ਪੁਜਾਰੀਆਂ, ਸੈਨਿਕਾਂ, ਸ਼ਿਲਪੀਆਂ, ਸਿਆਸਤਦਾਨਾਂ, ਵਪਾਰੀਆਂ ਆਦਿ ਦੀਆਂ ਪਰਜੀਵੀ ਜਮਾਤਾਂ ਖੜ੍ਹੀਆਂ ਕਰਨ ਦੀ ਕਿਉਂ ਲੋੜ ਪੈ ਗਈ? ਇਹੀ ਉਹ ਸਭਿਆਚਾਰਕ ਮੋੜ ਹੈ, ਜਦੋਂ ਮਨੁੱਖ ਦੀਆਂ ਜੈਵਿਕ ਲੋੜਾਂ ਮਾਨਵੀ ਚਾਹਤਾਂ ਵਿਚ ਅਤੇ ਰਿਜ਼ਕ ਰੁਜ਼ਗਾਰ ਵਿਚ ਤਬਦੀਲ ਹੁੰਦੇ ਹਨ। ਮਾਨਵਤਾ ਨੇ ਇਹ ਮੋੜ ਕਿਵੇਂ ਕੱਟਿਆ, ਇਹ ਵੱਡਾ ਸੁਆਲ ਨਹੀਂ। ਵੱਡਾ ਸੁਆਲ ਤਾਂ ਇਹ ਹੈ ਕਿ ਇਸ ਸਭਿਆਚਾਰਕ ਮੋੜ ਪਿਛੇ ਕੁਦਰਤ ਦਾ ਕਿਹੜਾ ਲਕਸ਼ ਅਤੇ ਡਿਜ਼ਾਈਨ ਕੰਮ ਕਰ ਰਿਹਾ ਸੀ?
ਕੁਦਰਤ ਜਿਸ ਦਿਸ਼ਾ ਵੱਲ ਜਾ ਰਹੀ ਹੈ, ਉਹ ਹੈ ਉਸ ਦੀ ਐਨਟਰਾਪੀ ਵਿਚ ਨਿਰੰਤਰ ਵਾਧੇ ਦੀ ਦਿਸ਼ਾ। ਊਰਜਾ ਦੀ ਵੱਧ ਤੋਂ ਵੱਧ ਖਪਤ ਰਾਹੀਂ ਉਸ ਵਿਚੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ (ਵੇਸਟ) ਦੇ ਨਤੀਜੇ ਵਜੋਂ ਕੁਦਰਤ ਦਾ ਆਪਣੇ ਅੰਤ ਵਲ ਵਧਣਾ ਤੈਅ ਹੈ ਪਰ ਡਾਰਵਿਨ ਦਾ ਸਿਧਾਂਤ ਸਰੀਰਾਂ ਦੇ ਵਿਨਾਸ਼ ਦੀ ਨਹੀਂ, ਉਨ੍ਹਾਂ ਦੇ ਵਿਕਾਸ ਦੀ ਕਹਾਣੀ ਪੇਸ਼ ਕਰਦਾ ਹੈ। ਇਹ ਕੋਈ ਵਿਰੋਧਾਭਾਸ ਨਹੀਂ। ਕੁਦਰਤ ਜੈਵਿਕ ਸੰਸਾਰ ਦਾ ਇਸ ਲਈ ਨਿਰਮਾਣ ਕਰਦੀ ਹੈ, ਕਿਉਂਕਿ ਨਿਰਜੀਵ ਸੰਸਾਰ ਦੇ ਮੁਕਾਬਲੇ ਜੈਵਿਕ ਸੰਸਾਰ ਊਰਜਾ ਦੀ ਵਧੇਰੇ ਵਰਤੋਂ ਰਾਹੀਂ ਐਨਟਰਾਪੀ ਦੇ ਵਾਧੇ ਦੀ ਦਰ ਨੂੰ ਤੇਜ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਮਾਨਵ ਦੀਆਂ ਅਸੀਮ ਚਾਹਤਾਂ ਐਨਟਰਾਪੀ ਵਿਚ ਵਾਧੇ ਦੀ ਇਸ ਦਰ ਨੂੰ ਹੋਰ ਵੀ ਤੇਜ਼ ਕਰ ਦਿੰਦੀਆਂ ਹਨ। ਕੇਵਲ ਏਨਾ ਹੀ ਕਹਿਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਕੁਦਰਤ ਦੀ ਤਬਦੀਲੀ ਵਿਚ ਵਾਧੇ ਦੀ ਦਰ ਅਤੇ ਉਸ ਦੀ ਦਿਸ਼ਾ ਕੁਦਰਤ ਦੀ ਆਪਣੀ ਸੰਰਚਨਾ ਵਿਚ ਹੀ ਉਸ ਦੇ ਲਕਸ਼ ਵਜੋਂ ਨਿਹਿਤ ਹੈ। ਵਾਪਸ ਨਹੀਂ ਮੁੜਿਆ ਜਾ ਸਕਦਾ। ਵਾਤਾਵਰਨ ਦੀ ਸਾਂਭ-ਸੰਭਾਲ ਦਾ ਮਾਰਗ ਵੀ ਹੁਣ ਤਕਨਾਲੋਜੀ ਦੇ ਵਿਕਾਸ ਵਲ ਹੀ ਜਾਂਦਾ ਹੈ। ਚਾਹਤਾਂ ਤੋਂ ਲੋੜਾਂ ਵਲ ਵਾਪਸ ਪਰਤਣਾ ਹੁਣ ਸੰਭਵ ਨਹੀਂ ਰਿਹਾ। ਰਿਜ਼ਕ ਵਲ ਵਾਪਸੀ ਨਹੀਂ, ਰੁਜ਼ਗਾਰ ਦੀਆਂ ਅਨੰਤ ਸੰਭਾਵਨਾਵਾਂ ਨਾਲ ਅੱਗੇ ਵਧਣ ਦੀ ਵੰਗਾਰ ਹੀ ਮਾਨਵਤਾ ਦੀ ਹੋਣੀ ਹੈ।
