ਜਾਗ ਵੇ ਸੁੱਤਿਆ ਵੀਰਨਾ!

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਨਸੀਹਤ ਕੀਤੀ ਸੀ ਕਿ ਕਈ ਵਾਰ ਦੇਰੀ ਕੀਤਿਆਂ ਅਹਿਮ ਮੌਕੇ ਜਾਂ ਚੰਗੀਆਂ ਸੰਭਾਵਨਾਵਾਂ ਹੱਥੋਂ ਨਿਕਲ ਜਾਂਦੀਆਂ, ਜਿਨ੍ਹਾਂ ਨੇ ਸੁਪਨ-ਨਗਰੀ ਨੂੰ ਜਾਂਦਾ ਰਾਹ ਬਣਨਾ ਹੁੰਦਾ, “ਯਾਦ ਰੱਖਣਾ! ਜੀਵਨ ਇਕ ਵਾਰ ਮਿਲਦਾ ਅਤੇ ਉਸਾਰੂ ਰੂਪ ਵਿਚ ਮਨ ਦੀਆਂ ਮੌਜਾਂ ਦੀ ਪੂਰਤੀ ਅਤੇ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜਿਉਣ ਵਿਚ ਕਦੇ ਦੇਰੀ ਨਾ ਕਰਿਓ।”

ਹਥਲੇ ਲੇਖ ਵਿਚ ਉਨ੍ਹਾਂ ਜਾਗਦੇ ਰਹੋ ਦਾ ਹੋਕਾ ਦਿੱਤਾ ਹੈ, “ਜਾਗ ਵੇ ਵੀਰਨਾ! ਘੇਸਲ ਵੱਟ ਕੇ ਕਿੰਨਾ ਕੁ ਸਮਾਂ ਲੰਘਾਇਆ ਜਾ ਸਕਦਾ? ਸੁੱਤਿਆਂ ਬਹੁਤ ਦੇਰ ਹੋ ਗਈ ਏ। ਹੋਰ ਦੇਰ ਨਾ ਕਰ, ਕਿਉਂਕਿ ਮੌਤ, ਮਰਸੀਆ ਤੇ ਮਾਤਮ ਦਾ ਕੋਈ ਵਸਾਹ ਨਹੀਂ। ਪੁਲਾਂ ਹੇਠੋਂ ਬਹੁਤ ਪਾਣੀ ਲੰਘ ਚੁਕਾ। ਹੁਣ ਹੀ ਕੁਝ ਅਜਿਹਾ ਕਰ ਕਿ ਤੇਰਾ ਨਾਮ ਇਤਿਹਾਸ ਦੇ ਵਰਕਿਆਂ ‘ਤੇ ਸੂਰਜ ਵਾਂਗ ਚਮਕਦਾ ਰਹੇ।” ਡਾ. ਭੰਡਾਲ ਦੇ ਝੰਜੋੜਨ ਦੇ ਇਸ ਅੰਦਾਜ਼ ਵਿਚ ਵੀ ਨਸੀਹਤ ਹੈ, “ਜਾਗ ਵੇ ਵੀਰਨਾ! ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਅਤੇ ਸਮੁੱਚਾ ਪਿੰਡ ਹੀ ਉਜੜ ਜਾਵੇ। ਕੁਝ ਤਾਂ ਹੋਸ਼ ਕਰ, ਹੌਸਲਾ ਕਰ ਅਤੇ ਕੁਝ ਉਦਮ ਕਰ, ਕਿਉਂਕਿ ਉਦਮ ਕਰੇਂਦਿਆਂ ਹੀ ਸਫਲਤਾਵਾਂ ਨੂੰ ਜਾਗ ਲੱਗਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਜਾਗ ਵੇ ਸੁੱਤਿਆ ਵੀਰਨਾ! ਤੇਰਾ ਗਰਾਂ ਲੁਟੀਂਦਾ ਆ। ਸਾੜਸਤੀ ਵਾਪਰ ਰਹੀ ਏ, ਹਰ ਘਰ ਤੇ ਵਿਹੜੇ ਵਿਚ ਸੰਤਾਪ ਅਤੇ ਦੁੱਖਾਂ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਨੇ। ਹਰ ਚੌਂਕੇ ਵਿਚ ਬੇਰੌਣਕੀ, ਬੁਝ ਰਹੀ ਚੁੱਲ੍ਹਿਆਂ ਦੀ ਅੱਗ ਅਤੇ ਬੁਝਦੀ ਅੱਗ ਚੁਗਲੀਆਂ ਕਰਦੀ, ਆਪਣੀ ਹੀ ਮਕਾਣੇ ਆਈ ਜਾਪਦੀ। ਤੌਣ ਵਿਚ ਆਟਾ ਨਹੀਂ ਰਿਹਾ। ਨਾ ਹੀ ਕਦੇ ਪਰਾਤ ਵਿਚ ਆਟਾ ਭੁੜਕਦਾ ਏ। ਓਟੇ ਦੀਆਂ ਚਿੜੀਆਂ ਬਹੁਤ ਉਦਾਸ ਨੇ, ਕਿਉਂਕਿ ਕੋਈ ਨਹੀਂ ਉਨ੍ਹਾਂ ਨੂੰ ਚੋਗ ਪਾਉਂਦਾ।
ਜਾਗ ਵੇ ਵੀਰਨਾ! ਦਲਾਨ ਵਿਚ ਪਸਰ ਗਈ ਏ ਸੁੰਨ। ਪੁੱਤਰਾਂ ਦੇ ਚਾਅ ਮਨਾਉਣ ਵਾਲੀਆਂ ਮਾਂਵਾਂ ਫਿਕਰ ਵਿਚ ਮਰ ਮੁੱਕ ਚੱਲੀਆਂ ਨੇ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪਤਾ ਨਹੀਂ ਬਾਹਰ ਗਿਆ ਪੁੱਤ ਘਰ ਪਰਤੇਗਾ ਵੀ ਕਿ ਨਹੀਂ? ਕਿਧਰੇ ਨਸ਼ਿਆਂ ਦਾ ਕਹਿਰ ਉਨ੍ਹਾਂ ਦੇ ਪੁੱਤਰ ਨੂੰ ਨਿਗਲ ਹੀ ਨਾ ਜਾਵੇ? ਫਿਰ ਉਹ ਮਰ ਗਏ ਪੁੱਤਰਾਂ ਦੇ ਸਿਵੇ ਸੇਕਦੀਆਂ ਅਜਿਹੀਆਂ ਬਦਕਿਸਮਤ ਕਬਰਾਂ ਬਣ ਜਾਣਗੀਆਂ, ਜਿਨ੍ਹਾਂ ‘ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਹਿਣਾ।
ਜਾਗ ਵੇ ਲੰਮੀਂ ਨੀਂਦਰੇ ਸੁੱਤਿਆ! ਕੁੱਖਾਂ ਹੁਣ ਔਲਾਦ ਨਹੀਂ ਜੰਮਦੀਆਂ। ਮਾਂਵਾਂ ਦੀਆਂ ਕੁੱਖਾਂ ਤਾਂ ਬੰਜਰ ਹੋ ਗਈਆਂ ਨੇ। ਉਨ੍ਹਾਂ ਵਿਚ ਜਨਮਦੀਆਂ ਨੇ ਹਿੱਚਕੀਆਂ, ਹੌਕੇ, ਦਰਦ ਦੇ ਗੋਲੇ ਅਤੇ ਸਦਮੇ, ਜਿਨ੍ਹਾਂ ਵਿਚੋਂ ਉਭਰਨਾ ਹੁਣ ਮਾਂਵਾਂ ਦੇ ਵੱਸ ਨਹੀਂ ਰਿਹਾ।
ਜਾਗ ਵੇ ਵੀਰਨਾ! ਘੇਸਲ ਵੱਟ ਕੇ ਕਿੰਨਾ ਕੁ ਸਮਾਂ ਲੰਘਾਇਆ ਜਾ ਸਕਦਾ। ਹਰ ਬਨੇਰੇ ‘ਤੇ ਜਗਦੇ ਦੀਵੇ ਬੁੱਝ ਗਏ ਨੇ। ਮੰਡਰਾਉਂਦੀ ਹੈ ਫਿਰਨੀਆਂ ਵਿਚ ਮੌਤ। ਇਸ ਦੀ ਜ਼ੱਦ ਵਿਚ ਆਈ ਪਰਿੰਦਿਆਂ ਦੀ ਹੋਣੀ ਨੂੰ ਕਿੰਨਾ ਕੁ ਚਿਰ ਟਾਲਿਆ ਜਾ ਸਕਦਾ?