1.4 ਕਾਢ ਰੁਜ਼ਗਾਰ ਦੀ ਮਾਂ ਹੈ: ਇਸ ਡਰ ਅਧੀਨ ਕਿ ਮਸ਼ੀਨੀ ਖੱਡੀਆਂ ਉਨ੍ਹਾਂ ਦੀ ਰੋਜ਼ੀ-ਰੋਟੀ ਖਾ ਜਾਣਗੀਆਂ, ਇੰਗਲੈਂਡ ਦੇ ਜੁਲਾਹਿਆਂ ਨੇ 1811 ਵਿਚ ਮਸ਼ੀਨੀਕਰਨ ਵਿਰੁਧ ਸੰਘਰਸ਼ ਦੌਰਾਨ ਇਨ੍ਹਾਂ ਮਸ਼ੀਨੀ ਖੱਡੀਆਂ ਦੀ ਬਹੁਤ ਤੋੜ-ਭੰਨ ਕੀਤੀ। ਉਨ੍ਹਾਂ ਦਾ ਡਰ ਏਨਾ ਗਲਤ ਵੀ ਨਹੀਂ ਸੀ। ਮਸ਼ੀਨ ਉਨ੍ਹਾਂ ਨੂੰ ਵਿਹਲੇ ਕਰ ਰਹੀ ਸੀ। ਕਈ ਸਾਲ ਉਨ੍ਹਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਨਵੇਂ ਹਾਲਾਤ ਅਨੁਸਾਰ ਢਲਣ ਵਿਚ ਸਮਾਂ ਤਾਂ ਲੱਗਿਆ ਪਰ ਹੌਲੀ-ਹੌਲੀ ਜੁਲਾਹਾ ਕੰਮ ਕਰਨ ਵਾਲੇ ਲੋਕਾਂ ਦੀ ਮੰਗ ਘਟਣ ਦੀ ਥਾਂ ਵਧਣ ਲੱਗ ਪਈ।
ਹੱਥੀਂ ਕੰਮ ਕਰਨ ਦੀ ਥਾਂ ਜਦੋਂ ਉਹੋ ਕੰਮ ਮਸ਼ੀਨਾਂ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ ਤਾਂ ਕੰਮ ਦੀ ਕਾਰਜ ਕੁਸ਼ਲਤਾ ਵਧ ਜਾਂਦੀ ਹੈ। ਪੈਦਾਵਾਰ ਵਧਣ ਨਾਲ ਕੀਮਤਾਂ ਘਟ ਜਾਂਦੀਆਂ ਹਨ, ਮੰਗ ਵਧ ਜਾਂਦੀ ਹੈ। ਉਨੀਵੀਂ ਸਦੀ ਦੇ ਸ਼ੁਰੂ-ਸ਼ੁਰੂ ਵਿਚ ਜਦੋਂ ਕੱਪੜਾ ਅਜੇ ਹੱਥੀਂ ਬਣਾਇਆ ਜਾਂਦਾ ਸੀ, ਲੋਕਾਂ ਕੋਲ ਬਹੁਤ ਘੱਟ ਕੱਪੜੇ ਹੁੰਦੇ ਸਨ ਪਰ ਸਦੀ ਦੇ ਅੰਤ ਤੱਕ ਮਸ਼ੀਨਾਂ ਆਉਣ ਨਾਲ ਕੱਪੜੇ ਦੀ ਪੈਦਾਵਾਰ ਵਧਣ ਅਤੇ ਕੀਮਤਾਂ ਘਟਣ ਕਾਰਨ ਕੱਪੜੇ ਦੀ ਖਪਤ ਵਿਚ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੇ ਵੰਨ-ਸਵੰਨੇ ਕੱਪੜਿਆਂ ਦੇ ਕਈ-ਕਈ ਸੈਟ ਖਰੀਦਣੇ ਸ਼ੁਰੂ ਕਰ ਦਿੱਤੇ। ਖਿੜਕੀਆਂ ‘ਤੇ ਪਰਦੇ, ਫਰਸ਼ਾਂ ‘ਤੇ ਗਲੀਚੇ ਅਤੇ ਫਰਨੀਚਰ ਉਪਰ ਗਿਲਾਫ ਚੜ੍ਹਨੇ ਸ਼ੁਰੂ ਹੋ ਗਏ। ਕੱਪੜੇ ਦੀ ਮੰਗ ਦੇ ਤੇਜ਼ੀ ਨਾਲ ਵਧਣ ਕਰਕੇ ਮਸ਼ੀਨਾਂ ਅਤੇ ਮਸ਼ੀਨਾਂ ਉਪਰ ਕੰਮ ਕਰਨ ਵਾਲੇ ਮਜ਼ਦੂਰਾਂ, ਫੋਰਮੈਨਾਂ, ਸੁਪਰਵਾਈਜ਼ਰਾਂ, ਮਿਲ ਮੈਨੇਜਰਾਂ ਆਦਿ ਦੀ ਮੰਗ ਵੀ ਵਧਣ ਲੱਗੀ। ਕੱਪੜੇ ਦੇ ਵਪਾਰ ਵਿਚ ਹੀ ਨਹੀਂ, ਰੁਜ਼ਗਾਰ ਵਿਚ ਵੀ ਵਾਧਾ ਹੋਇਆ।
ਜਦੋਂ ਅਸੀਂ ਵਿਭਿੰਨ ਖੇਤਰਾਂ ਵਿਚ ਮਸ਼ੀਨੀਕਰਨ ਦੇ ਰੋਲ ਬਾਰੇ ਸੋਚਦੇ ਹਾਂ ਤਾਂ ਸਿਰ ਚਕਰਾ ਜਾਂਦਾ ਹੈ। ਇਹ ਜੁਲਾਹੇ ਕਲਪਨਾ ਵੀ ਨਹੀਂ ਸਨ ਕਰ ਸਕਦੇ ਕਿ ਮਸ਼ੀਨੀ ਯੁਗ ਵਿਚ ਲੋਕਾਂ ਕੋਲ ਕਿੰਨਾ ਕੱਪੜਾ ਅਤੇ ਕਿੰਨਾ ਭੋਜਨ ਹੋਵੇਗਾ। ਪਹਾੜਾਂ ਵਿਚ ਸੁਰੰਗਾਂ ਬਣਾਉਣੀਆ ਅਤੇ ਹਵਾਈ ਜਹਾਜ਼ਾਂ ਰਾਹੀਂ ਘੰਟਿਆਂ ਵਿਚ ਮਹਾਂਦੀਪਾਂ ਨੂੰ ਪਾਰ ਕਰ ਲੈਣਾ ਇਨ੍ਹਾਂ ਦੀ ਕਲਪਨਾ ਵਿਚ ਵੀ ਨਹੀਂ ਸੀ ਆ ਸਕਦਾ। ਕੀ ਇਹ ਲੋਕ ਕਦੀ ਮਾਰੂਥਲਾਂ ਵਿਚ ਅੱਧੀ-ਅੱਧੀ ਮੀਲ ਉਚੀਆਂ ਇਮਾਰਤਾਂ ਖੜ੍ਹੀਆਂ ਕਰਨ ਅਤੇ ਪੁਲਾੜ ਵਿਚ ਦੂਸਰੇ ਗ੍ਰਹਿਆਂ ਦੁਆਲੇ ਚੱਕਰ ਲਾਉਣ ਵਾਲੇ ਸੈਟੇਲਾਈਟ ਭੇਜਣ ਬਾਰੇ ਸੋਚ ਸਕਦੇ ਸਨ? ਉਨ੍ਹਾਂ ਲਈ ਇਹ ਅਨੁਮਾਨ ਲਾਉਣਾ ਸੰਭਵ ਹੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਅਣਗਿਣਤ ਕਾਰਜਾਂ ਲਈ ਭਵਿਖ ਵਿਚ ਉਨ੍ਹਾਂ ਦੇ ਬੱਚਿਆਂ ਕੋਲ ਕਿੰਨਾ ਅਰਥ-ਭਰਪੂਰ ਰੁਜ਼ਗਾਰ ਹੋਵੇਗਾ।
ਵਰਤਮਾਨ ਸਮਿਆਂ ਵਿਚ ਰੁਜ਼ਗਾਰ ਉਪਰ ਕੰਪਿਊਟਰੀਕਰਨ ਦੇ ਪ੍ਰਭਾਵ ਨੂੰ ਸਮਝਣ ਲਈ ਏ.ਟੀ.ਐਮ. ਦੀ ਉਦਾਹਰਣ ਲਈ ਜਾ ਸਕਦੀ ਹੈ। ਏ.ਟੀ.ਐਮ. ਦੇ ਆਉਣ ਨਾਲ ਬੈਂਕਾਂ ਦੇ ਖਰਚੇ ਘਟੇ ਤਾਂ ਉਨ੍ਹਾਂ ਨੇ ਵਧੇਰੇ ਬ੍ਰਾਂਚਾਂ ਖੋਲ੍ਹ ਕੇ ਆਪਣਾ ਬਿਜ਼ਨਸ ਵਧਾ ਲਿਆ। ਇਸ ਤਰ੍ਹਾਂ ਬੈਂਕਾਂ ਵਿਚ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣ ਲੱਗ ਪਈਆਂ।
ਬਚਪਨ ਵਿਚ ਅਸੀਂ ਪਿਆਸੇ ਕਾਂ ਦੀ ਕਹਾਣੀ ਸੁਣਦੇ ਹੁੰਦੇ ਸੀ ਕਿ ਸਮੱਸਿਆ ਕਾਢ ਦੀ ਮਾਂ ਹੈ ਪਰ ਉਪਰੋਕਤ ਚਰਚਾ ਉਪਰੰਤ ਇਹ ਜਾਨਣ ਬਾਅਦ ਕਿ ਕਾਢ ਰੁਜ਼ਗਾਰ ਦੀ ਮਾਂ ਹੈ, ਪਿਆਸੇ ਕਾਂ ਦੀ ਕਹਾਣੀ ਅੱਗੇ ਤੁਰਦੀ ਹੈ: ‘ਸਮੱਸਿਆ ਕਾਢ ਦੀ ਮਾਂ ਹੈ ਅਤੇ ਕਾਢ ਰੁਜ਼ਗਾਰ ਦੀ ਮਾਂ।’। ਮਾਨਵ ਸਮਾਜ ਦੀ ਖੁਸ਼ਹਾਲੀ ਉਸ ਦੀਆਂ ਸਮਸਿਆਵਾਂ ਦੇ ਹੱਲ ਨਾਲ ਜੁੜੀ ਹੁੰਦੀ ਹੈ। ਜਿੰਨੀਆਂ ਵੱਡੀਆਂ ਸਮੱਸਿਆਵਾਂ ਹੋਣਗੀਆਂ, ਉਸ ਵਿਚੋਂ ਓਨੇ ਹੀ ਵੱਧ ਰੁਜ਼ਗਾਰ ਦੀਆਂ ਸੰਭਾਵਨਾਵਾਂ ਜਾਗਣਗੀਆਂ। ਜਿੰਨੀ ਦੇਰ ਤੱਕ ਮਾਨਵ ਅਤੇ ਉਸ ਦੇ ਸਮਾਜਾਂ ਦੀਆਂ ਸਮਸਿਆਵਾਂ ਖਤਮ ਨਹੀਂ ਹੋ ਜਾਂਦੀਆਂ, ਓਨੀ ਦੇਰ ਤੱਕ ਰੁਜ਼ਗਾਰ ਦੀਆਂ ਨਵੀਆਂ ਤੋਂ ਨਵੀਆਂ ਸੰਭਾਵਨਾਵਾਂ ਵੀ ਜਨਮਦੀਆਂ ਰਹਿਣਗੀਆਂ। ਸਮੱਸਿਆਵਾਂ ਦਿਨੋ-ਦਿਨ ਵਧ ਹੀ ਨਹੀਂ ਰਹੀਆਂ, ਗੰਭੀਰ ਵੀ ਹੋ ਰਹੀਆਂ ਹਨ। ਰੁਜ਼ਗਾਰ ਵੀ ਵਧਣ ਦੇ ਨਾਲ-ਨਾਲ ਵੱਡਾ ਹੋ ਰਿਹਾ ਹੈ।
ਜੇਕਰ ਖਪਤ ਦੀਆਂ ਦੂਸਰੀਆਂ ਵਸਤਾਂ ਅਤੇ ਸੇਵਾਵਾਂ ਦੇ ਨਿਰਮਾਣ ਦੀ ਕਹਾਣੀ ਨੂੰ ਪਾਸੇ ਰੱਖ ਲਈਏ ਤਾਂ ਵੀ ਜਲਵਾਯੂ ਵਿਚ ਆ ਰਹੇ ਪਰਿਵਰਤਨਾਂ ਨੂੰ ਨਜਿਠਣ ਵਾਸਤੇ ਊਰਜਾ ਦੇ ਬੁਨਿਆਦੀ ਢਾਂਚੇ ਦੀ ਪੁਨਰ-ਉਸਾਰੀ ਕਰਨ, ਕਰੋਨਾਵਾਇਰਸ ਵਰਗੀਆਂ ਛੂਤ ਦੀਆਂ ਬਿਮਾਰੀਆਂ ਦੇ ਟਾਕਰੇ ਲਈ ਜਨਤਕ ਸਿਹਤ-ਸੁਰੱਖਿਆ ਪ੍ਰਬੰਧ ਦੇ ਰੂਪਾਂਤਰਨ ਅਤੇ ਹਰ ਕਿਸੇ ਨੂੰ ਸਾਫ ਹਵਾ, ਪਾਣੀ, ਊਰਜਾ ਅਤੇ ਵਾਤਾਵਰਨ ਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਦੁਨੀਆਂ ਦੇ ਨੌਂ ਅਰਬ ਲੋਕਾਂ ਲਈ ਰੋਜ਼ੀ ਰੋਟੀ, ਕੱਪੜੇ, ਮਕਾਨ, ਸਿਹਤ ਸੰਭਾਲ, ਮਨਪ੍ਰਚਾਵੇ ਅਤੇ ਸਿਖਿਆ ਦਾ ਪ੍ਰਬੰਧ ਕਰਨ ਵਾਸਤੇ ਹੀ ਕਿੰਨੇ ਮਾਨਵੀ ਵਸੀਲਿਆਂ ਦੀ ਜ਼ਰੂਰਤ ਰਹੇਗੀ, ਅਨੁਮਾਨ ਲਾਉਣਾ ਵੀ ਮੁਸ਼ਕਿਲ ਹੋਵੇਗਾ। ਮਾਨਵੀ ਕਿਰਤ ਨੂੰ ਮਸ਼ੀਨੀ ਅਤੇ ਬੌਧਿਕ ਤਕਨਾਲੋਜੀ ਨਾਲ ਲੈਸ ਕੀਤੇ ਬਿਨਾਂ ਤਾਂ ਅਜਿਹਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਕਿਰਤ ਦਾ ਮਹੱਤਵ ਅਤੇ ਉਸ ਦੀ ਮੰਗ ਘਟੇ ਨਹੀਂ, ਵਧੇ ਹਨ। ਕਿਰਤ ਦੀ ਪ੍ਰਕਿਰਤੀ ਜ਼ਰੂਰ ਬਦਲ ਰਹੀ ਹੈ। ਕਿਰਤ ਹੁਣ ਕਠਿਨ ਮੁਸ਼ੱਕਤ ਨਹੀਂ ਰਹੀ। ਨਾ ਹੀ ਕਿਰਤੀ ਮਸ਼ੀਨ ਦਾ ਪੁਰਜ਼ਾ ਹੈ। ਮੈਨੇਜਰ ਕਿਰਤੀਆਂ ਨੂੰ ਹੱਕਣ ਵਾਲਾ ਮਾਸਟਰ ਵੀ ਨਹੀਂ ਹੈ। ਕਿਰਤ ਅਜਿਹੀ ਨਵੀਨਤਾਕਾਰੀ ਸਿਰਜਣਾ ਵਿਚ ਰੂਪਾਂਤ੍ਰਿਤ ਹੋ ਰਹੀ ਹੈ ਜਿਸ ਨੂੰ ਕਿਰਤੀ ਪਿਆਰ ਕਰਨਗੇ ਜੋ ਉਨ੍ਹਾਂ ਦੇ ਅਨੰਦ ਦਾ ਮਾਧਿਅਮ ਹੋਵੇਗੀ।
ਜ਼ਰੂਰੀ ਨਹੀਂ ਕਿ ਕਿਰਤ ਨੌਕਰੀ ਦਾ ਰੂਪ ਧਾਰ ਕੇ ਹੀ ਆਵੇ। ਕੰਮ ਦੀ ਕੋਈ ਘਾਟ ਨਹੀਂ ਹੋਵੇਗੀ। ਨੌਕਰੀਆਂ ਦੀ ਘਾਟ ਹੋ ਸਕਦੀ ਹੈ। ਨੌਕਰੀ ਕੰਮ ਦੇ ਪ੍ਰਬੰਧਨ ਲਈ ਕੀਤੀ ਜਾਣ ਵਾਲੀ ਨਕਲੀ ਉਸਾਰੀ ਹੁੰਦੀ ਹੈ। ਇਸ ਲਈ, ਜ਼ਰੂਰੀ ਨਹੀਂ ਕਿ ਕੰਮ ਹਮੇਸ਼ਾ ਨੌਕਰੀ ਦੇ ਰੂਪ ਵਿਚ ਹੀ ਆਵੇ। ਕੰਮ ਦੀ ਪ੍ਰਕਿਰਤੀ ਅਤੇ ਮਾਹੌਲ ਬਦਲ ਰਹੇ ਹਨ। ਸੰਭਾਵਨਾ ਇਸੇ ਗੱਲ ਦੀ ਹੈ ਕਿ ਇਹ ਹੁਣ ਨਵੇਂ ਰੂਪਾਂ ਵਿਚ ਹੀ ਪ੍ਰਗਟ ਹੋਵੇ।
ਤੁਸੀਂ ਕਾਲਜ ਗਏ, ਪੱਤਰਕਾਰੀ ਦੀ ਐਮ.ਏ. ਕੀਤੀ ਅਤੇ ਸਾਰੀ ਉਮਰ ਇਕੋ ਅਖਬਾਰ ਲਈ ਖਬਰਾਂ ਲਿਖਦਿਆਂ ਕੱਢ ਦਿੱਤੀ ਪਰ ਤੁਹਾਡੇ ਬੱਚੇ ਇਸ ਤਰ੍ਹਾਂ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਤਾਂ ਆਪਣੇ ਆਪ ਨੂੰ ਲਗਾਤਾਰ ਖੋਜਦੇ ਰਹਿਣਾ ਹੋਵੇਗਾ। ਨਿਤ ਨਵੀਂ ਤਕਨਾਲੋਜੀ, ਨਵੀਆਂ ਸੰਭਾਵਨਾਵਾਂ, ਨਵੀਂ ਟ੍ਰੇਨਿੰਗ ਅਤੇ ਨਵਾਂ ਕੰਮ। ਕੇਵਲ ਇਕ ਦੋ ਜਾਂ ਤਿੰਨ ਵਾਰ ਹੀ ਨਹੀਂ। ਹੋ ਸਕਦਾ ਹੈ ਕਿ ਵਧੇਰੇ ਸਿਰਜਣਾਤਮਕ ਅਤੇ ਉਪਯੋਗੀ ਕੰਮਾਂ ਲਈ ਆਪਣੇ ਆਪ ਨੂੰ ਇਸੇ ਤਰ੍ਹਾਂ ਉਮਰ ਭਰ ਅਪਡੇਟ ਕਰਦੇ ਰਹਿਣਾ ਪਵੇ; ਜਿਵੇਂ ਤੁਸੀਂ ਆਪਣੇ ਆਪ ਵਿਚ ਆਪ ਹੀ ਸਟਾਰਟ-ਅਪ ਕੰਪਨੀ ਹੋਵੋ।