ਯਾਦ ਰੱਖ ਵੀਰਨਾ! ਜਦ ਦਰਾਂ ਵਿਚ ਸੁੰਨ ਪਸਰਦੀ, ਘਰ ਦੀ ਕੁੱਖ ਨੂੰ ਮਾਤਮੀ ਜਾਗ ਲੱਗਦਾ ਅਤੇ ਕਮਰਿਆਂ ਵਿਚ ਹੰਝੂਆਂ ਤੇ ਹਾਵਿਆਂ ਦੀ ਸਲਾਬ ਹੋਵੇ ਤਾਂ ਬਹੁਤ ਕਹਿਰਵਾਨ ਹੁੰਦਾ ਹੈ ਕਮਰਿਆਂ ਵਿਚ ਉਗੀਆਂ ਕਬਰਾਂ ਦਾ ਬੋਲਣਾ ਅਤੇ ਕੰਧ ਦੀ ਹਿੱਕ ‘ਤੇ ਉਡੀਕਾਂ ਦੇ ਖੰਡਰ ਫਰੋਲਣੇ। ਬੰਦਾ ਆਪਣੀਆਂ ਆਂਦਰਾਂ ਨੂੰ ਗੰਢ ਮਾਰਦਾ ਅਤੇ ਦੁਹੱਥੜੀਂ ਪਿੱਟਦਾ ਏ।
ਜਾਗ ਵੇ ਸ਼ੋਰਗੁਲ ਤੋਂ ਨਿਰਲੇਪ ਰਹਿਣ ਦਾ ਪਾਖੰਡ ਕਰਨ ਵਾਲਿਆ! ਤੇਰੀ ਸਾਜਿਸ਼ੀ ਚੁੱਪ ਨੇ ਵੈਰਾਨ ਕਰ ਦਿਤੇ ਨੇ ਘਰ, ਪਿੰਡ ਉਜੜ ਰਹੇ ਨੇ ਅਤੇ ਸ਼ਹਿਰ ਬੇ-ਆਬਾਦ ਹੋ ਰਹੇ ਨੇ। ਇਸ ਬਰਬਾਦੀ ਦਾ ਜਦ ਵੀ ਇਤਿਹਾਸ ਲਿਖਿਆ ਜਾਵੇਗਾ ਤਾਂ ਵੀਰਨਾ ਤੇਰਾ ਨਾਮ ਸਭ ਤੋਂ ਉਪਰ ਹੋਣਾ ਏ। ਬੀਤਿਆ ਵਕਤ ਤੈਨੂੰ ਕਦੇ ਮੁਆਫ ਨਹੀਂ ਕਰੇਗਾ।
ਜਾਗ ਵੇ ਵੀਰਨਾ! ਕੇਹਾ ਵਕਤ ਆਣ ਢੁੱਕਾ ਏ ਇਸ ਨਗਰ-ਦੁਆਰੀਂ, ਚਾਵਾਂ ਨਾਲ ਪਾਲੇ ਪੁੱਤਾਂ ਨੂੰ ਵਿਦੇਸ਼ ਭੇਜਣ ਲਈ ਮਾਂਵਾਂ ਸੁੱਖਾਂ ਸੁੱਖਦੀਆਂ ਨੇ ਕਿ ਸ਼ਾਇਦ ਉਨ੍ਹਾਂ ਦਾ ਲਾਡਲਾ ਇਸ ਕਾਲੇ ਸਮਿਆਂ ਵਿਚ ਗਵਾਚਣੋ ਬਚ ਜਾਵੇ। ਹੁਣ ਸਿਰਫ ਜਵਾਨੀ ਹੀ ਪਰਦੇਸ ਨਹੀਂ ਜਾ ਰਹੀ, ਸਗੋਂ ਪੰਜਾਬੀਆਂ ਦਾ ਸਮੁੱਚਾ ਸਰਮਾਇਆ ਹੀ ਵਿਦੇਸ਼ੀ ਉਨਤੀ ਅਤੇ ਪ੍ਰਾਪਤੀ ਦਾ ਹਾਸਲ ਬਣ ਰਿਹਾ ਹੈ। ਭਾਵੇਂ ਉਹ ਜਵਾਨੀ ਹੋਵੇ, ਧਨ ਹੋਵੇ ਜਾਂ ਨਵੀਆਂ ਬੁਲੰਦੀਆਂ ਸਿਰਜਣ ਵਾਲੀ ਸੋਚ, ਸਮਰੱਥਾ ਅਤੇ ਗਿਆਨ-ਗੰਗਾ ਹੋਵੇ। ਜਦ ਕਿਸੇ ਕੌਮ ਦੀ ਜਵਾਨੀ ਬਦ-ਹਵਾਸ ਹੋ ਕੇ ਵਿਦੇਸ਼ ਵੱਲ ਨੂੰ ਪੈਰ ਪੁੱਟਦੀ ਤਾਂ ਬਹੁਤ ਕੁਝ ਗਵਾਚ ਜਾਂਦਾ ਏ। ਬਿਖਰ ਜਾਂਦਾ ਏ ਸਮਾਜਕ ਤਾਣਾ-ਬਾਣਾ, ਗਵਾਚ ਜਾਂਦੀ ਹੈ ਦਿੱਖ, ਦ੍ਰਿਸ਼ਟੀ ਅਤੇ ਰੋਹਬੀਲਾ ਅੰਦਾਜ਼। ਗੁੰਮ ਜਾਂਦੀ ਏ ਬੋਲੀ, ਬਾਣਾ ਅਤੇ ਬਾਣੀ। ਮਾਯੂਸ ਹੋ ਜਾਂਦੀ ਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਹਿਮੀਅਤ। ਬਹੁਤ ਕੁਝ ਗਵਾ ਲਿਆ ਏ ਹੁਣ ਤੀਕ। ਜੇ ਇਸ ਨੂੰ ਰੋਕਣ ਲਈ ਸ਼ੁਰੂਆਤ ਨਾ ਕੀਤੀ ਗਈ, ਇਥੇ ਕੁਝ ਨਹੀਂ ਬਚਣਾ।
ਜਾਗ ਵੇ ਵੀਰਨਾ! ਕਦੇ ਸੋਚੀਂ ਕਿ ਤੂੰ ਕਿੰਨੀ ਮਿਹਨਤ ਕੀਤੀ, ਕਿੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਇਨ੍ਹਾਂ ਦਾ ਕੀ ਮੁੱਲ ਪਾਇਆ ਗਿਆ? ਕੀ ਤੈਨੂੰ ਮਾਣ-ਸਨਮਾਨ ਮਿਲਿਆ ਏ? ਕੀ ਦੇਸ਼ ਦੇ ਅੰਨ-ਭੰਡਾਰ ਭਰਨ ਵਾਲਿਆਂ ਨੂੰ ਖੁਦਕੁਸ਼ੀਆਂ ਦੀ ਸੌਗਾਤ ਹੀ ਮਿਲਣੀ ਸੀ? ਕੀ ਕੀਟਨਾਸ਼ਕ, ਖਾਦਾਂ ਅਤੇ ਦਵਾਈਆਂ ਪਾ ਕੇ ਪੰਜਾਬ ਨੇ ਸਿਰਫ ਬਿਮਾਰਾਂ ਦੀ ਨਗਰੀ ਹੀ ਬਣਨਾ ਸੀ? ਕੀ ਹੁਣ ਸਿਰਫ ਹਸਪਤਾਲਾਂ ਵਿਚੋਂ ਹੀ ਔਲਾਦ ਨੂੰ ਭਾਲਣ, ਜ਼ਿੰਦਗੀ ਦੀ ਤਾਮੀਰਦਾਰੀ ਕਰਨ ਅਤੇ ਸਾਹਾਂ ਦੀ ਸਲਾਮਤੀ ਨੂੰ ਹੀ ਕਿਆਸਿਆ ਜਾਵੇਗਾ?