ਇਹ ਤਦ ਹੀ ਸੰਭਵ ਹੈ, ਜੇ ਦੁਨੀਆਂ ਭਰ ਵਿਚ ਹਰ ਕਿਸੇ ਨੂੰ, ਹਰ ਥਾਂ ਅਤੇ ਹਰ ਵੇਲੇ ਹਰ ਨਵੇਂ ਪੁਰਾਣੇ ਹੁਨਰ ਦੀ, ਕਫਾਇਤੀ ਮੁਲ ‘ਤੇ ਹਰ ਤਰ੍ਹਾਂ ਦੀ ਅਪਡੇਟਿਡ ਸਿਖਿਆ ਉਪਲਭਦ ਹੋਵੇ। ਹਾਰਵਰਡ, ਐਮ.ਆਈ.ਟੀ., ਸਟੈਨਫੋਰਡ, ਪਰਿੰਸਟਨ ਅਤੇ ਜੌਰਜੀਆ ਟੈਕਨਾਲੋਜੀ ਵਰਗੀਆਂ ਵੱਕਾਰੀ ਯੂਨੀਵਰਸਟੀਆਂ ਨੇ ਤਾਂ ਇਹ ਕੰਮ ਕਈ ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਅਤੇ ਇਕ-ਇਕ ਕੋਰਸ ਵਿਚ ਲੱਖਾਂ ਵਿਦਿਆਰਥੀ ਦਾਖਲਾ ਲੈ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਨਿਜੀ ਵਪਾਰਕ ਹਿਤਾਂ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਇਸ ਕ੍ਰਾਂਤੀ ਦਾ ਲਾਭ ਨਹੀਂ ਉਠਾਉਣ ਦੇ ਰਹੇ।
1.5 ਮਾਨਵੀ ਪੂੰਜੀ: ਖੇਤੀ ਪ੍ਰਧਾਨ ਸਮਾਜ ਵਿਚ ਪੈਦਾਵਾਰ ਅਤੇ ਖੁਸ਼ਹਾਲੀ ਦਾ ਆਧਾਰ ਜ਼ਮੀਨ ਸੀ। ਉਦਯੋਗਿਕ ਕ੍ਰਾਂਤੀ ਦੇ ਆਉਣ ਨਾਲ ਜ਼ਮੀਨ ਦੀ ਥਾਂ ਪੂੰਜੀ ਪੈਦਾਵਾਰ ਅਤੇ ਖੁਸ਼ਹਾਲੀ ਦਾ ਮੁੱਖ ਸਾਧਨ ਬਣ ਗਈ। ਸੇਵਾ ਸੈਕਟਰ ਵਿਚ ਸੂਚਨਾ ਪ੍ਰਧਾਨ ਸੀ। ਅੱਜ ਅਸੀਂ ਗਿਆਨ ਆਰਥਕਤਾ ਦੇ ਜਿਸ ਨਵੇਂ ਦੌਰ ਵਿਚੋਂ ਲੰਘ ਰਹੇ ਹਾਂ, ਉਸ ਅੰਦਰ ਪੈਦਾਵਾਰ ਵਿਚ ਵਾਧੇ, ਦੌਲਤ ਦੀ ਉਤਪਤੀ, ਨਵੀਆਂ ਸੰਭਾਵਨਾਵਾਂ ਦੇ ਨਿਰਮਾਣ ਅਤੇ ਖੁਸ਼ਹਾਲ ਜੀਵਨ ਦਾ ਆਧਾਰ ਤਕਨਾਲੋਜੀ ਨਹੀਂ, ਮਾਨਵ ਹੈ। ਨਵੀਂ ਤਕਨਾਲੋਜੀ, ਸਿਰਜਣਾ, ਆਜ਼ਾਦੀ, ਬਰਾਬਰੀ, ਦਇਆ ਅਤੇ ਆਪਸੀ ਸਹਿਯੋਗ ਨਾਲ ਭਰਪੂਰ ਮਾਨਵੀ ਵਸੀਲੇ ਹੀ ਆਉਣ ਵਾਲੇ ਸਮਿਆਂ ਵਿਚ ਖੁਸ਼ਹਾਲੀ ਦਾ ਆਧਾਰ ਹੋਣਗੇ। ਇਸ ਨੂੰ ਤੁਸੀਂ ਉਤਰ-ਪੂੰਜੀਵਾਦ, ਉਨਤ-ਪੂੰਜੀਵਾਦ, ਬੌਧਿਕ-ਪੂੰਜੀਵਾਦ, ਮਾਨਵ-ਪੂੰਜੀਵਾਦ; ਕੋਈ ਵੀ ਨਾਮ ਦੇ ਸਕਦੇ ਹੋ; ਹੈ ਇਹ ਪੂੰਜੀਵਾਦ ਦਾ ਵਿਕਸਤ ਰੂਪ ਹੀ। ਪੂੰਜੀਵਾਦ ਦੇ ਪੁਰਾਣੇ ਦੌਰ ਵਿਚ ਆਜ਼ਾਦੀ, ਬਰਾਬਰੀ, ਦਇਆ, ਸਹਿਯੋਗ ਅਤੇ ਸਿਰਜਣਾ ਵਰਗੀਆਂ ਜਿਨ੍ਹਾਂ ਮਾਨਵੀ ਸ਼ਕਤੀਆਂ ਅਤੇ ਕਦਰਾਂ ਕੀਮਤਾਂ ਦੀ ਬਹਾਲੀ ਲਈ ਅਸੀਂ ਸੰਘਰਸ਼ ਕਰਦੇ ਰਹੇ ਹਾਂ, ਉਨ੍ਹਾਂ ਸ਼ਕਤੀਆਂ ਅਤੇ ਕਦਰਾਂ ਕੀਮਤਾਂ ਨੂੰ ਹੀ ਹੁਣ ਪੂੰਜੀਵਾਦ ਨੇ ਆਪਣੇ ਵਿਸਤਾਰ ਦਾ ਮਾਧਿਅਮ ਬਣਾ ਲਿਆ ਹੈ।
ਇਹ ਪ੍ਰਭਾਵ ਲਗਭਗ ਸਰਬ-ਪ੍ਰਵਾਨਿਤ ਹੋ ਰਿਹਾ ਹੈ ਕਿ ਸਮਾਜਕ ਨਾਬਰਾਬਰੀ, ਜਲਵਾਯੂ ਦੀ ਤਬਦੀਲੀ ਅਤੇ ਬੇਰੁਜ਼ਗਾਰੀ ਵਰਗੀਆਂ ਅਤਿ ਮੁਸ਼ਕਿਲ ਚੁਣੌਤੀਆਂ ਸਮੇਤ ਮਾਨਵਤਾ ਨੂੰ ਦਰਪੇਸ਼ ਤਮਾਮ ਸਮੱਸਿਆਵਾਂ, ਕੇਵਲ ਤਕਨਾਲੋਜੀ ਦੇ ਸਹੀ ਉਪਯੋਗ ਰਾਹੀਂ ਹੀ ਹੱਲ ਕੀਤੀਆਂ ਜਾ ਸਕਦੀਆਂ ਹਨ। ‘ਦਿ ਨੈਟ ਡਲਿਊਯਨ’ ਦੇ ਲੇਖਕ ਇਵਜੀਨੀ ਮਾਰੋਜ਼ੋਵ ਨੇ ਇਸ ਸੰਭਾਵਨਾ ਨੂੰ ਇੰਟਰਨੈਟ ਆਜ਼ਾਦੀ ਦਾ ਹਨੇਰਾ ਪੱਖ ਆਖਦੇ ਹੋਏ ‘ਹੱਲਵਾਦ’ (ਸੌਲਿਊਸ਼ਨਿਜ਼ਮ) ਦਾ ਨਾਮ ਦਿੱਤਾ ਹੈ। ਉਹ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਡਿਜੀਟਲ ਤਕਨਾਲੋਜੀ ਇਨ੍ਹਾਂ ਤਮਾਮ ਮਰਜ਼ਾਂ ਦੀ ਦਵਾ ਹੋ ਸਕਦੀ ਹੈ ਪਰ ਉਨ੍ਹਾਂ ਦੇ ਕਹਿਣ ਮੁਤਾਬਕ, ਖਤਰਾ ਇਸ ਗੱਲ ਦਾ ਹੈ ਕਿ ਅਖੀਰ ਵਿਚ ਇਹ ਸਾਰੀ ਵਿਵਸਥਾ ਪੂੰਜੀਵਾਦ ਦੇ ਹੱਕ ਵਿਚ ਹੀ ਭੁਗਤ ਜਾਂਦੀ ਹੈ। ਮਾਨਵਤਾ, ਆਜ਼ਾਦੀ ਅਤੇ ਬਰਾਬਰੀ ਵਰਗੀਆਂ ਭਾਵਨਾਵਾਂ ਵੀ ‘ਟੈਕਨੋ-ਡਿਟਰਮਨਿਜ਼ਮ’ ਦਾ ਸ਼ਿਕਾਰ ਹੋ ਕੇ ਪੂੰਜੀ ਦੀ ਸੇਵਾ ਵਿਚ ਲੱਗ ਜਾਂਦੀਆਂ ਹਨ। ਇਸ ਵਿਵਸਥਾ ਅਧੀਨ ਮਾਨਵਤਾ ਨੂੰ ਮਾਨਵਤਾ ਲਈ ਨਹੀਂ, ਮੁਨਾਫੇ ਵਿਚ ਵਾਧੇ ਲਈ ਬਚਾਇਆ ਜਾ ਰਿਹਾ ਹੈ।
ਇਹ ਮੰਨ ਲੈਣ ਬਾਅਦ ਕਿ ਸਮੱਸਿਆਵਾਂ ਤਾਂ ਹੁਣ ਤਕਨਾਲੋਜੀ ਦੇ ਸਹੀ ਉਪਯੋਗ ਰਾਹੀਂ ਹੀ ਹੱਲ ਹੋਣਗੀਆਂ, ਸੁਆਲ ਪੈਦਾ ਹੁੰਦਾ ਹੈ ਕਿ ਜਟਿਲ ਸਮੱਸਿਆਵਾਂ ਦੇ ਹੱਲ ਲਈ ਸਹੀ ਤਕਨਾਲੋਜੀ ਦੀ ਚੋਣ, ਹਾਲਾਤ ਅਨੁਸਾਰ ਢਾਲਣਾ (ਅਡੈਪਟੇਸ਼ਨ) ਅਤੇ ਉਸ ਦੀ ਖਿੱਚਵੀਂ (ਕਰਿਟੀਕਲ) ਵਰਤੋਂ ਕਰਨ ਵਾਲੇ ਬੰਦੇ ਕਿਵੇਂ ਪੈਦਾ ਕਰਨੇ ਹਨ। ਸਿੱਧਾ ਜੁਆਬ ਹੈ: ਤਕਨਾਲੋਜੀ ਦੀ ਸਿਖਿਆ ਅਤੇ ਟਰੇਨਿੰਗ ਰਾਹੀਂ। ਹਰ ਕਿਸੇ ਨੂੰ ਇਸ ਤਰ੍ਹਾਂ ਦੀ ਸਿਖਿਆ ਅਤੇ ਟਰੇਨਿੰਗ ਦਿੱਤੀ ਜਾਵੇ ਕਿ ਉਹ ਤਕਨੀਕੀ ਮਾਹਿਰ ਵਾਂਗ ਖੋਜ ਕਰੇ, ਉਦਮੀ ਵਾਂਗ ਸੋਚੇ ਅਤੇ ਸਮਾਜਕ ਤਬਦੀਲੀ ਦੇ ਏਜੰਟ ਵਾਂਗ ਕੰਮ ਕਰੇ।