ਵੇ ਵੀਰਨਾ! ਕਦੇ ਸਾਝਰੇ ਜਿਹੇ ਉਠ ਧਿਆਨ ਕਰੀਂ ਕਿ ਕਿਉਂ ਸਰਕਾਰੀ ਸਕੂਲ, ਕਾਲਜ, ਹਸਪਤਾਲ ਅਤੇ ਹੋਰ ਅਦਾਰੇ ਬੰਦ ਹੋਣ ਦੀ ਕਗਾਰ ‘ਤੇ ਨੇ? ਕੀ ਕਾਰਨ ਹੈ ਕਿ ਪ੍ਰਾਈਵੇਟ ਅਦਾਰੇ ਹਰ ਖੇਤਰ ਵਿਚ ਹੀ ਕਾਬਜ਼ ਹੋ ਰਹੇ ਨੇ? ਕਿੰਨੀਆਂ ਜ਼ਿੰਦਗੀਆਂ ਨੂੰ ਰੁਜ਼ਗਾਰ ਭਾਲਦਿਆਂ ਭਾਲਦਿਆਂ, ਆਪਣੇ ਸਾਹਾਂ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਾ ਪਿਆ?
ਵੇ ਵੀਰਨਾ! ਤੂੰ ਕਿਹੋ ਜਿਹਾ ਵੀਰ ਏ, ਜੋ ਸਿਰਫ ਚਿੱਕੜ ਉਛਾਲਣ ਅਤੇ ਦੂਜੇ ਭਰਾਵਾਂ ਨੂੰ ਮਾੜਾ ਕਹਿ, ਨੀਵਾਂ ਦਿਖਾ ਅਤੇ ਕੋਝਾ ਬਣਾ ਆਪ ਚੰਗਾ, ਸੁਹਜ ਭਰਪੂਰ ਅਤੇ ਬਿਹਤਰ ਹੋਣ ਦਾ ਭਰਮ ਪਾਲਦਾ ਏਂ। ਚੰਗਾ ਬਣਨਾ ਏ ਤਾਂ ਕੁਝ ਅਜਿਹਾ ਕਰ ਕਿ ਤੂੰ ਦੂਜੇ ਭਰਾਵਾਂ ਨਾਲੋਂ ਵਿਕੋਲਿਤਰਾ ਅਤੇ ਵਿਲੱਖਣ ਹੋਵੇਂ, ਆਪਣੀ ਸੋਚ, ਕਰਮਸ਼ੈਲੀ, ਤਿਆਗ-ਭਾਵਨਾ, ਸਮਾਜ-ਸੇਵਾ ਅਤੇ ਮਨ ਵਿਚ ਕੁਝ ਚੰਗੇਰਾ ਕਰਨ ਦੀ ਤਮੰਨਾ ਨਾਲ। ਬਿਆਨਬਾਜ਼ੀ ਨਾਲ ਭਰਮ-ਭੁਲੇਖੇ ਪਾਉਣ ਅਤੇ ਕੁਝ ਕਰਨ ਵਿਚ ਬਹੁਤ ਅੰਤਰ ਹੁੰਦਾ। ਸੁਪਨੇ ਦਿਖਾਉਣੇ ਅਤੇ ਸੁਪਨ-ਪੂਰਤੀ ਲਈ ਖੁਦ ਨੂੰ ਸਮਰਪਿਤ ਕਰਨਾ, ਵੱਖੋ-ਵੱਖਰੀ ਗੱਲ। ਪੂਰਨ ਸਮਰਪਣ ਲਈ ਨਿਜੀ ਤਰਜ਼ੀਹਾਂ, ਅਰਾਮ, ਐਸ਼ੋ-ਇਸ਼ਰਤ ਜਾਂ ਲੋਭ-ਲਾਲਚ ਨੂੰ ਤਿਆਗ ਕੇ ਹੀ ਕੁਝ ਚੰਗੇਰਾ ਕੀਤਾ ਜਾ ਸਕਦਾ। ਇਤਿਹਾਸ ਵਿਚ ਸਿਰਫ ਉਨ੍ਹਾਂ ਦਾ ਨਾਮ ਰਹਿੰਦਾ, ਜਿਨ੍ਹਾਂ ਦੇ ਮਨਾਂ ਵਿਚ ਲੋਕਾਈ ਪ੍ਰਥਮ ਹੋਵੇ।
ਕੰਨੀਂ ਵਲੇਟ ਕੇ ਸੁੱਤਿਆ ਵੀਰਨਾ! ਕੀ ਇਹ ਤੇਰੇ ਹੀ ਸਮਿਆਂ ਵਿਚ ਹੋਣਾ ਸੀ, ਜਦ ਤੇਰੇ ਸਾਹਮਣੇ ਅਰਦਾਸ ਤੇ ਅਜ਼ਾਨ ਨੇ ਆਪਸ ਵਿਚ ਉਲਝਣਾ ਸੀ? ਅੱਲ੍ਹਾ ਤੇ ਰਾਮ ਦੀ ਪੀਢੀ ਸਾਂਝ ਨੇ ਤੀਲਾ-ਤੀਲਾ ਹੋਣਾ ਸੀ? ਸਿੰਘ, ਮੁਹੰਮਦ, ਰਾਮ, ਦੇਵ ਜਾਂ ਅਲਾਦੀਨ ਦਰਮਿਆਨ ਨਸਲੀ ਵਿਤਕਰਿਆਂ ਨੇ ਇਕ ਦੂਜੇ ਨੂੰ ਖੂਨ ਦੇ ਪਿਆਸੇ ਬਣਾਉਣਾ ਸੀ? ਧਰਮ, ਜਾਤ, ਰੰਗ, ਨਸਲ ਅਤੇ ਖਿੱਤਿਆਂ ਦੀ ਬਰਬਾਦੀ ਦੇ ਕੀਰਨੇ ਪਾਉਣ ਲਈ ਮਾਂਗਵੀਆਂ ਧਾੜਾਂ ਨੂੰ ਵਰਤਿਆ ਜਾਣਾ ਸੀ? ਧਰਮ ਦੀ ਤੱਕੜੀ ਦੇ ਵੱਟਿਆਂ ਸੰਗ ਵੋਟਾਂ ਨੇ ਤੁਲਨਾ ਸੀ? ਜਾਤਾਂ ਦੀਆਂ ਹਿੱਕਾਂ ਨੇ ਕੁਰਸੀਆਂ ਦੇ ਪਾਵੇ ਬਣਨਾ ਸੀ? ਲਿਆਕਤ, ਗਿਆਨ ਅਤੇ ਸੋਝੀ ਦੀ ਨਿਲਾਮੀ ਲਈ ਗਿਆਨਹੀਣਾਂ ਨੇ ਚੌਧਰੀ ਬਣਨਾ ਸੀ? ਅਧਰਮੀਆਂ ਨੇ ਲੋਕਾਂ ਦੀਆਂ ਅੱਖਾਂ ਵਿਚ ਕੁੱਕਰੇ, ਸੋਚ ਵਿਚ ਧੁੰਦਲਕਾ ਅਤੇ ਕਰਮ-ਰੇਖਾਵਾਂ ਵਿਚ ਵਿਨਾਸ਼ ਉਗਾਉਣਾ ਸੀ? ਕਦੇ ਤਾਂ ਸੋਚ ਵੇ ਵੀਰਨਾ! ਕੀ ਦਾ ਕੀ ਹੋ ਗਿਆ, ਪਰ ਤੇਰੀ ਜਾਗ ਹੀ ਨਹੀਂ ਖੁੱਲੀ।
ਜਾਗ ਵੇ ਵੀਰਨਾ! ਤੇਰੇ ਬਾਪ ਦੀ ਲੀਰਾਂ ਹੋਈ ਪੱਗ ਵਿਚੋਂ ਝਾਕਦੀਆਂ ਨੇ ਜਟੂਰੀਆਂ। ਮਾਂ ਦੀ ਪਾਟੀ ਚੁੰਨੀ ਵਿਚੋਂ ਸੁਪਨੇ ਕਿਰ ਕੇ ਮਿੱਟੀ ਵਿਚ ਰੁਲ ਗਏ ਨੇ। ਭੈਣ ਦੀ ਰੱਖੜੀ ਵਿਰਲਾਪ ਕਰ ਰਹੀ ਏ। ਧੀ ਦੇ ਹੱਥਾਂ ‘ਤੇ ਲੱਗਣ ਵਾਲੀ ਮਹਿੰਦੀ, ਸਿਰ ‘ਤੇ ਉਗਦੀਆਂ ਚਾਂਦੀ ਦੀਆਂ ਤਾਰਾਂ ਕਾਰਨ ਕੀਰਨਾ ਬਣ ਗਈ ਏ। ਤਿੜਕੇ ਸ਼ਤੀਰਾਂ ਅਤੇ ਤਿੱਪ-ਤਿੱਪ ਚੋਂਦੀਆਂ ਛੱਤਾਂ ਵਿਚੋਂ ਕਿਹੜੇ ਸੁਖਨ ਅਤੇ ਸੰਤੁਸ਼ਟੀ ਦਾ ਖਿਆਲ ਆਵੇਗਾ? ਰਾਤਾਂ ਦੀ ਨੀਂਦ ਨੂੰ ਹੰਘਾਲਣ ਦਾ ਕੌਣ ਏ ਜਿੰਮੇਵਾਰ?
ਵੀਰਨਾ! ਕਦੇ ਤੂੰ ਸੋਚਿਆ ਕਿ ਅਜ਼ਾਰੇਦਾਰੀ, ਅਜ਼ਾਦੀ ਨਹੀਂ ਹੁੰਦੀ। ਕਬਜ਼ੇ ਦੀ ਭਾਵਨਾ, ਕ੍ਰਿਪਾਲਤਾ ਨਹੀਂ ਕਹੀ ਜਾ ਸਕਦੀ। ਕਿਸੇ ਦੇ ਰਾਹਾਂ ਵਿਚ ਕੰਡੇ ਬੀਜਣ ਨੂੰ ਭਲਿਆਈ ਦਾ ਨਾਮ ਨਹੀਂ ਦਿਤਾ ਜਾ ਸਕਦਾ। ਜਦ ਸਭ ਕੁਝ ਹੀ, ਕੁਝ ਕੁ ਅਦਾਰਿਆਂ ਦੀ ਮਲਕੀਅਤ ਬਣ ਜਾਵੇ ਤਾਂ ਇਨ੍ਹਾਂ ਦੀ ਦਿਸ਼ਾ ਅਤੇ ਦਸ਼ਾ ਨਿਜੀ ਲਾਭਾਂ, ਮੁਨਾਫੇ, ਕੁਰਸੀ ਅਤੇ ਚੌਧਰ ਦੀ ਸਲਾਮਤੀ ਤੀਕ ਹੀ ਸੀਮਤ ਹੋ ਜਾਂਦੀ ਏ। ਅਜਿਹਾ ਹੀ ਅਜੋਕੇ ਸਮਿਆਂ ਵਿਚ ਹੋ ਰਿਹਾ ਏ।
ਜਾਗ ਵੇ ਸੁੱਤਿਆ ਵੀਰਨਾ! ਤੇਰੀ ਨੀਂਦ ਨੇ ਬਹੁਤ ਸਾਰੀਆਂ ਜਾਨਾਂ ਲੈ ਲਈਆਂ ਨੇ। ਘਰ ਖੰਡਰ ਬਣ ਗਏ ਨੇ। ਪੰਜਾਬ, ਉਜਾੜੇ ਦੀ ਕਗਾਰ ‘ਤੇ ਹੈ। ਜਦ ਬੋਲੇ ਕੰਨਾਂ ਨੂੰ ਕਿਸੇ ਦੀ ਪੀੜਾ, ਦੁੱਖ ਅਤੇ ਕਸ਼ਟਾਂ ਨੂੰ ਸੁਣਨ ਅਤੇ ਇਨ੍ਹਾਂ ਨੂੰ ਨਿਵਾਰਨ ਦੀ ਬਿਰਤੀ ਨਾ ਰਹੇ ਤਾਂ ਉਸ ਗੁੰਗੀ ਬੋਲੀ ਹਕੂਮਤ ਦਾ ਰਾਜ ਕਿੰਨਾ ਕੁ ਚਿਰ ਰਹਿ ਸਕਦਾ?