ਜੇ ਪੰਜਾਬ/ਭਾਰਤ ਦੀ ਗੱਲ ਕਰੀਏ ਤਾਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਸਾਡੇ ਲੋਕਾਂ ਦੀ ਅਜਿਹੀ ਸਿਖਿਆ ਅਤੇ ਟਰੇਨਿੰਗ ਤੱਕ ਪਹੁੰਚ ਹੀ ਨਹੀਂ ਹੈ ਜਿਸ ਰਾਹੀਂ ਉਹ ਡਿਜੀਟਲ ਅਰਥਚਾਰੇ ਜਾਂ ਉਦਯੋਗ ਵਿਚ ਸਿਰਜਣਾਤਮਕ ਕੰਮ ਕਰ ਸਕਣ। ਕੇਂਦਰੀ ਸਰਕਾਰ, ਰਾਜ ਸਰਕਾਰਾਂ, ਕੰਪਨੀਆਂ, ਸਿਖਿਆ ਸੰਸਥਾਵਾਂ, ਗੈਰ-ਸਰਕਾਰੀ ਜਥੇਬੰਦੀਆਂ ਆਦਿ ਸਭ ਨੂੰ ਆਪਣੀ ਪੈਦਾਵਾਰ ਵਿਚ ਵਾਧੇ, ਦੌਲਤ ਦੀ ਉਤਪਤੀ ਅਤੇ ਖੁਸ਼ਹਾਲ ਜੀਵਨ ਦੀ ਪ੍ਰਾਪਤੀ ਲਈ, ਇਸ ਦਿਸ਼ਾ ਵਿਚ ਕ੍ਰਾਂਤੀਕਾਰੀ ਕਦਮ ਉਠਾਉਣ ਦੀ ਲੋੜ ਹੈ। ਅਜਿਹਾ ਕਰਨ ਲਈ, ਸਭ ਤੋਂ ਪਹਿਲੀ ਲੋੜ ਤਾਂ ਆਪਣੀ ਸਿਖਿਆ ਪ੍ਰਣਾਲੀ ਅਤੇ ਪਾਠਕ੍ਰਮਾਂ ਦੀ ਗਲੋਬਲ ਤਕਨਾਲੋਜੀ, ਇਨਕਿਊਬੇਟਰ ਪ੍ਰੋਗਰਾਮਾਂ ਅਤੇ ਗਲੋਬਲ ਜੌਬ ਮਾਰਕਿਟ ਨਾਲ ਤਾਲਮੇਲ ਬਿਠਾਉਣ ਦੀ ਹੈ। ਇਹ ਠੀਕ ਹੈ ਕਿ ਮਾਨਵ-ਪੂੰਜੀ ਦੇ ਵਿਕਾਸ ਬਿਨਾਂ ਹੁਣ ਦੁਨੀਆਂ ਨੂੰ ਬਚਾਇਆ ਨਹੀਂ ਜਾ ਸਕਦਾ। ਆਰਥਕ ਖੁਸ਼ਹਾਲੀ ਨੂੰ ਬਚਾ ਲੈਣਾ ਹੀ ਬਹੁਤ ਨਹੀਂ ਹੋਵੇਗਾ। ਆਜ਼ਾਦੀ ਅਤੇ ਬਰਾਬਰੀ ਵਰਗੀਆਂ ਕਦਰਾਂ ਕੀਮਤਾਂ ਨੂੰ ਆਰਥਕ ਵਿਕਾਸ ਦੇ ਨਾਲ ਨਾਲ ਜਮਹੂਰੀਅਤ ਦੇ ਵਿਸਤਾਰ ਦੀ ਦਿਸ਼ਾ ਵੱਲ ਮੋੜਨਾ ਵੀ ਜ਼ਰੂਰੀ ਹੈ।
ਨਾਬਰਾਬਰੀ ਕੇਵਲ ਅਮੀਰੀ ਗਰੀਬੀ ਤੱਕ ਸੀਮਤ ਨਹੀਂ ਹੁੰਦੀ। ਇਹ ਮਨੁੱਖੀ ਸ਼ਾਨ ਦੀ ਉਲੰਘਣਾ ਹੈ। ਇਕ ਅਜਿਹੀ ਸਮਾਜ-ਸਭਿਆਚਾਰਕ ਸੰਗਠਨਕਾਰੀ ਹੈ ਜੋ ਆਪਣੀਆਂ ਹਾਸ਼ੀਆਗਤ ਧਿਰਾਂ ਨੂੰ ਮੌਨ ਕਰਕੇ ਆਪ ਹੀ ਕਮਜ਼ੋਰ ਹੋ ਜਾਂਦੀ ਹੈ। ਇਹ ਗਰੀਬਾਂ ਨੂੰ ਹੀ ਨਹੀਂ, ਅਮੀਰਾਂ ਸਮੇਤ ਸਮੁਚੇ ਭਾਈਚਾਰੇ ਨੂੰ ਕਮਜ਼ੋਰ ਕਰਦੀ ਹੈ। ਇਸ ਲਈ ਹਰ ਕਿਸੇ ਨੂੰ ਉਸ ਦੀ ਵਿਲੱਖਣਤਾ ਅਨੁਸਾਰ ਉਮਰ ਭਰ ਲਈ, ਬਰਾਬਰੀ ਦੇ ਆਧਾਰ ‘ਤੇ, ਵਿਸ਼ਵ ਪੱਧਰ ਦੀ ਸਿਖਿਆ ਮੁਹੱਈਆ ਕਰਨੀ ਸਟੇਟ ਦਾ ਧਰਮ ਹੈ। ਵਰਤਮਾਨ ਸਮਿਆਂ ਵਿਚ ਇਹ ਖੁਸ਼ਹਾਲੀ ਦੀ ਬੁਨਿਆਦ ਹੈ। ਜਾਤੀ, ਜਮਾਤੀ, ਧਾਰਮਿਕ, ਭਾਸ਼ਾਈ, ਸਥਾਨਕ ਜਾਂ ਲਿੰਗੀ ਆਦਿ ਕੋਈ ਵੀ ਵਖਰੇਵੇਂ ਰੁਕਾਵਟ ਨਹੀਂ ਬਣਨੇ ਚਾਹੀਦੇ।