ਜਾਗ ਵੇ ਸੁੱਤਿਆ ਵੀਰਨਾ ਅਤੇ ਉਠ ਕੇ ਦੇਖ ਕਿ ਇਹ ਕੇਹੀ ਅਮਿੱਟ ਤ੍ਰੇਹ ਹੈ ਕਿ ਜਿਸ ਨੇ ਅੰਮ੍ਰਿਤ ਵਰਗੇ ਦਰਿਆ ਹੀ ਡੀਕ ਲਏ। ਮਰਦ ਅਗੰਮੜੇ ਜੰਮਣ ਵਾਲੀ ਧਰਤੀ ਦੀ ਔਲਾਦ ਨਾਮਰਦੀ ਦਾ ਸ਼ਿਕਾਰ ਹੋ ਗਈ। ਜੀਵਨ ਦਾਨ ਬਖਸ਼ਣ ਵਾਲੀ ਪੌਣ, ਮੌਤ ਦਾ ਸੱਦਾ-ਪੱਤਰ ਬਣ ਗਈ ਏ। ਕੁਦਰਤੀ ਨਿਆਮਤਾਂ ਨਾਲ ਕੀਤਾ ਗਿਆ ਖਿਲਵਾੜ ਤੈਨੂੰ ਨਜ਼ਰ ਕਿਉਂ ਨਹੀਂ ਆਉਂਦਾ?
ਵਾਸਤਾ ਈ ਜਾਗ ਵੇ! ਮੋਟੇ ਪਰਦਿਆਂ, ਉਚੀਆਂ ਦੀਵਾਰਾਂ ਅਤੇ ਮਹੱਲਾਂ ਵਿਚ ਰਹਿਣ ਵਾਲਿਆਂ ਨੂੰ ਝੁੱਗੀਆਂ ਕਿਵੇਂ ਨਜ਼ਰ ਆਉਣਗੀਆਂ? ਕਿਵੇਂ ਪਤਾ ਲੱਗੇਗਾ ਕਿ ਗਰੀਬੀ ਦੇ ਕੀ ਮਾਅਨੇ ਹੁੰਦੇ ਨੇ? ਬੇਰੁਜ਼ਗਾਰੀ ਵਿਚ ਪਿੱਸ ਰਹੀ ਨੌਜਵਾਨੀ ਜਦ ਨਸ਼ਿਆਂ ਦੀ ਜੱ.ਦ ਵਿਚ ਆਉਂਦੀ ਹੈ ਤਾਂ ਕਿਵੇਂ ਖੇਤ ਵਿਕਦੇ ਨੇ? ਕਿਵੇਂ ਮਾਂਵਾਂ ਦੀਆਂ ਵਾਲੀਆਂ ਪੁੱਤ ਦੇ ਨਸ਼ੇ ਦੀ ਪੂਰਤੀ ਕਰਦੀਆਂ ਨੇ? ਕਿਵੇਂ ਸੜਕਾਂ, ਰਾਹਾਂ ਅਤੇ ਥਾਂਵਾਂ ‘ਤੇ ਦਨਦਨਾਉਂਦੀ ਲੁੱਟ-ਖੋਹ, ਗੈਗਾਂ ਦਾ ਰੂਪ ਧਾਰ ਕੇ ਸਮੁੱਚੇ ਸਮਾਜ ਨੂੰ ਅਰਾਜਕਤਾ ਦੀ ਝੋਲੀ ਪਾ, ਆਮ ਨਾਗਰਿਕ ਦਾ ਜਿਉਣਾ ਮੁਹਾਲ ਕਰਦੀ ਏ? ਕਿਉਂ ਆਪਣੇ ਹੀ ਸਾਹ ਮਾਂਗਵੇਂ ਲੱਗਦੇ, ਕਿਉਂਕਿ ਪਤਾ ਕਿ ਕਿਸ ਮੋੜ ‘ਤੇ, ਕਿਸ ਨੇ ਸਾਹ-ਤੰਦੀ ਨੂੰ ਟੋਟੇ ਟੋਟੇ ਕਰ ਦੇਣਾ?
ਵੇ ਸੁੱਤਿਆ ਵੀਰਨਾ! ਬਹੁਤ ਖਤਰਨਾਕ ਹੁੰਦਾ ਹੈ ਸਫਰ ਵਿਚ ਸੌਂ ਜਾਣਾ। ਅਜਿਹੇ ਰਾਹਗੀਰ ਅਕਸਰ ਹੀ ਲੁੱਟੇ ਜਾਂਦੇ। ਸੱਸੀ ਦੀ ਕੇਹੀ ਅੱਖ ਲੱਗੀ ਸੀ ਕਿ ਬਲੋਚਾਂ ਨੇ ਉਸ ਦਾ ਪੁੰਨੂ ਹੀ ਲੁੱਟ ਲਿਆ ਅਤੇ ਥਲ ਵਿਚ ਤੜਫਦੀ ਤੇ ਹਾਕਾਂ ਮਾਰਦੀ ਸੱਸੀ ਦਾ ਜਿੰਦ-ਭੌਰ ਉਡਾਰੀ ਮਾਰ ਗਿਆ। ਮਿਰਜ਼ੇ ਦਾ ਜਰਾ ਕੁ ਸੌਂ ਜਾਣਾ ਹੀ ਪਿਆਰ ਕਹਾਣੀ ਦਾ ਦਰਦਨਾਕ ਅੰਤ ਹੋ ਨਿਬੜਿਆ ਅਤੇ ਸਾਹਿਬਾਂ ਦੀ ਵਿਲਕਣੀ ਬੱਕੀ ਦੀਆਂ ਧਾਹਾਂ ਵਿਚ ਤਬਦੀਲ ਹੋ ਗਈ। ਅਜਿਹਾ ਕਹਿਰ ਵਾਪਰਨ ਤੋਂ ਪਹਿਲਾਂ ਸੁਚੇਤ ਹੋਣਾ ਜਰੂਰੀ ਹੁੰਦਾ ਤਾਂ ਕਿ ਸਫਰ ਜਾਰੀ ਰਹੇ।
ਨੀਂਦ ਵਿਹਾਜਣ ਵਾਲਿਆ! ਕੁਝ ਲੋਕ ਸੁੱਤਿਆਂ ਜਾਗਦੇ ਹੁੰਦੇ, ਪਰ ਕੁਝ ਲੋਕ ਜਾਗਦਿਆਂ ਵੀ ਸੁੱਤੇ ਹੁੰਦੇ। ਅਜਿਹੇ ਲੋਕਾਂ ਤੋਂ ਕੀ ਆਸ ਰੱਖੀ ਜਾ ਸਕਦੀ ਕਿ ਉਹ ਸਮਾਜ ਜਾਂ ਸਮੁੱਚੀ ਮਾਨਵਤਾ ਲਈ ਚੰਗੇਰੇ ਪੱਖ ਨੂੰ ਵਿਚਾਰ ਸਕਣ ਅਤੇ ਮਨੁੱਖਤਾ ਦੀ ਭਲਾਈ ਤੇ ਚੰਗਿਆਈ ਲਈ ਅਹਿਮ ਰੋਲ ਅਦਾ ਕਰ ਸਕਣ। ਅਜਿਹੇ ਲੋਕਾਂ ਦਾ ਨਾਮ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੁੰਦਾ, ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਵਿਨਾਸ਼ ਦੀ ਕਗਾਰ ‘ਤੇ ਲਿਆਂਦਾ। ਉਨ੍ਹਾਂ ਦੀਆਂ ਕੁਤਾਹੀਆਂ ਨੂੰ ਭੁਗਤਦਿਆਂ, ਕਈ ਨਸਲਾਂ ਆਪਣੀ ਅਉਧ ਗਵਾ ਬਹਿੰਦੀਆਂ। ਵੀਰਨਾ! ਰੱਬ ਮਿਹਰ ਕਰੇ ਕਿ ਅਜਿਹਾ ਕੁਝ ਨਾ ਹੋਵੇ। ਕਦੇ ਕਲਮ ਦੀ ਹਾਕ ਤਾਂ ਸੁਣ ਜੋ ਕੂਕਦੀ,