ਇਸ ਪ੍ਰਤੀ ਸੁਚੇਤ ਰਹਿਣਾ ਪਵੇਗਾ ਕਿ ਪੁਰਾਣੀਆਂ ਜਾਤਾਂ, ਜਮਾਤਾਂ ਖਤਮ ਕਰਦੀ ਕਰਦੀ ਸਿਖਿਆ ਕਿਤੇ ਗਿਆਨੀਆਂ, ਵਿਗਿਆਨੀਆਂ, ਕਲਾਕਾਰਾਂ, ਤਕਨੀਕੀ ਮਾਹਿਰਾਂ, ਪ੍ਰਬੰਧਕੀ ਸ਼ਾਸਕਾਂ ਆਦਿ ਦੀਆਂ ਨਵੀਆਂ ਜਾਤਾਂ ਜਮਾਤਾਂ ਹੀ ਨਾ ਖੜ੍ਹੀਆਂ ਕਰ ਦੇਵੇ। ਰਾਜ ਭਾਵੇਂ ਕਿਸੇ ਵੀ ਜਾਤ, ਜਮਾਤ ਜਾਂ ਨਸਲ ਦਾ ਹੋਵੇ-ਪੂੰਜੀਪਤੀਆਂ, ਪ੍ਰਬੰਧਕੀ ਸ਼ਾਸਕਾਂ (ਬਿਊਰੋਕਰੈਟਾਂ), ਤਕਨੀਕੀ ਮਾਹਿਰਾਂ (ਟੈਕਨੋਕਰੈਟਾਂ) ਜਾਂ ਵਿਦਵਾਨਾਂ (ਬ੍ਰਾਹਮਣਾਂ); ਉਹ ਫਾਸ਼ੀਵਾਦ ਵੱਲ ਵਧ ਰਿਹਾ ਗੈਰ-ਜਮਹੂਰੀ ਸ਼ਾਸਨ ਹੀ ਹੋਵੇਗਾ। ਜਨਤਕ ਵਿਦਵਤਾ (ਮਾਸ ਇੰਟਲੈਕਚੁਐਲਟੀ), ਸਿਰਜਣਾ ਅਤੇ ਸਮਾਜ-ਆਰਥਕ-ਤਕਨੀਕੀ ਨਿਰਮਾਣ ਵਿਚ ਸਭ ਦੀ ਸਾਂਝੀ ਸ਼ਮੂਲੀਅਤ ਹੀ ਇਸ ਦਾ ਇਲਾਜ ਹੈ। ਜੇ ਜਮਹੂਰੀਅਤ ਦਾ ਇਹੋ ਮਾਰਗ ਹੈ ਤਾਂ ਇਸ ਮਾਰਗ ਉਪਰ ਚੱਲਣ ਲਈ ਵਿਦਿਅਕ ਸੁਧਾਰ ਸਾਡਾ ਪ੍ਰਥਮ ਏਜੰਡਾ ਹੋਣੇ ਚਾਹੀਦੇ ਹਨ। ਸਿਰਜਣਾ ਦੇ ਸਾਂਝੇ ਪਿੜ, ਸਾਂਝੇ ਸਹਿਯੋਗੀ ਪ੍ਰੋਜੈਕਟ, ਵਿਸ਼ਲੇਸ਼ਣੀ ਜੁਗਤਾਂ ਆਦਿ ਰਾਹੀਂ ਸ਼ੁਰੂਆਤ ਹੋ ਸਕਦੀ ਹੈ। ਵਿਦਿਅਕ ਸੁਧਾਰ ਕੇਵਲ ਆਰਥਕ ਵਿਕਾਸ ਲਈ ਹੀ ਨਹੀਂ, ਜਮਹੂਰੀਅਤ ਅਤੇ ਸਮਾਜਕ ਨਿਆਂ ਦੇ ਵਿਸਤਾਰ ਲਈ ਵੀ ਓਨੇ ਹੀ ਜ਼ਰੂਰੀ ਹਨ। ਮਾਨਵਤਾ ਦਾ ਬਚਾਅ ਅਤੇ ਉਸ ਦਾ ਭਵਿਖ ਇਨ੍ਹਾਂ ਸੁਧਾਰਾਂ ਉਪਰ ਹੀ ਟਿਕਿਆ ਹੋਇਆ ਹੈ।
ਅੱਜ ਦੀ ਬੌਧਿਕ ਆਰਥਕਤਾ ਜੋ ਭੂਮੀ ਜਾਂ ਸਰਮਾਏ ਉਪਰ ਨਹੀਂ, ਮਾਨਵ-ਪੂੰਜੀ ਉਪਰ ਟਿਕੀ ਹੋਈ ਹੈ, ਅੰਦਰ ਕੇਵਲ ਮਾਨਵੀ ਵਸੀਲਿਆਂ ਵਿਚ ਕੀਤੇ ਜਾਣ ਵਾਲਾ ਨਿਵੇਸ਼ ਹੀ ਪੈਦਾਵਾਰ ਵਿਚ ਵਾਧੇ, ਦੌਲਤ ਦੀ ਉਤਪਤੀ, ਨਵੀਆਂ ਸੰਭਾਵਨਾਵਾਂ ਦੇ ਨਿਰਮਾਣ ਅਤੇ ਖੁਸ਼ਹਾਲ ਜੀਵਨ ਦਾ ਆਧਾਰ ਬਣ ਸਕਦਾ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਆਰਥਕ ਸਲਾਹਕਾਰ ਰਹੇ ਬਾਇਰਨ ਅਗਸਤੇ ਦਾ ਕਹਿਣਾ ਦਰੁਸਤ ਹੈ ਕਿ ਮਾਨਵ-ਪੂੰਜੀ ਵਿਚ ਨਿਵੇਸ਼ ਉਪਰ ਆਧਾਰਿਤ ਵਿਕਾਸ ਮਾਡਲ ਹੀ ਗਤੀਸ਼ੀਲ ਆਰਥਕਤਾ ਅਤੇ ਸਮਿਲਤ ਸਮਾਜ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।
ਅਜਿਹਾ ਕਰਨ ਲਈ ਲਿਖਣ ਪੜ੍ਹਨ, ਕੋਡਿੰਗ ਅਤੇ ਗਣਿਤ ਦੀ ਮਜ਼ਬੂਤ ਬੁਨਿਆਦ ਤੋਂ ਇਲਾਵਾ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ, ਅਲੋਚਨਾਤਮਕ ਸੋਚ, ਸੰਚਾਰ, ਸਹਿਯੋਗ, ਸਵੈ-ਪ੍ਰੇਰਨਾ, ਉਮਰ ਭਰ ਦੀ ਸਿਖਿਆ ਅਤੇ ਉਦਮ (ਐਂਟਰਪਰਿਨਿਓਰਸ਼ਿਪ) ਵਰਗੇ ਹੁਨਰਾਂ ਵਿਚ ਟ੍ਰੇਨਿੰਗ ਮੁਢਲੀ ਲੋੜ ਬਣ ਗਈ ਹੈ।
(ਚਲਦਾ)