ਜਾਗ ਵੇ ਸੁਤਿਆ ਵੀਰਨਾ
ਨਗਰੀਂ ਮੰਡਰਾਉਂਦੀ ਮੌਤ
ਚਾਅ ਦਾ ਇਕ ਬਚੁੰਗੜਾ
ਵਕਤੋਂ ਪਹਿਲਾਂ ਫੌਤ
ਹਟਕੋਰੇ ਭਰਦੀ ਪੌਣ ਦਾ
ਸੁੱਕਦਾ ਜਾਵੇ ਸਾਹ
ਔਂਤਰੇ ਬੋਲੀਂ ਗੁਟਕਦੀ
ਸੁੰਨ ਸੂਤਵੀਂ ਆਹ
ਖੇਤ ਖਲਿਆਣ ਮੌਲਦੀ
ਕੇਹੀ ਕੁਕਰਮੀ ਰੁੱਤ
ਧਰਤੀ ਮਾਂ ਦਾ ਲਾਡਲਾ
ਟਾਹਲੀ ਲਟਕਦਾ ਬੁੱਤ।

ਡੂੰਘੀਂ ਨੀਂਦਰੇ ਸੁੱਤਿਆ
ਕਿਉਂ ਨਹੀਂ ਖੁੱਲ੍ਹਦੀ ਜਾਗ
ਗਰਾਂ, ਘਰਾਂ, ਦਰਾਂ ਦੇ
ਰੋਣ ਦੁਹੱਥੜੀਂ ਭਾਗ
ਫਿਰਨੀ ਉਤੇ ਬੈਠ’ਗੀ
ਕਬਰਾਂ ਵਰਗੀ ਚੁੱਪ
ਛੱਤ ‘ਤੇ ਉਗਿਆ ਚੰਦਰਮਾ
ਕਿੱਕਰੀਂ ਗਿਆ ਏ ਛੁਪ
ਘਰ ਦੀ ਢੱਠੀ ਕੰਧ ‘ਤੇ
ਲਟਕੇ ਇਕ ਤਸਵੀਰ
ਜਿਸ ਦੇ ਨੈਣੀਂ ਵੱਸਦੀ
ਹੰਝੂਆਂ ਭਰੀ ਤਾਸੀਰ।

ਜਾਗ ਕਦੇ ਤੂੰ ਵੀਰਿਆ
ਖੁਦ ਨੂੰ ਕਦੇ ਜਗਾ
ਚਿੰਤਾ, ਚਿੰਤਨ, ਚੇਤਨਾ ਤੋਂ
ਚਾਕਰੀ ਵੱਲ ਨੂੰ ਜਾ
ਹਾਵੇ ਮਣਸਣ ਵਾਲੀਆਂ
ਚਾਲਾਂ ਨੂੰ ਅੱਗ ਲਾ
ਸੋਚ, ਸਮਝ, ਸੰਵੇਦਨਾ ਨੂੰ
ਕਰਮ-ਧਰਮ ਬਣਾ।

ਵੇ ਤੂੰ ਕੇਹੀ ਨੀਂਦਰੇ ਸੁੱਤਿਆ
ਕਿਉਂ ਨਹੀਂ ਸੁਣਦੀ ਲੇਰ
ਬਾਜ਼ਾਂ ਨੋਚੇ ਖੰਭ ਵੇ
ਚਿੜੀਆਂ ਕੀਤੀਆਂ ਢੇਰ
ਬਿਰਖ ਦਾ ਹਰ ਪੱਤੜਾ
ਦੁੱਖਾਂ ਦੀ ਤਸਦੀਕ
ਲਗਰਾਂ ਕੋਲੋਂ ਰੁੱਸ’ਗੀ
ਫੁੱਲਾਂ ਭਰੀ ਉਡੀਕ।

ਕਦੇ ਤਾਂ ਉਠ ਵੇ ਭੈੜਿਆ
ਵਿਹੜੇ ਦਾ ਦਰਦ ਵੰਡਾ
ਕਦੇ ਤਾਂ ਇਸ ਦੀ ਹੂਕ ਦਾ
ਬਣ ਹੁੰਗਾਰਾ ਹਾਅ।

ਜਾਗ ਵੇ ਸੁੱਤਿਆ ਵੀਰਨਾ
ਦੱਸ ਤੂੰ ਬਹਿ ਕੇ ਕੋਲ
ਕਬਰਾਂ ਵਰਗੀਆਂ ਮਾਂਵਾਂ ਦੇ
ਕੀਹਨੇ ਖੋਹ ਲਏ ਬੋਲ
ਕਿਉਂ ਹੋ ਗਈ ਸੱਖਣੀ
ਅਰਦਾਸਾਂ ਵਾਲੀ ਝੋਲ
ਬਿਨ ਡੰਗੋਰੀ ਨੈਣ ਵਿਹੂਣੀ
ਕੀਹਨੂੰ ਰਹੀ ਟਟੋਲ
ਪਤਾ ਨਹੀਂ ਕੀ ਢੂੰਡਦੀ
ਸਾਹ-ਗੰਠੜੀ ਨੂੰ ਖੋਲ੍ਹ
ਦਰਦ-ਵੰਝੀ, ਦਰਦ-ਹਰਨੀ
ਖੁਦ ਨਹੀਂ ਖੁਦ ਦੇ ਕੋਲ।
ਵੇ ਵੀਰਨਾ! ਸ਼ਾਇਦ ਤੈਨੂੰ ਇਹ ਗੱਲ ਚੰਗੀ ਨਾ ਲੱਗੇ, ਪਰ ਸੱਚ ਏ ਕਿ ਤੂੰ ਤਾਂ ਇਕ ਰੋਲ ਮਾਡਲ ਸੀ, ਹੁਣ ਤੂੰ ਕਿਹੋ ਜਿਹਾ ਰੋਲ ਮਾਡਲ ਏਂ ਇਹ ਤੂੰ ਖੁਦ ਵੀ ਚੰਗੀ ਤਰ੍ਹਾਂ ਜਾਣਦਾ? ਕਿਸੇ ਨੂੰ ਕੁਝ ਪੁੱਛਣ ਜਾਂ ਦੱਸਣ ਦੀ ਲੋੜ ਨਹੀਂ। ਬਹੁਤ ਕੁਝ ਹੁੰਦਾ, ਜੋ ਕਿਸੇ ਵਡੇਰੇ ਦੇ ਰਾਹਾਂ ‘ਤੇ ਤੁਰਦਿਆਂ, ਉਨ੍ਹਾਂ ਦੀਆਂ ਕੀਰਤੀਆਂ ਨੂੰ ਅਪਨਾ ਕੇ ਪ੍ਰਾਪਤ ਕੀਤਾ ਜਾ ਸਕਦਾ। ਕਦੇ ਸਮੇਂ ਮਿਲੇ ਤਾਂ ਦੱਸੀਂ ਕਿ ਤੇਰੀਆਂ ਕਿਹੜੀਆਂ ਕੀਰਤੀਆਂ ਨੂੰ ਨਗਰ-ਵਾਸੀਆਂ ਦੀ ਸਮੁੱਚ ਦਾ ਸਰਫ ਹੋਣ ਦਾ ਮਾਣ ਹੋ ਸਕਦਾ?
ਵੇ ਵੀਰਨਾ! ਤੇਰਾ ਪੰਜਾਬ ਵੱਸਦਾ ਉਜੜ ਗਿਆ ਏ ਤੇ ਤੈਨੂੰ ਖਬਰ ਤੀਕ ਨਾ ਹੋਈ। ਪਿੰਜਰ ਪਿੰਜਰ ਹੋ ਗਿਆ ਤੇ ਰੂਹ ਅੰਬਰਾਂ ਤੀਕ ਰੋਈ। ਉਜਾੜੇ ਬਹੁਤ ਦਰਦੀਲੇ ਹੁੰਦੇ ਅਤੇ ਇਸ ਦਾ ਦਰਦ ਸਦੀਆਂ ਤੀਕ ਚਸਕਦਾ ਰਹਿੰਦਾ। ਲੇਰਾਂ ਵੱਸਦੀਆਂ ਨੇ ਫਿਜ਼ਾ ਵਿਚ। ਹਉਕੇ ਬਿਖਰ ਜਾਂਦੇ ਨੇ ਚਾਰ-ਚੁਫੇਰੇ ਅਤੇ ਹਾਸਿਆਂ ਦੀ ਨੱਪੀ ਜਾਂਦੀ ਏ ਸੰਘੀ। ਕਦੇ ਇਸ ਦਰਦ ਨੂੰ ਆਪਣੀ ਸੰਵੇਦਨਾ ਦਾ ਹਿੱਸਾ ਬਣਾ, ਸ਼ਾਇਦ ਉਜੜੇ ਨੂੰ ਮੁੜ ਤੋਂ ਵਸਾਉਣ ਦਾ ਖਿਆਲ ਤੈਨੂੰ ਆ ਹੀ ਜਾਵੇ।
ਜਾਗ ਵੇ ਵੀਰਨਾ! ਸਮਾਜਕ, ਰਾਜਨੀਤਕ ਜਾਂ ਸਰਕਾਰ-ਦਰਬਾਰ ਦੀ ਕਾਰਜਸ਼ੈਲੀ ਅਤੇ ਕਦਰਾਂ-ਕੀਮਤਾਂ ਵਿਚ ਕੇਹਾ ਨਿਘਾਰ ਆ ਗਿਆ ਕਿ ਬਾਸ਼ਿੰਦੇ ਇਸ ਦੇ ਮੱਥੇ ਲੱਗਣ ਤੋਂ ਵੀ ਡਰਨ ਲੱਗ ਪਏ ਨੇ। ਕੇਹੀ ਅਰਾਜਕਤਾ ਏ ਕਿ ਕਿਸੇ ਗਲੀ ਜਾਂ ਰਾਹੇ ਜਾਂਦਿਆਂ ਧੀਆਂ, ਭੈਣਾਂ, ਮਾਤਾਵਾਂ ਮਹਿਫੂਜ਼ ਨਹੀਂ। ਕਿਧਰੇ ਵੀ, ਕੋਈ ਵੀ ਉਨ੍ਹਾਂ ਦਾ ਚੀਰ-ਹਰਨ ਕਰ ਸਕਦਾ, ਕਿਉਂਕਿ ਹੁਣ ਦਰਿੰਦਿਆਂ ਨੂੰ ਕਿਸੇ ਦਾ ਡਰ ਨਹੀਂ ਰਿਹਾ। ਰਾਜਸੀ ਸਰਪ੍ਰਸਤੀ ਨੇ ਕੁਕਰਮੀਆਂ ਦਾ ਹੌਸਲਾ ਇੰਨਾ ਵਧਾ ਦਿਤਾ ਕਿ ਉਹ ਕੁਝ ਵੀ ਕਰ ਸਕਦੇ ਅਤੇ ਉਨ੍ਹਾਂ ਦਾ ਕੁਝ ਵੀ ਨਹੀਂ ਵਿਗੜਦਾ, ਕਿਉਂਕਿ ਉਹ ਕਿਸੇ ਧਿਰ ਦੀਆਂ ਵੋਟਾਂ ਜੁ ਹੁੰਦੇ। ਇਸ ਦਾ ਅਹਿਸਾਸ ਸਿਰਫ ਖੁਦ ਨਾਲ ਵਾਪਰਨ ‘ਤੇ ਹੀ ਹੋ ਸਕਦਾ ਕਿ ਕਿਉਂ ਤੇ ਕਿਵੇਂ ਲੋਕਾਂ ਨੂੰ ਆਪਣੀਆਂ ਜ਼ਮੀਰਾਂ, ਜ਼ਮੀਨਾਂ, ਜਿਸਮ, ਜਜ਼ਬਾਤ ਅਤੇ ਜ਼ਰੂਰਤਾਂ ਨੂੰ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ?
ਜਾਗ ਵੇ ਸੁੱਤਿਆ ਵੀਰਨਾ! ਤੇਰੇ ਪਹਿਰਦੇਦਾਰ ਹੀ ਲੁਟੇਰੇ ਬਣ ਗਏ। ਲੁੱਟ ਦਾ ਮਾਲ ਡਾਗਾਂ ਨਾਲ ਮਿਣਿਆ ਜਾਣ ਲੱਗ ਪਿਆ ਏ। ਲੱਠਮਾਰ ਕਦੇ ਹਲੀਮੀ ਰਾਜ ਦੇ ਕਾਰਿੰਦੇ ਨਹੀਂ ਹੁੰਦੇ। ਜਿਸਮਾਂ ਨੂੰ ਨੋਚਣ ਵਾਲੇ ਵੀ ਕਦੇ ਇਨਸਾਫ ਕਰਦੇ ਆ? ਹੁਣ ਤਾਂ ਖੁਦ ਨੂੰ ਗਿਰਵੀ ਰੱਖਣ ਤੋਂ ਬਿਨਾ ਕੋਈ ਚਾਰਾ ਨਹੀਂ ਬਚਿਆ।
ਵੇ ਸੁੱਤਿਆ ਵੀਰਨਾ! ਕਦੇ ਸੋਚਿਆ ਜੇ ਕਿ ਵਿਦੇਸ਼ਾਂ ਵਿਚ ਵੱਸੇ ਪਰਵਾਸੀ ਆਪਣੀ ਮਿੱਟੀ ਨੂੰ ਸੱਜਦਾ ਕਰਨ ਤੋਂ ਕਿਉਂ ਡਰਨ ਲੱਗ ਪਏ? ਉਨ੍ਹਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ‘ਤੇ ਕੌਣ ਹੋ ਰਹੇ ਨੇ ਕਾਬਜ਼? ਕਿਉਂ ਪਿੰਡ ਪਰਤਣ ‘ਤੇ ਉਨ੍ਹਾਂ ਦੇ ਹੀ ਖੇਤਾਂ ਵਿਚ ਉਨ੍ਹਾਂ ਲਈ ਕਬਰਾਂ ਦੀ ਖੁਦਾਈ ਹੁੰਦੀ ਹੈ? ਸ਼ਰੀਕ ਕਿੰਨੇ ਬੇਖੌਫ ਹੋ ਕੇ ਆਪਣਿਆਂ ਦੇ ਸਾਹਾਂ ਨੂੰ ਆਹ ਬਣਾਉਣ ਲਈ ਹਰ ਹੀਲਾ ਵਰਤ ਰਹੇ ਨੇ? ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ, ਕਿਉਂਕਿ ਸਰਕਾਰੀ ਤੰਤਰ ਨੂੰ ਧਨ ਨਾਲ ਖਰੀਦਿਆ ਜਾ ਰਿਹਾ। ਕਦੇ ਤਾਂ ਆਪਣੇ ਅਹਿਲਕਾਰਾਂ ਨੂੰ ਪੁੱਛ ਕਿ ਕਿਉਂ ਜਾਇਦਾਦਾਂ ਤੇ ਜ਼ਮੀਨਾਂ ਦੀ ਬੇਕਦਰੀ ਹੈ? ਕਿਉਂ ਪੰਜਾਬ ਦਿਨ-ਬਦਿਨ ਕੰਗਾਲ ਹੋ ਰਿਹਾ? ਕਿਉਂ ਹਰ ਸਾਲ ਅੰਦਾਜ਼ਨ ਇਕ ਲੱਖ ਕਰੋੜ ਰੁਪਿਆ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ। ਕੀ ਤੂੰ ਅਜਿਹੇ ਮੱਕੜ-ਜਾਲ ਦਾ ਹਿੱਸਾ ਤੇ ਹਾਸਲ ਤਾਂ ਨਹੀਂ, ਜੋ ਆਪਣੇ ਮੁਫਾਦ ਦੀ ਪੂਰਤੀ ਲਈ ਇਹ ਕੁਝ ਕਰ ਰਹੇ ਨੇ?
ਜਾਗ ਵੇ ਸੁੱਤਿਆ ਵੀਰਨਾ! ਸਰਦਾਰੀਆਂ ਸਦੀਵੀ ਨਹੀਂ ਹੁੰਦੀਆਂ; ਸਿਰਫ ਉਨ੍ਹਾਂ ਦੀਆਂ ਸਦੀਵ ਹੁੰਦੀਆਂ, ਜੋ ਇਸ ਦੀ ਅਹਿਮੀਅਤ ਸਮਝਦੇ ਅਤੇ ਇਸ ਨੂੰ ਭਲਿਆਈ ਤੇ ਬੰਦਿਆਈ ਲਈ ਵਰਤਦੇ। ਕਈ ਤੁਰ ਗਏ ਨੇ ਸਰਦਾਰ। ਸਿਰਫ ਉਹ ਸਰਦਾਰ ਹੀ ਚੇਤਿਆਂ ਵਿਚ ਰਹਿੰਦੇ, ਜੋ ਨਵੀਆਂ ਪਹਿਲ-ਕਦਮੀਆਂ, ਪੈੜਾਂ ਅਤੇ ਪ੍ਰਾਪਤੀਆਂ ਵਿਚੋਂ ਸਰਬ-ਸੁਖਨ ਅਤੇ ਸ਼ੁਭ-ਕਰਮਨ ਦਾ ਹੋਕਰਾ ਹੁੰਦੇ। ਚੰਗਾ ਹੋਵੇਗਾ ਜੇ ਇਹ ਸ਼ੁਭ ਵਿਚਾਰ ਤੈਨੂੰ ਜਗਾਵੇ ਅਤੇ ਤੇਰੇ ਪੈਰਾਂ ਵਿਚ ਤੁਰਨ ਦਾ ਜੇਰਾ ਅਤੇ ਕਦਮਾਂ ਵਿਚ ਮੰਜ਼ਿਲਾਂ ਦੀ ਦੱਸ ਪਾਵੇ।
ਜਾਗ ਵੇ ਵੀਰਨਾ! ਕਿ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਅਤੇ ਸਮੁੱਚਾ ਪਿੰਡ ਹੀ ਉਜੜ ਜਾਵੇ। ਕੁਝ ਤਾਂ ਹੋਸ਼ ਕਰ, ਹੌਸਲਾ ਕਰ ਅਤੇ ਕੁਝ ਉਦਮ ਕਰ, ਕਿਉਂਕਿ ਉਦਮ ਕਰੇਂਦਿਆਂ ਹੀ ਸਫਲਤਾਵਾਂ ਨੂੰ ਜਾਗ ਲੱਗਦਾ। ਨੈਣਾਂ ਨੂੰ ਸੁਪਨਿਆਂ ਅਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਧਰਵਾਸ ਪੈਦਾ ਹੁੰਦਾ। ਜਦ ਸੁਪਨੇ ਦੁਬਕ ਜਾਣ ਅਤੇ ਦੀਦਿਆਂ ਨੂੰ ਇਸ ਦਾ ਅਹਿਸਾਸ ਹੀ ਨਾ ਰਹੇ ਤਾਂ ਸੁਪਨਿਆਂ ਨੂੰ ਰਾਖ ਬਣਦਿਆਂ ਦੇਰ ਨਹੀਂ ਲੱਗਦੀ। ਅਜਿਹੇ ਵਕਤ ਵਿਚ ਹੁਣ ਬਹੁਤੀ ਦੇਰ ਨਹੀਂ।
ਜਾਗ ਵੇ ਵੀਰਨਾ! ਸੁੱਤਿਆਂ ਬਹੁਤ ਦੇਰ ਹੋ ਗਈ ਏ। ਹੋਰ ਦੇਰ ਨਾ ਕਰ, ਕਿਉਂਕਿ ਮੌਤ, ਮਰਸੀਆ ਤੇ ਮਾਤਮ ਦਾ ਕੋਈ ਵਸਾਹ ਨਹੀਂ। ਪੁਲਾਂ ਹੇਠੋਂ ਬਹੁਤ ਪਾਣੀ ਲੰਘ ਚੁਕਾ। ਹੁਣ ਹੀ ਕੁਝ ਅਜਿਹਾ ਕਰ ਕਿ ਤੇਰਾ ਨਾਮ ਇਤਿਹਾਸ ਦੇ ਵਰਕਿਆਂ ‘ਤੇ ਸੂਰਜ ਵਾਂਗ ਚਮਕਦਾ ਰਹੇ।